“ਹੌਂਸਲਾ ਰੱਖੋ, ਮੈਂ ਜਗਤ ਨੂੰ ਜਿੱਤ ਲਿਆ ਹੈ”
ਯਹੂਦੀਆਂ ਦੇ ਨੀਸਾਨ ਮਹੀਨੇ ਦੀ 14 ਤਾਰੀਖ਼ ਦਾ ਦਿਨ ਯਿਸੂ ਦੀ ਮੌਤ ਦਾ ਦਿਨ ਸੀ ਜੋ 31 ਮਾਰਚ 33 ਸਾ.ਯੁ. ਨੂੰ ਵੀਰਵਾਰ ਸੂਰਜ ਛਿਪਣ ਤੇ ਸ਼ੁਰੂ ਹੋਇਆ ਸੀ। ਉਸ ਸ਼ਾਮ ਯਿਸੂ ਅਤੇ ਉਸ ਦੇ ਚੇਲੇ ਯਰੂਸ਼ਲਮ ਵਿਚ ਇਕ ਘਰ ਦੇ ਚੁਬਾਰੇ ਵਿਚ ਪਸਾਹ ਦਾ ਤਿਉਹਾਰ ਮਨਾਉਣ ਲਈ ਇਕੱਠੇ ਹੋਏ ਸਨ। ਜਦੋਂ ਯਿਸੂ “ਇਸ ਜਗਤ ਨੂੰ ਛੱਡ ਕੇ ਪਿਤਾ ਦੇ ਕੋਲ” ਜਾਣ ਵਾਲਾ ਸੀ, ਤਾਂ ਉਸ ਨੇ ਦਿਖਾਇਆ ਕਿ ਉਸ ਨੇ ਆਪਣੇ ਚੇਲਿਆਂ ਨਾਲ ਅੰਤ ਤੋੜੀ ਪਿਆਰ ਕੀਤਾ ਸੀ। (ਯੂਹੰਨਾ 13:1) ਕਿਵੇਂ? ਉਨ੍ਹਾਂ ਨੂੰ ਚੰਗੇ ਸਬਕ ਸਿਖਾਉਣ ਦੁਆਰਾ। ਇਸ ਤਰ੍ਹਾਂ ਉਸ ਨੇ ਉਨ੍ਹਾਂ ਨੂੰ ਭਵਿੱਖ ਵਿਚ ਆਉਣ ਵਾਲੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਕੀਤਾ ਸੀ।
ਉਸ ਰਾਤ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਹੌਂਸਲਾ ਰੱਖੋ, ਮੈਂ ਜਗਤ ਨੂੰ ਜਿੱਤ ਲਿਆ ਹੈ।” (ਯੂਹੰਨਾ 16:33) ਇਹ ਗੱਲ ਕਹਿਣ ਤੋਂ ਯਿਸੂ ਦਾ ਕੀ ਮਤਲਬ ਸੀ? ਇਹ ਕਿ ‘ਇਸ ਦੁਨੀਆਂ ਦੀ ਬੁਰਾਈ ਦੇ ਬਾਵਜੂਦ ਨਾ ਤਾਂ ਮੇਰੇ ਦਿਲ ਵਿਚ ਕਿਸੇ ਲਈ ਨਫ਼ਰਤ ਪੈਦਾ ਹੋਈ ਅਤੇ ਨਾ ਹੀ ਮੈਂ ਕਿਸੇ ਕੋਲੋਂ ਬਦਲਾ ਲਿਆ। ਮੈਂ ਆਪਣੇ ਆਪ ਨੂੰ ਦੁਨੀਆਂ ਦੇ ਸੱਚੇ ਵਿਚ ਨਹੀਂ ਢਲ਼ਣ ਦਿੱਤਾ। ਇਹੀ ਗੱਲ ਤੁਹਾਡੇ ਬਾਰੇ ਵੀ ਕਹੀ ਜਾ ਸਕਦੀ ਹੈ।’ ਯਿਸੂ ਨੇ ਆਪਣੀ ਜ਼ਿੰਦਗੀ ਦੀਆਂ ਆਖ਼ਰੀ ਘੜੀਆਂ ਦੌਰਾਨ ਆਪਣੇ ਵਫ਼ਾਦਾਰ ਚੇਲਿਆਂ ਨੂੰ ਜੋ ਕੁਝ ਸਿਖਾਇਆ ਸੀ, ਉਸ ਨਾਲ ਉਨ੍ਹਾਂ ਨੂੰ ਵੀ ਦੁਨੀਆਂ ਨੂੰ ਜਿੱਤਣ ਵਿਚ ਮਦਦ ਮਿਲਣੀ ਸੀ।
ਅੱਜ ਦੁਨੀਆਂ ਬੁਰਾਈ ਨਾਲ ਭਰੀ ਪਈ ਹੈ। ਭਿਆਨਕ ਹਿੰਸਾ ਅਤੇ ਬੇਇਨਸਾਫ਼ੀਆਂ ਦਾ ਸਾਡੇ ਉੱਤੇ ਕੀ ਅਸਰ ਪੈਂਦਾ ਹੈ? ਕੀ ਇਹ ਸਾਡੇ ਵਿਚ ਨਫ਼ਰਤ ਪੈਦਾ ਕਰਦੀਆਂ ਹਨ ਜਾਂ ਸਾਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣ ਲਈ ਉਕਸਾਉਂਦੀਆਂ ਹਨ? ਸਾਡੇ ਆਲੇ-ਦੁਆਲੇ ਦੇ ਅਨੈਤਿਕ ਮਾਹੌਲ ਦਾ ਸਾਡੇ ਉੱਤੇ ਕੀ ਅਸਰ ਪੈਂਦਾ ਹੈ? ਇਸ ਤੋਂ ਇਲਾਵਾ, ਸਾਨੂੰ ਆਪਣੀਆਂ ਕਮਜ਼ੋਰੀਆਂ ਅਤੇ ਪਾਪੀ ਝੁਕਾਵਾਂ ਨਾਲ ਲੜਨਾ ਪੈਂਦਾ ਹੈ। ਇਸ ਤਰ੍ਹਾਂ, ਅਸੀਂ ਦੋ ਮੋਰਚਿਆਂ ਉੱਤੇ ਲੜ ਰਹੇ ਹਾਂ—ਬਾਹਰਲੀ ਬੁਰੀ ਦੁਨੀਆਂ ਦੇ ਖ਼ਿਲਾਫ਼ ਅਤੇ ਆਪਣੇ ਅੰਦਰਲੇ ਬੁਰੇ ਝੁਕਾਵਾਂ ਦੇ ਖ਼ਿਲਾਫ਼। ਕੀ ਅਸੀਂ ਪਰਮੇਸ਼ੁਰ ਦੀ ਮਦਦ ਤੋਂ ਬਿਨਾਂ ਜਿੱਤਣ ਦੀ ਉਮੀਦ ਰੱਖ ਸਕਦੇ ਹਾਂ? ਅਸੀਂ ਉਸ ਦੀ ਮਦਦ ਕਿਵੇਂ ਲੈ ਸਕਦੇ ਹਾਂ? ਸਾਨੂੰ ਆਪਣੇ ਵਿਚ ਕਿਹੜੇ ਗੁਣ ਪੈਦਾ ਕਰਨੇ ਚਾਹੀਦੇ ਹਨ ਜੋ ਸਰੀਰਕ ਝੁਕਾਵਾਂ ਦਾ ਵਿਰੋਧ ਕਰਨ ਵਿਚ ਸਾਡੀ ਮਦਦ ਕਰਨਗੇ? ਇਨ੍ਹਾਂ ਸਵਾਲਾਂ ਦੇ ਜਵਾਬਾਂ ਲਈ ਆਓ ਆਪਾਂ ਉਨ੍ਹਾਂ ਗੱਲਾਂ ਤੇ ਗੌਰ ਕਰੀਏ ਜੋ ਯਿਸੂ ਨੇ ਧਰਤੀ ਉੱਤੇ ਆਪਣੀ ਜ਼ਿੰਦਗੀ ਦੀਆਂ ਆਖ਼ਰੀ ਘੜੀਆਂ ਦੌਰਾਨ ਆਪਣੇ ਪਿਆਰੇ ਚੇਲਿਆਂ ਨੂੰ ਸਿਖਾਈਆਂ ਸਨ।
ਹੰਕਾਰ ਨੂੰ ਨਿਮਰਤਾ ਨਾਲ ਜਿੱਤੋ
ਮਿਸਾਲ ਲਈ, ਹੰਕਾਰ ਜਾਂ ਘਮੰਡ ਦੀ ਸਮੱਸਿਆ ਉੱਤੇ ਗੌਰ ਕਰੋ। ਇਸ ਬਾਰੇ ਬਾਈਬਲ ਕਹਿੰਦੀ ਹੈ: “ਨਾਸ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘੁਮੰਡੀ ਰੂਹ ਹੁੰਦੀ ਹੈ।” (ਕਹਾਉਤਾਂ 16:18) ਬਾਈਬਲ ਇਹ ਵੀ ਚੇਤਾਵਨੀ ਦਿੰਦੀ ਹੈ: “ਜੇ ਕੋਈ ਆਪਣੇ ਆਪ ਨੂੰ ਕੁਝ ਸਮਝੇ ਅਤੇ ਹੋਵੇ ਕੁਝ ਵੀ ਨਾ ਤਾਂ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ।” (ਗਲਾਤੀਆਂ 6:3) ਜੀ ਹਾਂ, ਹੰਕਾਰ ਦੇ ਧੋਖੇ ਵਿਚ ਆ ਕੇ ਸਾਡੀ ਜ਼ਿੰਦਗੀ ਤਬਾਹ ਹੋ ਸਕਦੀ ਹੈ। ਸਾਡੇ ਲਈ ਅਕਲਮੰਦੀ ਦੀ ਗੱਲ ਇਹੀ ਹੋਵੇਗੀ ਕਿ ਅਸੀਂ ‘ਘੁਮੰਡ ਤੇ ਹੰਕਾਰ’ ਤੋਂ ਘਿਰਣਾ ਕਰੀਏ।—ਕਹਾਉਤਾਂ 8:13.
ਕੀ ਯਿਸੂ ਦੇ ਚੇਲਿਆਂ ਵਿਚਕਾਰ ਘਮੰਡ ਦੀ ਸਮੱਸਿਆ ਸੀ? ਘੱਟੋ-ਘੱਟ ਇਕ ਮੌਕੇ ਤੇ ਉਨ੍ਹਾਂ ਵਿਚ ਇਹ ਬਹਿਸ ਹੋਈ ਸੀ ਕਿ ਉਨ੍ਹਾਂ ਵਿੱਚੋਂ ਕੌਣ ਵੱਡਾ ਸੀ। (ਮਰਕੁਸ 9:33-37) ਇਕ ਹੋਰ ਮੌਕੇ ਤੇ ਯਾਕੂਬ ਤੇ ਯੂਹੰਨਾ ਨੇ ਪਰਮੇਸ਼ੁਰ ਦੇ ਰਾਜ ਵਿਚ ਉੱਚੀਆਂ ਪਦਵੀਆਂ ਲਈ ਯਿਸੂ ਨੂੰ ਬੇਨਤੀ ਕੀਤੀ ਸੀ। (ਮਰਕੁਸ 10:35-45) ਯਿਸੂ ਆਪਣੇ ਚੇਲਿਆਂ ਦੀ ਮਦਦ ਕਰਨੀ ਚਾਹੁੰਦਾ ਸੀ ਕਿ ਉਹ ਇਸ ਝੁਕਾਅ ਨੂੰ ਆਪਣੇ ਮਨਾਂ ਵਿੱਚੋਂ ਕੱਢ ਦੇਣ। ਇਸ ਲਈ ਪਸਾਹ ਦਾ ਭੋਜਨ ਖਾਣ ਵੇਲੇ ਉਹ ਉੱਠਿਆ ਅਤੇ ਤੌਲੀਆ ਲੈ ਕੇ ਆਪਣੇ ਚੇਲਿਆਂ ਦੇ ਪੈਰ ਧੋਣ ਲੱਗ ਪਿਆ। ਇਸ ਤਰ੍ਹਾਂ ਯਿਸੂ ਨੇ ਉਨ੍ਹਾਂ ਨੂੰ ਇਕ ਜ਼ਰੂਰੀ ਸਬਕ ਸਿਖਾਇਆ। ਯਿਸੂ ਨੇ ਕਿਹਾ: “ਜੇ ਮੈਂ ਗੁਰੂ ਅਤੇ ਪ੍ਰਭੁ ਹੋ ਕੇ ਤੁਹਾਡੇ ਪੈਰ ਧੋਤੇ ਤਾਂ ਚਾਹੀਦਾ ਹੈ ਜੋ ਤੁਸੀਂ ਭੀ ਇੱਕ ਦੂਏ ਦੇ ਪੈਰ ਧੋਵੋ।” (ਯੂਹੰਨਾ 13:14) ਜੀ ਹਾਂ, ਉਨ੍ਹਾਂ ਨੂੰ ਹੰਕਾਰ ਦੀ ਥਾਂ ਨਿਮਰਤਾ ਦਾ ਗੁਣ ਪੈਦਾ ਕਰਨ ਦੀ ਲੋੜ ਸੀ।
