ਕੀ ਇਸ ਪੁਸਤਕ ਉੱਤੇ ਭਰੋਸਾ ਰੱਖਿਆ ਜਾ ਸਕਦਾ ਹੈ?
“ਮੈਂ ਕਿਸੇ ਵੀ ਹੋਰ ਗ਼ੈਰ-ਧਰਮੀ [ਸੰਸਾਰਕ] ਇਤਿਹਾਸ ਨਾਲੋਂ ਜ਼ਿਆਦਾ, ਬਾਈਬਲ ਵਿਚ ਪ੍ਰਮਾਣਕਤਾ ਦੇ ਯਕੀਨੀ ਸੰਕੇਤ ਦੇਖਦਾ ਹਾਂ।”—ਸਰ ਆਈਜ਼ਕ ਨਿਊਟਨ, ਮਸ਼ਹੂਰ ਅੰਗ੍ਰੇਜ਼ ਵਿਗਿਆਨੀ।1
ਕੀ ਇਸ ਪੁਸਤਕ—ਅਰਥਾਤ, ਬਾਈਬਲ—ਉੱਤੇ ਭਰੋਸਾ ਰੱਖਿਆ ਜਾ ਸਕਦਾ ਹੈ? ਕੀ ਇਹ ਵਾਸਤਵ ਵਿਚ ਇਕ ਸਮੇਂ ਜੀਉਂਦੇ ਲੋਕਾਂ ਬਾਰੇ, ਉਨ੍ਹਾਂ ਸਥਾਨਾਂ ਬਾਰੇ ਜੋ ਸੱਚ-ਮੁੱਚ ਹੋਂਦ ਵਿਚ ਸਨ, ਅਤੇ ਅਜਿਹੀਆਂ ਘਟਨਾਵਾਂ ਬਾਰੇ ਜੋ ਸੱਚ-ਮੁੱਚ ਵਾਪਰੀਆਂ ਸਨ, ਦਾ ਜ਼ਿਕਰ ਕਰਦੀ ਹੈ? ਜੇਕਰ ਹਾਂ, ਤਾਂ ਅਜਿਹਾ ਸਬੂਤ ਮੌਜੂਦ ਹੋਣਾ ਚਾਹੀਦਾ ਹੈ ਕਿ ਇਹ ਸਚੇਤ, ਈਮਾਨਦਾਰ ਲਿਖਾਰੀਆਂ ਦੁਆਰਾ ਲਿਖੀ ਗਈ ਸੀ। ਅਜਿਹਾ ਸਬੂਤ ਮੌਜੂਦ ਹੈ। ਸਬੂਤ ਦਾ ਵੱਡਾ ਹਿੱਸਾ ਧਰਤੀ ਵਿਚ ਦੱਬਿਆ ਹੋਇਆ ਮਿਲਿਆ ਹੈ, ਅਤੇ ਇਸ ਤੋਂ ਵੀ ਜ਼ਿਆਦਾ ਖ਼ੁਦ ਪੁਸਤਕ ਵਿਚ ਹੀ ਹੈ।
ਸਬੂਤ ਦੀ ਖੁਦਾਈ
ਬਾਈਬਲ ਵਿਚ ਜ਼ਿਕਰ ਕੀਤੇ ਗਏ ਦੇਸ਼ਾਂ ਵਿਚ ਦੱਬੀਆਂ ਹੋਈਆਂ ਪ੍ਰਾਚੀਨ ਵਸਤੂਆਂ ਦੀ ਲੱਭਤ ਨੇ ਬਾਈਬਲ ਦੀ ਇਤਿਹਾਸਕ ਅਤੇ ਭੂਗੋਲਕ ਦਰੁਸਤੀ ਦੀ ਪੁਸ਼ਟੀ ਕੀਤੀ ਹੈ। ਪੁਰਾਤੱਤਵ-ਵਿਗਿਆਨੀਆਂ ਦੁਆਰਾ ਖੋਦੇ ਗਏ ਕੁਝ ਸਬੂਤਾਂ ਉੱਤੇ ਗੌਰ ਕਰੋ।
ਬਾਈਬਲ ਪਾਠਕ, ਉਸ ਸਾਹਸੀ ਜਵਾਨ ਚਰਵਾਹੇ ਦਾਊਦ ਦੇ ਨਾਲ, ਜੋ ਇਸਰਾਏਲ ਦਾ ਰਾਜਾ ਬਣਿਆ, ਚੰਗੀ ਤਰ੍ਹਾਂ ਪਰਿਚਿਤ ਹਨ। ਉਸ ਦਾ ਨਾਂ ਬਾਈਬਲ ਵਿਚ 1,138 ਵਾਰੀ ਪਾਇਆ ਜਾਂਦਾ ਹੈ, ਅਤੇ ਇਹ ਅਭਿਵਿਅਕਤੀ ‘ਦਾਊਦ ਦਾ ਘਰਾਣਾ,’—ਜੋ ਅਕਸਰ ਉਸ ਦੇ ਰਾਜਬੰਸ ਵੱਲ ਸੰਕੇਤ ਕਰਦੀ ਹੈ—25 ਵਾਰੀ ਪਾਈ ਜਾਂਦੀ ਹੈ। (1 ਸਮੂਏਲ 16:13; 20:16, ਨਿ ਵ) ਫਿਰ ਵੀ, ਥੋੜ੍ਹਾ ਸਮਾਂ ਪਹਿਲਾਂ, ਬਾਈਬਲ ਤੋਂ ਬਾਹਰ ਕੋਈ ਸਪੱਸ਼ਟ ਸਬੂਤ ਨਹੀਂ ਸੀ ਕਿ ਦਾਊਦ ਕਦੇ ਹੋਂਦ ਵਿਚ ਸੀ। ਕੀ ਦਾਊਦ ਕੇਵਲ ਇਕ ਕਲਪਿਤ ਵਿਅਕਤੀ ਸੀ?
ਸੰਨ 1993 ਵਿਚ, ਪ੍ਰੋਫ਼ੈਸਰ ਅਵਰਾਆਮ ਬੀਰਾਨ ਦੀ ਅਗਵਾਈ ਅਧੀਨ, ਪੁਰਾਤੱਤਵ-ਵਿਗਿਆਨੀਆਂ ਦੀ ਇਕ ਟੀਮ ਨੂੰ ਇਕ ਹੈਰਾਨਕੁਨ ਚੀਜ਼ ਲੱਭੀ, ਜਿਸ ਦੀ ਰਿਪੋਰਟ ਇਜ਼ਰਾਈਲ ਖੋਜ-ਯਾਤਰਾ ਜਰਨਲ (ਅੰਗ੍ਰੇਜ਼ੀ) ਵਿਚ ਕੀਤੀ ਗਈ ਸੀ। ਇਜ਼ਰਾਈਲ ਦੇ ਉੱਤਰੀ ਇਲਾਕੇ ਵਿਚ, ਟੇਲ ਡੈਨ ਨਾਮਕ ਇਕ ਪ੍ਰਾਚੀਨ ਟਿੱਲੇ ਦੇ ਸਥਾਨ ਵਿਖੇ, ਉਨ੍ਹਾਂ ਨੂੰ ਕਾਲੇ ਮਰਮਰ ਦਾ ਇਕ ਪੱਥਰ ਲੱਭਿਆ। ਪੱਥਰ ਉੱਤੇ ‘ਦਾਊਦ ਦਾ ਘਰਾਣਾ’ ਅਤੇ “ਇਸਰਾਏਲ ਦਾ ਰਾਜਾ” ਸ਼ਬਦ ਉੱਕਰੇ ਹੋਏ ਹਨ।2 ਇਹ ਸ਼ਿਲਾ-ਲੇਖ, ਜੋ ਨੌਵੀਂ ਸਦੀ ਸਾ.ਯੁ.ਪੂ. ਦਾ ਹੈ, ਅਰਮੀਆਂ—ਪੂਰਬ ਵੱਲ ਰਹਿੰਦੇ ਇਸਰਾਏਲ ਦੇ ਵੈਰੀਆਂ—ਦੁਆਰਾ ਉਸਾਰੇ ਗਏ ਵਿਜੈ ਸਮਾਰਕ ਦਾ ਇਕ ਹਿੱਸਾ ਦੱਸਿਆ ਜਾਂਦਾ ਹੈ। ਇਹ ਪ੍ਰਾਚੀਨ ਸ਼ਿਲਾ-ਲੇਖ ਇੰਨਾ ਮਹੱਤਵਪੂਰਣ ਕਿਉਂ ਹੈ?
