ਯੂਹੰਨਾ ਮੁਤਾਬਕ ਖ਼ੁਸ਼ ਖ਼ਬਰੀ
7 ਇਸ ਤੋਂ ਬਾਅਦ ਯਿਸੂ ਗਲੀਲ ਦਾ ਦੌਰਾ ਕਰਦਾ ਰਿਹਾ। ਉਹ ਯਹੂਦਿਯਾ ਨੂੰ ਨਹੀਂ ਜਾਣਾ ਚਾਹੁੰਦਾ ਸੀ ਕਿਉਂਕਿ ਯਹੂਦੀ ਉਸ ਨੂੰ ਜਾਨੋਂ ਮਾਰਨਾ ਚਾਹੁੰਦੇ ਸਨ।+ 2 ਉਸ ਵੇਲੇ ਯਹੂਦੀਆਂ ਦਾ ਡੇਰਿਆਂ* ਦਾ ਤਿਉਹਾਰ+ ਲਾਗੇ ਸੀ। 3 ਇਸ ਲਈ ਉਸ ਦੇ ਭਰਾਵਾਂ+ ਨੇ ਉਸ ਨੂੰ ਕਿਹਾ: “ਇੱਥੋਂ ਯਹੂਦਿਯਾ ਨੂੰ ਚਲਾ ਜਾਹ ਤਾਂਕਿ ਤੇਰੇ ਸਾਰੇ ਚੇਲੇ ਤੇਰੇ ਕੰਮਾਂ ਨੂੰ ਦੇਖ ਸਕਣ ਜੋ ਤੂੰ ਕਰਦਾ ਹੈਂ। 4 ਕਿਉਂਕਿ ਜੇ ਕੋਈ ਚਾਹੁੰਦਾ ਹੈ ਕਿ ਲੋਕ ਉਸ ਨੂੰ ਜਾਣਨ, ਤਾਂ ਉਹ ਕੋਈ ਵੀ ਕੰਮ ਲੁਕ ਕੇ ਨਹੀਂ ਕਰਦਾ। ਜੇ ਤੂੰ ਚਮਤਕਾਰ ਕਰਨੇ ਹੀ ਹਨ, ਤਾਂ ਸਾਰੀ ਦੁਨੀਆਂ ਦੇ ਸਾਮ੍ਹਣੇ ਕਰ।” 5 ਅਸਲ ਵਿਚ ਉਸ ਦੇ ਭਰਾ ਉਸ ਉੱਤੇ ਨਿਹਚਾ ਨਹੀਂ ਕਰਦੇ ਸਨ।+ 6 ਇਸ ਲਈ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਪਰ ਮੇਰਾ ਮਿਥਿਆ ਸਮਾਂ ਅਜੇ ਨਹੀਂ ਆਇਆ,+ ਪਰ ਤੁਸੀਂ ਕਿਸੇ ਵੀ ਸਮੇਂ ਜਾ ਸਕਦੇ ਹੋ। 7 ਦੁਨੀਆਂ ਕੋਲ ਤੁਹਾਡੇ ਨਾਲ ਨਫ਼ਰਤ ਕਰਨ ਦਾ ਕੋਈ ਕਾਰਨ ਨਹੀਂ ਹੈ, ਪਰ ਇਹ ਮੇਰੇ ਨਾਲ ਨਫ਼ਰਤ ਕਰਦੀ ਹੈ ਕਿਉਂਕਿ ਮੈਂ ਗਵਾਹੀ ਦਿੰਦਾ ਹਾਂ ਕਿ ਦੁਨੀਆਂ ਦੇ ਕੰਮ ਬੁਰੇ ਹਨ।+ 8 ਤੁਸੀਂ ਤਿਉਹਾਰ ਮਨਾਉਣ ਚਲੇ ਜਾਓ; ਪਰ ਮੈਂ ਇਹ ਤਿਉਹਾਰ ਮਨਾਉਣ ਲਈ ਹਾਲੇ ਨਹੀਂ ਜਾਣਾ ਕਿਉਂਕਿ ਮੇਰਾ ਸਮਾਂ ਅਜੇ ਨਹੀਂ ਆਇਆ।”+ 9 ਉਨ੍ਹਾਂ ਨੂੰ ਇਹ ਗੱਲਾਂ ਕਹਿਣ ਤੋਂ ਬਾਅਦ ਉਹ ਗਲੀਲ ਵਿਚ ਹੀ ਰਿਹਾ।
