‘ਤੇਰੀਆਂ ਸਾਖੀਆਂ ਮੇਰੀ ਖੁਸ਼ੀ ਹਨ’
“ਜੋ ਕੁਝ ਅੱਗੇ ਲਿਖਿਆ ਗਿਆ ਸੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ।”—ਰੋਮੀਆਂ 15:4.
1. ਯਹੋਵਾਹ ਸਾਨੂੰ ਜ਼ਰੂਰੀ ਗੱਲਾਂ ਕਿਵੇਂ ਚੇਤੇ ਕਰਾਉਂਦਾ ਹੈ ਅਤੇ ਕਿਉਂ?
ਯਹੋਵਾਹ ਆਪਣੇ ਲੋਕਾਂ ਨੂੰ ਸਾਖੀਆਂ ਜਾਂ ਜ਼ਰੂਰੀ ਗੱਲਾਂ ਵਾਰ-ਵਾਰ ਚੇਤੇ ਕਰਾਉਂਦਾ ਹੈ ਤਾਂਕਿ ਉਹ ਇਨ੍ਹਾਂ ਮੁਸ਼ਕਲ ਸਮਿਆਂ ਵਿਚ ਆਪਣੀ ਨਿਹਚਾ ਕਾਇਮ ਰੱਖ ਸਕਣ। ਬਾਈਬਲ ਪੜ੍ਹਨ, ਸਭਾਵਾਂ ਵਿਚ ਜਾਣਕਾਰੀ ਲੈਣ ਤੇ ਭੈਣਾਂ-ਭਰਾਵਾਂ ਦੀਆਂ ਟਿੱਪਣੀਆਂ ਰਾਹੀਂ ਉਹ ਸਾਨੂੰ ਕਈ ਗੱਲਾਂ ਯਾਦ ਕਰਾਉਂਦਾ ਹੈ। ਆਮ ਕਰਕੇ ਇਨ੍ਹਾਂ ਮੌਕਿਆਂ ਤੇ ਅਸੀਂ ਕੁਝ ਨਵਾਂ ਨਹੀਂ ਪੜ੍ਹਦੇ ਜਾਂ ਸੁਣਦੇ। ਸਾਨੂੰ ਇਹ ਜਾਣਕਾਰੀ ਕਈ ਵਾਰ ਪਹਿਲਾਂ ਵੀ ਮਿਲ ਚੁੱਕੀ ਹੁੰਦੀ ਹੈ। ਪਰ ਕਿਉਂਕਿ ਅਸੀਂ ਯਹੋਵਾਹ ਦੇ ਮਕਸਦਾਂ, ਨਿਯਮਾਂ ਅਤੇ ਹਿਦਾਇਤਾਂ ਬਾਰੇ ਕਈ ਗੱਲਾਂ ਭੁੱਲ ਜਾਂਦੇ ਹਾਂ, ਸਾਨੂੰ ਵਾਰ-ਵਾਰ ਇਹ ਗੱਲਾਂ ਦੱਸੀਆਂ ਜਾਂਦੀਆਂ ਹਨ। ਇਸ ਕਰਕੇ ਸਾਨੂੰ ਖ਼ੁਸ਼ ਹੋਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਗੱਲਾਂ ਬਾਰੇ ਲਗਾਤਾਰ ਪੜ੍ਹਦੇ ਤੇ ਸੁਣਦੇ ਰਹਿਣ ਕਰਕੇ ਅਸੀਂ ਚੇਤੇ ਰੱਖਦੇ ਹਾਂ ਕਿ ਅਸੀਂ ਯਹੋਵਾਹ ਦੀ ਸੇਵਾ ਕਰਨ ਦਾ ਰਾਹ ਕਿਉਂ ਚੁਣਿਆ ਸੀ। ਇਹ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣ ਲਈ ਸਾਡੇ ਵਿਚ ਨਵੇਂ ਸਿਰਿਓਂ ਜੋਸ਼ ਪੈਦਾ ਕਰੇਗਾ। ਇਸ ਲਈ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: ‘ਤੇਰੀਆਂ ਸਾਖੀਆਂ ਮੇਰੀ ਖੁਸ਼ੀ ਹਨ।’—ਜ਼ਬੂਰਾਂ ਦੀ ਪੋਥੀ 119:24.
2, 3. (ੳ) ਯਹੋਵਾਹ ਨੇ ਬਾਈਬਲ ਵਿਚ ਕਈ ਲੋਕਾਂ ਦੀਆਂ ਕਹਾਣੀਆਂ ਕਿਉਂ ਲਿਖਵਾਈਆਂ ਹਨ? (ਅ) ਇਸ ਲੇਖ ਵਿਚ ਅਸੀਂ ਬਾਈਬਲ ਦੀਆਂ ਕਿਹੜੀਆਂ ਕਹਾਣੀਆਂ ਵੱਲ ਧਿਆਨ ਦੇਣਾ ਹੈ?
2 ਭਾਵੇਂ ਪਰਮੇਸ਼ੁਰ ਦਾ ਬਚਨ ਕਈ ਸਦੀਆਂ ਪਹਿਲਾਂ ਲਿਖਿਆ ਗਿਆ ਸੀ, ਪਰ ਇਹ ਅੱਜ ਵੀ ਪ੍ਰਭਾਵਸ਼ਾਲੀ ਹੈ। (ਇਬਰਾਨੀਆਂ 4:12) ਇਸ ਵਿਚ ਕਈ ਲੋਕਾਂ ਦੀਆਂ ਸੱਚੀਆਂ ਕਹਾਣੀਆਂ ਹਨ। ਇਹ ਸੱਚ ਹੈ ਕਿ ਸਮੇਂ ਦੇ ਨਾਲ-ਨਾਲ ਕਈ ਪੁਰਾਣੇ ਵਿਚਾਰ ਤੇ ਰੀਤੀ-ਰਿਵਾਜ ਵੀ ਬਦਲ ਗਏ ਹਨ, ਪਰ ਅੱਜ ਸਾਡੇ ਸਾਮ੍ਹਣੇ ਉਹੀ ਮੁਸ਼ਕਲਾਂ ਹਨ ਜਿਨ੍ਹਾਂ ਦਾ ਪੁਰਾਣੇ ਜ਼ਮਾਨੇ ਦੇ ਲੋਕਾਂ ਨੇ ਵੀ ਸਾਮ੍ਹਣਾ ਕੀਤਾ ਸੀ। ਬਾਈਬਲ ਵਿਚ ਕਈ ਲੋਕਾਂ ਦੀਆਂ ਕਹਾਣੀਆਂ ਹਨ ਜੋ ਯਹੋਵਾਹ ਨੂੰ ਪਿਆਰ ਕਰਦੇ ਸਨ ਅਤੇ ਜਿਨ੍ਹਾਂ ਨੇ ਮੁਸ਼ਕਲਾਂ ਦੇ ਬਾਵਜੂਦ ਵਫ਼ਾਦਾਰੀ ਨਾਲ ਉਸ ਦੀ ਸੇਵਾ ਕੀਤੀ। ਦੂਸਰੀਆਂ ਕਹਾਣੀਆਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਕਿਹੋ ਜਿਹੇ ਚਾਲ-ਚਲਣ ਨਾਲ ਨਫ਼ਰਤ ਕਰਦਾ ਹੈ। ਯਹੋਵਾਹ ਨੇ ਇਹ ਸਾਰੀਆਂ ਗੱਲਾਂ ਸਾਡੇ ਫ਼ਾਇਦੇ ਲਈ ਲਿਖਵਾਈਆਂ ਹਨ। ਪੌਲੁਸ ਰਸੂਲ ਨੇ ਲਿਖਿਆ: “ਜੋ ਕੁਝ ਅੱਗੇ ਲਿਖਿਆ ਗਿਆ ਸੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਭਈ ਅਸੀਂ ਧੀਰਜ ਤੋਂ ਅਤੇ ਧਰਮ ਪੁਸਤਕ ਦੇ ਦਿਲਾਸੇ ਤੋਂ ਆਸਾ ਰੱਖੀਏ।”—ਰੋਮੀਆਂ 15:4.