ਪ੍ਰੋਫ਼ੈਸਰ ਬੀਰਾਨ ਅਤੇ ਉਸ ਦੇ ਸਹਿਕਾਰੀ ਪ੍ਰੋਫ਼ੈਸਰ ਯੋਸਫ਼ ਨਾਵੇਹ ਦੁਆਰਾ ਇਕ ਰਿਪੋਰਟ ਤੇ ਆਧਾਰਿਤ, ਬਾਈਬਲੀ ਪੁਰਾਤੱਤਵ ਰਿਵਿਊ (ਅੰਗ੍ਰੇਜ਼ੀ) ਵਿਚ ਇਕ ਲੇਖ ਨੇ ਬਿਆਨ ਕੀਤਾ: “ਇਹ ਪਹਿਲੀ ਵਾਰ ਹੈ ਕਿ ਬਾਈਬਲ ਤੋਂ ਬਾਹਰ ਕਿਸੇ ਵੀ ਪ੍ਰਾਚੀਨ ਸ਼ਿਲਾ-ਲੇਖ ਉੱਤੇ ਦਾਊਦ ਦਾ ਨਾਂ ਲੱਭਿਆ ਗਿਆ ਹੈ।”3a ਸ਼ਿਲਾ-ਲੇਖ ਬਾਰੇ ਕੁਝ ਹੋਰ ਚੀਜ਼ ਵੀ ਧਿਆਨਯੋਗ ਹੈ। ਅਭਿਵਿਅਕਤੀ ‘ਦਾਊਦ ਦਾ ਘਰਾਣਾ’ ਇਕ ਹੀ ਸ਼ਬਦ ਵਜੋਂ ਲਿਖੀ ਗਈ ਹੈ। ਭਾਸ਼ਾ ਮਾਹਰ, ਪ੍ਰੋਫ਼ੈਸਰ ਐਨਸਨ ਰੇਨੀ ਵਿਆਖਿਆ ਕਰਦਾ ਹੈ: “ਸ਼ਬਦ-ਵਿਭਾਜਕ ਅਕਸਰ ਸ਼ਾਮਲ ਨਹੀਂ ਕੀਤਾ ਜਾਂਦਾ ਹੈ, ਖ਼ਾਸ ਕਰਕੇ ਜੇਕਰ ਸੰਯੁਕਤ ਸ਼ਬਦ ਇਕ ਚੰਗੀ ਤਰ੍ਹਾਂ ਨਾਲ ਸਥਾਪਿਤ ਵਿਸ਼ੇਸ਼ ਨਾਂ ਹੋਵੇ। ਮੱਧ-ਨੌਵੀਂ ਸਦੀ ਸਾ.ਯੁ.ਪੂ. ਵਿਚ, ‘ਦਾਊਦ ਦਾ ਘਰਾਣਾ’ ਨਿਸ਼ਚੇ ਹੀ ਇਕ ਅਜਿਹਾ ਵਿਸ਼ੇਸ਼ ਰਾਜਨੀਤਿਕ ਅਤੇ ਭੂਗੋਲਕ ਨਾਂ ਸੀ।”5 ਤਾਂ ਫਿਰ, ਜ਼ਾਹਰਾ ਤੌਰ ਤੇ ਰਾਜਾ ਦਾਊਦ ਅਤੇ ਉਸ ਦਾ ਰਾਜਬੰਸ ਪ੍ਰਾਚੀਨ ਸੰਸਾਰ ਵਿਚ ਪ੍ਰਸਿੱਧ ਸਨ।
ਕੀ ਨੀਨਵਾਹ—ਬਾਈਬਲ ਵਿਚ ਜ਼ਿਕਰ ਕੀਤਾ ਗਿਆ ਅੱਸ਼ੂਰ ਦਾ ਵੱਡਾ ਸ਼ਹਿਰ—ਸੱਚ-ਮੁੱਚ ਹੋਂਦ ਵਿਚ ਸੀ? ਹਾਲ ਹੀ ਵਿਚ, 19ਵੀਂ ਸਦੀ ਦੇ ਮੁੱਢ ਵਿਚ ਬਾਈਬਲ ਦੇ ਕੁਝ ਆਲੋਚਕਾਂ ਨੇ ਇੰਜ ਮੰਨਣ ਤੋਂ ਇਨਕਾਰ ਕੀਤਾ। ਪਰੰਤੂ 1849 ਵਿਚ, ਸਰ ਔਸਟਨ ਹੈਨਰੀ ਲੇਆਡ ਨੇ ਕੂਯਨਜਿਕ ਵਿਖੇ, ਅਰਥਾਤ, ਉਹ ਸਥਾਨ ਜੋ ਪ੍ਰਾਚੀਨ ਨੀਨਵਾਹ ਦਾ ਹਿੱਸਾ ਸਾਬਤ ਹੋਇਆ, ਰਾਜਾ ਸਨਹੇਰੀਬ ਦੇ ਰਾਜਮਹਿਲ ਦੇ ਖੰਡਰਾਤ ਨੂੰ ਖੋਦਿਆ। ਇੰਜ ਆਲੋਚਕ ਇਸ ਗੱਲ ਦੇ ਸੰਬੰਧ ਵਿਚ ਚੁੱਪ ਕਰਾਏ ਗਏ ਸਨ। ਪਰੰਤੂ ਇਨ੍ਹਾਂ ਖੰਡਰਾਤਾਂ ਨੇ ਹੋਰ ਜਾਣਕਾਰੀ ਵੀ ਪ੍ਰਗਟ ਕੀਤੀ। ਇਕ ਚੰਗੀ ਸੰਭਾਲ ਵਾਲੇ ਕਮਰੇ ਦੀਆਂ ਕੰਧਾਂ ਉੱਤੇ ਇਕ ਨਕਾਸ਼ੀ, ਇਕ ਕਿਲਾਬੰਦ ਸ਼ਹਿਰ ਦੇ ਕਬਜ਼ੇ ਦੀ ਨੁਮਾਇਸ਼ ਪੇਸ਼ ਕਰਦੀ ਹੈ, ਜਿੱਥੇ ਹਮਲਾਵਰ ਰਾਜੇ ਦੇ ਸਾਮ੍ਹਣੇ ਕੈਦੀ ਲੰਘ ਰਹੇ ਸਨ। ਰਾਜੇ ਦੇ ਉਤਾਂਹ ਇਹ ਸ਼ਿਲਾ-ਲੇਖ ਹੈ: “ਸਨਹੇਰੀਬ, ਦੁਨੀਆਂ ਦੇ ਰਾਜੇ, ਅੱਸ਼ੂਰ ਦੇ ਰਾਜੇ ਨੇ ਇਕ ਨਿਮੇਡੂ -ਸਿੰਘਾਸਣ ਉੱਤੇ ਬੈਠ ਕੇ ਲਾਕੀਸ਼ (ਲਾ-ਕੀ-ਸੂ) ਤੋਂ (ਲੁੱਟੇ ਗਏ) ਮਾਲ ਦੀ ਜਾਂਚ-ਪੜਤਾਲ ਕੀਤੀ।”6
