ਕੀ ਤੁਸੀਂ ਦੂਜਿਆਂ ਦਾ ਆਦਰ ਕਰਦੇ ਹੋ?
“ਆਦਰ ਵਿੱਚ ਦੂਏ ਨੂੰ ਚੰਗਾ ਸਮਝੋ।”—ਰੋਮੀ. 12:10.
1. ਅੱਜ ਕਈ ਦੇਸ਼ਾਂ ਵਿਚ ਕਿਹੜੀ ਗੱਲ ਆਮ ਦੇਖਣ ਨੂੰ ਮਿਲਦੀ ਹੈ?
ਕਈ ਦੇਸ਼ਾਂ ਵਿਚ ਇਹ ਰਿਵਾਜ ਹੈ ਕਿ ਛੋਟੇ ਵੱਡਿਆਂ ਦੇ ਅੱਗੇ ਝੁਕ ਕੇ ਉਨ੍ਹਾਂ ਦਾ ਆਦਰ ਕਰਦੇ ਹਨ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਉਨ੍ਹਾਂ ਤੋਂ ਨੀਵੇਂ ਸਮਝਦੇ ਹਨ। ਇਸ ਤਰ੍ਹਾਂ ਦੇ ਸਮਾਜਾਂ ਵਿਚ ਜਦੋਂ ਬੱਚੇ ਵੱਡਿਆਂ ਅੱਗੇ ਪਿੱਠ ਕਰਦੇ ਹਨ, ਤਾਂ ਇਸ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਹਾਲਾਂਕਿ ਵੱਖੋ-ਵੱਖਰੇ ਸਭਿਆਚਾਰਾਂ ਵਿਚ ਵੱਖੋ-ਵੱਖਰੇ ਤਰੀਕਿਆਂ ਨਾਲ ਆਦਰ ਦਿਖਾਇਆ ਜਾਂਦਾ ਹੈ, ਪਰ ਇਸ ਤੋਂ ਸਾਨੂੰ ਮੂਸਾ ਦੀ ਬਿਵਸਥਾ ਯਾਦ ਆਉਂਦੀ ਹੈ ਜਿਸ ਵਿਚ ਆਦਰ ਦਿਖਾਉਣ ਬਾਰੇ ਦੱਸਿਆ ਹੈ। ਇਸ ਵਿਚ ਦੱਸਿਆ ਸੀ: “ਤੈਂ ਧਉਲੇ ਸਿਰ ਦੇ ਅੱਗੇ ਉੱਠਣਾ, ਬੁੱਢੇ ਦੇ ਮੂੰਹ ਦਾ ਆਦਰ ਕਰਨਾ।” (ਲੇਵੀ. 19:32) ਅਫ਼ਸੋਸ ਦੀ ਗੱਲ ਹੈ ਕਿ ਕਈ ਦੇਸ਼ਾਂ ਵਿਚ ਆਦਰ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ।
2. ਪਰਮੇਸ਼ੁਰ ਦੇ ਬਚਨ ਵਿਚ ਸਾਨੂੰ ਕਿਨ੍ਹਾਂ ਦਾ ਆਦਰ ਕਰਨ ਨੂੰ ਕਿਹਾ ਗਿਆ ਹੈ?
2 ਬਾਈਬਲ ਵਿਚ ਆਦਰ ਦਿਖਾਉਣ ਨੂੰ ਬਹੁਤ ਅਹਿਮੀਅਤ ਦਿੱਤੀ ਗਈ ਹੈ। ਇਹ ਸਾਨੂੰ ਯਹੋਵਾਹ ਅਤੇ ਯਿਸੂ ਦਾ ਆਦਰ ਕਰਨ ਨੂੰ ਕਹਿੰਦੀ ਹੈ। (ਯੂਹੰ. 5:23) ਸਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ, ਭੈਣਾਂ-ਭਰਾਵਾਂ ਅਤੇ ਹੋਰਨਾਂ ਲੋਕਾਂ ਦਾ ਆਦਰ-ਮਾਣ ਕਰਨ ਦਾ ਵੀ ਹੁਕਮ ਦਿੱਤਾ ਗਿਆ ਹੈ। (ਯੂਹੰ. 5:23; ਰੋਮੀ. 12:10; ਅਫ਼. 6:1, 2; 1 ਪਤ. 2:17) ਅਸੀਂ ਕਿਨ੍ਹਾਂ ਕੁਝ ਤਰੀਕਿਆਂ ਨਾਲ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦਾ ਆਦਰ ਕਰਦੇ ਹਾਂ? ਅਸੀਂ ਆਪਣੇ ਭੈਣਾਂ-ਭਰਾਵਾਂ ਦਾ ਕਿਵੇਂ ਆਦਰ ਕਰ ਸਕਦੇ ਹਾਂ? ਆਓ ਆਪਾਂ ਇਨ੍ਹਾਂ ਅਤੇ ਕੁਝ ਹੋਰ ਸਵਾਲਾਂ ʼਤੇ ਗੌਰ ਕਰੀਏ।
ਯਹੋਵਾਹ ਤੇ ਉਸ ਦੇ ਨਾਂ ਦਾ ਆਦਰ ਕਰੋ
3. ਯਹੋਵਾਹ ਦਾ ਆਦਰ ਕਰਨ ਦਾ ਇਕ ਅਹਿਮ ਤਰੀਕਾ ਕੀ ਹੈ?
3 ਯਹੋਵਾਹ ਦਾ ਆਦਰ ਕਰਨ ਦਾ ਇਕ ਤਰੀਕਾ ਹੈ ਉਸ ਦੇ ਨਾਂ ਨੂੰ ਸਤਿਕਾਰਨਾ। ਅਸੀਂ ‘ਉਸ ਦੇ ਨਾਮ ਦੀ ਪਰਜਾ’ ਹਾਂ। (ਰਸੂ. 15:14) ਇਹ ਸਾਡੇ ਲਈ ਕਿੰਨੇ ਮਾਣ ਦੀ ਗੱਲ ਹੈ ਕਿ ਅਸੀਂ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਦੇ ਨਾਂ ਤੋਂ ਜਾਣੇ ਜਾਂਦੇ ਹਾਂ। ਮੀਕਾਹ ਨਬੀ ਨੇ ਕਿਹਾ: “ਸਾਰੀਆਂ ਉੱਮਤਾਂ ਆਪੋ ਆਪਣੇ ਦਿਓਤਿਆਂ ਦੇ ਨਾਉਂ ਲੈ ਕੇ ਚੱਲਦੀਆਂ ਹਨ, ਪਰ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪ ਕਾਲ ਤੀਕੁਰ ਚੱਲਾਂਗੇ।” (ਮੀਕਾ. 4:5) “ਪਰਮੇਸ਼ੁਰ ਯਹੋਵਾਹ ਦਾ ਨਾਮ” ਲੈ ਕੇ ਚੱਲਣ ਦਾ ਮਤਲਬ ਹੈ ਕਿ ਅਸੀਂ ਹਰ ਰੋਜ਼ ਆਪਣਾ ਜੀਵਨ ਇਸ ਢੰਗ ਨਾਲ ਗੁਜ਼ਾਰਦੇ ਹਾਂ ਕਿ ਯਹੋਵਾਹ ਦਾ ਨਾਂ ਰੌਸ਼ਨ ਹੋਵੇ। ਪੌਲੁਸ ਨੇ ਰੋਮ ਵਿਚ ਰਹਿੰਦੇ ਮਸੀਹੀਆਂ ਨੂੰ ਚੇਤੇ ਕਰਾਇਆ ਸੀ ਕਿ ਜੇ ਉਹ ਖ਼ੁਸ਼ ਖ਼ਬਰੀ ਦੇ ਮੁਤਾਬਕ ਜ਼ਿੰਦਗੀ ਨਹੀਂ ਬਿਤਾਉਂਦੇ, ਤਾਂ ਯਹੋਵਾਹ ਦੇ ਨਾਂ ਦੀ “ਨਿੰਦਿਆ” ਹੁੰਦੀ ਹੈ।—ਰੋਮੀ. 2:21-24.
4. ਯਹੋਵਾਹ ਬਾਰੇ ਗਵਾਹੀ ਦੇਣ ਦੇ ਸਨਮਾਨ ਨੂੰ ਤੁਸੀਂ ਕਿਵੇਂ ਵਿਚਾਰਦੇ ਹੋ?
4 ਅਸੀਂ ਪ੍ਰਚਾਰ ਦਾ ਕੰਮ ਕਰ ਕੇ ਵੀ ਯਹੋਵਾਹ ਦਾ ਆਦਰ ਕਰਦੇ ਹਾਂ। ਪੁਰਾਣੇ ਜ਼ਮਾਨੇ ਵਿਚ ਯਹੋਵਾਹ ਨੇ ਇਸਰਾਏਲੀ ਲੋਕਾਂ ਨੂੰ ਆਪਣੇ ਗਵਾਹ ਬਣਨ ਦਾ ਸੱਦਾ ਦਿੱਤਾ ਸੀ। ਪਰ ਉਹ ਇਸ ਨਾਂ ʼਤੇ ਖਰੇ ਨਹੀਂ ਉੱਤਰੇ। (ਯਸਾ. 43:1-12) ਉਨ੍ਹਾਂ ਨੇ ਵਾਰ-ਵਾਰ ਮਾੜੇ ਕੰਮ ਕਰ ਕੇ “ਇਸਰਾਏਲ ਦੇ ਪਵਿੱਤਰ ਪੁਰਖ [ਯਹੋਵਾਹ] ਨੂੰ ਅਕਾਇਆ।” (ਜ਼ਬੂ. 78:40, 41) ਨਤੀਜੇ ਵਜੋਂ ਉਸ ਕੌਮ ਉੱਤੇ ਯਹੋਵਾਹ ਦੀ ਮਿਹਰ ਨਾ ਰਹੀ। ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਯਹੋਵਾਹ ਬਾਰੇ ਗਵਾਹੀ ਦੇਣ ਤੇ ਉਸ ਦੇ ਨਾਂ ਨੂੰ ਰੌਸ਼ਨ ਕਰਨ ਦਾ ਸਨਮਾਨ ਮਿਲਿਆ ਹੈ! ਅਸੀਂ ਇਹ ਕੰਮ ਇਸ ਲਈ ਕਰਦੇ ਹਾਂ ਕਿਉਂਕਿ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ ਅਤੇ ਚਾਹੁੰਦੇ ਹਾਂ ਕਿ ਉਸ ਦਾ ਨਾਂ ਉੱਚਾ ਹੋਵੇ। ਅਸੀਂ ਯਹੋਵਾਹ ਬਾਰੇ ਅਤੇ ਉਸ ਦੇ ਮਕਸਦਾਂ ਬਾਰੇ ਜਾਣਦੇ ਹੋਏ ਪ੍ਰਚਾਰ ਕਰਨ ਤੋਂ ਪਿੱਛੇ ਨਹੀਂ ਹਟ ਸਕਦੇ ਕਿਉਂਕਿ ਅਸੀਂ ਪੌਲੁਸ ਦੀ ਤਰ੍ਹਾਂ ਮਹਿਸੂਸ ਕਰਦੇ ਹਾਂ ਜਿਸ ਨੇ ਕਿਹਾ: “ਇਹ ਤਾਂ ਮੇਰੇ ਲਈ ਅਵੱਸ ਹੈ। ਹਮਸੋਸ ਹੈ ਮੇਰੇ ਉੱਤੇ ਜੇ ਮੈਂ ਖੁਸ਼ ਖਬਰੀ ਨਾ ਸੁਣਾਵਾਂ!”—1 ਕੁਰਿੰ. 9:16.
5. ਯਹੋਵਾਹ ਉੱਤੇ ਭਰੋਸਾ ਰੱਖਣ ਦਾ ਉਸ ਦਾ ਆਦਰ ਕਰਨ ਨਾਲ ਕੀ ਸੰਬੰਧ ਹੈ?
