ਯਸਾਯਾਹ
7 ਜਦੋਂ ਉਜ਼ੀਯਾਹ ਦਾ ਪੋਤਾ ਅਤੇ ਯੋਥਾਮ ਦਾ ਪੁੱਤਰ ਆਹਾਜ਼ ਯਹੂਦਾਹ ਦਾ ਰਾਜਾ ਸੀ,+ ਉਨ੍ਹਾਂ ਦਿਨਾਂ ਵਿਚ ਸੀਰੀਆ ਦਾ ਰਾਜਾ ਰਸੀਨ ਅਤੇ ਰਮਲਯਾਹ ਦਾ ਪੁੱਤਰ ਇਜ਼ਰਾਈਲ ਦਾ ਰਾਜਾ ਪਕਾਹ+ ਯਰੂਸ਼ਲਮ ਨਾਲ ਯੁੱਧ ਕਰਨ ਆਏ, ਪਰ ਉਹ ਉਸ ਨੂੰ ਜਿੱਤ ਨਾ ਸਕਿਆ।*+ 2 ਦਾਊਦ ਦੇ ਘਰਾਣੇ ਨੂੰ ਇਹ ਖ਼ਬਰ ਦਿੱਤੀ ਗਈ: “ਸੀਰੀਆ ਇਫ਼ਰਾਈਮ ਨਾਲ ਰਲ਼ ਗਿਆ ਹੈ।”
ਅਤੇ ਆਹਾਜ਼ ਤੇ ਉਸ ਦੇ ਲੋਕਾਂ ਦੇ ਦਿਲ ਕੰਬਣ ਲੱਗੇ ਜਿਵੇਂ ਹਨੇਰੀ ਵਿਚ ਜੰਗਲ ਦੇ ਦਰਖ਼ਤ ਕੰਬ ਉੱਠਦੇ ਹਨ।
3 ਫਿਰ ਯਹੋਵਾਹ ਨੇ ਯਸਾਯਾਹ ਨੂੰ ਕਿਹਾ: “ਕਿਰਪਾ ਕਰ ਕੇ ਤੂੰ ਅਤੇ ਤੇਰਾ ਪੁੱਤਰ ਸ਼ਾਰ-ਯਾਸ਼ੂਬ*+ ਧੋਬੀ ਦੇ ਮੈਦਾਨ ਦੇ ਰਾਜਮਾਰਗ ਲਾਗੇ ਉੱਪਰਲੇ ਸਰੋਵਰ ਦੀ ਖਾਲ਼ ਦੇ ਸਿਰੇ ʼਤੇ+ ਆਹਾਜ਼ ਨੂੰ ਮਿਲਣ ਜਾਓ। 4 ਤੂੰ ਉਸ ਨੂੰ ਕਹੀਂ, ‘ਤੂੰ ਸ਼ਾਂਤ ਰਹਿ। ਡਰ ਨਾ ਅਤੇ ਧੁਖ ਰਹੀਆਂ ਲੱਕੜਾਂ ਦੇ ਇਨ੍ਹਾਂ ਦੋ ਮੁੱਢਾਂ ਕਰਕੇ, ਹਾਂ, ਰਸੀਨ ਤੇ ਸੀਰੀਆ ਅਤੇ ਰਮਲਯਾਹ ਦੇ ਪੁੱਤਰ+ ਦੇ ਭਖਦੇ ਗੁੱਸੇ ਕਰਕੇ ਦਿਲ ਨਾ ਹਾਰ। 5 ਕਿਉਂਕਿ ਸੀਰੀਆ, ਇਫ਼ਰਾਈਮ ਅਤੇ ਰਮਲਯਾਹ ਦੇ ਪੁੱਤਰ ਨੇ ਮਿਲ ਕੇ ਤੇਰੇ ਖ਼ਿਲਾਫ਼ ਸਾਜ਼ਸ਼ ਘੜੀ ਹੈ। ਉਨ੍ਹਾਂ ਨੇ ਕਿਹਾ ਹੈ: 6 “ਆਓ ਆਪਾਂ ਯਹੂਦਾਹ ʼਤੇ ਹਮਲਾ ਕਰੀਏ ਤੇ ਉਸ ਦੇ ਟੁਕੜੇ-ਟੁਕੜੇ ਕਰ ਦੇਈਏ* ਅਤੇ ਉਸ ਉੱਤੇ ਕਬਜ਼ਾ ਕਰ ਲਈਏ* ਅਤੇ ਟਾਬੇਲ ਦੇ ਪੁੱਤਰ ਨੂੰ ਉਸ ਉੱਤੇ ਰਾਜਾ ਨਿਯੁਕਤ ਕਰ ਦੇਈਏ।”+