ਪਰ ਹੰਕਾਰ ਨੂੰ ਜਿੱਤਣਾ ਇੰਨੀ ਆਸਾਨ ਗੱਲ ਨਹੀਂ ਹੈ। ਵਿਸ਼ਵਾਸਘਾਤੀ ਯਹੂਦਾ ਇਸਕਰਿਯੋਤੀ ਦੇ ਜਾਣ ਤੋਂ ਬਾਅਦ ਉਸੇ ਸ਼ਾਮ 11 ਚੇਲਿਆਂ ਵਿਚ ਫਿਰ ਗਰਮਾ-ਗਰਮ ਬਹਿਸ ਹੋਈ ਸੀ। ਉਹ ਕਿਸ ਗੱਲ ਤੇ ਬਹਿਸ ਕਰ ਰਹੇ ਸਨ? ਇਹੀ ਕਿ ਉਨ੍ਹਾਂ ਵਿੱਚੋਂ ਕੌਣ ਸਭ ਤੋਂ ਵੱਡਾ ਸੀ! ਉਨ੍ਹਾਂ ਨੂੰ ਝਿੜਕਣ ਦੀ ਬਜਾਇ, ਯਿਸੂ ਨੇ ਇਕ ਵਾਰ ਫਿਰ ਧੀਰਜ ਨਾਲ ਦੂਜਿਆਂ ਦੀ ਸੇਵਾ ਕਰਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਸ ਨੇ ਕਿਹਾ: “ਪਰਾਈਆਂ ਕੌਮਾਂ ਦੇ ਰਾਜੇ ਉਨ੍ਹਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਜਿਹੜੇ ਉਨ੍ਹਾਂ ਉੱਤੇ ਇਖ਼ਤਿਆਰ ਰੱਖਦੇ ਹਨ ਸੋ ਗਰੀਬਨਵਾਜ ਕਹਾਉਂਦੇ ਹਨ। ਪਰ ਤੁਸੀਂ ਏਹੋ ਜੇਹੇ ਨਾ ਹੋਵੋ ਸਗੋਂ ਤੁਹਾਡੇ ਵਿੱਚ ਜਿਹੜਾ ਵੱਡਾ ਹੈ ਉਹ ਛੋਟੇ ਵਰਗਾ ਅਤੇ ਜਿਹੜਾ ਸਰਦਾਰ ਹੈ ਉਹ ਟਹਿਲੂਏ ਵਰਗਾ ਬਣੇ।” ਉਨ੍ਹਾਂ ਨੂੰ ਆਪਣੀ ਮਿਸਾਲ ਚੇਤੇ ਕਰਾਉਂਦੇ ਹੋਏ ਉਸ ਨੇ ਅੱਗੇ ਕਿਹਾ: “ਮੈਂ ਤੁਹਾਡੇ ਵਿੱਚ ਟਹਿਲੂਏ ਵਰਗਾ ਹਾਂ।”—ਲੂਕਾ 22:24-27.
ਕੀ ਰਸੂਲਾਂ ਦੇ ਪੱਲੇ ਇਹ ਗੱਲ ਪਈ ਸੀ? ਹਾਂ ਜ਼ਰੂਰ। ਕਈ ਸਾਲਾਂ ਬਾਅਦ ਪਤਰਸ ਰਸੂਲ ਨੇ ਲਿਖਿਆ: “ਤੁਸੀਂ ਸੱਭੇ ਇੱਕ ਮਨ ਹੋਵੋ, ਆਪੋ ਵਿੱਚੀਂ ਦਰਦੀ ਬਣੋ, ਭਰੱਪਣ ਦਾ ਪ੍ਰੇਮ ਰੱਖੋ, ਤਰਸਵਾਨ ਅਤੇ ਮਨ ਦੇ ਹਲੀਮ ਹੋਵੋ।” (1 ਪਤਰਸ 3:8) ਸਾਡੇ ਲਈ ਵੀ ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਹੰਕਾਰ ਨੂੰ ਨਿਮਰਤਾ ਨਾਲ ਜਿੱਤੀਏ! ਇਸ ਲਈ ਅਕਲਮੰਦੀ ਇਸੇ ਵਿਚ ਹੈ ਕਿ ਅਸੀਂ ਸ਼ੁਹਰਤ, ਤਾਕਤ ਜਾਂ ਉੱਚੀ ਪਦਵੀ ਪਿੱਛੇ ਨਾ ਭੱਜੀਏ। ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਉੱਤੇ ਕਿਰਪਾ ਕਰਦਾ ਹੈ।” (ਯਾਕੂਬ 4:6) ਇਸੇ ਤਰ੍ਹਾਂ ਇਕ ਪੁਰਾਣੀ ਕਹਾਵਤ ਕਹਿੰਦੀ ਹੈ: “ਅਧੀਨਗੀ [ਨਿਮਰਤਾ] ਅਤੇ ਯਹੋਵਾਹ ਦਾ ਭੈ ਮੰਨਣ ਦਾ ਫਲ ਧਨ, ਆਦਰ ਅਤੇ ਜੀਉਣ ਹੈ।”—ਕਹਾਉਤਾਂ 22:4.
ਨਫ਼ਰਤ ਨੂੰ ਕਿਵੇਂ ਜਿੱਤੀਏ?
