ਤੁਹਾਨੂੰ ਕਸ਼ਮਕਸ਼ ਵਿਚ ਪੈਣ ਦੀ ਲੋੜ ਨਹੀਂ
“ਬਿਲਕੁਲ!” “ਜ਼ਰੂਰ!” “ਇਹ ਗੱਲ ਪੱਕੀ ਹੈ!” ਤੁਸੀਂ ਸ਼ਾਇਦ ਅਜਿਹੇ ਸ਼ਬਦ ਕਈ ਵਾਰ ਸੁਣੇ ਹੋਣ। ਪਰ ਰੋਜ਼ਾਨਾ ਦੀ ਜ਼ਿੰਦਗੀ ਵਿਚ ਅਸੀਂ ਅਕਸਰ ਪੂਰੇ ਯਕੀਨ ਨਾਲ ਇਹ ਨਹੀਂ ਕਹਿ ਸਕਦੇ ਕਿ ਅੱਗੇ ਕੀ ਹੋਵੇਗਾ ਜਾਂ ਜ਼ਿੰਦਗੀ ਕਦੋਂ ਕਿਹੜਾ ਮੋੜ ਲੈ ਲਵੇਗੀ।
ਲੋਕ ਅਕਸਰ ਆਪਣੇ ਲਈ ਅਤੇ ਆਪਣੇ ਪਰਿਵਾਰ ਲਈ ਖ਼ੁਸ਼ੀਆਂ ਭਰੀ ਜ਼ਿੰਦਗੀ ਅਤੇ ਸੁਰੱਖਿਅਤ ਭਵਿੱਖ ਚਾਹੁੰਦੇ ਹਨ। ਉਹ ਸਖ਼ਤ ਮਿਹਨਤ ਕਰ ਕੇ ਬਹੁਤ ਸਾਰਾ ਮਾਲ-ਧਨ ਜੋੜਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਇਹ ਉਨ੍ਹਾਂ ਨੂੰ ਹਰ ਆਫ਼ਤ ਤੋਂ ਸੁਰੱਖਿਅਤ ਰੱਖੇਗਾ। ਪਰ ਭੁਚਾਲ, ਤੂਫ਼ਾਨ, ਕਿਸੇ ਵੱਡੇ ਹਾਦਸੇ ਜਾਂ ਦੰਗੇ-ਫ਼ਸਾਦ ਵਿਚ ਉਨ੍ਹਾਂ ਦਾ ਮਾਲ-ਧਨ ਅਚਾਨਕ ਤਬਾਹ ਹੋ ਸਕਦਾ ਹੈ। ਗੰਭੀਰ ਬੀਮਾਰੀ ਲੱਗਣ, ਤਲਾਕ ਹੋਣ ਜਾਂ ਨੌਕਰੀ ਛੁੱਟਣ ਨਾਲ ਜ਼ਿੰਦਗੀ ਰਾਤੋ-ਰਾਤ ਬਦਲ ਸਕਦੀ ਹੈ। ਇਹ ਸੱਚ ਹੈ ਕਿ ਤੁਹਾਡੇ ਨਾਲ ਇਸ ਤਰ੍ਹਾਂ ਸ਼ਾਇਦ ਨਾ ਹੋਵੇ। ਪਰ ਅਸੀਂ ਇਹ ਸੋਚ-ਸੋਚ ਕੇ ਪਰੇਸ਼ਾਨ ਹੋ ਸਕਦੇ ਹਾਂ ਕਿ ਸਾਡੇ ਨਾਲ ਨਾ ਜਾਣੇ ਕਦੋਂ ਕਿਹੜੀ ਭੈੜੀ ਘਟਨਾ ਵਾਪਰ ਜਾਵੇ। ਇਸ ਤੋਂ ਇਲਾਵਾ, ਜ਼ਿੰਦਗੀ ਵਿਚ ਕਈ ਹੋਰ ਗੱਲਾਂ ਹਨ ਜੋ ਸਾਨੂੰ ਕਸ਼ਮਕਸ਼ ਵਿਚ ਪਾ ਸਕਦੀਆਂ ਹਨ।
ਕਦੇ-ਕਦੇ ਅਸੀਂ ਇਸ ਕਸ਼ਮਕਸ਼ ਵਿਚ ਪੈ ਜਾਂਦੇ ਹਾਂ ਕਿ ਕੀ ਸਹੀ ਹੈ ਤੇ ਕੀ ਗ਼ਲਤ ਅਤੇ ਇਸ ਕਸ਼ਮਕਸ਼ ਕਰਕੇ ਅਸੀਂ ਫ਼ੈਸਲੇ ਨਹੀਂ ਕਰ ਪਾਉਂਦੇ ਹਾਂ। ਆਪਣੇ ਮਨ ਦੀ ਰਾਖੀ ਕਰੋ (ਅੰਗ੍ਰੇਜ਼ੀ) ਨਾਂ ਦੀ ਪੁਸਤਕ ਅਨੁਸਾਰ, “ਜੇ ਤੁਹਾਨੂੰ ਕਿਸੇ ਜ਼ਰੂਰੀ ਗੱਲ ਬਾਰੇ ਸ਼ੱਕ ਹੁੰਦਾ ਹੈ, ਤਾਂ ਤੁਹਾਡੇ ਮਨ ਉੱਤੇ ਵੱਡਾ ਬੋਝ ਪੈਂਦਾ ਹੈ।” ਲੰਬੇ ਸਮੇਂ ਤਕ ਕਸ਼ਮਕਸ਼ ਵਿਚ ਪਏ ਰਹਿਣ ਕਰਕੇ ਅਸੀਂ ਪਰੇਸ਼ਾਨ, ਨਿਰਾਸ਼ ਅਤੇ ਚਿੜਚਿੜੇ ਹੋ ਸਕਦੇ ਹਾਂ। ਜੀ ਹਾਂ, ਜੇ ਅਸੀਂ ਚਿੰਤਾ ਕਰਦੇ ਰਹੀਏ ਕਿ ਕੀ ਹੋਵੇਗਾ ਜਾਂ ਕੀ ਨਹੀਂ ਹੋਵੇਗਾ, ਤਾਂ ਸਾਡੇ ਮਨ ਅਤੇ ਸਿਹਤ ਉੱਤੇ ਬੁਰਾ ਅਸਰ ਪੈ ਸਕਦਾ ਹੈ।
