ਪਵਿੱਤਰ ਸ਼ਕਤੀ ਨਾਲ ਸਰਗਰਮ ਰਹੋ
“ਮਿਹਨਤ ਵਿੱਚ ਢਿੱਲੇ ਨਾ ਹੋਵੋ, ਆਤਮਾ [ਸ਼ਕਤੀ] ਵਿੱਚ ਸਰਗਰਮ ਰਹੋ, [ਯਹੋਵਾਹ] ਦੀ ਸੇਵਾ ਕਰਿਆ ਕਰੋ।”—ਰੋਮੀ. 12:11.
1. ਇਸਰਾਏਲੀਆਂ ਨੇ ਜਾਨਵਰਾਂ ਦੀਆਂ ਬਲੀਆਂ ਤੇ ਹੋਰ ਚੜ੍ਹਾਵੇ ਕਿਉਂ ਚੜ੍ਹਾਏ ਸਨ?
ਯਹੋਵਾਹ ਆਪਣੇ ਭਗਤਾਂ ਦੇ ਦਿਲੋਂ ਕੀਤੇ ਬਲੀਦਾਨਾਂ ਦੀ ਕਦਰ ਕਰਦਾ ਹੈ। ਉਹ ਇਹ ਬਲੀਦਾਨ ਇਸ ਲਈ ਚੜ੍ਹਾਉਂਦੇ ਹਨ ਕਿਉਂਕਿ ਉਹ ਯਹੋਵਾਹ ਨੂੰ ਪਿਆਰ ਕਰਦੇ ਹਨ ਅਤੇ ਉਸ ਦੀ ਮਰਜ਼ੀ ਪੂਰੀ ਕਰਨੀ ਚਾਹੁੰਦੇ ਹਨ। ਪੁਰਾਣੇ ਸਮਿਆਂ ਵਿਚ ਯਹੋਵਾਹ ਨੇ ਵੱਖੋ-ਵੱਖਰੇ ਜਾਨਵਰਾਂ ਦੀਆਂ ਬਲੀਆਂ ਤੇ ਹੋਰ ਚੜ੍ਹਾਵੇ ਕਬੂਲ ਕੀਤੇ ਸਨ। ਬਿਵਸਥਾ ਦੇ ਅਨੁਸਾਰ ਇਸਰਾਏਲੀ ਇਹ ਬਲੀਦਾਨ ਪਾਪਾਂ ਦੀ ਮਾਫ਼ੀ ਲਈ ਤੇ ਪਰਮੇਸ਼ੁਰ ਦਾ ਧੰਨਵਾਦ ਕਰਨ ਲਈ ਚੜ੍ਹਾਉਂਦੇ ਸਨ। ਮਸੀਹੀ ਕਲੀਸਿਯਾ ਵਿਚ ਯਹੋਵਾਹ ਸਾਡੇ ਤੋਂ ਅਜਿਹੇ ਬਲੀਦਾਨ ਨਹੀਂ ਚਾਹੁੰਦਾ। ਪਰ ਰੋਮ ਦੇ ਮਸੀਹੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਰਸੂਲ ਦੱਸਦਾ ਹੈ ਕਿ ਯਹੋਵਾਹ ਸਾਡੇ ਤੋਂ ਕੁਝ ਬਲੀਦਾਨ ਚਾਹੁੰਦਾ ਹੈ। ਆਓ ਆਪਾਂ ਰੋਮੀਆਂ ਦੇ 12ਵੇਂ ਅਧਿਆਇ ਵਿਚ ਦੇਖੀਏ ਕਿ ਇਹ ਕਿਹੜੇ ਬਲੀਦਾਨ ਹਨ।
ਜੀਉਂਦਾ ਬਲੀਦਾਨ
2. ਮਸੀਹੀ ਹੋਣ ਦੇ ਨਾਤੇ ਅਸੀਂ ਕਿਹੋ ਜਿਹਾ ਜੀਵਨ ਜੀਉਂਦੇ ਹਾਂ ਅਤੇ ਇੱਦਾਂ ਕਰਨ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ?
2 ਰੋਮੀਆਂ 12:1, 2 ਪੜ੍ਹੋ। ਆਪਣੀ ਚਿੱਠੀ ਦੇ ਮੁਢਲੇ ਹਿੱਸੇ ਵਿਚ ਪੌਲੁਸ ਨੇ ਸਾਫ਼-ਸਾਫ਼ ਦਿਖਾਇਆ ਕਿ ਪਰਮੇਸ਼ੁਰ ਨੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਕੰਮਾਂ ਤੋਂ ਨਹੀਂ, ਸਗੋਂ ਨਿਹਚਾ ਤੋਂ ਧਰਮੀ ਠਹਿਰਾਇਆ ਸੀ, ਭਾਵੇਂ ਉਹ ਯਹੂਦੀ ਸਨ ਜਾਂ ਪਰਾਈਆਂ ਕੌਮਾਂ ਵਿੱਚੋਂ ਸਨ। (ਰੋਮੀ. 1:16; 3:20-24) 12ਵੇਂ ਅਧਿਆਇ ਵਿਚ ਪੌਲੁਸ ਕਹਿੰਦਾ ਹੈ ਕਿ ਮਸੀਹੀਆਂ ਨੂੰ ਪਰਮੇਸ਼ੁਰ ਦੇ ਅਹਿਸਾਨਮੰਦ ਹੋਣਾ ਚਾਹੀਦਾ ਹੈ, ਇਸ ਲਈ ਉਨ੍ਹਾਂ ਨੂੰ ਆਪਣੇ ਲਈ ਹੀ ਨਹੀਂ ਜੀਣਾ ਚਾਹੀਦਾ। ਇੱਦਾਂ ਕਰਨ ਲਈ ਸਾਨੂੰ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ। ਵਿਰਸੇ ਵਿਚ ਮਿਲੇ ਪਾਪ ਦੇ ਕਾਰਨ ਅਸੀਂ “ਪਾਪ ਅਤੇ ਮੌਤ ਦੀ ਸ਼ਰਾ” ਦੇ ਵੱਸ ਵਿਚ ਹਾਂ। (ਰੋਮੀ. 8:2) ਇਸ ਲਈ ਸਾਨੂੰ ਆਪਣੇ ਮਨਾਂ ਵਿੱਚੋਂ ਗ਼ਲਤ ਖ਼ਿਆਲਾਂ ਨੂੰ ਕੱਢ ਕੇ ‘ਆਪਣੇ ਮਨ ਦੇ ਸੁਭਾਉ ਵਿੱਚ ਨਵੇਂ ਬਣਨ’ ਦੀ ਲੋੜ ਹੈ। (ਅਫ਼. 4:23) ਇਹ ਤਬਦੀਲੀ ਅਸੀਂ ਸਿਰਫ਼ ਪਰਮੇਸ਼ੁਰ ਅਤੇ ਉਸ ਦੀ ਸ਼ਕਤੀ ਦੀ ਮਦਦ ਨਾਲ ਹੀ ਕਰ ਸਕਦੇ ਹਾਂ। ਇਸ ਦੇ ਨਾਲ-ਨਾਲ ਸਾਨੂੰ ਦਿਮਾਗ਼ ਤੋਂ ਵੀ ਕੰਮ ਲੈਣ ਦੀ ਲੋੜ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਆਪਣੇ ਵੱਲੋਂ ਸਖ਼ਤ ਜਤਨ ਕਰਨ ਦੀ ਲੋੜ ਹੈ ਤਾਂਕਿ ਅਸੀਂ ਇਸ ‘ਜੁੱਗ ਦੇ ਰੂਪ ਜੇਹੇ ਨਾ ਬਣੀਏ’ ਜਿਸ ਦੇ ਅਸੂਲ ਗਿਰੇ ਹੋਏ ਹਨ, ਸੋਚ ਭ੍ਰਿਸ਼ਟ ਹੈ ਅਤੇ ਮਨੋਰੰਜਨ ਭੈੜਾ ਹੈ।—ਅਫ਼. 2:1-3.