ਇਕ ਹੋਰ ਔਗੁਣ ਤੇ ਗੌਰ ਕਰੋ ਜੋ ਅੱਜ ਦੁਨੀਆਂ ਵਿਚ ਆਮ ਪਾਇਆ ਜਾਂਦਾ ਹੈ। ਉਹ ਹੈ ਨਫ਼ਰਤ। ਨਫ਼ਰਤ ਦਾ ਕਾਰਨ ਭਾਵੇਂ ਡਰ, ਅਗਿਆਨਤਾ, ਪੱਖਪਾਤ, ਜ਼ੁਲਮ, ਬੇਇਨਸਾਫ਼ੀ, ਕੌਮਪਰਸਤੀ, ਜਾਤ-ਪਾਤ ਜਾਂ ਨਸਲੀ ਭੇਦ-ਭਾਵ ਹੋਵੇ, ਪਰ ਇਸ ਨੇ ਹਰ ਜਗ੍ਹਾ ਆਪਣੇ ਪੈਰ ਪਸਾਰੇ ਹੋਏ ਹਨ। (2 ਤਿਮੋਥਿਉਸ 3:1-4) ਯਿਸੂ ਦੇ ਜ਼ਮਾਨੇ ਵਿਚ ਵੀ ਨਫ਼ਰਤ ਨੇ ਹੱਦ ਕੀਤੀ ਹੋਈ ਸੀ। ਯਹੂਦੀ ਸਮਾਜ ਵਿਚ ਮਸੂਲ ਲੈਣ ਵਾਲਿਆਂ ਨੂੰ ਅਛੂਤ ਸਮਝ ਕੇ ਉਨ੍ਹਾਂ ਨਾਲ ਨਫ਼ਰਤ ਕੀਤੀ ਜਾਂਦੀ ਸੀ। ਯਹੂਦੀ ਲੋਕ ਸਾਮਰੀ ਲੋਕਾਂ ਨਾਲ ਕੋਈ ਲੈਣ-ਦੇਣ ਨਹੀਂ ਰੱਖਦੇ ਸਨ। (ਯੂਹੰਨਾ 4:9) ਪਰਾਈਆਂ ਕੌਮਾਂ ਜਾਂ ਗ਼ੈਰ-ਯਹੂਦੀਆਂ ਨੂੰ ਤਾਂ ਉਹ ਘਿਰਣਾ ਦੀ ਨਜ਼ਰ ਨਾਲ ਦੇਖਦੇ ਸਨ। ਪਰ ਮਸੀਹੀਅਤ ਵਿਚ ਕੋਈ ਭਿੰਨ-ਭੇਦ ਨਹੀਂ ਹੋਣਾ ਸੀ, ਸਗੋਂ ਸਾਰੀਆਂ ਕੌਮਾਂ ਦੇ ਲੋਕ ਇਸ ਵਿਚ ਸ਼ਾਮਲ ਹੋ ਸਕਦੇ ਸਨ। (ਰਸੂਲਾਂ ਦੇ ਕਰਤੱਬ 10:34, 35; ਗਲਾਤੀਆਂ 3:28) ਇਸ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਪਿਆਰ ਨਾਲ ਇਕ ਨਵਾਂ ਹੁਕਮ ਦਿੱਤਾ।
ਯਿਸੂ ਨੇ ਕਿਹਾ: “ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ।” ਉਨ੍ਹਾਂ ਨੂੰ ਇਕ-ਦੂਜੇ ਨਾਲ ਇਸ ਤਰ੍ਹਾਂ ਪਿਆਰ ਕਰਨਾ ਸਿੱਖਣਾ ਪੈਣਾ ਸੀ ਕਿਉਂਕਿ ਯਿਸੂ ਨੇ ਅੱਗੇ ਕਿਹਾ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:34, 35) ਇਹ ਹੁਕਮ ਇਸ ਅਰਥ ਵਿਚ ਨਵਾਂ ਸੀ ਕਿ ਇਹ “ਆਪਣੇ ਗਵਾਂਢੀ ਨਾਲ ਆਪਣੇ ਜੇਹਾ ਪਿਆਰ” ਕਰਨ ਨਾਲੋਂ ਵੀ ਵੱਧ ਕੇ ਪਿਆਰ ਕਰਨ ਦੀ ਮੰਗ ਕਰਦਾ ਸੀ। (ਲੇਵੀਆਂ 19:18) ਕਿਸ ਤਰੀਕੇ ਨਾਲ? ਯਿਸੂ ਨੇ ਇਹ ਕਹਿੰਦੇ ਹੋਏ ਸਾਫ਼-ਸਾਫ਼ ਸਮਝਾਇਆ: “ਮੇਰਾ ਹੁਕਮ ਇਹ ਹੈ ਭਈ ਤੁਸੀਂ ਇੱਕ ਦੂਏ ਨਾਲ ਪਿਆਰ ਕਰੋ ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ। ਏਦੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੇ ਮਿੱਤ੍ਰਾਂ ਦੇ ਬਦਲੇ ਦੇ ਦੇਵੇ।” (ਯੂਹੰਨਾ 15:12, 13) ਉਨ੍ਹਾਂ ਨੇ ਇਕ-ਦੂਜੇ ਲਈ ਅਤੇ ਹੋਰਨਾਂ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਤਿਆਰ ਰਹਿਣਾ ਸੀ।