3 ਆਓ ਆਪਾਂ ਹੁਣ ਤਿੰਨ ਕਹਾਣੀਆਂ ਵੱਲ ਧਿਆਨ ਦੇਈਏ ਜਿਨ੍ਹਾਂ ਵਿਚ ਅਸੀਂ ਸ਼ਾਊਲ ਨਾਲ ਦਾਊਦ ਦੇ ਸਲੂਕ, ਹਨਾਨਿਯਾ ਤੇ ਸਫ਼ੀਰਾ ਦੇ ਰਵੱਈਏ ਅਤੇ ਪੋਟੀਫ਼ਰ ਦੀ ਤੀਵੀਂ ਪ੍ਰਤੀ ਯੂਸੁਫ਼ ਦੇ ਵਤੀਰੇ ਬਾਰੇ ਸਿੱਖਾਂਗੇ। ਅਸੀਂ ਇਨ੍ਹਾਂ ਕਹਾਣੀਆਂ ਤੋਂ ਕਈ ਗੱਲਾਂ ਸਿੱਖ ਸਕਦੇ ਹਾਂ।
ਯਹੋਵਾਹ ਪ੍ਰਤੀ ਵਫ਼ਾਦਾਰੀ
4, 5. (ੳ) ਰਾਜਾ ਸ਼ਾਊਲ ਅਤੇ ਦਾਊਦ ਵਿਚਕਾਰ ਕਿਹੋ ਜਿਹਾ ਰਿਸ਼ਤਾ ਸੀ? (ਅ) ਦਾਊਦ ਆਪਣੇ ਦੁਸ਼ਮਣ ਸ਼ਾਊਲ ਨਾਲ ਕਿਵੇਂ ਪੇਸ਼ ਆਇਆ ਸੀ?
4 ਰਾਜਾ ਸ਼ਾਊਲ ਯਹੋਵਾਹ ਦਾ ਵਫ਼ਾਦਾਰ ਨਹੀਂ ਰਿਹਾ ਜਿਸ ਕਰਕੇ ਉਹ ਯਹੋਵਾਹ ਦੇ ਲੋਕਾਂ ਉੱਤੇ ਰਾਜ ਕਰਨ ਦੇ ਅਯੋਗ ਠਹਿਰਿਆ। ਪਰਮੇਸ਼ੁਰ ਨੇ ਉਸ ਦੀ ਥਾਂ ਦਾਊਦ ਨੂੰ ਇਸਰਾਏਲ ਦਾ ਰਾਜਾ ਚੁਣਿਆ ਤੇ ਸਮੂਏਲ ਨਬੀ ਨੂੰ ਉਸ ਨੂੰ ਮਸਹ ਕਰਨ ਲਈ ਭੇਜਿਆ। ਬਹਾਦਰੀ ਨਾਲ ਦੁਸ਼ਮਣ ਫ਼ੌਜਾਂ ਨਾਲ ਲੜਨ ਤੋਂ ਬਾਅਦ ਲੋਕਾਂ ਨੇ ਜਦ ਦਾਊਦ ਦੀ ਵਾਹ-ਵਾਹ ਕੀਤੀ, ਤਾਂ ਸ਼ਾਊਲ ਦਾਊਦ ਨੂੰ ਆਪਣਾ ਵਿਰੋਧੀ ਸਮਝਣ ਲੱਗ ਪਿਆ। ਉਸ ਨੇ ਵਾਰ-ਵਾਰ ਦਾਊਦ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਦਾਊਦ ਹਰ ਵਾਰੀ ਉਸ ਦੇ ਹੱਥੋਂ ਬਚ ਨਿਕਲਿਆ ਕਿਉਂਕਿ ਯਹੋਵਾਹ ਉਸ ਦੇ ਨਾਲ ਸੀ।—1 ਸਮੂਏਲ 18:6-12, 25; 19:10, 11.
5 ਕਈ ਸਾਲਾਂ ਤਕ ਦਾਊਦ ਨੂੰ ਲੁਕ-ਛਿਪ ਕੇ ਰਹਿਣਾ ਪਿਆ। ਜਦ ਦਾਊਦ ਨੂੰ ਸ਼ਾਊਲ ਦੀ ਜਾਨ ਲੈਣ ਦਾ ਮੌਕਾ ਮਿਲਿਆ, ਤਾਂ ਉਸ ਦੇ ਸਾਥੀਆਂ ਨੇ ਉਸ ਨੂੰ ਇਸ ਮੌਕੇ ਦਾ ਫ਼ਾਇਦਾ ਉਠਾਉਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਯਹੋਵਾਹ ਦਾਊਦ ਨੂੰ ਸ਼ਾਊਲ ਨੂੰ ਮਾਰਨ ਦਾ ਮੌਕਾ ਦੇ ਰਿਹਾ ਸੀ। ਫਿਰ ਵੀ ਦਾਊਦ ਨੇ ਸ਼ਾਊਲ ਦੀ ਜਾਨ ਲੈਣ ਤੋਂ ਇਨਕਾਰ ਕੀਤਾ। ਕਿਉਂ? ਕਿਉਂਕਿ ਉਹ ਯਹੋਵਾਹ ਪ੍ਰਤੀ ਵਫ਼ਾਦਾਰ ਸੀ ਅਤੇ ਉਹ ਜਾਣਦਾ ਸੀ ਕਿ ਸ਼ਾਊਲ ਹਾਲੇ ਪਰਮੇਸ਼ੁਰ ਦੇ ਲੋਕਾਂ ਦਾ ਚੁਣਿਆ ਹੋਇਆ ਰਾਜਾ ਸੀ। ਯਹੋਵਾਹ ਨੇ ਸ਼ਾਊਲ ਨੂੰ ਇਸਰਾਏਲ ਦਾ ਰਾਜਾ ਬਣਾਇਆ ਸੀ ਤੇ ਸਮਾਂ ਆਉਣ ਤੇ ਉਸ ਨੇ ਹੀ ਉਸ ਨੂੰ ਗੱਦੀਓਂ ਲਾਹ ਦੇਣਾ ਸੀ। ਦਾਊਦ ਨੇ ਕਿਹਾ ਕਿ ਇਸ ਵਿਚ ਦਖ਼ਲ ਦੇਣਾ ਉਸ ਦਾ ਕੰਮ ਨਹੀਂ ਸੀ। ਦਾਊਦ ਨੇ ਸ਼ਾਊਲ ਦਾ ਗੁੱਸਾ ਸ਼ਾਂਤ ਕਰਨ ਦੀ ਲੱਖ ਕੋਸ਼ਿਸ਼ ਕੀਤੀ, ਪਰ ਕੋਈ ਫ਼ਾਇਦਾ ਨਹੀਂ ਹੋਇਆ। ਤਦ ਦਾਊਦ ਨੇ ਕਿਹਾ: “ਜੀਉਂਦੇ ਯਹੋਵਾਹ ਦੀ ਸੌਂਹ, ਜਾਂ ਤਾਂ ਉਹ ਨੂੰ ਯਹੋਵਾਹ ਆਪ ਮਾਰੇਗਾ ਯਾ ਉਹ ਦੇ ਮਰਨ ਦਾ ਦਿਨ ਆਵੇਗਾ ਜਾਂ ਉਹ ਲੜਾਈ ਵਿੱਚ ਜਾ ਕੇ ਮਾਰਿਆ ਜਾਵੇਗਾ। ਪਰ ਯਹੋਵਾਹ ਨਾ ਕਰੇ ਜੋ ਮੈਂ ਯਹੋਵਾਹ ਦੇ ਮਸਹ ਹੋਏ ਉੱਤੇ ਹੱਥ ਚਲਾਵਾਂ।”—1 ਸਮੂਏਲ 24:3-15; 26:7-20.
