ਅਧਿਐਨ ਲੇਖ 49
ਮਰੇ ਹੋਏ ਜ਼ਰੂਰ ਜੀਉਂਦੇ ਹੋਣਗੇ!
“ਮੈਨੂੰ . . . ਇਹ ਆਸ਼ਾ ਹੈ ਕਿ ਪਰਮੇਸ਼ੁਰ ਮਰ ਚੁੱਕੇ . . . ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ।”—ਰਸੂ. 24:15.
ਗੀਤ 12 ਸਦਾ ਦੀ ਜ਼ਿੰਦਗੀ, ਰੱਬ ਦਾ ਵਾਅਦਾ
ਖ਼ਾਸ ਗੱਲਾਂa
1-2. ਯਹੋਵਾਹ ਦੇ ਸੇਵਕਾਂ ਕੋਲ ਕਿਹੜੀ ਸ਼ਾਨਦਾਰ ਉਮੀਦ ਹੈ?
ਜ਼ਿੰਦਗੀ ਵਿਚ ਉਮੀਦ ਦੀ ਕਿਰਨ ਹੋਣੀ ਬਹੁਤ ਜ਼ਰੂਰੀ ਹੈ। ਕੁਝ ਲੋਕ ਉਮੀਦ ਰੱਖਦੇ ਹਨ ਕਿ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਵਧੀਆ ਹੋਵੇਗੀ, ਉਨ੍ਹਾਂ ਦੇ ਬੱਚਿਆਂ ਦੀ ਸਿਹਤ ਵਧੀਆ ਹੋਵੇਗੀ ਜਾਂ ਉਨ੍ਹਾਂ ਦੀ ਕੋਈ ਗੰਭੀਰ ਬੀਮਾਰੀ ਠੀਕ ਹੋ ਜਾਵੇਗੀ। ਸ਼ਾਇਦ ਅਸੀਂ ਵੀ ਇਨ੍ਹਾਂ ਗੱਲਾਂ ਦੀ ਉਮੀਦ ਰੱਖਦੇ ਹੋਈਏ। ਪਰ ਸਾਡੇ ਕੋਲ ਇਕ ਅਜਿਹੀ ਉਮੀਦ ਹੈ ਜੋ ਇਨ੍ਹਾਂ ਤੋਂ ਕਿਤੇ ਵਧ ਕੇ ਹੈ। ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਉਣ ਅਤੇ ਆਪਣੇ ਮਰ ਚੁੱਕੇ ਪਿਆਰਿਆਂ ਦੇ ਦੁਬਾਰਾ ਜੀਉਂਦਾ ਹੋਣ ਦੀ ਸ਼ਾਨਦਾਰ ਉਮੀਦ ਰੱਖਦੇ ਹਾਂ।—ਅੱਯੂ. 14:7-10, 12-15.
2 ਪੌਲੁਸ ਰਸੂਲ ਨੇ ਕਿਹਾ: “ਮੈਨੂੰ . . . ਇਹ ਆਸ਼ਾ ਹੈ ਕਿ ਪਰਮੇਸ਼ੁਰ ਮਰ ਚੁੱਕੇ ਧਰਮੀ ਅਤੇ ਕੁਧਰਮੀ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ।” (ਰਸੂ. 24:15) ਪੌਲੁਸ ਤੋਂ ਪਹਿਲਾਂ ਦੇ ਸੇਵਕ ਵੀ ਦੁਬਾਰਾ ਜੀਉਂਦੇ ਕੀਤੇ ਜਾਣ ਦੀ ਉਮੀਦ ਰੱਖਦੇ ਸਨ। ਅੱਯੂਬ ਨੂੰ ਵੀ ਇਹੀ ਉਮੀਦ ਸੀ। ਉਸ ਨੂੰ ਪੱਕਾ ਭਰੋਸਾ ਸੀ ਕਿ ਯਹੋਵਾਹ ਉਸ ਨੂੰ ਯਾਦ ਰੱਖੇਗਾ ਅਤੇ ਜ਼ਰੂਰ ਜੀਉਂਦਾ ਕਰੇਗਾ।
3. ਪਹਿਲਾ ਕੁਰਿੰਥੀਆਂ ਦੇ 15ਵੇਂ ਅਧਿਆਇ ਤੋਂ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ?
3 “ਮਰ ਚੁੱਕੇ ਲੋਕਾਂ ਦੇ ਜੀਉਂਦਾ ਹੋਣ ਦੀ ਸਿੱਖਿਆ” ਮਸੀਹੀ ਸਿੱਖਿਆਵਾਂ ਦੀ “ਨੀਂਹ” ਜਾਂ “ਬੁਨਿਆਦੀ ਸਿੱਖਿਆਵਾਂ” ਦਾ ਹਿੱਸਾ ਹੈ। (ਇਬ. 6:1, 2) ਪੌਲੁਸ ਨੇ ਮਰ ਚੁੱਕੇ ਲੋਕਾਂ ਦੇ ਦੁਬਾਰਾ ਜੀਉਂਦਾ ਹੋਣ ਬਾਰੇ ਜੋ ਕਿਹਾ ਉਹ ਪਹਿਲਾ ਕੁਰਿੰਥੀਆਂ ਦੇ 15ਵੇਂ ਅਧਿਆਇ ਵਿਚ ਦਰਜ ਹੈ। ਉਸ ਦੀਆਂ ਲਿਖੀਆਂ ਗੱਲਾਂ ਤੋਂ ਪਹਿਲੀ ਸਦੀ ਦੇ ਮਸੀਹੀਆਂ ਨੂੰ ਬਹੁਤ ਹੌਸਲਾ ਮਿਲਿਆ ਹੋਣਾ। ਸਾਨੂੰ ਵੀ ਇਨ੍ਹਾਂ ਗੱਲਾਂ ਤੋਂ ਹੌਸਲਾ ਮਿਲੇਗਾ ਅਤੇ ਦੁਬਾਰਾ ਜੀ ਉੱਠਣ ਦੀ ਉਮੀਦ ʼਤੇ ਸਾਡਾ ਭਰੋਸਾ ਹੋਰ ਵਧੇਗਾ ਚਾਹੇ ਅਸੀਂ ਕਈ ਸਾਲਾਂ ਤੋਂ ਇਹ ਉਮੀਦ ਕਰਦੇ ਆਏ ਹਾਂ।
4. ਅਸੀਂ ਮਰ ਚੁੱਕੇ ਲੋਕਾਂ ਦੇ ਦੁਬਾਰਾ ਜੀ ਉੱਠਣ ਦੀ ਉਮੀਦ ਕਿਉਂ ਰੱਖ ਸਕਦੇ ਹਾਂ?
