ਯਹੋਵਾਹ ਦਾ ਬਚਨ ਜੀਉਂਦਾ ਹੈ
ਰੋਮੀਆਂ ਨੂੰ ਲਿਖੀ ਚਿੱਠੀ ਦੇ ਕੁਝ ਖ਼ਾਸ ਨੁਕਤੇ
ਲਗਭਗ 56 ਈਸਵੀ ਵਿਚ, ਆਪਣੇ ਤੀਜੇ ਮਿਸ਼ਨਰੀ ਦੌਰੇ ਦੌਰਾਨ, ਪੌਲੁਸ ਰਸੂਲ ਕੁਰਿੰਥੁਸ ਸ਼ਹਿਰ ਗਿਆ। ਉਸ ਨੂੰ ਪਤਾ ਲੱਗਾ ਸੀ ਕਿ ਰੋਮ ਵਿਚ ਰਹਿੰਦੇ ਭੈਣਾਂ-ਭਰਾਵਾਂ ਦੇ ਵਿਚਾਰਾਂ ਵਿਚ ਬਹੁਤ ਫ਼ਰਕ ਸੀ ਕਿਉਂਕਿ ਉਨ੍ਹਾਂ ਵਿੱਚੋਂ ਪਹਿਲਾਂ ਕੁਝ ਯਹੂਦੀ ਸਨ ਤੇ ਕੁਝ ਗ਼ੈਰ-ਯਹੂਦੀ। ਇਸ ਲਈ ਪੌਲੁਸ ਨੇ ਆਪਣੀ ਚਿੱਠੀ ਰਾਹੀਂ ਉਨ੍ਹਾਂ ਵਿਚ ਏਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ।
ਰੋਮੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਨੇ ਸਮਝਾਇਆ ਕਿ ਲੋਕ ਧਰਮੀ ਕਿਵੇਂ ਠਹਿਰਾਏ ਜਾਂਦੇ ਹਨ ਅਤੇ ਉਨ੍ਹਾਂ ਨੂੰ ਕਿਸ ਤਰ੍ਹਾਂ ਜੀਣਾ ਚਾਹੀਦਾ ਹੈ। ਇਸ ਚਿੱਠੀ ਨੂੰ ਪੜ੍ਹ ਕੇ ਅਸੀਂ ਪਰਮੇਸ਼ੁਰ, ਉਸ ਦੇ ਬਚਨ ਅਤੇ ਉਸ ਦੀ ਮਿਹਰ ਬਾਰੇ ਹੋਰ ਗਿਆਨ ਲੈ ਸਕਦੇ ਹਾਂ। ਇਸ ਤੋਂ ਇਲਾਵਾ ਇਸ ਚਿੱਠੀ ਵਿਚ ਸਮਝਾਇਆ ਗਿਆ ਹੈ ਕਿ ਯਿਸੂ ਮਸੀਹ ਨੇ ਆਪਣੀ ਜਾਨ ਕੁਰਬਾਨ ਕਰ ਕੇ ਸਾਡੀ ਮੁਕਤੀ ਦਾ ਮੁੱਲ ਭਰਿਆ।—ਇਬ. 4:12.
ਧਰਮੀ ਕਿਵੇਂ ਠਹਿਰਾਏ ਗਏ?
ਪੌਲੁਸ ਨੇ ਲਿਖਿਆ: “ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ। ਸੋ ਉਹ ਦੀ ਕਿਰਪਾ ਨਾਲ ਉਸ ਨਿਸਤਾਰੇ ਦੇ ਕਾਰਨ ਜੋ ਮਸੀਹ ਯਿਸੂ ਤੋਂ ਹੁੰਦਾ ਹੈ ਓਹ ਮੁਖ਼ਤ ਧਰਮੀ ਗਿਣੇ ਜਾਂਦੇ ਹਨ।” ਫਿਰ ਉਸ ਨੇ ਅੱਗੇ ਕਿਹਾ: “ਮਨੁੱਖ ਸ਼ਰਾ ਦੇ ਕਰਮਾਂ ਦੇ ਬਾਝੋਂ ਨਿਹਚਾ ਹੀ ਨਾਲ ਧਰਮੀ ਠਹਿਰਾਇਆ ਜਾਂਦਾ ਹੈ।” (ਰੋਮੀ. 3:23, 24, 28) “ਧਰਮ ਦੇ ਇੱਕ ਕੰਮ” ਵਿਚ ਨਿਹਚਾ ਕਰਨ ਦੁਆਰਾ, ‘ਹੋਰ ਭੇਡਾਂ’ ਦੀ “ਵੱਡੀ ਭੀੜ” ਅਤੇ ਮਸਹ ਕੀਤੇ ਹੋਏ ਮਸੀਹੀ ‘ਧਰਮੀ ਠਹਿਰਾਏ’ ਜਾ ਸਕਦੇ ਹਨ। ਮਸਹ ਕੀਤੇ ਹੋਏ ਮਸੀਹੀ ਰਾਜ ਦੇ ਵਾਰਸਾਂ ਵਜੋਂ ਸਵਰਗ ਵਿਚ ਯਿਸੂ ਨਾਲ ਰਾਜ ਕਰਨ ਦੀ ਉਮੀਦ ਰੱਖਦੇ ਹਨ। ਵੱਡੀ ਭੀੜ ਦੇ ਮੈਂਬਰ ਪਰਮੇਸ਼ੁਰ ਦੇ ਮਿੱਤਰਾਂ ਵਜੋਂ “ਵੱਡੀ ਬਿਪਤਾ” ਵਿੱਚੋਂ ਬਚਣ ਦੀ ਉਮੀਦ ਰੱਖਦੇ ਹਨ।—ਰੋਮੀ. 5:18; ਪਰ. 7:9, 14; ਯੂਹੰ. 10:16; ਯਾਕੂ. 2:21-24; ਮੱਤੀ 25:46.