ਇਹ ਨਕਾਸ਼ੀ ਅਤੇ ਸ਼ਿਲਾ-ਲੇਖ, ਜੋ ਬ੍ਰਿਟਿਸ਼ ਮਿਊਜ਼ੀਅਮ ਵਿਚ ਦੇਖੇ ਜਾ ਸਕਦੇ ਹਨ, ਸਨਹੇਰੀਬ ਦੁਆਰਾ ਲਾਕੀਸ਼ ਦੇ ਯਹੂਦੀ ਸ਼ਹਿਰ ਦੇ ਕਬਜ਼ੇ ਬਾਰੇ ਬਾਈਬਲ ਦੇ ਬਿਰਤਾਂਤ ਨਾਲ ਮੇਲ ਖਾਂਦੇ ਹਨ, ਜੋ 2 ਰਾਜਿਆਂ 18:13, 14 ਵਿਚ ਦਰਜ ਕੀਤਾ ਗਿਆ ਹੈ। ਇਸ ਲੱਭਤ ਦੀ ਮਹੱਤਤਾ ਉੱਤੇ ਟਿੱਪਣੀ ਕਰਦਿਆਂ, ਲੇਆਡ ਨੇ ਲਿਖਿਆ: “ਇਹ ਲੱਭਤਾਂ ਮਿਲਣ ਤੋਂ ਪਹਿਲਾਂ, ਕੌਣ ਇਸ ਨੂੰ ਸੰਭਵ ਜਾਂ ਮੁਮਕਿਨ ਮੰਨ ਸਕਦਾ ਸੀ ਕਿ ਨੀਨਵਾਹ ਦੇ ਸਥਾਨ ਨੂੰ ਚਿੰਨ੍ਹਿਤ ਕਰਦੇ ਮਿੱਟੀ ਅਤੇ ਕੂੜੇ ਦੇ ਢੇਰ ਦੇ ਹੇਠ, ਹਿਜ਼ਕੀਯਾਹ [ਯਹੂਦਾਹ ਦਾ ਰਾਜਾ] ਅਤੇ ਸਨਹੇਰੀਬ ਵਿਚਕਾਰ ਯੁੱਧਾਂ ਦਾ ਇਤਿਹਾਸ ਮਿਲੇਗਾ, ਜੋ ਖ਼ੁਦ ਸਨਹੇਰੀਬ ਦੁਆਰਾ ਠੀਕ ਉਸ ਸਮੇਂ ਲਿਖਿਆ ਗਿਆ ਸੀ ਜਦੋਂ ਇਹ ਵਾਪਰੇ ਸਨ, ਅਤੇ ਜੋ ਛੋਟੇ ਵੇਰਵਿਆਂ ਵਿਚ ਵੀ ਬਾਈਬਲੀ ਰਿਕਾਰਡ ਦੀ ਪੁਸ਼ਟੀ ਕਰਦਾ ਹੈ?”7
ਪੁਰਾਤੱਤਵ-ਵਿਗਿਆਨੀਆਂ ਨੇ ਕਈ ਹੋਰ ਵਸਤੂਆਂ ਵੀ ਖੋਦੀਆਂ ਹਨ—ਭਾਂਡੇ, ਇਮਾਰਤਾਂ ਦੇ ਖੰਡਰਾਤ, ਮਿੱਟੀ ਦੀ ਸਿਲ, ਸਿੱਕੇ, ਦਸਤਾਵੇਜ਼, ਸਮਾਰਕ ਪੱਥਰ, ਅਤੇ ਸ਼ਿਲਾ-ਲੇਖ—ਜੋ ਬਾਈਬਲ ਦੀ ਦਰੁਸਤੀ ਦੀ ਪੁਸ਼ਟੀ ਕਰਦੇ ਹਨ। ਖੁਦਾਈਕਾਰਾਂ ਨੂੰ ਊਰ ਦਾ ਕਸਦੀ ਸ਼ਹਿਰ ਲੱਭਿਆ ਹੈ, ਅਰਥਾਤ, ਉਹ ਵਣਜੀ ਅਤੇ ਧਾਰਮਿਕ ਕੇਂਦਰ ਜਿੱਥੇ ਅਬਰਾਹਾਮ ਰਹਿੰਦਾ ਸੀ।8 (ਉਤਪਤ 11:27-31) ਨਿਬੌਨਿਡਸ ਕਰੌਨਿਕਲ, ਜੋ 19ਵੀਂ ਸਦੀ ਵਿਚ ਖੋਦਿਆ ਗਿਆ ਸੀ, 539 ਸਾ.ਯੁ.ਪੂ. ਵਿਚ ਖੋਰੁਸ ਮਹਾਨ ਅੱਗੇ ਬਾਬਲ ਦੇ ਪਤਨ ਦਾ ਵਰਣਨ ਕਰਦਾ ਹੈ, ਜਿਸ ਘਟਨਾ ਦਾ ਬਿਆਨ ਦਾਨੀਏਲ ਅਧਿਆਇ 5 ਵਿਚ ਕੀਤਾ ਗਿਆ ਹੈ।9 ਪ੍ਰਾਚੀਨ ਥੱਸਲੁਨੀਕੇ ਵਿਚ ਇਕ ਡਾਟਦਾਰ ਫਾਟਕ ਉੱਤੇ ਪਾਏ ਗਏ ਸ਼ਿਲਾ-ਲੇਖ (ਜਿਨ੍ਹਾਂ ਦੇ ਟੁਕੜੇ ਬ੍ਰਿਟਿਸ਼ ਮਿਊਜ਼ੀਅਮ ਵਿਚ ਸੰਭਾਲ ਕੇ ਰੱਖੇ ਗਏ ਹਨ) ਉੱਤੇ ਸ਼ਹਿਰੀ ਸ਼ਾਸਕਾਂ ਦੇ ਨਾਂ ਹਨ, ਜਿਨ੍ਹਾਂ ਸ਼ਾਸਕਾਂ ਦਾ “ਪੌਲੀਟਾਕਸ” ਵਜੋਂ ਵਰਣਨ ਕੀਤਾ ਗਿਆ ਹੈ, ਇਕ ਅਜਿਹਾ ਸ਼ਬਦ ਜੋ ਸ਼ਾਸਤਰੀ ਯੂਨਾਨੀ ਸਾਹਿੱਤ ਵਿਚ ਨਾਮਾਲੂਮ ਸੀ ਪਰੰਤੂ ਬਾਈਬਲ ਲਿਖਾਰੀ ਲੂਕਾ ਦੁਆਰਾ ਇਸਤੇਮਾਲ ਕੀਤਾ ਗਿਆ ਸੀ।10 (ਰਸੂਲਾਂ ਦੇ ਕਰਤੱਬ 17:6, ਫੁਟਨੋਟ, ਨਿ ਵ) ਇਸ ਤਰ੍ਹਾਂ, ਲੂਕਾ ਦੀ ਇਸ ਮਾਮਲੇ ਵਿਚ ਦਰੁਸਤੀ ਨੂੰ ਪ੍ਰਮਾਣਿਤ ਕੀਤਾ ਗਿਆ ਸੀ—ਜਿਵੇਂ ਦੂਸਰੇ ਵੇਰਵਿਆਂ ਵਿਚ ਪਹਿਲਾਂ ਹੀ ਕੀਤਾ ਜਾ ਚੁੱਕਾ ਸੀ।—ਤੁਲਨਾ ਕਰੋ ਲੂਕਾ 1:3.