4 ਯਿਸੂ ਮਸੀਹ ਦੇ ਦੁਬਾਰਾ ਜੀਉਂਦਾ ਹੋਣ ਕਰਕੇ ਸਾਡੀ ਇਹ ਉਮੀਦ ਪੱਕੀ ਹੁੰਦੀ ਹੈ ਕਿ ਸਾਡੇ ਮਰ ਚੁੱਕੇ ਪਿਆਰੇ ਦੁਬਾਰਾ ਜੀ ਉਠਾਏ ਜਾਣਗੇ। ਯਿਸੂ ਮਸੀਹ ਦਾ ਦੁਬਾਰਾ ਜੀਉਂਦਾ ਹੋਣਾ ਉਸ “ਖ਼ੁਸ਼ ਖ਼ਬਰੀ” ਦਾ ਹਿੱਸਾ ਸੀ ਜੋ ਪੌਲੁਸ ਰਸੂਲ ਨੇ ਕੁਰਿੰਥੀਆਂ ਨੂੰ ਦੱਸੀ ਸੀ। (1 ਕੁਰਿੰ. 15:1, 2) ਦਰਅਸਲ, ਉਸ ਨੇ ਕਿਹਾ ਕਿ ਜੇ ਕੋਈ ਮਸੀਹ ਦੇ ਜੀਉਂਦਾ ਹੋਣ ʼਤੇ ਵਿਸ਼ਵਾਸ ਨਹੀਂ ਕਰਦਾ, ਤਾਂ ਉਸ ਲਈ ਨਿਹਚਾ ਕਰਨੀ ਵਿਅਰਥ ਹੈ। (1 ਕੁਰਿੰ. 15:17) ਪਰ ਇਸ ਗੱਲ ʼਤੇ ਵਿਸ਼ਵਾਸ ਕਰ ਕੇ ਹੀ ਸਾਨੂੰ ਮਰ ਚੁੱਕੇ ਲੋਕਾਂ ਦੇ ਦੁਬਾਰਾ ਜੀਉਂਦੇ ਹੋਣ ਦੀ ਉਮੀਦ ਮਿਲਦੀ ਹੈ।
5-6. ਪਹਿਲਾ ਕੁਰਿੰਥੀਆਂ 15:3, 4 ਦੇ ਸ਼ਬਦ ਸਾਡੇ ਲਈ ਕੀ ਮਾਅਨੇ ਰੱਖਦੇ ਹਨ?
5 ਪੌਲੁਸ ਨੇ ਜੀਉਂਦੇ ਕੀਤੇ ਜਾਣ ਦੀ ਉਮੀਦ ਬਾਰੇ ਗੱਲ ਕਰਦਿਆਂ ਇਨ੍ਹਾਂ ਤਿੰਨ ਅਹਿਮ ਸੱਚਾਈਆਂ ਦਾ ਜ਼ਿਕਰ ਕੀਤਾ: (1) “ਮਸੀਹ ਸਾਡੇ ਪਾਪਾਂ ਦੀ ਖ਼ਾਤਰ ਮਰਿਆ।” (2) “ਉਸ ਨੂੰ ਦਫ਼ਨਾਇਆ ਗਿਆ।” (3) “ਧਰਮ-ਗ੍ਰੰਥ ਅਨੁਸਾਰ ਉਸ ਨੂੰ ਤੀਸਰੇ ਦਿਨ ਜੀਉਂਦਾ ਕੀਤਾ ਗਿਆ।”—1 ਕੁਰਿੰਥੀਆਂ 15:3, 4 ਪੜ੍ਹੋ।
6 ਯਿਸੂ ਦੀ ਮੌਤ, ਉਸ ਦਾ ਦਫ਼ਨਾਇਆ ਜਾਣਾ ਅਤੇ ਦੁਬਾਰਾ ਜੀਉਂਦਾ ਕੀਤਾ ਜਾਣਾ ਸਾਡੇ ਲਈ ਕੀ ਮਾਅਨੇ ਰੱਖਦਾ ਹੈ? ਯਸਾਯਾਹ ਨਬੀ ਨੇ ਦੱਸਿਆ ਸੀ ਕਿ ਮਸੀਹ ਨੂੰ “ਜੀਉਂਦਿਆਂ ਦੀ ਧਰਤੀ ਤੋਂ ਕੱਟਿਆ” ਜਾਵੇਗਾ ਅਤੇ “ਉਸ ਦੀ ਕਬਰ ਦੁਸ਼ਟਾਂ ਦੇ ਵਿੱਚ” ਹੋਵੇਗੀ। ਪਰ ਯਸਾਯਾਹ ਨੇ ਇਹ ਵੀ ਕਿਹਾ ਸੀ ਕਿ ਮਸੀਹ “ਬਹੁਤਿਆਂ ਦੇ ਪਾਪ” ਚੁੱਕੇਗਾ। ਯਿਸੂ ਨੇ ਆਪਣੀ ਕੁਰਬਾਨੀ ਦੇ ਕੇ ਇੱਦਾਂ ਕੀਤਾ। (ਯਸਾ. 53:8, 9, 12; ਮੱਤੀ 20:28; ਰੋਮੀ. 5:8) ਇਸ ਲਈ ਯਿਸੂ ਦੀ ਮੌਤ, ਉਸ ਦੇ ਦਫ਼ਨਾਏ ਜਾਣ ਅਤੇ ਦੁਬਾਰਾ ਜੀਉਂਦਾ ਕੀਤੇ ਜਾਣ ਤੋਂ ਸਾਨੂੰ ਪੱਕੀ ਉਮੀਦ ਮਿਲਦੀ ਹੈ ਕਿ ਸਾਨੂੰ ਪਾਪ ਅਤੇ ਮੌਤ ਤੋਂ ਆਜ਼ਾਦ ਕੀਤਾ ਜਾਵੇਗਾ ਅਤੇ ਅਸੀਂ ਆਪਣੇ ਮਰ ਚੁੱਕੇ ਪਿਆਰਿਆਂ ਨੂੰ ਦੁਬਾਰਾ ਜ਼ਰੂਰ ਮਿਲਾਂਗੇ।
ਕਈ ਚਸ਼ਮਦੀਦ ਗਵਾਹ
7-8. ਮਸੀਹੀ ਕਿਉਂ ਯਕੀਨ ਰੱਖ ਸਕਦੇ ਹਨ ਕਿ ਯਿਸੂ ਨੂੰ ਜੀਉਂਦਾ ਕੀਤਾ ਗਿਆ ਸੀ?
7 ਮਰ ਚੁੱਕਿਆਂ ਦੇ ਜੀ ਉੱਠਣ ਦੀ ਉਮੀਦ ਯਿਸੂ ਦੇ ਦੁਬਾਰਾ ਜੀਉਂਦੇ ਹੋਣ ਨਾਲ ਜੁੜੀ ਹੋਈ ਹੈ। ਇਸ ਲਈ ਸਾਨੂੰ ਯਕੀਨ ਹੋਣਾ ਚਾਹੀਦਾ ਹੈ ਕਿ ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ ਸੀ। ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਨੇ ਯਿਸੂ ਨੂੰ ਜੀਉਂਦਾ ਕੀਤਾ ਸੀ?
