ਪਹਿਲਾ ਰਾਜਿਆਂ
18 ਕੁਝ ਸਮੇਂ ਬਾਅਦ, ਤੀਜੇ ਸਾਲ+ ਯਹੋਵਾਹ ਦਾ ਇਹ ਬਚਨ ਏਲੀਯਾਹ ਨੂੰ ਆਇਆ: “ਜਾਹ, ਅਹਾਬ ਸਾਮ੍ਹਣੇ ਹਾਜ਼ਰ ਹੋ ਅਤੇ ਮੈਂ ਜ਼ਮੀਨ ʼਤੇ ਮੀਂਹ ਵਰ੍ਹਾਵਾਂਗਾ।”+ 2 ਇਸ ਲਈ ਏਲੀਯਾਹ ਅਹਾਬ ਸਾਮ੍ਹਣੇ ਹਾਜ਼ਰ ਹੋਣ ਲਈ ਚਲਾ ਗਿਆ। ਉਸ ਸਮੇਂ ਸਾਮਰਿਯਾ ਵਿਚ ਭਿਆਨਕ ਕਾਲ਼ ਪਿਆ ਹੋਇਆ ਸੀ।+
3 ਇਸ ਦੌਰਾਨ ਅਹਾਬ ਨੇ ਆਪਣੇ ਘਰਾਣੇ ʼਤੇ ਨਿਯੁਕਤ ਅਧਿਕਾਰੀ ਓਬਦਯਾਹ ਨੂੰ ਬੁਲਾਇਆ। (ਓਬਦਯਾਹ ਯਹੋਵਾਹ ਦਾ ਬਹੁਤ ਡਰ ਮੰਨਦਾ ਸੀ, 4 ਅਤੇ ਜਦੋਂ ਈਜ਼ਬਲ+ ਯਹੋਵਾਹ ਦੇ ਨਬੀਆਂ ਨੂੰ ਜਾਨੋਂ ਮਾਰ ਰਹੀ ਸੀ, ਤਾਂ ਓਬਦਯਾਹ ਨੇ 100 ਨਬੀਆਂ ਨੂੰ ਲਿਆ ਅਤੇ ਉਨ੍ਹਾਂ ਨੂੰ 50-50 ਕਰ ਕੇ ਗੁਫਾ ਵਿਚ ਲੁਕਾ ਦਿੱਤਾ ਅਤੇ ਉਹ ਉਨ੍ਹਾਂ ਨੂੰ ਰੋਟੀ-ਪਾਣੀ ਪਹੁੰਚਾਉਂਦਾ ਰਿਹਾ।) 5 ਫਿਰ ਅਹਾਬ ਨੇ ਓਬਦਯਾਹ ਨੂੰ ਕਿਹਾ: “ਦੇਸ਼ ਵਿਚ ਪਾਣੀ ਦੇ ਸਾਰੇ ਸੋਮਿਆਂ ਅਤੇ ਸਾਰੀਆਂ ਘਾਟੀਆਂ* ਕੋਲ ਜਾਹ। ਸ਼ਾਇਦ ਸਾਨੂੰ ਆਪਣੇ ਘੋੜਿਆਂ ਅਤੇ ਖੱਚਰਾਂ ਨੂੰ ਜੀਉਂਦੇ ਰੱਖਣ ਜੋਗਾ ਘਾਹ ਮਿਲ ਜਾਵੇ ਅਤੇ ਸਾਡੇ ਸਾਰੇ ਜਾਨਵਰ ਨਾ ਮਰਨ।” 6 ਇਸ ਲਈ ਉਨ੍ਹਾਂ ਨੇ ਸਾਰੇ ਦੇਸ਼ ਨੂੰ ਆਪਸ ਵਿਚ ਵੰਡ ਕੇ ਫ਼ੈਸਲਾ ਕਰ ਲਿਆ ਕਿ ਉਹ ਕਿੱਥੇ-ਕਿੱਥੇ ਜਾਣਗੇ। ਅਹਾਬ ਇਕੱਲਾ ਇਕ ਪਾਸੇ ਚਲਾ ਗਿਆ ਅਤੇ ਓਬਦਯਾਹ ਇਕੱਲਾ ਦੂਜੇ ਪਾਸੇ ਚਲਾ ਗਿਆ।