ਮਗਰ, ਪੁਰਾਤੱਤਵ-ਵਿਗਿਆਨੀ ਇਕ ਦੂਜੇ ਨਾਲ ਹਮੇਸ਼ਾ ਸਹਿਮਤ ਨਹੀਂ ਹੁੰਦੇ ਹਨ, ਬਾਈਬਲ ਦੇ ਨਾਲ ਸਹਿਮਤ ਹੋਣ ਦੀ ਤਾਂ ਗੱਲ ਹੀ ਛੱਡੋ। ਫਿਰ ਵੀ, ਖ਼ੁਦ ਬਾਈਬਲ ਵਿਚ ਠੋਸ ਸਬੂਤ ਮੌਜੂਦ ਹੈ ਕਿ ਇਹ ਇਕ ਅਜਿਹੀ ਪੁਸਤਕ ਹੈ ਜਿਸ ਉੱਤੇ ਭਰੋਸਾ ਰੱਖਿਆ ਜਾ ਸਕਦਾ ਹੈ।
ਨਿਝੱਕਤਾ ਦੇ ਨਾਲ ਪੇਸ਼ ਕੀਤੀ ਗਈ
ਈਮਾਨਦਾਰ ਇਤਿਹਾਸਕਾਰ ਸਿਰਫ਼ ਜਿੱਤਾਂ ਨੂੰ ਹੀ ਨਹੀਂ (ਜਿਵੇਂ ਕਿ ਸਨਹੇਰੀਬ ਵੱਲੋਂ ਲਾਕੀਸ਼ ਦੇ ਕਬਜ਼ੇ ਦੇ ਸੰਬੰਧ ਵਿਚ ਸ਼ਿਲਾ-ਲੇਖ) ਪਰ ਹਾਰਾਂ ਨੂੰ ਵੀ, ਸਿਰਫ਼ ਸਫ਼ਲਤਾਵਾਂ ਨੂੰ ਹੀ ਨਹੀਂ ਪਰ ਅਸਫ਼ਲਤਾਵਾਂ ਨੂੰ ਵੀ, ਸਿਰਫ਼ ਸ਼ਕਤੀਆਂ ਨੂੰ ਹੀ ਨਹੀਂ ਪਰ ਕਮਜ਼ੋਰੀਆਂ ਨੂੰ ਵੀ ਰਿਕਾਰਡ ਕਰਦੇ। ਘੱਟ ਹੀ ਸੰਸਾਰਕ ਇਤਿਹਾਸ ਅਜਿਹੀ ਈਮਾਨਦਾਰੀ ਪ੍ਰਤਿਬਿੰਬਤ ਕਰਦੇ ਹਨ।
ਅੱਸ਼ੂਰੀ ਇਤਿਹਾਸਕਾਰਾਂ ਦੇ ਸੰਬੰਧ ਵਿਚ, ਡੈਨੀਅਲ ਡੀ. ਲਕਨਬਿਲ ਵਿਆਖਿਆ ਕਰਦਾ ਹੈ: “ਇਹ ਅਕਸਰ ਸਪੱਸ਼ਟ ਹੁੰਦਾ ਹੈ ਕਿ ਸ਼ਾਹੀ ਅਭਿਮਾਨ ਇਤਿਹਾਸਕ ਦਰੁਸਤੀ ਦੇ ਨਾਲ ਜੋੜ-ਤੋੜ ਕਰਨ ਦੀ ਮੰਗ ਕਰਦਾ ਸੀ।”11 ਅਜਿਹੇ “ਸ਼ਾਹੀ ਅਭਿਮਾਨ” ਨੂੰ ਦਰਸਾਉਂਦਿਆਂ, ਅੱਸ਼ੂਰੀ ਰਾਜਾ ਐਸ਼ਰਨਾਸਿਰਪਾਲ ਦੇ ਇਤਿਹਾਸਕ ਬਿਰਤਾਂਤ ਸ਼ੇਖ਼ੀ ਮਾਰਦੇ ਹਨ: “ਮੈਂ ਸ਼ਾਹੀ ਹਾਂ, ਮੈਂ ਮਹਾਨ ਹਾਂ, ਮੈਂ ਬੁਲੰਦ ਹਾਂ, ਮੈਂ ਜ਼ੋਰਾਵਰ ਹਾਂ, ਮੈਂ ਪਤਵੰਤਾ ਹਾਂ, ਮੈਂ ਮਹਿਮਾਯੁਕਤ ਹਾਂ, ਮੈਂ ਪ੍ਰਮੁੱਖ ਹਾਂ, ਮੈਂ ਸ਼ਕਤੀਸ਼ਾਲੀ ਹਾਂ, ਮੈਂ ਸੂਰਮਾ ਹਾਂ, ਮੈਂ ਸ਼ੇਰ-ਦਿਲ ਹਾਂ, ਅਤੇ ਮੈਂ ਸੂਰਬੀਰ ਹਾਂ!”12 ਕੀ ਤੁਸੀਂ ਅਜਿਹੇ ਇਤਿਹਾਸਕ ਬਿਰਤਾਂਤਾਂ ਵਿਚ ਪੜ੍ਹੀ ਗਈ ਹਰੇਕ ਗੱਲ ਨੂੰ ਸਹੀ ਇਤਿਹਾਸ ਵਜੋਂ ਸਵੀਕਾਰ ਕਰੋਗੇ?
ਇਸ ਦੇ ਟਾਕਰੇ ਵਿਚ, ਬਾਈਬਲ ਲਿਖਾਰੀਆਂ ਨੇ ਤਾਜ਼ਗੀਦਾਇਕ ਨਿਝੱਕਤਾ ਪ੍ਰਦਰਸ਼ਿਤ ਕੀਤੀ। ਮੂਸਾ, ਇਸਰਾਏਲ ਦੇ ਆਗੂ ਨੇ ਆਪਣੇ ਭਰਾ ਹਾਰੂਨ ਦੀਆਂ, ਆਪਣੀ ਭੈਣ ਮਿਰਯਮ ਦੀਆਂ, ਆਪਣੇ ਭਤੀਜਿਆਂ ਨਾਦਾਬ ਅਤੇ ਅਬੀਹੂ ਦੀਆਂ, ਅਤੇ ਆਪਣੀ ਪਰਜਾ ਦੀਆਂ ਕਮਜ਼ੋਰੀਆਂ, ਨਾਲੇ ਖ਼ੁਦ ਆਪਣੀਆਂ ਗ਼ਲਤੀਆਂ ਬਾਰੇ ਵੀ ਸਾਫ਼-ਸਾਫ਼ ਦੱਸਿਆ। (ਕੂਚ 14:11, 12; 32:1-6; ਲੇਵੀਆਂ 10:1, 2; ਗਿਣਤੀ 12:1-3; 20:9-12; 27:12-14) ਰਾਜਾ ਦਾਊਦ ਦੀਆਂ ਗੰਭੀਰ ਗ਼ਲਤੀਆਂ ਛੁਪਾਈਆਂ ਨਹੀਂ ਗਈਆਂ ਸਨ, ਪਰੰਤੂ ਇਹ ਲਿਪੀਬੱਧ ਕੀਤੀਆਂ ਗਈਆਂ ਸਨ—ਅਤੇ ਉਦੋਂ ਜਦ ਦਾਊਦ ਹਾਲੇ ਰਾਜੇ ਵਜੋਂ ਰਾਜ ਕਰ ਰਿਹਾ ਸੀ। (2 ਸਮੂਏਲ, ਅਧਿਆਇ 11 ਅਤੇ 24) ਮੱਤੀ, ਆਪਣੇ ਨਾਂ ਦੀ ਪੁਸਤਕ ਦਾ ਲਿਖਾਰੀ, ਦੱਸਦਾ ਹੈ ਕਿ ਰਸੂਲਾਂ (ਜਿਨ੍ਹਾਂ ਵਿੱਚੋਂ ਉਹ ਇਕ ਸੀ) ਨੇ ਕਿਵੇਂ ਆਪਣੀ ਨਿੱਜੀ ਮਹੱਤਤਾ ਬਾਰੇ ਝਗੜਾ ਕੀਤਾ ਸੀ ਅਤੇ ਕਿਵੇਂ ਉਨ੍ਹਾਂ ਨੇ ਯਿਸੂ ਦੀ ਗਿਰਫ਼ਤਾਰੀ ਦੀ ਰਾਤ ਤੇ ਉਸ ਨੂੰ ਛੱਡ ਦਿੱਤਾ ਸੀ। (ਮੱਤੀ 20:20-24; 26:56) ਮਸੀਹੀ ਯੂਨਾਨੀ ਸ਼ਾਸਤਰ ਦੀਆਂ ਪੱਤਰੀਆਂ ਦੇ ਲਿਖਾਰੀਆਂ ਨੇ ਖੁੱਲ੍ਹ ਨਾਲ ਉਨ੍ਹਾਂ ਸਮੱਸਿਆਵਾਂ ਨੂੰ ਕਬੂਲ ਕੀਤਾ ਜੋ ਕੁਝ ਮੁਢਲੀਆਂ ਮਸੀਹੀ ਕਲੀਸਿਯਾਵਾਂ ਵਿਚ ਮੌਜੂਦ ਸਨ, ਜਿਨ੍ਹਾਂ ਵਿਚ ਲਿੰਗੀ ਅਨੈਤਿਕਤਾ ਅਤੇ ਫੁੱਟਾਂ ਸ਼ਾਮਲ ਸਨ। ਅਤੇ ਉਨ੍ਹਾਂ ਨੇ ਇਨ੍ਹਾਂ ਸਮੱਸਿਆਵਾਂ ਬਾਰੇ ਸਪੱਸ਼ਟ ਸ਼ਬਦਾਂ ਵਿਚ ਗੱਲ ਕੀਤੀ।—1 ਕੁਰਿੰਥੀਆਂ 1:10-13; 5:1-13.