5 ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਕਿਹਾ: “ਤੇਰੇ ਨਾਮ ਦੇ ਜਾਣਨ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ, ਕਿਉਂ ਜੋ ਹੇ ਯਹੋਵਾਹ, ਤੈਂ ਆਪਣਿਆਂ ਤਾਲਿਬਾਂ ਨੂੰ ਤਿਆਗ ਨਹੀਂ ਦਿੱਤਾ।” (ਜ਼ਬੂ. 9:10) ਜੇ ਅਸੀਂ ਜਾਣਦੇ ਹਾਂ ਕਿ ਯਹੋਵਾਹ ਆਪਣੇ ਵਾਅਦਿਆਂ ਨੂੰ ਜ਼ਰੂਰ ਪੂਰਾ ਕਰਦਾ ਹੈ, ਤਾਂ ਅਸੀਂ ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਭਗਤਾਂ ਦੀ ਤਰ੍ਹਾਂ ਉਸ ਉੱਤੇ ਭਰੋਸਾ ਰੱਖਾਂਗੇ। ਇਹ ਵੀ ਯਹੋਵਾਹ ਦਾ ਆਦਰ ਕਰਨ ਦਾ ਇਕ ਤਰੀਕਾ ਹੈ। ਧਿਆਨ ਦਿਓ ਕਿ ਪਰਮੇਸ਼ੁਰ ਦਾ ਬਚਨ ਯਹੋਵਾਹ ਉੱਤੇ ਭਰੋਸਾ ਰੱਖਣ ਦਾ ਸੰਬੰਧ ਉਸ ਦਾ ਆਦਰ ਕਰਨ ਨਾਲ ਕਿਵੇਂ ਜੋੜਦਾ ਹੈ। ਜਦੋਂ ਇਸਰਾਏਲੀਆਂ ਨੇ ਯਹੋਵਾਹ ʼਤੇ ਭਰੋਸਾ ਕਰਨਾ ਛੱਡ ਦਿੱਤਾ ਸੀ, ਤਾਂ ਯਹੋਵਾਹ ਨੇ ਮੂਸਾ ਨੂੰ ਪੁੱਛਿਆ: ‘ਏਹ ਪਰਜਾ ਕਦ ਤੀਕ ਮੇਰੀ ਨਿਰਾਦਰੀ ਕਰਦੀ ਰਹੇਗੀ? ਅਤੇ ਕਦ ਤੀਕ ਮੇਰੇ ਉੱਤੇ ਉਨ੍ਹਾਂ ਸਾਰਿਆਂ ਨਿਸ਼ਾਨਾਂ ਦੇ ਹੁੰਦਿਆਂ ਹੋਇਆਂ ਵੀ ਜਿਹੜੇ ਮੈਂ ਉਨ੍ਹਾਂ ਵਿੱਚ ਕੀਤੇ ਪਰਤੀਤ ਨਾ ਕਰੇਗੀ?’ (ਗਿਣ. 14:11) ਇਸ ਦੇ ਉਲਟ, ਜੇ ਅਸੀਂ ਯਹੋਵਾਹ ʼਤੇ ਭਰੋਸਾ ਰੱਖਦੇ ਹਾਂ ਕਿ ਉਹ ਅਜ਼ਮਾਇਸ਼ਾਂ ਦੌਰਾਨ ਸਾਡੀ ਰਾਖੀ ਕਰੇਗਾ ਤੇ ਸਾਨੂੰ ਸੰਭਾਲੇਗਾ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਦਾ ਆਦਰ ਕਰਦੇ ਹਾਂ।
6. ਅਸੀਂ ਕਿਹੜੀ ਗੱਲ ਕਰਕੇ ਯਹੋਵਾਹ ਦਾ ਆਦਰ ਕਰਾਂਗੇ?
6 ਯਿਸੂ ਨੇ ਦੱਸਿਆ ਸੀ ਕਿ ਸਾਨੂੰ ਯਹੋਵਾਹ ਦਾ ਦਿਲੋਂ ਆਦਰ ਕਰਨਾ ਚਾਹੀਦਾ ਹੈ। ਜਿਹੜੇ ਲੋਕ ਯਹੋਵਾਹ ਦੀ ਦਿਲੋਂ ਭਗਤੀ ਨਹੀਂ ਕਰ ਰਹੇ ਸਨ, ਉਨ੍ਹਾਂ ਨੂੰ ਯਿਸੂ ਨੇ ਯਹੋਵਾਹ ਦੇ ਕਹੇ ਬਚਨ ਦੁਹਰਾਏ: “ਏਹ ਲੋਕ ਆਪਣੇ ਬੁੱਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦਾ ਦਿਲ ਮੈਥੋਂ ਦੂਰ ਹੈ।” (ਮੱਤੀ 15:8) ਜੇ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ, ਤਾਂ ਹੀ ਅਸੀਂ ਦਿਲੋਂ ਉਸ ਦਾ ਆਦਰ ਕਰਾਂਗੇ। (1 ਯੂਹੰ. 5:3) ਅਸੀਂ ਯਹੋਵਾਹ ਦਾ ਇਹ ਵਾਅਦਾ ਵੀ ਯਾਦ ਰੱਖਾਂਗੇ: “ਜਿਹੜੇ ਮੇਰਾ ਆਦਰ ਕਰਦੇ ਹਨ ਮੈਂ ਵੀ ਉਨ੍ਹਾਂ ਦਾ ਆਦਰ ਕਰਾਂਗਾ।”—1 ਸਮੂ. 2:30.
ਕਲੀਸਿਯਾ ਦੇ ਬਜ਼ੁਰਗ ਦੂਸਰਿਆਂ ਦਾ ਆਦਰ ਕਰਦੇ ਹਨ
7. (ੳ) ਜ਼ਿੰਮੇਵਾਰ ਭਰਾਵਾਂ ਨੂੰ ਆਪਣੀ ਦੇਖ-ਰੇਖ ਹੇਠ ਭੈਣਾਂ-ਭਰਾਵਾਂ ਦਾ ਆਦਰ ਕਿਉਂ ਕਰਨਾ ਚਾਹੀਦਾ ਹੈ? (ਅ) ਪੌਲੁਸ ਨੇ ਭੈਣਾਂ-ਭਰਾਵਾਂ ਦੀ ਇੱਜ਼ਤ ਕਿਵੇਂ ਕੀਤੀ?
7 ਪੌਲੁਸ ਰਸੂਲ ਨੇ ਭੈਣਾਂ-ਭਰਾਵਾਂ ਨੂੰ ਤਾਕੀਦ ਕੀਤੀ: “ਆਦਰ ਵਿੱਚ ਦੂਏ ਨੂੰ ਚੰਗਾ ਸਮਝੋ।” (ਰੋਮੀ. 12:10) ਕਲੀਸਿਯਾ ਦੇ ਬਜ਼ੁਰਗਾਂ ਨੂੰ ਆਪਣੀ ਦੇਖ-ਰੇਖ ਹੇਠ ਭੈਣਾਂ-ਭਰਾਵਾਂ ਦਾ ਆਦਰ ਕਰਨ ਵਿਚ ਚੰਗੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਪੌਲੁਸ ਦੀ ਮਿਸਾਲ ʼਤੇ ਚੱਲਣਾ ਚਾਹੀਦਾ ਹੈ। (1 ਥੱਸਲੁਨੀਕੀਆਂ 2:7, 8 ਪੜ੍ਹੋ।) ਪੌਲੁਸ ਜਿਨ੍ਹਾਂ ਭਰਾਵਾਂ ਦੇ ਕੋਲ ਗਿਆ ਸੀ, ਉਹ ਭਰਾ ਜਾਣਦੇ ਸਨ ਕਿ ਪੌਲੁਸ ਉਨ੍ਹਾਂ ਨੂੰ ਉਹ ਕੁਝ ਕਰਨ ਨੂੰ ਨਹੀਂ ਕਹੇਗਾ ਜੋ ਉਹ ਆਪ ਨਹੀਂ ਸੀ ਕਰਦਾ। ਪੌਲੁਸ ਉਨ੍ਹਾਂ ਦੀ ਇੱਜ਼ਤ ਕਰਦਾ ਸੀ ਜਿਸ ਕਰਕੇ ਉਹ ਵੀ ਉਸ ਦੀ ਇੱਜ਼ਤ ਕਰਦੇ ਸਨ। ਜਦੋਂ ਪੌਲੁਸ ਨੇ ਕਿਹਾ ਕਿ “ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਤੁਸੀਂ ਮੇਰੀ ਰੀਸ ਕਰੋ,” ਤਾਂ ਅਸੀਂ ਯਕੀਨ ਕਰ ਸਕਦੇ ਹਾਂ ਕਿ ਬਹੁਤਿਆਂ ਨੇ ਉਸ ਦੀ ਚੰਗੀ ਮਿਸਾਲ ਦੇਖ ਕੇ ਉਸ ਦੀ ਰੀਸ ਕੀਤੀ ਹੋਵੇਗੀ। —1 ਕੁਰਿੰ. 4:16.