ਇਸ ਲਈ, ਕਈ ਲੋਕ ਚਿੰਤਾ ਕਰਦੇ ਹੀ ਨਹੀਂ। ਉਨ੍ਹਾਂ ਦਾ ਨਜ਼ਰੀਆ ਬ੍ਰਾਜ਼ੀਲ ਦੇ ਉਸ ਨੌਜਵਾਨ ਵਾਂਗ ਹੈ ਜਿਸ ਨੇ ਕਿਹਾ: “ਅਸੀਂ ਕਿਉਂ ਫ਼ਿਕਰ ਕਰੀਏ ਕਿ ਕੱਲ੍ਹ ਕੀ ਹੋਵੇਗਾ? ਅੱਜ ਦਾ ਦਿਨ ਮੌਜ ਮਨਾਓ ਕਿਉਂਕਿ ਕੱਲ੍ਹ ਕਿਸ ਨੇ ਦੇਖਿਆ ਹੈ।” ਪਰ “ਆਓ ਅਸੀਂ ਖਾਈਏ ਪੀਵੀਏ” ਤੇ ਮੌਜ ਕਰੀਏ ਵਾਲਾ ਨਜ਼ਰੀਆ ਰੱਖਣ ਨਾਲ ਸਾਡੇ ਹੱਥ ਸਿਰਫ਼ ਨਿਰਾਸ਼ਾ, ਦੁੱਖ ਅਤੇ ਅੰਤ ਵਿਚ ਮੌਤ ਹੀ ਲੱਗੇਗੀ। (1 ਕੁਰਿੰਥੀਆਂ 15:32) ਇਸ ਤੋਂ ਬਿਹਤਰ ਹੈ ਕਿ ਅਸੀਂ ਆਪਣੇ ਕਰਤਾਰ ਅਤੇ ਪਰਮੇਸ਼ੁਰ ਯਹੋਵਾਹ ਉੱਤੇ ਭਰੋਸਾ ਰੱਖੀਏ, ਜਿਸ ਬਾਰੇ ਬਾਈਬਲ ਕਹਿੰਦੀ ਹੈ ਕਿ ਉਹ ਦੇ ਵਿਚ “ਨਾ ਬਦਲ ਅਤੇ ਨਾ ਉਹ ਪਰਛਾਵਾਂ ਹੋ ਸੱਕਦਾ ਜਿਹੜਾ ਘੁੰਮਣ ਨਾਲ ਪੈਂਦਾ ਹੈ।” (ਯਾਕੂਬ 1:17) ਜੇ ਅਸੀਂ ਬਾਈਬਲ ਪੜ੍ਹੀਏ, ਤਾਂ ਉਸ ਵਿਚ ਦਿੱਤੀ ਗਈ ਚੰਗੀ ਸਲਾਹ ਕਸ਼ਮਕਸ਼ ਵਿੱਚੋਂ ਨਿਕਲਣ ਵਿਚ ਸਾਡੀ ਮਦਦ ਕਰੇਗੀ। ਬਾਈਬਲ ਵਿਚ ਸਾਨੂੰ ਇਹ ਵੀ ਸਮਝਾਇਆ ਗਿਆ ਹੈ ਕਿ ਅੱਜ ਦੁਨੀਆਂ ਵਿਚ ਇੰਨੀਆਂ ਸਮੱਸਿਆਵਾਂ ਕਿਉਂ ਹਨ।
ਕਸ਼ਮਕਸ਼ ਦਾ ਕਾਰਨ
ਬਾਈਬਲ ਸਾਨੂੰ ਜ਼ਿੰਦਗੀ, ਚਿੰਤਾਵਾਂ ਅਤੇ ਤਬਦੀਲੀਆਂ ਬਾਰੇ ਸਹੀ ਨਜ਼ਰੀਆ ਰੱਖਣ ਵਿਚ ਮਦਦ ਦਿੰਦੀ ਹੈ। ਪਰਿਵਾਰ, ਸਮਾਜ ਵਿਚ ਹੈਸੀਅਤ, ਬੁੱਧੀ ਅਤੇ ਚੰਗੀ ਸਿਹਤ ਵਰਗੀਆਂ ਚੀਜ਼ਾਂ ਸਾਨੂੰ ਕੁਝ ਹੱਦ ਤਕ ਸੁਰੱਖਿਆ ਪ੍ਰਦਾਨ ਕਰ ਸਕਦੀਆਂ ਹਨ, ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਜਿਹੀਆਂ ਚੀਜ਼ਾਂ ਹਮੇਸ਼ਾ ਰਹਿਣਗੀਆਂ ਅਤੇ ਸਾਡੀ ਜ਼ਿੰਦਗੀ ਹਮੇਸ਼ਾ ਵਧੀਆ ਰਹੇਗੀ। ਬੁੱਧੀਮਾਨ ਰਾਜਾ ਸੁਲੇਮਾਨ ਨੇ ਕਿਹਾ: “ਤੇਜ਼ ਦੌੜਨ ਵਾਲਾ ਹਮੇਸ਼ਾ ਪਹਿਲੇ ਦਰਜ਼ੇ ਤੇ ਨਹੀਂ ਆਉਂਦਾ। ਬਹਾਦਰ ਹਮੇਸ਼ਾ ਲੜਾਈ ਵਿਚ ਜਿੱਤਦਾ ਨਹੀਂ, ਬੁੱਧੀਮਾਨ ਹਮੇਸ਼ਾ ਰੋਟੀ ਨਹੀਂ ਕਮਾਉਂਦੇ, ਸਮਝਦਾਰ ਹਮੇਸ਼ਾ ਉੱਚੀ ਪਦਵੀ ਤੇ ਨਹੀਂ ਪਹੁੰਚਦਾ।” ਕਿਉਂ ਨਹੀਂ? ਕਿਉਂਕਿ “ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।” ਇਸ ਲਈ ਸੁਲੇਮਾਨ ਨੇ ਚੇਤਾਵਨੀ ਦਿੱਤੀ: “ਕੋਈ ਨਹੀਂ ਜਾਣਦਾ ਕਿ ਉਸ ਦਾ ਸਮਾਂ ਕਿਸ ਸਮੇਂ ਆ ਜਾਵੇ, ਜਿਸ ਤਰ੍ਹਾਂ ਅਚਾਨਕ ਮੱਛੀ ਜਾਲ ਵਿਚ ਫਸ ਜਾਂਦੀ ਹੈ ਅਤੇ ਪੰਛੀ ਫਾਹੀ ਵਿਚ ਫਸ ਜਾਂਦੇ ਹਨ। ਅਸੀਂ ਵੀ ਬੁਰੇ ਸਮੇਂ ਦੇ ਜਾਲ ਵਿਚ ਫਸ ਜਾਂਦੇ ਹਾਂ, ਜੋ ਸਾਡੇ ਉਤੇ ਅਚਾਨਕ ਆ ਡਿਗਦਾ ਹੈ।”—ਉਪਦੇਸ਼ਕ 9:11, 12, ਪਵਿੱਤਰ ਬਾਈਬਲ ਨਵਾਂ ਅਨੁਵਾਦ।
ਯਿਸੂ ਨੇ ਵੀ ਚਿੰਤਾਵਾਂ ਅਤੇ ਉਲਝਣ ਭਰੇ ਸਮੇਂ ਬਾਰੇ ਗੱਲ ਕੀਤੀ ਸੀ ਜੋ ਸਮਾਂ ਇਕ ਪੀੜ੍ਹੀ ਦੇ ਸਾਰੇ ਲੋਕਾਂ ਉੱਤੇ ਆਉਣਾ ਸੀ। ਉਸ ਨੇ ਸਾਫ਼ ਸ਼ਬਦਾਂ ਵਿਚ ਕਿਹਾ: “ਸੂਰਜ ਅਰ ਚੰਦ ਅਰ ਤਾਰਿਆਂ ਵਿੱਚ ਨਿਸ਼ਾਨੀਆਂ ਹੋਣਗੀਆਂ ਅਤੇ ਧਰਤੀ ਉੱਤੇ ਸਮੁੰਦਰ ਅਰ ਉਹਦੀਆਂ ਲਹਿਰਾਂ ਦੇ ਗਰਜਨੇ ਦੇ ਕਾਰਨ ਕੌਮਾਂ ਨੂੰ ਕਸ਼ਟ ਤੇ ਘਬਰਾਹਟ ਹੋਵੇਗੀ। ਅਰ ਡਰ ਦੇ ਮਾਰੇ ਅਤੇ ਉਨ੍ਹਾਂ ਗੱਲਾਂ ਦੀ ਉਡੀਕ ਤੋਂ ਜੋ ਦੁਨੀਆ ਉੱਤੇ ਆਉਣ ਵਾਲੀਆਂ ਹਨ ਲੋਕਾਂ ਦੇ ਜੀ ਡੁੱਬ ਜਾਣਗੇ ਕਿਉਂ ਜੋ ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ।” ਪਰ ਅੱਜ ਦੇ ਨੇਕਦਿਲ ਲੋਕਾਂ ਲਈ ਯਿਸੂ ਨੇ ਇਕ ਖ਼ੁਸ਼ੀ ਦੀ ਗੱਲ ਵੀ ਕਹੀ ਸੀ: “ਜਾਂ ਤੁਸੀਂ ਵੇਖੋ ਭਈ ਏਹ ਗੱਲਾਂ ਹੁੰਦੀਆਂ ਹਨ ਤਾਂ ਜਾਣੋ ਜੋ ਪਰਮੇਸ਼ੁਰ ਦਾ ਰਾਜ ਨੇੜੇ ਹੈ।” (ਲੂਕਾ 21:25, 26, 31) ਇਸ ਲਈ ਭਵਿੱਖ ਬਾਰੇ ਡਰਨ ਦੀ ਬਜਾਇ ਅਸੀਂ ਪਰਮੇਸ਼ੁਰ ਉੱਤੇ ਨਿਹਚਾ ਰੱਖ ਕੇ ਭਵਿੱਖ ਵਿਚ ਇਕ ਸੁਖੀ ਤੇ ਵਧੀਆ ਜ਼ਿੰਦਗੀ ਦੀ ਆਸ ਰੱਖਦੇ ਹਾਂ।
ਸਾਡੀ ਆਸ ਪੱਕੀ ਹੈ
ਭਾਵੇਂ ਕਿ ਅਸੀਂ ਹਰ ਸੁਣੀ, ਦੇਖੀ ਜਾਂ ਪੜ੍ਹੀ ਗੱਲ ਉੱਤੇ ਯਕੀਨ ਨਹੀਂ ਕਰ ਸਕਦੇ, ਪਰ ਅਸੀਂ ਆਪਣੇ ਕਰਤਾਰ ਉੱਤੇ ਜ਼ਰੂਰ ਭਰੋਸਾ ਰੱਖ ਸਕਦੇ ਹਾਂ। ਉਹ ਸਰਬਸ਼ਕਤੀਮਾਨ ਪਰਮੇਸ਼ੁਰ ਹੀ ਨਹੀਂ, ਸਗੋਂ ਸਾਡਾ ਪਿਆਰਾ ਪਿਤਾ ਵੀ ਹੈ ਜੋ ਧਰਤੀ ਉੱਤੇ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹੈ। ਆਪਣੇ ਬਚਨ ਬਾਰੇ ਪਰਮੇਸ਼ੁਰ ਨੇ ਕਿਹਾ: “ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।”—ਯਸਾਯਾਹ 55:11.