7 ਜਦੋਂ ਓਬਦਯਾਹ ਆਪਣੇ ਰਾਹ ਜਾ ਰਿਹਾ ਸੀ, ਤਾਂ ਏਲੀਯਾਹ ਉਸ ਨੂੰ ਉੱਥੇ ਮਿਲਣ ਆਇਆ। ਉਸ ਨੇ ਤੁਰੰਤ ਉਸ ਨੂੰ ਪਛਾਣ ਲਿਆ ਅਤੇ ਉਸ ਨੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਇਆ ਤੇ ਕਿਹਾ: “ਹੇ ਮੇਰੇ ਪ੍ਰਭੂ ਏਲੀਯਾਹ, ਕੀ ਤੂੰ ਹੀ ਹੈਂ?”+ 8 ਉਸ ਨੇ ਉਸ ਨੂੰ ਜਵਾਬ ਦਿੱਤਾ: “ਹਾਂ ਮੈਂ ਹੀ ਹਾਂ। ਜਾਹ ਅਤੇ ਆਪਣੇ ਪ੍ਰਭੂ ਨੂੰ ਕਹਿ: ‘ਏਲੀਯਾਹ ਆਇਆ ਹੈ।’” 9 ਪਰ ਉਸ ਨੇ ਕਿਹਾ: “ਮੈਂ ਕੀ ਪਾਪ ਕੀਤਾ ਹੈ ਕਿ ਤੂੰ ਆਪਣੇ ਦਾਸ ਨੂੰ ਅਹਾਬ ਦੇ ਹੱਥ ਦੇ ਰਿਹਾ ਹੈਂ ਤਾਂਕਿ ਉਹ ਮੈਨੂੰ ਜਾਨੋਂ ਮਾਰ ਦੇਵੇ? 10 ਤੇਰੇ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਇੱਦਾਂ ਦੀ ਕੋਈ ਕੌਮ ਜਾਂ ਰਾਜ ਨਹੀਂ ਜਿੱਥੇ ਮੇਰੇ ਪ੍ਰਭੂ ਨੇ ਤੈਨੂੰ ਲੱਭਣ ਲਈ ਬੰਦੇ ਨਾ ਭੇਜੇ ਹੋਣ। ਜਦੋਂ ਉਹ ਕਹਿੰਦੇ ਸਨ, ‘ਉਹ ਇੱਥੇ ਨਹੀਂ ਹੈ,’ ਤਾਂ ਉਹ ਉਸ ਰਾਜ ਅਤੇ ਕੌਮ ਨੂੰ ਕਹਿੰਦਾ ਸੀ ਕਿ ਉਹ ਸਹੁੰ ਖਾ ਕੇ ਕਹਿਣ ਕਿ ਉਹ ਉਨ੍ਹਾਂ ਨੂੰ ਨਹੀਂ ਲੱਭਾ।+ 11 ਹੁਣ ਤੂੰ ਕਹਿ ਰਿਹਾ ਹੈਂ ਕਿ ‘ਜਾਹ ਅਤੇ ਆਪਣੇ ਪ੍ਰਭੂ ਨੂੰ ਕਹਿ: “ਏਲੀਯਾਹ ਆਇਆ ਹੈ।”’ 12 ਜਦੋਂ ਮੈਂ ਤੇਰੇ ਕੋਲੋਂ ਚਲਾ ਜਾਵਾਂਗਾ, ਤਾਂ ਯਹੋਵਾਹ ਦੀ ਪਵਿੱਤਰ ਸ਼ਕਤੀ ਤੈਨੂੰ ਕਿਸੇ ਅਜਿਹੀ ਜਗ੍ਹਾ ਲੈ ਜਾਵੇਗੀ+ ਜਿਸ ਬਾਰੇ ਮੈਂ ਨਹੀਂ ਜਾਣਦਾ ਅਤੇ ਜਦੋਂ ਮੈਂ ਅਹਾਬ ਨੂੰ ਦੱਸਾਂਗਾ ਅਤੇ ਉਹ ਤੈਨੂੰ ਨਾ ਲੱਭ ਪਾਇਆ, ਤਾਂ ਉਹ ਪੱਕਾ ਮੈਨੂੰ ਜਾਨੋਂ ਮਾਰ ਦੇਵੇਗਾ। ਪਰ ਤੇਰਾ ਦਾਸ ਛੋਟੇ ਹੁੰਦਿਆਂ ਤੋਂ ਯਹੋਵਾਹ ਦਾ ਡਰ ਮੰਨਦਾ ਆਇਆ ਹੈ। 