8. (ੳ) ਯਿਸੂ ਨੇ ਕਿਹੜੇ ਇਕ ਤਰੀਕੇ ਨਾਲ ਆਪਣੇ ਚੇਲਿਆਂ ਦਾ ਆਦਰ-ਮਾਣ ਕੀਤਾ? (ਅ) ਅੱਜ ਬਜ਼ੁਰਗ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਨ?
8 ਇਕ ਜ਼ਿੰਮੇਵਾਰ ਭਰਾ ਇਕ ਹੋਰ ਤਰੀਕੇ ਨਾਲ ਭੈਣ-ਭਰਾਵਾਂ ਦਾ ਆਦਰ ਕਰ ਸਕਦਾ ਹੈ। ਜਦੋਂ ਉਹ ਉਨ੍ਹਾਂ ਨੂੰ ਕੁਝ ਕਰਨ ਲਈ ਕਹਿੰਦਾ ਹੈ ਜਾਂ ਉਨ੍ਹਾਂ ਨੂੰ ਸੇਧ ਦਿੰਦਾ ਹੈ, ਤਾਂ ਉਹ ਇਸ ਦਾ ਕਾਰਨ ਵੀ ਦੱਸਦਾ ਹੈ। ਇਸ ਤਰ੍ਹਾਂ ਕਰ ਕੇ ਉਹ ਯਿਸੂ ਦੀ ਰੀਸ ਕਰਦਾ ਹੈ। ਉਦਾਹਰਣ ਲਈ, ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਵਾਢੀ ਵਾਸਤੇ ਹੋਰ ਕਾਮਿਆਂ ਲਈ ਪ੍ਰਾਰਥਨਾ ਕਰਨ ਵਾਸਤੇ ਕਿਹਾ ਸੀ, ਤਾਂ ਉਸ ਨੇ ਇਸ ਦਾ ਕਾਰਨ ਵੀ ਦੱਸਿਆ ਸੀ। ਉਸ ਨੇ ਕਿਹਾ: ‘ਖੇਤੀ ਪੱਕੀ ਹੋਈ ਤਾਂ ਬਹੁਤ ਹੈ ਪਰ ਵਾਢੇ ਥੋੜ੍ਹੇ ਹਨ। ਇਸ ਲਈ ਤੁਸੀਂ ਖੇਤੀ ਦੇ ਮਾਲਕ ਦੇ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਖੇਤੀ ਵੱਢਣ ਨੂੰ ਵਾਢੇ ਘੱਲ ਦੇਵੇ।’ (ਮੱਤੀ 9:37, 38) ਇਸੇ ਤਰ੍ਹਾਂ ਜਦੋਂ ਉਸ ਨੇ ਆਪਣੇ ਚੇਲਿਆਂ ਨੂੰ ‘ਜਾਗਦੇ ਰਹਿਣ’ ਲਈ ਕਿਹਾ ਸੀ, ਤਾਂ ਉਸ ਨੇ ਇਸ ਦਾ ਵੀ ਕਾਰਨ ਦੱਸਿਆ ਸੀ। ਉਸ ਨੇ ਕਿਹਾ: ‘ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੂ ਕਿਹੜੇ ਦਿਨ ਆਉਂਦਾ ਹੈ।’ (ਮੱਤੀ 24:42) ਯਿਸੂ ਜਦੋਂ ਵੀ ਆਪਣੇ ਚੇਲਿਆਂ ਨੂੰ ਕੁਝ ਕਰਨ ਨੂੰ ਕਹਿੰਦਾ ਸੀ, ਤਾਂ ਉਹ ਉਨ੍ਹਾਂ ਨੂੰ ਦੱਸਦਾ ਸੀ ਕਿ ਉਨ੍ਹਾਂ ਨੂੰ ਇਹ ਕੰਮ ਕਿਉਂ ਕਰਨਾ ਚਾਹੀਦਾ ਸੀ। ਇਸ ਤਰ੍ਹਾਂ ਕਰ ਕੇ ਯਿਸੂ ਨੇ ਉਨ੍ਹਾਂ ਦਾ ਆਦਰ-ਮਾਣ ਕੀਤਾ। ਵਾਕਈ, ਕਲੀਸਿਯਾ ਦੇ ਬਜ਼ੁਰਗਾਂ ਲਈ ਕਿੰਨੀ ਸ਼ਾਨਦਾਰ ਮਿਸਾਲ!