ਪੌਲੁਸ ਨੇ ਪਾਪ ਕਰਨ ਸੰਬੰਧੀ ਪੁੱਛਿਆ: “ਤਾਂ ਫੇਰ ਕੀ? ਅਸੀਂ ਪਾਪ ਕਰੀਏ ਇਸ ਲਈ ਜੋ ਅਸੀਂ ਸ਼ਰਾ ਦੇ ਹੇਠ ਨਹੀਂ ਸਗੋਂ ਕਿਰਪਾ ਦੇ ਹੇਠ ਹਾਂ?” ਫਿਰ ਉਸ ਨੇ ਜਵਾਬ ਦਿੱਤਾ: “ਕਦੇ ਨਹੀਂ!” ਕਿਉਂ ਨਹੀਂ? ਉਸ ਨੇ ਸਮਝਾਇਆ: ‘ਤੁਸੀਂ ਦਾਸ ਹੋ, ਭਾਵੇਂ ਮੌਤ ਲਈ ਪਾਪ ਦੇ, ਭਾਵੇਂ ਧਰਮ ਲਈ ਆਗਿਆਕਾਰੀ ਦੇ।’ (ਰੋਮੀ. 6:15, 16) ਉਸ ਨੇ ਕਿਹਾ ਕਿ ਜੇ ਤੁਸੀਂ ਪਰਮੇਸ਼ੁਰ ਦੀ ਸ਼ਕਤੀ ਨਾਲ “ਦੇਹੀ ਦੇ ਕਾਰਜਾਂ ਨੂੰ ਮਾਰੋ ਤਾਂ ਤੁਸੀਂ ਜੀਵੋਗੇ।”—ਰੋਮੀ. 8:13.
ਕੁਝ ਸਵਾਲਾਂ ਦੇ ਜਵਾਬ:
1:24-32—ਇਨ੍ਹਾਂ ਆਇਤਾਂ ਵਿਚ ਕਿਨ੍ਹਾਂ ਦੀ ਗੱਲ ਕੀਤੀ ਗਈ ਹੈ ਜੋ ਗੰਦੇ ਕੰਮ ਕਰ ਰਹੇ ਸਨ, ਯਹੂਦੀਆਂ ਦੀ ਜਾਂ ਗ਼ੈਰ-ਯਹੂਦੀਆਂ ਦੀ? ਇਹ ਗੱਲ ਇਨ੍ਹਾਂ ਦੋਹਾਂ ਸਮੂਹਾਂ ਤੇ ਲਾਗੂ ਹੋ ਸਕਦੀ ਸੀ, ਪਰ ਪੌਲੁਸ ਖ਼ਾਸ ਕਰਕੇ ਉਨ੍ਹਾਂ ਯਹੂਦੀਆਂ ਦੀ ਗੱਲ ਕਰ ਰਿਹਾ ਸੀ ਜਿਨ੍ਹਾਂ ਨੇ ਪਰਮੇਸ਼ੁਰ ਤੋਂ ਮੂੰਹ ਮੋੜ ਲਿਆ ਸੀ। ਭਾਵੇਂ ਉਹ ਪਰਮੇਸ਼ੁਰ ਦੇ ਉੱਚੇ-ਸੁੱਚੇ ਅਸੂਲਾਂ ਨੂੰ ਜਾਣਦੇ ਸਨ, ਪਰ ਫਿਰ ਵੀ “ਪਰਮੇਸ਼ੁਰ ਨੂੰ ਆਪਣੀ ਪਛਾਣ ਵਿੱਚ ਰੱਖਣਾ ਉਨ੍ਹਾਂ ਨੂੰ ਚੰਗਾ ਨਾ ਲੱਗਾ।” ਇਸ ਲਈ ਉਹ ਗੁਨਾਹਗਾਰ ਸਨ।
3:24, 25—ਯਿਸੂ ਦੀ ਕੁਰਬਾਨੀ ਤੋਂ ਪਹਿਲਾਂ ਜਿਨ੍ਹਾਂ ਨੇ ‘ਪਿੱਛਲੇ ਸਮੇਂ ਵਿਚ ਪਾਪ’ ਕੀਤੇ ਸਨ, ਉਨ੍ਹਾਂ ਦੇ ਪਾਪ ਇਸ ਕੁਰਬਾਨੀ ਦੇ ਆਧਾਰ ਤੇ ਕਿੱਦਾਂ ਮਾਫ਼ ਕੀਤੇ ਜਾ ਸਕਦੇ ਸਨ? ਮਸੀਹਾ ਬਾਰੇ ਪਹਿਲੀ ਭਵਿੱਖਬਾਣੀ, ਜੋ ਉਤਪਤ 3:15 ਵਿਚ ਦਰਜ ਹੈ, ਸਾਲ 33 ਈਸਵੀ ਵਿਚ ਪੂਰੀ ਹੋਈ ਸੀ ਜਦ ਯਿਸੂ ਨੂੰ ਸੂਲੀ ਤੇ ਚਾੜ੍ਹ ਕੇ ਜਾਨੋਂ ਮਾਰਿਆ ਗਿਆ ਸੀ। (ਗਲਾ. 