13 ਕੀ ਮੇਰੇ ਪ੍ਰਭੂ ਨੂੰ ਕਿਸੇ ਨੇ ਦੱਸਿਆ ਨਹੀਂ ਕਿ ਮੈਂ ਕੀ ਕੀਤਾ ਸੀ ਜਦੋਂ ਈਜ਼ਬਲ ਯਹੋਵਾਹ ਦੇ ਨਬੀਆਂ ਨੂੰ ਜਾਨੋਂ ਮਾਰ ਰਹੀ ਸੀ, ਮੈਂ ਕਿਵੇਂ ਯਹੋਵਾਹ ਦੇ 100 ਨਬੀਆਂ ਨੂੰ 50-50 ਕਰ ਕੇ ਇਕ ਗੁਫਾ ਵਿਚ ਲੁਕਾ ਦਿੱਤਾ ਸੀ ਅਤੇ ਉਨ੍ਹਾਂ ਨੂੰ ਰੋਟੀ-ਪਾਣੀ ਮੁਹੱਈਆ ਕਰਾਉਂਦਾ ਰਿਹਾ ਸੀ?+ 14 ਪਰ ਹੁਣ ਤੂੰ ਕਹਿ ਰਿਹਾ ਹੈਂ, ‘ਜਾਹ ਅਤੇ ਆਪਣੇ ਪ੍ਰਭੂ ਨੂੰ ਕਹਿ: “ਏਲੀਯਾਹ ਆਇਆ ਹੈ।”’ ਉਸ ਨੇ ਮੈਨੂੰ ਪੱਕਾ ਹੀ ਮਾਰ ਦੇਣਾ।” 15 ਪਰ ਏਲੀਯਾਹ ਨੇ ਕਿਹਾ: “ਸੈਨਾਵਾਂ ਦੇ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਜਿਸ ਦੀ ਮੈਂ ਭਗਤੀ ਕਰਦਾ ਹਾਂ,* ਮੈਂ ਅੱਜ ਉਸ ਦੇ ਸਾਮ੍ਹਣੇ ਹਾਜ਼ਰ ਹੋਵਾਂਗਾ।”
16 ਇਸ ਲਈ ਓਬਦਯਾਹ ਅਹਾਬ ਨੂੰ ਮਿਲਣ ਗਿਆ ਅਤੇ ਉਸ ਨੂੰ ਦੱਸਿਆ ਤੇ ਅਹਾਬ ਏਲੀਯਾਹ ਨੂੰ ਮਿਲਣ ਗਿਆ।
17 ਏਲੀਯਾਹ ਨੂੰ ਦੇਖਦਿਆਂ ਸਾਰ ਅਹਾਬ ਨੇ ਉਸ ਨੂੰ ਕਿਹਾ: “ਆ ਗਿਆ ਤੂੰ, ਇਜ਼ਰਾਈਲ ʼਤੇ ਡਾਢੀ ਬਿਪਤਾ* ਲਿਆਉਣ ਵਾਲਿਆ?”
18 ਇਹ ਸੁਣ ਕੇ ਉਸ ਨੇ ਕਿਹਾ: “ਇਜ਼ਰਾਈਲ ʼਤੇ ਡਾਢੀ ਬਿਪਤਾ ਲਿਆਉਣ ਵਾਲਾ ਮੈਂ ਨਹੀਂ, ਸਗੋਂ ਤੂੰ ਤੇ ਤੇਰੇ ਪਿਤਾ ਦਾ ਘਰਾਣਾ ਹੈ, ਤੁਸੀਂ ਯਹੋਵਾਹ ਦੇ ਹੁਕਮਾਂ ਨੂੰ ਮੰਨਣਾ ਛੱਡ ਦਿੱਤਾ ਅਤੇ ਬਆਲ ਦੇਵਤਿਆਂ ਦੇ ਮਗਰ ਲੱਗ ਗਏ।+ 19 ਹੁਣ ਤੂੰ ਸਾਰੇ ਇਜ਼ਰਾਈਲ ਨੂੰ ਕਰਮਲ ਪਹਾੜ+ ʼਤੇ ਮੇਰੇ ਕੋਲ ਸੱਦ, ਨਾਲੇ ਬਆਲ ਦੇ 450 ਨਬੀਆਂ ਅਤੇ ਪੂਜਾ-ਖੰਭੇ*+ ਦੇ 400 ਨਬੀਆਂ ਨੂੰ ਵੀ ਸੱਦ ਜਿਹੜੇ ਈਜ਼ਬਲ ਦੇ ਮੇਜ਼ ਤੋਂ ਖਾਂਦੇ ਹਨ।” 20 ਇਸ ਲਈ ਅਹਾਬ ਨੇ ਸਾਰੇ ਇਜ਼ਰਾਈਲੀ ਲੋਕਾਂ ਨੂੰ ਸੰਦੇਸ਼ ਭੇਜਿਆ ਅਤੇ ਸਾਰੇ ਨਬੀਆਂ ਨੂੰ ਕਰਮਲ ਪਹਾੜ ʼਤੇ ਇਕੱਠਾ ਕੀਤਾ।