ਯਹੋਵਾਹ ਦੀ ਕਲੀਸਿਯਾ ਤੇ ਉਸ ਤੋਂ ਮਿਲਦੀ ਅਗਵਾਈ ਲਈ ਆਦਰ ਦਿਖਾਓ
9. ਦੁਨੀਆਂ-ਭਰ ਦੀਆਂ ਕਲੀਸਿਯਾਵਾਂ ਅਤੇ ਉਨ੍ਹਾਂ ਵਿਚ ਅਗਵਾਈ ਕਰਨ ਵਾਲਿਆਂ ਦਾ ਆਦਰ-ਮਾਣ ਕਰ ਕੇ ਅਸੀਂ ਕਿਹਦਾ ਆਦਰ ਕਰਦੇ ਹਾਂ? ਸਮਝਾਓ।
9 ਯਹੋਵਾਹ ਦਾ ਆਦਰ ਕਰਨ ਲਈ ਸਾਨੂੰ ਦੁਨੀਆਂ-ਭਰ ਦੀਆਂ ਕਲੀਸਿਯਾਵਾਂ ਅਤੇ ਉਨ੍ਹਾਂ ਵਿਚ ਅਗਵਾਈ ਕਰਨ ਵਾਲਿਆਂ ਦਾ ਆਦਰ-ਮਾਣ ਕਰਨ ਦੀ ਵੀ ਲੋੜ ਹੈ। ਜਦੋਂ ਅਸੀਂ ਮਾਤਬਰ ਤੇ ਬੁੱਧਵਾਨ ਨੌਕਰ ਤੋਂ ਮਿਲਦੀ ਸਲਾਹ ʼਤੇ ਚੱਲਦੇ ਹਾਂ, ਤਾਂ ਅਸੀਂ ਯਹੋਵਾਹ ਦੇ ਇਸ ਪ੍ਰਬੰਧ ਦੀ ਕਦਰ ਕਰਦੇ ਹਾਂ। ਪਹਿਲੀ ਸਦੀ ਦੀ ਕਲੀਸਿਯਾ ਵਿਚ ਯੂਹੰਨਾ ਰਸੂਲ ਨੇ ਉਨ੍ਹਾਂ ਭੈਣਾਂ-ਭਰਾਵਾਂ ਨੂੰ ਤਾੜਨਾ ਦਿੱਤੀ ਜਿਹੜੇ ਕਲੀਸਿਯਾ ਵਿਚ ਅਗਵਾਈ ਕਰਨ ਵਾਲੇ ਭਰਾਵਾਂ ਦੀ ਨਿਰਾਦਰੀ ਕਰਦੇ ਸਨ। (3 ਯੂਹੰਨਾ 9-11 ਪੜ੍ਹੋ।) ਯੂਹੰਨਾ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਉਹ ਨਾ ਸਿਰਫ਼ ਭਰਾਵਾਂ ਦੀ ਨਿਰਾਦਰੀ ਕਰਦੇ ਸਨ, ਬਲਕਿ ਉਨ੍ਹਾਂ ਦੀ ਸਿੱਖਿਆ ਤੇ ਸੇਧ ਦੀ ਵੀ ਬੇਕਦਰੀ ਕਰਦੇ ਸਨ। ਪਰ ਸਾਰੇ ਮਸੀਹੀ ਇੱਦਾਂ ਨਹੀਂ ਸੀ ਕਰਦੇ। ਜਿੰਨਾ ਚਿਰ ਰਸੂਲ ਜ਼ਿੰਦਾ ਰਹੇ, ਉੱਨਾ ਚਿਰ ਭੈਣ-ਭਰਾ ਅਗਵਾਈ ਕਰਨ ਵਾਲਿਆਂ ਦਾ ਆਦਰ ਕਰਦੇ ਰਹੇ।—ਫ਼ਿਲਿ. 2:12.
10, 11. ਬਾਈਬਲ ਤੋਂ ਸਮਝਾਓ ਕਿ ਮਸੀਹੀ ਕਲੀਸਿਯਾ ਵਿਚ ਕਈ ਭਰਾਵਾਂ ਨੂੰ ਕੁਝ ਹੱਦ ਤਕ ਅਧਿਕਾਰ ਕਿਉਂ ਦਿੱਤਾ ਗਿਆ ਹੈ?
10 ਕਈ ਸੋਚਦੇ ਹਨ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ “ਤੁਸੀਂ ਸੱਭੋ ਭਾਈ ਹੋ,” ਇਸ ਲਈ ਕਲੀਸਿਯਾ ਵਿਚ ਕਿਸੇ ਦਾ ਵੀ ਕੋਈ ਅਹੁਦਾ ਨਹੀਂ ਹੋਣਾ ਚਾਹੀਦਾ। (ਮੱਤੀ 23:8) ਪਰ ਇਬਰਾਨੀ ਤੇ ਯੂਨਾਨੀ ਸ਼ਾਸਤਰ ਵਿਚ ਬਹੁਤ ਸਾਰੇ ਮਨੁੱਖਾਂ ਦੀਆਂ ਮਿਸਾਲਾਂ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਆਪਣੇ ਲੋਕਾਂ ਦੀ ਦੇਖ-ਰੇਖ ਕਰਨ ਦਾ ਅਧਿਕਾਰ ਦਿੱਤਾ ਸੀ। ਪੁਰਾਣੇ ਸਮਿਆਂ ਵਿਚ ਯਹੋਵਾਹ ਨੇ ਆਪਣੇ ਵਫ਼ਾਦਾਰ ਸੇਵਕਾਂ, ਨਿਆਈਆਂ ਅਤੇ ਰਾਜਿਆਂ ਨੂੰ ਅਧਿਕਾਰ ਦਿੱਤਾ ਸੀ ਜੋ ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ ਉਨ੍ਹਾਂ ਰਾਹੀਂ ਆਪਣੇ ਲੋਕਾਂ ਨੂੰ ਸੇਧ ਦਿੰਦਾ ਸੀ। ਜਦੋਂ ਲੋਕਾਂ ਨੇ ਯਹੋਵਾਹ ਵੱਲੋਂ ਚੁਣੇ ਇਨ੍ਹਾਂ ਮਨੁੱਖਾਂ ਦੀ ਨਿਰਾਦਰੀ ਕੀਤੀ, ਤਾਂ ਉਨ੍ਹਾਂ ʼਤੇ ਯਹੋਵਾਹ ਦਾ ਕ੍ਰੋਧ ਭੜਕਿਆ।—2 ਰਾਜ. 1:2-17; 2:19, 23, 24.
11 ਇਸੇ ਤਰ੍ਹਾਂ ਪਹਿਲੀ ਸਦੀ ਦੇ ਰਸੂਲਾਂ ਨੂੰ ਵੀ ਪਰਮੇਸ਼ੁਰ ਵੱਲੋਂ ਅਧਿਕਾਰ ਮਿਲਿਆ ਸੀ ਜਿਸ ਦਾ ਮਸੀਹੀਆਂ ਨੇ ਆਦਰ ਕੀਤਾ। (ਰਸੂ. 2:42) ਮਿਸਾਲ ਲਈ, ਪੌਲੁਸ ਦੂਸਰੇ ਭਰਾਵਾਂ ਨੂੰ ਸੇਧ ਦਿੰਦਾ ਸੀ। (1 ਕੁਰਿੰ. 16:1; 1 ਥੱਸ. 4:2) ਪਰ ਉਹ ਆਪ ਵੀ ਹੋਰਨਾਂ ਦੇ ਅਧੀਨ ਰਿਹਾ ਜੋ ਉਸ ʼਤੇ ਅਧਿਕਾਰ ਰੱਖਦੇ ਸਨ। (ਰਸੂ. 15:22; ਗਲਾ. 2:9, 10) ਜੀ ਹਾਂ, ਪੌਲੁਸ ਨੇ ਮਸੀਹੀ ਕਲੀਸਿਯਾ ਵਿਚ ਕੀਤੇ ਪਰਮੇਸ਼ੁਰ ਦੇ ਇਸ ਪ੍ਰਬੰਧ ਦੀ ਕਦਰ ਕੀਤੀ।
12. ਬਾਈਬਲ ਵਿਚ ਅਧਿਕਾਰ ਸੰਬੰਧੀ ਦੱਸੀਆਂ ਮਿਸਾਲਾਂ ਤੋਂ ਅਸੀਂ ਕਿਹੜੇ ਦੋ ਸਬਕ ਸਿੱਖਦੇ ਹਾਂ?