ਯਿਸੂ ਮਸੀਹ ਨੇ ਲੋਕਾਂ ਨੂੰ ਪਰਮੇਸ਼ੁਰ ਬਾਰੇ ਸੱਚਾਈ ਸਿਖਾਈ ਸੀ ਅਤੇ ਕਈਆਂ ਨੇ ਉਸ ਦੀਆਂ ਗੱਲਾਂ ਉੱਤੇ ਪੂਰਾ ਯਕੀਨ ਕੀਤਾ। ਮਿਸਾਲ ਲਈ, ਇਕ ਸਾਮਰੀ ਔਰਤ ਨੇ ਯਿਸੂ ਦੀਆਂ ਗੱਲਾਂ ਸੁਣ ਕੇ ਹੋਰਨਾਂ ਸਾਮਰੀ ਲੋਕਾਂ ਨੂੰ ਦੱਸੀਆਂ। ਬਾਅਦ ਵਿਚ ਇਨ੍ਹਾਂ ਨੇਕਦਿਲ ਲੋਕਾਂ ਨੇ ਉਸ ਔਰਤ ਨੂੰ ਕਿਹਾ: “ਹੁਣ ਜੋ ਅਸੀਂ ਨਿਹਚਾ ਕਰਦੇ ਹਾਂ ਸੋ ਤੇਰੇ ਕਹਿਣੇ ਕਰਕੇ ਨਹੀਂ ਕਿਉਂਕਿ ਅਸਾਂ ਆਪ ਸੁਣਿਆ ਹੈ ਅਤੇ ਜਾਣਦੇ ਹਾਂ ਜੋ ਇਹ ਠੀਕ ਜਗਤ ਦਾ ਤਾਰਨਹਾਰਾ ਹੈ।” (ਯੂਹੰਨਾ 4:42) ਇਸੇ ਤਰ੍ਹਾਂ, ਅੱਜ ਅਸੀਂ ਇਸ ਬਦਲਦੀ ਦੁਨੀਆਂ ਵਿਚ ਰਹਿੰਦੇ ਹੋਏ ਵੀ ਯਕੀਨੀ ਹੋ ਸਕਦੇ ਹਾਂ ਕਿ ਕੀ ਸੱਚ ਹੈ ਤੇ ਕੀ ਝੂਠ।
ਧਾਰਮਿਕ ਗੱਲਾਂ ਦੇ ਸੰਬੰਧ ਵਿਚ ਕਈ ਲੋਕ ਮੰਨਦੇ ਹਨ ਕਿ ਸਾਨੂੰ ਇਹ ਗੱਲਾਂ ਸਮਝਣ ਦੀ ਲੋੜ ਨਹੀਂ, ਸਗੋਂ ਅੱਖਾਂ ਮੀਟ ਕੇ ਉਨ੍ਹਾਂ ਉੱਤੇ ਵਿਸ਼ਵਾਸ ਕਰ ਲੈਣਾ ਚਾਹੀਦਾ ਹੈ। ਪਰ ਬਾਈਬਲ ਦੇ ਇਕ ਲਿਖਾਰੀ ਲੂਕਾ ਨੇ ਦਿਖਾਇਆ ਕਿ ਇਹ ਗੱਲ ਸਹੀ ਨਹੀਂ ਹੈ। ਉਸ ਨੇ ਖੋਜ ਕਰ ਕੇ ਸਹੀ ਜਾਣਕਾਰੀ ਦਿੱਤੀ ਸੀ ਤਾਂਕਿ ਲੋਕ ‘ਉਨ੍ਹਾਂ ਗੱਲਾਂ ਦੀ ਹਕੀਕਤ ਨੂੰ ਜਾਣ ਲੈਣ’ ਜਿਹੜੀਆਂ ਉਸ ਨੇ ਲਿਖੀਆਂ ਸਨ। (ਲੂਕਾ 1:4) ਸਾਡੇ ਸਾਕ-ਸੰਬੰਧੀ ਜਾਂ ਦੋਸਤ-ਮਿੱਤਰ ਸ਼ਾਇਦ ਸਾਡੇ ਮਜ਼ਹਬ ਨੂੰ ਨਾ ਮੰਨਣ, ਇਸ ਲਈ ਉਨ੍ਹਾਂ ਨੂੰ ਡਰ ਹੋ ਸਕਦਾ ਹੈ ਕਿ ਅਸੀਂ ਗ਼ਲਤ ਰਸਤੇ ਤੇ ਚੱਲ ਰਹੇ ਹਾਂ। ਤਾਂ ਫਿਰ ਕਿੰਨਾ ਜ਼ਰੂਰੀ ਹੈ ਕਿ ਅਸੀਂ ਆਪਣੇ ਵਿਸ਼ਵਾਸਾਂ ਬਾਰੇ ਉਨ੍ਹਾਂ ਨੂੰ ਸਮਝਾ ਸਕੀਏ। (1 ਪਤਰਸ 3:15) ਅਸੀਂ ਸਿਰਫ਼ ਉਦੋਂ ਪਰਮੇਸ਼ੁਰ ਉੱਤੇ ਨਿਹਚਾ ਕਰਨ ਵਿਚ ਦੂਸਰਿਆਂ ਦੀ ਮਦਦ ਕਰ ਸਕਦੇ ਹਾਂ, ਜਦੋਂ ਸਾਨੂੰ ਆਪ ਪਤਾ ਹੋਵੇ ਕਿ ਅਸੀਂ ਆਪਣੇ ਮਜ਼ਹਬ ਨੂੰ ਕਿਉਂ ਮੰਨਦੇ ਹਾਂ। ਬਾਈਬਲ ਯਹੋਵਾਹ ਬਾਰੇ ਕਹਿੰਦੀ ਹੈ: “ਉਹ ਚਟਾਨ ਹੈ, ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸਚਿਆਰ ਹੈ।”—ਬਿਵਸਥਾ ਸਾਰ 32:4.