3:13, 16) ਕਿਹਾ ਜਾ ਸਕਦਾ ਹੈ ਕਿ ਜਿਸ ਸਮੇਂ ਤੋਂ ਇਹ ਭਵਿੱਖਬਾਣੀ ਕੀਤੀ ਗਈ ਸੀ, ਉਸ ਸਮੇਂ ਤੋਂ ਯਹੋਵਾਹ ਦੀਆਂ ਨਜ਼ਰਾਂ ਵਿਚ ਯਿਸੂ ਮਸੀਹ ਦੀ ਕੁਰਬਾਨੀ ਦਿੱਤੀ ਜਾ ਚੁੱਕੀ ਸੀ। ਕਿਉਂ? ਕਿਉਂਕਿ ਪਰਮੇਸ਼ੁਰ ਜੋ ਕਹਿੰਦਾ ਹੈ ਉਹ ਪੂਰਾ ਹੋ ਕੇ ਹੀ ਰਹਿੰਦਾ ਹੈ। ਇਸ ਕੁਰਬਾਨੀ ਦੁਆਰਾ ਆਦਮ ਦੀ ਔਲਾਦ ਵਿੱਚੋਂ ਜੋ ਵੀ ਪਰਮੇਸ਼ੁਰ ਦੇ ਵਾਅਦੇ ਤੇ ਵਿਸ਼ਵਾਸ ਕਰਦੇ ਸਨ, ਉਨ੍ਹਾਂ ਦੇ ਪਾਪ ਮਾਫ਼ ਕੀਤੇ ਜਾ ਸਕਦੇ ਸਨ। ਯਿਸੂ ਦੀ ਕੁਰਬਾਨੀ ਸਦਕਾ, ਯਿਸੂ ਦੇ ਧਰਤੀ ਤੇ ਆਉਣ ਤੋਂ ਪਹਿਲਾਂ, ਜੋ ਪਰਮੇਸ਼ੁਰ ਦੇ ਸੇਵਕ ਮੌਤ ਦੀ ਨੀਂਦ ਸੁੱਤੇ ਹਨ, ਉਨ੍ਹਾਂ ਨੂੰ ਦੁਬਾਰਾ ਜ਼ਿੰਦਗੀ ਬਖ਼ਸ਼ੀ ਜਾਵੇਗੀ।—ਰਸੂ. 24:15.
6:3-5—ਯਿਸੂ ਮਸੀਹ ਦਾ ਅਤੇ ਉਸ ਦੀ ਮੌਤ ਦਾ ਬਪਤਿਸਮਾ ਲੈਣ ਦਾ ਕੀ ਮਤਲਬ ਹੈ? ਜਦੋਂ ਯਿਸੂ ਦੇ ਚੇਲੇ ਪਰਮੇਸ਼ੁਰ ਦੀ ਸ਼ਕਤੀ ਨਾਲ ਮਸਹ ਕੀਤੇ ਜਾਂਦੇ ਹਨ, ਤਾਂ ਉਹ ਉਸ ਨਾਲ ਇਕ ਹੋ ਜਾਂਦੇ ਹਨ। ਬਾਈਬਲ ਵਿਚ ਮਸਹ ਕੀਤੇ ਹੋਇਆਂ ਦੀ ਇਸ ਕਲੀਸਿਯਾ ਦੀ ਤੁਲਨਾ ਸਰੀਰ ਨਾਲ ਕੀਤੀ ਗਈ ਹੈ, ਜਿਸ ਦਾ ਸਿਰ ਯਿਸੂ ਮਸੀਹ ਹੈ ਅਤੇ ਕਲੀਸਿਯਾ ਦੇ ਮੈਂਬਰ ਉਸ ਦੇ ਵੱਖੋ-ਵੱਖਰੇ ਅੰਗ ਹਨ। (1 ਕੁਰਿੰ. 12:12, 13, 27; ਕੁਲੁ. 1:18) ਇਸ ਤਰ੍ਹਾਂ ਉਹ ਯਿਸੂ ਮਸੀਹ ਦਾ ਬਪਤਿਸਮਾ ਲੈਂਦੇ ਹਨ। ਯਿਸੂ ਦੀ “ਮੌਤ ਦਾ ਬਪਤਿਸਮਾ” ਉਹ ਇਸ ਭਾਵ ਵਿਚ ਲੈਂਦੇ ਹਨ ਕਿ ਉਹ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਲਈ ਕੁਰਬਾਨੀਆਂ ਕਰਦੇ ਹਨ ਅਤੇ ਧਰਤੀ ਤੇ ਸਦਾ ਰਹਿਣ ਦੀ ਆਪਣੀ ਇੱਛਾ ਨੂੰ ਤਿਆਗਦੇ ਹਨ। ਭਾਵੇਂ ਕਿ ਉਨ੍ਹਾਂ ਦੀ ਮੌਤ ਤੋਂ ਸਾਨੂੰ ਮੁਕਤੀ ਨਹੀਂ ਮਿਲਦੀ, ਫਿਰ ਵੀ ਇਹ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੇ ਯਿਸੂ ਵਾਂਗ ਆਪਣੀ ਜਾਨ ਕੁਰਬਾਨ ਕੀਤੀ ਹੈ। ਆਪਣੀ ਮੌਤ ਤੋਂ ਬਾਅਦ ਜਦ ਉਹ ਸਵਰਗ ਵਿਚ ਜੀ ਉਠਾਏ ਜਾਂਦੇ ਹਨ, ਤਾਂ ਉਹ ਪੂਰੀ ਤਰ੍ਹਾਂ ਯਿਸੂ ਦੀ ਮੌਤ ਦਾ ਬਪਤਿਸਮਾ ਲੈ ਚੁੱਕੇ ਹੁੰਦੇ ਹਨ।