8 ਕਈ ਚਸ਼ਮਦੀਦ ਗਵਾਹਾਂ ਨੇ ਯਿਸੂ ਦੇ ਜੀਉਂਦਾ ਹੋਣ ਬਾਰੇ ਗਵਾਹੀ ਦਿੱਤੀ ਸੀ। (1 ਕੁਰਿੰ. 15:5-7) ਪੌਲੁਸ ਰਸੂਲ ਨੇ ਜਿਨ੍ਹਾਂ ਗਵਾਹਾਂ ਦੀ ਗੱਲ ਕੀਤੀ ਉਨ੍ਹਾਂ ਵਿੱਚੋਂ ਪਤਰਸ (ਕੇਫ਼ਾਸ) ਪਹਿਲਾ ਸੀ। ਕੁਝ ਹੋਰ ਚੇਲਿਆਂ ਨੇ ਵੀ ਦੱਸਿਆ ਕਿ ਪਤਰਸ ਨੇ ਜੀਉਂਦਾ ਹੋ ਚੁੱਕੇ ਯਿਸੂ ਨੂੰ ਦੇਖਿਆ ਸੀ। (ਲੂਕਾ 24:33, 34) ਨਾਲੇ “ਬਾਰਾਂ” ਰਸੂਲਾਂ ਨੇ ਵੀ ਯਿਸੂ ਨੂੰ ਜੀ ਉੱਠਣ ਤੋਂ ਬਾਅਦ ਦੇਖਿਆ ਸੀ। ਫਿਰ ਯਿਸੂ “ਇਕ ਵਾਰ 500 ਤੋਂ ਜ਼ਿਆਦਾ ਭਰਾਵਾਂ ਦੇ ਸਾਮ੍ਹਣੇ ਪ੍ਰਗਟ ਹੋਇਆ।” ਸ਼ਾਇਦ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਚੇਲੇ ਗਲੀਲ ਵਿਚ ਇਕੱਠੇ ਹੋਏ ਸਨ ਜਿਸ ਦਾ ਜ਼ਿਕਰ ਮੱਤੀ 28:16-20 ਵਿਚ ਕੀਤਾ ਗਿਆ ਹੈ। ਯਿਸੂ ਆਪਣੇ ਭਰਾ “ਯਾਕੂਬ ਦੇ ਸਾਮ੍ਹਣੇ ਪ੍ਰਗਟ ਹੋਇਆ” ਜੋ ਪਹਿਲਾਂ ਯਿਸੂ ʼਤੇ ਨਿਹਚਾ ਨਹੀਂ ਕਰਦਾ ਸੀ। (ਯੂਹੰ. 7:5) ਪਰ ਯਿਸੂ ਨੂੰ ਦੇਖਣ ਤੋਂ ਬਾਅਦ ਯਾਕੂਬ ਉਸ ʼਤੇ ਨਿਹਚਾ ਕਰਨ ਲੱਗ ਪਿਆ। ਦਿਲਚਸਪੀ ਦੀ ਗੱਲ ਹੈ ਕਿ ਲਗਭਗ 55 ਈਸਵੀ ਵਿਚ ਜਦੋਂ ਪੌਲੁਸ ਨੇ ਇਹ ਚਿੱਠੀ ਲਿਖੀ ਸੀ, ਉਦੋਂ ਕਈ ਚਸ਼ਮਦੀਦ ਗਵਾਹ ਅਜੇ ਜੀਉਂਦੇ ਸਨ। ਉਸ ਸਮੇਂ ਕੋਈ ਵੀ ਸ਼ੱਕ ਕਰਨ ਵਾਲਾ ਇਨਸਾਨ ਇਨ੍ਹਾਂ ਭਰੋਸੇਮੰਦ ਗਵਾਹਾਂ ਨਾਲ ਗੱਲ ਕਰ ਸਕਦਾ ਸੀ।
9. ਰਸੂਲਾਂ ਦੇ ਕੰਮ 9:3-5 ਮੁਤਾਬਕ ਪੌਲੁਸ ਵੀ ਯਿਸੂ ਦੇ ਜੀਉਂਦਾ ਹੋਣ ਬਾਰੇ ਕਿਉਂ ਗਵਾਹੀ ਦੇ ਸਕਿਆ?
9 ਬਾਅਦ ਵਿਚ ਯਿਸੂ ਪੌਲੁਸ ਸਾਮ੍ਹਣੇ ਪ੍ਰਗਟ ਹੋਇਆ। (1 ਕੁਰਿੰ. 15:8) ਜਦੋਂ ਪੌਲੁਸ (ਸੌਲੁਸ) ਦਮਿਸਕ ਨੂੰ ਜਾ ਰਿਹਾ ਸੀ, ਤਾਂ ਉਸ ਨੂੰ ਯਿਸੂ ਦੀ ਆਵਾਜ਼ ਸੁਣਾਈ ਦਿੱਤੀ ਅਤੇ ਉਸ ਨੇ ਦਰਸ਼ਣ ਵਿਚ ਦੇਖਿਆ ਕਿ ਯਿਸੂ ਸਵਰਗ ਵਿਚ ਬੈਠਾ ਸੀ। (ਰਸੂਲਾਂ ਦੇ ਕੰਮ 9:3-5 ਪੜ੍ਹੋ।) ਪੌਲੁਸ ਨਾਲ ਹੋਈ ਇਸ ਘਟਨਾ ਤੋਂ ਇਕ ਹੋਰ ਸਬੂਤ ਮਿਲਿਆ ਕਿ ਯਿਸੂ ਨੂੰ ਸੱਚੀ ਜੀਉਂਦਾ ਕੀਤਾ ਗਿਆ ਸੀ।—ਰਸੂ. 26:12-15.
10. ਯਿਸੂ ਦੇ ਜੀ ਉਠਾਏ ਜਾਣ ʼਤੇ ਯਕੀਨ ਹੋਣ ਕਰਕੇ ਪੌਲੁਸ ਨੇ ਕੀ ਕੀਤਾ?
10 ਕੁਝ ਲੋਕਾਂ ਦਾ ਖ਼ਾਸ ਤੌਰ ਤੇ ਪੌਲੁਸ ਦੀਆਂ ਗੱਲਾਂ ਵੱਲ ਧਿਆਨ ਖਿੱਚਿਆ ਗਿਆ ਕਿਉਂਕਿ ਪਹਿਲਾਂ ਉਹ ਮਸੀਹੀਆਂ ਨੂੰ ਸਤਾਉਂਦਾ ਹੁੰਦਾ ਸੀ। ਜਦੋਂ ਪੌਲੁਸ ਨੂੰ ਯਕੀਨ ਹੋ ਗਿਆ ਕਿ ਯਿਸੂ ਨੂੰ ਜੀਉਂਦਾ ਕੀਤਾ ਗਿਆ ਸੀ, ਤਾਂ ਉਸ ਨੇ ਦੂਜਿਆਂ ਨੂੰ ਇਹ ਸੱਚਾਈ ਸਿਖਾਉਣ ਵਿਚ ਬਹੁਤ ਮਿਹਨਤ ਕੀਤੀ। ਯਿਸੂ ਦੇ ਦੁਬਾਰਾ ਜੀਉਂਦਾ ਹੋਣ ਬਾਰੇ ਗਵਾਹੀ ਦੇਣ ਕਰਕੇ ਉਸ ਨੇ ਕਈ ਵਾਰ ਕੁੱਟ ਖਾਧੀ, ਉਹ ਕਈ ਵਾਰ ਜੇਲ੍ਹ ਗਿਆ ਅਤੇ ਉਸ ਦਾ ਜਹਾਜ਼ ਵੀ ਤਬਾਹ ਹੋਇਆ। (1 ਕੁਰਿੰ. 15:9-11; 2 ਕੁਰਿੰ. 11:23-27) ਪੌਲੁਸ ਨੂੰ ਯਿਸੂ ਦੇ ਦੁਬਾਰਾ ਜੀਉਂਦਾ ਹੋਣ ʼਤੇ ਇੰਨਾ ਯਕੀਨ ਸੀ ਕਿ ਉਹ ਇਸ ਗੱਲ ਦੀ ਗਵਾਹੀ ਦੇਣ ਖ਼ਾਤਰ ਮਰਨ ਲਈ ਵੀ ਤਿਆਰ ਸੀ। ਕੀ ਇਨ੍ਹਾਂ ਚਸ਼ਮਦੀਦ ਗਵਾਹਾਂ ਕਰਕੇ ਤੁਹਾਨੂੰ ਯਿਸੂ ਦੇ ਦੁਬਾਰਾ ਜੀਉਂਦਾ ਕੀਤੇ ਜਾਣ ʼਤੇ ਯਕੀਨ ਨਹੀਂ ਹੁੰਦਾ? ਨਾਲੇ ਕੀ ਤੁਹਾਡੀ ਉਮੀਦ ਪੱਕੀ ਨਹੀਂ ਹੁੰਦੀ ਕਿ ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾਵੇਗਾ?