12 ਇਸ ਤੋਂ ਅਸੀਂ ਦੋ ਸਬਕ ਸਿੱਖਦੇ ਹਾਂ। ਪਹਿਲਾ, “ਮਾਤਬਰ ਅਤੇ ਬੁੱਧਵਾਨ ਨੌਕਰ” ਬਾਈਬਲ ਦੇ ਆਧਾਰ ਤੇ ਪ੍ਰਬੰਧਕ ਸਭਾ ਦੇ ਜ਼ਰੀਏ ਭਰਾਵਾਂ ਨੂੰ ਅਧਿਕਾਰ ਦਿੰਦਾ ਹੈ ਅਤੇ ਅੱਗੋਂ ਇਨ੍ਹਾਂ ਭਰਾਵਾਂ ʼਤੇ ਕੁਝ ਹੋਰ ਭਰਾਵਾਂ ਨੂੰ ਅਧਿਕਾਰ ਦਿੱਤਾ ਜਾਂਦਾ ਹੈ। (ਮੱਤੀ 24:45-47; 1 ਪਤ. 5:1-3) ਦੂਜਾ, ਬਜ਼ੁਰਗਾਂ ਦੇ ਨਾਲ-ਨਾਲ ਸਾਨੂੰ ਸਾਰਿਆਂ ਨੂੰ ਉਨ੍ਹਾਂ ਦਾ ਆਦਰ ਕਰਨਾ ਚਾਹੀਦਾ ਹੈ ਜਿਹੜੇ ਸਾਡੇ ʼਤੇ ਅਧਿਕਾਰ ਰੱਖਦੇ ਹਨ। ਤਾਂ ਫਿਰ ਅਸੀਂ ਕਿਨ੍ਹਾਂ ਕੁਝ ਤਰੀਕਿਆਂ ਨਾਲ ਉਨ੍ਹਾਂ ਭਰਾਵਾਂ ਦਾ ਆਦਰ ਕਰ ਸਕਦੇ ਹਾਂ ਜੋ ਯਹੋਵਾਹ ਦੀ ਵਿਸ਼ਵ-ਵਿਆਪੀ ਕਲੀਸਿਯਾ ਉੱਤੇ ਅਧਿਕਾਰ ਰੱਖਦੇ ਹਨ?
ਸਰਕਟ ਨਿਗਾਹਬਾਨਾਂ ਦਾ ਆਦਰ ਕਰੋ
13. ਅਸੀਂ ਅੱਜ ਕਲੀਸਿਯਾ ਦੀ ਨਿਗਰਾਨੀ ਕਰਨ ਵਾਲੇ ਭਰਾਵਾਂ ਦਾ ਆਦਰ ਕਿਵੇਂ ਕਰ ਸਕਦੇ ਹਾਂ?
13 ਪੌਲੁਸ ਨੇ ਕਿਹਾ: “ਹੇ ਭਰਾਵੋ, ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਭਈ ਜਿਹੜੇ ਤੁਹਾਡੇ ਵਿੱਚ ਮਿਹਨਤ ਕਰਦੇ ਅਤੇ ਪ੍ਰਭੁ ਵਿੱਚ ਤੁਹਾਡੇ ਆਗੂ ਹਨ ਅਤੇ ਤੁਹਾਨੂੰ ਚਿਤਾਰਦੇ ਹਨ ਤੁਸੀਂ ਓਹਨਾਂ ਨੂੰ ਮੰਨੋ। ਅਤੇ ਓਹਨਾਂ ਦੇ ਕੰਮ ਦੀ ਖਾਤਰ ਪ੍ਰੇਮ ਨਾਲ ਓਹਨਾਂ ਦਾ ਬਹੁਤਾ ਹੀ ਆਦਰ ਕਰੋ। ਆਪੋ ਵਿੱਚ ਮੇਲ ਰੱਖੋ।” (1 ਥੱਸ. 5:12, 13) ਸਰਕਟ ਨਿਗਾਹਬਾਨ ਉਨ੍ਹਾਂ ਭਰਾਵਾਂ ਵਿਚ ਗਿਣੇ ਜਾਂਦੇ ਹਨ ਜੋ ਸਖ਼ਤ “ਮਿਹਨਤ ਕਰਦੇ” ਹਨ। ਇਸ ਲਈ ਆਓ ਆਪਾਂ ਉਨ੍ਹਾਂ ਦਾ ‘ਬਹੁਤਾ ਹੀ ਆਦਰ ਕਰੀਏ।’ ਇਸ ਤਰ੍ਹਾਂ ਕਰਨ ਦਾ ਇਕ ਤਰੀਕਾ ਹੈ ਉਨ੍ਹਾਂ ਦੀ ਸਲਾਹ ਨੂੰ ਦਿਲੋਂ ਮੰਨਣਾ। ਜਦੋਂ ਮਾਤਬਰ ਨੌਕਰ ਸਰਕਟ ਨਿਗਾਹਬਾਨ ਦੇ ਜ਼ਰੀਏ ਸਾਨੂੰ ਕੋਈ ਸਲਾਹ ਦਿੰਦਾ ਹੈ, ਤਾਂ ਅਸੀਂ ਇਸ ਨੂੰ ਪਰਮੇਸ਼ੁਰ ਦੀ ਸਲਾਹ ਮੰਨ ਕੇ ਇਸ ʼਤੇ ਚੱਲਾਂਗੇ।—ਯਾਕੂ. 3:17.
14. ਕਲੀਸਿਯਾ ਸਰਕਟ ਨਿਗਾਹਬਾਨਾਂ ਲਈ ਆਦਰ ਕਿਵੇਂ ਦਿਖਾ ਸਕਦੀ ਹੈ ਅਤੇ ਇਸ ਦਾ ਕੀ ਨਤੀਜਾ ਨਿਕਲੇਗਾ?