ਨਾਮੁਕੰਮਲ ਇਨਸਾਨ ਕਿਵੇਂ ਆਪਣੀਆਂ ਜ਼ਿੰਦਗੀਆਂ ਵਿੱਚੋਂ ਨਫ਼ਰਤ ਦਾ ਨਾਮੋ-ਨਿਸ਼ਾਨ ਮਿਟਾ ਸਕਦੇ ਹਨ? ਨਫ਼ਰਤ ਦੀ ਥਾਂ ਆਤਮ-ਬਲੀਦਾਨੀ ਪਿਆਰ ਕਰਨ ਨਾਲ। ਲੱਖਾਂ ਹੀ ਨੇਕਦਿਲ ਲੋਕ ਇਸੇ ਤਰ੍ਹਾਂ ਦਾ ਪਿਆਰ ਕਰ ਰਹੇ ਹਨ ਜੋ ਸਾਰੀਆਂ ਨਸਲਾਂ, ਸਭਿਆਚਾਰਾਂ, ਧਰਮਾਂ ਅਤੇ ਰਾਜਨੀਤਿਕ ਪਿਛੋਕੜਾਂ ਤੋਂ ਆਏ ਹਨ। ਉਹ ਹੁਣ ਯਹੋਵਾਹ ਦੇ ਗਵਾਹਾਂ ਦੇ ਵਿਸ਼ਵ-ਵਿਆਪੀ ਭਾਈਚਾਰੇ ਦਾ ਹਿੱਸਾ ਬਣ ਰਹੇ ਹਨ ਜਿਸ ਵਿਚ ਕੋਈ ਕਿਸੇ ਨਾਲ ਨਫ਼ਰਤ ਨਹੀਂ ਕਰਦਾ ਅਤੇ ਸਾਰੇ ਮਿਲ ਕੇ ਰਹਿੰਦੇ ਹਨ। ਉਹ ਯੂਹੰਨਾ ਰਸੂਲ ਦੇ ਇਨ੍ਹਾਂ ਪ੍ਰੇਰਿਤ ਸ਼ਬਦਾਂ ਵੱਲ ਧਿਆਨ ਦਿੰਦੇ ਹਨ: “ਹਰ ਕੋਈ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੋ ਖੂਨੀ ਹੈ ਅਤੇ ਤੁਸੀਂ ਜਾਣਦੇ ਹੋ ਭਈ ਕਿਸੇ ਖੂਨੀ ਵਿੱਚ ਸਦੀਪਕ ਜੀਵਨ ਨਹੀਂ ਟਿਕਦਾ।” (1 ਯੂਹੰਨਾ 3:15) ਸੱਚੇ ਮਸੀਹੀ ਨਾ ਸਿਰਫ਼ ਲੜਾਈਆਂ ਵਿਚ ਹਥਿਆਰ ਚੁੱਕਣ ਤੋਂ ਇਨਕਾਰ ਕਰਦੇ ਹਨ, ਸਗੋਂ ਉਹ ਇਕ-ਦੂਜੇ ਨਾਲ ਪਿਆਰ ਕਰਨ ਦਾ ਵੀ ਪੂਰਾ ਜਤਨ ਕਰਦੇ ਹਨ।
ਤਾਂ ਫਿਰ ਉਨ੍ਹਾਂ ਲੋਕਾਂ ਪ੍ਰਤੀ ਸਾਡਾ ਕੀ ਰਵੱਈਆ ਹੋਣਾ ਚਾਹੀਦਾ ਹੈ ਜੋ ਸਾਡੇ ਭੈਣ-ਭਰਾ ਨਹੀਂ ਹਨ ਅਤੇ ਜੋ ਸ਼ਾਇਦ ਸਾਡੇ ਨਾਲ ਨਫ਼ਰਤ ਕਰਦੇ ਹਨ? ਜਦੋਂ ਯਿਸੂ ਸੂਲੀ ਉੱਤੇ ਟੰਗਿਆ ਹੋਇਆ ਸੀ, ਤਾਂ ਉਸ ਨੇ ਰੋਮੀ ਸਿਪਾਹੀਆਂ ਲਈ ਇਹ ਪ੍ਰਾਰਥਨਾ ਕੀਤੀ ਸੀ: “ਹੇ ਪਿਤਾ ਉਨ੍ਹਾਂ ਨੂੰ ਮਾਫ਼ ਕਰ ਕਿਉਂ ਜੋ ਓਹ ਨਹੀਂ ਜਾਣਦੇ ਭਈ ਕੀ ਕਰਦੇ ਹਨ।” (ਲੂਕਾ 23:34) ਜਦੋਂ ਨਫ਼ਰਤ ਨਾਲ ਭਰੇ ਆਦਮੀਆਂ ਨੇ ਚੇਲੇ ਇਸਤੀਫ਼ਾਨ ਨੂੰ ਮਾਰਨ ਲਈ ਪਥਰਾਅ ਕੀਤਾ, ਤਾਂ ਉਸ ਨੇ ਇਹ ਆਖ਼ਰੀ ਸ਼ਬਦ ਕਹੇ ਸਨ: “ਹੇ ਪ੍ਰਭੁ ਇਹ ਪਾਪ ਉਨ੍ਹਾਂ ਦੇ ਜੁੰਮੇ ਨਾ ਲਾ!” (ਰਸੂਲਾਂ ਦੇ ਕਰਤੱਬ 7:60) ਯਿਸੂ ਅਤੇ ਇਸਤੀਫ਼ਾਨ ਉਨ੍ਹਾਂ ਦੀ ਵੀ ਭਲਾਈ ਚਾਹੁੰਦੇ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਨਫ਼ਰਤ ਕੀਤੀ ਸੀ। ਉਨ੍ਹਾਂ ਦੇ ਦਿਲਾਂ ਵਿਚ ਕਿਸੇ ਤਰ੍ਹਾਂ ਦੀ ਕੁੜੱਤਣ ਨਹੀਂ ਸੀ। ਬਾਈਬਲ ਸਾਨੂੰ ‘ਸਭਨਾਂ ਨਾਲ ਭਲਾ ਕਰਨ’ ਦੀ ਸਲਾਹ ਦਿੰਦੀ ਹੈ।—ਗਲਾਤੀਆਂ 6:10.
‘ਸਦਾ ਸੰਗ ਰਹਿਣ ਵਾਲਾ ਸਹਾਇਕ’
ਗਿਆਰਾਂ ਚੇਲਿਆਂ ਨਾਲ ਗੱਲ ਕਰਦੇ ਸਮੇਂ ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਹੁਣ ਸਰੀਰਕ ਤੌਰ ਤੇ ਉਨ੍ਹਾਂ ਨਾਲ ਜ਼ਿਆਦਾ ਦੇਰ ਨਹੀਂ ਰਹੇਗਾ। (ਯੂਹੰਨਾ 14:28; 16:28) ਪਰ ਉਸ ਨੇ ਉਨ੍ਹਾਂ ਨੂੰ ਭਰੋਸਾ ਦਿਲਾਇਆ: “ਮੈਂ ਆਪਣੇ ਪਿਤਾ ਤੋਂ ਮੰਗਾਂਗਾ ਅਰ ਉਹ ਤੁਹਾਨੂੰ ਦੂਜਾ ਸਹਾਇਕ ਬਖ਼ਸ਼ੇਗਾ ਭਈ ਉਹ ਸਦਾ ਤੁਹਾਡੇ ਸੰਗ ਰਹੇ।” (ਯੂਹੰਨਾ 14:16) ਵਾਅਦਾ ਕੀਤਾ ਹੋਇਆ ਸਹਾਇਕ ਪਰਮੇਸ਼ੁਰ ਦੀ ਪਵਿੱਤਰ ਆਤਮਾ ਹੈ। ਇਸ ਨੇ ਉਨ੍ਹਾਂ ਨੂੰ ਸ਼ਾਸਤਰ ਦੀਆਂ ਡੂੰਘੀਆਂ ਗੱਲਾਂ ਸਿਖਾਉਣੀਆਂ ਸਨ ਅਤੇ ਉਹ ਗੱਲਾਂ ਚੇਤੇ ਕਰਾਉਣੀਆਂ ਸਨ ਜੋ ਯਿਸੂ ਨੇ ਧਰਤੀ ਤੇ ਰਹਿੰਦਿਆਂ ਉਨ੍ਹਾਂ ਨੂੰ ਸਿਖਾਈਆਂ ਸਨ।—ਯੂਹੰਨਾ 14:26.
ਅੱਜ ਪਵਿੱਤਰ ਆਤਮਾ ਸਾਡੀ ਮਦਦ ਕਿਵੇਂ ਕਰ ਸਕਦੀ ਹੈ? ਬਾਈਬਲ ਪਰਮੇਸ਼ੁਰ ਦਾ ਪ੍ਰੇਰਿਤ ਬਚਨ ਹੈ। ਜਿਨ੍ਹਾਂ ਆਦਮੀਆਂ ਨੂੰ ਭਵਿੱਖਬਾਣੀਆਂ ਕਰਨ ਅਤੇ ਬਾਈਬਲ ਲਿਖਣ ਲਈ ਵਰਤਿਆ ਗਿਆ ਸੀ, ਉਹ “ਪਵਿੱਤਰ ਆਤਮਾ ਦੇ ਉਕਾਸਣ ਨਾਲ ਪਰਮੇਸ਼ੁਰ ਦੀ ਵੱਲੋਂ ਬੋਲਦੇ ਸਨ।” (2 ਪਤਰਸ 1:20, 21; 2 ਤਿਮੋਥਿਉਸ 3:16) ਬਾਈਬਲ ਦਾ ਅਧਿਐਨ ਕਰਨ ਅਤੇ ਸਿੱਖੀਆਂ ਗੱਲਾਂ ਲਾਗੂ ਕਰਨ ਨਾਲ ਸਾਨੂੰ ਗਿਆਨ, ਬੁੱਧ, ਸਮਝ, ਸੂਝ-ਬੂਝ, ਪਰਖ ਕਰਨ ਅਤੇ ਤਰਕ ਕਰਨ ਦੀ ਕਾਬਲੀਅਤ ਮਿਲਦੀ ਹੈ। ਇਸ ਤਰ੍ਹਾਂ ਅਸੀਂ ਬੁਰੀ ਦੁਨੀਆਂ ਦੇ ਦਬਾਵਾਂ ਦਾ ਸਾਮ੍ਹਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੋ ਜਾਂਦੇ ਹਾਂ।
ਇਕ ਹੋਰ ਤਰੀਕੇ ਨਾਲ ਵੀ ਪਵਿੱਤਰ ਆਤਮਾ ਮਦਦ ਕਰਦੀ ਹੈ। ਪਰਮੇਸ਼ੁਰ ਦੀ ਪਵਿੱਤਰ ਆਤਮਾ ਚੰਗਾ ਅਸਰ ਪਾਉਂਦੀ ਹੈ। ਇਹ ਆਪਣੇ ਅਸਰ ਹੇਠ ਰਹਿਣ ਵਾਲਿਆਂ ਨੂੰ ਪਰਮੇਸ਼ੁਰੀ ਗੁਣ ਦਿਖਾਉਣ ਦੇ ਕਾਬਲ ਬਣਾਉਂਦੀ ਹੈ। ਬਾਈਬਲ ਕਹਿੰਦੀ ਹੈ ਕਿ “ਆਤਮਾ ਦਾ ਫਲ ਇਹ ਹੈ—ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਸੰਜਮ।” ਇਹ ਗੁਣ ਅਨੈਤਿਕਤਾ, ਲੜਾਈ-ਝਗੜੇ, ਈਰਖਾ, ਕ੍ਰੋਧ ਅਤੇ ਇਹੋ ਜਿਹੇ ਹੋਰ ਕੰਮਾਂ ਵਿਚ ਪੈਣ ਦੇ ਸਰੀਰਕ ਝੁਕਾਵਾਂ ਤੇ ਜੇਤੂ ਹੋਣ ਲਈ ਬਹੁਤ ਜ਼ਰੂਰੀ ਹਨ।—ਗਲਾਤੀਆਂ 5:19-23.
ਪਰਮੇਸ਼ੁਰ ਦੀ ਆਤਮਾ ਉੱਤੇ ਭਰੋਸਾ ਰੱਖਣ ਨਾਲ ਸਾਨੂੰ ਕਿਸੇ ਵੀ ਮੁਸ਼ਕਲ ਜਾਂ ਦੁੱਖ ਦਾ ਸਾਮ੍ਹਣਾ ਕਰਨ ਲਈ “ਮਹਾ-ਸ਼ਕਤੀ” ਵੀ ਮਿਲ ਸਕਦੀ ਹੈ। (2 ਕੁਰਿੰਥੀਆਂ 4:7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਵਿੱਤਰ ਆਤਮਾ ਸ਼ਾਇਦ ਅਜ਼ਮਾਇਸ਼ਾਂ ਜਾਂ ਪਰਤਾਵਿਆਂ ਨੂੰ ਦੂਰ ਨਾ ਕਰੇ, ਪਰ ਇਹ ਉਨ੍ਹਾਂ ਨੂੰ ਸਹਿਣ ਵਿਚ ਸਾਡੀ ਮਦਦ ਜ਼ਰੂਰ ਕਰ ਸਕਦੀ ਹੈ। (1 ਕੁਰਿੰਥੀਆਂ 10:13) ਪੌਲੁਸ ਰਸੂਲ ਨੇ ਲਿਖਿਆ ਸੀ: “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।” (ਫ਼ਿਲਿੱਪੀਆਂ 4:13) ਇਸ ਤਰ੍ਹਾਂ ਦਾ ਬਲ ਪਰਮੇਸ਼ੁਰ ਸਾਨੂੰ ਆਪਣੀ ਪਵਿੱਤਰ ਆਤਮਾ ਦੇ ਜ਼ਰੀਏ ਦਿੰਦਾ ਹੈ। ਅਸੀਂ ਪਵਿੱਤਰ ਆਤਮਾ ਲਈ ਬਹੁਤ ਧੰਨਵਾਦੀ ਹਾਂ! ਯਿਸੂ ਨੇ ਇਹ ਪਵਿੱਤਰ ਆਤਮਾ ਉਨ੍ਹਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਜੋ ‘ਉਸ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਹੁਕਮਾਂ ਦੀ ਪਾਲਨਾ’ ਕਰਦੇ ਹਨ।—ਯੂਹੰਨਾ 14:15.