ਝੂਠੇ ਵਿਚਾਰਾਂ ਨੂੰ ਗ਼ਲਤ ਸਾਬਤ ਕੀਤਾ
11. ਕੁਰਿੰਥੁਸ ਦੇ ਕੁਝ ਲੋਕ ਸ਼ਾਇਦ ਦੁਬਾਰਾ ਜੀਉਂਦੇ ਹੋਣ ਬਾਰੇ ਗ਼ਲਤ ਵਿਚਾਰ ਕਿਉਂ ਰੱਖਦੇ ਸਨ?
11 ਕੁਰਿੰਥੁਸ ਵਿਚ ਇਕ ਯੂਨਾਨੀ ਸ਼ਹਿਰ ਦੇ ਕੁਝ ਲੋਕ ਦੇ ਕੁਝ ਲੋਕ ਮਰੇ ਹੋਇਆਂ ਦੇ ਦੁਬਾਰਾ ਜੀ ਉੱਠਣ ਬਾਰੇ ਗ਼ਲਤ ਵਿਚਾਰ ਰੱਖਦੇ ਸਨ। ਕੁਝ ਲੋਕ ਤਾਂ ਇਹ ਵੀ ਕਹਿੰਦੇ ਸਨ ਕਿ “ਮਰੇ ਹੋਏ ਲੋਕਾਂ ਨੂੰ ਜੀਉਂਦਾ ਨਹੀਂ ਕੀਤਾ ਜਾਵੇਗਾ।” (1 ਕੁਰਿੰ. 15:12) ਇਕ ਹੋਰ ਯੂਨਾਨੀ ਸ਼ਹਿਰ ਐਥਿਨਜ਼ ਵਿਚ ਫ਼ਿਲਾਸਫ਼ਰ ਇਸ ਗੱਲ ਦਾ ਮਜ਼ਾਕ ਉਡਾਉਂਦੇ ਸਨ ਕਿ ਯਿਸੂ ਨੂੰ ਜੀਉਂਦਾ ਕੀਤਾ ਗਿਆ ਸੀ। ਸੋ ਸ਼ਾਇਦ ਕੁਰਿੰਥੁਸ ਦੇ ਕੁਝ ਲੋਕਾਂ ʼਤੇ ਵੀ ਇਸ ਸੋਚ ਦਾ ਅਸਰ ਪਿਆ ਹੋਣਾ। (ਰਸੂ. 17:18, 31, 32) ਹੋਰ ਲੋਕ ਸ਼ਾਇਦ ਸੋਚਦੇ ਸਨ ਕਿ ਕਿਸੇ ਨੂੰ ਸੱਚੀ ਜੀਉਂਦਾ ਨਹੀਂ ਕੀਤਾ ਜਾਂਦਾ, ਸਗੋਂ ਉਹ ਮੰਨਦੇ ਸਨ ਕਿ ਪਾਪੀ ਹੋਣ ਕਰਕੇ ਇਕ ਇਨਸਾਨ “ਮਰਿਆਂ” ਵਰਗਾ ਸੀ, ਪਰ ਮਸੀਹੀ ਬਣਨ ਕਰਕੇ ਉਹ ਦੁਬਾਰਾ “ਜੀਉਂਦਾ” ਹੋ ਜਾਂਦਾ ਸੀ। ਉਨ੍ਹਾਂ ਦੀ ਨਿਹਚਾ ਵਿਅਰਥ ਸੀ ਭਾਵੇਂ ਜਿਹੜੇ ਮਰਜ਼ੀ ਕਾਰਨ ਕਰਕੇ ਉਹ ਮਰੇ ਹੋਇਆਂ ਦੇ ਦੁਬਾਰਾ ਜੀਉਂਦੇ ਹੋਣ ਦੀ ਉਮੀਦ ਨਹੀਂ ਰੱਖਦੇ ਸਨ। ਜੇ ਪਰਮੇਸ਼ੁਰ ਨੇ ਯਿਸੂ ਨੂੰ ਜੀਉਂਦਾ ਨਹੀਂ ਕੀਤਾ ਸੀ, ਤਾਂ ਇਸ ਦਾ ਮਤਲਬ ਸੀ ਕਿ ਕੋਈ ਰਿਹਾਈ ਦੀ ਕੀਮਤ ਨਹੀਂ ਦਿੱਤੀ ਗਈ ਅਤੇ ਉਨ੍ਹਾਂ ਨੂੰ ਪਾਪਾਂ ਦੀ ਮਾਫ਼ੀ ਨਹੀਂ ਮਿਲੀ। ਇਸ ਲਈ ਜਿਹੜੇ ਲੋਕ ਨਹੀਂ ਮੰਨਦੇ ਸਨ ਕਿ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ, ਉਨ੍ਹਾਂ ਕੋਲ ਕੋਈ ਉਮੀਦ ਨਹੀਂ ਸੀ।—1 ਕੁਰਿੰ. 15:13-19; ਇਬ. 9:12, 14.
12. ਪਹਿਲਾ ਪਤਰਸ 3:18, 22 ਮੁਤਾਬਕ ਯਿਸੂ ਅਤੇ ਉਸ ਤੋਂ ਪਹਿਲਾਂ ਜੀਉਂਦੇ ਕੀਤੇ ਗਏ ਲੋਕਾਂ ਵਿਚ ਕੀ ਫ਼ਰਕ ਸੀ?