ਰਿਪੋਰਟ ਕਰਨ ਦਾ ਅਜਿਹਾ ਸਾਫ਼ ਅਤੇ ਨਿਸ਼ਕਪਟ ਢੰਗ ਸੱਚਾਈ ਲਈ ਇਕ ਸੁਹਿਰਦ ਚਿੰਤਾ ਦਾ ਸੰਕੇਤ ਦਿੰਦਾ ਹੈ। ਕਿਉਂ ਜੋ ਬਾਈਬਲ ਦੇ ਲਿਖਾਰੀ ਆਪਣੇ ਪਿਆਰਿਆਂ, ਆਪਣੇ ਲੋਕਾਂ, ਅਤੇ ਆਪਣੇ ਆਪ ਬਾਰੇ ਵੀ ਅਸੁਖਾਵੀਂ ਜਾਣਕਾਰੀ ਨੂੰ ਰਿਪੋਰਟ ਕਰਨ ਲਈ ਤਿਆਰ ਸਨ, ਕੀ ਇਹ ਉਨ੍ਹਾਂ ਦੀਆਂ ਲਿਖਤਾਂ ਉੱਤੇ ਭਰੋਸਾ ਰੱਖਣ ਦਾ ਚੰਗਾ ਕਾਰਨ ਨਹੀਂ ਹੈ?
ਵੇਰਵਿਆਂ ਵਿਚ ਦਰੁਸਤ
ਅਦਾਲਤੀ ਮੁਕੱਦਮਿਆਂ ਵਿਚ ਇਕ ਗਵਾਹ ਦੇ ਬਿਆਨ ਦੀ ਵਿਸ਼ਵਾਸਯੋਗਤਾ ਅਕਸਰ ਛੋਟੇ-ਛੋਟੇ ਤੱਥਾਂ ਦੇ ਆਧਾਰ ਤੇ ਨਿਰਧਾਰਿਤ ਕੀਤੀ ਜਾ ਸਕਦੀ ਹੈ। ਛੋਟੇ ਵੇਰਵਿਆਂ ਵਿਚ ਸਹਿਮਤੀ ਸ਼ਾਇਦ ਬਿਆਨ ਨੂੰ ਸਹੀ ਅਤੇ ਈਮਾਨਦਾਰ ਸਾਬਤ ਕਰ ਦੇਵੇ, ਜਦ ਕਿ ਘੋਰ ਅਸੰਗਤੀਆਂ ਇਸ ਨੂੰ ਇਕ ਜਾਅਲਸਾਜ਼ੀ ਵਜੋਂ ਪ੍ਰਗਟ ਕਰ ਸਕਦੀਆਂ ਹਨ। ਦੂਜੇ ਪਾਸੇ, ਇਕ ਅਤਿ ਬਾਤਰਤੀਬ ਵਰਣਨ—ਜਿਸ ਵਿਚ ਹਰ ਇਕ ਵੇਰਵਾ ਸੁਆਰ ਕੇ ਤਿਆਰ ਕਿਤਾ ਗਿਆ ਹੈ—ਵੀ ਸ਼ਾਇਦ ਗ਼ਲਤ ਬਿਆਨ ਦਾ ਭੇਤ ਪ੍ਰਗਟ ਕਰੇ।
ਬਾਈਬਲ ਲਿਖਾਰੀਆਂ ਦਾ “ਬਿਆਨ” ਇਸ ਸੰਬੰਧ ਵਿਚ ਕਿਵੇਂ ਪੂਰਾ ਉੱਤਰਦਾ ਹੈ? ਬਾਈਬਲ ਲਿਖਾਰੀਆਂ ਨੇ ਮਾਅਰਕੇ ਦੀ ਇਕਸਾਰਤਾ ਪ੍ਰਗਟ ਕੀਤੀ। ਛੋਟੇ-ਛੋਟੇ ਵੇਰਵਿਆਂ ਵਿਚ ਵੀ ਇਕਸੁਰਤਾ ਪਾਈ ਜਾਂਦੀ ਹੈ। ਪਰੰਤੂ, ਇਹ ਇਕਸੁਰਤਾ ਜਾਣ-ਬੁੱਝ ਕੇ ਕਾਇਮ ਨਹੀਂ ਕੀਤੀ ਗਈ ਹੈ, ਜੋ ਕਿ ਸਾਜ਼ਬਾਜ਼ ਦੇ ਸ਼ੱਕ ਪੈਦਾ ਕਰਦੀ। ਅਨੁਰੂਪਤਾਵਾਂ ਵਿਚ ਸਾਜ਼ਸ਼ ਦਾ ਕੋਈ ਚਿੰਨ੍ਹ ਨਜ਼ਰ ਨਹੀਂ ਆਉਂਦਾ ਹੈ, ਅਤੇ ਲਿਖਾਰੀ ਅਕਸਰ ਅਣਜਾਣੇ ਵਿਚ ਇਕ ਦੂਜੇ ਨਾਲ ਸਹਿਮਤ ਹੁੰਦੇ ਸਨ। ਕੁਝ ਉਦਾਹਰਣਾਂ ਉੱਤੇ ਗੌਰ ਕਰੋ।
ਬਾਈਬਲ ਲਿਖਾਰੀ ਮੱਤੀ ਨੇ ਲਿਖਿਆ: “ਯਿਸੂ ਨੇ ਪਤਰਸ ਦੇ ਘਰ ਵਿੱਚ ਆਣ ਕੇ ਉਹ ਦੀ ਸੱਸ ਨੂੰ ਤਾਪ ਨਾਲ ਪਈ ਹੋਈ ਵੇਖਿਆ।” (ਟੇਢੇ ਟਾਈਪ ਸਾਡੇ।) (ਮੱਤੀ 8:14) ਮੱਤੀ ਨੇ ਇੱਥੇ ਇਕ ਦਿਲਚਸਪ ਪਰੰਤੂ ਬੇਲੋੜਾ ਵੇਰਵਾ ਪ੍ਰਦਾਨ ਕੀਤਾ: ਪਤਰਸ ਵਿਵਾਹਿਤ ਸੀ। ਇਹ ਛੋਟਾ ਜਿਹਾ ਤੱਥ ਪੌਲੁਸ ਦੁਆਰਾ ਪ੍ਰਮਾਣਿਤ ਕੀਤਾ ਗਿਆ ਹੈ, ਜਿਸ ਨੇ ਲਿਖਿਆ: “ਭਲਾ, [ਮੈਨੂੰ] ਵੀ ਹੱਕ ਨਹੀਂ ਜੋ ਕਿਸੇ ਗੁਰ ਭੈਣ ਨੂੰ ਆਪਣੀ ਵਿਆਹਤਾ ਕਰਕੇ ਨਾਲ ਲਈ [ਫਿਰਾ] ਜਿਵੇਂ ਹੋਰ ਰਸੂਲ ਅਤੇ . . . ਕੇਫ਼ਾਸ ਕਰਦੇ ਹਨ?”b (1 ਕੁਰਿੰਥੀਆਂ 9:5) ਇਸ ਦਾ ਪ੍ਰਸੰਗ ਸੰਕੇਤ ਕਰਦਾ ਹੈ ਕਿ ਪੌਲੁਸ ਅਨੁਚਿਤ ਆਲੋਚਨਾ ਦੇ ਪ੍ਰਤੀ ਆਪਣੀ ਸਫ਼ਾਈ ਪੇਸ਼ ਕਰ ਰਿਹਾ ਸੀ। (1 ਕੁਰਿੰਥੀਆਂ 9:1-4) ਸਾਫ਼ ਤੌਰ ਤੇ, ਪੌਲੁਸ ਦੁਆਰਾ ਇਹ ਛੋਟਾ ਜਿਹਾ ਤੱਥ—ਪਤਰਸ ਦਾ ਵਿਵਾਹਿਤ ਹੋਣਾ—ਮੱਤੀ ਦੇ ਬਿਰਤਾਂਤ ਨੂੰ ਸਮਰਥਨ ਦੇਣ ਲਈ ਨਹੀਂ ਪੇਸ਼ ਕੀਤਾ ਗਿਆ ਹੈ ਪਰੰਤੂ ਸਬੱਬ ਹੀ ਦੱਸਿਆ ਗਿਆ ਹੈ।