3. ਅਸੀਂ ਮਸੀਹੀ ਕੰਮ ਕਿਉਂ ਕਰਦੇ ਹਾਂ?
3 ਪੌਲੁਸ ਕਹਿੰਦਾ ਹੈ ਕਿ ਸਾਨੂੰ ਦਿਮਾਗ਼ ਤੋਂ ਕੰਮ ਲੈ ਕੇ ਦੇਖਣਾ ਚਾਹੀਦਾ ਹੈ ਕਿ “ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।” ਜ਼ਰਾ ਸੋਚੋ ਕਿ ਅਸੀਂ ਕਿਉਂ ਰੋਜ਼ ਬਾਈਬਲ ਪੜ੍ਹਦੇ ਹਾਂ, ਪੜ੍ਹੀਆਂ ਗੱਲਾਂ ਉੱਤੇ ਮਨਨ ਕਰਦੇ ਹਾਂ, ਪ੍ਰਾਰਥਨਾ ਕਰਦੇ, ਮਸੀਹੀ ਸਭਾਵਾਂ ਵਿਚ ਜਾਂਦੇ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ? ਇਸ ਲਈ ਕਿਉਂਕਿ ਬਜ਼ੁਰਗ ਸਾਨੂੰ ਇੱਦਾਂ ਕਰਨ ਲਈ ਕਹਿੰਦੇ ਹਨ? ਇਹ ਸੱਚ ਹੈ ਕਿ ਅਸੀਂ ਬਜ਼ੁਰਗਾਂ ਵੱਲੋਂ ਯਾਦ ਕਰਾਈਆਂ ਜਾਂਦੀਆਂ ਗੱਲਾਂ ਲਈ ਉਨ੍ਹਾਂ ਦੀ ਕਦਰ ਕਰਦੇ ਹਾਂ। ਪਰ ਇਹ ਸਭ ਕੁਝ ਅਸੀਂ ਇਸ ਲਈ ਕਰਦੇ ਹਾਂ ਕਿਉਂਕਿ ਪਰਮੇਸ਼ੁਰ ਦੀ ਸ਼ਕਤੀ ਸਾਨੂੰ ਇਸ ਤਰ੍ਹਾਂ ਦਿਲੋਂ ਯਹੋਵਾਹ ਲਈ ਆਪਣਾ ਪਿਆਰ ਜ਼ਾਹਰ ਕਰਨ ਲਈ ਉਕਸਾਉਂਦੀ ਹੈ। ਇਸ ਤੋਂ ਇਲਾਵਾ, ਸਾਨੂੰ ਪੱਕਾ ਯਕੀਨ ਹੈ ਕਿ ਪਰਮੇਸ਼ੁਰ ਦੀ ਇਹੋ ਇੱਛਾ ਹੈ ਕਿ ਅਸੀਂ ਇਹ ਕੰਮ ਕਰੀਏ। (ਜ਼ਕ. 4:6; ਅਫ਼. 5:10) ਸਾਨੂੰ ਇਹ ਜਾਣ ਕੇ ਖ਼ੁਸ਼ੀ ਅਤੇ ਸੰਤੁਸ਼ਟੀ ਮਿਲਦੀ ਹੈ ਕਿ ਅਸੀਂ ਉਸ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਹਾਂ ਜਿਸ ਤਰ੍ਹਾਂ ਦੀ ਜ਼ਿੰਦਗੀ ਮਸੀਹੀਆਂ ਨੂੰ ਜੀਣੀ ਚਾਹੀਦੀ ਹੈ। ਇਸ ਕਰਕੇ ਪਰਮੇਸ਼ੁਰ ਸਾਨੂੰ ਕਬੂਲ ਕਰਦਾ ਹੈ।
ਵੱਖੋ-ਵੱਖਰੀਆਂ ਦਾਤਾਂ
4, 5. ਮਸੀਹੀ ਬਜ਼ੁਰਗਾਂ ਨੂੰ ਆਪਣੀਆਂ ਦਾਤਾਂ ਕਿਵੇਂ ਵਰਤਣੀਆਂ ਚਾਹੀਦੀਆਂ ਹਨ?
4 ਰੋਮੀਆਂ 12:6-8, 11 ਪੜ੍ਹੋ। ਪੌਲੁਸ ਦੱਸਦਾ ਹੈ ਕਿ “ਸਾਨੂੰ ਉਸ ਕਿਰਪਾ ਦੇ ਅਨੁਸਾਰ ਜੋ ਸਾਨੂੰ ਦਾਨ ਹੋਈ ਵੱਖੋ ਵੱਖਰੀਆਂ ਦਾਤਾਂ ਮਿਲੀਆਂ।” ਪੌਲੁਸ ਅਨੁਸਾਰ ਮਸੀਹੀ ਬਜ਼ੁਰਗਾਂ ਨੂੰ ਉਪਦੇਸ਼ ਦੇਣ ਅਤੇ ਅਗਵਾਈ ਕਰਨ ਦੀਆਂ ਦਾਤਾਂ ਮਿਲੀਆਂ ਹਨ। ਉਨ੍ਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ “ਤਰੱਦਦ” ਯਾਨੀ ਮਿਹਨਤ ਨਾਲ ਅਗਵਾਈ ਕਰਨ।
5 ਪੌਲੁਸ ਕਹਿੰਦਾ ਹੈ ਕਿ ਬਜ਼ੁਰਗਾਂ ਦੀ ਇਹ ਮਿਹਨਤ ਨਜ਼ਰ ਆਉਣੀ ਚਾਹੀਦੀ ਹੈ ਜਦੋਂ ਉਹ ਸਿੱਖਿਅਕਾਂ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹਨ ਤੇ “ਸੇਵਾ” ਕਰਦੇ ਹਨ। ਪਿਛਲੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਪੌਲੁਸ ਉਸ “ਸੇਵਾ” ਦੀ ਗੱਲ ਕਰ ਰਿਹਾ ਹੈ ਜੋ “ਇਕ ਸਰੀਰ” ਯਾਨੀ ਕਲੀਸਿਯਾ ਵਿਚ ਕੀਤੀ ਜਾਂਦੀ ਹੈ। (ਰੋਮੀ. 12:4, 5) ਇਹ ਸੇਵਾ ਰਸੂਲਾਂ ਦੇ ਕਰਤੱਬ 6:4 ਵਿਚ ਦੱਸੀ ਸੇਵਾ ਨਾਲ ਮਿਲਦੀ-ਜੁਲਦੀ ਹੈ। ਇਸ ਹਵਾਲੇ ਵਿਚ ਰਸੂਲਾਂ ਨੇ ਕਿਹਾ ਸੀ: “ਅਸੀਂ ਪ੍ਰਾਰਥਨਾ ਵਿੱਚ ਅਰ ਬਚਨ ਦੀ ਸੇਵਾ ਵਿੱਚ ਲੱਗੇ ਰਹਾਂਗੇ।” ਇਸ ਸੇਵਾ ਵਿਚ ਕੀ ਕੁਝ ਸ਼ਾਮਲ ਹੈ? ਮਸੀਹੀ ਬਜ਼ੁਰਗ ਆਪਣੀਆਂ ਦਾਤਾਂ ਨੂੰ ਕਲੀਸਿਯਾ ਦੇ ਮੈਂਬਰਾਂ ਨੂੰ ਉਤਸ਼ਾਹਿਤ ਕਰਨ ਲਈ ਵਰਤਦੇ ਹਨ। ਉਹ ਪ੍ਰਾਰਥਨਾ ਸਹਿਤ ਸਟੱਡੀ ਤੇ ਰੀਸਰਚ ਕਰਨ, ਸਿੱਖਿਆ ਦੇਣ ਤੇ ਚਰਵਾਹੀ ਕਰਨ ਦੁਆਰਾ ਕਲੀਸਿਯਾ ਨੂੰ ਬਾਈਬਲ ਤੋਂ ਹਿਦਾਇਤਾਂ ਦਿੰਦੇ ਹਨ ਤੇ ਅਗਵਾਈ ਕਰਦੇ ਹਨ। ਇਸ ਤਰ੍ਹਾਂ ਉਹ ‘ਆਪਣੀ ਸੇਵਾ ਵਿੱਚ ਲੱਗੇ ਰਹਿੰਦੇ’ ਹਨ। “ਖ਼ੁਸ਼ੀ ਨਾਲ” ਕਲੀਸਿਯਾ ਦੀ ਦੇਖ-ਭਾਲ ਕਰਨ ਲਈ ਬਜ਼ੁਰਗਾਂ ਨੂੰ ਧਿਆਨ ਨਾਲ ਆਪਣੀਆਂ ਦਾਤਾਂ ਨੂੰ ਵਰਤਣਾ ਚਾਹੀਦਾ ਹੈ।—ਰੋਮੀ. 12:7, 8; 1 ਪਤ. 5:1-3.