6. ਅਸੀਂ ਦਾਊਦ ਅਤੇ ਸ਼ਾਊਲ ਦੀ ਕਹਾਣੀ ਤੋਂ ਕੀ ਸਿੱਖ ਸਕਦੇ ਹਾਂ?
6 ਇਸ ਕਹਾਣੀ ਤੋਂ ਅਸੀਂ ਇਕ ਜ਼ਰੂਰੀ ਗੱਲ ਸਿੱਖ ਸਕਦੇ ਹਾਂ। ਕੀ ਤੁਸੀਂ ਕਦੇ ਸੋਚਿਆ ਹੈ ਕਿ ਕਲੀਸਿਯਾ ਵਿਚ ਮੁਸ਼ਕਲਾਂ ਕਿਉਂ ਖੜ੍ਹੀਆਂ ਹੁੰਦੀਆਂ ਹਨ? ਹੋ ਸਕਦਾ ਹੈ ਕਿ ਕੋਈ ਭੈਣ ਜਾਂ ਭਰਾ ਅਜਿਹਾ ਕੁਝ ਕਰ ਰਿਹਾ ਹੈ ਜੋ ਠੀਕ ਨਹੀਂ ਹੈ। ਉਹ ਸ਼ਾਇਦ ਕੋਈ ਵੱਡਾ ਪਾਪ ਨਾ ਕਰ ਰਿਹਾ ਹੋਵੇ, ਪਰ ਤੁਹਾਨੂੰ ਉਸ ਦਾ ਉਹ ਕੰਮ ਬੁਰਾ ਲੱਗਦਾ ਹੈ। ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਉਸ ਦਾ ਭਲਾ ਚਾਹੁੰਦੇ ਹੋਏ ਅਤੇ ਯਹੋਵਾਹ ਪ੍ਰਤੀ ਵਫ਼ਾਦਾਰ ਰਹਿੰਦੇ ਹੋਏ ਤੁਸੀਂ ਸ਼ਾਇਦ ਉਸ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰੋ। ਪਰ ਜੇ ਇਸ ਨਾਲ ਸਮੱਸਿਆ ਹੱਲ ਨਾ ਹੋਵੇ, ਤਦ ਕੀ? ਆਪਣੀ ਵੱਲੋਂ ਪੂਰੀ ਕੋਸ਼ਿਸ਼ ਕਰਨ ਤੋਂ ਬਾਅਦ, ਤੁਸੀਂ ਇਹ ਮਾਮਲਾ ਯਹੋਵਾਹ ਦੇ ਹੱਥਾਂ ਵਿਚ ਛੱਡ ਸਕਦੇ ਹੋ। ਦਾਊਦ ਨੇ ਵੀ ਇਸੇ ਤਰ੍ਹਾਂ ਕੀਤਾ ਸੀ।
7. ਜੇ ਦੂਸਰੇ ਸਾਡੇ ਨਾਲ ਬੇਇਨਸਾਫ਼ੀ ਜਾਂ ਪੱਖਪਾਤ ਕਰਦੇ ਹਨ, ਤਾਂ ਦਾਊਦ ਵਾਂਗ ਸਾਨੂੰ ਕੀ ਕਰਨਾ ਚਾਹੀਦਾ ਹੈ?
7 ਹੋ ਸਕਦਾ ਹੈ ਕਿ ਤੁਹਾਡੇ ਨਾਲ ਕੋਈ ਬੇਇਨਸਾਫ਼ੀ ਹੋ ਰਹੀ ਹੋਵੇ ਜਾਂ ਲੋਕ ਤੁਹਾਡੇ ਮਜ਼ਹਬ ਕਰਕੇ ਤੁਹਾਡੇ ਨਾਲ ਨਫ਼ਰਤ ਕਰਦੇ ਹੋਣ। ਇਸ ਵੇਲੇ ਤੁਸੀਂ ਸ਼ਾਇਦ ਇਸ ਹਾਲਤ ਨੂੰ ਬਦਲਣ ਲਈ ਕੁਝ ਨਹੀਂ ਕਰ ਸਕਦੇ। ਅਜਿਹੀ ਹਾਲਤ ਸਹਿਣੀ ਬਹੁਤ ਮੁਸ਼ਕਲ ਹੋ ਸਕਦੀ ਹੈ, ਪਰ ਯਾਦ ਰੱਖੋ ਕਿ ਦਾਊਦ ਨੇ ਬੇਇਨਸਾਫ਼ੀ ਦਾ ਸਾਮ੍ਹਣਾ ਕਿਵੇਂ ਕੀਤਾ ਸੀ। ਦਾਊਦ ਦੇ ਜ਼ਬੂਰਾਂ ਤੋਂ ਉਸ ਦੀ ਯਹੋਵਾਹ ਪ੍ਰਤੀ ਵਫ਼ਾਦਾਰੀ ਅਤੇ ਪਰਮੇਸ਼ੁਰ ਦੇ ਨਾਂ ਨੂੰ ਵਡਿਆਉਣ ਦੀ ਉਸ ਦੀ ਗਹਿਰੀ ਇੱਛਾ ਬਾਰੇ ਪਤਾ ਲੱਗਦਾ ਹੈ। ਕਈ ਜ਼ਬੂਰਾਂ ਵਿਚ ਉਸ ਨੇ ਪਰਮੇਸ਼ੁਰ ਨੂੰ ਦਿਲੋਂ ਪ੍ਰਾਰਥਨਾ ਕੀਤੀ ਕਿ ਉਹ ਉਸ ਨੂੰ ਸ਼ਾਊਲ ਦੇ ਹੱਥ ਨਾ ਆਉਣ ਦੇਵੇ। (ਜ਼ਬੂਰਾਂ ਦੀ ਪੋਥੀ 18:1-6, 25-27, 30-32, 48-50; 57:1-11) ਭਾਵੇਂ ਸ਼ਾਊਲ ਨੇ ਕਈ ਸਾਲਾਂ ਤਕ ਦਾਊਦ ਨਾਲ ਬੇਇਨਸਾਫ਼ੀ ਕੀਤੀ, ਫਿਰ ਵੀ ਦਾਊਦ ਨੇ ਯਹੋਵਾਹ ਦਾ ਪੱਲਾ ਨਹੀਂ ਛੱਡਿਆ। ਚਾਹੇ ਸਾਡੇ ਨਾਲ ਕੋਈ ਬੇਇਨਸਾਫ਼ੀ ਕਰੇ, ਪਰ ਸਾਨੂੰ ਯਹੋਵਾਹ ਅਤੇ ਉਸ ਦੇ ਸੰਗਠਨ ਦੇ ਨਾਲ-ਨਾਲ ਚੱਲਦੇ ਰਹਿਣਾ ਚਾਹੀਦਾ ਹੈ। ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀ ਹਾਲਤ ਨੂੰ ਚੰਗੀ ਤਰ੍ਹਾਂ ਜਾਣਦਾ ਤੇ ਸਮਝਦਾ ਹੈ।—ਜ਼ਬੂਰਾਂ ਦੀ ਪੋਥੀ 86:2.
