ਕੀ ਸੱਚਾ ਪਿਆਰ ਹਮੇਸ਼ਾ ਲਈ ਬਣਿਆ ਰਹਿ ਸਕਦਾ?
‘ਪ੍ਰੇਮ ਦੀਆਂ ਲਾਟਾਂ ਅੱਗ ਦੀਆਂ ਲਾਟਾਂ, ਸਗੋਂ ਅੱਤ ਤੇਜ ਲੰਬਾਂ ਹਨ [“ਯਾਹ ਦੀ ਲਾਟ ਹੈ,” NW]!’—ਸਰੇ. 8:6.
1, 2. ਸਰੇਸ਼ਟ ਗੀਤ ਉੱਤੇ ਧਿਆਨ ਨਾਲ ਸੋਚ-ਵਿਚਾਰ ਕਰਨ ਨਾਲ ਕਿਨ੍ਹਾਂ ਨੂੰ ਫ਼ਾਇਦਾ ਹੋ ਸਕਦਾ ਹੈ ਅਤੇ ਕਿਉਂ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
ਲਾੜਾ-ਲਾੜੀ ਇਕ-ਦੂਜੇ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖ ਰਹੇ ਹਨ ਅਤੇ ਬੜੇ ਪਿਆਰ ਨਾਲ ਇਕ-ਦੂਜੇ ਦੇ ਹੱਥ ਫੜੇ ਹੋਏ ਹਨ। ਸਾਰੇ ਦੇਖ ਸਕਦੇ ਹਨ ਕਿ ਉਨ੍ਹਾਂ ਵਿਚ ਕਿੰਨਾ ਪਿਆਰ ਹੈ! ਉਨ੍ਹਾਂ ਦੇ ਵਿਆਹ ਨੂੰ ਰਜਿਸਟਰ ਕਰਨ ਵਾਲਾ ਬਜ਼ੁਰਗ ਇਸ ਨਵੇਂ ਵਿਆਹੇ ਜੋੜੇ ਨੂੰ ਪਾਰਟੀ ʼਤੇ ਨੱਚਦਾ ਦੇਖਦਾ ਹੈ। ਉਸ ਦੇ ਮਨ ਵਿਚ ਆਉਂਦਾ ਹੈ: ‘ਜਿੱਦਾ-ਜਿੱਦਾਂ ਸਾਲ ਬੀਤਦੇ ਜਾਣਗੇ, ਕੀ ਇਨ੍ਹਾਂ ਦਾ ਪਿਆਰ ਗੂੜ੍ਹਾ ਹੋਵੇਗਾ ਜਾਂ ਹੌਲੀ-ਹੌਲੀ ਠੰਢਾ ਪੈ ਜਾਵੇਗਾ?’ ਜਦੋਂ ਪਤੀ-ਪਤਨੀ ਵਿਚ ਸੱਚਾ ਪਿਆਰ ਹੁੰਦਾ ਹੈ, ਤਾਂ ਔਖੀਆਂ ਘੜੀਆਂ ਵਿਚ ਵੀ ਉਨ੍ਹਾਂ ਦਾ ਰਿਸ਼ਤਾ ਮਜ਼ਬੂਤ ਬਣਿਆ ਰਹਿ ਸਕਦਾ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਆਪਣੇ ਵਿਆਹੁਤਾ ਜੀਵਨ ਤੋਂ ਖ਼ੁਸ਼ ਨਹੀਂ ਹਨ ਜਿਸ ਕਰਕੇ ਉਨ੍ਹਾਂ ਦਾ ਵਿਆਹੁਤਾ ਬੰਧਨ ਟੁੱਟ ਜਾਂਦਾ ਹੈ। ਇਸ ਕਰਕੇ ਇਹ ਸਵਾਲ ਪੁੱਛਣਾ ਢੁਕਵਾਂ ਹੋਵੇਗਾ, ‘ਕੀ ਪਿਆਰ ਜ਼ਿੰਦਗੀ ਭਰ ਲਈ ਬਣਿਆ ਰਹਿ ਸਕਦਾ ਹੈ?’
2 ਪ੍ਰਾਚੀਨ ਇਜ਼ਰਾਈਲ ਵਿਚ ਰਾਜਾ ਸੁਲੇਮਾਨ ਦੇ ਜ਼ਮਾਨੇ ਵਿਚ ਵੀ ਸੱਚੇ ਪਿਆਰ ਦੀ ਘਾਟ ਸੀ। ਆਪਣੇ ਜ਼ਮਾਨੇ ਦੇ ਮਾਹੌਲ ਬਾਰੇ ਦੱਸਦੇ ਹੋਏ ਸੁਲੇਮਾਨ ਨੇ ਲਿਖਿਆ: “ਹਜ਼ਾਰਾਂ ਵਿੱਚੋਂ ਮੈਂ ਇੱਕ ਆਦਮੀ ਨੂੰ ਲੱਭਾ ਹੈ ਪਰ ਇੱਕ ਵੀ ਤੀਵੀਂ ਮੈਨੂੰ ਏਹਨਾਂ ਸਾਰਿਆਂ ਵਿੱਚੋਂ ਨਹੀਂ ਲੱਭੀ। ਵੇਖੋ, ਮੈਂ ਨਿਰਾ ਇਹੋ ਹੀ ਲੱਭਾ ਹੈ ਭਈ ਪਰਮੇਸ਼ੁਰ ਨੇ ਆਦਮੀ ਨੂੰ ਸਿੱਧਾ ਬਣਾਇਆ ਪਰ ਓਹਨਾਂ ਨੇ ਬਾਹਲੀਆਂ ਜੁਗਤਾਂ ਭਾਲੀਆਂ ਹਨ।” (ਉਪ. 7:26-29) ਸੁਲੇਮਾਨ ਦੇ ਜ਼ਮਾਨੇ ਵਿਚ ਬਆਲ ਦੀ ਪੂਜਾ ਕਰਨ ਵਾਲੀਆਂ ਵਿਦੇਸ਼ੀ ਔਰਤਾਂ ਦਾ ਚਾਲ-ਚਲਣ ਗੰਦਾ ਸੀ ਜਿਸ ਕਰਕੇ ਉਸ ਜ਼ਮਾਨੇ ਦੇ ਇਜ਼ਰਾਈਲੀਆਂ ਦਾ ਚਾਲ-ਚਲਣ ਵਿਗੜਦਾ ਜਾ ਰਿਹਾ ਸੀ। ਇਸ ਕਰਕੇ ਸੁਲੇਮਾਨ ਲਈ ਕਿਸੇ ਚੰਗੇ ਚਾਲ-ਚਲਣ ਵਾਲੇ ਆਦਮੀ ਤੇ ਔਰਤ ਨੂੰ ਲੱਭਣਾ ਮੁਸ਼ਕਲ ਸੀ।a ਫਿਰ ਵੀ ਇਸ ਮਾਹੌਲ ਤੋਂ ਲਗਭਗ 20 ਸਾਲ ਪਹਿਲਾਂ ਲਿਖੇ ਸੁਲੇਮਾਨ ਦੇ ਸਰੇਸ਼ਟ ਗੀਤ ਤੋਂ ਪਤਾ ਲੱਗਦਾ ਹੈ ਕਿ ਆਦਮੀ ਤੇ ਤੀਵੀਂ ਇਕ-ਦੂਜੇ ਨੂੰ ਸੱਚਾ ਪਿਆਰ ਕਰ ਸਕਦੇ ਹਨ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸੱਚਾ ਪਿਆਰ ਕੀ ਹੈ ਅਤੇ ਇਹ ਕਿਵੇਂ ਦਿਖਾਇਆ ਜਾ ਸਕਦਾ ਹੈ। ਇਸ ਕਿਤਾਬ ਉੱਤੇ ਧਿਆਨ ਨਾਲ ਸੋਚ-ਵਿਚਾਰ ਕਰ ਕੇ ਯਹੋਵਾਹ ਦੇ ਵਿਆਹੇ ਅਤੇ ਕੁਆਰੇ ਭਗਤ ਸੱਚੇ ਪਿਆਰ ਬਾਰੇ ਕਾਫ਼ੀ ਕੁਝ ਸਿੱਖ ਸਕਦੇ ਹਨ।
ਸੱਚਾ ਪਿਆਰ ਕਰਨਾ ਮੁਮਕਿਨ ਹੈ!
