ਲੇਵੀਆਂ
10 ਬਾਅਦ ਵਿਚ ਹਾਰੂਨ ਦੇ ਪੁੱਤਰ ਨਾਦਾਬ ਅਤੇ ਅਬੀਹੂ+ ਨੇ ਆਪਣੇ ਕੜਛਿਆਂ ਵਿਚ ਅੱਗ ਰੱਖੀ ਅਤੇ ਉਸ ਉੱਤੇ ਧੂਪ ਪਾਇਆ।+ ਫਿਰ ਉਹ ਕਾਨੂੰਨ ਵਿਚ ਦਿੱਤੀਆਂ ਹਿਦਾਇਤਾਂ ਤੋਂ ਉਲਟ ਯਹੋਵਾਹ ਅੱਗੇ ਧੂਪ ਧੁਖਾਉਣ ਲੱਗੇ+ ਜਿਸ ਦਾ ਉਸ ਨੇ ਉਨ੍ਹਾਂ ਨੂੰ ਹੁਕਮ ਨਹੀਂ ਦਿੱਤਾ ਸੀ। 2 ਉਸ ਵੇਲੇ ਯਹੋਵਾਹ ਨੇ ਅੱਗ ਵਰ੍ਹਾ ਕੇ ਉਨ੍ਹਾਂ ਨੂੰ ਸਾੜ ਦਿੱਤਾ+ ਅਤੇ ਉਹ ਯਹੋਵਾਹ ਸਾਮ੍ਹਣੇ ਮਰ ਗਏ।+ 3 ਫਿਰ ਮੂਸਾ ਨੇ ਹਾਰੂਨ ਨੂੰ ਕਿਹਾ: “ਯਹੋਵਾਹ ਨੇ ਕਿਹਾ ਹੈ, ‘ਉਹ ਮੈਨੂੰ ਪਵਿੱਤਰ ਕਰਨ ਜੋ ਮੇਰੇ ਨਜ਼ਦੀਕ ਹਨ+ ਅਤੇ ਸਾਰੇ ਲੋਕਾਂ ਸਾਮ੍ਹਣੇ ਮੇਰੀ ਮਹਿਮਾ ਕੀਤੀ ਜਾਵੇ।’” ਅਤੇ ਹਾਰੂਨ ਚੁੱਪ ਰਿਹਾ।
4 ਇਸ ਲਈ ਮੂਸਾ ਨੇ ਹਾਰੂਨ ਦੇ ਚਾਚੇ ਉਜ਼ੀਏਲ+ ਦੇ ਪੁੱਤਰ ਮੀਸ਼ਾਏਲ ਅਤੇ ਅਲਸਾਫਾਨ ਨੂੰ ਬੁਲਾ ਕੇ ਕਿਹਾ: “ਇੱਥੇ ਆਓ ਅਤੇ ਪਵਿੱਤਰ ਸਥਾਨ ਦੇ ਸਾਮ੍ਹਣਿਓਂ ਆਪਣੇ ਭਰਾਵਾਂ ਨੂੰ ਚੁੱਕ ਕੇ ਛਾਉਣੀ ਤੋਂ ਬਾਹਰ ਕਿਸੇ ਜਗ੍ਹਾ ਲੈ ਜਾਓ।” 5 ਇਸ ਲਈ ਉਹ ਅੱਗੇ ਆਏ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਚੋਗਿਆਂ ਸਣੇ ਚੁੱਕ ਕੇ ਛਾਉਣੀ ਤੋਂ ਬਾਹਰ ਕਿਸੇ ਜਗ੍ਹਾ ਲੈ ਗਏ, ਠੀਕ ਜਿਵੇਂ ਮੂਸਾ ਨੇ ਉਨ੍ਹਾਂ ਨੂੰ ਕਿਹਾ ਸੀ।