6. ਅਸੀਂ ਰੋਮੀਆਂ 12:11 ਵਿਚ ਦਿੱਤੀ ਸਲਾਹ ਦੇ ਮੁਤਾਬਕ ਕਿਵੇਂ ਚੱਲ ਸਕਦੇ ਹਾਂ ਜੋ ਇਸ ਲੇਖ ਦਾ ਵਿਸ਼ਾ ਹੈ?
6 ਪੌਲੁਸ ਅੱਗੇ ਕਹਿੰਦਾ ਹੈ: “ਮਿਹਨਤ ਵਿੱਚ ਢਿੱਲੇ ਨਾ ਹੋਵੋ, ਆਤਮਾ [ਪਵਿੱਤਰ ਸ਼ਕਤੀ] ਵਿੱਚ ਸਰਗਰਮ ਰਹੋ, ਪ੍ਰਭੁ ਦੀ ਸੇਵਾ ਕਰਿਆ ਕਰੋ।” ਜੇ ਸਾਨੂੰ ਲੱਗਦਾ ਹੈ ਕਿ ਅਸੀਂ ਪ੍ਰਚਾਰ ਵਿਚ ਠੰਢੇ ਪੈ ਰਹੇ ਹਾਂ, ਤਾਂ ਸਾਨੂੰ ਸ਼ਾਇਦ ਆਪਣੀ ਸਟੱਡੀ ਕਰਨ ਦੀ ਆਦਤ ਸੁਧਾਰਨੀ ਪਵੇ ਅਤੇ ਹੋਰ ਵੀ ਦਿਲ ਲਾ ਕੇ ਯਹੋਵਾਹ ਨੂੰ ਸ਼ਕਤੀ ਲਈ ਲਗਾਤਾਰ ਪ੍ਰਾਰਥਨਾ ਕਰਨੀ ਪਵੇ। ਇਹ ਸ਼ਕਤੀ ਸਾਨੂੰ ਪ੍ਰਚਾਰ ਵਿਚ ਢਿੱਲੇ ਪੈਣ ਤੋਂ ਬਚਾ ਸਕਦੀ ਹੈ ਅਤੇ ਸਾਡੇ ਅੰਦਰ ਦੁਬਾਰਾ ਜੋਸ਼ ਪੈਦਾ ਕਰ ਸਕਦੀ ਹੈ। (ਲੂਕਾ 11:9, 13; ਪਰ. 2:4; 3:14, 15, 19) ਪਵਿੱਤਰ ਸ਼ਕਤੀ ਦੀ ਮਦਦ ਨਾਲ ਪਹਿਲੀ ਸਦੀ ਦੇ ਮਸੀਹੀਆਂ ਨੇ ‘ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ ਦਾ ਵਖਾਣ ਕੀਤਾ’ ਸੀ। (ਰਸੂ. 2:4, 11) ਇਸੇ ਤਰ੍ਹਾਂ ਅਸੀਂ “ਆਤਮਾ [ਪਵਿੱਤਰ ਸ਼ਕਤੀ]” ਦੀ ਮਦਦ ਨਾਲ ਪ੍ਰਚਾਰ ਵਿਚ ਜੋਸ਼ੀਲੇ ਯਾਨੀ “ਸਰਗਰਮ” ਹੋ ਸਕਦੇ ਹਾਂ।
ਨਿਮਰਤਾ
7. ਸਾਨੂੰ ਨਿਮਰਤਾ ਨਾਲ ਕਿਉਂ ਸੇਵਾ ਕਰਨੀ ਚਾਹੀਦੀ ਹੈ?
7 ਰੋਮੀਆਂ 12:3, 16 ਪੜ੍ਹੋ। ਸਾਨੂੰ ਜੋ ਵੀ ਦਾਤਾਂ ਮਿਲੀਆਂ ਹੋਈਆਂ ਹਨ, ਉਹ ਯਹੋਵਾਹ ਦੀ “ਕਿਰਪਾ” ਨਾਲ ਮਿਲੀਆਂ ਹਨ। ਇਕ ਹੋਰ ਚਿੱਠੀ ਵਿਚ ਪੌਲੁਸ ਕਹਿੰਦਾ ਹੈ: “ਸਾਡੀ ਜੋਗਤਾ ਪਰਮੇਸ਼ੁਰ ਵੱਲੋਂ ਹੈ।” (2 ਕੁਰਿੰ. 3:5) ਇਸ ਲਈ ਸਾਨੂੰ ਆਪਣੀ ਵਡਿਆਈ ਨਹੀਂ ਕਰਨੀ ਚਾਹੀਦੀ। ਸਾਨੂੰ ਨਿਮਰ ਹੋ ਕੇ ਮੰਨਣਾ ਚਾਹੀਦਾ ਹੈ ਕਿ ਸੇਵਾ ਕਰਦਿਆਂ ਸਾਨੂੰ ਜੋ ਵੀ ਸਫ਼ਲਤਾ ਮਿਲਦੀ ਹੈ, ਉਹ ਸਾਡੀਆਂ ਆਪਣੀਆਂ ਯੋਗਤਾਵਾਂ ਕਰਕੇ ਨਹੀਂ, ਸਗੋਂ ਪਰਮੇਸ਼ੁਰ ਦੀ ਬਰਕਤ ਸਦਕਾ ਮਿਲਦੀ ਹੈ। (1 ਕੁਰਿੰ. 3:6, 7) ਇਸ ਸੰਬੰਧੀ ਪੌਲੁਸ ਨੇ ਕਿਹਾ: “ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਆਖਦਾ ਹਾਂ ਭਈ ਉਹ ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੇ।” ਪਰ ਇਹ ਵੀ ਜ਼ਰੂਰੀ ਹੈ ਕਿ ਅਸੀਂ ਸੇਵਾ ਕਰਦਿਆਂ ਆਤਮ-ਸਨਮਾਨ ਬਣਾਈ ਰੱਖੀਏ ਤੇ ਖ਼ੁਸ਼ ਰਹੀਏ। ਜੇ ਅਸੀਂ ਨਿਮਰ ਰਹਾਂਗੇ ਜਾਂ ਆਪਣੀਆਂ ਕਮਜ਼ੋਰੀਆਂ ਨੂੰ ਜਾਣਾਂਗੇ, ਤਾਂ ਅਸੀਂ ਆਪਣੀ ਜ਼ਿੱਦ ʼਤੇ ਨਹੀਂ ਅੜੇ ਰਹਾਂਗੇ ਕਿ ਸਾਡੀ ਗੱਲ ਹੀ ਸਹੀ ਹੈ। ਇਸ ਦੀ ਬਜਾਇ ਅਸੀਂ “ਸੁਰਤ ਨਾਲ” ਸੋਚਾਂ-ਸਮਝਾਂਗੇ।
8. ਅਸੀਂ ‘ਆਪਣੀ ਜਾਚ ਵਿੱਚ ਸਿਆਣੇ ਬਣਨ’ ਤੋਂ ਕਿਵੇਂ ਬਚ ਸਕਦੇ ਹਾਂ?