7 “‘ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ:
“ਇਸ ਤਰ੍ਹਾਂ ਨਹੀਂ ਹੋਵੇਗਾ,
ਇਹ ਸਾਜ਼ਸ਼ ਸਫ਼ਲ ਨਹੀਂ ਹੋਵੇਗੀ।
8 ਕਿਉਂਕਿ ਸੀਰੀਆ ਦਾ ਸਿਰ ਦਮਿਸਕ ਹੈ
ਅਤੇ ਦਮਿਸਕ ਦਾ ਸਿਰ ਰਸੀਨ ਹੈ।
65 ਸਾਲਾਂ ਦੇ ਅੰਦਰ-ਅੰਦਰ
ਇਫ਼ਰਾਈਮ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ ਅਤੇ ਇਸ ਕੌਮ ਦੀ ਹੋਂਦ ਮਿਟ ਜਾਵੇਗੀ।+
ਜਦੋਂ ਤਕ ਤੁਹਾਡੀ ਨਿਹਚਾ ਪੱਕੀ ਨਾ ਹੋਵੇ,
ਤੁਸੀਂ ਮਜ਼ਬੂਤੀ ਨਾਲ ਕਾਇਮ ਨਹੀਂ ਰਹੋਗੇ।”’”
10 ਯਹੋਵਾਹ ਨੇ ਆਹਾਜ਼ ਨੂੰ ਅੱਗੇ ਕਿਹਾ: 11 “ਆਪਣੇ ਪਰਮੇਸ਼ੁਰ ਯਹੋਵਾਹ ਕੋਲੋਂ ਇਕ ਨਿਸ਼ਾਨੀ ਮੰਗ;+ ਇਹ ਭਾਵੇਂ ਕਬਰ* ਜਿੰਨੀ ਡੂੰਘੀ ਹੋਵੇ ਜਾਂ ਆਕਾਸ਼ ਜਿੰਨੀ ਉੱਚੀ।” 12 ਪਰ ਆਹਾਜ਼ ਨੇ ਕਿਹਾ: “ਮੈਂ ਨਹੀਂ ਮੰਗਾਂਗਾ ਤੇ ਨਾ ਹੀ ਮੈਂ ਯਹੋਵਾਹ ਨੂੰ ਪਰਖਾਂਗਾ।”
13 ਫਿਰ ਯਸਾਯਾਹ ਨੇ ਕਿਹਾ: “ਹੇ ਦਾਊਦ ਦੇ ਘਰਾਣੇ, ਕਿਰਪਾ ਕਰ ਕੇ ਸੁਣ। ਕੀ ਇਨਸਾਨਾਂ ਦੇ ਸਬਰ ਦਾ ਇਮਤਿਹਾਨ ਲੈ ਕੇ ਤੇਰਾ ਮਨ ਨਹੀਂ ਭਰਿਆ? ਕੀ ਹੁਣ ਤੂੰ ਪਰਮੇਸ਼ੁਰ ਦੇ ਸਬਰ ਦਾ ਵੀ ਇਮਤਿਹਾਨ ਲਏਂਗਾ?