8. ਮੋਜ਼ਾਮਬੀਕ ਵਿਚ ਯਹੋਵਾਹ ਦੇ ਗਵਾਹਾਂ ਨੇ ਅਜ਼ਮਾਇਸ਼ਾਂ ਦੇ ਸਮੇਂ ਕੀ ਕੀਤਾ ਸੀ?
8 ਮੋਜ਼ਾਮਬੀਕ ਵਿਚ ਯਹੋਵਾਹ ਦੇ ਗਵਾਹਾਂ ਨੇ ਅਜ਼ਮਾਇਸ਼ਾਂ ਦੇ ਬਾਵਜੂਦ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦੀ ਚੰਗੀ ਮਿਸਾਲ ਕਾਇਮ ਕੀਤੀ ਹੈ। ਸਾਲ 1984 ਵਿਚ ਹਥਿਆਰ-ਬੰਦ ਬਾਗ਼ੀਆਂ ਨੇ ਪਿੰਡਾਂ ਵਿਚ ਆ ਕੇ ਲੁੱਟ-ਮਾਰ ਕੀਤੀ, ਲੋਕਾਂ ਦੇ ਘਰ ਸਾੜ ਦਿੱਤੇ ਅਤੇ ਕਈਆਂ ਨੂੰ ਜਾਨੋਂ ਮਾਰ ਦਿੱਤਾ। ਮਸੀਹੀ ਆਪਣੀ ਰਾਖੀ ਕਰਨ ਲਈ ਕੁਝ ਨਾ ਕਰ ਸਕੇ। ਬਾਗ਼ੀਆਂ ਨੇ ਉਸ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨੂੰ ਆਪਣੀ ਫ਼ੌਜ ਵਿਚ ਭਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾਂ ਹੋਰਨਾਂ ਤਰੀਕਿਆਂ ਨਾਲ ਉਨ੍ਹਾਂ ਦਾ ਸਾਥ ਦੇਣ ਲਈ ਮਜਬੂਰ ਕੀਤਾ। ਪਰ ਯਹੋਵਾਹ ਦੇ ਗਵਾਹਾਂ ਦੀ ਜ਼ਮੀਰ ਉਨ੍ਹਾਂ ਨੂੰ ਇੱਦਾਂ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਸੀ ਜਿਸ ਕਰਕੇ ਉਹ ਬਾਗ਼ੀਆਂ ਦੇ ਕ੍ਰੋਧ ਦਾ ਨਿਸ਼ਾਨਾ ਬਣੇ। ਲਗਭਗ 30 ਗਵਾਹ ਇਸ ਉਥਲ-ਪੁਥਲ ਵਿਚ ਮਾਰੇ ਗਏ, ਫਿਰ ਵੀ ਮੌਤ ਪਰਮੇਸ਼ੁਰ ਦੇ ਲੋਕਾਂ ਦੀ ਵਫ਼ਾਦਾਰੀ ਤੋੜ ਨਾ ਸਕੀ। ਦਾਊਦ ਵਾਂਗ ਉਨ੍ਹਾਂ ਨੂੰ ਕਈ ਬੇਇਨਸਾਫ਼ੀਆਂ ਸਹਿਣੀਆਂ ਪਈਆਂ, ਪਰ ਅਖ਼ੀਰ ਵਿਚ ਉਨ੍ਹਾਂ ਦੀ ਜਿੱਤ ਹੋਈ।
ਇਕ ਚੇਤਾਵਨੀ
9, 10. (ੳ) ਸਾਨੂੰ ਬਾਈਬਲ ਵਿਚਲੀਆਂ ਉਦਾਹਰਣਾਂ ਤੋਂ ਕੀ ਫ਼ਾਇਦਾ ਹੋ ਸਕਦਾ ਹੈ? (ਅ) ਹਨਾਨਿਯਾ ਅਤੇ ਸਫ਼ੀਰਾ ਨੇ ਕੀ ਪਾਪ ਕੀਤਾ ਸੀ?