ਚਾਰੇ ਇੰਜੀਲ ਲਿਖਾਰੀ—ਮੱਤੀ, ਮਰਕੁਸ, ਲੂਕਾ, ਅਤੇ ਯੂਹੰਨਾ—ਰਿਕਾਰਡ ਕਰਦੇ ਹਨ ਕਿ ਯਿਸੂ ਦੀ ਗਿਰਫ਼ਤਾਰੀ ਦੀ ਰਾਤ ਨੂੰ, ਉਸ ਦੇ ਚੇਲਿਆਂ ਵਿੱਚੋਂ ਇਕ ਨੇ ਤਲਵਾਰ ਕੱਢ ਕੇ ਪ੍ਰਧਾਨ ਜਾਜਕ ਦੇ ਚਾਕਰ ਉੱਤੇ ਚਲਾਈ, ਅਤੇ ਉਸ ਆਦਮੀ ਦਾ ਕੰਨ ਵੱਡ ਸੁੱਟਿਆ। ਸਿਰਫ਼ ਯੂਹੰਨਾ ਦੀ ਇੰਜੀਲ ਇਕ ਬੇਲੋੜਾ ਜਾਪਦਾ ਵੇਰਵਾ ਪੇਸ਼ ਕਰਦੀ ਹੈ: “ਉਸ ਚਾਕਰ ਦਾ ਨਾਉਂ ਸੀ ਮਲਖੁਸ।” (ਯੂਹੰਨਾ 18:10, 26) ਇਕੱਲਾ ਯੂਹੰਨਾ ਹੀ ਉਸ ਆਦਮੀ ਦਾ ਨਾਂ ਕਿਉਂ ਦਿੰਦਾ ਹੈ? ਕੁਝ ਆਇਤਾਂ ਬਾਅਦ ਇਹ ਬਿਰਤਾਂਤ ਇਕ ਛੋਟਾ ਜਿਹਾ ਤੱਥ ਪੇਸ਼ ਕਰਦਾ ਹੈ ਜੋ ਹੋਰ ਕਿਤੇ ਨਹੀਂ ਦੱਸਿਆ ਗਿਆ ਹੈ: ਯੂਹੰਨਾ “ਸਰਦਾਰ ਜਾਜਕ ਦਾ ਜਾਣੂ ਪਛਾਣੂ ਸੀ।” ਨਾਲੇ ਉਹ ਪ੍ਰਧਾਨ ਜਾਜਕ ਦੇ ਘਰਾਣੇ ਦਾ ਵੀ ਜਾਣੂ ਪਛਾਣੂ ਸੀ; ਨੌਕਰ ਉਸ ਨੂੰ ਜਾਣਦੇ ਸਨ, ਅਤੇ ਉਹ ਉਨ੍ਹਾਂ ਨੂੰ। (ਯੂਹੰਨਾ 18:15, 16) ਇਸ ਲਈ, ਇਹ ਸੁਭਾਵਕ ਹੀ ਸੀ ਕਿ ਯੂਹੰਨਾ ਉਸ ਜ਼ਖਮੀ ਆਦਮੀ ਦੇ ਨਾਂ ਦਾ ਜ਼ਿਕਰ ਕਰੇ, ਜਦ ਕਿ ਦੂਜੇ ਇੰਜੀਲ ਲਿਖਾਰੀ, ਜਿਨ੍ਹਾਂ ਲਈ ਇਹ ਆਦਮੀ ਅਜਨਬੀ ਸੀ, ਇਸ ਦਾ ਜ਼ਿਕਰ ਨਹੀਂ ਕਰਦੇ ਹਨ।
ਕਦੇ-ਕਦੇ, ਵਿਸਤ੍ਰਿਤ ਸਪੱਸ਼ਟੀਕਰਣ ਇਕ ਬਿਰਤਾਂਤ ਵਿੱਚੋਂ ਛੱਡੇ ਜਾਂਦੇ ਹਨ ਪਰੰਤੂ ਕਿਸੇ ਹੋਰ ਜਗ੍ਹਾ ਇਹ ਸਬੱਬੀ ਪੇਸ਼ ਕੀਤੇ ਜਾਂਦੇ ਹਨ। ਮਿਸਾਲ ਦੇ ਤੌਰ ਤੇ, ਯਹੂਦੀ ਮਹਾਸਭਾ ਦੇ ਸਾਮ੍ਹਣੇ ਯਿਸੂ ਦੇ ਮੁਕੱਦਮੇ ਬਾਰੇ ਮੱਤੀ ਦਾ ਬਿਰਤਾਂਤ ਕਹਿੰਦਾ ਹੈ ਕਿ ਕੁਝ ਹਾਜ਼ਰ ਲੋਕਾਂ ਨੇ “[ਉਸ ਨੂੰ] ਚਪੇੜਾਂ ਮਾਰ ਕੇ ਕਿਹਾ, ਹੇ ਮਸੀਹ, ਸਾਨੂੰ ਅਗੰਮ ਗਿਆਨ ਨਾਲ ਦੱਸ, ਤੈਨੂੰ ਕਿਹ ਨੇ ਮਾਰਿਆ?” (ਟੇਢੇ ਟਾਈਪ ਸਾਡੇ।) (ਮੱਤੀ 26:67, 68) ਉਹ ਯਿਸੂ ਨੂੰ ‘ਅਗੰਮ ਗਿਆਨ ਨਾਲ ਦੱਸਣ’ ਲਈ ਕਿਉਂ ਕਹਿੰਦੇ ਕਿ ਉਸ ਨੂੰ ਕਿਸ ਨੇ ਮਾਰਿਆ ਸੀ, ਜਦੋਂ ਮਾਰਨ ਵਾਲਾ ਉੱਥੇ ਉਸ ਦੇ ਸਾਮ੍ਹਣੇ ਖੜ੍ਹਾ ਸੀ? ਮੱਤੀ ਇਹ ਗੱਲ ਸਪੱਸ਼ਟ ਨਹੀਂ ਕਰਦਾ। ਪਰੰਤੂ ਦੂਜੇ ਇੰਜੀਲ ਲਿਖਾਰੀਆਂ ਵਿੱਚੋਂ ਦੋ ਜਣੇ ਛੱਡਿਆ ਗਿਆ ਵੇਰਵਾ ਮੁਹੱਈਆ ਕਰਦੇ ਹਨ: ਯਿਸੂ ਨੂੰ ਚਪੇੜਾਂ ਮਾਰਨ ਤੋਂ ਪਹਿਲਾਂ ਉਹ ਦੇ ਸਤਾਉਣ ਵਾਲਿਆਂ ਨੇ ਉਸ ਦਾ ਮੂੰਹ ਢੱਕ ਦਿੱਤਾ ਸੀ। (ਮਰਕੁਸ 14:65; ਲੂਕਾ 22:64) ਮੱਤੀ ਆਪਣੀ ਸਾਮੱਗਰੀ ਬਿਨਾਂ ਕਿਸੇ ਚਿੰਤਾ ਤੋਂ ਪੇਸ਼ ਕਰਦਾ ਹੈ ਕਿ ਹਰ ਇਕ ਵੇਰਵਾ ਮੁਹੱਈਆ ਕੀਤਾ ਗਿਆ ਸੀ ਜਾਂ ਨਹੀਂ।