ਧਿਆਨ ਦਿਓ ਕਿ ਪਰਮੇਸ਼ੁਰ “ਧਰਮੀ ਅਤੇ ਸਚਿਆਰ ਹੈ।” ਇਸ ਗੱਲ ਦਾ ਸਾਡੇ ਕੋਲ ਕੀ ਸਬੂਤ ਹੈ? ਪਤਰਸ ਰਸੂਲ ਇਸ ਗੱਲ ਉੱਤੇ ਪੂਰਾ ਯਕੀਨ ਕਰਦਾ ਸੀ। ਉਸ ਨੇ ਇਕ ਰੋਮੀ ਸੂਬੇਦਾਰ ਅਤੇ ਉਸ ਦੇ ਘਰਾਣੇ ਨੂੰ ਦੱਸਿਆ: “ਮੈਂ ਸੱਚ ਮੁੱਚ ਜਾਣ ਲਿਆ ਜੋ ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।” (ਰਸੂਲਾਂ ਦੇ ਕਰਤੱਬ 10:34, 35) ਪਤਰਸ ਇਹ ਸ਼ਬਦ ਇਸ ਲਈ ਕਹਿ ਸਕਿਆ ਕਿਉਂਕਿ ਉਸ ਨੇ ਦੇਖਿਆ ਸੀ ਕਿ ਪਰਮੇਸ਼ੁਰ ਨੇ ਅਸ਼ੁੱਧ ਸਮਝੇ ਜਾਂਦੇ ਗ਼ੈਰ-ਯਹੂਦੀਆਂ ਦੇ ਇਸ ਪਰਿਵਾਰ ਨੂੰ ਸਵੀਕਾਰ ਕਰ ਲਿਆ ਸੀ। ਪਤਰਸ ਦੀ ਤਰ੍ਹਾਂ ਅਸੀਂ ਵੀ ਪੂਰਾ ਯਕੀਨ ਕਰ ਸਕਦੇ ਹਾਂ ਕਿ ਪਰਮੇਸ਼ੁਰ ਪੱਖਪਾਤ ਨਹੀਂ ਕਰਦਾ ਅਤੇ ਉਹ ਧਰਮੀ ਹੈ ਕਿਉਂਕਿ ਅਸੀਂ ਆਪਣੀ ਅੱਖੀਂ ਦੇਖਦੇ ਹਾਂ ਕਿ 230 ਤੋਂ ਜ਼ਿਆਦਾ ਦੇਸ਼ਾਂ ਵਿੱਚੋਂ ਲੋਕਾਂ ਦੀ “ਇੱਕ ਵੱਡੀ ਭੀੜ” ਇਕੱਠੀ ਕੀਤੀ ਜਾ ਰਹੀ ਹੈ ਜਿਸ ਦੀ ਗਿਣਤੀ ਹੁਣ 60 ਕੁ ਲੱਖ ਹੈ। ਇਹ ਲੋਕ ਆਪਣੇ ਗ਼ਲਤ ਰਾਹ ਛੱਡ ਕੇ ਹੁਣ ਪਰਮੇਸ਼ੁਰ ਦੇ ਧਰਮੀ ਰਾਹਾਂ ਉੱਤੇ ਚੱਲ ਰਹੇ ਹਨ।—ਪਰਕਾਸ਼ ਦੀ ਪੋਥੀ 7:9; ਯਸਾਯਾਹ 2:2-4.
ਸੱਚੇ ਮਸੀਹੀ ਹੋਣ ਦੇ ਨਾਤੇ ਅਸੀਂ ਕੱਟੜ ਨਹੀਂ, ਪਰ ਨਿਮਰ ਸੁਭਾਅ ਵਾਲੇ ਬਣਨਾ ਚਾਹੁੰਦੇ ਹਾਂ। ਅਸੀਂ ਆਪਣੇ ਧਾਰਮਿਕ ਵਿਸ਼ਵਾਸ ਦੂਸਰਿਆਂ ਉੱਤੇ ਠੋਸਣਾ ਨਹੀਂ ਚਾਹੁੰਦੇ। ਪਰ ਇਸ ਦਾ ਇਹ ਮਤਲਬ ਨਹੀਂ ਕਿ ਸਾਨੂੰ ਆਪਣੇ ਵਿਸ਼ਵਾਸਾਂ ਉੱਤੇ ਪੱਕਾ ਯਕੀਨ ਨਹੀਂ ਅਤੇ ਭਵਿੱਖ ਬਾਰੇ ਸਾਡੀ ਆਸ ਪੱਕੀ ਨਹੀਂ। ਪਹਿਲੀ ਸਦੀ ਦੇ ਮਸੀਹੀਆਂ ਨੂੰ ਪੌਲੁਸ ਰਸੂਲ ਨੇ ਲਿਖਿਆ: “ਅਸੀਂ ਚਾਹੁੰਦੇ ਹਾਂ ਜੋ ਤੁਹਾਡੇ ਵਿੱਚੋ ਹਰੇਕ ਆਸ ਦੀ ਭਰਪੂਰੀ ਲਈ ਅੰਤ ਤੋੜੀ ਉਹੋ ਜਿਹਾ ਜਤਨ ਕਰੇ।” (ਇਬਰਾਨੀਆਂ 6:11) ਬਾਈਬਲ ਦੀ ਖ਼ੁਸ਼ ਖ਼ਬਰੀ ਤੋਂ ਸਾਨੂੰ ਵੀ ਪੱਕੀ ਆਸ ਮਿਲੀ ਹੈ। ਇਹ ਆਸ ਸਾਨੂੰ ਪਰਮੇਸ਼ੁਰ ਦੇ ਬਚਨ ਤੋਂ ਮਿਲਦੀ ਹੈ, ਇਸ ਲਈ ਇਹ ਪੱਕੀ ਹੈ ਅਤੇ ਸਾਨੂੰ “ਸ਼ਰਮਿੰਦਿਆਂ ਨਹੀਂ ਕਰਦੀ” ਯਾਨੀ ਸਾਨੂੰ ਨਿਰਾਸ਼ ਨਹੀਂ ਹੋਣਾ ਪਵੇਗਾ।—ਰੋਮੀਆਂ 5:5.