21 ਫਿਰ ਏਲੀਯਾਹ ਸਾਰੇ ਲੋਕਾਂ ਕੋਲ ਆਇਆ ਅਤੇ ਉਨ੍ਹਾਂ ਨੂੰ ਕਿਹਾ: “ਤੁਸੀਂ ਕਦ ਤਕ ਦੋ ਖ਼ਿਆਲਾਂ* ʼਤੇ ਲੰਗੜਾ ਕੇ ਚੱਲੋਗੇ?+ ਜੇ ਯਹੋਵਾਹ ਸੱਚਾ ਪਰਮੇਸ਼ੁਰ ਹੈ, ਤਾਂ ਉਹ ਦੇ ਮਗਰ ਲੱਗੋ;+ ਪਰ ਜੇ ਬਆਲ ਹੈ, ਤਾਂ ਉਹ ਦੇ ਮਗਰ ਲੱਗੋ!” ਪਰ ਲੋਕਾਂ ਨੇ ਜਵਾਬ ਵਿਚ ਉਸ ਨੂੰ ਇਕ ਵੀ ਸ਼ਬਦ ਨਾ ਕਿਹਾ। 22 ਫਿਰ ਏਲੀਯਾਹ ਨੇ ਲੋਕਾਂ ਨੂੰ ਕਿਹਾ: “ਯਹੋਵਾਹ ਦੇ ਨਬੀਆਂ ਵਿੱਚੋਂ ਬੱਸ ਮੈਂ ਹੀ ਇਕੱਲਾ ਰਹਿ ਗਿਆ ਹਾਂ,+ ਜਦ ਕਿ ਬਆਲ ਦੇ 450 ਨਬੀ ਹਨ। 23 ਉਹ ਸਾਨੂੰ ਦੋ ਜਵਾਨ ਬਲਦ ਦੇਣ ਅਤੇ ਉਹ ਇਕ ਜਵਾਨ ਬਲਦ ਚੁਣ ਲੈਣ ਅਤੇ ਉਸ ਦੇ ਟੋਟੇ-ਟੋਟੇ ਕਰ ਕੇ ਉਸ ਨੂੰ ਲੱਕੜਾਂ ʼਤੇ ਰੱਖਣ, ਪਰ ਅੱਗ ਨਾ ਲਾਉਣ। ਮੈਂ ਦੂਜਾ ਜਵਾਨ ਬਲਦ ਲੈ ਕੇ ਉਸ ਨੂੰ ਤਿਆਰ ਕਰਾਂਗਾ ਅਤੇ ਉਸ ਨੂੰ ਲੱਕੜਾਂ ʼਤੇ ਰੱਖਾਂਗਾ, ਪਰ ਉਸ ਨੂੰ ਅੱਗ ਨਹੀਂ ਲਾਵਾਂਗਾ। 24 ਫਿਰ ਤੁਸੀਂ ਆਪਣੇ ਦੇਵਤੇ ਦਾ ਨਾਂ ਲੈ ਕੇ ਪੁਕਾਰਿਓ+ ਅਤੇ ਮੈਂ ਯਹੋਵਾਹ ਦਾ ਨਾਂ ਲੈ ਕੇ ਪੁਕਾਰਾਂਗਾ। ਜਿਹੜਾ ਪਰਮੇਸ਼ੁਰ ਜਵਾਬ ਵਿਚ ਅੱਗ ਭੇਜੇਗਾ, ਉਸ ਤੋਂ ਸਾਬਤ ਹੋਵੇਗਾ ਕਿ ਉਹੀ ਸੱਚਾ ਪਰਮੇਸ਼ੁਰ ਹੈ।”+ ਇਹ ਸੁਣ ਕੇ ਸਾਰੇ ਲੋਕਾਂ ਨੇ ਜਵਾਬ ਦਿੱਤਾ: “ਹਾਂ, ਜੋ ਤੂੰ ਕਿਹਾ, ਸਹੀ ਕਿਹਾ।”