ਯੂਹੰਨਾ ਦੀ ਇੰਜੀਲ ਇਕ ਅਵਸਰ ਬਾਰੇ ਦੱਸਦੀ ਹੈ ਜਦੋਂ ਯਿਸੂ ਨੂੰ ਸਿੱਖਿਆ ਦਿੰਦੇ ਹੋਏ ਸੁਣਨ ਲਈ ਇਕ ਵੱਡੀ ਭੀੜ ਇਕੱਠੀ ਹੋਈ। ਰਿਕਾਰਡ ਦੇ ਅਨੁਸਾਰ, ਜਦੋਂ ਯਿਸੂ ਨੇ ਭੀੜ ਨੂੰ ਡਿੱਠਾ, “[ਉਸ ਨੇ] ਫ਼ਿਲਿੱਪੁਸ ਨੂੰ ਆਖਿਆ . . . ਅਸੀਂ ਇਨ੍ਹਾਂ ਦੇ ਖਾਣ ਲਈ ਰੋਟੀਆਂ ਕਿਥੋਂ ਮੁੱਲ ਲਈਏ?” (ਟੇਢੇ ਟਾਈਪ ਸਾਡੇ।) (ਯੂਹੰਨਾ 6:5) ਸਾਰਿਆਂ ਹਾਜ਼ਰ ਚੇਲਿਆਂ ਵਿੱਚੋਂ, ਯਿਸੂ ਨੇ ਫ਼ਿਲਿੱਪੁਸ ਨੂੰ ਕਿਉਂ ਪੁੱਛਿਆ ਕਿ ਉਹ ਰੋਟੀਆਂ ਕਿੱਥੋਂ ਖ਼ਰੀਦ ਸਕਦੇ ਸਨ? ਲਿਖਾਰੀ ਇਹ ਨਹੀਂ ਦੱਸਦਾ। ਮਗਰ, ਸਮਾਨਾਂਤਰ ਬਿਰਤਾਂਤ ਵਿਚ, ਲੂਕਾ ਰਿਪੋਰਟ ਕਰਦਾ ਹੈ ਕਿ ਇਹ ਘਟਨਾ ਬੈਤਸੈਦਾ ਲਾਗੇ ਵਾਪਰੀ ਸੀ, ਉਹ ਸ਼ਹਿਰ ਜੋ ਗਲੀਲ ਦੀ ਝੀਲ ਦੇ ਉੱਤਰੀ ਕਿਨਾਰਿਆਂ ਤੇ ਸੀ, ਅਤੇ ਇਸ ਤੋਂ ਪਹਿਲਾਂ ਯੂਹੰਨਾ ਦੀ ਇੰਜੀਲ ਵਿਚ ਇਹ ਕਿਹਾ ਗਿਆ ਹੈ ਕਿ “ਫ਼ਿਲਿੱਪੁਸ ਬੈਤਸੈਦੇ ਦਾ ਸੀ।” (ਯੂਹੰਨਾ 1:44; ਲੂਕਾ 9:10) ਸੋ ਤਾਰਕਿਕ ਢੰਗ ਨਾਲ ਯਿਸੂ ਨੇ ਉਸ ਵਿਅਕਤੀ ਨੂੰ ਪੁੱਛਿਆ ਜਿਸ ਦਾ ਜੱਦੀ ਸ਼ਹਿਰ ਨੇੜੇ ਸੀ। ਵੇਰਵਿਆਂ ਦੇ ਵਿਚਕਾਰ ਸਹਿਮਤੀ ਮਾਅਰਕੇ ਦੀ ਹੈ, ਫਿਰ ਵੀ ਸਪੱਸ਼ਟ ਤੌਰ ਤੇ ਇਹ ਇਤਫ਼ਾਕੀਆ ਸੀ।
ਕੁਝ ਮਾਮਲਿਆਂ ਵਿਚ ਖ਼ਾਸ ਵੇਰਵਿਆਂ ਦੀ ਗ਼ੈਰ-ਹਾਜ਼ਰੀ ਬਾਈਬਲ ਲਿਖਾਰੀਆਂ ਦੀ ਵਿਸ਼ਵਾਸਯੋਗਤਾ ਦੀ ਕੇਵਲ ਹੋਰ ਪੁਸ਼ਟੀ ਕਰਦੀ ਹੈ। ਉਦਾਹਰਣ ਦੇ ਤੌਰ ਤੇ, 1 ਰਾਜਿਆਂ ਦਾ ਲਿਖਾਰੀ ਇਸਰਾਏਲ ਵਿਚ ਇਕ ਸਖ਼ਤ ਸੋਕੇ ਬਾਰੇ ਬਿਆਨ ਕਰਦਾ ਹੈ। ਉਹ ਇੰਨਾ ਸਖ਼ਤ ਸੀ ਕਿ ਰਾਜਾ ਆਪਣੇ ਘੋੜਿਆਂ ਅਤੇ ਖੱਚਰਾਂ ਨੂੰ ਜੀਉਂਦੇ ਰੱਖਣ ਲਈ ਚੋਖਾ ਪਾਣੀ ਅਤੇ ਘਾਹ ਨਹੀਂ ਲੱਭ ਸਕਿਆ। (1 ਰਾਜਿਆਂ 17:7; 18:5) ਲੇਕਿਨ, ਇਹੀ ਬਿਰਤਾਂਤ ਰਿਪੋਰਟ ਕਰਦਾ ਹੈ ਕਿ ਨਬੀ ਏਲੀਯਾਹ ਨੇ ਕਰਮਲ ਪਰਬਤ ਉੱਤੇ 1,000 ਵਰਗ ਮੀਟਰ ਦੇ ਖੇਤਰ ਨੂੰ ਘੇਰਦੀ ਖਾਈ ਨੂੰ ਭਰਨ ਵਾਸਤੇ ਚੋਖਾ ਪਾਣੀ ਮੰਗਵਾਇਆ ਸੀ (ਜੋ ਇਕ ਬਲੀਦਾਨ ਸੰਬੰਧੀ ਵਰਤੋਂ ਲਈ ਸੀ)। (1 ਰਾਜਿਆਂ 18:33-35) ਸੋਕੇ ਦੇ ਦੌਰਾਨ, ਇਹ ਸਾਰਾ ਪਾਣੀ ਕਿੱਥੋਂ ਆਇਆ? 1 