6 ਫਿਰ ਮੂਸਾ ਨੇ ਹਾਰੂਨ ਅਤੇ ਉਸ ਦੇ ਦੂਸਰੇ ਪੁੱਤਰਾਂ ਅਲਆਜ਼ਾਰ ਤੇ ਈਥਾਮਾਰ ਨੂੰ ਕਿਹਾ: “ਤੁਹਾਡੇ ਵਾਲ਼ ਖਿਲਰੇ ਨਾ ਰਹਿਣ ਤੇ ਨਾ ਹੀ ਤੁਸੀਂ ਆਪਣੇ ਕੱਪੜੇ ਪਾੜੋ,+ ਨਹੀਂ ਤਾਂ ਤੁਸੀਂ ਮਰ ਜਾਓਗੇ ਤੇ ਪੂਰੀ ਮੰਡਲੀ ʼਤੇ ਪਰਮੇਸ਼ੁਰ ਦਾ ਗੁੱਸਾ ਭੜਕੇਗਾ। ਤੁਹਾਡੇ ਭਰਾ, ਹਾਂ, ਇਜ਼ਰਾਈਲ ਦਾ ਪੂਰਾ ਘਰਾਣਾ ਉਨ੍ਹਾਂ ਦੋਵਾਂ ਲਈ ਰੋਵੇਗਾ ਜਿਨ੍ਹਾਂ ਨੂੰ ਯਹੋਵਾਹ ਨੇ ਅੱਗ ਨਾਲ ਸਾੜ ਕੇ ਮਾਰ ਸੁੱਟਿਆ ਹੈ। 7 ਤੁਸੀਂ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਤੋਂ ਬਾਹਰ ਕਦਮ ਨਾ ਰੱਖਿਓ, ਨਹੀਂ ਤਾਂ ਤੁਸੀਂ ਮਰ ਜਾਓਗੇ ਕਿਉਂਕਿ ਯਹੋਵਾਹ ਨੇ ਪਵਿੱਤਰ ਤੇਲ ਨਾਲ ਤੁਹਾਨੂੰ ਨਿਯੁਕਤ ਕੀਤਾ ਹੈ।”+ ਉਨ੍ਹਾਂ ਨੇ ਮੂਸਾ ਦੇ ਕਹੇ ਅਨੁਸਾਰ ਕੀਤਾ।
8 ਫਿਰ ਯਹੋਵਾਹ ਨੇ ਹਾਰੂਨ ਨੂੰ ਕਿਹਾ: 9 “ਤੂੰ ਅਤੇ ਤੇਰੇ ਪੁੱਤਰ ਮੰਡਲੀ ਦੇ ਤੰਬੂ ਵਿਚ ਦਾਖਰਸ ਜਾਂ ਹੋਰ ਕੋਈ ਨਸ਼ੇ ਵਾਲੀ ਚੀਜ਼ ਪੀ ਕੇ ਨਾ ਆਉਣ+ ਤਾਂਕਿ ਤੁਹਾਨੂੰ ਮੌਤ ਦੀ ਸਜ਼ਾ ਨਾ ਮਿਲੇ। ਤੁਸੀਂ ਪੀੜ੍ਹੀਓ-ਪੀੜ੍ਹੀ ਇਸ ਨਿਯਮ ਦੀ ਪਾਲਣਾ ਕਰਨੀ ਹੈ 10 ਤਾਂਕਿ ਤੁਸੀਂ ਪਵਿੱਤਰ ਤੇ ਅਪਵਿੱਤਰ ਚੀਜ਼ ਵਿਚ ਅਤੇ ਅਸ਼ੁੱਧ ਤੇ ਸ਼ੁੱਧ ਚੀਜ਼ ਵਿਚ ਫ਼ਰਕ ਕਰ ਸਕੋ+ 11 ਅਤੇ ਤੁਸੀਂ ਇਜ਼ਰਾਈਲੀਆਂ ਨੂੰ ਉਹ ਸਾਰੇ ਕਾਨੂੰਨ ਸਿਖਾ ਸਕੋ ਜੋ ਯਹੋਵਾਹ ਨੇ ਮੂਸਾ ਦੇ ਜ਼ਰੀਏ ਦਿੱਤੇ ਹਨ।”+