25 ਫਿਰ ਏਲੀਯਾਹ ਨੇ ਬਆਲ ਦੇ ਨਬੀਆਂ ਨੂੰ ਕਿਹਾ: “ਤੁਸੀਂ ਗਿਣਤੀ ਵਿਚ ਬਹੁਤੇ ਹੋ, ਇਸ ਲਈ ਪਹਿਲਾਂ ਤੁਸੀਂ ਇਕ ਜਵਾਨ ਬਲਦ ਚੁਣ ਕੇ ਇਸ ਨੂੰ ਤਿਆਰ ਕਰੋ। ਫਿਰ ਆਪਣੇ ਦੇਵਤੇ ਦਾ ਨਾਂ ਲੈ ਕੇ ਪੁਕਾਰਿਓ, ਪਰ ਬਲ਼ੀ ਨੂੰ ਅੱਗ ਨਾ ਲਾਇਓ।” 26 ਇਸ ਲਈ ਉਨ੍ਹਾਂ ਨੇ ਉਹ ਬਲਦ ਲੈ ਕੇ ਤਿਆਰ ਕੀਤਾ ਜੋ ਉਨ੍ਹਾਂ ਨੂੰ ਦਿੱਤਾ ਗਿਆ ਸੀ ਅਤੇ ਉਹ ਸਵੇਰ ਤੋਂ ਲੈ ਕੇ ਸ਼ਾਮ ਤਕ ਬਆਲ ਦਾ ਨਾਂ ਲੈ ਕੇ ਪੁਕਾਰਦੇ ਰਹੇ: “ਹੇ ਬਆਲ, ਸਾਨੂੰ ਜਵਾਬ ਦੇ!” ਪਰ ਕੋਈ ਆਵਾਜ਼ ਨਾ ਆਈ ਅਤੇ ਨਾ ਕੋਈ ਜਵਾਬ ਦੇਣ ਵਾਲਾ ਸੀ।+ ਉਹ ਉਸ ਵੇਦੀ ਦੇ ਆਲੇ-ਦੁਆਲੇ ਨੱਚਦੇ-ਟੱਪਦੇ ਰਹੇ ਜੋ ਉਨ੍ਹਾਂ ਨੇ ਬਣਾਈ ਸੀ। 27 ਦੁਪਹਿਰ ਕੁ ਵੇਲੇ ਏਲੀਯਾਹ ਉਨ੍ਹਾਂ ਦਾ ਮਜ਼ਾਕ ਉਡਾਉਂਦਿਆਂ ਕਹਿਣ ਲੱਗਾ: “ਸੰਘ ਪਾੜ-ਪਾੜ ਕੇ ਪੁਕਾਰੋ! ਆਖ਼ਰਕਾਰ, ਉਹ ਵੀ ਤਾਂ ਇਕ ਦੇਵਤਾ ਹੀ ਹੈ!+ ਹੋ ਸਕਦਾ ਹੈ ਕਿ ਉਹ ਖ਼ਿਆਲਾਂ ਵਿਚ ਡੁੱਬਿਆ ਹੋਵੇ ਜਾਂ ਹਲਕਾ ਹੋਣ ਗਿਆ ਹੋਵੇ।* ਜਾਂ ਹੋ ਸਕਦਾ ਹੈ ਕਿ ਉਹ ਸੁੱਤਾ ਹੋਵੇ ਤੇ ਉਸ ਨੂੰ ਜਗਾਉਣ ਦੀ ਲੋੜ ਹੋਵੇ!” 28 ਉਹ ਉੱਚੀ-ਉੱਚੀ ਪੁਕਾਰ ਰਹੇ ਸਨ ਅਤੇ ਆਪਣੀ ਰੀਤ ਅਨੁਸਾਰ ਉਹ ਛੁਰਿਆਂ ਤੇ ਨੇਜ਼ਿਆਂ ਨਾਲ ਆਪਣੇ ਆਪ ਨੂੰ ਉਦੋਂ ਤਕ ਕੱਟਦੇ-ਵੱਢਦੇ ਰਹੇ ਜਦ ਤਕ ਉਨ੍ਹਾਂ ਨੇ ਆਪਣੇ ਆਪ ਨੂੰ ਲਹੂ-ਲੁਹਾਨ ਨਾ ਕਰ ਲਿਆ। 29 ਦੁਪਹਿਰ ਲੰਘ ਗਈ ਅਤੇ ਉਹ ਸ਼ਾਮ ਨੂੰ ਅਨਾਜ ਦਾ ਚੜ੍ਹਾਵਾ ਚੜ੍ਹਾਉਣ ਦੇ ਸਮੇਂ ਤਕ ਪਾਗਲਾਂ ਵਾਂਗ ਕਰਦੇ ਰਹੇ,* ਪਰ ਕੋਈ ਆਵਾਜ਼ ਨਾ ਆਈ ਅਤੇ ਨਾ ਕੋਈ ਜਵਾਬ ਦੇਣ ਵਾਲਾ ਸੀ; ਧਿਆਨ ਦੇਣ ਵਾਲਾ ਕੋਈ ਨਹੀਂ ਸੀ।+