3. ਆਦਮੀ ਤੇ ਔਰਤ ਲਈ ਸੱਚਾ ਪਿਆਰ ਦਿਖਾਉਣਾ ਕਿਉਂ ਮੁਮਕਿਨ ਹੈ?
3 ਸਰੇਸ਼ਟ ਗੀਤ 8:6 ਪੜ੍ਹੋ। ਪਿਆਰ ਨੂੰ “ਯਾਹ ਦੀ ਲਾਟ” ਕਿਹਾ ਗਿਆ ਹੈ। ਕਿਉਂ? ਕਿਉਂਕਿ ਯਹੋਵਾਹ ਦਾ ਸਭ ਤੋਂ ਸ਼ਾਨਦਾਰ ਗੁਣ ਪਿਆਰ ਹੈ ਅਤੇ ਉਸ ਨੇ ਸਾਨੂੰ ਆਪਣੇ ਵਰਗਾ ਪਿਆਰ ਦਿਖਾਉਣ ਦੀ ਕਾਬਲੀਅਤ ਨਾਲ ਬਣਾਇਆ ਹੈ। (ਉਤ. 1:26, 27) ਯਹੋਵਾਹ ਨੇ ਪਹਿਲੇ ਬੰਦੇ ਆਦਮ ਨੂੰ ਬਣਾਉਣ ਤੋਂ ਬਾਅਦ ਉਸ ਨੂੰ ਖੂਬਸੂਰਤ ਪਤਨੀ ਦਿੱਤੀ। ਜਦੋਂ ਆਦਮ ਨੇ ਪਹਿਲੀ ਵਾਰ ਹੱਵਾਹ ਨੂੰ ਦੇਖਿਆ, ਤਾਂ ਉਸ ਨੇ ਸ਼ਾਇਰਾਨਾ ਅੰਦਾਜ਼ ਵਿਚ ਕਿਹਾ ਕਿ ਹੱਵਾਹ ਨੂੰ ਦੇਖ ਕੇ ਉਸ ਨੂੰ ਕਿਵੇਂ ਲੱਗਾ। ਬਿਨਾਂ ਸ਼ੱਕ ਹੱਵਾਹ ਨੇ ਆਦਮ ਦੇ ਬਹੁਤ ਨੇੜੇ ਮਹਿਸੂਸ ਕੀਤਾ ਕਿਉਂਕਿ ਉਹ ਉਸ ਵਿੱਚੋਂ “ਕੱਢੀ” ਗਈ ਸੀ। (ਉਤ. 2:21-23) ਸ਼ੁਰੂ ਤੋਂ ਹੀ ਯਹੋਵਾਹ ਨੇ ਮੁਮਕਿਨ ਬਣਾਇਆ ਹੈ ਕਿ ਆਦਮੀ ਤੇ ਤੀਵੀਂ ਇਕ-ਦੂਜੇ ਨੂੰ ਹਮੇਸ਼ਾ ਲਈ ਸੱਚਾ ਪਿਆਰ ਕਰਦੇ ਰਹਿਣ।
4, 5. ਸਰੇਸ਼ਟ ਗੀਤ ਵਿਚਲੀ ਕਹਾਣੀ ਨੂੰ ਥੋੜ੍ਹੇ ਸ਼ਬਦਾਂ ਵਿਚ ਦੱਸੋ।
4 ਤੀਵੀਂ ਤੇ ਆਦਮੀ ਵਿਚਕਾਰ ਸੱਚਾ ਪਿਆਰ ਨਾ ਸਿਰਫ਼ ਬਣਿਆ ਰਹਿ ਸਕਦਾ ਹੈ, ਸਗੋਂ ਇਸ ਦੀਆਂ ਹੋਰ ਵੀ ਖ਼ਾਸੀਅਤਾਂ ਹਨ। ਕੁਝ ਖ਼ਾਸੀਅਤਾਂ ਬਾਰੇ ਸਰੇਸ਼ਟ ਗੀਤ ਵਿਚ ਬੜੇ ਸ਼ਾਨਦਾਰ ਢੰਗ ਨਾਲ ਦੱਸਿਆ ਗਿਆ ਹੈ। ਇਸ ਗੀਤ ਵਿਚ ਸ਼ੂਨੇਮ ਜਾਂ ਸ਼ੂਲੇਮ ਪਿੰਡ ਵਿਚ ਰਹਿੰਦੀ ਕੁੜੀ ਅਤੇ ਉਸ ਦੇ ਪ੍ਰੇਮੀ ਚਰਵਾਹੇ ਦੇ ਪਿਆਰ ਦੀ ਕਹਾਣੀ ਦੱਸੀ ਗਈ ਹੈ। ਇਸ ਕੁੜੀ ਨੂੰ ਸੁਲੇਮਾਨ ਦੇ ਡੇਰੇ ਵਿਚ ਲਿਆਂਦਾ ਗਿਆ ਕਿਉਂਕਿ ਸੁਲੇਮਾਨ ਉਸ ਦੀ ਖੂਬਸੂਰਤੀ ʼਤੇ ਮਰ-ਮਿਟਿਆ ਸੀ। ਉਸ ਵੇਲੇ ਸੁਲੇਮਾਨ ਨੇ ਉਨ੍ਹਾਂ ਅੰਗੂਰੀ ਬਾਗ਼ਾਂ ਦੇ ਨੇੜੇ ਡੇਰਾ ਲਾਇਆ ਹੋਇਆ ਸੀ ਜਿਨ੍ਹਾਂ ਬਾਗ਼ਾਂ ਦੀ ਕੁੜੀ ਰਖਵਾਲੀ ਕਰ ਰਹੀ ਸੀ। ਪਰ ਕੁੜੀ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਸਿਰਫ਼ ਚਰਵਾਹੇ ਨਾਲ ਪਿਆਰ ਕਰਦੀ ਸੀ। ਸੁਲੇਮਾਨ ਨੇ ਉਸ ਕੁੜੀ ਦੇ ਦਿਲ ਨੂੰ ਜਿੱਤਣ ਦੀ ਬਥੇਰੀ ਕੋਸ਼ਿਸ਼ ਕੀਤੀ, ਪਰ ਕੁੜੀ ਨੇ ਸਾਫ਼ ਕਹਿ ਦਿੱਤਾ ਕਿ ਉਹ ਆਪਣੇ ਪ੍ਰੇਮੀ ਕੋਲ ਜਾਣਾ ਚਾਹੁੰਦੀ ਸੀ। (ਸਰੇ. 1:4-14) ਉਸ ਦਾ ਪ੍ਰੇਮੀ ਚਰਵਾਹਾ ਉਸ ਨੂੰ ਲੱਭਦਾ-ਲੱਭਦਾ ਡੇਰੇ ਵਿਚ ਪਹੁੰਚ ਗਿਆ ਤੇ ਇਸ ਪ੍ਰੇਮੀ ਜੋੜੇ ਨੇ ਇਕ-ਦੂਜੇ ਨਾਲ ਪਿਆਰ ਭਰੀਆਂ ਗੱਲਾਂ ਕੀਤੀਆਂ।—ਸਰੇ. 1:15-17.