10 ਪਰ ਜਦੋਂ ਉਸ ਦੇ ਭਰਾ ਤਿਉਹਾਰ ਮਨਾਉਣ ਲਈ ਚਲੇ ਗਏ, ਤਾਂ ਬਾਅਦ ਵਿਚ ਉਹ ਵੀ ਚਲਾ ਗਿਆ। ਉਹ ਖੁੱਲ੍ਹੇ-ਆਮ ਨਹੀਂ ਗਿਆ, ਸਗੋਂ ਲੁਕ-ਛਿਪ ਕੇ ਗਿਆ। 11 ਇਸ ਲਈ ਯਹੂਦੀ ਉਸ ਨੂੰ ਤਿਉਹਾਰ ਵਿਚ ਲੱਭਦੇ ਹੋਏ ਪੁੱਛਣ ਲੱਗੇ: “ਉਹ ਬੰਦਾ ਕਿੱਥੇ ਹੈ?” 12 ਅਤੇ ਸਾਰੇ ਲੋਕ ਦੱਬੀ ਜ਼ਬਾਨ ਵਿਚ ਉਸ ਬਾਰੇ ਗੱਲਾਂ ਕਰ ਰਹੇ ਸਨ। ਕਈ ਕਹਿ ਰਹੇ ਸਨ: “ਉਹ ਚੰਗਾ ਆਦਮੀ ਹੈ।” ਪਰ ਕਈ ਹੋਰ ਕਹਿ ਰਹੇ ਸਨ: “ਨਹੀਂ, ਉਹ ਚੰਗਾ ਆਦਮੀ ਨਹੀਂ ਹੈ। ਉਹ ਲੋਕਾਂ ਨੂੰ ਗੁਮਰਾਹ ਕਰਦਾ ਹੈ।”+ 13 ਪਰ ਯਹੂਦੀਆਂ ਤੋਂ ਡਰ ਦੇ ਮਾਰੇ ਕੋਈ ਵੀ ਉਸ ਬਾਰੇ ਖੁੱਲ੍ਹੇ-ਆਮ ਕੁਝ ਨਹੀਂ ਸੀ ਕਹਿ ਰਿਹਾ।+
14 ਜਦੋਂ ਤਿਉਹਾਰ ਦੇ ਅੱਧੇ ਦਿਨ ਲੰਘ ਗਏ, ਤਾਂ ਯਿਸੂ ਮੰਦਰ ਵਿਚ ਜਾ ਕੇ ਸਿੱਖਿਆ ਦੇਣ ਲੱਗ ਪਿਆ। 15 ਯਹੂਦੀ ਬਹੁਤ ਹੈਰਾਨ ਹੋ ਕੇ ਕਹਿਣ ਲੱਗੇ: “ਇਸ ਬੰਦੇ ਨੂੰ ਧਰਮ-ਗ੍ਰੰਥ* ਦਾ ਇੰਨਾ ਗਿਆਨ ਕਿੱਥੋਂ ਮਿਲਿਆ,+ ਜਦ ਕਿ ਇਸ ਨੇ ਧਾਰਮਿਕ ਸਕੂਲਾਂ* ਵਿਚ ਪੜ੍ਹਾਈ ਨਹੀਂ ਕੀਤੀ?”+ 16 ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਜੋ ਸਿੱਖਿਆ ਮੈਂ ਦਿੰਦਾ ਹਾਂ ਉਹ ਮੇਰੀ ਨਹੀਂ, ਸਗੋਂ ਮੇਰੇ ਘੱਲਣ ਵਾਲੇ ਦੀ ਹੈ।