9 ਬਾਈਬਲ ਵਿਚ ਕੁਝ ਲੋਕਾਂ ਦੀਆਂ ਕਹਾਣੀਆਂ ਸਾਨੂੰ ਯਾਦ ਕਰਾਉਂਦੀਆਂ ਹਨ ਕਿ ਸਾਨੂੰ ਕਿਹੋ ਜਿਹੇ ਨਹੀਂ ਹੋਣਾ ਚਾਹੀਦਾ। ਬਾਈਬਲ ਵਿਚ ਅਜਿਹੇ ਲੋਕਾਂ ਬਾਰੇ ਵੀ ਦੱਸਿਆ ਗਿਆ ਹੈ ਜਿਨ੍ਹਾਂ ਨੇ ਆਪਣੇ ਗ਼ਲਤ ਕੰਮਾਂ ਦੇ ਬੁਰੇ ਨਤੀਜੇ ਭੁਗਤੇ। ਇਨ੍ਹਾਂ ਵਿੱਚੋਂ ਕੁਝ ਲੋਕ ਯਹੋਵਾਹ ਦੇ ਸੇਵਕ ਵੀ ਸਨ। (1 ਕੁਰਿੰਥੀਆਂ 10:11) ਅਜਿਹੀ ਇਕ ਕਹਾਣੀ ਹਨਾਨਿਯਾ ਅਤੇ ਸਫ਼ੀਰਾ ਦੀ ਹੈ। ਇਹ ਪਤੀ-ਪਤਨੀ ਪਹਿਲੀ ਸਦੀ ਵਿਚ ਯਰੂਸ਼ਲਮ ਦੀ ਕਲੀਸਿਯਾ ਦੇ ਮੈਂਬਰ ਸਨ।
10 ਸੰਨ 33 ਈਸਵੀ ਵਿਚ ਪੰਤੇਕੁਸਤ ਤਿਉਹਾਰ ਤੋਂ ਬਾਅਦ ਨਵੇਂ ਬਣੇ ਮਸੀਹੀ ਯਰੂਸ਼ਲਮ ਵਿਚ ਰਹਿ ਗਏ ਸਨ, ਤਾਂਕਿ ਉਹ ਰਸੂਲਾਂ ਨਾਲ ਸੰਗਤ ਕਰ ਸਕਣ। ਇਨ੍ਹਾਂ ਨੂੰ ਰੋਟੀ-ਪਾਣੀ ਤੋਂ ਇਲਾਵਾ ਹੋਰ ਕਈ ਚੀਜ਼ਾਂ ਦੀ ਜ਼ਰੂਰਤ ਸੀ। ਯਰੂਸ਼ਲਮ ਦੀ ਕਲੀਸਿਯਾ ਦੇ ਕਈ ਭੈਣਾਂ-ਭਰਾਵਾਂ ਨੇ ਆਪਣੀ ਜਾਇਦਾਦ ਜਾਂ ਹੋਰ ਚੀਜ਼ਾਂ ਵੇਚ ਕੇ ਇਨ੍ਹਾਂ ਦੀ ਮਦਦ ਕੀਤੀ ਸੀ। (ਰਸੂਲਾਂ ਦੇ ਕਰਤੱਬ 2:41-45) ਹਨਾਨਿਯਾ ਅਤੇ ਸਫ਼ੀਰਾ ਨੇ ਆਪਣਾ ਖੇਤ ਵੇਚਿਆ ਤੇ ਕਿਹਾ ਕਿ ਉਹ ਸਾਰੇ ਪੈਸੇ ਰਸੂਲਾਂ ਨੂੰ ਦੇ ਰਹੇ ਸਨ, ਪਰ ਅਸਲ ਵਿਚ ਉਹ ਕੁਝ ਹੀ ਪੈਸੇ ਦੇ ਰਹੇ ਸਨ। ਪੈਸੇ ਤਾਂ ਉਨ੍ਹਾਂ ਦੇ ਸੀ ਅਤੇ ਉਹ ਜਿੰਨੇ ਮਰਜ਼ੀ ਦੇ ਸਕਦੇ ਸਨ, ਪਰ ਉਨ੍ਹਾਂ ਨੇ ਝੂਠ ਬੋਲਿਆ ਤੇ ਬੇਈਮਾਨੀ ਕੀਤੀ। ਉਨ੍ਹਾਂ ਨੇ ਦੂਸਰਿਆਂ ਦੀਆਂ ਨਜ਼ਰਾਂ ਵਿਚ ਚੰਗਾ ਬਣਨ ਲਈ ਇਹ ਦਿਖਾਵਾ ਕੀਤਾ। ਪਤਰਸ ਰਸੂਲ ਨੇ ਪਵਿੱਤਰ ਆਤਮਾ ਦੀ ਮਦਦ ਨਾਲ ਉਨ੍ਹਾਂ ਦੀ ਬੇਈਮਾਨੀ ਤੇ ਪਖੰਡ ਦਾ ਪਰਦਾ ਫ਼ਾਸ਼ ਕੀਤਾ ਤੇ ਉਹ ਯਹੋਵਾਹ ਦੇ ਹੱਥੋਂ ਮਾਰੇ ਗਏ।—ਰਸੂਲਾਂ ਦੇ ਕਰਤੱਬ 5:1-10.
11, 12. (ੳ) ਬਾਈਬਲ ਈਮਾਨਦਾਰ ਹੋਣ ਬਾਰੇ ਕੀ ਕਹਿੰਦੀ ਹੈ? (ਅ) ਈਮਾਨਦਾਰ ਹੋਣ ਦੇ ਕੀ ਫ਼ਾਇਦੇ ਹਨ?
11 ਜੇ ਅਸੀਂ ਕਦੇ ਵੀ ਧੋਖੇ ਨਾਲ ਦੂਸਰਿਆਂ ਦੀਆਂ ਨਜ਼ਰਾਂ ਵਿਚ ਚੰਗਾ ਬਣਨਾ ਚਾਹੁੰਦੇ ਹਾਂ, ਤਾਂ ਸਾਨੂੰ ਹਨਾਨਿਯਾ ਅਤੇ ਸਫ਼ੀਰਾ ਦੀ ਕਹਾਣੀ ਯਾਦ ਕਰਨੀ ਚਾਹੀਦੀ ਹੈ। ਅਸੀਂ ਇਨਸਾਨਾਂ ਨੂੰ ਤਾਂ ਧੋਖਾ ਦੇ ਸਕਦੇ ਹਾਂ, ਪਰ ਯਹੋਵਾਹ ਨੂੰ ਨਹੀਂ। (ਇਬਰਾਨੀਆਂ 4:13) ਬਾਈਬਲ ਸਾਨੂੰ ਵਾਰ-ਵਾਰ ਤਾਕੀਦ ਕਰਦੀ ਹੈ ਕਿ ਅਸੀਂ ਇਕ-ਦੂਜੇ ਨਾਲ ਈਮਾਨਦਾਰੀ ਕਰੀਏ ਕਿਉਂਕਿ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਝੂਠ ਬੋਲਣ ਵਾਲਿਆਂ ਲਈ ਕੋਈ ਜਗ੍ਹਾ ਨਹੀਂ ਹੋਵੇਗੀ। (ਕਹਾਉਤਾਂ 14:2; ਪਰਕਾਸ਼ ਦੀ ਪੋਥੀ 21:8; 22:15) ਇਸ ਦਾ ਕਾਰਨ ਸਾਫ਼ ਹੈ: ਝੂਠ ਦਾ ਪਤੰਦਰ ਸ਼ਤਾਨ ਹੈ।—ਯੂਹੰਨਾ 8:44.
12 ਈਮਾਨਦਾਰ ਹੋਣ ਦੇ ਕਈ ਫ਼ਾਇਦੇ ਹਨ। ਮਿਸਾਲ ਲਈ, ਸਾਡੀ ਜ਼ਮੀਰ ਸ਼ੁੱਧ ਰਹਿੰਦੀ ਹੈ ਅਤੇ ਸਾਨੂੰ ਇਹ ਦੇਖ ਕੇ ਖ਼ੁਸ਼ੀ ਹੁੰਦੀ ਹੈ ਕਿ ਦੂਸਰੇ ਸਾਡੇ ਉੱਤੇ ਭਰੋਸਾ ਕਰਦੇ ਹਨ। ਕਈ ਵਾਰ ਮਸੀਹੀਆਂ ਨੂੰ ਨੌਕਰੀ ਇਸ ਲਈ ਮਿਲੀ ਹੈ ਜਾਂ ਉਹ ਨੌਕਰੀ ਤੇ ਪੱਕੇ ਹੋਏ ਹਨ ਕਿਉਂਕਿ ਉਹ ਈਮਾਨਦਾਰ ਸਨ। ਪਰ ਸਭ ਤੋਂ ਵੱਡਾ ਲਾਭ ਇਹ ਹੈ ਕਿ ਈਮਾਨਦਾਰ ਹੋਣ ਕਰਕੇ ਅਸੀਂ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਦੋਸਤ ਬਣ ਸਕਦੇ ਹਾਂ।—ਜ਼ਬੂਰਾਂ ਦੀ ਪੋਥੀ 15:1, 2.