12 ਫਿਰ ਮੂਸਾ ਨੇ ਹਾਰੂਨ ਅਤੇ ਉਸ ਦੇ ਬਾਕੀ ਜੀਉਂਦੇ ਪੁੱਤਰਾਂ ਅਲਆਜ਼ਾਰ ਤੇ ਈਥਾਮਾਰ ਨੂੰ ਕਿਹਾ: “ਯਹੋਵਾਹ ਲਈ ਅੱਗ ਵਿਚ ਚੜ੍ਹਾਏ ਅਨਾਜ ਦੇ ਚੜ੍ਹਾਵੇ ਵਿੱਚੋਂ ਜੋ ਕੁਝ ਬਚਿਆ ਹੈ, ਉਸ ਦੀਆਂ ਬੇਖਮੀਰੀਆਂ ਰੋਟੀਆਂ ਬਣਾ ਕੇ ਵੇਦੀ ਕੋਲ ਖਾਓ+ ਕਿਉਂਕਿ ਇਹ ਅੱਤ ਪਵਿੱਤਰ ਹੈ।+ 13 ਤੁਸੀਂ ਇਸ ਨੂੰ ਪਵਿੱਤਰ ਜਗ੍ਹਾ* ʼਤੇ ਖਾਓ+ ਕਿਉਂਕਿ ਇਹ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਏ ਚੜ੍ਹਾਵਿਆਂ ਵਿੱਚੋਂ ਤੇਰਾ ਤੇ ਤੇਰੇ ਪੁੱਤਰਾਂ ਦਾ ਹਿੱਸਾ ਹੈ, ਮੈਨੂੰ ਇਹੀ ਹੁਕਮ ਦਿੱਤਾ ਗਿਆ ਹੈ। 14 ਇਜ਼ਰਾਈਲੀ ਜੋ ਸ਼ਾਂਤੀ-ਬਲ਼ੀਆਂ ਚੜ੍ਹਾਉਂਦੇ ਹਨ, ਉਨ੍ਹਾਂ ਵਿੱਚੋਂ ਹਿਲਾਉਣ ਦੀ ਭੇਟ ਵਜੋਂ ਚੜ੍ਹਾਇਆ ਸੀਨਾ ਅਤੇ ਪਵਿੱਤਰ ਹਿੱਸੇ ਵਿੱਚੋਂ ਲਈ ਗਈ ਲੱਤ+ ਤੇਰਾ ਤੇ ਤੇਰੇ ਪੁੱਤਰਾਂ ਦਾ ਹਿੱਸਾ ਹੈ। ਇਸ ਲਈ ਤੂੰ, ਤੇਰੇ ਪੁੱਤਰ ਅਤੇ ਤੇਰੀਆਂ ਧੀਆਂ+ ਇਸ ਨੂੰ ਪਵਿੱਤਰ ਜਗ੍ਹਾ ʼਤੇ ਖਾਣ। 15 ਉਹ ਪਵਿੱਤਰ ਹਿੱਸੇ ਵਿੱਚੋਂ ਲਈ ਗਈ ਲੱਤ ਅਤੇ ਹਿਲਾਉਣ ਦੀ ਭੇਟ ਵਜੋਂ ਚੜ੍ਹਾਇਆ ਗਿਆ ਸੀਨਾ ਅਤੇ ਅੱਗ ਵਿਚ ਸਾੜ ਕੇ ਚੜ੍ਹਾਈ ਜਾਣ ਵਾਲੀ ਚਰਬੀ ਲੈ ਕੇ ਆਉਣ ਤਾਂਕਿ ਉਹ ਯਹੋਵਾਹ ਅੱਗੇ ਹਿਲਾਉਣ ਦੀ ਭੇਟ ਨੂੰ ਅੱਗੇ-ਪਿੱਛੇ ਹਿਲਾਉਣ। ਇਹ ਸੀਨਾ ਤੇ ਲੱਤ ਹਮੇਸ਼ਾ ਤੇਰੇ ਤੇ ਤੇਰੇ ਪੁੱਤਰਾਂ ਦਾ ਹਿੱਸਾ ਹੋਵੇਗਾ,+ ਠੀਕ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਹੈ।”