5 ਸੁਲੇਮਾਨ ਕੁੜੀ ਨੂੰ ਨਾਲ ਲੈ ਕੇ ਯਰੂਸ਼ਲਮ ਚਲਾ ਗਿਆ ਤੇ ਉਸ ਦਾ ਪ੍ਰੇਮੀ ਵੀ ਮਗਰ-ਮਗਰ ਚਲਾ ਗਿਆ। (ਸਰੇ. 4:1-5, 8, 9) ਕੁੜੀ ਦੇ ਦਿਲ ਨੂੰ ਜਿੱਤਣ ਦੀਆਂ ਸੁਲੇਮਾਨ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ। (ਸਰੇ. 6:4-7; 7:1-10) ਅਖ਼ੀਰ ਰਾਜੇ ਨੇ ਉਸ ਕੁੜੀ ਨੂੰ ਆਪਣੇ ਘਰ ਵਾਪਸ ਜਾਣ ਦਿੱਤਾ। ਗੀਤ ਦੇ ਅਖ਼ੀਰ ਵਿਚ ਕੁੜੀ ਨੇ ਆਪਣੇ ਪ੍ਰੇਮੀ ਨੂੰ ਕਿਹਾ ਕਿ ਉਹ “ਚਕਾਰੇ” ਯਾਨੀ ਹਿਰਨ ਵਾਂਗ ਭੱਜ ਕੇ ਛੇਤੀ ਉਸ ਕੋਲ ਆਵੇ।—ਸਰੇ. 8:14.
6. ਗੀਤ ਵਿਚਲੇ ਕਿਰਦਾਰਾਂ ਨੂੰ ਪਛਾਣਨਾ ਔਖਾ ਕਿਉਂ ਹੈ?
6 ਸੁਲੇਮਾਨ ਦੇ ਸੋਹਣੇ ਤਰੀਕੇ ਨਾਲ ਲਿਖੇ ਗੀਤ ਨੂੰ “ਸਰੇਸ਼ਟ ਗੀਤ” ਕਿਹਾ ਗਿਆ ਹੈ ਜਿਸ ਵਿਚ ਡਾਇਲਾਗ, ਲੋਕਾਂ ਦੀਆਂ ਆਪਣੇ ਆਪ ਨਾਲ ਕੀਤੀਆਂ ਗੱਲਾਂ ਅਤੇ ਉਨ੍ਹਾਂ ਦੇ ਸੁਪਨਿਆਂ ਬਾਰੇ ਦੱਸਿਆ ਗਿਆ ਹੈ, ਪਰ ਇਸ ਗੀਤ ਵਿਚ ਗੱਲਾਂ ਕਰਨ ਵਾਲੇ ਲੋਕਾਂ ਨੂੰ ਪਛਾਣਨਾ ਔਖਾ ਹੈ। (ਸਰੇ. 1:1) ਬਾਈਬਲ ਦੀ ਇਕ ਡਿਕਸ਼ਨਰੀ ਮੁਤਾਬਕ ਇਸ ਗੀਤ ਵਿਚ ‘ਕਹਾਣੀ ਵਿਚਲੀ ਹਰ ਛੋਟੀ-ਛੋਟੀ ਗੱਲ ਅਤੇ ਕਿਰਦਾਰ ਨੂੰ ਇੰਨੀ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਗਈ।’ ਇਸ ਗੀਤ ਦੇ ਸ਼ਾਇਰਾਨਾ ਅੰਦਾਜ਼ ਨੂੰ ਬਰਕਰਾਰ ਰੱਖਣ ਲਈ ਕਿਰਦਾਰਾਂ ਦੇ ਨਾਂ ਨਹੀਂ ਲਿਖੇ ਗਏ। ਫਿਰ ਵੀ ਗੀਤ ਵਿਚ ਪਤਾ ਲੱਗ ਜਾਂਦਾ ਹੈ ਕਿ ਕੌਣ ਕਿਹੜੀ ਗੱਲ ਕਿਸ ਨੂੰ ਕਹਿ ਰਿਹਾ ਹੈ।
“ਤੇਰਾ ਪ੍ਰੇਮ ਮਧ ਨਾਲੋਂ ਚੰਗਾ ਹੈ”
7, 8. ਸਰੇਸ਼ਟ ਗੀਤ ਵਿਚ ਦੱਸੇ “ਪ੍ਰੇਮ” ਬਾਰੇ ਕੀ ਕਿਹਾ ਜਾ ਸਕਦਾ ਹੈ? ਮਿਸਾਲਾਂ ਦਿਓ।