+ 14 ਇਸ ਲਈ ਯਹੋਵਾਹ ਖ਼ੁਦ ਤੈਨੂੰ ਇਕ ਨਿਸ਼ਾਨੀ ਦੇਵੇਗਾ: ਦੇਖ! ਇਕ ਕੁਆਰੀ ਗਰਭਵਤੀ ਹੋਵੇਗੀ ਅਤੇ ਇਕ ਪੁੱਤਰ ਨੂੰ ਜਨਮ ਦੇਵੇਗੀ+ ਅਤੇ ਉਹ ਉਸ ਦਾ ਨਾਂ ਇੰਮਾਨੂਏਲ* ਰੱਖੇਗੀ।+ 15 ਇਸ ਤੋਂ ਪਹਿਲਾਂ ਕਿ ਉਹ ਬੁਰਾਈ ਨੂੰ ਠੁਕਰਾਉਣਾ ਤੇ ਭਲਾਈ ਨੂੰ ਚੁਣਨਾ ਸਿੱਖੇ, ਉਹ ਸਿਰਫ਼ ਮੱਖਣ ਅਤੇ ਸ਼ਹਿਦ ਖਾਵੇਗਾ। 16 ਜਦ ਤਕ ਮੁੰਡਾ ਬੁਰਾਈ ਨੂੰ ਠੁਕਰਾਉਣਾ ਤੇ ਭਲਾਈ ਨੂੰ ਚੁਣਨਾ ਸਿੱਖੇਗਾ, ਉਸ ਤੋਂ ਪਹਿਲਾਂ ਹੀ ਉਹ ਦੇਸ਼, ਜਿਸ ਦੇ ਦੋ ਰਾਜਿਆਂ ਤੋਂ ਤੂੰ ਡਰਦਾ ਹੈਂ, ਪੂਰੀ ਤਰ੍ਹਾਂ ਵੀਰਾਨ ਹੋ ਚੁੱਕਾ ਹੋਵੇਗਾ।+ 17 ਯਹੋਵਾਹ ਤੇਰੇ ਤੇ ਤੇਰੇ ਲੋਕਾਂ ਉੱਤੇ ਅਤੇ ਤੇਰੇ ਪਿਤਾ ਦੇ ਘਰਾਣੇ ਉੱਤੇ ਅਜਿਹਾ ਸਮਾਂ ਲੈ ਕੇ ਆਵੇਗਾ ਜੋ ਉਸ ਦਿਨ ਤੋਂ ਨਹੀਂ ਆਇਆ ਜਦੋਂ ਇਫ਼ਰਾਈਮ ਯਹੂਦਾਹ ਤੋਂ ਵੱਖ ਹੋਇਆ ਸੀ।+ ਉਹ ਤੇਰੇ ਖ਼ਿਲਾਫ਼ ਅੱਸ਼ੂਰ ਦੇ ਰਾਜੇ ਨੂੰ ਲਿਆਵੇਗਾ।+
18 “ਉਸ ਦਿਨ ਯਹੋਵਾਹ ਸੀਟੀ ਵਜਾ ਕੇ ਮਿਸਰ ਦੇ ਨੀਲ ਦਰਿਆ ਦੀਆਂ ਦੂਰ-ਦੂਰ ਦੀਆਂ ਨਹਿਰਾਂ ਤੋਂ ਮੱਖੀਆਂ ਨੂੰ ਅਤੇ ਅੱਸ਼ੂਰ ਦੇਸ਼ ਤੋਂ ਮਧੂ-ਮੱਖੀਆਂ ਨੂੰ ਬੁਲਾਵੇਗਾ 19 ਅਤੇ ਉਹ ਸਾਰੀਆਂ ਆਉਣਗੀਆਂ ਅਤੇ ਡੂੰਘੀਆਂ ਘਾਟੀਆਂ* ਉੱਤੇ, ਚਟਾਨ ਦੀਆਂ ਵਿੱਥਾਂ ਵਿਚ, ਸਾਰੀਆਂ ਕੰਡਿਆਲ਼ੀਆਂ ਝਾੜੀਆਂ ਉੱਤੇ ਅਤੇ ਪਾਣੀ ਵਾਲੀਆਂ ਸਾਰੀਆਂ ਥਾਵਾਂ ਉੱਤੇ ਬੈਠਣਗੀਆਂ।