16 ਮੂਸਾ ਨੇ ਧਿਆਨ ਨਾਲ ਪਾਪ-ਬਲ਼ੀ ਵਜੋਂ ਚੜ੍ਹਾਏ ਬੱਕਰੇ ਦੀ ਭਾਲ ਕੀਤੀ।+ ਉਸ ਨੇ ਦੇਖਿਆ ਕਿ ਇਹ ਪੂਰੀ ਤਰ੍ਹਾਂ ਸੜ ਚੁੱਕਾ ਸੀ। ਇਸ ਕਰਕੇ ਮੂਸਾ ਦਾ ਗੁੱਸਾ ਹਾਰੂਨ ਦੇ ਬਾਕੀ ਬਚੇ ਪੁੱਤਰਾਂ ਅਲਆਜ਼ਾਰ ਅਤੇ ਈਥਾਮਾਰ ʼਤੇ ਭੜਕ ਉੱਠਿਆ। ਉਸ ਨੇ ਕਿਹਾ: 17 “ਤੁਸੀਂ ਪਵਿੱਤਰ ਸਥਾਨ ਵਿਚ ਪਾਪ-ਬਲ਼ੀ ਕਿਉਂ ਨਹੀਂ ਖਾਧੀ?+ ਇਹ ਅੱਤ ਪਵਿੱਤਰ ਹੈ ਅਤੇ ਇਹ ਤੁਹਾਨੂੰ ਦਿੱਤੀ ਗਈ ਸੀ ਤਾਂਕਿ ਤੁਸੀਂ ਮੰਡਲੀ ਦੇ ਲੋਕਾਂ ਦੇ ਪਾਪ ਆਪਣੇ ਜ਼ਿੰਮੇ ਲੈ ਸਕੋ ਅਤੇ ਯਹੋਵਾਹ ਸਾਮ੍ਹਣੇ ਉਨ੍ਹਾਂ ਦੇ ਪਾਪ ਮਿਟਾ ਸਕੋ। 18 ਬਲ਼ੀ ਦਾ ਖ਼ੂਨ ਪਵਿੱਤਰ ਸਥਾਨ ਵਿਚ ਨਹੀਂ ਲਿਜਾਇਆ ਗਿਆ ਸੀ।+ ਇਸ ਲਈ ਤੁਹਾਨੂੰ ਇਹ ਬਲ਼ੀ ਪਵਿੱਤਰ ਜਗ੍ਹਾ ʼਤੇ ਖਾਣੀ ਚਾਹੀਦੀ ਸੀ, ਠੀਕ ਜਿਵੇਂ ਮੈਂ ਹੁਕਮ ਦਿੱਤਾ ਸੀ।” 19 ਹਾਰੂਨ ਨੇ ਮੂਸਾ ਨੂੰ ਜਵਾਬ ਦਿੱਤਾ: “ਦੇਖ! ਅੱਜ ਯਹੋਵਾਹ ਅੱਗੇ ਪਾਪ-ਬਲ਼ੀ ਤੇ ਹੋਮ-ਬਲ਼ੀ ਚੜ੍ਹਾਈ ਗਈ ਸੀ।+ ਪਰ ਮੇਰੇ ʼਤੇ ਇਹ ਬਿਪਤਾ ਆਉਣ ਕਰਕੇ ਮੈਂ ਇਸ ਨੂੰ ਖਾ ਨਹੀਂ ਸਕਿਆ। ਜੇ ਮੈਂ ਅੱਜ ਪਾਪ-ਬਲ਼ੀ ਖਾਂਦਾ, ਤਾਂ ਕੀ ਇਸ ਤੋਂ ਯਹੋਵਾਹ ਨੂੰ ਖ਼ੁਸ਼ੀ ਹੁੰਦੀ?” 20 ਮੂਸਾ ਨੂੰ ਉਸ ਦਾ ਜਵਾਬ ਸੁਣ ਕੇ ਤਸੱਲੀ ਹੋ ਗਈ।