14 ਉਦੋਂ ਕੀ ਜਦੋਂ ਸਾਨੂੰ ਕਿਸੇ ਹੋਰ ਤਰੀਕੇ ਨਾਲ ਕੁਝ ਕਰਨ ਲਈ ਕਿਹਾ ਜਾਂਦਾ ਹੈ ਜੋ ਸਾਡੇ ਕੰਮ ਕਰਨ ਦੇ ਤਰੀਕੇ ਤੋਂ ਅਲੱਗ ਹੈ? ਕਈ ਵਾਰੀ ਆਦਰ ਦਿਖਾਉਣ ਲਈ ਜ਼ਰੂਰੀ ਹੁੰਦਾ ਹੈ ਕਿ ਅਸੀਂ ਇੱਦਾਂ ਨਾ ਸੋਚੀਏ: “ਸਾਡੇ ਇੱਥੇ ਇੱਦਾਂ ਨਹੀਂ ਹੁੰਦਾ” ਜਾਂ “ਇਹ ਸਲਾਹ ਸਾਡੀ ਕਲੀਸਿਯਾ ਵਿਚ ਕੰਮ ਨਹੀਂ ਕਰਦੀ, ਹੋਰਨਾਂ ਕਲੀਸਿਯਾਵਾਂ ਵਿਚ ਸ਼ਾਇਦ ਕੰਮ ਕਰੇਗੀ।” ਪਰ ਅਸੀਂ ਇਸ ਤਰ੍ਹਾਂ ਨਹੀਂ ਸੋਚਦੇ, ਸਗੋਂ ਸਲਾਹ ਨੂੰ ਖ਼ੁਸ਼ੀ-ਖ਼ੁਸ਼ੀ ਮੰਨਦੇ ਹਾਂ। ਅਸੀਂ ਯਾਦ ਰੱਖਾਂਗੇ ਕਿ ਕਲੀਸਿਯਾ ਯਹੋਵਾਹ ਦੀ ਹੈ ਅਤੇ ਯਿਸੂ ਇਸ ਦਾ ਸਿਰ ਹੈ। ਜਦੋਂ ਕਲੀਸਿਯਾ ਵਿਚ ਸਾਰੇ ਜਣੇ ਖ਼ੁਸ਼ੀ ਨਾਲ ਸਰਕਟ ਨਿਗਾਹਬਾਨ ਦੀ ਸਲਾਹ ਮੰਨਦੇ ਹਨ, ਤਾਂ ਉਹ ਉਸ ਦਾ ਦਿਲੋਂ ਆਦਰ ਕਰਦੇ ਹਨ। ਪੌਲੁਸ ਰਸੂਲ ਨੇ ਕੁਰਿੰਥੁਸ ਦੇ ਭਰਾਵਾਂ ਦੀ ਸ਼ਲਾਘਾ ਕੀਤੀ ਕਿਉਂਕਿ ਉਨ੍ਹਾਂ ਨੇ ਮਿਲਣ ਆਏ ਬਜ਼ੁਰਗ ਤੀਤੁਸ ਵੱਲੋਂ ਦਿੱਤੀ ਸਲਾਹ ਮੰਨ ਕੇ ਉਸ ਦਾ ਆਦਰ-ਭਾਉ ਕੀਤਾ। (2 ਕੁਰਿੰ. 7:13-16) ਅੱਜ ਵੀ ਜਦੋਂ ਅਸੀਂ ਸਰਕਟ ਨਿਗਾਹਬਾਨਾਂ ਦੀ ਸਲਾਹ ਨੂੰ ਖਿੜੇ-ਮੱਥੇ ਕਬੂਲ ਕਰਦੇ ਹਾਂ, ਤਾਂ ਸਾਨੂੰ ਪ੍ਰਚਾਰ ਦੇ ਕੰਮ ਵਿਚ ਹੋਰ ਵੀ ਖ਼ੁਸ਼ੀ ਮਿਲੇਗੀ।—2 ਕੁਰਿੰਥੀਆਂ 13:11 ਪੜ੍ਹੋ।
“ਸਭਨਾਂ ਦਾ ਆਦਰ ਕਰੋ”
15. ਅਸੀਂ ਆਪਣੇ ਭੈਣਾਂ-ਭਰਾਵਾਂ ਦਾ ਕਿਨ੍ਹਾਂ ਕੁਝ ਤਰੀਕਿਆਂ ਨਾਲ ਆਦਰ ਕਰ ਸਕਦੇ ਹਾਂ?
15 ਪੌਲੁਸ ਨੇ ਲਿਖਿਆ: “ਕਿਸੇ ਬੁੱਢੇ ਨੂੰ ਨਾ ਝਿੜਕੀਂ ਸਗੋਂ ਉਸ ਨੂੰ ਪਿਤਾ ਵਾਂਗਰ ਸਮਝਾਵੀਂ ਅਤੇ ਜੁਆਨਾਂ ਨੂੰ ਭਰਾਵਾਂ ਵਾਂਗਰ। ਅਤੇ ਬੁੱਢੀਆਂ ਨੂੰ ਮਾਤਾ ਵਾਂਗਰ ਅਤੇ ਮੁਟਿਆਰਾਂ ਨੂੰ ਅੱਤ ਪਵਿੱਤਰਤਾਈ ਨਾਲ ਭੈਣਾਂ ਵਾਂਗਰ ਸਮਝਾਵੀਂ। ਵਿਧਵਾਂ ਦਾ ਜਿਹੜੀਆਂ ਸੱਚ ਮੁੱਚ ਵਿਧਵਾਂ ਹਨ ਆਦਰ ਕਰੀਂ।” (1 ਤਿਮੋ. 5:1-3) ਪਰਮੇਸ਼ੁਰ ਦਾ ਬਚਨ ਸਾਨੂੰ ਸਾਰਿਆਂ ਦਾ ਆਦਰ ਕਰਨ ਦੀ ਸਲਾਹ ਦਿੰਦਾ ਹੈ। ਪਰ ਉਦੋਂ ਕੀ ਜਦੋਂ ਕਿਸੇ ਭੈਣ ਜਾਂ ਭਰਾ ਨਾਲ ਸਾਡੀ ਅਣਬਣ ਹੋ ਜਾਂਦੀ ਹੈ? ਕੀ ਇਸ ਦੇ ਕਾਰਨ ਅਸੀਂ ਉਸ ਦਾ ਆਦਰ ਕਰਨਾ ਛੱਡ ਦੇਵਾਂਗੇ? ਜਾਂ ਕੀ ਤੁਸੀਂ ਉਸ ਦੇ ਚੰਗੇ ਗੁਣਾਂ ਨੂੰ ਦੇਖ ਕੇ ਆਪਣੇ ਰਵੱਈਏ ਨੂੰ ਬਦਲੋਗੇ? ਅਧਿਕਾਰ ਰੱਖਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਭੈਣ-ਭਰਾਵਾਂ ਨਾਲ ਪਿਆਰ ਨਾਲ ਪੇਸ਼ ਆਉਣ ਅਤੇ ਕਦੇ ਉਨ੍ਹਾਂ ʼਤੇ ‘ਹੁਕਮ ਨਾ ਚਲਾਉਣ।’ (1 ਪਤ. 5:3) ਪਿਆਰ ਹੀ ਮਸੀਹੀ ਕਲੀਸਿਯਾ ਦੀ ਪਛਾਣ ਹੈ ਜਿਸ ਵਿਚ ਸਾਡੇ ਕੋਲ ਇਕ-ਦੂਸਰੇ ਦਾ ਆਦਰ ਕਰਨ ਦੇ ਬਹੁਤ ਸਾਰੇ ਮੌਕੇ ਹੁੰਦੇ ਹਨ।— ਯੂਹੰਨਾ 13:34, 35 ਪੜ੍ਹੋ।
16, 17. (ੳ) ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਸਿਰਫ਼ ਉਨ੍ਹਾਂ ਦਾ ਹੀ ਆਦਰ ਨਾ ਕਰੀਏ ਜਿਨ੍ਹਾਂ ਨੂੰ ਅਸੀਂ ਪ੍ਰਚਾਰ ਕਰਦੇ ਹਾਂ ਸਗੋਂ ਵਿਰੋਧੀਆਂ ਦਾ ਵੀ ਆਦਰ ਕਰੀਏ? (ਅ) ਅਸੀਂ ਕਿਵੇਂ “ਸਭਨਾਂ ਦਾ ਆਦਰ” ਕਰ ਸਕਦੇ ਹਾਂ?