12 ਪੌਲੁਸ ਜਾਣਦਾ ਸੀ ਕਿ “ਮਸੀਹ ਨੂੰ . . . ਜੀਉਂਦਾ ਕਰ ਦਿੱਤਾ ਗਿਆ” ਸੀ। ਯਿਸੂ ਦਾ ਦੁਬਾਰਾ ਜੀ ਉਠਾਇਆ ਜਾਣਾ ਉਸ ਤੋਂ ਪਹਿਲਾਂ ਜੀ ਉਠਾਏ ਗਏ ਲੋਕਾਂ ਤੋਂ ਉੱਤਮ ਸੀ ਕਿਉਂਕਿ ਉਹ ਸਾਰੇ ਦੁਬਾਰਾ ਮਰ ਗਏ ਸਨ। ਪੌਲੁਸ ਨੇ ਕਿਹਾ: “ਜਿਹੜੇ ਲੋਕ ਮੌਤ ਦੀ ਨੀਂਦ ਸੌਂ ਚੁੱਕੇ ਹਨ, ਉਨ੍ਹਾਂ ਵਿੱਚੋਂ ਮਸੀਹ ਨੂੰ ਸਭ ਤੋਂ ਪਹਿਲਾਂ [ਜਾਂ “ਪਹਿਲੇ ਫਲ ਦੇ ਤੌਰ ਤੇ”] ਜੀਉਂਦਾ ਕਰ ਦਿੱਤਾ ਗਿਆ ਹੈ।” ਕਿਸ ਮਾਅਨੇ ਵਿਚ ਯਿਸੂ ਨੂੰ ਸਭ ਤੋਂ ਪਹਿਲਾਂ ਜੀਉਂਦਾ ਕੀਤਾ ਗਿਆ ਸੀ? ਉਹ ਪਹਿਲਾ ਵਿਅਕਤੀ ਸੀ ਜਿਸ ਨੂੰ ਸਵਰਗੀ ਸਰੀਰ ਵਿਚ ਅਤੇ ਸਵਰਗ ਜਾਣ ਲਈ ਜੀਉਂਦਾ ਕੀਤਾ ਗਿਆ ਸੀ।—1 ਕੁਰਿੰ. 15:20, ਫੁਟਨੋਟ; ਰਸੂ. 26:23; 1 ਪਤਰਸ 3:18, 22 ਪੜ੍ਹੋ।
ਜਿਨ੍ਹਾਂ ਨੂੰ ਯਿਸੂ ਵਾਂਗ “ਜੀਉਂਦਾ ਕੀਤਾ ਜਾਵੇਗਾ”
13. ਪੌਲੁਸ ਨੇ ਆਦਮ ਅਤੇ ਯਿਸੂ ਬਾਰੇ ਕੀ ਕਿਹਾ?
13 ਇਕ ਵਿਅਕਤੀ ਦੀ ਮੌਤ ਨਾਲ ਲੱਖਾਂ-ਕਰੋੜਾਂ ਲੋਕਾਂ ਨੂੰ ਜ਼ਿੰਦਗੀ ਕਿਵੇਂ ਮਿਲ ਸਕਦੀ ਹੈ? ਪੌਲੁਸ ਨੇ ਇਸ ਦਾ ਸਾਫ਼-ਸਾਫ਼ ਜਵਾਬ ਦਿੱਤਾ। ਉਸ ਨੇ ਸਮਝਾਇਆ ਕਿ ਆਦਮ ਕਰਕੇ ਇਨਸਾਨਾਂ ਨਾਲ ਕੀ ਹੋਇਆ, ਪਰ ਮਸੀਹ ਦੀ ਕੁਰਬਾਨੀ ਕਰਕੇ ਉਨ੍ਹਾਂ ਨੂੰ ਕਿਹੜੀ ਉਮੀਦ ਮਿਲੀ। ਆਦਮ ਬਾਰੇ ਗੱਲ ਕਰਦੇ ਹੋਏ ਪੌਲੁਸ ਨੇ ਲਿਖਿਆ: “ਇਕ ਇਨਸਾਨ ਦੇ ਜ਼ਰੀਏ ਮੌਤ ਆਈ ਸੀ।” ਆਦਮ ਨੇ ਪਾਪ ਕਰ ਕੇ ਆਪਣੇ ਅਤੇ ਆਪਣੇ ਬੱਚਿਆਂ ʼਤੇ ਮੌਤ ਲਿਆਂਦੀ ਸੀ। ਉਸ ਦੀ ਅਣਆਗਿਆਕਾਰੀ ਕਰਕੇ ਅਸੀਂ ਅਜੇ ਤਕ ਦੁੱਖ ਝੱਲ ਰਹੇ ਹਾਂ। ਪਰ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਜੀਉਂਦਾ ਕੀਤਾ ਜਿਸ ਕਰਕੇ ਸਾਨੂੰ ਇਕ ਵਧੀਆ ਉਮੀਦ ਮਿਲੀ ਹੈ। ਪੌਲੁਸ ਨੇ ਲਿਖਿਆ: “ਉਸੇ ਤਰ੍ਹਾਂ ਇਕ ਇਨਸਾਨ [ਯਿਸੂ] ਦੇ ਜ਼ਰੀਏ ਹੀ ਮਰੇ ਹੋਏ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ। ਠੀਕ ਜਿਵੇਂ ਆਦਮ ਕਰਕੇ ਸਾਰੇ ਮਰਦੇ ਹਨ, ਉਸੇ ਤਰ੍ਹਾਂ ਮਸੀਹ ਕਰਕੇ ਸਾਰਿਆਂ ਨੂੰ ਜੀਉਂਦਾ ਕੀਤਾ ਜਾਵੇਗਾ।”—1 ਕੁਰਿੰ. 15:21, 22.
14. ਕੀ ਆਦਮ ਨੂੰ ਜੀਉਂਦਾ ਕੀਤਾ ਜਾਵੇਗਾ? ਸਮਝਾਓ।
14 ਪੌਲੁਸ ਦੇ ਕਹਿਣ ਦਾ ਕੀ ਮਤਲਬ ਸੀ ਕਿ “ਆਦਮ ਕਰਕੇ ਸਾਰੇ ਮਰਦੇ ਹਨ”? ਪੌਲੁਸ ਨੇ ਇਹ ਗੱਲ ਆਦਮ ਦੇ ਬੱਚਿਆਂ ਨੂੰ ਧਿਆਨ ਵਿਚ ਰੱਖ ਕੇ ਕਹੀ ਸੀ ਜੋ ਆਦਮ ਤੋਂ ਵਿਰਾਸਤ ਵਿਚ ਮਿਲੇ ਪਾਪ ਅਤੇ ਨਾਮੁਕੰਮਲਤਾ ਕਰਕੇ ਮਰਦੇ ਹਨ। (ਰੋਮੀ. 5:12) ਆਦਮ ਉਨ੍ਹਾਂ ਲੋਕਾਂ ਵਿਚ ਨਹੀਂ ਹੋਵੇਗਾ ਜਿਨ੍ਹਾਂ ਨੂੰ “ਜੀਉਂਦਾ ਕੀਤਾ ਜਾਵੇਗਾ।” ਆਦਮ ਨੂੰ ਮਸੀਹ ਦੀ ਰਿਹਾਈ ਦੀ ਕੀਮਤ ਤੋਂ ਕੋਈ ਫ਼ਾਇਦਾ ਨਹੀਂ ਹੋਵੇਗਾ ਕਿਉਂਕਿ ਉਹ ਇਕ ਮੁਕੰਮਲ ਇਨਸਾਨ ਸੀ ਜਿਸ ਨੇ ਜਾਣ-ਬੁੱਝ ਕੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ। ਆਦਮ ਵਾਂਗ ਉਨ੍ਹਾਂ ਲੋਕਾਂ ਦਾ ਵੀ ਉਹੀ ਅੰਜਾਮ ਹੋਵੇਗਾ ਜਿਨ੍ਹਾਂ ਦਾ ਨਿਆਂ “ਮਨੁੱਖ ਦਾ ਪੁੱਤਰ” “ਬੱਕਰੀਆਂ” ਵਜੋਂ ਕਰੇਗਾ ਯਾਨੀ ਉਹ “ਹਮੇਸ਼ਾ ਲਈ ਖ਼ਤਮ ਹੋ ਜਾਣਗੇ।”—ਮੱਤੀ 25:31-33, 46; ਇਬ. 5:9.