7 ਸਰੇਸ਼ਟ ਗੀਤ ਵਿਚ ਕੁੜੀ ਅਤੇ ਚਰਵਾਹੇ ਦੀਆਂ “ਪ੍ਰੇਮ” ਭਰੀਆਂ ਗੱਲਾਂ ਹਨ। ਇਸ ਗੀਤ ਵਿਚ ਲਗਭਗ 3,000 ਸਾਲ ਪਹਿਲਾਂ ਦੇ ਪੂਰਬੀ ਦੇਸ਼ ਦੇ ਲੋਕਾਂ ਦੀਆਂ ਗੱਲਾਂ ਲਿਖੀਆਂ ਹੋਈਆਂ ਹਨ ਜੋ ਸ਼ਾਇਦ ਸਾਨੂੰ ਅਜੀਬ ਲੱਗਣ। ਪਰ ਇਹ ਗੱਲਾਂ ਬਹੁਤ ਗਹਿਰਾ ਅਰਥ ਰੱਖਦੀਆਂ ਹਨ ਅਤੇ ਗੀਤ ਵਿਚ ਪ੍ਰਗਟਾਈਆਂ ਭਾਵਨਾਵਾਂ ਨੂੰ ਅਸੀਂ ਸਮਝ ਸਕਦੇ ਹਾਂ। ਮਿਸਾਲ ਲਈ, ਚਰਵਾਹਾ ਆਪਣੀ ਪ੍ਰੇਮਿਕਾ ਦੀਆਂ ਕੋਮਲ ਅੱਖਾਂ ਦੀ ਤੁਲਨਾ ‘ਕਬੂਤਰੀ’ ਦੀਆਂ ਅੱਖਾਂ ਨਾਲ ਕਰਦਾ ਹੈ। (ਸਰੇ. 1:15) ਕੁੜੀ ਆਪਣੇ ਪ੍ਰੇਮੀ ਦੀਆਂ ਅੱਖਾਂ ਬਾਰੇ ਕਹਿੰਦੀ ਹੈ ਕਿ ਉਹ ਕਬੂਤਰਾਂ ਵਰਗੀਆਂ ਸੋਹਣੀਆਂ ਹਨ। (ਸਰੇਸ਼ਟ ਗੀਤ 5:12 ਪੜ੍ਹੋ।) ਕੁੜੀ ਨੂੰ ਉਸ ਦੀਆਂ ਅੱਖਾਂ ਦੇ ਚਿੱਟੇ ਹਿੱਸਿਆਂ ਉੱਤੇ ਪੁਤਲੀਆਂ ਦਾ ਰੰਗ ਇੰਨਾ ਸੋਹਣਾ ਲੱਗਦਾ ਸੀ ਮਾਨੋ ਜਿਵੇਂ ਕਬੂਤਰ ਦੁੱਧ ਵਿਚ ਨਹਾ ਰਹੇ ਹੋਣ।
8 ਗੀਤ ਵਿਚਲੀਆਂ ਪਿਆਰ ਭਰੀਆਂ ਗੱਲਾਂ ਸਿਰਫ਼ ਸਰੀਰ ਦੀ ਸੁੰਦਰਤਾ ਵੱਲ ਧਿਆਨ ਨਹੀਂ ਖਿੱਚਦੀਆਂ। ਧਿਆਨ ਦਿਓ ਕਿ ਚਰਵਾਹਾ ਉਸ ਕੁੜੀ ਦੀ ਬੋਲ-ਬਾਣੀ ਬਾਰੇ ਕੀ ਕਹਿੰਦਾ ਹੈ। (ਸਰੇਸ਼ਟ ਗੀਤ 4:7, 11 ਪੜ੍ਹੋ।) ਚਰਵਾਹੇ ਨੇ ਕਿਹਾ ਕਿ ਉਸ ਦੇ ਬੁੱਲ੍ਹਾਂ ਤੋਂ “ਸ਼ਹਿਤ ਚੋ ਰਿਹਾ” ਸੀ ਅਤੇ “[ਉਸ ਦੀ] ਜੀਭ ਦੇ ਹੇਠ ਸ਼ਹਿਤ ਤੇ ਦੁੱਧ” ਸੀ। ਉਸ ਦੇ ਕਹਿਣ ਦਾ ਮਤਲਬ ਸੀ ਕਿ ਉਸ ਦੀਆਂ ਗੱਲਾਂ ਸ਼ਹਿਦ ਅਤੇ ਦੁੱਧ ਵਾਂਗ ਸੁਹਾਵਣੀਆਂ ਅਤੇ ਸੁਆਦਲੀਆਂ ਸਨ। ਜਦੋਂ ਚਰਵਾਹੇ ਨੇ ਕੁੜੀ ਨੂੰ ਕਿਹਾ ਕਿ “ਤੂੰ ਸਾਰੀ ਦੀ ਸਾਰੀ ਰੂਪਵੰਤ ਹੈਂ, ਤੇਰੇ ਵਿੱਚ ਕੋਈ ਕਜ ਨਹੀਂ,” ਤਾਂ ਜ਼ਾਹਰ ਹੈ ਕਿ ਉਹ ਸਿਰਫ਼ ਉਸ ਦੀ ਸੁੰਦਰਤਾ ਦੀ ਹੀ ਨਹੀਂ, ਸਗੋਂ ਉਸ ਦੇ ਚੰਗੇ ਗੁਣਾਂ ਦੀ ਵੀ ਗੱਲ ਕਰ ਰਿਹਾ ਸੀ।
9. (ੳ) ਪਤੀ-ਪਤਨੀ ਦੇ ਪਿਆਰ ਵਿਚ ਕੀ ਕੁਝ ਸ਼ਾਮਲ ਹੈ? (ਅ) ਪਤੀ-ਪਤਨੀ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਕਿਉਂ ਜ਼ਰੂਰੀ ਹੈ?