30 ਅਖ਼ੀਰ ਏਲੀਯਾਹ ਨੇ ਸਾਰੇ ਲੋਕਾਂ ਨੂੰ ਕਿਹਾ: “ਮੇਰੇ ਕੋਲ ਆਓ।” ਇਸ ਲਈ ਸਾਰੇ ਲੋਕ ਉਸ ਕੋਲ ਗਏ। ਫਿਰ ਉਸ ਨੇ ਯਹੋਵਾਹ ਦੀ ਢਾਹੀ ਹੋਈ ਵੇਦੀ ਨੂੰ ਸੁਆਰਿਆ।+ 31 ਇਸ ਤੋਂ ਬਾਅਦ ਏਲੀਯਾਹ ਨੇ 12 ਪੱਥਰ ਲਏ। ਇਹ ਗਿਣਤੀ ਯਾਕੂਬ ਦੇ 12 ਪੁੱਤਰਾਂ ਦੇ ਗੋਤਾਂ ਅਨੁਸਾਰ ਸੀ ਜਿਸ ਨੂੰ ਯਹੋਵਾਹ ਨੇ ਕਿਹਾ ਸੀ: “ਤੇਰਾ ਨਾਂ ਇਜ਼ਰਾਈਲ ਹੋਵੇਗਾ।”+ 32 ਉਸ ਨੇ ਉਨ੍ਹਾਂ ਪੱਥਰਾਂ ਨਾਲ ਯਹੋਵਾਹ ਦੇ ਨਾਂ ʼਤੇ ਇਕ ਵੇਦੀ ਬਣਾਈ।+ ਫਿਰ ਉਸ ਨੇ ਵੇਦੀ ਦੇ ਸਾਰੇ ਪਾਸੇ ਇਕ ਖਾਈ ਪੁੱਟੀ। ਇਹ ਇੰਨੀ ਜ਼ਿਆਦਾ ਜਗ੍ਹਾ ਸੀ ਕਿ ਇਸ ʼਤੇ ਦੋ ਸੇਆਹ* ਬੀ ਬੀਜੇ ਜਾ ਸਕਦੇ ਸਨ। 33 ਉਸ ਤੋਂ ਬਾਅਦ ਉਸ ਨੇ ਲੱਕੜਾਂ ਚਿਣੀਆਂ, ਜਵਾਨ ਬਲਦ ਦੇ ਟੋਟੇ-ਟੋਟੇ ਕੀਤੇ ਅਤੇ ਇਨ੍ਹਾਂ ਨੂੰ ਲੱਕੜਾਂ ʼਤੇ ਰੱਖਿਆ।+ ਫਿਰ ਉਸ ਨੇ ਕਿਹਾ: “ਚਾਰ ਘੜੇ ਪਾਣੀ ਨਾਲ ਭਰੋ ਅਤੇ ਇਨ੍ਹਾਂ ਨੂੰ ਹੋਮ-ਬਲ਼ੀ ਅਤੇ ਲੱਕੜਾਂ ʼਤੇ ਡੋਲ੍ਹ ਦਿਓ।” 34 ਫਿਰ ਉਸ ਨੇ ਕਿਹਾ: “ਇਕ ਵਾਰ ਫਿਰ ਕਰੋ।” ਉਨ੍ਹਾਂ ਨੇ ਦੁਬਾਰਾ ਇਸੇ ਤਰ੍ਹਾਂ ਕੀਤਾ। ਇਕ ਵਾਰ ਫਿਰ ਉਸ ਨੇ ਕਿਹਾ: “ਤੀਜੀ ਵਾਰ ਕਰੋ।” ਇਸ ਲਈ ਉਨ੍ਹਾਂ ਨੇ ਤੀਜੀ ਵਾਰ ਇਸੇ ਤਰ੍ਹਾਂ ਕੀਤਾ। 35 ਵੇਦੀ ਦੇ ਆਲੇ-ਦੁਆਲੇ ਪਾਣੀ ਹੀ ਪਾਣੀ ਹੋ ਗਿਆ ਅਤੇ ਉਸ ਨੇ ਖਾਈ ਨੂੰ ਵੀ ਪਾਣੀ ਨਾਲ ਭਰ ਦਿੱਤਾ।