20 “ਉਸ ਦਿਨ ਦਰਿਆ* ਦੇ ਇਲਾਕੇ ਤੋਂ ਕਿਰਾਏ ʼਤੇ ਲਏ ਗਏ ਇਕ ਉਸਤਰੇ ਨਾਲ ਯਾਨੀ ਅੱਸ਼ੂਰ ਦੇ ਰਾਜੇ+ ਦੇ ਜ਼ਰੀਏ ਯਹੋਵਾਹ ਉਸ ਦੇ ਸਿਰ ਤੇ ਲੱਤਾਂ ਦੇ ਵਾਲ਼ ਮੁੰਨ ਦੇਵੇਗਾ ਅਤੇ ਉਹ ਦਾੜ੍ਹੀ ਵੀ ਮੁੰਨ ਸੁੱਟੇਗਾ।
21 “ਉਸ ਦਿਨ ਇਕ ਆਦਮੀ ਇੱਜੜ ਵਿੱਚੋਂ ਇਕ ਵੱਛੀ ਨੂੰ ਅਤੇ ਦੋ ਭੇਡਾਂ ਨੂੰ ਜੀਉਂਦਾ ਰੱਖੇਗਾ। 22 ਬਹੁਤਾ ਦੁੱਧ ਹੋਣ ਕਰਕੇ ਉਹ ਸਿਰਫ਼ ਮੱਖਣ ਖਾਏਗਾ ਅਤੇ ਦੇਸ਼ ਵਿਚ ਬਾਕੀ ਬਚੇ ਸਾਰੇ ਲੋਕ ਵੀ ਮੱਖਣ ਅਤੇ ਸ਼ਹਿਦ ਖਾਣਗੇ।
23 “ਜਿੱਥੇ ਕਿਤੇ ਵੀ 1,000 ਅੰਗੂਰੀ ਵੇਲਾਂ ਹੁੰਦੀਆਂ ਸਨ ਜਿਨ੍ਹਾਂ ਦੀ ਕੀਮਤ ਚਾਂਦੀ ਦੇ 1,000 ਟੁਕੜੇ ਸੀ, ਉਸ ਦਿਨ ਉੱਥੇ ਸਿਰਫ਼ ਕੰਡਿਆਲ਼ੀਆਂ ਝਾੜੀਆਂ ਅਤੇ ਜੰਗਲੀ ਬੂਟੀਆਂ ਹੋਣਗੀਆਂ। 24 ਆਦਮੀ ਤੀਰ-ਕਮਾਨ ਨਾਲ ਲੈ ਕੇ ਉੱਥੇ ਜਾਣਗੇ ਕਿਉਂਕਿ ਸਾਰਾ ਦੇਸ਼ ਕੰਡਿਆਲ਼ੀਆਂ ਝਾੜੀਆਂ ਤੇ ਜੰਗਲੀ ਬੂਟੀਆਂ ਨਾਲ ਭਰਿਆ ਹੋਵੇਗਾ। 25 ਅਤੇ ਜਿਨ੍ਹਾਂ ਸਾਰੇ ਪਹਾੜਾਂ ਨੂੰ ਕਹੀ ਨਾਲ ਸਾਫ਼ ਕੀਤਾ ਜਾਂਦਾ ਸੀ, ਤੂੰ ਕੰਡਿਆਲ਼ੀਆਂ ਝਾੜੀਆਂ ਅਤੇ ਜੰਗਲੀ ਬੂਟੀਆਂ ਦੇ ਡਰੋਂ ਉਨ੍ਹਾਂ ਦੇ ਨੇੜੇ ਨਹੀਂ ਜਾਏਂਗਾ; ਉਹ ਬਲਦਾਂ ਅਤੇ ਭੇਡਾਂ ਦੇ ਚਰਨ ਦੀ ਥਾਂ ਬਣ ਜਾਣਗੇ।”