ਇਸ ਤੋਂ ਇਲਾਵਾ ਸਾਨੂੰ ਪੂਰਾ ਯਕੀਨ ਹੈ ਕਿ ਦੂਸਰਿਆਂ ਨੂੰ ਬਾਈਬਲ ਵਿੱਚੋਂ ਖ਼ੁਸ਼ ਖ਼ਬਰੀ ਦੀ ਸਿੱਖਿਆ ਦੇਣ ਨਾਲ ਉਹ ਪਰਮੇਸ਼ੁਰ ਬਾਰੇ ਸੱਚਾਈ ਜਾਣ ਕੇ ਉਸ ਨਾਲ ਇਕ ਪੱਕਾ ਰਿਸ਼ਤਾ ਜੋੜ ਸਕਣਗੇ। ਇਸ ਤਰ੍ਹਾਂ ਉਨ੍ਹਾਂ ਨੂੰ ਭਾਵਾਤਮਕ ਤੇ ਸਰੀਰਕ ਤੌਰ ਤੇ ਲਾਭ ਮਿਲਣਗੇ। ਅਸੀਂ ਪੌਲੁਸ ਦੇ ਸ਼ਬਦਾਂ ਨਾਲ ਸਹਿਮਤ ਹੋ ਸਕਦੇ ਹਾਂ: “ਸਾਡੀ ਖੁਸ਼ ਖਬਰੀ ਨਿਰੀਆਂ ਗੱਲਾਂ ਹੀ ਗੱਲਾਂ ਨਹੀਂ ਸੀ ਸਗੋਂ ਸਮਰੱਥਾ ਨਾਲ ਅਤੇ ਪਵਿੱਤਰ ਆਤਮਾ ਅਤੇ ਪੂਰੇ ਯਕੀਨ ਨਾਲ ਭੀ ਤੁਹਾਡੇ ਕੋਲ ਪਹੁੰਚੀ।”—1 ਥੱਸਲੁਨੀਕੀਆਂ 1:5.
ਰੂਹਾਨੀ ਤੌਰ ਤੇ ਸੁਰੱਖਿਅਤ
ਇਹ ਸੱਚ ਹੈ ਕਿ ਅੱਜ ਦੇ ਜ਼ਮਾਨੇ ਵਿਚ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਪਰ ਅਸੀਂ ਸੁਖੀ ਤੇ ਸੁਰੱਖਿਅਤ ਜ਼ਿੰਦਗੀ ਜੀਉਣ ਲਈ ਕੁਝ ਕਦਮ ਜ਼ਰੂਰ ਚੁੱਕ ਸਕਦੇ ਹਾਂ। ਮਿਸਾਲ ਲਈ, ਮਸੀਹੀ ਕਲੀਸਿਯਾ ਦੀਆਂ ਸਭਾਵਾਂ ਵਿਚ ਬਾਕਾਇਦਾ ਜਾ ਕੇ ਅਸੀਂ ਸਹੀ ਅਤੇ ਚੰਗੇ ਸਿਧਾਂਤ ਸਿੱਖਦੇ ਹਾਂ। ਪੌਲੁਸ ਨੇ ਲਿਖਿਆ: “ਜਿਹੜੇ ਇਸ ਜੁੱਗ ਵਿੱਚ ਧਨਵਾਨ ਹਨ ਓਹਨਾਂ ਨੂੰ ਉਪਦੇਸ਼ ਕਰ ਭਈ ਗਰਬ ਨਾ ਕਰਨ ਅਤੇ ਬੇਠਿਕਾਣੇ ਧਨ ਉੱਤੇ ਨਹੀਂ ਸਗੋਂ ਪਰਮੇਸ਼ੁਰ ਉੱਤੇ ਆਸਰਾ ਰੱਖਣ ਜਿਹੜਾ ਸਾਨੂੰ ਭੋਗਣ ਲਈ ਸੱਭੋ ਕੁਝ ਤਰਾਤਰੀ ਦਿੰਦਾ ਹੈ।” (1 ਤਿਮੋਥਿਉਸ 6:17) ਕਈਆਂ ਨੇ ਧਨ-ਦੌਲਤ ਜਾਂ ਮੌਜ-ਮਸਤੀ ਵਾਲੀ ਜ਼ਿੰਦਗੀ ਦੀ ਬਜਾਇ ਯਹੋਵਾਹ ਉੱਤੇ ਭਰੋਸਾ ਰੱਖਣਾ ਸਿੱਖਿਆ ਹੈ ਅਤੇ ਉਹ ਆਪਣੀਆਂ ਚਿੰਤਾਵਾਂ ਅਤੇ ਨਿਰਾਸ਼ਾ ਤੋਂ ਮੁਕਤ ਹੋਏ ਹਨ।—ਮੱਤੀ 6:19-21.
ਕਲੀਸਿਯਾ ਇਕ ਪਰਿਵਾਰ ਵਰਗੀ ਹੈ ਜਿੱਥੇ ਸਾਨੂੰ ਭੈਣਾਂ-ਭਰਾਵਾਂ ਤੋਂ ਕਈ ਤਰ੍ਹਾਂ ਦੀ ਮਦਦ ਅਤੇ ਸਹਾਰਾ ਮਿਲਦਾ ਹੈ। ਇਕ ਵਾਰ ਆਪਣੀ ਸੇਵਕਾਈ ਵਿਚ ਪੌਲੁਸ ਰਸੂਲ ਅਤੇ ਉਸ ਦੇ ਸਾਥੀ “ਆਪਣੇ ਵਿਤੋਂ ਬਾਹਰ ਅਤਯੰਤ ਦੱਬੇ ਗਏ ਐਥੋਂ ਤੋੜੀ ਭਈ [ਉਹ] ਜੀਉਣ ਤੋਂ ਵੀ ਹੱਥਲ ਹੋ ਬੈਠੇ।” ਪੌਲੁਸ ਨੂੰ ਰਾਹਤ ਅਤੇ ਸਹਾਰਾ ਕਿੱਥੋਂ ਮਿਲਿਆ ਸੀ? ਇਹ ਸੱਚ ਹੈ ਕਿ ਉਸ ਨੂੰ ਪਰਮੇਸ਼ੁਰ ਉੱਤੇ ਪੱਕਾ ਭਰੋਸਾ ਸੀ। ਪਰ ਇਸ ਤੋਂ ਇਲਾਵਾ ਭੈਣਾਂ-ਭਰਾਵਾਂ ਨੇ ਵੀ ਉਸ ਦੀ ਮਦਦ ਕੀਤੀ ਤੇ ਉਸ ਨੂੰ ਹੌਸਲਾ ਅਤੇ ਦਿਲਾਸਾ ਦਿੱਤਾ। (2 ਕੁਰਿੰਥੀਆਂ 1:8, 9; 7:5-7) ਅੱਜ ਜਦੋਂ ਕਿਸੇ ਥਾਂ ਤੇ ਕੁਦਰਤੀ ਆਫ਼ਤ ਜਾਂ ਹੋਰ ਬਿਪਤਾ ਆਉਂਦੀ ਹੈ, ਤਾਂ ਸਾਡੇ ਮਸੀਹੀ ਭਰਾ ਜਲਦੀ ਉੱਥੇ ਪਹੁੰਚ ਕੇ ਆਪਣੇ ਭਰਾਵਾਂ ਦੀ ਅਤੇ ਹੋਰਨਾਂ ਲੋਕਾਂ ਦੀ ਮਦਦ ਕਰਦੇ ਹਨ।
ਜਦੋਂ ਅਸੀਂ ਕਿਸੇ ਕਸ਼ਮਕਸ਼ ਵਿਚ ਜਾਂ ਦਬਾਅ ਹੇਠ ਹੁੰਦੇ ਹਾਂ, ਤਾਂ ਪ੍ਰਾਰਥਨਾ ਕਰਨ ਨਾਲ ਵੀ ਸਾਨੂੰ ਮਦਦ ਮਿਲਦੀ ਹੈ। ਅਸੀਂ ਹਮੇਸ਼ਾ ਆਪਣੇ ਪਿਆਰੇ ਪਿਤਾ ਤੋਂ ਸਹਾਰਾ ਮੰਗ ਸਕਦੇ ਹਾਂ। “ਯਹੋਵਾਹ ਸਤਾਏ ਹੋਏ ਦੇ ਲਈ ਇੱਕ ਉੱਚਾ ਗੜ੍ਹ ਹੋਵੇਗਾ, ਹਾਂ, ਬਿਪਤਾ ਦੇ ਸਮੇ ਦੇ ਲਈ ਇੱਕ ਉੱਚਾ ਗੜ੍ਹ।” (ਜ਼ਬੂਰਾਂ ਦੀ ਪੋਥੀ 9:9) ਮਾਪੇ ਸ਼ਾਇਦ ਆਪਣੇ ਬੱਚਿਆਂ ਦੀ ਹਮੇਸ਼ਾ ਰੱਖਿਆ ਨਾ ਕਰ ਸਕਣ। ਪਰ ਪਰਮੇਸ਼ੁਰ ਡਰ ਅਤੇ ਚਿੰਤਾ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ। ਪ੍ਰਾਰਥਨਾ ਰਾਹੀਂ ਜਦੋਂ ਅਸੀਂ ਯਹੋਵਾਹ ਨੂੰ ਆਪਣੀਆਂ ਚਿੰਤਾਵਾਂ ਦੱਸਦੇ ਹਾਂ, ਤਾਂ ਅਸੀਂ ਪੱਕਾ ਯਕੀਨ ਰੱਖ ਸਕਦੇ ਹਾਂ ਕਿ “ਜੋ ਕੁਝ ਅਸੀਂ ਮੰਗਦੇ ਯਾ ਸੋਚਦੇ ਹਾਂ [ਉਹ] ਉਸ ਨਾਲੋਂ ਅੱਤ ਵਧੀਕ ਕਰ ਸੱਕਦਾ ਹੈ।”—ਅਫ਼ਸੀਆਂ 3:20.
ਕੀ ਤੁਸੀਂ ਬਾਕਾਇਦਾ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹੋ? ਕੀ ਤੁਹਾਨੂੰ ਯਕੀਨ ਹੈ ਕਿ ਉਹ ਤੁਹਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ? ਸਾਓ ਪੌਲੋ ਸ਼ਹਿਰ ਦੀ ਇਕ ਕੁੜੀ ਨੇ ਕਿਹਾ: “ਮੇਰੀ ਮੰਮੀ ਨੇ ਮੈਨੂੰ ਕਿਹਾ ਕਿ ਮੈਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਪਰ ਮੈਂ ਆਪਣੇ ਆਪ ਤੋਂ ਪੁੱਛਿਆ: ‘ਮੈਂ ਉਸ ਨਾਲ ਕਿਉਂ ਗੱਲ ਕਰਾਂ ਜਿਸ ਨੂੰ ਮੈਂ ਜਾਣਦੀ ਹੀ ਨਹੀਂ?’ ਫਿਰ ਕਹਾਉਤਾਂ 18:10 ਨੇ ਇਹ ਸਮਝਣ ਵਿਚ ਮੇਰੀ ਮਦਦ ਕੀਤੀ ਕਿ ਸਾਨੂੰ ਪਰਮੇਸ਼ੁਰ ਦੀ ਸਹਾਇਤਾ ਦੀ ਲੋੜ ਹੈ ਅਤੇ ਸਾਨੂੰ ਉਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ।” ਇਸ ਆਇਤ ਵਿਚ ਲਿਖਿਆ ਹੈ: “ਯਹੋਵਾਹ ਦਾ ਨਾਮ ਇੱਕ ਪੱਕਾ ਬੁਰਜ ਹੈ, ਧਰਮੀ ਭੱਜ ਕੇ ਉਹ ਦੇ ਵਿੱਚ ਜਾਂਦਾ ਤੇ ਬਚਿਆ ਰਹਿੰਦਾ ਹੈ।” ਜੇ ਅਸੀਂ ਯਹੋਵਾਹ ਨਾਲ ਗੱਲ ਕਰਨ ਦੀ ਆਦਤ ਨਾ ਪਾਈਏ, ਤਾਂ ਅਸੀਂ ਉਸ ਉੱਤੇ ਭਰੋਸਾ ਕਿੱਦਾਂ ਕਰ ਸਕਾਂਗੇ? ਰੂਹਾਨੀ ਤੌਰ ਤੇ ਸੁਰੱਖਿਅਤ ਰਹਿਣ ਲਈ ਸਾਨੂੰ ਹਰ ਰੋਜ਼ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ। ਯਿਸੂ ਨੇ ਕਿਹਾ: “ਬੇਨਤੀ ਕਰਦਿਆਂ ਹਰ ਵੇਲੇ ਜਾਗਦੇ ਰਹੋ ਭਈ ਤੁਸੀਂ ਉਨ੍ਹਾਂ ਸਭਨਾਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸੱਕੋ ਅਤੇ ਮਨੁੱਖ ਦੇ ਪੁੱਤ੍ਰ ਦੇ ਸਾਹਮਣੇ ਖੜੇ ਹੋ ਸੱਕੋ।”—ਲੂਕਾ 21:36.