7:8-11—“ਹੁਕਮਨਾਮੇ” ਜਾਂ ਸ਼ਰਾ ਦੇ ਜ਼ਰੀਏ ਇਸਰਾਏਲੀ ਲੋਕ ਕੀ ਦੇਖ ਸਕੇ ਸਨ? ਪਰਮੇਸ਼ੁਰ ਦੇ ਹੁਕਮਨਾਮੇ ਦੁਆਰਾ ਲੋਕ ਪਛਾਣ ਸਕੇ ਕਿ ਪਾਪ ਕੀ ਸੀ। ਉਹ ਦੇਖ ਸਕੇ ਕਿ ਪਰਮੇਸ਼ੁਰ ਕਿਨ੍ਹਾਂ ਕੰਮਾਂ ਨੂੰ ਪਾਪ ਸਮਝਦਾ ਸੀ ਤੇ ਉਨ੍ਹਾਂ ਨੂੰ ਅਹਿਸਾਸ ਹੋਣ ਲੱਗਾ ਕਿ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਕਿੰਨੇ ਪਾਪੀ ਸਨ।
ਸਾਡੇ ਲਈ ਸਬਕ:
1:14, 15. ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਸਾਡੇ ਕੋਲ ਕਈ ਕਾਰਨ ਹਨ। ਇਕ ਹੈ ਕਿ ਅਸੀਂ ਲੋਕਾਂ ਦੇ ਕਰਜ਼ਦਾਰ ਹਾਂ। ਕਿਉਂ? ਕਿਉਂਕਿ ਉਹ ਯਿਸੂ ਦੇ ਲਹੂ ਨਾਲ ਖ਼ਰੀਦੇ ਗਏ ਹਨ ਤੇ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਨ੍ਹਾਂ ਦੀ ਪਰਮੇਸ਼ੁਰ ਨੂੰ ਜਾਣਨ ਵਿਚ ਮਦਦ ਕਰੀਏ।
1:18-20. ਬੇਦੀਨ ਜਾਂ ਕੁਧਰਮੀ ਲੋਕਾਂ ਕੋਲ ਇਹ ਕਹਿਣ ਦਾ “ਕੋਈ ਉਜ਼ਰ” ਜਾਂ ਬਹਾਨਾ ਨਹੀਂ ਕਿ ਪਰਮੇਸ਼ੁਰ ਨਹੀਂ ਹੈ ਕਿਉਂਕਿ ਸ੍ਰਿਸ਼ਟੀ ਤੋਂ ਸਾਨੂੰ ਸਬੂਤ ਮਿਲਦਾ ਹੈ ਕਿ ਪਰਮੇਸ਼ੁਰ ਹੈ।
2:28; 3:1, 2; 7:6, 7. ਜਦ ਪੌਲੁਸ ਯਹੂਦੀਆਂ ਨੂੰ ਅਜਿਹੀ ਕੋਈ ਗੱਲ ਕਹਿੰਦਾ ਸੀ ਜਿਸ ਤੋਂ ਉਹ ਨਾਰਾਜ਼ ਹੋ ਸਕਦੇ ਸਨ, ਤਾਂ ਉਹ ਝੱਟ ਗੱਲ ਬਦਲ ਦਿੰਦਾ ਸੀ। ਕਿਸੇ ਮੁਸ਼ਕਲ ਜਾਂ ਨਾਜ਼ੁਕ ਮਾਮਲੇ ਬਾਰੇ ਗੱਲਬਾਤ ਕਰਨ ਦੀ ਇਹ ਸਾਡੇ ਲਈ ਵਧੀਆ ਮਿਸਾਲ ਹੈ।
3:4. ਜਦ ਇਨਸਾਨਾਂ ਤੇ ਪਰਮੇਸ਼ੁਰ ਦੀਆਂ ਗੱਲਾਂ ਵਿਚ ਟਕਰਾਅ ਹੋਵੇ, ਤਾਂ ਸਾਨੂੰ ਪਰਮੇਸ਼ੁਰ ਦਾ ਪੱਖ ਪੂਰਨਾ ਚਾਹੀਦਾ ਹੈ ਤਾਂਕਿ “ਪਰਮੇਸ਼ੁਰ ਸੱਚਾ ਠਹਿਰੇ।” ਇਹ ਅਸੀਂ ਪਰਮੇਸ਼ੁਰ ਦੇ ਸ਼ਬਦ ਬਾਈਬਲ ਵਿਚ ਲਿਖੀਆਂ ਗੱਲਾਂ ਤੇ ਭਰੋਸਾ ਰੱਖ ਕੇ ਅਤੇ ਉਸ ਦੀ ਇੱਛਾ ਮੁਤਾਬਕ ਚੱਲ ਕੇ ਕਰਦੇ ਹਾਂ। ਇਸ ਦੇ ਨਾਲ-ਨਾਲ ਅਸੀਂ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਤੇ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈ ਕੇ ਹੋਰਨਾਂ ਦੀ ਮਦਦ ਕਰ ਸਕਦੇ ਹਾਂ ਤਾਂਕਿ ਉਹ ਜਾਣ ਸਕਣ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ।