ਰਾਜਿਆਂ ਦੇ ਲਿਖਾਰੀ ਨੇ ਇਸ ਗੱਲ ਨੂੰ ਸਮਝਾਉਣ ਦੀ ਖੇਚਲ ਨਹੀਂ ਕੀਤੀ। ਫਿਰ ਵੀ, ਇਸਰਾਏਲ ਦਾ ਕੋਈ ਵੀ ਵਾਸੀ ਜਾਣਦਾ ਸੀ ਕਿ ਕਰਮਲ ਭੂਮੱਧ ਸਾਗਰ ਦੇ ਕਿਨਾਰੇ ਤੇ ਸੀ, ਜਿਵੇਂ ਕਿ ਮਗਰੋਂ ਬਿਰਤਾਂਤ ਵਿਚ ਇਕ ਸਰਸਰੀ ਟਿੱਪਣੀ ਸੰਕੇਤ ਕਰਦੀ ਹੈ। (1 ਰਾਜਿਆਂ 18:43) ਇਸ ਤਰ੍ਹਾਂ ਸਮੁੰਦਰੀ ਪਾਣੀ ਸੌਖਿਆਂ ਹੀ ਉਪਲਬਧ ਹੁੰਦਾ। ਜੇਕਰ ਇਹ ਪੁਸਤਕ ਜੋ ਹੋਰ ਗੱਲਾਂ ਵਿਚ ਕਾਫ਼ੀ ਵਿਸਤ੍ਰਿਤ ਹੈ, ਕੇਵਲ ਹਕੀਕਤ ਦਾ ਢੌਂਗ ਕਰ ਰਹੀ ਇਕ ਝੂਠਾ ਕਿੱਸਾ ਹੀ ਸੀ, ਤਾਂ ਇਸ ਦਾ ਲਿਖਾਰੀ, ਜੋ ਇਸ ਮਾਮਲੇ ਵਿਚ ਇਕ ਚਤੁਰ ਜਾਅਲਸਾਜ਼ ਹੁੰਦਾ, ਉਸ ਪਾਠ ਵਿਚ ਇਕ ਅਜਿਹੀ ਸਪੱਸ਼ਟ ਅਸੰਗਤੀ ਨੂੰ ਕਿਉਂ ਰਹਿਣ ਦਿੰਦਾ?
ਤਾਂ ਫਿਰ ਕੀ ਬਾਈਬਲ ਉੱਤੇ ਭਰੋਸਾ ਰੱਖਿਆ ਜਾ ਸਕਦਾ ਹੈ? ਪੁਰਾਤੱਤਵ-ਵਿਗਿਆਨੀਆਂ ਨੇ ਇਹ ਪੁਸ਼ਟੀ ਕਰਨ ਲਈ ਚੋਖੀਆਂ ਵਸਤੂਆਂ ਲੱਭੀਆਂ ਹਨ ਕਿ ਬਾਈਬਲ ਅਸਲੀ ਲੋਕਾਂ, ਅਸਲੀ ਥਾਵਾਂ, ਅਤੇ ਅਸਲੀ ਘਟਨਾਵਾਂ ਦਾ ਜ਼ਿਕਰ ਕਰਦੀ ਹੈ। ਪਰੰਤੂ, ਇਸ ਨਾਲੋਂ ਵੀ ਹੋਰ ਜ਼ੋਰਦਾਰ ਉਹ ਸਬੂਤ ਹੈ ਜੋ ਖ਼ੁਦ ਬਾਈਬਲ ਵਿਚ ਪਾਇਆ ਜਾਂਦਾ ਹੈ। ਨਿਝੱਕ ਲਿਖਾਰੀਆਂ ਨੇ ਵਾਸਤਵਿਕ ਤੱਥਾਂ ਨੂੰ ਦਰਜ ਕਰਨ ਵਿਚ ਕਿਸੇ ਨੂੰ ਵੀ ਨਹੀਂ ਬਖ਼ਸ਼ਿਆ—ਆਪਣੇ ਆਪ ਨੂੰ ਵੀ ਨਹੀਂ। ਲਿਖਤਾਂ ਦੀ ਅੰਦਰੂਨੀ ਇਕਸਾਰਤਾ ਦੇ ਕਾਰਨ, ਜਿਸ ਵਿਚ ਬਿਨਾਂ ਕਿਸੇ ਸਾਜ਼ਸ਼ ਦੇ ਅਨੁਰੂਪਤਾਵਾਂ ਸ਼ਾਮਲ ਹਨ, “ਬਿਆਨ” ਵਿਚ ਸੱਚਾਈ ਦੀ ਛਣਕ ਸੁਣਾਈ ਦਿੰਦੀ ਹੈ। “ਪ੍ਰਮਾਣਕਤਾ ਦੇ” ਅਜਿਹੇ “ਯਕੀਨੀ ਸੰਕੇਤ” ਦੇ ਕਾਰਨ, ਵਾਕਈ ਹੀ ਬਾਈਬਲ ਉਹ ਪੁਸਤਕ ਹੈ, ਜਿਸ ਉੱਤੇ ਤੁਸੀਂ ਭਰੋਸਾ ਰੱਖ ਸਕਦੇ ਹੋ।
[ਫੁਟਨੋਟ]
a ਉਸ ਲੱਭਤ ਤੋਂ ਬਾਅਦ, ਪ੍ਰੋਫ਼ੈਸਰ ਆਂਡ੍ਰੇ ਲਮੈਰ ਨੇ ਰਿਪੋਰਟ ਕੀਤਾ ਕਿ 1868 ਵਿਚ ਲੱਭੀ ਗਈ ਮੇਸ਼ਾ ਸਿਲ (ਜੋ ਮੋਆਬਾਈਟ ਸਟੋਨ ਵੀ ਸਦਾਉਂਦੀ ਹੈ), ਉੱਤੇ ਇਕ ਟੁੱਟੇ-ਭੱਜੇ ਵਾਕ ਦੀ ਨਵੀਂ ਪੁਨਰ-ਰਚਨਾ ਪ੍ਰਗਟ ਕਰਦੀ ਹੈ ਕਿ ਇਸ ਵਿਚ ਵੀ “ਦਾਊਦ ਦੇ ਘਰਾਣੇ” ਦਾ ਜ਼ਿਕਰ ਕੀਤਾ ਗਿਆ ਹੈ।4
b “ਪਤਰਸ” ਦਾ ਨਾਂ ਸਾਮੀ ਭਾਸ਼ਾ ਵਿਚ “ਕੇਫ਼ਾਸ” ਹੈ।—ਯੂਹੰਨਾ 1:42.
[ਸਫ਼ਾ 15 ਉੱਤੇ ਤਸਵੀਰ]
ਟੇਲ ਡੈਨ ਦਾ ਟੁਕੜਾ
[ਸਫ਼ੇ 16, 17 ਉੱਤੇ ਤਸਵੀਰ]
2 ਰਾਜਿਆਂ 18:13, 14 ਵਿਚ ਜ਼ਿਕਰ ਕੀਤੀ ਗਈ ਲਾਕੀਸ਼ ਦੀ ਘੇਰਾਬੰਦੀ ਨੂੰ ਚਿੱਤ੍ਰਿਤ ਕਰਦੀ ਅੱਸ਼ੂਰੀ ਕੰਧ ਦੀ ਉੱਕਰਾਈ