ਆਪਣਾ ਚਾਲ-ਚਲਣ ਸ਼ੁੱਧ ਰੱਖੋ
13. ਯੂਸੁਫ਼ ਕਿਹੜੀ ਮੁਸ਼ਕਲ ਵਿਚ ਸੀ ਅਤੇ ਉਸ ਨੇ ਕੀ ਕੀਤਾ?
13 ਯਾਕੂਬ ਦੇ ਪੁੱਤਰ ਯੂਸੁਫ਼ ਨੂੰ 17 ਸਾਲਾਂ ਦੀ ਉਮਰ ਤੇ ਗ਼ੁਲਾਮੀ ਵਿਚ ਵੇਚ ਦਿੱਤਾ ਗਿਆ ਸੀ। ਫਿਰ ਉਹ ਪੋਟੀਫ਼ਰ ਦੇ ਘਰ ਸੇਵਕ ਬਣਿਆ ਜੋ ਮਿਸਰ ਦਾ ਦਰਬਾਰੀ ਸੀ। ਉੱਥੇ ਪੋਟੀਫ਼ਰ ਦੀ ਤੀਵੀਂ ਯੂਸੁਫ਼ ਨਾਲ ਅੱਖਾਂ ਲੜਾਉਣ ਲੱਗ ਪਈ। ਯੂਸੁਫ਼ ਬੜਾ ਸੋਹਣਾ-ਸੁਨੱਖਾ ਨੌਜਵਾਨ ਸੀ ਤੇ ਹਰ ਰੋਜ਼ ਪੋਟੀਫ਼ਰ ਦੀ ਤੀਵੀਂ ਸਰੀਰਕ ਸੰਬੰਧ ਜੋੜਨ ਲਈ ਉਸ ਉੱਤੇ ਜ਼ੋਰ ਪਾਉਂਦੀ ਸੀ। ਯੂਸੁਫ਼ ਆਪਣੇ ਦੇਸ਼ ਤੇ ਪਰਿਵਾਰ ਤੋਂ ਬਹੁਤ ਦੂਰ ਸੀ ਤੇ ਉਸ ਨੂੰ ਕੋਈ ਨਹੀਂ ਜਾਣਦਾ ਸੀ। ਸ਼ਾਇਦ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਸੀ ਜੇ ਉਹ ਇਸ ਤੀਵੀਂ ਨਾਲ ਗ਼ਲਤ ਸੰਬੰਧ ਰੱਖਦਾ। ਪਰ ਜਦ ਪੋਟੀਫ਼ਰ ਦੀ ਤੀਵੀਂ ਨੇ ਉਸ ਨਾਲ ਜ਼ੋਰ-ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਯੂਸੁਫ਼ ਉੱਥੋਂ ਭੱਜ ਗਿਆ।—ਉਤਪਤ 37:2, 18-28; 39:1-12.
14, 15. (ੳ) ਸਾਨੂੰ ਯੂਸੁਫ਼ ਦੀ ਕਹਾਣੀ ਵਿਚ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ? (ਅ) ਇਕ ਮਸੀਹੀ ਭੈਣ ਇਸ ਗੱਲ ਲਈ ਸ਼ੁਕਰਗੁਜ਼ਾਰ ਕਿਉਂ ਹੈ ਕਿ ਯਹੋਵਾਹ ਨੇ ਆਪਣੇ ਅਸੂਲ ਉਸ ਨੂੰ ਚੇਤੇ ਕਰਾਏ?
14 ਯੂਸੁਫ਼ ਅਜਿਹੇ ਪਰਿਵਾਰ ਵਿਚ ਪਲਿਆ ਸੀ ਜਿੱਥੇ ਸਾਰੇ ਯਹੋਵਾਹ ਦੀ ਭਗਤੀ ਕਰਦੇ ਸਨ। ਉਸ ਨੂੰ ਪਤਾ ਸੀ ਕਿ ਕਿਸੇ ਹੋਰ ਦੀ ਪਤਨੀ ਨਾਲ ਸਰੀਰਕ ਸੰਬੰਧ ਜੋੜਨਾ ਗ਼ਲਤ ਸੀ। ਉਸ ਨੇ ਕਿਹਾ: “ਮੈਂ ਐੱਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?” ਉਹ ਜਾਣਦਾ ਸੀ ਕਿ ਪਰਮੇਸ਼ੁਰ ਨੇ ਅਦਨ ਦੇ ਬਾਗ਼ ਵਿਚ ਇਕ ਆਦਮੀ ਲਈ ਸਿਰਫ਼ ਇਕ ਤੀਵੀਂ ਬਣਾਈ ਸੀ। (ਉਤਪਤ 2:24) ਅੱਜ ਪਰਮੇਸ਼ੁਰ ਦੇ ਲੋਕ ਯੂਸੁਫ਼ ਦੀ ਮਿਸਾਲ ਨੂੰ ਯਾਦ ਕਰ ਕੇ ਲਾਭ ਹਾਸਲ ਕਰ ਸਕਦੇ ਹਨ। ਅੱਜ-ਕੱਲ੍ਹ ਦੇ ਜ਼ਮਾਨੇ ਵਿਚ ਬਦਚਲਣੀ ਇੰਨੀ ਆਮ ਹੈ ਕਿ ਉਨ੍ਹਾਂ ਨੌਜਵਾਨਾਂ ਦਾ ਮਖੌਲ ਉਡਾਇਆ ਜਾਂਦਾ ਹੈ ਜੋ ਸੈਕਸ ਨਹੀਂ ਕਰਦੇ। ਸ਼ਾਦੀ-ਸ਼ੁਦਾ ਲੋਕਾਂ ਲਈ ਜ਼ਨਾਹ ਕਰਨਾ ਪਾਪ ਨਹੀਂ ਸਮਝਿਆ ਜਾਂਦਾ। ਇਸ ਲਈ ਯੂਸੁਫ਼ ਦੀ ਕਹਾਣੀ ਯਾਦ ਰੱਖਣੀ ਮਸੀਹੀਆਂ ਲਈ ਫ਼ਾਇਦੇਮੰਦ ਹੈ। ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਵਿਭਚਾਰ ਅਤੇ ਜ਼ਨਾਹ ਪਾਪ ਹਨ। (ਇਬਰਾਨੀਆਂ 13:4) ਪਰਾਏ ਮਰਦਾਂ ਜਾਂ ਔਰਤਾਂ ਨਾਲ ਜਿਨਸੀ ਸੰਬੰਧ ਰੱਖਣ ਵਾਲੇ ਕਈ ਲੋਕਾਂ ਨੇ ਬਾਅਦ ਵਿਚ ਕਿਹਾ ਕਿ ਕਾਸ਼ ਉਨ੍ਹਾਂ ਨੇ ਇਸ ਤਰ੍ਹਾਂ ਨਾ ਕੀਤਾ ਹੁੰਦਾ। ਇਸ ਤਰ੍ਹਾਂ ਕਰਨ ਦੇ ਕਈ ਬੁਰੇ ਨਤੀਜੇ ਨਿਕਲਦੇ ਹਨ। ਮਿਸਾਲ ਲਈ, ਵਿਭਚਾਰੀ ਆਪਣੀਆਂ ਹੀ ਨਜ਼ਰਾਂ ਵਿਚ ਗਿਰ ਜਾਂਦਾ ਹੈ, ਉਸ ਦੀ ਜ਼ਮੀਰ ਉਸ ਨੂੰ ਲਾਅਨਤਾਂ ਪਾਉਂਦੀ ਹੈ, ਪਤੀ-ਪਤਨੀ ਵਿਚ ਵਿਸ਼ਵਾਸ ਨਹੀਂ ਰਹਿੰਦਾ, ਅਣਚਾਹਿਆ ਗਰਭ ਠਹਿਰ ਜਾਂਦਾ ਹੈ ਅਤੇ ਜਿਨਸੀ ਬੀਮਾਰੀਆਂ ਵੀ ਲੱਗ ਸਕਦੀਆਂ ਹਨ। ਬਾਈਬਲ ਠੀਕ ਕਹਿੰਦੀ ਹੈ ਕਿ ਜਿਹੜਾ ਹਰਾਮਕਾਰੀ ਕਰਦਾ ਹੈ “ਉਹ ਆਪਣੇ ਹੀ ਸਰੀਰ ਦਾ ਪਾਪ ਕਰਦਾ ਹੈ।”—1 ਕੁਰਿੰਥੀਆਂ 5:9-12; 6:18; ਕਹਾਉਤਾਂ 6:23-29, 32.