8 ਜੇ ਅਸੀਂ ਆਪਣੀਆਂ ਕਾਮਯਾਬੀਆਂ ਕਰਕੇ ਸ਼ੇਖ਼ੀ ਮਾਰਦੇ ਹਾਂ, ਤਾਂ ਇਹ ਮੂਰਖਤਾ ਦੀ ਗੱਲ ਹੋਵੇਗੀ। ਨਾਲੇ “ਵਧਾਉਣ ਵਾਲਾ” ਤਾਂ “ਪਰਮੇਸ਼ੁਰ” ਹੈ। (1 ਕੁਰਿੰ. 3:7) ਪੌਲੁਸ ਕਹਿੰਦਾ ਹੈ ਕਿ ਪਰਮੇਸ਼ੁਰ ਨੇ ਕਲੀਸਿਯਾ ਦੇ ਹਰੇਕ ਮੈਂਬਰ ਨੂੰ ‘ਮਿਣ ਕੇ ਨਿਹਚਾ’ ਦਿੱਤੀ ਹੈ। ਇਸ ਲਈ ਦੂਜਿਆਂ ਨਾਲੋਂ ਆਪਣੇ ਆਪ ਨੂੰ ਉੱਚਾ ਸਮਝਣ ਦੀ ਬਜਾਇ ਸਾਨੂੰ ਦੇਖਣਾ ਚਾਹੀਦਾ ਹੈ ਕਿ ਦੂਸਰੇ ਆਪਣੀ ਨਿਹਚਾ ਦੇ ਅਨੁਸਾਰ ਕੀ ਕੁਝ ਪੂਰਾ ਕਰ ਰਹੇ ਹਨ। ਪੌਲੁਸ ਅੱਗੇ ਕਹਿੰਦਾ ਹੈ: “ਆਪੋ ਵਿੱਚ ਇੱਕ ਮਨ ਹੋਵੋ।” ਇਕ ਹੋਰ ਚਿੱਠੀ ਵਿਚ ਪੌਲੁਸ ਰਸੂਲ ਕਹਿੰਦਾ ਹੈ ਕਿ “ਫੋਕੇ ਘੁਮੰਡ ਨਾਲ ਕੁਝ ਨਾ ਕਰੋ ਸਗੋਂ ਤੁਸੀਂ ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ।” (ਫ਼ਿਲਿ. 2:3) ਇਸ ਤਰ੍ਹਾਂ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਨਿਮਰ ਹੋ ਕੇ ਜਾਣੀਏ ਕਿ ਸਾਡੇ ਭੈਣ-ਭਰਾ ਕਿਸੇ ਨਾ ਕਿਸੇ ਗੱਲ ਵਿਚ ਸਾਡੇ ਨਾਲੋਂ ਉੱਤਮ ਹਨ। ਨਿਮਰ ਹੋਣ ਨਾਲ ਅਸੀਂ ‘ਆਪਣੀ ਜਾਚ ਵਿੱਚ ਸਿਆਣੇ ਨਹੀਂ ਬਣਾਂਗੇ।’ ਇਹ ਤਾਂ ਠੀਕ ਹੈ ਕਿ ਭੈਣ-ਭਰਾ ਸ਼ਾਇਦ ਉਨ੍ਹਾਂ ਕੁਝ ਭੈਣਾਂ-ਭਰਾਵਾਂ ਵੱਲ ਜ਼ਿਆਦਾ ਧਿਆਨ ਦੇਣ ਜਿਨ੍ਹਾਂ ਕੋਲ ਖ਼ਾਸ ਸਨਮਾਨ ਹਨ, ਪਰ ਸਾਰੇ ਜਣੇ ‘ਨੀਵੇਂ’ ਯਾਨੀ ਛੋਟੇ-ਛੋਟੇ ਕੰਮ ਕਰ ਕੇ ਖ਼ੁਸ਼ ਹੋ ਸਕਦੇ ਹਨ ਜੋ ਅਕਸਰ ਹੋਰਨਾਂ ਦੀਆਂ ਨਜ਼ਰਾਂ ਵਿਚ ਨਹੀਂ ਆਉਂਦੇ।—1 ਪਤ. 5:5.
ਮਸੀਹੀ ਏਕਤਾ
9. ਪੌਲੁਸ ਮਸਹ ਕੀਤੇ ਹੋਏ ਮਸੀਹੀਆਂ ਦੀ ਤੁਲਨਾ ਸਰੀਰ ਦੇ ਅੰਗਾਂ ਨਾਲ ਕਿਉਂ ਕਰਦਾ ਹੈ?
9 ਰੋਮੀਆਂ 12:4, 5, 9, 10 ਪੜ੍ਹੋ। ਪੌਲੁਸ ਮਸਹ ਕੀਤੇ ਹੋਏ ਮਸੀਹੀਆਂ ਦੀ ਤੁਲਨਾ ਸਰੀਰ ਦੇ ਅੰਗਾਂ ਨਾਲ ਕਰਦਾ ਹੈ। ਇਹ ਮਸੀਹੀ ਭੈਣ-ਭਰਾ ਏਕਤਾ ਨਾਲ ਆਪਣੇ ਸਿਰ ਮਸੀਹ ਦੇ ਅਧੀਨ ਸੇਵਾ ਕਰਦੇ ਹਨ। (ਕੁਲੁ. 1:18) ਉਹ ਮਸਹ ਕੀਤੇ ਹੋਏ ਮਸੀਹੀਆਂ ਨੂੰ ਯਾਦ ਦਿਵਾਉਂਦਾ ਹੈ ਕਿ ਜਿਵੇਂ ਸਰੀਰ ਦੇ ਕਈ ਅੰਗ ਹਨ ਤੇ ਉਹ ਵੱਖੋ-ਵੱਖਰੇ ਕੰਮ ਕਰਦੇ ਹਨ, “ਤਿਵੇਂ ਅਸੀਂ ਜੋ ਢੇਰ ਸਾਰੇ ਹਾਂ ਮਸੀਹ ਵਿੱਚ ਮਿਲ ਕੇ ਇੱਕ ਸਰੀਰ ਹਾਂ।” ਇਸੇ ਤਰ੍ਹਾਂ ਪੌਲੁਸ ਨੇ ਅਫ਼ਸੁਸ ਦੇ ਮਸੀਹੀਆਂ ਨੂੰ ਤਾਕੀਦ ਕੀਤੀ: “ਅਸੀਂ ਪ੍ਰੇਮ ਨਾਲ ਸੱਚ ਕਮਾਉਂਦਿਆਂ ਹੋਇਆਂ ਉਸ ਵਿੱਚ ਜੋ ਸਿਰ ਹੈ ਅਰਥਾਤ ਮਸੀਹ ਵਿੱਚ ਹਰ ਤਰਾਂ ਵਧਦੇ ਜਾਈਏ ਜਿਸ ਤੋਂ ਸਾਰੀ ਦੇਹੀ ਹਰੇਕ ਜੋੜ ਦੀ ਮੱਦਤ ਨਾਲ ਠੀਕ ਠੀਕ ਜੁੜ ਕੇ ਅਤੇ ਇੱਕ ਸੰਗ ਮਿਲ ਕੇ ਇੱਕ ਇੱਕ ਅੰਗ ਦੇ ਵਲ ਕੰਮ ਕਰਨ ਅਨੁਸਾਰ ਆਪਣੇ ਆਪ ਨੂੰ ਵਧਾਈ ਜਾਂਦੀ ਹੈ ਭਈ ਉਹ ਪ੍ਰੇਮ ਵਿੱਚ ਆਪਣੀ ਉਸਾਰੀ ਕਰੇ।”—ਅਫ਼. 4:15, 16.
10. “ਹੋਰ ਭੇਡਾਂ” ਨੂੰ ਕਿਸ ਦੇ ਅਧੀਨ ਰਹਿਣਾ ਚਾਹੀਦਾ ਹੈ?
10 ਭਾਵੇਂ “ਹੋਰ ਭੇਡਾਂ” ਮਸੀਹ ਦੇ ਸਰੀਰ ਯਾਨੀ ਮਸਹ ਕੀਤੇ ਹੋਇਆਂ ਦਾ ਹਿੱਸਾ ਨਹੀਂ ਹਨ, ਪਰ ਉਹ ਇਸ ਮਿਸਾਲ ਤੋਂ ਕਾਫ਼ੀ ਕੁਝ ਸਿੱਖ ਸਕਦੀਆਂ ਹਨ। (ਯੂਹੰ. 10:16) ਪੌਲੁਸ ਕਹਿੰਦਾ ਹੈ ਕਿ ਯਹੋਵਾਹ ਨੇ “ਸੱਭੋ ਕੁਝ ਉਸ ਦੇ ਪੈਰਾਂ ਹੇਠ ਕਰ ਦਿਤਾ ਅਤੇ ਸਭਨਾਂ ਵਸਤਾਂ ਉੱਤੇ ਸਿਰ ਬਣਨ ਲਈ ਉਸ ਨੂੰ ਕਲੀਸਿਯਾ ਲਈ ਦੇ ਦਿੱਤਾ।” (ਅਫ਼. 1:22) ਅੱਜ ਹੋਰ ਭੇਡਾਂ ਉਸੇ “ਸੱਭੋ ਕੁਝ” ਵਿਚ ਆਉਂਦੀਆਂ ਹਨ ਜੋ ਯਹੋਵਾਹ ਨੇ ਆਪਣੇ ਪੁੱਤਰ ਦੇ ਅਧੀਨ ਕੀਤਾ ਹੈ। ਉਹ ਉਸ ‘ਮਾਲ ਮਤੇ’ ਦਾ ਹਿੱਸਾ ਵੀ ਹਨ ਜੋ ਮਸੀਹ ਨੇ “ਮਾਤਬਰ ਅਤੇ ਬੁੱਧਵਾਨ ਨੌਕਰ” ਨੂੰ ਸੌਂਪਿਆ ਹੈ। (ਮੱਤੀ 24:45-47) ਇਸ ਲਈ ਧਰਤੀ ʼਤੇ ਜੀਣ ਦੀ ਉਮੀਦ ਰੱਖਣ ਵਾਲੇ ਇਨ੍ਹਾਂ ਮਸੀਹੀਆਂ ਨੂੰ ਯਿਸੂ ਮਸੀਹ ਨੂੰ ਆਪਣੇ ਸਿਰ ਵਜੋਂ ਕਬੂਲ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਮਾਤਬਰ ਅਤੇ ਬੁੱਧਵਾਨ ਨੌਕਰ, ਇਸ ਦੀ ਪ੍ਰਬੰਧਕ ਸਭਾ ਅਤੇ ਕਲੀਸਿਯਾ ਵਿਚ ਨਿਯੁਕਤ ਕੀਤੇ ਗਏ ਨਿਗਾਹਬਾਨਾਂ ਅਧੀਨ ਰਹਿਣਾ ਚਾਹੀਦਾ ਹੈ। (ਇਬ. 13:7, 17) ਇਸ ਤਰ੍ਹਾਂ ਕਰ ਕੇ ਕਲੀਸਿਯਾ ਵਿਚ ਏਕਤਾ ਵਧਦੀ ਹੈ।
11. ਸਾਡੀ ਏਕਤਾ ਕਿਸ ਗੱਲ ਉੱਤੇ ਆਧਾਰਿਤ ਹੈ ਅਤੇ ਪੌਲੁਸ ਨੇ ਹੋਰ ਕਿਹੜੀ ਸਲਾਹ ਦਿੱਤੀ?
11 ਅਜਿਹੀ ਏਕਤਾ ਪਿਆਰ ʼਤੇ ਆਧਾਰਿਤ ਹੈ ਜੋ “ਸੰਪੂਰਨਤਾਈ ਦਾ ਬੰਧ ਹੈ।” (ਕੁਲੁ. 3:14) ਰੋਮੀਆਂ ਦੇ 12ਵੇਂ ਅਧਿਆਇ ਵਿਚ ਪੌਲੁਸ ਜ਼ੋਰ ਦਿੰਦਾ ਹੈ ਕਿ ਸਾਡਾ ਪਿਆਰ “ਨਿਸ਼ਕਪਟ ਹੋਵੇ” ਅਤੇ ਅਸੀਂ ‘ਭਰੱਪਣ ਦੇ ਪ੍ਰੇਮ ਵਿੱਚ ਇੱਕ ਦੂਏ ਨਾਲ ਗੂੜ੍ਹਾ ਹਿਤ ਰੱਖੀਏ।’ ਇੱਦਾਂ ਕਰਨ ਨਾਲ ਅਸੀਂ ਇਕ-ਦੂਜੇ ਦਾ ਆਦਰ ਕਰਦੇ ਹਾਂ। ਪੌਲੁਸ ਰਸੂਲ ਕਹਿੰਦਾ ਹੈ: “ਆਦਰ ਵਿੱਚ ਦੂਏ ਨੂੰ ਚੰਗਾ ਸਮਝੋ।” ਪਰ ਉਹ ਲੋਕ ਸਾਡੇ ਪਿਆਰ ਦੇ ਲਾਇਕ ਨਹੀਂ ਹਨ ਜੋ ਯਹੋਵਾਹ ਦੇ ਮਿਆਰਾਂ ʼਤੇ ਚੱਲਣਾ ਛੱਡ ਦਿੰਦੇ ਹਨ। ਸਾਨੂੰ ਸਾਰਿਆਂ ਨੂੰ ਕਲੀਸਿਯਾ ਨੂੰ ਸ਼ੁੱਧ ਰੱਖਣ ਲਈ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਿਆਰ ਬਾਰੇ ਸਲਾਹ ਦਿੰਦੇ ਹੋਏ ਪੌਲੁਸ ਅੱਗੇ ਕਹਿੰਦਾ ਹੈ: “ਬੁਰਿਆਈ ਤੋਂ ਸੂਗ ਕਰੋ, ਭਲਿਆਈ ਨਾਲ ਮਿਲੇ ਰਹੋ।”
ਪਰਾਹੁਣਚਾਰੀ ਕਰੋ
12. ਪਰਾਹੁਣਚਾਰੀ ਦਿਖਾਉਣ ਸੰਬੰਧੀ ਅਸੀਂ ਮਕਦੂਨਿਯਾ ਦੇ ਮਸੀਹੀਆਂ ਤੋਂ ਕੀ ਸਿੱਖ ਸਕਦੇ ਹਾਂ?