“ਮੇਰੇ ਪ੍ਰੇਮ ਵਿੱਚ ਰਹੋ”
ਆਪਣੀ ਇਨਸਾਨੀ ਜ਼ਿੰਦਗੀ ਦੀ ਆਖ਼ਰੀ ਰਾਤ ਨੂੰ ਯਿਸੂ ਨੇ ਆਪਣੇ ਰਸੂਲਾਂ ਨੂੰ ਇਹ ਵੀ ਕਿਹਾ: “ਜਿਹ ਦੇ ਕੋਲ ਮੇਰੇ ਹੁਕਮ ਹਨ ਅਤੇ ਉਹ ਉਨ੍ਹਾਂ ਦੀ ਪਾਲਨਾ ਕਰਦਾ ਹੈ ਸੋਈ ਹੈ ਜੋ ਮੈਨੂੰ ਪਿਆਰ ਕਰਦਾ ਹੈ, ਅਤੇ ਜਿਹੜਾ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਪਿਤਾ ਦਾ ਪਿਆਰਾ ਹੋਵੇਗਾ।” (ਯੂਹੰਨਾ 14:21) ਉਸ ਨੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ: “ਮੇਰੇ ਪ੍ਰੇਮ ਵਿੱਚ ਰਹੋ।” (ਯੂਹੰਨਾ 15:9) ਪਿਤਾ ਅਤੇ ਪੁੱਤਰ ਦੇ ਪ੍ਰੇਮ ਵਿਚ ਰਹਿਣ ਨਾਲ ਸਾਨੂੰ ਆਪਣੇ ਅੰਦਰਲੇ ਪਾਪੀ ਝੁਕਾਵਾਂ ਅਤੇ ਬਾਹਰਲੀ ਬੁਰੀ ਦੁਨੀਆਂ ਨਾਲ ਸੰਘਰਸ਼ ਕਰਨ ਵਿਚ ਕਿਵੇਂ ਮਦਦ ਮਿਲਦੀ ਹੈ?
ਜਦੋਂ ਤਕ ਸਾਨੂੰ ਆਪਣੇ ਅੰਦਰੋਂ ਹੀ ਜ਼ਬਰਦਸਤ ਪ੍ਰੇਰਣਾ ਨਾ ਮਿਲੇ, ਤਾਂ ਅਸੀਂ ਬੁਰੇ ਝੁਕਾਵਾਂ ਨੂੰ ਕਿਵੇਂ ਵੱਸ ਵਿਚ ਕਰ ਸਕਦੇ ਹਾਂ? ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਨਾਲ ਚੰਗਾ ਰਿਸ਼ਤਾ ਬਣਾਉਣ ਨਾਲੋਂ ਹੋਰ ਵੱਡੀ ਪ੍ਰੇਰਣਾ ਕਿਹੜੀ ਹੋ ਸਕਦੀ ਹੈ? ਇਕ ਨੌਜਵਾਨ ਆਦਮੀ ਅਰਨੇਸਟੋa ਨੇ ਅੱਲੜ੍ਹ ਉਮਰ ਤੋਂ ਅਨੈਤਿਕ ਜੀਵਨ ਜੀਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਇਸ ਨੂੰ ਛੱਡਣ ਲਈ ਉਸ ਨੂੰ ਸਖ਼ਤ ਸੰਘਰਸ਼ ਕਰਨਾ ਪਿਆ। ਉਹ ਦੱਸਦਾ ਹੈ: “ਮੈਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ ਅਤੇ ਮੈਂ ਬਾਈਬਲ ਤੋਂ ਸਿੱਖਿਆ ਕਿ ਜਿਸ ਢੰਗ ਨਾਲ ਮੈਂ ਜੀ ਰਿਹਾ ਸੀ, ਉਹ ਪਰਮੇਸ਼ੁਰ ਨੂੰ ਪਸੰਦ ਨਹੀਂ ਸੀ। ਇਸ ਲਈ ਮੈਂ ਪਰਮੇਸ਼ੁਰ ਦੀਆਂ ਸਿੱਖਿਆਵਾਂ ਤੇ ਚੱਲਣ ਅਤੇ ਆਪਣੇ ਆਪ ਨੂੰ ਬਦਲਣ ਦਾ ਫ਼ੈਸਲਾ ਕੀਤਾ। ਹਰ ਰੋਜ਼ ਮੈਨੂੰ ਗੰਦੇ ਤੇ ਭੈੜੇ ਵਿਚਾਰਾਂ ਨਾਲ ਲੜਨਾ ਪੈਂਦਾ ਸੀ ਜੋ ਵਾਰ-ਵਾਰ ਮੇਰੇ ਦਿਮਾਗ਼ ਵਿਚ ਆਉਂਦੇ ਸਨ। ਪਰ ਮੈਂ ਇਸ ਯੁੱਧ ਨੂੰ ਜਿੱਤਣ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ ਅਤੇ ਮੈਂ ਪਰਮੇਸ਼ੁਰ ਦੀ ਮਦਦ ਲਈ ਬਾਕਾਇਦਾ ਪ੍ਰਾਰਥਨਾ ਕਰਦਾ ਸੀ। ਦੋ ਸਾਲਾਂ ਬਾਅਦ ਮੈਂ ਕਾਫ਼ੀ ਹੱਦ ਤਕ ਆਪਣੇ ਭੈੜੇ ਵਿਚਾਰਾਂ ਉੱਤੇ ਕਾਬੂ ਪਾ ਲਿਆ ਸੀ, ਪਰ ਮੈਨੂੰ ਅਜੇ ਵੀ ਬੜਾ ਸਾਵਧਾਨ ਰਹਿਣਾ ਪੈਂਦਾ ਹੈ।”