9 ਵਿਆਹ ਦਾ ਇੰਤਜ਼ਾਮ ਕਿਸੇ ਤਰ੍ਹਾਂ ਦਾ ਕਾਨਟ੍ਰੈਕਟ ਨਹੀਂ ਹੈ ਜੋ ਪਿਆਰ ਤੋਂ ਸੱਖਣਾ ਹੁੰਦਾ ਹੈ। ਦਰਅਸਲ ਮਸੀਹੀਆਂ ਦੇ ਵਿਆਹੁਤਾ ਜੀਵਨ ਵਿਚ ਪਿਆਰ ਬਹੁਤ ਅਹਿਮੀਅਤ ਰੱਖਦਾ ਹੈ। ਇਹ ਕਿਸ ਤਰ੍ਹਾਂ ਦਾ ਪਿਆਰ ਹੈ? ਕੀ ਇਹ ਪਿਆਰ ਬਾਈਬਲ ਦੇ ਅਸੂਲਾਂ ʼਤੇ ਆਧਾਰਿਤ ਹੈ? (1 ਯੂਹੰ. 4:8) ਕੀ ਇਹ ਕੁਦਰਤੀ ਪਿਆਰ ਹੈ ਜੋ ਪਰਿਵਾਰ ਦੇ ਮੈਂਬਰਾਂ ਵਿਚ ਹੁੰਦਾ ਹੈ? ਕੀ ਇਹ ਉਹ ਪਿਆਰ ਹੈ ਜੋ ਦੋਸਤਾਂ ਨੂੰ ਇਕਮੁੱਠ ਕਰਦਾ ਹੈ? (ਯੂਹੰ. 11:3) ਕੀ ਇਹ ਰੋਮਾਂਟਿਕ ਪਿਆਰ ਹੈ? (ਕਹਾ. 5:15-20) ਅਸਲ ਵਿਚ ਪਤੀ-ਪਤਨੀ ਦੇ ਸੱਚੇ ਪਿਆਰ ਵਿਚ ਇਹ ਸਾਰਾ ਕੁਝ ਸ਼ਾਮਲ ਹੁੰਦਾ ਹੈ। ਪਿਆਰ ਦਾ ਜ਼ਿਆਦਾ ਅਹਿਸਾਸ ਉਦੋਂ ਹੀ ਹੁੰਦਾ ਹੈ ਜਦੋਂ ਇਸ ਦਾ ਇਜ਼ਹਾਰ ਕੀਤਾ ਜਾਂਦਾ ਹੈ। ਇਸ ਲਈ ਪਤੀ-ਪਤਨੀ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਬਹੁਤ ਜ਼ਰੂਰੀ ਹੈ ਭਾਵੇਂ ਕਿ ਉਨ੍ਹਾਂ ਦੀ ਜ਼ਿੰਦਗੀ ਕਿੰਨੀ ਹੀ ਰੁਝੇਵਿਆਂ ਭਰੀ ਕਿਉਂ ਨਾ ਹੋਵੇ! ਇਸ ਤਰ੍ਹਾਂ ਉਨ੍ਹਾਂ ਦਾ ਵਿਆਹੁਤਾ ਜੀਵਨ ਖ਼ੁਸ਼ਹਾਲ ਬਣ ਸਕਦਾ ਹੈ। ਜਿਨ੍ਹਾਂ ਸਭਿਆਚਾਰਾਂ ਵਿਚ ਮਾਪੇ ਆਪਣੇ ਬੱਚਿਆਂ ਲਈ ਜੀਵਨ ਸਾਥੀ ਚੁਣਦੇ ਹਨ, ਉਹ ਸ਼ਾਇਦ ਹੀ ਵਿਆਹ ਤੋਂ ਪਹਿਲਾਂ ਇਕ-ਦੂਜੇ ਨੂੰ ਜਾਣਦੇ ਹੋਣ। ਇਸ ਲਈ ਉਨ੍ਹਾਂ ਨੂੰ ਆਪਣੀਆਂ ਗੱਲਾਂ ਰਾਹੀਂ ਪਿਆਰ ਦਾ ਇਜ਼ਹਾਰ ਕਰਨਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਦਾ ਆਪਸੀ ਪਿਆਰ ਵਧੇਗਾ ਤੇ ਉਨ੍ਹਾਂ ਦਾ ਬੰਧਨ ਮਜ਼ਬੂਤ ਹੋਵੇਗਾ।
10. ਪਿਆਰ ਭਰੀਆਂ ਗੱਲਾਂ ਨੂੰ ਚੇਤੇ ਕਰਨ ਦਾ ਕੀ ਫ਼ਾਇਦਾ ਹੋ ਸਕਦਾ ਹੈ?
10 ਪਿਆਰ ਦਾ ਇਜ਼ਹਾਰ ਕਰਨ ਦਾ ਇਕ ਹੋਰ ਫ਼ਾਇਦਾ ਹੋ ਸਕਦਾ ਹੈ। ਰਾਜਾ ਸੁਲੇਮਾਨ ਨੇ ਕਿਹਾ ਕਿ ਉਹ ਸ਼ੂਲੰਮੀਥ ਕੁੜੀ ਨੂੰ “ਸੋਨੇ ਦੇ ਹਾਰ ਚਾਂਦੀ” ਨਾਲ ਮੜ੍ਹਾ ਕੇ ਦੇਵੇਗਾ। ਉਸ ਨੇ ਕੁੜੀ ਦੀ ਸੁੰਦਰਤਾ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਦੇ ਹੋਏ ਕਿਹਾ ਕਿ ਉਹ “ਚੰਦ ਵਾਂਙੁ ਰੂਪਵੰਤ ਤੇ ਸੂਰਜ ਵਾਂਙੁ ਨਿਰਮਲ” ਸੀ। (ਸਰੇ. 1:9-11; 6:10) ਪਰ ਕੁੜੀ ਆਪਣੇ ਪ੍ਰੇਮੀ ਚਰਵਾਹੇ ਪ੍ਰਤੀ ਵਫ਼ਾਦਾਰ ਰਹੀ। ਆਪਣੇ ਪ੍ਰੇਮੀ ਤੋਂ ਦੂਰ ਹੋਣ ਸਮੇਂ ਉਸ ਨੂੰ ਕਿਹੜੀ ਗੱਲ ਤੋਂ ਹਿੰਮਤ ਤੇ ਦਿਲਾਸਾ ਮਿਲਿਆ? ਉਹ ਦੱਸਦੀ ਹੈ। (ਸਰੇਸ਼ਟ ਗੀਤ 1:2, 3 ਪੜ੍ਹੋ।) ਉਹ ਚਰਵਾਹੇ ਵੱਲੋਂ “ਪ੍ਰੇਮ” ਭਰੀਆਂ ਕਹੀਆਂ ਗੱਲਾਂ ਨੂੰ ਯਾਦ ਕਰ ਰਹੀ ਸੀ। ਉਸ ਨੂੰ ਇਹ ਗੱਲਾਂ ਦਿਲ ਨੂੰ ਖ਼ੁਸ਼ ਕਰਨ ਵਾਲੀ ‘ਮਧ ਨਾਲੋਂ ਚੰਗੀਆਂ’ ਲੱਗਦੀਆਂ ਸਨ ਅਤੇ ਪ੍ਰੇਮੀ ਦਾ ਨਾਂ ਲੈ ਕੇ ਦਿਲ ਨੂੰ ਤਸੱਲੀ ਮਿਲਦੀ ਸੀ ਜਿਵੇਂ ਸਿਰ ʼਤੇ ‘ਸੁਗੰਧ ਵਾਲਾ ਤੇਲ’ ਝੱਸ ਕੇ ਆਰਾਮ ਮਿਲਦਾ ਹੈ। (ਜ਼ਬੂ. 23:5; 104:15) ਜੀ ਹਾਂ, ਪਿਆਰ ਭਰੀਆਂ ਗੱਲਾਂ ਨੂੰ ਚੇਤੇ ਕਰਨ ਨਾਲ ਪਤੀ-ਪਤਨੀ ਦਾ ਇਕ-ਦੂਜੇ ਲਈ ਪਿਆਰ ਗੂੜ੍ਹਾ ਹੋ ਸਕਦਾ ਹੈ। ਇਸ ਲਈ ਪਤੀ-ਪਤਨੀ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਬਹੁਤ ਜ਼ਰੂਰੀ ਹੈ।
ਪਿਆਰ ਨਾ ਜਗਾਓ “ਜਦ ਤੀਕ ਉਹ ਨੂੰ ਨਾ ਭਾਵੇ”
11. ਸ਼ੂਲੰਮੀਥ ਕੁੜੀ ਨੇ ਦੂਜਿਆਂ ਨੂੰ ਸੌਂਹ ਖਿਲਾ ਕੇ ਜੋ ਕਿਹਾ, ਉਸ ਤੋਂ ਕੁਆਰੇ ਮਸੀਹੀ ਕੀ ਸਿੱਖ ਸਕਦੇ ਹਨ?