+ 17 ਜੇ ਕੋਈ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਚਾਹੁੰਦਾ ਹੈ, ਉਹ ਜਾਣ ਲਵੇਗਾ ਕਿ ਇਹ ਸਿੱਖਿਆ ਪਰਮੇਸ਼ੁਰ ਤੋਂ ਹੈ+ ਜਾਂ ਕਿ ਮੈਂ ਆਪਣੀ ਹੀ ਸਿੱਖਿਆ ਦਿੰਦਾ ਹਾਂ। 18 ਜੋ ਆਪਣੀ ਹੀ ਸਿੱਖਿਆ ਦਿੰਦਾ ਹੈ, ਉਹ ਆਪਣੀ ਹੀ ਵਡਿਆਈ ਚਾਹੁੰਦਾ ਹੈ; ਪਰ ਜਿਹੜਾ ਆਪਣੇ ਘੱਲਣ ਵਾਲੇ ਦੀ ਵਡਿਆਈ ਚਾਹੁੰਦਾ ਹੈ,+ ਉਹ ਸੱਚਾ ਹੈ ਅਤੇ ਉਸ ਵਿਚ ਜ਼ਰਾ ਵੀ ਛਲ ਨਹੀਂ ਹੈ। 19 ਕੀ ਮੂਸਾ ਨੇ ਤੁਹਾਨੂੰ ਕਾਨੂੰਨ ਨਹੀਂ ਸੀ ਦਿੱਤਾ?+ ਪਰ ਤੁਹਾਡੇ ਵਿੱਚੋਂ ਇਕ ਜਣਾ ਵੀ ਉਸ ਕਾਨੂੰਨ ʼਤੇ ਨਹੀਂ ਚੱਲਦਾ। ਤੁਸੀਂ ਮੈਨੂੰ ਕਿਉਂ ਮਾਰਨਾ ਚਾਹੁੰਦੇ ਹੋ?”+ 20 ਭੀੜ ਨੇ ਜਵਾਬ ਦਿੱਤਾ: “ਤੈਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਹੈ। ਤੈਨੂੰ ਭਲਾ ਕੌਣ ਮਾਰਨਾ ਚਾਹੁੰਦਾ ਹੈ?” 21 ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਮੇਰੇ ਇਕ ਚਮਤਕਾਰ ʼਤੇ ਤੁਸੀਂ ਇੰਨੇ ਹੈਰਾਨ ਹੋ ਰਹੇ ਹੋ। 22 ਪਰ ਜ਼ਰਾ ਇਸ ਗੱਲ ਵੱਲ ਧਿਆਨ ਦਿਓ: ਮੂਸਾ ਨੇ ਤੁਹਾਨੂੰ ਸੁੰਨਤ ਕਰਨ ਦਾ ਕਾਨੂੰਨ ਦਿੱਤਾ+ (ਭਾਵੇਂ ਕਿ ਇਹ ਰੀਤ ਮੂਸਾ ਤੋਂ ਨਹੀਂ, ਸਗੋਂ ਤੁਹਾਡੇ ਪਿਉ-ਦਾਦਿਆਂ ਤੋਂ ਸ਼ੁਰੂ ਹੋਈ ਸੀ।)+ ਅਤੇ ਤੁਸੀਂ ਖ਼ੁਦ ਸਬਤ ਦੇ ਦਿਨ ਆਦਮੀ ਦੀ ਸੁੰਨਤ ਕਰਦੇ ਹੋ। 