36 ਜਦੋਂ ਅਨਾਜ ਦਾ ਚੜ੍ਹਾਵਾ ਚੜ੍ਹਾਉਣ ਦਾ ਸਮਾਂ ਹੋਇਆ,+ ਤਾਂ ਏਲੀਯਾਹ ਨਬੀ ਅੱਗੇ ਆਇਆ ਅਤੇ ਕਹਿਣ ਲੱਗਾ: “ਹੇ ਯਹੋਵਾਹ, ਅਬਰਾਹਾਮ, ਇਸਹਾਕ ਅਤੇ ਇਜ਼ਰਾਈਲ ਦੇ ਪਰਮੇਸ਼ੁਰ,+ ਅੱਜ ਇਹ ਜ਼ਾਹਰ ਹੋ ਜਾਵੇ ਕਿ ਇਜ਼ਰਾਈਲ ਵਿਚ ਤੂੰ ਹੀ ਪਰਮੇਸ਼ੁਰ ਹੈਂ ਅਤੇ ਮੈਂ ਤੇਰਾ ਸੇਵਕ ਹਾਂ ਅਤੇ ਇਹ ਸਭ ਕੁਝ ਮੈਂ ਤੇਰੇ ਹੀ ਕਹੇ ਮੁਤਾਬਕ ਕੀਤਾ ਹੈ।+ 37 ਹੇ ਯਹੋਵਾਹ, ਮੈਨੂੰ ਜਵਾਬ ਦੇ। ਮੈਨੂੰ ਜਵਾਬ ਦੇ ਤਾਂਕਿ ਇਹ ਲੋਕ ਜਾਣ ਲੈਣ ਕਿ ਤੂੰ ਯਹੋਵਾਹ, ਤੂੰ ਹੀ ਸੱਚਾ ਪਰਮੇਸ਼ੁਰ ਹੈਂ ਅਤੇ ਤੂੰ ਹੀ ਉਨ੍ਹਾਂ ਦੇ ਦਿਲਾਂ ਨੂੰ ਆਪਣੇ ਵੱਲ ਮੋੜ ਰਿਹਾ ਹੈਂ।”+
38 ਉਸੇ ਵੇਲੇ ਯਹੋਵਾਹ ਨੇ ਉੱਪਰੋਂ ਅੱਗ ਵਰ੍ਹਾਈ ਜੋ ਹੋਮ-ਬਲ਼ੀ, ਲੱਕੜਾਂ, ਪੱਥਰਾਂ ਅਤੇ ਧੂੜ ਨੂੰ ਭਸਮ ਕਰ ਗਈ+ ਅਤੇ ਖਾਈ ਵਿਚਲੇ ਪਾਣੀ ਨੂੰ ਚੱਟ ਗਈ।+ 39 ਜਦੋਂ ਲੋਕਾਂ ਨੇ ਇਹ ਦੇਖਿਆ, ਤਾਂ ਉਹ ਇਕਦਮ ਜ਼ਮੀਨ ʼਤੇ ਮੂੰਹ ਭਾਰ ਲੰਮੇ ਪੈ ਕੇ ਕਹਿਣ ਲੱਗੇ: “ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ! ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ!” 40 ਫਿਰ ਏਲੀਯਾਹ ਨੇ ਉਨ੍ਹਾਂ ਨੂੰ ਕਿਹਾ: “ਬਆਲ ਦੇ ਨਬੀਆਂ ਨੂੰ ਫੜ ਲਓ! ਇਕ ਵੀ ਬਚ ਕੇ ਨਾ ਜਾ ਸਕੇ!” ਉਨ੍ਹਾਂ ਨੇ ਉਸੇ ਵੇਲੇ ਉਨ੍ਹਾਂ ਨੂੰ ਫੜ ਲਿਆ ਅਤੇ ਏਲੀਯਾਹ ਉਨ੍ਹਾਂ ਨੂੰ ਕੀਸ਼ੋਨ ਨਦੀ*+ ਕੋਲ ਲੈ ਗਿਆ ਅਤੇ ਉੱਥੇ ਉਨ੍ਹਾਂ ਨੂੰ ਵੱਢ ਸੁੱਟਿਆ।+