16 ਅਸੀਂ ਸਿਰਫ਼ ਕਲੀਸਿਯਾ ਦੇ ਭੈਣਾਂ-ਭਰਾਵਾਂ ਦਾ ਆਦਰ ਹੀ ਨਹੀਂ ਕਰਦੇ ਸਗੋਂ ਹੋਰਨਾਂ ਲੋਕਾਂ ਦਾ ਵੀ ਆਦਰ ਕਰਦੇ ਹਾਂ। ਪੌਲੁਸ ਨੇ ਮਸੀਹੀਆਂ ਨੂੰ ਲਿਖਿਆ: “ਉਪਰੰਤ ਜਿਵੇਂ ਸਾਨੂੰ ਮੌਕਾ ਮਿਲੇ ਅਸੀਂ ਸਭਨਾਂ ਨਾਲ ਭਲਾ ਕਰੀਏ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।” (ਗਲਾ. 6:10) ਮੰਨਿਆ ਕਿ ਇਸ ਅਸੂਲ ʼਤੇ ਚੱਲਣਾ ਉਦੋਂ ਮੁਸ਼ਕਲ ਹੋ ਸਕਦਾ ਹੈ ਜਦੋਂ ਕੰਮ ʼਤੇ ਜਾਂ ਸਕੂਲ ਵਿਚ ਸਾਡੇ ਨਾਲ ਕੋਈ ਚੰਗੀ ਤਰ੍ਹਾਂ ਪੇਸ਼ ਨਹੀਂ ਆਉਂਦਾ। ਪਰ ਇਨ੍ਹਾਂ ਮੌਕਿਆਂ ʼਤੇ ਸਾਨੂੰ ਇਹ ਗੱਲ ਯਾਦ ਰੱਖਣ ਦੀ ਲੋੜ ਹੈ ਕਿ ਅਸੀਂ ‘ਬੁਰਿਆਂ ਦੇ ਕਾਰਨ ਨਾ ਕੁੜ੍ਹੀਏ, ਕੁਕਰਮੀਆਂ ਵੱਲੋਂ ਨਾ ਸੜੀਏ।’ (ਜ਼ਬੂ. 37:1) ਇਸ ਸਲਾਹ ʼਤੇ ਚੱਲਣ ਨਾਲ ਸਾਨੂੰ ਵਿਰੋਧੀਆਂ ਦਾ ਆਦਰ ਕਰਨ ਵਿਚ ਵੀ ਮਦਦ ਮਿਲੇਗੀ। ਪ੍ਰਚਾਰ ਕਰਦਿਆਂ ਵੀ ਅਸੀਂ “ਹਲੀਮੀ ਤੇ ਆਦਰ” ਨਾਲ ਪੇਸ਼ ਆਵਾਂਗੇ। (1 ਪਤ. 3:15, CL) ਸਾਡੇ ਪਹਿਰਾਵੇ ਤੇ ਹਾਰ-ਸ਼ਿੰਗਾਰ ਤੋਂ ਵੀ ਪਤਾ ਲੱਗੇਗਾ ਕਿ ਅਸੀਂ ਉਨ੍ਹਾਂ ਦਾ ਆਦਰ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ।
17 ਜੀ ਹਾਂ, ਅਸੀਂ ਆਪਣੇ ਭੈਣਾਂ-ਭਰਾਵਾਂ ਅਤੇ ਹੋਰਨਾਂ ਲੋਕਾਂ ਨਾਲ ਪੇਸ਼ ਆਉਂਦੇ ਵੇਲੇ ਇਸ ਸਲਾਹ ਨੂੰ ਲਾਗੂ ਕਰਨਾ ਚਾਹਾਂਗੇ: “ਸਭਨਾਂ ਦਾ ਆਦਰ ਕਰੋ, ਭਾਈਆਂ ਨਾਲ ਪ੍ਰੇਮ ਰੱਖੋ, ਪਰਮੇਸ਼ੁਰ ਦਾ ਭੈ ਮੰਨੋ, ਪਾਤਸ਼ਾਹ ਦਾ ਆਦਰ ਕਰੋ।”—1 ਪਤ. 2:17.
ਤੁਸੀਂ ਕਿਵੇਂ ਜਵਾਬ ਦਿਓਗੇ?
ਤੁਸੀਂ ਇਨ੍ਹਾਂ ਦਾ ਕਿਵੇਂ ਆਦਰ ਕਰੋਗੇ:
• ਯਹੋਵਾਹ?
• ਕਲੀਸਿਯਾ ਦੇ ਬਜ਼ੁਰਗਾਂ ਤੇ ਸਰਕਟ ਨਿਗਾਹਬਾਨਾਂ?
• ਕਲੀਸਿਯਾ ਦੇ ਹਰੇਕ ਮੈਂਬਰ?
• ਜਿਨ੍ਹਾਂ ਨੂੰ ਅਸੀਂ ਪ੍ਰਚਾਰ ਕਰਦੇ ਹਾਂ?
[ਸਫ਼ਾ 23 ਉੱਤੇ ਤਸਵੀਰ]
ਪਹਿਲੀ ਸਦੀ ਦੇ ਮਸੀਹੀਆਂ ਨੇ ਪ੍ਰਬੰਧਕ ਸਭਾ ਦੇ ਅਧਿਕਾਰ ਦਾ ਆਦਰ ਕੀਤਾ
[ਸਫ਼ਾ 24 ਉੱਤੇ ਤਸਵੀਰ]
ਹਰ ਦੇਸ਼ ਵਿਚ ਕਲੀਸਿਯਾ ਦੇ ਬਜ਼ੁਰਗ ਸਰਕਟ ਨਿਗਾਹਬਾਨਾਂ ਦਾ ਆਦਰ ਕਰਦੇ ਹਨ ਜੋ ਪ੍ਰਬੰਧਕ ਸਭਾ ਵੱਲੋਂ ਨਿਯੁਕਤ ਕੀਤੇ ਗਏ ਹਨ