4:9-12. ਅਬਰਾਹਾਮ 99 ਸਾਲ ਦੀ ਉਮਰ ਦਾ ਸੀ ਜਦ ਉਸ ਦੀ ਸੁੰਨਤ ਕੀਤੀ ਗਈ ਸੀ। ਪਰ ਇਸ ਤੋਂ ਕਈ ਸਾਲ ਪਹਿਲਾਂ ਉਹ ਧਰਮੀ ਗਿਣਿਆ ਗਿਆ ਸੀ ਕਿਉਂਕਿ ਉਹ ਪਰਮੇਸ਼ੁਰ ਵਿਚ ਨਿਹਚਾ ਕਰਦਾ ਸੀ। (ਉਤ. 12:4; 15:6; 16:3; 17:1, 9, 10) ਇਸ ਤੋਂ ਦੇਖਿਆ ਜਾ ਸਕਦਾ ਹੈ ਕਿ ਪਰਮੇਸ਼ੁਰ ਅੱਗੇ ਧਰਮੀ ਗਿਣੇ ਜਾਣ ਲਈ ਕੀ ਕਰਨ ਦੀ ਲੋੜ ਹੈ।
4:18. ਨਿਹਚਾ ਨਾਲ ਸਾਡੀ ਉਮੀਦ ਪੱਕੀ ਹੁੰਦੀ ਹੈ।—ਇਬ. 11:1.
5:18, 19. ਸਰਲ ਸ਼ਬਦਾਂ ਵਿਚ ਪੌਲੁਸ ਨੇ ਯਿਸੂ ਤੇ ਆਦਮ ਦੀ ਤੁਲਨਾ ਕੀਤੀ। ਉਸ ਨੇ ਸਮਝਾਇਆ ਕਿ ਇਕ ਆਦਮੀ “ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ” ਕਿਵੇਂ ਦੇ ਸਕਦਾ ਸੀ। (ਮੱਤੀ 20:28) ਸਿਖਾਉਣ ਦਾ ਇਹ ਕਿੰਨਾ ਵਧੀਆ ਤਰੀਕਾ ਹੈ। ਸਾਨੂੰ ਵੀ ਸਰਲ ਤਰੀਕੇ ਨਾਲ ਸੱਚਾਈ ਸਿਖਾਉਣ ਦੀ ਲੋੜ ਹੈ।—1 ਕੁਰਿੰ. 4:17.
7:23. ਸਾਡੇ ਹੱਥ-ਪੈਰ ਜਾਂ ਸਾਡੀ ਜ਼ਬਾਨ ਸਾਨੂੰ ‘ਪਾਪ ਦੇ ਕਾਨੂੰਨ ਦੇ ਬੰਧਨ ਵਿੱਚ ਲੈ ਆ’ ਸਕਦੇ ਹਨ। ਇਸ ਲਈ ਜ਼ਰੂਰੀ ਹੈ ਕਿ ਅਸੀਂ ਇਨ੍ਹਾਂ ਅੰਗਾਂ ਨੂੰ ਗ਼ਲਤ ਕੰਮਾਂ ਲਈ ਵਰਤਣ ਤੋਂ ਪਰਹੇਜ਼ ਕਰੀਏ।
8:26, 27. ਜਦੋਂ ਅਸੀਂ ਜ਼ਿੰਦਗੀ ਵਿਚ ਔਖਿਆਂ ਹਾਲਾਤਾਂ ਦਾ ਸਾਮ੍ਹਣਾ ਕਰਦੇ ਹਾਂ ਤੇ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਕੀ ਕਰੀਏ, ਤਾਂ ‘ਆਤਮਾ [ਯਾਨੀ ਪਰਮੇਸ਼ੁਰ ਦੀ ਸ਼ਕਤੀ] ਅਕੱਥ ਹਾਹੁਕੇ ਭਰ ਕੇ ਸਾਡੇ ਲਈ ਸਫ਼ਾਰਸ਼ ਕਰਦੀ ਹੈ।’ ਪਰਮੇਸ਼ੁਰ ਦੇ ਭਗਤਾਂ ਦੀਆਂ ਕਈ ਪ੍ਰਾਰਥਨਾਵਾਂ ਬਾਈਬਲ ਵਿਚ ਲਿਖੀਆਂ ਗਈਆਂ ਹਨ ਤੇ ‘ਪ੍ਰਾਰਥਨਾ ਦਾ ਸੁਣਨ ਵਾਲਾ’ ਯਹੋਵਾਹ ਪਰਮੇਸ਼ੁਰ ਇਨ੍ਹਾਂ ਪ੍ਰਾਰਥਨਾਵਾਂ ਨੂੰ ਕਬੂਲ ਕਰ ਲੈਂਦਾ ਹੈ ਜਿਵੇਂ ਅਸੀਂ ਇਹ ਖ਼ੁਦ ਕਹੀਆਂ ਹੋਣ।—ਜ਼ਬੂ. 65:2.