15. ਉਹ ‘ਸਾਰੇ’ ਕੌਣ ਹਨ ਜਿਨ੍ਹਾਂ ਨੂੰ “ਜੀਉਂਦਾ ਕੀਤਾ ਜਾਵੇਗਾ”?
15 ਗੌਰ ਕਰੋ ਕਿ ਪੌਲੁਸ ਨੇ ਕਿਹਾ ਕਿ “ਮਸੀਹ ਕਰਕੇ ਸਾਰਿਆਂ ਨੂੰ ਜੀਉਂਦਾ ਕੀਤਾ ਜਾਵੇਗਾ।” (1 ਕੁਰਿੰ. 15:22) ਪੌਲੁਸ ਨੇ ਇਹ ਚਿੱਠੀ ਕੁਰਿੰਥੁਸ ਵਿਚ ਰਹਿੰਦੇ ਚੁਣੇ ਹੋਏ ਮਸੀਹੀਆਂ ਨੂੰ ਲਿਖੀ ਸੀ ਜਿਨ੍ਹਾਂ ਨੂੰ ਸਵਰਗ ਜਾਣ ਲਈ ਜੀ ਉਠਾਇਆ ਜਾਣਾ ਸੀ। ਇਨ੍ਹਾਂ ਮਸੀਹੀਆਂ ਨੂੰ ‘ਮਸੀਹ ਯਿਸੂ ਦੇ ਚੇਲਿਆਂ ਦੇ ਤੌਰ ਤੇ ਪਵਿੱਤਰ ਕੀਤਾ ਗਿਆ ਸੀ ਅਤੇ ਪਵਿੱਤਰ ਸੇਵਕ ਬਣਨ ਲਈ ਸੱਦਿਆ ਗਿਆ ਸੀ।’ ਨਾਲੇ ਪੌਲੁਸ ਨੇ ਉਨ੍ਹਾਂ ਮਸੀਹੀਆਂ ਦਾ ਵੀ ਜ਼ਿਕਰ ਕੀਤਾ “ਜਿਹੜੇ ਮਸੀਹੀ ਮੌਤ ਦੀ ਨੀਂਦ ਸੌਂ ਚੁੱਕੇ ਹਨ।” (1 ਕੁਰਿੰ. 1:2; 15:18; 2 ਕੁਰਿੰ. 5:17) ਪੌਲੁਸ ਨੇ ਆਪਣੀ ਇਕ ਹੋਰ ਚਿੱਠੀ ਵਿਚ ਲਿਖਿਆ ਕਿ ਜਿਹੜੇ ‘ਯਿਸੂ ਵਾਂਗ ਮਰੇ ਹਨ, ਉਨ੍ਹਾਂ ਨੂੰ ਉਸ ਵਾਂਗ ਦੁਬਾਰਾ ਜੀਉਂਦਾ ਵੀ ਕੀਤਾ ਜਾਵੇਗਾ।’ (ਰੋਮੀ. 6:3-5) ਯਿਸੂ ਨੂੰ ਸਵਰਗੀ ਸਰੀਰ ਵਿਚ ਜੀਉਂਦਾ ਕੀਤਾ ਗਿਆ ਅਤੇ ਉਹ ਸਵਰਗ ਗਿਆ। “ਮਸੀਹ ਨਾਲ ਏਕਤਾ ਵਿਚ ਬੱਝੇ” ਯਾਨੀ ਪਵਿੱਤਰ ਸ਼ਕਤੀ ਨਾਲ ਚੁਣੇ ਹੋਏ ਮਸੀਹੀਆਂ ਨਾਲ ਵੀ ਇੱਦਾਂ ਹੀ ਹੋਵੇਗਾ।
16. ਪੌਲੁਸ ਨੇ ਯਿਸੂ ਨੂੰ ‘ਪਹਿਲਾ ਫਲ’ ਕਿਉਂ ਕਿਹਾ?
16 ਪੌਲੁਸ ਨੇ ਲਿਖਿਆ ਕਿ “ਜਿਹੜੇ ਲੋਕ ਮੌਤ ਦੀ ਨੀਂਦ ਸੌਂ ਚੁੱਕੇ ਹਨ, ਉਨ੍ਹਾਂ ਵਿੱਚੋਂ ਮਸੀਹ ਨੂੰ ਸਭ ਤੋਂ ਪਹਿਲਾਂ ਜੀਉਂਦਾ ਕਰ ਦਿੱਤਾ ਗਿਆ” ਸੀ। ਯਾਦ ਰੱਖੋ ਕਿ ਹੋਰਾਂ ਨੂੰ ਧਰਤੀ ʼਤੇ ਰਹਿਣ ਲਈ ਜੀਉਂਦਾ ਕੀਤਾ ਗਿਆ ਸੀ, ਜਿੱਦਾਂ ਕਿ ਲਾਜ਼ਰ। ਪਰ ਯਿਸੂ ਉਹ ਪਹਿਲਾ ਇਨਸਾਨ ਸੀ ਜਿਸ ਨੂੰ ਸਵਰਗੀ ਸਰੀਰ ਵਿਚ ਜੀਉਂਦਾ ਕੀਤਾ ਗਿਆ ਸੀ ਅਤੇ ਸਵਰਗ ਵਿਚ ਹਮੇਸ਼ਾ ਦੀ ਜ਼ਿੰਦਗੀ ਮਿਲੀ ਸੀ। ਯਿਸੂ ਦੀ ਤੁਲਨਾ ਉਸ ਪਹਿਲੇ ਫਲ ਨਾਲ ਕੀਤੀ ਜਾ ਸਕਦੀ ਹੈ ਜੋ ਇਜ਼ਰਾਈਲੀ ਆਪਣੀ ਫ਼ਸਲ ਵਿੱਚੋਂ ਪਰਮੇਸ਼ੁਰ ਨੂੰ ਚੜ੍ਹਾਉਂਦੇ ਸਨ। ਯਿਸੂ ਨੂੰ ‘ਪਹਿਲਾ ਫਲ’ ਕਹਿਣ ਦਾ ਮਤਲਬ ਸੀ ਕਿ ਉਸ ਤੋਂ ਬਾਅਦ ਹੋਰਾਂ ਨੂੰ ਵੀ ਸਵਰਗੀ ਜੀਵਨ ਦਿੱਤਾ ਜਾਣਾ ਸੀ। ਇਨ੍ਹਾਂ ਵਿਚ “ਮਸੀਹ ਨਾਲ ਏਕਤਾ ਵਿਚ ਬੱਝੇ” ਰਸੂਲ ਅਤੇ ਹੋਰ ਮਸੀਹੀ ਵੀ ਸ਼ਾਮਲ ਹਨ। ਸਮਾਂ ਆਉਣ ʼਤੇ ਉਨ੍ਹਾਂ ਨੂੰ ਵੀ ਯਿਸੂ ਵਾਂਗ ਸਵਰਗ ਵਿਚ ਜ਼ਿੰਦਗੀ ਮਿਲਣੀ ਸੀ।
17. “ਮਸੀਹ ਨਾਲ ਏਕਤਾ ਵਿਚ ਬੱਝੇ” ਹੋਇਆਂ ਨੂੰ ਸਵਰਗੀ ਇਨਾਮ ਕਦੋਂ ਮਿਲਣਾ ਸੀ?