ਅਸੀਂ ਪਰਮੇਸ਼ੁਰ ਦੇ ਰਾਜ ਉੱਤੇ ਵੀ ਪੱਕੀ ਉਮੀਦ ਲਾ ਸਕਦੇ ਹਾਂ। ਧਿਆਨ ਦਿਓ ਕਿ ਦਾਨੀਏਲ 2:44 ਵਿਚ ਕੀ ਲਿਖਿਆ ਹੈ: “ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।” ਅਸੀਂ ਇਸ ਰਾਜ ਉੱਤੇ ਪੂਰਾ ਵਿਸ਼ਵਾਸ ਕਰ ਸਕਦੇ ਹਾਂ। ਕਈ ਵਾਰ ਇਨਸਾਨ ਵਾਅਦੇ ਕਰ ਕੇ ਮੁੱਕਰ ਜਾਂਦੇ ਹਨ, ਪਰ ਅਸੀਂ ਯਹੋਵਾਹ ਦੇ ਬਚਨ ਉੱਤੇ ਹਮੇਸ਼ਾ ਭਰੋਸਾ ਰੱਖ ਸਕਦੇ ਹਾਂ। ਯਹੋਵਾਹ ਇਕ ਚਟਾਨ ਵਾਂਗ ਹੈ ਜਿਸ ਉੱਤੇ ਅਸੀਂ ਇਤਬਾਰ ਕਰ ਸਕਦੇ ਹਾਂ। ਅਸੀਂ ਦਾਊਦ ਵਾਂਗ ਮਹਿਸੂਸ ਕਰਦੇ ਹਾਂ ਜਿਸ ਨੇ ਕਿਹਾ: “ਯਹੋਵਾਹ ਮੇਰੀ ਚਟਾਨ, ਮੇਰਾ ਗੜ੍ਹ ਅਤੇ ਮੇਰਾ ਛੁਡਾਉਣ ਵਾਲਾ ਹੈ, ਮੇਰਾ ਪਰਮੇਸ਼ੁਰ, ਮੇਰਾ ਟਿੱਲਾ, ਜਿਹ ਦੀ ਸ਼ਰਨੀ ਮੈਂ ਆਇਆ ਹਾਂ, ਮੇਰੀ ਢਾਲ, ਮੇਰੇ ਬਚਾਓ ਦਾ ਸਿੰਙ ਅਤੇ ਮੇਰਾ ਉੱਚਾ ਗੜ੍ਹ।”—ਜ਼ਬੂਰਾਂ ਦੀ ਪੋਥੀ 18:2.
ਪਹਿਲਾਂ ਜ਼ਿਕਰ ਕੀਤੀ ਗਈ ਪੁਸਤਕ ਆਪਣੇ ਮਨ ਦੀ ਰਾਖੀ ਕਰੋ ਨੇ ਇਹ ਗੱਲ ਵੀ ਕਹੀ: “ਇਕ ਬੰਦਾ ਆਫ਼ਤਾਂ ਦੀ ਜਿੰਨੀ ਜ਼ਿਆਦਾ ਆਸ ਲਾਈ ਰੱਖਦਾ ਹੈ, ਉੱਨਾ ਹੀ ਜ਼ਿਆਦਾ ਉਸ ਨੂੰ ਲੱਗਦਾ ਹੈ ਕਿ ਇਹ ਜ਼ਰੂਰ ਆਉਣਗੀਆਂ ਅਤੇ ਇਨ੍ਹਾਂ ਤੋਂ ਬਚਣ ਦਾ ਕੋਈ ਉਪਾਅ ਨਹੀਂ।” ਤਾਂ ਫਿਰ, ਸਾਨੂੰ ਬਿਨਾਂ ਵਜ੍ਹਾ ਆਪਣੇ ਮਨ ਉੱਤੇ ਦੁਨੀਆਂ ਭਰ ਦੀਆਂ ਚਿੰਤਾਵਾਂ ਦਾ ਬੋਝ ਨਹੀਂ ਪਾਉਣਾ ਚਾਹੀਦਾ। ਚਿੰਤਾ ਕਰਨ ਦੀ ਬਜਾਇ, ਸਾਨੂੰ ਪਰਮੇਸ਼ੁਰ ਅਤੇ ਉਸ ਦੇ ਬਚਨ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ। ਜੇ ਅਸੀਂ ਯਹੋਵਾਹ ਦੇ ਪੱਕੇ ਵਾਅਦਿਆਂ ਉੱਤੇ ਭਰੋਸਾ ਰੱਖਾਂਗੇ, ਤਾਂ ਅਸੀਂ ਇਸ ਗੱਲ ਦਾ ਯਕੀਨ ਕਰ ਸਕਦੇ ਹਾਂ ਕਿ “ਜੋ ਕੋਈ ਓਸ ਉੱਤੇ ਨਿਹਚਾ ਕਰੇ ਉਹ ਲੱਜਿਆਵਾਨ ਨਾ ਹੋਵੇਗਾ।”—ਰੋਮੀਆਂ 10:11.
[ਸਫ਼ੇ 29 ਉੱਤੇ ਸੁਰਖੀ]
ਪਰਮੇਸ਼ੁਰ ਦੇ ਬਚਨ ਵਿਚ ਮਨੁੱਖਜਾਤੀ ਲਈ ਸੋਹਣੇ ਭਵਿੱਖ ਦਾ ਵਾਅਦਾ ਕੀਤਾ ਗਿਆ ਹੈ
[ਸਫ਼ੇ 30 ਉੱਤੇ ਸੁਰਖੀ]
“ਜੋ ਕੋਈ ਓਸ ਉੱਤੇ ਨਿਹਚਾ ਕਰੇ ਉਹ ਲੱਜਿਆਵਾਨ ਨਾ ਹੋਵੇਗਾ”
[ਸਫ਼ੇ 31 ਉੱਤੇ ਤਸਵੀਰ]
ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਲੋਕਾਂ ਨੂੰ ਪੱਕੀ ਆਸ ਦਿੰਦੀ ਹੈ