ਬਾਹਰਲੀ ਦੁਨੀਆਂ ਨਾਲ ਸੰਘਰਸ਼ ਕਰਨ ਲਈ ਜ਼ਰਾ ਯਿਸੂ ਦੀ ਆਖ਼ਰੀ ਪ੍ਰਾਰਥਨਾ ਤੇ ਗੌਰ ਕਰੋ ਜੋ ਉਸ ਨੇ ਯਰੂਸ਼ਲਮ ਦੇ ਚੁਬਾਰੇ ਵਿਚ ਕੀਤੀ ਸੀ। ਉਸ ਨੇ ਆਪਣੇ ਚੇਲਿਆਂ ਲਈ ਆਪਣੇ ਪਿਤਾ ਨੂੰ ਪ੍ਰਾਰਥਨਾ ਕੀਤੀ: “ਮੈਂ ਇਹ ਬੇਨਤੀ ਨਹੀਂ ਕਰਦਾ ਜੋ ਤੂੰ ਓਹਨਾਂ ਨੂੰ ਜਗਤ ਵਿੱਚੋਂ ਚੁੱਕ ਲਵੇਂ ਪਰ ਇਹ ਜੋ ਤੂੰ ਦੁਸ਼ਟ ਤੋਂ ਓਹਨਾਂ ਦੀ ਰੱਛਿਆ ਕਰੇਂ। ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।” (ਯੂਹੰਨਾ 17:15, 16) ਇਸ ਤੋਂ ਕਿੰਨੀ ਤਸੱਲੀ ਮਿਲਦੀ ਹੈ! ਯਹੋਵਾਹ ਉਨ੍ਹਾਂ ਦੀ ਰਾਖੀ ਕਰਦਾ ਹੈ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ। ਉਹ ਉਨ੍ਹਾਂ ਨੂੰ ਦੁਨੀਆਂ ਤੋਂ ਅਲੱਗ ਰਹਿਣ ਲਈ ਤਾਕਤ ਦਿੰਦਾ ਹੈ।
“ਨਿਹਚਾ ਕਰੋ”
ਯਿਸੂ ਦੇ ਹੁਕਮਾਂ ਦੀ ਪਾਲਣਾ ਕਰਨ ਨਾਲ ਸਾਨੂੰ ਬੁਰੀ ਦੁਨੀਆਂ ਅਤੇ ਆਪਣੇ ਪਾਪੀ ਝੁਕਾਵਾਂ ਖ਼ਿਲਾਫ਼ ਲੜਾਈ ਨੂੰ ਜਿੱਤਣ ਵਿਚ ਮਦਦ ਮਿਲ ਸਕਦੀ ਹੈ। ਪਰ ਜਦੋਂ ਤਕ ਇਹ ਦੋਵੇਂ ਚੀਜ਼ਾਂ ਰਹਿਣਗੀਆਂ ਸਾਨੂੰ ਇਨ੍ਹਾਂ ਖ਼ਿਲਾਫ਼ ਲੜਦੇ ਰਹਿਣਾ ਪਵੇਗਾ। ਫਿਰ ਵੀ ਸਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ।
ਬਾਈਬਲ ਦੱਸਦੀ ਹੈ: “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” (1 ਯੂਹੰਨਾ 2:17) ਯਿਸੂ ਨੇ ਉਨ੍ਹਾਂ ਸਾਰਿਆਂ ਨੂੰ ਪਾਪ ਤੇ ਮੌਤ ਤੋਂ ਬਚਾਉਣ ਲਈ ਆਪਣੀ ਜਾਨ ਦਿੱਤੀ ਹੈ “ਜੋ ਉਸ ਉੱਤੇ ਨਿਹਚਾ” ਕਰਦੇ ਹਨ। (ਯੂਹੰਨਾ 3:16) ਜਿਉਂ-ਜਿਉਂ ਅਸੀਂ ਪਰਮੇਸ਼ੁਰ ਦੀ ਇੱਛਾ ਅਤੇ ਮਕਸਦਾਂ ਬਾਰੇ ਆਪਣੇ ਗਿਆਨ ਵਿਚ ਵਧਦੇ ਜਾਂਦੇ ਹਾਂ, ਤਿਉਂ-ਤਿਉਂ ਆਓ ਆਪਾਂ ਯਿਸੂ ਦੀ ਇਸ ਸਲਾਹ ਵੱਲ ਧਿਆਨ ਦੇਈਏ: “ਪਰਮੇਸ਼ੁਰ ਉੱਤੇ ਨਿਹਚਾ ਕਰੋ ਅਰ ਮੇਰੇ ਉੱਤੇ ਵੀ ਨਿਹਚਾ ਕਰੋ।”—ਯੂਹੰਨਾ 14:1.
[ਫੁਟਨੋਟ]
a ਨਾਂ ਬਦਲ ਦਿੱਤਾ ਗਿਆ ਹੈ।
[ਸਫ਼ਾ 6, 7 ਉੱਤੇ ਸੁਰਖੀ]
ਯਿਸੂ ਨੇ ਆਪਣੇ ਰਸੂਲਾਂ ਨੂੰ ਉਤਸ਼ਾਹਿਤ ਕੀਤਾ: “ਮੇਰੇ ਪ੍ਰੇਮ ਵਿੱਚ ਰਹੋ”
[ਸਫ਼ਾ 7 ਉੱਤੇ ਸੁਰਖੀ]
ਅਸੀਂ ਜਲਦੀ ਹੀ ਪਾਪ ਅਤੇ ਇਸ ਦੇ ਅਸਰਾਂ ਤੋਂ ਆਜ਼ਾਦ ਹੋਵਾਂਗੇ