15 ਜੈਨੀa ਨਾਂ ਦੀ ਕੁਆਰੀ ਭੈਣ ਬਹੁਤ ਸ਼ੁਕਰਗੁਜ਼ਾਰ ਹੈ ਕਿ ਯਹੋਵਾਹ ਨੇ ਆਪਣੇ ਉੱਚੇ ਅਸੂਲਾਂ ਬਾਰੇ ਉਸ ਨੂੰ ਸਹੀ ਸਮੇਂ ਤੇ ਚੇਤਾ ਕਰਾਇਆ। ਕੰਮ ਤੇ ਇਕ ਸੋਹਣਾ ਗੱਭਰੂ ਉਸ ਤੇ ਡੋਰੇ ਪਾਇਆ ਕਰਦਾ ਸੀ। ਜਦ ਜੈਨੀ ਨੇ ਹੁੰਗਾਰਾ ਨਾ ਭਰਿਆ, ਤਾਂ ਉਸ ਨੇ ਜੈਨੀ ਦਾ ਦਿਲ ਜਿੱਤਣ ਦੀ ਹੋਰ ਜ਼ਿਆਦਾ ਕੋਸ਼ਿਸ਼ ਕੀਤੀ। ਜੈਨੀ ਦੱਸਦੀ ਹੈ: “ਮੇਰੇ ਲਈ ਬਾਈਬਲ ਦੇ ਅਸੂਲਾਂ ਉੱਤੇ ਪੱਕਾ ਰਹਿਣਾ ਮੁਸ਼ਕਲ ਹੁੰਦਾ ਜਾ ਰਿਹਾ ਸੀ ਕਿਉਂਕਿ ਉਸ ਦੀਆਂ ਕਲੋਲਬਾਜ਼ੀਆਂ ਕਰਕੇ ਮੈਂ ਵੀ ਉਸ ਵੱਲ ਖਿੱਚੀ ਜਾ ਰਹੀ ਸੀ।” ਪਰ ਉਹ ਜਾਣਦੀ ਸੀ ਕਿ ਇਸ ਗੱਭਰੂ ਦਾ ਚੱਕਰ ਹੋਰਨਾਂ ਕੁੜੀਆਂ ਨਾਲ ਵੀ ਚੱਲਦਾ ਰਿਹਾ ਸੀ। ਇਸ ਦੇ ਬਾਵਜੂਦ ਜਦੋਂ ਜੈਨੀ ਨੂੰ ਆਪਣਾ ਇਰਾਦਾ ਕਮਜ਼ੋਰ ਹੁੰਦਾ ਨਜ਼ਰ ਆਇਆ, ਤਾਂ ਉਸ ਨੇ ਯਹੋਵਾਹ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਵਫ਼ਾਦਾਰ ਰਹਿਣ ਦੀ ਤਾਕਤ ਦੇਵੇ। ਜਦੋਂ ਜੈਨੀ ਨੇ ਬਾਈਬਲ ਅਤੇ ਬਾਈਬਲ ਤੇ ਆਧਾਰਿਤ ਪ੍ਰਕਾਸ਼ਨਾਂ ਵਿਚ ਰਿਸਰਚ ਕੀਤੀ, ਤਾਂ ਉਸ ਨੇ ਅਜਿਹੀਆਂ ਗੱਲਾਂ ਪੜ੍ਹੀਆਂ ਜਿਨ੍ਹਾਂ ਨੇ ਉਸ ਨੂੰ ਆਪਣਾ ਚਾਲ-ਚਲਣ ਸ਼ੁੱਧ ਰੱਖਣ ਦੀ ਤਾਕਤ ਦਿੱਤੀ। ਮਿਸਾਲ ਲਈ, ਉਸ ਨੇ ਯੂਸੁਫ਼ ਅਤੇ ਪੋਟੀਫ਼ਰ ਦੀ ਤੀਵੀਂ ਦੀ ਕਹਾਣੀ ਪੜ੍ਹੀ। ਉਹ ਕਹਿੰਦੀ ਹੈ: “ਜਿੰਨਾ ਚਿਰ ਮੈਂ ਇਹ ਯਾਦ ਰੱਖਾਂ ਕਿ ਮੈਂ ਯਹੋਵਾਹ ਨਾਲ ਕਿੰਨਾ ਪਿਆਰ ਕਰਦੀ ਹਾਂ, ਮੈਂ ਕਦੇ ਵੀ ਐੱਡੀ ਵੱਡੀ ਬੁਰਿਆਈ ਪਰਮੇਸ਼ੁਰ ਦੇ ਵਿਰੁੱਧ ਨਹੀਂ ਕਰਾਂਗੀ।”
ਪਰਮੇਸ਼ੁਰ ਦੀਆਂ ਹਿਦਾਇਤਾਂ ਨੂੰ ਮੰਨੋ!
16. ਬਾਈਬਲ ਵਿਚ ਦੱਸੇ ਲੋਕਾਂ ਦੀਆਂ ਕਹਾਣੀਆਂ ਦੁਬਾਰਾ ਪੜ੍ਹ ਕੇ ਤੇ ਉਨ੍ਹਾਂ ਉੱਤੇ ਸੋਚ-ਵਿਚਾਰ ਕਰ ਕੇ ਸਾਨੂੰ ਕੀ ਲਾਭ ਹੋ ਸਕਦਾ ਹੈ?