17 ਜਦੋਂ ਪੌਲੁਸ ਨੇ ਕੁਰਿੰਥੁਸ ਦੇ ਭੈਣਾਂ-ਭਰਾਵਾਂ ਨੂੰ ਚਿੱਠੀ ਲਿਖੀ ਸੀ, ਉਦੋਂ “ਮਸੀਹ ਨਾਲ ਏਕਤਾ ਵਿਚ ਬੱਝੇ” ਹੋਏ ਮਸੀਹੀਆਂ ਨੂੰ ਅਜੇ ਸਵਰਗ ਜਾਣ ਲਈ ਜੀਉਂਦੇ ਨਹੀਂ ਕੀਤਾ ਗਿਆ ਸੀ। ਫਿਰ ਉਨ੍ਹਾਂ ਨੂੰ ਕਦੋਂ ਜੀਉਂਦੇ ਕੀਤਾ ਜਾਣਾ ਸੀ? ਪੌਲੁਸ ਨੇ ਕਿਹਾ: “ਸਾਰਿਆਂ ਨੂੰ ਆਪੋ-ਆਪਣੀ ਵਾਰੀ ਸਿਰ: ਸਭ ਤੋਂ ਪਹਿਲਾਂ ਮਸੀਹ ਨੂੰ ਤੇ ਫਿਰ ਉਸ ਦੀ ਮੌਜੂਦਗੀ ਦੌਰਾਨ ਉਨ੍ਹਾਂ ਨੂੰ ਜਿਹੜੇ ਮਸੀਹ ਦੇ ਹਨ।” (1 ਕੁਰਿੰ. 15:23; 1 ਥੱਸ. 4:15, 16) ਅੱਜ ਅਸੀਂ ਮਸੀਹ ਦੀ “ਮੌਜੂਦਗੀ” ਦੌਰਾਨ ਰਹਿ ਰਹੇ ਹਾਂ। ਸੋ ਰਸੂਲਾਂ ਅਤੇ ਹੋਰ ਚੁਣੇ ਹੋਏ ਮਸੀਹੀਆਂ ਨੂੰ ਮਸੀਹ ਦੀ ਮੌਜੂਦਗੀ ਤਕ ਇੰਤਜ਼ਾਰ ਕਰਨਾ ਪੈਣਾ ਸੀ। ਉਸ ਸਮੇਂ ਉਨ੍ਹਾਂ ਨੂੰ “[ਯਿਸੂ] ਵਾਂਗ ਦੁਬਾਰਾ ਜੀਉਂਦਾ” ਕੀਤਾ ਜਾਣਾ ਸੀ ਅਤੇ ਸਵਰਗੀ ਇਨਾਮ ਮਿਲਣਾ ਸੀ।
ਸਾਨੂੰ ਪੱਕੀ ਉਮੀਦ ਹੈ!
18. (ੳ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਸਵਰਗ ਜਾਣ ਵਾਲਿਆਂ ਤੋਂ ਇਲਾਵਾ ਹੋਰਾਂ ਨੂੰ ਵੀ ਜੀਉਂਦਾ ਕੀਤਾ ਜਾਵੇਗਾ? (ਅ) ਪਹਿਲਾ ਕੁਰਿੰਥੀਆਂ 15:24-26 ਅਨੁਸਾਰ ਸਵਰਗ ਵਿਚ ਕੀ ਹੋਵੇਗਾ?
18 ਪਰ ਉਨ੍ਹਾਂ ਸਾਰੇ ਵਫ਼ਾਦਾਰ ਮਸੀਹੀਆਂ ਨਾਲ ਕੀ ਹੋਵੇਗਾ ਜਿਨ੍ਹਾਂ ਨੂੰ ਸਵਰਗ ਵਿਚ ਮਸੀਹ ਨਾਲ ਰਹਿਣ ਦੀ ਉਮੀਦ ਨਹੀਂ ਹੈ? ਉਨ੍ਹਾਂ ਨੂੰ ਵੀ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਬਾਈਬਲ ਕਹਿੰਦੀ ਹੈ ਕਿ ਪੌਲੁਸ ਅਤੇ ਹੋਰ ਸਵਰਗ ਜਾਣ ਵਾਲੇ ਮਸੀਹੀਆਂ ਨੂੰ “ਮਰੇ ਹੋਇਆਂ ਵਿੱਚੋਂ ਪਹਿਲਾਂ ਜੀਉਂਦਾ ਕੀਤਾ ਜਾਵੇਗਾ।” (ਫ਼ਿਲਿ. 3:11) ਕੀ ਇਸ ਤੋਂ ਇਹ ਪਤਾ ਨਹੀਂ ਲੱਗਦਾ ਕਿ ਬਾਅਦ ਵਿਚ ਹੋਰਾਂ ਨੂੰ ਵੀ ਦੁਬਾਰਾ ਜੀਉਂਦਾ ਕੀਤਾ ਜਾਵੇਗਾ? ਇਹ ਗੱਲ ਅੱਯੂਬ ਦੇ ਸ਼ਬਦਾਂ ਨਾਲ ਮੇਲ ਖਾਂਦੀ ਹੈ ਜੋ ਉਸ ਨੇ ਆਪਣੇ ਭਵਿੱਖ ਬਾਰੇ ਕਹੇ ਸਨ। (ਅੱਯੂ. 14:15) ‘ਜਿਹੜੇ ਮਸੀਹ ਦੇ ਹਨ ਉਹ ਉਸ ਦੀ ਮੌਜੂਦਗੀ ਦੌਰਾਨ’ ਉਸ ਨਾਲ ਸਵਰਗ ਵਿਚ ਹੋਣਗੇ ਜਦੋਂ ਉਹ ਸਾਰੀਆਂ ਸਰਕਾਰਾਂ ਅਤੇ ਅਧਿਕਾਰ ਤੇ ਤਾਕਤ ਰੱਖਣ ਵਾਲਿਆਂ ਨੂੰ ਖ਼ਤਮ ਕਰੇਗਾ। ਨਾਲੇ “ਆਖ਼ਰੀ ਦੁਸ਼ਮਣ ਮੌਤ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ।” ਇਹ ਗੱਲ ਸਾਫ਼ ਹੈ ਕਿ ਜਿਨ੍ਹਾਂ ਨੂੰ ਦੁਬਾਰਾ ਜੀਉਂਦੇ ਕਰ ਕੇ ਸਵਰਗ ਲਿਜਾਇਆ ਜਾਵੇਗਾ, ਉਨ੍ਹਾਂ ʼਤੇ ਮੌਤ ਦਾ ਕੋਈ ਵੱਸ ਨਹੀਂ ਚੱਲੇਗਾ।—1 ਕੁਰਿੰਥੀਆਂ 15:24-26 ਪੜ੍ਹੋ।
19. ਧਰਤੀ ʼਤੇ ਰਹਿਣ ਦੀ ਉਮੀਦ ਰੱਖਣ ਵਾਲੇ ਕਿਸ ਗੱਲ ʼਤੇ ਯਕੀਨ ਕਰ ਸਕਦੇ ਹਨ?