11 ਸਰੇਸ਼ਟ ਗੀਤ ਤੋਂ ਕੁਆਰੇ ਮਸੀਹੀ ਵੀ ਸਬਕ ਸਿੱਖਦੇ ਹਨ, ਖ਼ਾਸਕਰ ਉਹ ਮਸੀਹੀ ਜਿਹੜੇ ਜੀਵਨ ਸਾਥੀ ਦੀ ਭਾਲ ਕਰ ਰਹੇ ਹਨ। ਕੁੜੀ ਦੇ ਦਿਲ ਵਿਚ ਸੁਲੇਮਾਨ ਲਈ ਕੋਈ ਪਿਆਰ ਨਹੀਂ ਸੀ। ਉਸ ਨੇ ਯਰੂਸ਼ਲਮ ਦੀਆਂ ਧੀਆਂ ਨੂੰ ਸੌਂਹ ਖਿਲਾਉਂਦੇ ਹੋਏ ਕਿਹਾ: “ਤੁਸੀਂ ਪ੍ਰੀਤ ਨੂੰ ਨਾ ਉਕਸਾਓ, ਨਾ ਜਗਾਓ, ਜਦ ਤੀਕ ਉਹ ਨੂੰ ਨਾ ਭਾਵੇ!” (ਸਰੇ. 2:7; 3:5) ਕਿਉਂ? ਕਿਉਂਕਿ ਹਰ ਕਿਸੇ ਲਈ ਆਪਣੇ ਦਿਲ ਵਿਚ ਰੋਮਾਂਟਿਕ ਪਿਆਰ ਪੈਦਾ ਕਰਨਾ ਸਹੀ ਗੱਲ ਨਹੀਂ ਹੈ। ਇਸ ਲਈ ਵਿਆਹ ਕਰਾਉਣ ਦੇ ਇਛੁੱਕ ਮਸੀਹੀ ਨੂੰ ਅਜਿਹੇ ਜੀਵਨ ਸਾਥੀ ਦੀ ਧੀਰਜ ਨਾਲ ਉਡੀਕ ਕਰਨੀ ਚਾਹੀਦੀ ਹੈ ਜਿਸ ਨੂੰ ਉਹ ਸੱਚਾ ਪਿਆਰ ਕਰ ਸਕਦਾ ਹੈ ਜਾਂ ਕਰ ਸਕਦੀ ਹੈ।
12. ਸ਼ੂਲੰਮੀਥ ਕੁੜੀ ਚਰਵਾਹੇ ਨੂੰ ਕਿਉਂ ਪਿਆਰ ਕਰਦੀ ਸੀ?
12 ਸ਼ੂਲੰਮੀਥ ਕੁੜੀ ਚਰਵਾਹੇ ਨੂੰ ਕਿਉਂ ਪਿਆਰ ਕਰਦੀ ਸੀ? ਉਹ ਹਿਰਨ ਵਾਂਗ ਸੋਹਣਾ-ਸੁਨੱਖਾ ਸੀ, ਉਸ ਦੇ ਮਜ਼ਬੂਤ ਹੱਥ “ਸੋਨੇ ਦੇ ਕੁੰਡਲ” ਅਤੇ ਉਸ ਦੀਆਂ ਲੱਤਾਂ “ਸੰਗ ਮਰਮਰ” ਦੇ ਥੰਮ੍ਹਾਂ ਵਾਂਗ ਸੋਹਣੀਆਂ ਤੇ ਮਜ਼ਬੂਤ ਸਨ। ਪਰ ਤਾਕਤਵਰ ਅਤੇ ਸੋਹਣਾ-ਸੁਨੱਖਾ ਹੋਣ ਦੇ ਨਾਲ-ਨਾਲ ਉਸ ਵਿਚ ਹੋਰ ਵੀ ਖੂਬੀਆਂ ਸਨ। ਕੁੜੀ ਨੇ ਕਿਹਾ ਕਿ “ਜਿਵੇਂ ਬਣ ਦੇ ਬਿਰਛਾਂ ਵਿੱਚ ਸੇਉ ਤਿਵੇਂ ਮੇਰਾ ਬਾਲਮ ਪੁੱਤ੍ਰਾਂ ਵਿੱਚ ਹੈ।” ਯਹੋਵਾਹ ਪ੍ਰਤੀ ਵਫ਼ਾਦਾਰ ਇਹ ਕੁੜੀ ਚਰਵਾਹੇ ਬਾਰੇ ਇਸ ਲਈ ਇੱਦਾਂ ਮਹਿਸੂਸ ਕਰਦੀ ਸੀ ਕਿਉਂਕਿ ਉਹ ਯਹੋਵਾਹ ਨਾਲ ਪਿਆਰ ਕਰਦਾ ਸੀ।—ਸਰੇ. 2:3, 9; 5:14, 15.
13. ਚਰਵਾਹਾ ਕੁੜੀ ਨੂੰ ਕਿਉਂ ਪਿਆਰ ਕਰਦਾ ਸੀ?
13 ਸ਼ੂਲੰਮੀਥ ਕੁੜੀ ਬਾਰੇ ਕੀ? ਉਹ ਇੰਨੀ ਸੋਹਣੀ ਸੀ ਕਿ ਉਸ ਵੱਲ ਉਹ ਰਾਜਾ ਵੀ ਆਕਰਸ਼ਿਤ ਹੋ ਗਿਆ ਜਿਸ ਸਮੇਂ ਉਸ ਦੀਆਂ “ਸੱਠ ਰਾਣੀਆਂ ਅਤੇ ਅੱਸੀ ਸੁਰੀਤਾਂ, ਅਤੇ ਕੁਆਰੀਆਂ ਅਣਗਿਣਤ” ਸਨ। ਪਰ ਉਹ ਆਪਣੇ ਆਪ ਨੂੰ “ਸ਼ਾਰੋਨ ਦੀ ਨਰਗਸ” ਸਮਝਦੀ ਸੀ ਜੋ ਇਕ ਆਮ ਫੁੱਲ ਸੀ। ਇਹ ਕੁੜੀ ਬਹੁਤ ਨਿਮਰ ਸੀ। ਇਸ ਲਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਹ ਚਰਵਾਹੇ ਲਈ ਇੰਨੀ ਅਨਮੋਲ ਸੀ ਜਿਵੇਂ ‘ਝਾੜੀਆਂ ਦੇ ਵਿੱਚ ਸੋਸਨ।’ ਉਹ ਯਹੋਵਾਹ ਪ੍ਰਤੀ ਵਫ਼ਾਦਾਰ ਸੀ।—ਸਰੇ. 2:1, 2; 6:8.