8:38, 39. ਚਾਹੇ ਸਾਡੇ ਤੇ ਮੁਸੀਬਤਾਂ ਆਉਣ, ਚਾਹੇ ਸ਼ਤਾਨ ਤੇ ਸਰਕਾਰਾਂ ਸਾਡਾ ਵਿਰੋਧ ਕਰਨ, ਪਰ ਯਹੋਵਾਹ ਪਰਮੇਸ਼ੁਰ ਕਦੇ ਸਾਡੇ ਨਾਲ ਪਿਆਰ ਕਰਨੋਂ ਨਹੀਂ ਹਟੇਗਾ। ਸਾਨੂੰ ਵੀ ਉਸ ਨਾਲ ਪਿਆਰ ਕਰਨੋਂ ਨਹੀਂ ਹਟਣਾ ਚਾਹੀਦਾ।
9:22-28; 11:1, 5, 17-26. ਇਸਰਾਏਲੀਆਂ ਬਾਰੇ ਬਹੁਤ ਸਾਰੀਆਂ ਭਵਿੱਖਬਾਣੀਆਂ ਮਸਹ ਕੀਤੇ ਹੋਏ ਮਸੀਹੀਆਂ ਉੱਤੇ ਵੀ ਲਾਗੂ ਹੁੰਦੀਆਂ ਹਨ, ਜਿਨ੍ਹਾਂ ਦੇ ਮੈਂਬਰ “ਨਿਰੇ ਯਹੂਦੀਆਂ ਵਿੱਚੋਂ ਹੀ ਨਹੀਂ ਸਗੋਂ ਪਰਾਈਆਂ ਕੌਮਾਂ ਵਿੱਚੋਂ ਵੀ ਬੁਲਾਏ” ਗਏ ਹਨ।
10:10, 13, 14. ਪਰਮੇਸ਼ੁਰ ਅਤੇ ਆਪਣੇ ਗੁਆਂਢੀ ਲਈ ਪਿਆਰ ਦੇ ਨਾਲ-ਨਾਲ, ਯਹੋਵਾਹ ਅਤੇ ਉਸ ਦੇ ਵਾਅਦਿਆਂ ਉੱਤੇ ਵਿਸ਼ਵਾਸ ਕਰਨ ਨਾਲ ਵੀ ਸਾਨੂੰ ਜੋਸ਼ ਨਾਲ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਦੀ ਪ੍ਰੇਰਣਾ ਮਿਲ ਸਕਦੀ ਹੈ।
11:16-24, 33. “ਦਿਆਲਗੀ ਅਤੇ ਕਰੜਾਈ” ਦੋਨੋਂ ਗੁਣ ਪਰਮੇਸ਼ੁਰ ਲਈ ਬਹੁਤ ਹੀ ਅਹਿਮ ਹਨ। ਬਾਈਬਲ ਕਹਿੰਦੀ ਹੈ ਕਿ “ਉਹ ਚਟਾਨ ਹੈ, ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ।”—ਬਿਵ. 32:4.