12 ਰੋਮੀਆਂ 12:13 ਪੜ੍ਹੋ। ਭਰਾਵਾਂ ਲਈ ਪਿਆਰ ਸਾਨੂੰ ਆਪਣੀ ਹੈਸੀਅਤ ਅਨੁਸਾਰ ‘ਸੰਤਾਂ ਦੀਆਂ ਲੋੜਾਂ ਦੇ ਸਾਂਝੀ ਬਣਨ’ ਲਈ ਪ੍ਰੇਰੇਗਾ। ਭਾਵੇਂ ਅਸੀਂ ਗ਼ਰੀਬ ਹਾਂ, ਫਿਰ ਵੀ ਅਸੀਂ ਉਹ ਕੁਝ ਸਾਂਝਾ ਕਰ ਸਕਦੇ ਹਾਂ ਜੋ ਕੁਝ ਸਾਡੇ ਕੋਲ ਹੈ। ਮਕਦੂਨਿਯਾ ਦੇ ਮਸੀਹੀਆਂ ਬਾਰੇ ਲਿਖਦੇ ਹੋਏ ਪੌਲੁਸ ਨੇ ਕਿਹਾ: “ਭਈ ਕਿਸ ਤਰਾਂ ਨਾਲ ਬਿਪਤਾ ਦੇ ਵੱਡੇ ਪਰਤਾਵੇ ਵਿੱਚ ਉਨ੍ਹਾਂ ਦੇ ਅਨੰਦ ਦੀ ਬਹੁਤਾਇਤ ਅਤੇ ਉਨ੍ਹਾਂ ਦੀ ਡਾਢੀ ਗਰੀਬੀ ਨੇ ਉਨ੍ਹਾਂ ਦੀ ਅੱਤ ਵੱਡੀ ਖੁਲ੍ਹ ਦਿਲੀ ਨੂੰ ਵਧੀਕ ਕਰ ਦਿੱਤਾ। ਕਿਉਂ ਜੋ ਮੈਂ ਇਹ ਸਾਖੀ ਦਿੰਦਾ ਹਾਂ ਭਈ ਉਨ੍ਹਾਂ ਨੇ ਆਪਣੇ ਵਿਤ ਦੇ ਅਨੁਸਾਰ ਸਗੋਂ ਆਪਣੇ ਵਿਤੋਂ ਬਾਹਰ ਆਪ ਤੋਂ ਆਪ ਦਾਨ ਦਿੱਤਾ। ਅਤੇ ਉਨ੍ਹਾਂ ਨੇ ਵੱਡੀਆਂ ਮਿੰਨਤਾਂ ਨਾਲ ਸਾਡੇ ਅੱਗੇ ਇਹ ਬੇਨਤੀ ਕੀਤੀ ਭਈ ਸਾਡੀ ਵੀ ਉਸ ਪੁੰਨ ਦੇ ਕੰਮ ਅਤੇ ਉਸ ਸੇਵਾ ਵਿੱਚ ਜਿਹੜੀ [ਯਹੂਦਿਯਾ ਦੇ] ਸੰਤਾਂ ਦੇ ਲਈ ਹੈ ਸਾਂਝ ਹੋਵੇ।” (2 ਕੁਰਿੰ. 8:2-4) ਭਾਵੇਂ ਮਕਦੂਨਿਯਾ ਦੇ ਮਸੀਹੀ ਗ਼ਰੀਬ ਸਨ, ਪਰ ਉਹ ਖੁੱਲ੍ਹੇ ਦਿਲ ਵਾਲੇ ਸਨ। ਉਹ ਆਪਣੀਆਂ ਚੀਜ਼ਾਂ ਯਹੂਦਿਯਾ ਦੇ ਲੋੜਵੰਦ ਭਰਾਵਾਂ ਨਾਲ ਸਾਂਝੀਆਂ ਕਰਨ ਨੂੰ ਸਨਮਾਨ ਸਮਝਦੇ ਸਨ।
13. ‘ਪਰਾਹੁਣਚਾਰੀ ਪੁੱਜ ਕੇ ਕਰਨ’ ਦਾ ਕੀ ਮਤਲਬ ਹੈ?
13 ਜਿਨ੍ਹਾਂ ਯੂਨਾਨੀ ਸ਼ਬਦਾਂ ਦਾ ਅਨੁਵਾਦ “ਪਰਾਹੁਣਚਾਰੀ ਪੁੱਜ ਕੇ ਕਰੋ” ਕੀਤਾ ਗਿਆ ਹੈ, ਉਨ੍ਹਾਂ ਦਾ ਮਤਲਬ ਹੈ ਪਰਾਹੁਣਚਾਰੀ ਦਿਖਾਉਣ ਵਿਚ ਪਹਿਲ ਕਰੋ। ਦ ਨਿਊ ਜਰੂਸਲਮ ਬਾਈਬਲ ਕਹਿੰਦੀ ਹੈ ਕਿ “ਪਰਾਹੁਣਚਾਰੀ ਕਰਨ ਦੇ ਮੌਕੇ ਭਾਲੋ।” ਪਰਾਹੁਣਚਾਰੀ ਕਦੇ-ਕਦੇ ਕਿਸੇ ਨੂੰ ਖਾਣੇ ਤੇ ਬੁਲਾ ਕੇ ਕੀਤੀ ਜਾਂਦੀ ਹੈ। ਪਰ ਜਦੋਂ ਤੁਸੀਂ ਪਿਆਰ ਦੀ ਖ਼ਾਤਰ ਪਰਾਹੁਣਚਾਰੀ ਕਰਦੇ ਹੋ, ਤਾਂ ਤੁਸੀਂ ਤਾਰੀਫ਼ ਦੇ ਕਾਬਲ ਹੋ। ਪਹਿਲ ਕਰਨ ਨਾਲ ਸਾਨੂੰ ਪਰਾਹੁਣਚਾਰੀ ਕਰਨ ਦੇ ਕਈ ਤਰੀਕੇ ਪਤਾ ਲੱਗਣਗੇ। ਜੇ ਅਸੀਂ ਪੈਸੇ ਪੱਖੋਂ ਤੰਗ ਹਾਂ ਜਾਂ ਸਿਹਤ ਠੀਕ ਨਹੀਂ ਰਹਿੰਦੀ, ਤਾਂ ਅਸੀਂ ਭੈਣਾਂ-ਭਰਾਵਾਂ ਨੂੰ ਖਾਣੇ ਵਾਸਤੇ ਬੁਲਾਉਣ ਦੀ ਬਜਾਇ ਚਾਹ, ਕਾਫ਼ੀ ਜਾਂ ਸੋਡਾ ਵਗੈਰਾ ਪੀਣ ਲਈ ਬੁਲਾ ਸਕਦੇ ਹਾਂ। ਇਹ ਵੀ ਪਰਾਹੁਣਚਾਰੀ ਦਿਖਾਉਣ ਦਾ ਇਕ ਤਰੀਕਾ ਹੈ।
14. (ੳ) ਜਿਸ ਯੂਨਾਨੀ ਸ਼ਬਦ ਤੋਂ “ਪਰਾਹੁਣਚਾਰੀ” ਅਨੁਵਾਦ ਕੀਤਾ ਗਿਆ ਹੈ, ਉਹ ਕਿਹੜੇ ਸ਼ਬਦਾਂ ਤੋਂ ਬਣਿਆ ਹੈ? (ਅ) ਸੇਵਕਾਈ ਵਿਚ ਅਸੀਂ ਪਰਦੇਸੀਆਂ ਲਈ ਪਰਾਹੁਣਚਾਰੀ ਕਿਸ ਤਰ੍ਹਾਂ ਦਿਖਾ ਸਕਦੇ ਹਾਂ?