41 ਹੁਣ ਏਲੀਯਾਹ ਨੇ ਅਹਾਬ ਨੂੰ ਕਿਹਾ: “ਉੱਪਰ ਜਾਹ, ਖਾ-ਪੀ ਕਿਉਂਕਿ ਮੋਹਲੇਧਾਰ ਮੀਂਹ ਦੀ ਆਵਾਜ਼ ਸੁਣਾਈ ਦੇ ਰਹੀ ਹੈ।”+ 42 ਇਸ ਲਈ ਅਹਾਬ ਉੱਪਰ ਗਿਆ ਅਤੇ ਉਸ ਨੇ ਖਾਧਾ-ਪੀਤਾ, ਜਦ ਕਿ ਏਲੀਯਾਹ ਕਰਮਲ ਪਹਾੜ ਦੇ ਸਿਖਰ ʼਤੇ ਚਲਾ ਗਿਆ ਅਤੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਝੁਕਿਆ ਅਤੇ ਆਪਣਾ ਮੂੰਹ ਆਪਣੇ ਗੋਡਿਆਂ ਵਿਚਕਾਰ ਰੱਖਿਆ।+ 43 ਫਿਰ ਉਸ ਨੇ ਆਪਣੇ ਸੇਵਾਦਾਰ ਨੂੰ ਕਿਹਾ: “ਉੱਪਰ ਜਾਹ ਅਤੇ ਸਮੁੰਦਰ ਵੱਲ ਦੇਖ।” ਇਸ ਲਈ ਉਸ ਨੇ ਉੱਪਰ ਜਾ ਕੇ ਸਮੁੰਦਰ ਵੱਲ ਦੇਖਿਆ ਅਤੇ ਕਿਹਾ: “ਉੱਥੇ ਕੁਝ ਵੀ ਨਹੀਂ ਹੈ।” ਏਲੀਯਾਹ ਨੇ ਸੱਤ ਵਾਰ ਉਸ ਨੂੰ ਕਿਹਾ, “ਫਿਰ ਜਾਹ।” 44 ਸੱਤਵੀਂ ਵਾਰ ਉਸ ਦੇ ਸੇਵਾਦਾਰ ਨੇ ਕਿਹਾ: “ਦੇਖ! ਆਦਮੀ ਦੇ ਹੱਥ ਜਿੰਨਾ ਛੋਟਾ ਜਿਹਾ ਬੱਦਲ ਸਮੁੰਦਰ ਵਿੱਚੋਂ ਉੱਪਰ ਉੱਠ ਰਿਹਾ ਹੈ।” ਫਿਰ ਉਸ ਨੇ ਕਿਹਾ: “ਜਾ ਕੇ ਅਹਾਬ ਨੂੰ ਕਹਿ, ‘ਰਥ ਤਿਆਰ ਕਰ! ਥੱਲੇ ਜਾਹ ਤਾਂਕਿ ਤੂੰ ਮੀਂਹ ਵਿਚ ਨਾ ਫਸ ਜਾਵੇਂ!’” 45 ਇਸ ਦੌਰਾਨ ਆਕਾਸ਼ ਵਿਚ ਸੰਘਣੇ ਬੱਦਲ ਛਾ ਗਏ, ਹਨੇਰੀ ਚੱਲਣ ਲੱਗੀ ਅਤੇ ਮੋਹਲੇਧਾਰ ਮੀਂਹ ਪੈਣ ਲੱਗਾ;+ ਅਤੇ ਅਹਾਬ ਰਥ ʼਤੇ ਸਵਾਰ ਹੋ ਕੇ ਬਿਨਾਂ ਰੁਕੇ ਯਿਜ਼ਰਾਏਲ ਵੱਲ ਨੂੰ ਗਿਆ।+ 46 ਪਰ ਯਹੋਵਾਹ ਦਾ ਹੱਥ ਏਲੀਯਾਹ ʼਤੇ ਆਇਆ ਅਤੇ ਉਸ ਨੇ ਆਪਣਾ ਕੱਪੜਾ ਆਪਣੇ ਲੱਕ ਦੁਆਲੇ ਬੰਨ੍ਹਿਆ ਅਤੇ ਯਿਜ਼ਰਾਏਲ ਤਕ ਜਾਂਦੇ ਰਾਹ ʼਤੇ ਭੱਜਦਾ ਹੋਇਆ ਅਹਾਬ ਤੋਂ ਵੀ ਅੱਗੇ ਨਿਕਲ ਗਿਆ।