ਧਰਮੀ ਠਹਿਰਾਏ ਹੋਇਆਂ ਵਾਂਗ ਜੀਓ
ਪੌਲੁਸ ਨੇ ਕਿਹਾ: “ਸੋ ਹੇ ਭਰਾਵੋ, ਮੈਂ ਪਰਮੇਸ਼ੁਰ ਦੀਆਂ ਰਹਮਤਾਂ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਈ ਤੁਸੀਂ ਆਪਣੀਆਂ ਦੇਹੀਆਂ ਨੂੰ ਜੀਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਬਲੀਦਾਨ ਕਰਕੇ ਚੜ੍ਹਾਵੋ।” (ਰੋਮੀ. 12:1) ਪੌਲੁਸ ਕਹਿ ਰਿਹਾ ਸੀ ਕਿ ਉਹ ਉਨ੍ਹਾਂ ਨੂੰ ਦੱਸ ਚੁੱਕਾ ਸੀ ਕਿ ਮਸੀਹੀ ਆਪਣੀ ਨਿਹਚਾ ਕਰਕੇ ਧਰਮੀ ਗਿਣੇ ਜਾਂਦੇ ਹਨ, ਹੁਣ ਉਸ ਦੀ ਅਗਲੀ ਗੱਲ ਦਾ ਉਨ੍ਹਾਂ ਦੇ ਰਵੱਈਏ ਉੱਤੇ ਅਸਰ ਪੈਣਾ ਚਾਹੀਦਾ ਸੀ ਕਿ ਉਹ ਆਪਣੇ ਆਪ ਬਾਰੇ, ਦੂਸਰਿਆਂ ਬਾਰੇ ਤੇ ਸਰਕਾਰਾਂ ਬਾਰੇ ਕੀ ਸੋਚਦੇ ਸਨ।
ਪੌਲੁਸ ਨੇ ਕਿਹਾ: “ਮੈਂ . . . ਤੁਹਾਡੇ ਵਿੱਚੋਂ ਹਰੇਕ ਨੂੰ ਆਖਦਾ ਹਾਂ ਭਈ ਉਹ ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੇ।” ਉਸ ਨੇ ਇਹ ਵੀ ਕਿਹਾ ਕਿ ਤੁਹਾਡਾ “ਪ੍ਰੇਮ ਨਿਸ਼ਕਪਟ ਹੋਵੇ।” (ਰੋਮੀ. 12:3, 9) “ਹਰੇਕ ਪ੍ਰਾਣੀ ਹਕੂਮਤਾਂ ਦੇ ਅਧੀਨ ਰਹੇ।” (ਰੋਮੀ. 13:1) ਨਾਲੇ ਜਿਨ੍ਹਾਂ ਮਾਮਲਿਆਂ ਵਿਚ ਇਕ ਮਸੀਹੀ ਦਾ ਫ਼ੈਸਲਾ ਦੂਜੇ ਨਾਲੋਂ ਵੱਖਰਾ ਹੋ ਸਕਦਾ ਹੈ, ਉਨ੍ਹਾਂ ਮਾਮਲਿਆਂ ਵਿਚ ‘ਇੱਕ ਦੂਏ ਉੱਤੇ ਕਦੇ ਦੋਸ਼ ਨਹੀਂ ਲਾਉਣਾ’ ਚਾਹੀਦਾ।—ਰੋਮੀ. 14:13.
ਕੁਝ ਸਵਾਲਾਂ ਦੇ ਜਵਾਬ:
12:20—ਅਸੀਂ ਆਪਣੇ ਵੈਰੀ ਦੇ ਸਿਰ ਉੱਤੇ “ਅੱਗ ਦੇ ਅੰਗਿਆਰਾਂ ਦਾ ਢੇਰ” ਕਿਵੇਂ ਲਾਉਂਦੇ ਹਾਂ? ਪੁਰਾਣੇ ਜ਼ਮਾਨੇ ਵਿਚ ਲੋਹੇ ਵਰਗੀ ਧਾਤ ਪਿਘਲਾਉਣ ਲਈ ਭੱਠੀ ਵਿਚ ਧਾਤ ਦੇ ਥੱਲੇ ਅਤੇ ਉਸ ਦੇ ਉੱਪਰ ਵੀ ਕੋਲੇ ਪਾਏ ਜਾਂਦੇ ਸਨ। ਧਾਤ ਦੇ ਉੱਪਰ ਕੋਲੇ ਪਾਉਣ ਨਾਲ ਭੱਠੀ ਦਾ ਸੇਕ ਵਧ ਜਾਂਦਾ ਸੀ ਜਿਸ ਨਾਲ ਸਖ਼ਤ ਧਾਤ ਪਿਘਲ ਜਾਂਦੀ ਸੀ ਤੇ ਉਸ ਤੋਂ ਗੰਦਗੀ ਵੱਖਰੀ ਹੋ ਜਾਂਦੀ ਸੀ। ਇਸੇ ਤਰ੍ਹਾਂ ਆਪਣੇ ਵਿਰੋਧੀ ਨਾਲ ਪਿਆਰ ਨਾਲ ਪੇਸ਼ ਆ ਕੇ ਮਾਨੋ ਅਸੀਂ ਉਸ ਦੇ ਸਿਰ ਤੇ ਅੱਗ ਦੇ ਅੰਗਿਆਰਾਂ ਦਾ ਢੇਰ ਲਾਉਂਦੇ ਹਾਂ ਤਾਂਕਿ ਉਸ ਦਾ ਦਿਲ ਪਿਘਲ ਜਾਵੇ ਅਤੇ ਉਸ ਦਾ ਰਵੱਈਆ ਬਦਲ ਜਾਵੇ।
12:21—ਅਸੀਂ ‘ਭਲਿਆਈ ਨਾਲ ਬੁਰਿਆਈ ਨੂੰ ਕਿਵੇਂ ਜਿੱਤ ਲੈਂਦੇ’ ਹਾਂ? ਬੁਰਿਆਈ ਨੂੰ ਭਲਿਆਈ ਨਾਲ ਜਿੱਤਣ ਦਾ ਇਕ ਤਰੀਕੇ ਹੈ, ਨਿਡਰ ਹੋ ਕੇ ਪ੍ਰਚਾਰ ਦੇ ਕੰਮ ਵਿਚ ਲੱਗੇ ਰਹਿਣਾ। ਇੱਦਾਂ ਸਾਨੂੰ ਉਦੋਂ ਤਕ ਕਰਦੇ ਰਹਿਣ ਦੀ ਲੋੜ ਹੈ, ਜਦ ਤਕ ਯਹੋਵਾਹ ਨਹੀਂ ਕਹਿੰਦਾ ਕਿ ਕੰਮ ਪੂਰਾ ਹੋ ਚੁੱਕਾ ਹੈ।—ਮਰ. 13:10.