14 ਅਸੀਂ ਤਾਂ ਹੀ ਪਰਾਹੁਣਚਾਰ ਬਣ ਸਕਦੇ ਹਾਂ ਜੇ ਸਾਡਾ ਨਜ਼ਰੀਆ ਸਹੀ ਹੈ। ਜਿਸ ਯੂਨਾਨੀ ਸ਼ਬਦ ਤੋਂ “ਪਰਾਹੁਣਚਾਰੀ” ਅਨੁਵਾਦ ਕੀਤਾ ਗਿਆ ਹੈ, ਉਹ ਦੋ ਮੂਲ ਸ਼ਬਦਾਂ ਤੋਂ ਬਣਿਆ ਹੈ ਜਿਨ੍ਹਾਂ ਦਾ ਮਤਲਬ ਹੈ “ਪਿਆਰ” ਅਤੇ “ਅਜਨਬੀ।” ਸਾਨੂੰ ਅਜਨਬੀਆਂ ਜਾਂ ਪਰਦੇਸੀਆਂ ਬਾਰੇ ਕਿਵੇਂ ਸੋਚਣਾ ਚਾਹੀਦਾ ਹੈ? ਜਿਹੜੇ ਮਸੀਹੀ ਆਪਣੇ ਇਲਾਕੇ ਵਿਚ ਹੋਰਨਾਂ ਦੇਸ਼ਾਂ ਤੋਂ ਆਏ ਲੋਕਾਂ ਨੂੰ ਖ਼ੁਸ਼-ਖ਼ਬਰੀ ਸੁਣਾਉਣ ਲਈ ਉਨ੍ਹਾਂ ਦੀ ਭਾਸ਼ਾ ਸਿੱਖਦੇ ਹਨ, ਉਨ੍ਹਾਂ ਨੂੰ ਸੱਚ-ਮੁੱਚ ਪਰਾਹੁਣਚਾਰ ਕਿਹਾ ਜਾ ਸਕਦਾ ਹੈ। ਇਹ ਤਾਂ ਠੀਕ ਹੈ ਕਿ ਸਾਡੇ ਵਿੱਚੋਂ ਕਈ ਭੈਣ-ਭਰਾ ਆਪਣੇ ਹਾਲਾਤਾਂ ਕਰਕੇ ਹੋਰ ਭਾਸ਼ਾ ਨਹੀਂ ਸਿੱਖ ਸਕਦੇ। ਫਿਰ ਵੀ ਅਸੀਂ ਸਾਰੀਆਂ ਕੌਮਾਂ ਦੇ ਲੋਕਾਂ ਲਈ ਖ਼ੁਸ਼ ਖ਼ਬਰੀ ਪੁਸਤਿਕਾ ਵਰਤ ਕੇ ਪਰਦੇਸੀਆਂ ਦੀ ਚੰਗੀ ਤਰ੍ਹਾਂ ਮਦਦ ਕਰ ਸਕਦੇ ਹਾਂ। ਇਸ ਪੁਸਤਿਕਾ ਵਿਚ ਕਈ ਭਾਸ਼ਾਵਾਂ ਵਿਚ ਬਾਈਬਲ ਦਾ ਸੰਦੇਸ਼ ਹੈ। ਇਸ ਪੁਸਤਿਕਾ ਨੂੰ ਸੇਵਕਾਈ ਵਿਚ ਵਰਤ ਕੇ ਕੀ ਤੁਹਾਨੂੰ ਚੰਗੇ ਨਤੀਜੇ ਮਿਲੇ ਹਨ?
ਹਮਦਰਦੀ ਜਤਾਓ
15. ਯਿਸੂ ਨੇ ਰੋਮੀਆਂ 12:15 ਦੀ ਸਲਾਹ ਉੱਤੇ ਕਿਵੇਂ ਚੱਲ ਕੇ ਦਿਖਾਇਆ?
15 ਰੋਮੀਆਂ 12:15 ਪੜ੍ਹੋ। ਇਸ ਆਇਤ ਵਿਚ ਪੌਲੁਸ ਦੀ ਸਲਾਹ ਦਾ ਸਾਰ ਦੋ ਸ਼ਬਦਾਂ ਵਿਚ ਦਿੱਤਾ ਜਾ ਸਕਦਾ ਹੈ: ਹਮਦਰਦੀ ਜਤਾਓ। ਸਾਨੂੰ ਦੂਜੇ ਬੰਦੇ ਦੀਆਂ ਭਾਵਨਾਵਾਂ ਨੂੰ ਸਮਝਣਾ ਅਤੇ ਉਸ ਦੇ ਦੁੱਖ-ਸੁਖ ਨੂੰ ਵੰਡਾਉਣਾ ਚਾਹੀਦਾ ਹੈ। ਜੇ ਅਸੀਂ ਪਵਿੱਤਰ ਸ਼ਕਤੀ ਨਾਲ ਸਰਗਰਮ ਹਾਂ, ਤਾਂ ਇਹ ਨਜ਼ਰ ਆਵੇਗਾ ਜਦੋਂ ਅਸੀਂ ਖ਼ੁਸ਼ੀ ਜਾਂ ਹਮਦਰਦੀ ਦੀਆਂ ਭਾਵਨਾਵਾਂ ਸਾਂਝੀਆਂ ਕਰਾਂਗੇ। ਜਦੋਂ ਮਸੀਹ ਦੇ 70 ਚੇਲੇ ਪ੍ਰਚਾਰ ਕਰ ਕੇ ਆਏ ਤੇ ਖ਼ੁਸ਼ੀ ਨਾਲ ਦੱਸਿਆ ਕਿ ਉਨ੍ਹਾਂ ਨੇ ਕੀ-ਕੀ ਕੀਤਾ, ਤਾਂ ਯਿਸੂ “ਪਵਿੱਤ੍ਰ ਆਤਮਾ [ਸ਼ਕਤੀ] ਵਿੱਚ ਬਹੁਤ ਮਗਨ [ਖ਼ੁਸ਼]” ਹੋਇਆ। (ਲੂਕਾ 10:17-21) ਉਹ ਉਨ੍ਹਾਂ ਦੀ ਖ਼ੁਸ਼ੀ ਵਿਚ ਸ਼ਾਮਲ ਹੋਇਆ। ਦੂਜੇ ਪਾਸੇ, ਯਿਸੂ ਆਪਣੇ ਦੋਸਤ ਲਾਜ਼ਰ ਦੀ ਮੌਤ ਹੋਣ ਤੇ ‘ਰੋਣ ਵਾਲਿਆਂ ਨਾਲ ਰੋਇਆ।’—ਯੂਹੰ. 11:32-35.