14. ਜਿਹੜੇ ਕੁਆਰੇ ਮਸੀਹੀ ਵਿਆਹ ਕਰਾਉਣਾ ਚਾਹੁੰਦੇ ਹਨ, ਉਹ ਸਰੇਸ਼ਟ ਗੀਤ ਵਿਚ ਦੱਸੇ ਪਿਆਰ ਤੋਂ ਕੀ ਸਿੱਖ ਸਕਦੇ ਹਨ?
14 ਬਾਈਬਲ ਵਿਚ ਮਸੀਹੀਆਂ ਨੂੰ ਜ਼ਬਰਦਸਤ ਸਲਾਹ ਦਿੱਤੀ ਗਈ ਹੈ ਕਿ ਉਹ “ਸਿਰਫ਼ ਪ੍ਰਭੂ ਦੇ ਕਿਸੇ ਚੇਲੇ ਨਾਲ” ਵਿਆਹ ਕਰਾਉਣ। (1 ਕੁਰਿੰ. 7:39) ਜਿਹੜਾ ਮਸੀਹੀ ਵਿਆਹ ਕਰਾਉਣਾ ਚਾਹੁੰਦਾ ਹੈ, ਉਹ ਅਵਿਸ਼ਵਾਸੀਆਂ ਨਾਲ ਰੋਮਾਂਟਿਕ ਰਿਸ਼ਤਾ ਜੋੜਨ ਤੋਂ ਦੂਰ ਰਹਿੰਦਾ ਹੈ ਤੇ ਸਿਰਫ਼ ਯਹੋਵਾਹ ਦੇ ਵਫ਼ਾਦਾਰ ਭਗਤਾਂ ਵਿੱਚੋਂ ਜੀਵਨ ਸਾਥੀ ਦੀ ਭਾਲ ਕਰਦਾ ਹੈ। ਜਿਹੜੇ ਪਤੀ-ਪਤਨੀਆਂ ਦਾ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਹੁੰਦਾ ਹੈ, ਉਹ ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਜੂਝਦੇ ਸਮੇਂ ਵੀ ਸ਼ਾਂਤੀ ਬਣਾਈ ਰੱਖਦੇ ਹਨ ਤੇ ਖ਼ੁਸ਼ ਰਹਿੰਦੇ ਹਨ। ਜੇ ਤੁਸੀਂ ਵਿਆਹ ਕਰਾਉਣਾ ਚਾਹੁੰਦੇ ਹੋ, ਤਾਂ ਚਰਵਾਹੇ ਅਤੇ ਸ਼ੂਲੰਮੀਥ ਕੁੜੀ ਦੀ ਰੀਸ ਕਰੋ। ਚੰਗੇ ਗੁਣਾਂ ਵਾਲੇ ਜੀਵਨ ਸਾਥੀ ਦੀ ਭਾਲ ਕਰੋ ਜੋ ਸੱਚ-ਮੁੱਚ ਯਹੋਵਾਹ ਨੂੰ ਪਿਆਰ ਕਰਦਾ ਹੈ।
ਮੇਰੀ ਲਾੜੀ “ਇੱਕ ਬੰਦ ਕੀਤੀ ਹੋਈ ਬਾੜੀ ਹੈ”
15. ਪਰਮੇਸ਼ੁਰ ਨੂੰ ਮੰਨਣ ਵਾਲੇ ਮੁੰਡੇ-ਕੁੜੀਆਂ ਲਈ ਸ਼ੂਲੰਮੀਥ ਕੁੜੀ ਇਕ ਵਧੀਆ ਮਿਸਾਲ ਕਿਵੇਂ ਸਾਬਤ ਹੋ ਸਕਦੀ ਹੈ?
15 ਸਰੇਸ਼ਟ ਗੀਤ 4:12 ਪੜ੍ਹੋ। ਚਰਵਾਹਾ ਆਪਣੀ ਪ੍ਰੇਮਿਕਾ ਨੂੰ “ਇੱਕ ਬੰਦ ਕੀਤੀ ਹੋਈ ਬਾੜੀ” ਕਿਉਂ ਕਹਿੰਦਾ ਹੈ? ਜਿਸ ਬਾਗ਼ ਦੇ ਆਲੇ-ਦੁਆਲੇ ਵਾੜ ਲੱਗੀ ਹੁੰਦੀ ਹੈ ਜਾਂ ਕੰਧ ਕੀਤੀ ਹੁੰਦੀ ਹੈ, ਉਸ ਬਾਗ਼ ਵਿਚ ਇੱਕੋ ਦਰਵਾਜ਼ੇ ਰਾਹੀਂ ਅੰਦਰ ਜਾਇਆ ਜਾ ਸਕਦਾ ਹੈ ਜਿਸ ʼਤੇ ਤਾਲਾ ਲੱਗਾ ਹੁੰਦਾ ਹੈ। ਇਹ ਸ਼ੂਲੰਮੀਥ ਕੁੜੀ ਉਸ ਬਾਗ਼ ਵਰਗੀ ਹੈ ਜਿਸ ਨੇ ਆਪਣੇ ਪਿਆਰ ਨੂੰ ਸਿਰਫ਼ ਆਪਣੇ ਹੋਣ ਵਾਲੇ ਪਤੀ ਯਾਨੀ ਚਰਵਾਹੇ ਲਈ ਦਿਲ ਵਿਚ ਸਾਂਭ ਕੇ ਰੱਖਿਆ ਸੀ। ਉਸ ਨੇ ਰਾਜੇ ਦੇ ਬਹਿਕਾਵੇ ਵਿਚ ਨਾ ਆ ਕੇ ਆਪਣੇ ਆਪ ਨੂੰ “ਕੰਧ” ਵਾਂਗ ਸਾਬਤ ਕੀਤਾ, ਨਾ ਕਿ ਉਹ “ਦਰਵੱਜਾ” ਜੋ ਕਿਸੇ ਲਈ ਵੀ ਖੁੱਲ੍ਹਾ ਰਹਿੰਦਾ ਹੈ। (ਸਰੇ. 8:8-10) ਇਸੇ ਤਰ੍ਹਾਂ ਪਰਮੇਸ਼ੁਰ ਨੂੰ ਮੰਨਣ ਵਾਲੇ ਮੁੰਡੇ-ਕੁੜੀਆਂ ਆਪਣਾ ਪਿਆਰ ਭਵਿੱਖ ਵਿਚ ਹੋਣ ਵਾਲੇ ਆਪਣੇ ਪਤੀ ਜਾਂ ਪਤਨੀ ਲਈ ਸਾਂਭ ਕੇ ਰੱਖਦੇ ਹਨ।
16. ਸਰੇਸ਼ਟ ਗੀਤ ਡੇਟਿੰਗ ਬਾਰੇ ਕੀ ਸਿਖਾਉਂਦਾ ਹੈ?