16 ਜੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਯਹੋਵਾਹ ਨੇ ਬਾਈਬਲ ਵਿਚ ਕਈ ਗੱਲਾਂ ਕਿਉਂ ਲਿਖਵਾਈਆਂ ਹਨ, ਤਾਂ ਉਸ ਦੇ ਮਿਆਰਾਂ ਲਈ ਸਾਡੀ ਕਦਰ ਵਧੇਗੀ। ਅਸੀਂ ਪਰਮੇਸ਼ੁਰ ਦੇ ਬਚਨ ਵਿਚ ਸੈਂਕੜਿਆਂ ਲੋਕਾਂ ਦੀ ਹੱਡ-ਬੀਤੀ ਪੜ੍ਹ ਸਕਦੇ ਹਾਂ। ਅਸੀਂ ਉਨ੍ਹਾਂ ਤੋਂ ਕੀ ਸਿੱਖਦੇ ਹਾਂ? ਸਾਨੂੰ ਉਨ੍ਹਾਂ ਵਾਂਗ ਕਿਹੜੇ ਗੁਣ ਪੈਦਾ ਕਰਨੇ ਚਾਹੀਦੇ ਹਨ ਤੇ ਕਿਹੜੇ ਨਹੀਂ? ਪਰਮੇਸ਼ੁਰ ਦੀਆਂ ਸਿੱਖਿਆਵਾਂ ਨਾਲ ਪ੍ਰੀਤ ਰੱਖਣ ਵਾਲੇ ਲੋਕ ਉਸ ਦੀ ਬੁੱਧ ਤੋਂ ਲਾਭ ਹਾਸਲ ਕਰ ਸਕਦੇ ਹਨ, ਉਨ੍ਹਾਂ ਕਹਾਣੀਆਂ ਤੋਂ ਵੀ ਜੋ ਯਹੋਵਾਹ ਨੇ ਸਾਡੇ ਲਈ ਲਿਖਵਾਈਆਂ ਹਨ। ਪਹਿਰਾਬੁਰਜ ਰਸਾਲੇ ਵਿਚ ਇਨ੍ਹਾਂ ਲੋਕਾਂ ਦੀਆਂ ਚੰਗੀਆਂ-ਮਾੜੀਆਂ ਮਿਸਾਲਾਂ ਬਾਰੇ ਕਈ ਲੇਖ ਛਪਦੇ ਹਨ। ਕਿਉਂ ਨਾ ਇਨ੍ਹਾਂ ਲੇਖਾਂ ਨੂੰ ਦੁਬਾਰਾ ਪੜ੍ਹੋ?
17. ਤੁਸੀਂ ਯਹੋਵਾਹ ਦੀਆਂ ਵਾਰ-ਵਾਰ ਦਿੱਤੀਆਂ ਹਿਦਾਇਤਾਂ ਬਾਰੇ ਕੀ ਸੋਚਦੇ ਹੋ ਅਤੇ ਕਿਉਂ?
17 ਅਸੀਂ ਕਿੰਨੇ ਧੰਨਵਾਦੀ ਹਾਂ ਕਿ ਯਹੋਵਾਹ ਉਨ੍ਹਾਂ ਲੋਕਾਂ ਦਾ ਖ਼ਿਆਲ ਰੱਖਦਾ ਹੈ ਜੋ ਉਸ ਦੀ ਮਰਜ਼ੀ ਪੂਰੀ ਕਰਦੇ ਹਨ! ਬਾਈਬਲ ਵਿਚ ਨਾਮੁਕੰਮਲ ਆਦਮੀ-ਔਰਤਾਂ ਵਾਂਗ ਅਸੀਂ ਵੀ ਨਾਮੁਕੰਮਲ ਹਾਂ। ਇਸ ਲਈ ਅਸੀਂ ਇਨ੍ਹਾਂ ਵਿਅਕਤੀਆਂ ਦੀਆਂ ਕਹਾਣੀਆਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਯਹੋਵਾਹ ਦੀਆਂ ਵਾਰ-ਵਾਰ ਦਿੱਤੀਆਂ ਹਿਦਾਇਤਾਂ ਵੱਲ ਧਿਆਨ ਦੇ ਕੇ ਅਸੀਂ ਵੱਡੀਆਂ ਗ਼ਲਤੀਆਂ ਕਰਨ ਤੋਂ ਬਚ ਸਕਦੇ ਹਾਂ ਅਤੇ ਅਸੀਂ ਉਨ੍ਹਾਂ ਲੋਕਾਂ ਦੀ ਨਕਲ ਕਰ ਸਕਦੇ ਹਾਂ ਜਿਹੜੇ ਧਰਮ ਦੇ ਰਾਹਾਂ ਤੇ ਚੱਲੇ ਸਨ। ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਅਸੀਂ ਜ਼ਬੂਰਾਂ ਦੇ ਲਿਖਾਰੀ ਨਾਲ ਸਹਿਮਤ ਹੋ ਸਕਾਂਗੇ ਜਿਸ ਨੇ ਕਿਹਾ: “ਧੰਨ ਓਹ ਹਨ ਜਿਹੜੇ [ਯਹੋਵਾਹ] ਦੀਆਂ ਸਾਖੀਆਂ ਨੂੰ ਮੰਨਦੇ, ਅਤੇ ਮਨੋਂ ਤਨੋਂ ਉਹ ਨੂੰ ਭਾਲਦੇ ਹਨ! ਮੇਰੀ ਜਾਨ ਨੇ ਤੇਰੀਆਂ ਸਾਖੀਆਂ ਦੀ ਪਾਲਨਾ ਕੀਤੀ, ਅਤੇ ਮੈਂ ਉਨ੍ਹਾਂ ਦੇ ਨਾਲ ਵੱਡੀ ਪ੍ਰੀਤ ਲਾਈ!”—ਜ਼ਬੂਰਾਂ ਦੀ ਪੋਥੀ 119:2, 167.
[ਫੁਟਨੋਟ]
a ਨਾਂ ਬਦਲਿਆ ਗਿਆ ਹੈ।
ਤੁਸੀਂ ਕੀ ਜਵਾਬ ਦਿਓਗੇ?
• ਅਸੀਂ ਸ਼ਾਊਲ ਬਾਰੇ ਦਾਊਦ ਦੇ ਰਵੱਈਏ ਤੋਂ ਕੀ ਸਿੱਖ ਸਕਦੇ ਹਾਂ?
• ਹਨਾਨਿਯਾ ਅਤੇ ਸਫ਼ੀਰਾ ਦੀ ਕਹਾਣੀ ਸਾਨੂੰ ਕੀ ਸਿਖਾਉਂਦੀ ਹੈ?
• ਸਾਨੂੰ ਅੱਜ ਯੂਸੁਫ਼ ਦੀ ਕਹਾਣੀ ਵਿਚ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ?
[ਸਫ਼ਾ 26 ਉੱਤੇ ਤਸਵੀਰ]
ਦਾਊਦ ਨੇ ਸ਼ਾਊਲ ਨੂੰ ਕਿਉਂ ਨਹੀਂ ਮਾਰਿਆ ਸੀ?
[ਸਫ਼ਾ 27 ਉੱਤੇ ਤਸਵੀਰ]
ਹਨਾਨਿਯਾ ਅਤੇ ਸਫ਼ੀਰਾ ਦੀ ਕਹਾਣੀ ਤੋਂ ਅਸੀਂ ਕੀ ਸਿੱਖਦੇ ਹਾਂ?
[ਸਫ਼ਾ 28 ਉੱਤੇ ਤਸਵੀਰ]
ਯੂਸੁਫ਼ ਆਪਣੇ ਚਾਲ-ਚਲਣ ਨੂੰ ਸ਼ੁੱਧ ਕਿਵੇਂ ਰੱਖ ਸਕਿਆ ਸੀ?