16. ਅਸੀਂ ਹਮਦਰਦੀ ਕਿਵੇਂ ਦਿਖਾ ਸਕਦੇ ਹਾਂ ਅਤੇ ਖ਼ਾਸਕਰ ਕਿਨ੍ਹਾਂ ਨੂੰ ਹਮਦਰਦੀ ਦਿਖਾਉਣ ਦੀ ਲੋੜ ਹੈ?
16 ਯਿਸੂ ਦੀ ਮਿਸਾਲ ਉੱਤੇ ਚੱਲ ਕੇ ਅਸੀਂ ਹਮਦਰਦੀ ਜਤਾਉਣਾ ਚਾਹੁੰਦੇ ਹਾਂ। ਜਦੋਂ ਕੋਈ ਭੈਣ ਜਾਂ ਭਰਾ ਖ਼ੁਸ਼ ਹੁੰਦਾ ਹੈ, ਤਾਂ ਅਸੀਂ ਵੀ ਉਸ ਨਾਲ ਖ਼ੁਸ਼ ਹੋਵਾਂਗੇ। ਇਸੇ ਤਰ੍ਹਾਂ ਅਸੀਂ ਉਨ੍ਹਾਂ ਦੇ ਦੁੱਖਾਂ-ਗਮਾਂ ਵਿਚ ਵੀ ਉਨ੍ਹਾਂ ਦੇ ਹਮਦਰਦੀ ਬਣਾਂਗੇ। ਜੇ ਅਸੀਂ ਸਮਾਂ ਕੱਢ ਕੇ ਉਨ੍ਹਾਂ ਭੈਣਾਂ-ਭਰਾਵਾਂ ਦੀ ਗੱਲ ਧਿਆਨ ਨਾਲ ਸੁਣਦੇ ਹਾਂ ਜਿਹੜੇ ਕਿਸੇ ਗੱਲੋਂ ਪਰੇਸ਼ਾਨ ਹਨ, ਤਾਂ ਉਨ੍ਹਾਂ ਦਾ ਮਨ ਹਲਕਾ ਹੋ ਜਾਂਦਾ ਹੈ। ਕਦੇ-ਕਦੇ ਉਨ੍ਹਾਂ ਦੀ ਗੱਲ ਸਾਡੇ ਦਿਲ ਨੂੰ ਇੰਨੀ ਛੂਹ ਜਾਂਦੀ ਹੈ ਕਿ ਸਾਡੀਆਂ ਅੱਖਾਂ ਭਰ ਆਉਂਦੀਆਂ ਹਨ। ਇਸ ਤੋਂ ਵੀ ਸਾਡੀ ਹਮਦਰਦੀ ਜ਼ਾਹਰ ਹੁੰਦੀ ਹੈ। (1 ਪਤ. 1:22) ਖ਼ਾਸਕਰ ਬਜ਼ੁਰਗਾਂ ਨੂੰ ਹਮਦਰਦੀ ਦਿਖਾਉਣ ਬਾਰੇ ਦਿੱਤੀ ਪੌਲੁਸ ਦੀ ਸਲਾਹ ਉੱਤੇ ਚੱਲਣ ਦੀ ਲੋੜ ਹੈ।
17. ਹੁਣ ਤਕ ਅਸੀਂ ਰੋਮੀਆਂ ਦੇ 12ਵੇਂ ਅਧਿਆਇ ਤੋਂ ਕੀ ਸਿੱਖਿਆ ਹੈ ਅਤੇ ਅਗਲੇ ਲੇਖ ਵਿਚ ਅਸੀਂ ਕਿਹੜੀਆਂ ਗੱਲਾਂ ਉੱਤੇ ਗੌਰ ਕਰਾਂਗੇ?
17 ਰੋਮੀਆਂ ਦੇ 12ਵੇਂ ਅਧਿਆਇ ਦੀਆਂ ਜਿਨ੍ਹਾਂ ਆਇਤਾਂ ਉੱਤੇ ਅਸੀਂ ਗੌਰ ਕੀਤਾ ਹੈ, ਉਨ੍ਹਾਂ ਤੋਂ ਮਿਲੀ ਸਲਾਹ ਨੂੰ ਅਸੀਂ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਸਕਦੇ ਹਾਂ ਤੇ ਭੈਣਾਂ-ਭਰਾਵਾਂ ਨਾਲ ਆਪਣੇ ਰਿਸ਼ਤੇ ਨੂੰ ਸੁਧਾਰ ਸਕਦੇ ਹਾਂ। ਅਗਲੇ ਲੇਖ ਵਿਚ ਅਸੀਂ ਇਸੇ ਅਧਿਆਇ ਦੀਆਂ ਬਾਕੀ ਆਇਤਾਂ ਉੱਤੇ ਗੌਰ ਕਰਾਂਗੇ ਜਿਨ੍ਹਾਂ ਤੋਂ ਪਤਾ ਲੱਗੇਗਾ ਕਿ ਮਸੀਹੀ ਕਲੀਸਿਯਾ ਤੋਂ ਬਾਹਰਲੇ ਲੋਕਾਂ, ਜਿਨ੍ਹਾਂ ਵਿਚ ਵਿਰੋਧੀ ਤੇ ਸਤਾਉਣ ਵਾਲੇ ਵੀ ਹਨ, ਪ੍ਰਤਿ ਸਾਡਾ ਕਿਹੋ ਜਿਹਾ ਨਜ਼ਰੀਆ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ।
ਕੀ ਤੁਹਾਨੂੰ ਯਾਦ ਹੈ?
• ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ‘ਪਵਿੱਤਰ ਸ਼ਕਤੀ ਵਿਚ ਸਰਗਰਮ’ ਹਾਂ?
• ਸਾਨੂੰ ਨਿਮਰਤਾ ਨਾਲ ਪਰਮੇਸ਼ੁਰ ਦੀ ਸੇਵਾ ਕਿਉਂ ਕਰਨੀ ਚਾਹੀਦੀ ਹੈ?
• ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਕਿਨ੍ਹਾਂ ਤਰੀਕਿਆਂ ਨਾਲ ਹਮਦਰਦੀ ਜਤਾ ਸਕਦੇ ਹਾਂ?
[ਸਫ਼ਾ 4 ਉੱਤੇ ਤਸਵੀਰਾਂ]
ਅਸੀਂ ਇਹ ਮਸੀਹੀ ਕੰਮ ਕਿਉਂ ਕਰਦੇ ਹਾਂ?
[ਸਫ਼ਾ 6 ਉੱਤੇ ਤਸਵੀਰ]
ਪਰਮੇਸ਼ੁਰ ਦੇ ਰਾਜ ਬਾਰੇ ਸਿੱਖਣ ਵਿਚ ਅਸੀਂ ਪਰਦੇਸੀਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ?