ਅਕੂਲਾ ਅਤੇ ਪ੍ਰਿਸਕਿੱਲਾ—ਇਕ ਮਿਸਾਲੀ ਜੋੜਾ
“ਪਰਿਸਕਾ ਅਤੇ ਅਕੂਲਾ ਨੂੰ ਸੁਖ ਸਾਂਦ ਆਖਣਾ ਜਿਹੜੇ ਮਸੀਹ ਯਿਸੂ ਵਿੱਚ ਮੇਰੇ ਨਾਲ ਦੇ ਕੰਮ ਕਰਨ ਵਾਲੇ ਹਨ। ਜਿਨ੍ਹਾਂ ਮੇਰੀ ਜਾਨ ਦੇ ਬਦਲੇ ਆਪਣੀ ਹੀ ਧੌਣ ਡਾਹ ਦਿੱਤੀ [“ਆਪਣੀਆਂ ਜਾਨਾਂ ਖ਼ਤਰੇ ਵਿਚ ਪਾਈਆਂ,” ਨਿ ਵ] ਅਤੇ ਨਿਰਾ ਮੈਂ ਹੀ ਤਾਂ ਨਹੀਂ ਸਗੋਂ ਪਰਾਈਆਂ ਕੌਮਾਂ ਦੀਆਂ ਸਾਰੀਆਂ ਕਲੀਸਿਯਾਂ ਓਹਨਾਂ ਦਾ ਧੰਨਵਾਦ ਕਰਦੀਆਂ ਹਨ।”—ਰੋਮੀਆਂ 16:3, 4.
ਰੋਮ ਵਿਚ ਦੀ ਮਸੀਹੀ ਕਲੀਸਿਯਾ ਨੂੰ ਕਹੇ ਗਏ ਰਸੂਲ ਪੌਲੁਸ ਦੇ ਇਹ ਸ਼ਬਦ ਸੰਕੇਤ ਕਰਦੇ ਹਨ ਕਿ ਉਹ ਇਸ ਵਿਆਹੁਤਾ ਜੋੜੇ ਲਈ ਵੱਡਾ ਸਤਿਕਾਰ ਅਤੇ ਨਿੱਘਾ ਆਦਰ ਰੱਖਦਾ ਸੀ। ਉਸ ਨੇ ਨਿਸ਼ਚਿਤ ਕੀਤਾ ਕਿ ਉਨ੍ਹਾਂ ਦੀ ਕਲੀਸਿਯਾ ਨੂੰ ਲਿਖਦੇ ਸਮੇਂ, ਉਹ ਉਨ੍ਹਾਂ ਦਾ ਜ਼ਰੂਰ ਜ਼ਿਕਰ ਕਰੇ। ਲੇਕਿਨ ਪੌਲੁਸ ਦੇ “ਨਾਲ ਦੇ ਕੰਮ ਕਰਨ ਵਾਲੇ” ਇਹ ਦੋਨੋ ਕੌਣ ਸਨ, ਅਤੇ ਉਹ ਉਸ ਨੂੰ ਅਤੇ ਕਲੀਸਿਯਾਵਾਂ ਨੂੰ ਇੰਨੇ ਪਿਆਰੇ ਕਿਉਂ ਸਨ?—2 ਤਿਮੋਥਿਉਸ 4:19.
ਅਕੂਲਾ ਖਿੰਡੇ ਯਹੂਦੀਆਂ ਦੇ ਸੰਘ ਦਾ ਇਕ ਯਹੂਦੀ ਸੀ ਅਤੇ ਉੱਤਰੀ ਏਸ਼ੀਆ ਮਾਈਨਰ ਵਿਚ ਪੁੰਤੁਸ ਨਾਮਕ ਖੇਤਰ ਦਾ ਵਸਨੀਕ ਸੀ। ਉਹ ਅਤੇ ਉਸ ਦੀ ਪਤਨੀ ਪ੍ਰਿਸਕਿੱਲਾ (ਪਰਿਸਕਾ) ਰੋਮ ਵਿਚ ਜਾ ਵਸੇ ਸਨ। ਘਟੋ-ਘੱਟ 63 ਸਾ.ਯੁ.ਪੂ. ਵਿਚ ਪੌਂਪੇ ਦੁਆਰਾ ਯਰੂਸ਼ਲਮ ਦੇ ਕਬਜ਼ੇ ਦੇ ਸਮੇਂ ਤੋਂ ਉਸ ਸ਼ਹਿਰ ਵਿਚ ਕਾਫ਼ੀ ਵੱਡਾ ਯਹੂਦੀ ਸਮਾਜ ਸੀ, ਜਦੋਂ ਵੱਡੀ ਗਿਣਤੀ ਵਿਚ ਕੈਦੀਆਂ ਨੂੰ ਦਾਸਾਂ ਵਜੋਂ ਰੋਮ ਨੂੰ ਲਿਜਾਇਆ ਗਿਆ ਸੀ। ਦਰਅਸਲ, ਰੋਮੀ ਸ਼ਿਲਾ-ਲੇਖ ਜ਼ਾਹਰ ਕਰਦੇ ਹਨ ਕਿ ਉਸ ਪ੍ਰਾਚੀਨ ਸ਼ਹਿਰ ਵਿਚ ਦਰਜਨ ਕੁ ਯਹੂਦੀ ਸਭਾ-ਘਰ ਹੋਂਦ ਵਿਚ ਸਨ। 33 ਸਾ.ਯੁ. ਦੇ ਪੰਤੇਕੁਸਤ ਤੇ, ਰੋਮ ਤੋਂ ਆਏ ਹੋਏ ਕਈ ਯਹੂਦੀ ਲੋਕ ਯਰੂਸ਼ਲਮ ਵਿਖੇ ਮੌਜੂਦ ਸਨ, ਜਦੋਂ ਉਨ੍ਹਾਂ ਨੇ ਖ਼ੁਸ਼ ਖ਼ਬਰੀ ਸੁਣੀ। ਸ਼ਾਇਦ ਉਨ੍ਹਾਂ ਦੁਆਰਾ ਹੀ ਮਸੀਹੀ ਸੰਦੇਸ਼ ਰੋਮੀ ਸਾਮਰਾਜ ਦੀ ਰਾਜਧਾਨੀ ਤਕ ਪਹਿਲਾਂ ਪਹੁੰਚਿਆ।—ਰਸੂਲਾਂ ਦੇ ਕਰਤੱਬ 2:10.
ਪਰੰਤੂ, ਯਹੂਦੀਆਂ ਨੂੰ ਸਮਰਾਟ ਕਲੌਦਿਯੁਸ ਦੇ ਹੁਕਮ ਤੇ, ਸਾਲ 49 ਵਿਚ ਜਾਂ 50 ਸਾ.ਯੁ. ਦੇ ਮੁਢਲੇ ਭਾਗ ਵਿਚ ਰੋਮ ਤੋਂ ਕੱਢ ਦਿੱਤਾ ਗਿਆ ਸੀ। ਇਸ ਲਈ, ਰਸੂਲ ਪੌਲੁਸ ਅਕੂਲਾ ਅਤੇ ਪ੍ਰਿਸਕਿੱਲਾ ਨੂੰ ਕੁਰਿੰਥੁਸ ਦੇ ਯੂਨਾਨੀ ਸ਼ਹਿਰ ਵਿਚ ਮਿਲਿਆ ਸੀ। ਜਦੋਂ ਪੌਲੁਸ ਕੁਰਿੰਥੁਸ ਵਿਚ ਪੁੱਜਿਆ, ਤਾਂ ਅਕੂਲਾ ਅਤੇ ਪ੍ਰਿਸਕਿੱਲਾ ਨੇ ਕਿਰਪਾਪੂਰਵਕ ਉਸ ਨੂੰ ਪਰਾਹੁਣਚਾਰੀ ਅਤੇ ਕਿੱਤਾ ਦੋਵੇਂ ਮੁਹੱਈਆ ਕੀਤੇ, ਕਿਉਂ ਜੋ ਉਨ੍ਹਾਂ ਦੀ ਇਕ ਸਾਂਝੀ ਕਿਰਤ ਸੀ—ਤੰਬੂ ਬਣਾਉਣਾ।—ਰਸੂਲਾਂ ਦੇ ਕਰਤੱਬ 18:2, 3.
ਤੰਬੂ ਬਣਾਉਣ ਵਾਲੇ
ਇਹ ਆਸਾਨ ਕੰਮ ਨਹੀਂ ਸੀ। ਤੰਬੂ ਬਣਾਉਣ ਵਿਚ ਸਖ਼ਤ, ਖਰ੍ਹਵੇ ਕੱਪੜੇ ਜਾਂ ਚਮੜੇ ਦੇ ਟੁਕੜਿਆਂ ਨੂੰ ਕੱਟਣਾ ਅਤੇ ਇਕੱਠੇ ਸੀਉਣਾ ਸ਼ਾਮਲ ਸੀ। ਇਤਿਹਾਸਕਾਰ ਫਰਨੈਂਡੋ ਬੇਆ ਦੇ ਅਨੁਸਾਰ, ਇਹ ਉਨ੍ਹਾਂ ਤੰਬੂ ਬਣਾਉਣ ਵਾਲਿਆਂ ਤੋਂ “ਨਿਪੁੰਨਤਾ ਅਤੇ ਧਿਆਨ ਦੀ ਮੰਗ ਕਰਨ ਵਾਲਾ ਇਕ ਕੰਮ” ਸੀ, ਜੋ “ਸਫ਼ਰ ਦੌਰਾਨ ਧੁੱਪ ਅਤੇ ਵਰਖਾ ਤੋਂ ਆੜ ਮੁਹੱਈਆ ਕਰਨ ਵਾਲੇ ਤੰਬੂਆਂ, ਜਾਂ ਜਹਾਜ਼ਾਂ ਦੇ ਤਹਿਖ਼ਾਨਿਆਂ ਵਿਚ ਸਾਮਾਨ ਬੰਨ੍ਹਣ ਲਈ ਵਰਤੇ ਜਾਂਦੇ ਖੁਰਦਰੇ, ਸਖ਼ਤ ਕੱਪੜਿਆਂ” ਨਾਲ ਕੰਮ ਕਰਦੇ ਸਨ।
ਇਹ ਇਕ ਸਵਾਲ ਖੜ੍ਹਾ ਕਰਦਾ ਹੈ। ਕੀ ਪੌਲੁਸ ਨੇ ਇਹ ਨਹੀਂ ਕਿਹਾ ਸੀ ਕਿ ਉਹ “ਗਮਲੀਏਲ ਦੇ ਚਰਨਾਂ ਵਿੱਚ ਪਲਿਆ [“ਪੜ੍ਹਿਆ,” ਨਿ ਵ]” ਸੀ, ਜਿਸ ਕਾਰਨ ਉਸ ਲਈ ਆਉਣ ਵਾਲੇ ਸਾਲਾਂ ਵਿਚ ਇਕ ਪ੍ਰਤਿਸ਼ਠਾਵਾਨ ਕਿੱਤੇ ਦੀ ਪੈਰਵੀ ਕਰਨ ਦਾ ਰਾਹ ਤਿਆਰ ਸੀ? (ਰਸੂਲਾਂ ਦੇ ਕਰਤੱਬ 22:3) ਹਾਲਾਂਕਿ ਇਹ ਸੱਚ ਹੈ, ਪਹਿਲੀ ਸਦੀ ਦੇ ਯਹੂਦੀ ਇਕ ਮੁੰਡੇ ਨੂੰ ਕੋਈ ਕਿਰਤ ਸਿਖਾਉਣਾ ਆਦਰਯੋਗ ਸਮਝਦੇ ਸਨ, ਭਾਵੇਂ ਕਿ ਉਸ ਨੂੰ ਉਚੇਰੀ ਸਿੱਖਿਆ ਦਿੱਤੀ ਜਾਣੀ ਸੀ। ਇਸ ਲਈ ਇਹ ਸੰਭਵ ਹੈ ਕਿ ਅਕੂਲਾ ਅਤੇ ਪੌਲੁਸ ਦੋਹਾਂ ਨੇ ਯੁਵਾ-ਅਵਸਥਾ ਵਿਚ ਤੰਬੂ ਬਣਾਉਣ ਵਿਚ ਨਿਪੁੰਨਤਾ ਹਾਸਲ ਕੀਤੀ। ਇਹ ਤਜਰਬਾ ਬਾਅਦ ਵਿਚ ਬਹੁਤ ਹੀ ਲਾਹੇਵੰਦ ਸਾਬਤ ਹੋਇਆ। ਲੇਕਿਨ ਮਸੀਹੀਆਂ ਦੇ ਤੌਰ ਤੇ, ਉਨ੍ਹਾਂ ਨੇ ਅਜਿਹੇ ਕਿੱਤੇ ਨੂੰ ਆਪਣਾ ਮੁੱਖ ਉਦੇਸ਼ ਨਹੀਂ ਸਮਝਿਆ। ਪੌਲੁਸ ਨੇ ਸਮਝਾਇਆ ਕਿ ਉਸ ਨੇ ਕੁਰਿੰਥੁਸ ਵਿਚ ਅਕੂਲਾ ਅਤੇ ਪ੍ਰਿਸਕਿੱਲਾ ਦੇ ਨਾਲ ਜੋ ਕੰਮ ਕੀਤਾ, ਉਹ ਉਸ ਦੇ ਮੁੱਖ ਕਾਰਜ, ਅਥਵਾ ਖ਼ੁਸ਼ ਖ਼ਬਰੀ ਸੁਣਾਉਣ ਦੇ ਕਾਰਜ ਵਿਚ ਬਿਨਾਂ ‘ਕਿਸੇ ਉੱਤੇ ਭਾਰੂ ਹੋਏ,’ ਆਪਣਾ ਗੁਜ਼ਾਰਾ ਤੋਰਨ ਦਾ ਕੇਵਲ ਇਕ ਜ਼ਰੀਆ ਸੀ।—2 ਥੱਸਲੁਨੀਕੀਆਂ 3:8; 1 ਕੁਰਿੰਥੀਆਂ 9:18; 2 ਕੁਰਿੰਥੀਆਂ 11:7.
ਸਪੱਸ਼ਟ ਹੈ ਕਿ ਅਕੂਲਾ ਅਤੇ ਪ੍ਰਿਸਕਿੱਲਾ ਪੌਲੁਸ ਦੀ ਮਿਸ਼ਨਰੀ ਸੇਵਾ ਨੂੰ ਸੌਖਿਆਂ ਕਰਨ ਲਈ ਯਥਾਸ਼ਕਤ ਸਭ ਕੁਝ ਕਰਨ ਵਿਚ ਖ਼ੁਸ਼ ਸਨ। ਕੌਣ ਜਾਣਦਾ ਹੈ ਕਿ ਇਨ੍ਹਾਂ ਤਿੰਨਾਂ ਮਿੱਤਰਾਂ ਨੇ ਆਪਣੇ ਕੰਮ ਦੇ ਦੌਰਾਨ ਕਿੰਨੀ ਵਾਰੀ ਰੁਕ ਕੇ ਗਾਹਕਾਂ ਜਾਂ ਰਾਹਗੀਰਾਂ ਨੂੰ ਗ਼ੈਰ-ਰਸਮੀ ਤੌਰ ਤੇ ਗਵਾਹੀ ਦਿੱਤੀ ਹੋਵੇਗੀ! ਅਤੇ ਹਾਲਾਂਕਿ ਉਨ੍ਹਾਂ ਦਾ ਤੰਬੂ ਬਣਾਉਣ ਦਾ ਕੰਮ ਮਾਮੂਲੀ ਅਤੇ ਥਕਾਊ ਸੀ, ਉਹ ਇਸ ਨੂੰ ਕਰ ਕੇ ਖ਼ੁਸ਼ ਸਨ, ਇੱਥੋਂ ਤਕ ਕਿ ਉਹ ਪਰਮੇਸ਼ੁਰ ਦੇ ਹਿਤਾਂ ਨੂੰ ਵਧਾਉਣ ਲਈ “ਰਾਤ ਦਿਨ” ਕੰਮ ਕਰਦੇ ਸਨ—ਠੀਕ ਜਿਵੇਂ ਆਧੁਨਿਕ-ਦਿਨ ਦੇ ਅਨੇਕ ਮਸੀਹੀ ਲੋਕ ਅੰਸ਼ਕਾਲੀ ਜਾਂ ਮੌਸਮੀ ਕਾਰਜ ਨਾਲ ਆਪਣਾ ਗੁਜ਼ਾਰਾ ਤੋਰਦੇ ਹਨ ਤਾਂ ਜੋ ਉਹ ਆਪਣਾ ਬਾਕੀ ਦਾ ਅਧਿਕਤਰ ਸਮਾਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਨ ਵਿਚ ਮਦਦ ਕਰਨ ਲਈ ਲਗਾ ਸਕਣ।—1 ਥੱਸਲੁਨੀਕੀਆਂ 2:9; ਮੱਤੀ 24:14; 1 ਤਿਮੋਥਿਉਸ 6:6.
ਪਰਾਹੁਣਚਾਰੀ ਦੀਆਂ ਮਿਸਾਲਾਂ
ਪੌਲੁਸ ਨੇ ਜੋ 18 ਮਹੀਨੇ ਕੁਰਿੰਥੁਸ ਵਿਚ ਬਿਤਾਏ, ਉਸ ਦੌਰਾਨ ਸੰਭਵ ਹੈ ਕਿ ਉਸ ਨੇ ਆਪਣੀਆਂ ਮਿਸ਼ਨਰੀ ਸਰਗਰਮੀਆਂ ਦੇ ਕੇਂਦਰ ਵਜੋਂ ਅਕੂਲਾ ਦੇ ਘਰ ਨੂੰ ਇਸਤੇਮਾਲ ਕੀਤਾ। (ਰਸੂਲਾਂ ਦੇ ਕਰਤੱਬ 18:3, 11) ਤਾਂ ਫਿਰ, ਇਹ ਸੰਭਵ ਹੈ ਕਿ ਜਦੋਂ ਸੀਲਾਸ (ਸਿਲਵਾਨੁਸ) ਅਤੇ ਤਿਮੋਥਿਉਸ ਮਕਦੂਨਿਯਾ ਤੋਂ ਆਏ ਤਾਂ ਅਕੂਲਾ ਅਤੇ ਪ੍ਰਿਸਕਿੱਲਾ ਨੇ ਉਨ੍ਹਾਂ ਨੂੰ ਵੀ ਮਹਿਮਾਨਾਂ ਵਜੋਂ ਸੁਆਗਤ ਕਰਨ ਦਾ ਆਨੰਦ ਪ੍ਰਾਪਤ ਕੀਤਾ। (ਰਸੂਲਾਂ ਦੇ ਕਰਤੱਬ 18:5) ਥੱਸਲੁਨੀਕੀਆਂ ਦੇ ਨਾਂ ਪੌਲੁਸ ਦੀਆਂ ਦੋ ਪੱਤ੍ਰੀਆਂ, ਜੋ ਬਾਅਦ ਵਿਚ ਬਾਈਬਲ ਦੇ ਪ੍ਰਮਾਣਿਤ ਕਾਂਡ ਦਾ ਭਾਗ ਬਣੀਆਂ, ਸ਼ਾਇਦ ਉਦੋਂ ਲਿਖੀਆਂ ਗਈਆਂ ਸਨ ਜਦੋਂ ਰਸੂਲ ਪੌਲੁਸ ਅਕੂਲਾ ਅਤੇ ਪ੍ਰਿਸਕਿੱਲਾ ਦੇ ਨਾਲ ਰਹਿ ਰਿਹਾ ਸੀ।
ਇਹ ਕਲਪਨਾ ਕਰਨਾ ਆਸਾਨ ਹੈ ਕਿ ਉਸ ਵੇਲੇ ਪ੍ਰਿਸਕਿੱਲਾ ਅਤੇ ਅਕੂਲਾ ਦਾ ਘਰ ਸੱਚ-ਮੁੱਚ ਹੀ ਦੈਵ-ਸ਼ਾਸਕੀ ਸਰਗਰਮੀਆਂ ਦਾ ਕੇਂਦਰ ਸੀ। ਸੰਭਵ ਹੈ ਕਿ ਇੱਥੇ ਅਕਸਰ ਅਨੇਕ ਪਿਆਰੇ ਮਿੱਤਰ-ਦੋਸਤ ਆਉਂਦੇ ਹੁੰਦੇ ਸਨ—ਸਤਫਨਾਸ ਅਤੇ ਉਸ ਦਾ ਪਰਿਵਾਰ, ਜੋ ਅਖਾਯਾ ਦੇ ਸੂਬੇ ਵਿਚ ਪਹਿਲੇ ਮਸੀਹੀ ਸਨ ਜਿਨ੍ਹਾਂ ਨੂੰ ਖ਼ੁਦ ਪੌਲੁਸ ਨੇ ਬਪਤਿਸਮਾ ਦਿੱਤਾ ਸੀ; ਤੀਤੁਸ ਯੂਸਤੁਸ, ਜਿਸ ਨੇ ਪੌਲੁਸ ਨੂੰ ਭਾਸ਼ਣ ਦੇਣ ਲਈ ਆਪਣਾ ਘਰ ਵਰਤਣ ਦੀ ਇਜਾਜ਼ਤ ਦਿੱਤੀ; ਅਤੇ ਯਹੂਦੀ ਸਭਾ ਘਰ ਦਾ ਸਰਦਾਰ, ਕਰਿਸਪੁਸ, ਜਿਸ ਨੇ ਆਪਣੇ ਘਰਾਣੇ ਸਣੇ ਸੱਚਾਈ ਨੂੰ ਸਵੀਕਾਰ ਕੀਤਾ ਸੀ। (ਰਸੂਲਾਂ ਦੇ ਕਰਤੱਬ 18:7, 8; 1 ਕੁਰਿੰਥੀਆਂ 1:16) ਇਸ ਤੋਂ ਇਲਾਵਾ, ਫ਼ੁਰਤੂਨਾਤੁਸ ਅਤੇ ਅਖਾਇਕੁਸ ਸਨ; ਗਾਯੁਸ, ਜਿਸ ਦੇ ਘਰ ਵਿਚ ਸ਼ਾਇਦ ਕਲੀਸਿਯਾ ਸਭਾਵਾਂ ਸੰਚਾਲਿਤ ਕੀਤੀਆਂ ਜਾਂਦੀਆਂ ਸਨ; ਸ਼ਹਿਰ ਦਾ ਖਜ਼ਾਨਚੀ, ਇਰਸਤੁਸ; ਤਰਤਿਯੁਸ, ਉਹ ਸਕੱਤਰ ਜਿਸ ਤੋਂ ਪੌਲੁਸ ਨੇ ਰੋਮੀਆਂ ਦੇ ਨਾਂ ਆਪਣੀ ਪੱਤ੍ਰੀ ਲਿਖਵਾਈ ਸੀ; ਅਤੇ ਕੰਖਰਿਯਾ ਦੀ ਨੇੜਲੀ ਕਲੀਸਿਯਾ ਦੀ ਵਫ਼ਾਦਾਰ ਭੈਣ ਫ਼ੀਬੀ, ਜਿਸ ਨੇ ਸੰਭਵ ਹੈ ਇਸ ਪੱਤ੍ਰੀ ਨੂੰ ਕੁਰਿੰਥੁਸ ਤੋਂ ਰੋਮ ਤਕ ਪਹੁੰਚਾਇਆ ਸੀ।—ਰੋਮੀਆਂ 16:1, 22, 23; 1 ਕੁਰਿੰਥੀਆਂ 16:17.
ਯਹੋਵਾਹ ਦੇ ਆਧੁਨਿਕ-ਦਿਨ ਦੇ ਸੇਵਕ, ਜਿਨ੍ਹਾਂ ਨੂੰ ਇਕ ਸਫ਼ਰੀ ਸੇਵਕ ਨੂੰ ਪਰਾਹੁਣਚਾਰੀ ਦਿਖਾਉਣ ਦਾ ਅਵਸਰ ਮਿਲਿਆ ਹੈ, ਜਾਣਦੇ ਹਨ ਕਿ ਇਹ ਕਿੰਨਾ ਹੀ ਉਤਸ਼ਾਹਜਨਕ ਅਤੇ ਅਭੁੱਲ ਹੋ ਸਕਦਾ ਹੈ। ਅਜਿਹੇ ਮੌਕਿਆਂ ਤੇ ਸੁਣਾਏ ਗਏ ਉਤਸ਼ਾਹਜਨਕ ਅਨੁਭਵ ਸੱਚ-ਮੁੱਚ ਹੀ ਸਾਰਿਆਂ ਲਈ ਅਧਿਆਤਮਿਕ ਤਾਜ਼ਗੀ ਦਾ ਸੋਮਾ ਹੋ ਸਕਦੇ ਹਨ। (ਰੋਮੀਆਂ 1:11, 12) ਅਤੇ, ਜਿਵੇਂ ਅਕੂਲਾ ਅਤੇ ਪ੍ਰਿਸਕਿੱਲਾ ਨੇ ਕੀਤਾ, ਉਹ ਜੋ ਆਪਣੇ ਘਰਾਂ ਨੂੰ ਸਭਾਵਾਂ, ਸ਼ਾਇਦ ਕਲੀਸਿਯਾ ਪੁਸਤਕ ਅਧਿਐਨ ਲਈ ਖੋਲ੍ਹ ਦਿੰਦੇ ਹਨ, ਉਨ੍ਹਾਂ ਨੂੰ ਇਸ ਤਰ੍ਹਾਂ ਸੱਚੀ ਉਪਾਸਨਾ ਦੀ ਉੱਨਤੀ ਵੱਲ ਸਹਿਯੋਗ ਦੇ ਸਕਣ ਦਾ ਆਨੰਦ ਅਤੇ ਸੰਤੋਖ ਹਾਸਲ ਹੁੰਦਾ ਹੈ।
ਪੌਲੁਸ ਨਾਲ ਉਨ੍ਹਾਂ ਦੀ ਦੋਸਤੀ ਇੰਨੀ ਗਹਿਰੀ ਸੀ ਕਿ ਜਦੋਂ ਉਹ 52 ਸਾ.ਯੁ. ਦੀ ਬਸੰਤ ਵਿਚ ਕੁਰਿੰਥੁਸ ਤੋਂ ਚਲਿਆ, ਤਾਂ ਅਕੂਲਾ ਅਤੇ ਪ੍ਰਿਸਕਿੱਲਾ ਵੀ ਅਫ਼ਸੁਸ ਤਕ ਉਸ ਦੇ ਨਾਲ-ਨਾਲ ਗਏ। (ਰਸੂਲਾਂ ਦੇ ਕਰਤੱਬ 18:18-21) ਉਹ ਉਸ ਸ਼ਹਿਰ ਵਿਚ ਰਹੇ ਅਤੇ ਰਸੂਲ ਦੇ ਅਗਲੇ ਦੌਰੇ ਲਈ ਬੁਨਿਆਦ ਤਿਆਰ ਕੀਤੀ। ਇੱਥੇ ਹੀ ਖ਼ੁਸ਼ ਖ਼ਬਰੀ ਦੇ ਇਨ੍ਹਾਂ ਨਿਪੁੰਨ ਸਿੱਖਿਅਕਾਂ ਨੇ ਸੁਵਕਤਾ ਅਪੁੱਲੋਸ ਨੂੰ “ਆਪਣੇ ਨਾਲ ਰਲਾ” ਲਿਆ ਅਤੇ ਉਸ ਨੂੰ “ਪਰਮੇਸ਼ੁਰ ਦਾ ਰਾਹ ਹੋਰ ਵੀ ਠੀਕ ਤਰਾਂ ਨਾਲ” ਸਮਝਣ ਲਈ ਮਦਦ ਕਰਨ ਦਾ ਆਨੰਦ ਹਾਸਲ ਕੀਤਾ। (ਰਸੂਲਾਂ ਦੇ ਕਰਤੱਬ 18:24-26) ਜਦੋਂ ਪੌਲੁਸ ਨੇ ਲਗਭਗ 52/53 ਸਾ.ਯੁ. ਦੇ ਸਿਆਲ ਵੇਲੇ, ਆਪਣੇ ਤੀਸਰੇ ਮਿਸ਼ਨਰੀ ਸਫ਼ਰ ਦੌਰਾਨ ਅਫ਼ਸੁਸ ਦਾ ਮੁੜ ਦੌਰਾ ਕੀਤਾ, ਤਾਂ ਇਸ ਜੋਸ਼ੀਲੇ ਜੋੜੇ ਦੁਆਰਾ ਵਾਹਿਆ ਗਿਆ ਖੇਤ ਵਾਢੀ ਲਈ ਪਹਿਲਾਂ ਤੋਂ ਹੀ ਤਿਆਰ ਸੀ। ਤਿੰਨ ਕੁ ਸਾਲਾਂ ਲਈ, ਪੌਲੁਸ ਨੇ “ਉਸ ਪੰਥ” ਬਾਰੇ ਪ੍ਰਚਾਰ ਕੀਤਾ ਅਤੇ ਸਿੱਖਿਆ ਦਿੱਤੀ, ਜਿਸ ਦੌਰਾਨ ਅਫ਼ਸੁਸ ਦੀ ਕਲੀਸਿਯਾ ਅਕੂਲਾ ਦੇ ਘਰ ਵਿਖੇ ਸਭਾਵਾਂ ਨੂੰ ਸੰਚਾਲਿਤ ਕਰਦੀ ਸੀ।—ਰਸੂਲਾਂ ਦੇ ਕਰਤੱਬ 19:1-20, 26; 20:31; 1 ਕੁਰਿੰਥੀਆਂ 16:8, 19.
ਬਾਅਦ ਵਿਚ, ਜਦੋਂ ਉਹ ਰੋਮ ਨੂੰ ਪਰਤੇ, ਤਾਂ ਪੌਲੁਸ ਦੇ ਇਨ੍ਹਾਂ ਦੋ ਮਿੱਤਰਾਂ ਨੇ ‘ਪਰਾਹੁਣਚਾਰੀ ਪੁੱਜ ਕੇ ਕਰਨੀ’ ਜਾਰੀ ਰੱਖੀ, ਅਤੇ ਆਪਣੇ ਘਰ ਨੂੰ ਮਸੀਹੀ ਸਭਾਵਾਂ ਲਈ ਉਪਲਬਧ ਕੀਤਾ।—ਰੋਮੀਆਂ 12:13; 16:3-5.
ਉਨ੍ਹਾਂ ਨੇ ਪੌਲੁਸ ਲਈ “ਆਪਣੀਆਂ ਜਾਨਾਂ ਖ਼ਤਰੇ ਵਿਚ ਪਾਈਆਂ”
ਜਦੋਂ ਪੌਲੁਸ ਅਫ਼ਸੁਸ ਵਿਚ ਸੀ, ਤਾਂ ਸ਼ਾਇਦ ਉਹ ਵੀ ਅਕੂਲਾ ਅਤੇ ਪ੍ਰਿਸਕਿੱਲਾ ਦੇ ਨਾਲ ਠਹਿਰਿਆ। ਕੀ ਸੁਨਿਆਰਿਆਂ ਦੇ ਹੰਗਾਮੇ ਵੇਲੇ ਉਹ ਉਨ੍ਹਾਂ ਦੇ ਨਾਲ ਰਹਿ ਰਿਹਾ ਸੀ? ਰਸੂਲਾਂ ਦੇ ਕਰਤੱਬ 19:23-31 ਦੇ ਬਿਰਤਾਂਤ ਅਨੁਸਾਰ, ਜਦੋਂ ਮੰਦਰ ਬਣਾਉਣ ਵਾਲੇ ਕਾਰੀਗਰਾਂ ਨੇ ਖ਼ੁਸ਼ ਖ਼ਬਰੀ ਦੇ ਪ੍ਰਚਾਰ ਵਿਰੁੱਧ ਬਗਾਵਤ ਕੀਤੀ, ਤਾਂ ਭਰਾਵਾਂ ਨੂੰ ਪੌਲੁਸ ਨੂੰ ਭੀੜ ਅੱਗੇ ਜਾ ਕੇ ਆਪਣੀ ਜਾਨ ਖ਼ਤਰੇ ਵਿਚ ਪਾਉਣ ਤੋਂ ਰੋਕਣਾ ਪਿਆ। ਕੁਝ ਬਾਈਬਲ ਟੀਕਾਕਾਰਾਂ ਨੇ ਅਨੁਮਾਨ ਲਾਇਆ ਹੈ ਕਿ ਸ਼ਾਇਦ ਅਜਿਹੀ ਹੀ ਇਕ ਖ਼ਤਰਨਾਕ ਸਥਿਤੀ ਵਿਚ ਪੌਲੁਸ ‘ਜੀਉਣ ਤੋਂ ਵੀ ਹੱਥਲ ਹੋ ਬੈਠਾ ਸੀ’ ਅਤੇ ਅਕੂਲਾ ਤੇ ਪ੍ਰਿਸਕਿੱਲਾ ਨੇ ਕਿਸੇ ਤਰੀਕੇ ਨਾਲ ਦਖ਼ਲ ਦੇ ਕੇ, ਉਸ ਲਈ “ਆਪਣੀਆਂ ਜਾਨਾਂ ਖ਼ਤਰੇ ਵਿਚ ਪਾਈਆਂ।”—2 ਕੁਰਿੰਥੀਆਂ 1:8; ਰੋਮੀਆਂ 16:3, 4.
ਜਦੋਂ “ਰੌਲਾਂ ਹਟ ਗਿਆ,” ਤਾਂ ਪੌਲੁਸ ਬੁੱਧੀਮਤਾ ਨਾਲ ਉਸ ਸ਼ਹਿਰ ਤੋਂ ਚਲਿਆ ਗਿਆ। (ਰਸੂਲਾਂ ਦੇ ਕਰਤੱਬ 20:1) ਨਿਰਸੰਦੇਹ ਅਕੂਲਾ ਅਤੇ ਪ੍ਰਿਸਕਿੱਲਾ ਨੇ ਵੀ ਵਿਰੋਧ ਅਤੇ ਮਖੌਲ ਦਾ ਸਾਮ੍ਹਣਾ ਕੀਤਾ। ਕੀ ਇਸ ਤੋਂ ਉਹ ਨਿਰਾਸ਼ ਹੋਏ? ਇਸ ਦੇ ਉਲਟ, ਅਕੂਲਾ ਅਤੇ ਪ੍ਰਿਸਕਿੱਲਾ ਨੇ ਆਪਣੇ ਮਸੀਹੀ ਜਤਨਾਂ ਨੂੰ ਦਲੇਰੀ ਨਾਲ ਜਾਰੀ ਰੱਖਿਆ।
ਇਕ ਨਜ਼ਦੀਕੀ ਜੋੜਾ
ਕਲੌਦਿਯੁਸ ਦੀ ਹਕੂਮਤ ਦੇ ਅੰਤ ਮਗਰੋਂ, ਅਕੂਲਾ ਅਤੇ ਪ੍ਰਿਸਕਿੱਲਾ ਰੋਮ ਨੂੰ ਪਰਤ ਗਏ। (ਰੋਮੀਆਂ 16:3-15) ਲੇਕਿਨ, ਬਾਈਬਲ ਵਿਚ ਜਦੋਂ ਉਨ੍ਹਾਂ ਦਾ ਆਖ਼ਰੀ ਵਾਰੀ ਜ਼ਿਕਰ ਕੀਤਾ ਜਾਂਦਾ ਹੈ, ਉਦੋਂ ਅਸੀਂ ਉਨ੍ਹਾਂ ਨੂੰ ਮੁੜ ਅਫ਼ਸੁਸ ਵਿਚ ਪਾਉਂਦੇ ਹਾਂ। (2 ਤਿਮੋਥਿਉਸ 4:19) ਇਕ ਵਾਰ ਫਿਰ, ਸ਼ਾਸਤਰ ਵਿਚ ਬਾਕੀ ਸਾਰੇ ਹਵਾਲਿਆਂ ਦੇ ਸਮਾਨ, ਇਸ ਪਤੀ ਅਤੇ ਪਤਨੀ ਦਾ ਇਕੱਠੇ ਜ਼ਿਕਰ ਕੀਤਾ ਗਿਆ ਹੈ। ਕਿੰਨਾ ਹੀ ਨਜ਼ਦੀਕੀ ਅਤੇ ਇਕਮੁੱਠ ਜੋੜਾ! ਪੌਲੁਸ ਉਸ ਪਿਆਰੇ ਭਰਾ, ਅਕੂਲਾ ਨੂੰ ਯਾਦ ਕਰਦੇ ਸਮੇਂ, ਉਸ ਦੀ ਪਤਨੀ ਦੇ ਵਫ਼ਾਦਾਰ ਸਹਿਯੋਗ ਨੂੰ ਜ਼ਰੂਰ ਚੇਤੇ ਕਰਦਾ ਸੀ। ਅਤੇ ਇਹ ਅੱਜ ਮਸੀਹੀ ਜੋੜਿਆਂ ਲਈ ਕਿੰਨੀ ਵਧੀਆ ਮਿਸਾਲ ਹੈ, ਕਿਉਂਕਿ ਇਕ ਲਗਨ-ਭਰਪੂਰ ਸਾਥੀ ਦੀ ਨਿਸ਼ਠਾਵਾਨ ਮਦਦ ਇਕ ਵਿਅਕਤੀ ਨੂੰ “ਪ੍ਰਭੁ ਦੇ ਕੰਮ ਵਿੱਚ” ਕਾਫ਼ੀ ਕੁਝ ਕਰਨ, ਅਤੇ ਕਦੇ-ਕਦਾਈਂ, ਅਵਿਵਾਹਿਤ ਸਥਿਤੀ ਵਿਚ ਉਸ ਲਈ ਜਿੰਨਾ ਸੰਭਵ ਸੀ, ਉਸ ਨਾਲੋਂ ਵੀ ਵੱਧ ਕਰਨ ਦੇ ਯੋਗ ਬਣਾਉਂਦੀ ਹੈ।—1 ਕੁਰਿੰਥੀਆਂ 15:58.
ਅਕੂਲਾ ਅਤੇ ਪ੍ਰਿਸਕਿੱਲਾ ਨੇ ਕਈ ਅਲੱਗ-ਅਲੱਗ ਕਲੀਸਿਯਾਵਾਂ ਵਿਚ ਸੇਵਾ ਕੀਤੀ। ਉਨ੍ਹਾਂ ਦੇ ਵਾਂਗ, ਆਧੁਨਿਕ-ਦਿਨ ਦੇ ਅਨੇਕ ਸਰਗਰਮ ਮਸੀਹੀਆਂ ਨੇ ਆਪਣੇ ਆਪ ਨੂੰ ਉਸ ਜਗ੍ਹਾ ਜਾਣ ਲਈ ਉਪਲਬਧ ਬਣਾਇਆ ਹੈ ਜਿੱਥੇ ਲੋੜ ਜ਼ਿਆਦਾ ਹੈ। ਉਹ ਵੀ ਉਸ ਆਨੰਦ ਅਤੇ ਸੰਤੋਖ ਨੂੰ ਅਨੁਭਵ ਕਰਦੇ ਹਨ ਜੋ ਰਾਜ ਹਿਤਾਂ ਨੂੰ ਵਧਦੇ ਹੋਏ ਦੇਖਣ ਤੋਂ ਅਤੇ ਨਿੱਘੀ ਅਤੇ ਕੀਮਤੀ ਮਸੀਹੀ ਦੋਸਤੀ ਵਿਕਸਿਤ ਕਰ ਸਕਣ ਤੋਂ ਮਿਲਦਾ ਹੈ।
ਆਪਣੀ ਮਸੀਹੀ ਪ੍ਰੇਮ ਦੀ ਉੱਤਮ ਮਿਸਾਲ ਦੁਆਰਾ, ਅਕੂਲਾ ਅਤੇ ਪ੍ਰਿਸਕਿੱਲਾ ਨੇ ਪੌਲੁਸ ਅਤੇ ਹੋਰਨਾਂ ਦੀ ਕਦਰਦਾਨੀ ਹਾਸਲ ਕੀਤੀ। ਲੇਕਿਨ ਹੋਰ ਵੀ ਜ਼ਰੂਰੀ, ਉਨ੍ਹਾਂ ਨੇ ਖ਼ੁਦ ਯਹੋਵਾਹ ਦੇ ਨਾਲ ਇਕ ਵਧੀਆ ਨਾਂ ਕਮਾਇਆ। ਸ਼ਾਸਤਰ ਸਾਨੂੰ ਭਰੋਸਾ ਦਿੰਦਾ ਹੈ: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ ਭਈ ਤੁਸਾਂ ਸੰਤਾਂ ਦੀ ਸੇਵਾ ਕੀਤੀ, ਨਾਲੇ ਕਰਦੇ ਭੀ ਹੋ।”—ਇਬਰਾਨੀਆਂ 6:10.
ਸਾਨੂੰ ਅਕੂਲਾ ਅਤੇ ਪ੍ਰਿਸਕਿੱਲਾ ਵਾਂਗ ਅਜਿਹਿਆਂ ਤਰੀਕਿਆਂ ਵਿਚ ਖ਼ੁਦ ਨੂੰ ਖ਼ਰਚ ਕਰਨ ਦਾ ਮੌਕਾ ਸ਼ਾਇਦ ਨਾ ਮਿਲੇ, ਫਿਰ ਵੀ ਅਸੀਂ ਉਨ੍ਹਾਂ ਦੀ ਉੱਤਮ ਮਿਸਾਲ ਦੀ ਰੀਸ ਕਰ ਸਕਦੇ ਹਾਂ। ਸਾਨੂੰ ਗਹਿਰਾ ਸੰਤੋਖ ਹਾਸਲ ਹੋਵੇਗਾ, ਜਿਉਂ-ਜਿਉਂ ਅਸੀਂ ਯਹੋਵਾਹ ਦੀ ਪਵਿੱਤਰ ਸੇਵਾ ਵਿਚ ਆਪਣੀ ਸ਼ਕਤੀ ਅਤੇ ਜ਼ਿੰਦਗੀ ਲਗਾਉਂਦੇ ਹਾਂ, ਅਤੇ ਅਸੀਂ ‘ਭਲਾ ਕਰਨੋਂ ਅਤੇ ਪਰਉਪਕਾਰ ਕਰਨੋਂ ਨਾ ਭੁੱਲੀਏ ਕਿਉਂਕਿ ਅਜੇਹਿਆਂ ਬਲੀਦਾਨਾਂ ਤੋਂ ਪਰਮੇਸ਼ੁਰ ਪਰਸੰਨ ਹੁੰਦਾ ਹੈ।’—ਇਬਰਾਨੀਆਂ 13:15, 16.