19 ਪਰ ਜੋ ਸਵਰਗ ਨਹੀਂ ਜਾਣਗੇ ਉਹ ਕਿਸ ਗੱਲ ਦੀ ਉਮੀਦ ਰੱਖ ਸਕਦੇ ਹਨ? ਪੌਲੁਸ ਨੇ ਕਿਹਾ: “ਮੈਨੂੰ . . . ਇਹ ਆਸ਼ਾ ਹੈ ਕਿ ਪਰਮੇਸ਼ੁਰ ਮਰ ਚੁੱਕੇ ਧਰਮੀ ਅਤੇ ਕੁਧਰਮੀ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ।” (ਰਸੂ. 24:15) ਇਹ ਗੱਲ ਤਾਂ ਸਾਫ਼ ਹੈ ਕਿ ਕੋਈ ਵੀ ਕੁਧਰਮੀ ਵਿਅਕਤੀ ਸਵਰਗ ਨਹੀਂ ਜਾ ਸਕਦਾ। ਸੋ ਪੌਲੁਸ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਧਰਤੀ ʼਤੇ ਵੀ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ।
20. ਤੁਹਾਡਾ ਭਰੋਸਾ ਕਿਵੇਂ ਵਧਿਆ ਹੈ ਕਿ ਮਰੇ ਹੋਏ ਲੋਕ ਜੀਉਂਦੇ ਕੀਤੇ ਜਾਣਗੇ?
20 ਇਹ ਗੱਲ ਤਾਂ ਪੱਕੀ ਹੈ ਕਿ “ਮਰ ਚੁੱਕੇ . . . ਲੋਕਾਂ ਨੂੰ ਦੁਬਾਰਾ ਜੀਉਂਦਾ” ਕੀਤਾ ਜਾਵੇਗਾ! ਧਰਤੀ ʼਤੇ ਦੁਬਾਰਾ ਜੀਉਂਦੇ ਕੀਤੇ ਜਾਣ ਵਾਲੇ ਲੋਕ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਰੱਖ ਸਕਦੇ ਹਨ। ਤੁਸੀਂ ਇਸ ਵਾਅਦੇ ʼਤੇ ਭਰੋਸਾ ਰੱਖ ਸਕਦੇ ਹੋ। ਇਸ ਉਮੀਦ ਤੋਂ ਤੁਹਾਨੂੰ ਦਿਲਾਸਾ ਮਿਲ ਸਕਦਾ ਹੈ ਕਿ ਤੁਹਾਡੇ ਮਰ ਚੁੱਕੇ ਪਿਆਰੇ ਫਿਰ ਤੋਂ ਧਰਤੀ ʼਤੇ ਜੀਉਣਗੇ। ਉਨ੍ਹਾਂ ਨੂੰ ਉਦੋਂ ਜੀਉਂਦਾ ਕੀਤਾ ਜਾਵੇਗਾ ਜਦੋਂ ਯਿਸੂ ਅਤੇ ਚੁਣੇ ਹੋਏ ਮਸੀਹੀ “ਰਾਜਿਆਂ ਵਜੋਂ 1,000 ਸਾਲ ਰਾਜ ਕਰਨਗੇ।” (ਪ੍ਰਕਾ. 20:6) ਤੁਸੀਂ ਵੀ ਆਪਣੀ ਇਸ ਉਮੀਦ ਨੂੰ ਘੁੱਟ ਕੇ ਫੜੀ ਰੱਖ ਸਕਦੇ ਹੋ ਕਿ ਜੇ ਤੁਸੀਂ ਹਜ਼ਾਰ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਮਰ ਵੀ ਗਏ, ਤਾਂ ਤੁਹਾਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਇਹ “ਉਮੀਦ ਸਾਨੂੰ ਨਿਰਾਸ਼ ਨਹੀਂ ਕਰਦੀ।” (ਰੋਮੀ. 5:5) ਇਸ ਉਮੀਦ ਕਰਕੇ ਤੁਹਾਨੂੰ ਅੱਜ ਵੀ ਹਿੰਮਤ ਮਿਲ ਸਕਦੀ ਹੈ ਅਤੇ ਤੁਸੀਂ ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਦੀ ਸੇਵਾ ਕਰ ਸਕਦੇ ਹੋ। ਪਰ ਪਹਿਲਾ ਕੁਰਿੰਥੀਆਂ ਦੇ 15ਵੇਂ ਅਧਿਆਇ ਤੋਂ ਅਸੀਂ ਹੋਰ ਵੀ ਬਹੁਤ ਕੁਝ ਸਿੱਖ ਸਕਦੇ ਹਾਂ ਜਿਸ ਬਾਰੇ ਅਸੀਂ ਅਗਲੇ ਲੇਖ ਵਿਚ ਚਰਚਾ ਕਰਾਂਗੇ।
ਗੀਤ 55 ਸਦਾ ਦੀ ਜ਼ਿੰਦਗੀ
a ਪਹਿਲਾ ਕੁਰਿੰਥੀਆਂ ਦੇ 15ਵੇਂ ਅਧਿਆਇ ਵਿਚ ਜੀਉਂਦੇ ਕੀਤੇ ਜਾਣ ਦੀ ਉਮੀਦ ʼਤੇ ਜ਼ੋਰ ਦਿੱਤਾ ਗਿਆ ਹੈ। ਇਹ ਸਿੱਖਿਆ ਸਾਡੇ ਲਈ ਇੰਨੀ ਅਹਿਮ ਕਿਉਂ ਹੈ ਅਤੇ ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਿਸੂ ਨੂੰ ਜੀਉਂਦਾ ਕੀਤਾ ਗਿਆ ਸੀ? ਇਸ ਲੇਖ ਵਿਚ ਇਨ੍ਹਾਂ ਅਤੇ ਹੋਰ ਅਹਿਮ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।
b ਤਸਵੀਰਾਂ ਬਾਰੇ ਜਾਣਕਾਰੀ: ਯਿਸੂ ਸਭ ਤੋਂ ਪਹਿਲਾ ਵਿਅਕਤੀ ਸੀ ਜਿਸ ਨੂੰ ਸਵਰਗ ਲਿਜਾਇਆ ਗਿਆ। (ਰਸੂ. 1:9) ਬਾਅਦ ਵਿਚ ਉਸ ਦੇ ਕੁਝ ਚੇਲਿਆਂ ਨੇ ਵੀ ਸਵਰਗ ਜਾਣਾ ਸੀ, ਜਿਵੇਂ ਥੋਮਾ, ਯਾਕੂਬ, ਲੀਡੀਆ, ਯੂਹੰਨਾ, ਮਰੀਅਮ ਅਤੇ ਪੌਲੁਸ।
c ਤਸਵੀਰਾਂ ਬਾਰੇ ਜਾਣਕਾਰੀ: ਇਕ ਭਰਾ ਦੀ ਪਿਆਰੀ ਪਤਨੀ ਗੁਜ਼ਰ ਗਈ ਜਿਸ ਨਾਲ ਮਿਲ ਕੇ ਉਸ ਨੇ ਕਈ ਸਾਲ ਸੇਵਾ ਕੀਤੀ ਸੀ। ਉਸ ਨੂੰ ਯਕੀਨ ਹੈ ਕਿ ਉਹ ਦੁਬਾਰਾ ਜੀਉਂਦੀ ਹੋ ਜਾਵੇਗੀ ਅਤੇ ਉਹ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਕਰ ਰਿਹਾ ਹੈ।