16 ਬਸੰਤ ਦੀ ਰੁੱਤ ਵਾਲੇ ਦਿਨ ਜਦੋਂ ਚਰਵਾਹੇ ਨੇ ਸ਼ੂਲੰਮੀਥ ਕੁੜੀ ਨੂੰ ਆਪਣੇ ਨਾਲ ਸੈਰ ਤੇ ਜਾਣ ਲਈ ਕਿਹਾ, ਤਾਂ ਕੁੜੀ ਦੇ ਭਰਾਵਾਂ ਨੇ ਉਸ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਦੀ ਬਜਾਇ, ਉਨ੍ਹਾਂ ਨੇ ਉਸ ਨੂੰ ਅੰਗੂਰਾਂ ਦੇ ਬਾਗ਼ ਦੀ ਰਖਵਾਲੀ ਕਰਨ ਲਈ ਕਿਹਾ। ਕਿਉਂ? ਕੀ ਉਨ੍ਹਾਂ ਨੂੰ ਉਸ ʼਤੇ ਭਰੋਸਾ ਨਹੀਂ ਸੀ? ਕੀ ਉਨ੍ਹਾਂ ਨੇ ਸ਼ਾਇਦ ਇਹ ਸੋਚਿਆ ਸੀ ਕਿ ਉਹ ਅਤੇ ਚਰਵਾਹਾ ਅਨੈਤਿਕ ਕੰਮ ਕਰਨਾ ਚਾਹੁੰਦੇ ਸਨ? ਨਹੀਂ। ਅਸਲ ਵਿਚ ਉਹ ਸਾਵਧਾਨੀ ਵਰਤਣੀ ਚਾਹੁੰਦੇ ਸਨ ਤਾਂਕਿ ਉਨ੍ਹਾਂ ਦੀ ਭੈਣ ਅਜਿਹੀ ਏਕਾਂਤ ਜਗ੍ਹਾ ਨਾ ਚਲੀ ਜਾਵੇ ਜਿੱਥੇ ਉਹ ਗ਼ਲਤ ਕੰਮ ਕਰਨ ਦੇ ਫੰਦੇ ਵਿਚ ਫਸ ਸਕਦੀ ਸੀ। (ਸਰੇ. 1:6; 2:10-15) ਇਸ ਤੋਂ ਕੁਆਰੇ ਮਸੀਹੀ ਇਹ ਸਬਕ ਸਿੱਖਦੇ ਹਨ: ਡੇਟਿੰਗ ਦੌਰਾਨ ਆਪਣੇ ਚਾਲ-ਚਲਣ ਨੂੰ ਪਵਿੱਤਰ ਰੱਖਣ ਲਈ ਸਾਵਧਾਨੀ ਵਰਤਣੀ ਜ਼ਰੂਰੀ ਹੈ। ਅਜਿਹੀਆਂ ਥਾਵਾਂ ʼਤੇ ਨਾ ਜਾਓ ਜਿੱਥੇ ਤੁਹਾਡੇ ਤੋਂ ਇਲਾਵਾ ਹੋਰ ਕੋਈ ਨਾ ਹੋਵੇ। ਹਾਲਾਂਕਿ ਸਾਫ਼-ਸੁਥਰੇ ਤਰੀਕੇ ਨਾਲ ਤੁਸੀਂ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਹੋ, ਪਰ ਅਜਿਹੀ ਥਾਂ ʼਤੇ ਨਾ ਜਾਓ ਜਿੱਥੇ ਤੁਹਾਡੇ ਤੋਂ ਗ਼ਲਤ ਕੰਮ ਹੋ ਸਕਦਾ ਹੈ।
17, 18. ਸਰੇਸ਼ਟ ਗੀਤ ʼਤੇ ਗੌਰ ਕਰ ਕੇ ਤੁਹਾਨੂੰ ਕੀ ਫ਼ਾਇਦਾ ਹੋਇਆ ਹੈ?
17 ਮਸੀਹੀ ਜੋੜੇ ਇਕ-ਦੂਜੇ ਨਾਲ ਪਿਆਰ ਕਾਰਨ ਵਿਆਹ ਦੇ ਬੰਧਨ ਵਿਚ ਬੱਝਦੇ ਹਨ। ਵਿਆਹ ਦੀ ਸ਼ੁਰੂਆਤ ਕਰਨ ਵਾਲਾ ਯਹੋਵਾਹ ਚਾਹੁੰਦਾ ਹੈ ਕਿ ਵਿਆਹ ਦਾ ਰਿਸ਼ਤਾ ਹਮੇਸ਼ਾ ਲਈ ਬਣਿਆ ਰਹੇ, ਇਸ ਲਈ ਪਤੀ-ਪਤਨੀ ਨੂੰ ਆਪਣੇ ਪਿਆਰ ਦੀ ਅੱਗ ਬਲ਼ਦੀ ਰੱਖਣੀ ਚਾਹੀਦੀ ਹੈ ਤੇ ਘਰ ਦਾ ਮਾਹੌਲ ਅਜਿਹਾ ਰੱਖਣਾ ਚਾਹੀਦਾ ਹੈ ਜਿਸ ਵਿਚ ਪਿਆਰ ਵਧੇ-ਫੁੱਲੇ।—ਮਰ. 10:6-9.
18 ਜੇ ਤੁਸੀਂ ਜੀਵਨ ਸਾਥੀ ਦੀ ਭਾਲ ਕਰ ਰਹੇ ਹੋ, ਤਾਂ ਅਜਿਹਾ ਜੀਵਨ ਸਾਥੀ ਲੱਭੋ ਜਿਸ ਨੂੰ ਤੁਸੀਂ ਸੱਚਾ ਪਿਆਰ ਕਰ ਸਕਦੇ ਹੋ ਤੇ ਫਿਰ ਉਸ ਪਿਆਰ ਦੀ ਅੱਗ ਨੂੰ ਬਲ਼ਦੀ ਰੱਖੋ ਜਿਵੇਂ ਅਸੀਂ ਸਰੇਸ਼ਟ ਗੀਤ ਵਿਚ ਦੇਖਿਆ ਹੈ। ਭਾਵੇਂ ਤੁਸੀਂ ਜੀਵਨ ਸਾਥੀ ਦੀ ਭਾਲ ਕਰ ਰਹੇ ਹੋ ਜਾਂ ਤੁਹਾਡਾ ਵਿਆਹ ਹੋ ਚੁੱਕਾ ਹੈ, ਪਰ ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਸੱਚਾ ਪਿਆਰ ਮਿਲੇ ਯਾਨੀ “ਯਹੋਵਾਹ ਦੀ ਲਾਟ” ਬਲ਼ਦੀ ਰਹੇ।—ਸਰੇ. 8:6.