13:1—ਹਕੂਮਤਾਂ ਕਿਸ ਤਰੀਕੇ ਨਾਲ “ਪਰਮੇਸ਼ੁਰ ਦੀਆਂ ਠਹਿਰਾਈਆਂ ਹੋਈਆਂ ਹਨ”? ਉਹ ਇਸ ਭਾਵ ਵਿਚ “ਪਰਮੇਸ਼ੁਰ ਦੀਆਂ ਠਹਿਰਾਈਆਂ ਹੋਈਆਂ ਹਨ” ਕਿ ਉਸ ਨੇ ਇਨਸਾਨਾਂ ਨੂੰ ਇਕ ਹੱਦ ਤਕ ਰਾਜ ਕਰਨ ਦਾ ਅਧਿਕਾਰ ਦਿੱਤਾ ਹੈ। ਕੁਝ ਹਕੂਮਤਾਂ ਬਾਰੇ ਭਵਿੱਖਬਾਣੀ ਵੀ ਕੀਤੀ ਗਈ ਸੀ ਜਿਸ ਦਾ ਸਬੂਤ ਬਾਈਬਲ ਵਿਚ ਪਾਇਆ ਜਾਂਦਾ ਹੈ।
ਸਾਡੇ ਲਈ ਸਬਕ:
12:17, 19. ਖ਼ੁਦ ਬਦਲਾ ਲੈਣ ਦਾ ਮਤਲਬ ਹੈ ਕਿ ਅਸੀਂ ਯਹੋਵਾਹ ਦਾ ਕੰਮ ਆਪਣੇ ਹੱਥ ਲੈ ਰਹੇ ਹਾਂ। “ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ” ਕਰਨੀ ਗੁਸਤਾਖ਼ੀ ਹੈ। ਬਦਲਾ ਲੈਣ ਦਾ ਹੱਕ ਸਿਰਫ਼ ਯਹੋਵਾਹ ਦਾ ਹੈ।
14:14, 15. ਸਾਨੂੰ ਆਪਣੇ ਭਰਾ ਅੱਗੇ ਅਜਿਹਾ ਖਾਣਾ ਨਹੀਂ ਪਰੋਸਣਾ ਚਾਹੀਦਾ ਜਿਸ ਕਾਰਨ ਉਹ ਨਾਰਾਜ਼ ਹੋ ਸਕਦਾ ਹੈ। ਅਸੀਂ ਕਿਸੇ ਲਈ ਠੋਕਰ ਦਾ ਕਾਰਨ ਨਹੀਂ ਬਣਨਾ ਚਾਹੁੰਦੇ।
14:17. ਯਹੋਵਾਹ ਨਾਲ ਸਾਡਾ ਰਿਸ਼ਤਾ ਇਸ ਗੱਲ ਤੇ ਨਿਰਭਰ ਨਹੀਂ ਕਰਦਾ ਕਿ ਅਸੀਂ ਕੀ ਖਾਂਦੇ ਜਾਂ ਕੀ ਪੀਂਦੇ ਹਾਂ, ਬਲਕਿ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਸ਼ਾਂਤੀ ਤੇ ਆਨੰਦ ਨਾਲ ਧਰਮੀ ਜੀਵਨ ਜੀਉਂਦੇ ਹਾਂ ਕਿ ਨਹੀਂ।
15:7. ਸਾਨੂੰ ਬਿਨਾਂ ਪੱਖਪਾਤ ਕੀਤੇ ਉਨ੍ਹਾਂ ਸਾਰਿਆਂ ਨੂੰ ਕਬੂਲ ਕਰਨਾ ਚਾਹੀਦਾ ਹੈ ਜੋ ਸਾਡਾ ਸੰਦੇਸ਼ ਸੁਣ ਕੇ ਦਿਲੋਂ ਸੱਚਾਈ ਦੇ ਰਾਹ ਤੇ ਚੱਲਣਾ ਚਾਹੁੰਦੇ ਹਨ।
[ਸਫ਼ਾ 31 ਉੱਤੇ ਤਸਵੀਰਾਂ]
ਯਿਸੂ ਦੀ ਕੁਰਬਾਨੀ ਤੋਂ ਪਹਿਲਾਂ ਜਿਨ੍ਹਾਂ ਨੇ ‘ਪਿੱਛਲੇ ਸਮੇਂ ਵਿਚ ਪਾਪ’ ਕੀਤੇ ਸਨ, ਕੀ ਉਨ੍ਹਾਂ ਦੇ ਪਾਪ ਇਸ ਕੁਰਬਾਨੀ ਦੇ ਆਧਾਰ ਤੇ ਮਾਫ਼ ਕੀਤੇ ਜਾ ਸਕਦੇ ਹਨ?