23 ਜੇ ਮੂਸਾ ਦਾ ਕਾਨੂੰਨ ਤੋੜਨ ਤੋਂ ਬਚਣ ਲਈ ਤੁਸੀਂ ਸਬਤ ਦੇ ਦਿਨ ਵੀ ਆਦਮੀ ਦੀ ਸੁੰਨਤ ਕਰਦੇ ਹੋ, ਤਾਂ ਫਿਰ ਤੁਸੀਂ ਮੇਰੇ ਉੱਤੇ ਗੁੱਸੇ ਨਾਲ ਲਾਲ-ਪੀਲ਼ੇ ਕਿਉਂ ਹੋ ਰਹੇ ਹੋ ਕਿਉਂਕਿ ਮੈਂ ਸਬਤ ਦੇ ਦਿਨ ਇਕ ਆਦਮੀ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਸੀ?+ 24 ਬਾਹਰੀ ਰੂਪ ਦੇਖ ਕੇ ਨਿਆਂ ਕਰਨਾ ਛੱਡ ਦਿਓ, ਸੱਚਾਈ ਨਾਲ ਨਿਆਂ ਕਰੋ।”+
25 ਫਿਰ ਯਰੂਸ਼ਲਮ ਵਿਚ ਰਹਿਣ ਵਾਲੇ ਕੁਝ ਲੋਕ ਕਹਿਣ ਲੱਗੇ: “ਕੀ ਇਹ ਉਹੀ ਬੰਦਾ ਨਹੀਂ ਜਿਸ ਨੂੰ ਧਾਰਮਿਕ ਆਗੂ ਜਾਨੋਂ ਮਾਰਨਾ ਚਾਹੁੰਦੇ ਹਨ?+ 26 ਪਰ ਦੇਖੋ! ਇਹ ਤਾਂ ਖੁੱਲ੍ਹੇ-ਆਮ ਗੱਲਾਂ ਕਰ ਰਿਹਾ ਹੈ ਅਤੇ ਉਹ ਇਹ ਨੂੰ ਕੁਝ ਵੀ ਨਹੀਂ ਕਹਿ ਰਹੇ। ਕਿਤੇ ਧਾਰਮਿਕ ਆਗੂਆਂ ਨੂੰ ਵਿਸ਼ਵਾਸ ਤਾਂ ਨਹੀਂ ਹੋ ਗਿਆ ਕਿ ਇਹੀ ਮਸੀਹ ਹੈ? 27 ਪਰ ਅਸੀਂ ਤਾਂ ਜਾਣਦੇ ਹਾਂ ਕਿ ਇਹ ਬੰਦਾ ਕਿੱਥੋਂ ਆਇਆ ਹੈ;+ ਪਰ ਜਦੋਂ ਮਸੀਹ ਆਵੇਗਾ, ਤਾਂ ਕਿਸੇ ਨੂੰ ਵੀ ਨਹੀਂ ਪਤਾ ਹੋਵੇਗਾ ਕਿ ਉਹ ਕਿੱਥੋਂ ਆਇਆ ਹੈ।” 28 ਫਿਰ ਯਿਸੂ ਨੇ ਮੰਦਰ ਵਿਚ ਸਿੱਖਿਆ ਦਿੰਦੇ ਹੋਏ ਉੱਚੀ ਆਵਾਜ਼ ਵਿਚ ਕਿਹਾ: “ਤੁਸੀਂ ਜਾਣਦੇ ਹੋ ਕਿ ਮੈਂ ਕੌਣ ਹਾਂ ਅਤੇ ਕਿੱਥੋਂ ਆਇਆ ਹਾਂ। ਨਾਲੇ ਮੈਂ ਆਪਣੀ ਮਰਜ਼ੀ ਨਾਲ ਨਹੀਂ ਆਇਆ,+ ਪਰ ਜਿਸ ਨੇ ਮੈਨੂੰ ਘੱਲਿਆ ਹੈ, ਉਹ ਸੱਚ-ਮੁੱਚ ਹੋਂਦ ਵਿਚ ਹੈ ਅਤੇ ਤੁਸੀਂ ਉਸ ਨੂੰ ਨਹੀਂ ਜਾਣਦੇ।+ 29 ਮੈਂ ਉਸ ਨੂੰ ਜਾਣਦਾ ਹਾਂ+ ਕਿਉਂਕਿ ਮੈਂ ਉਸ ਦਾ ਬੁਲਾਰਾ ਹਾਂ ਅਤੇ ਉਸੇ ਨੇ ਮੈਨੂੰ ਘੱਲਿਆ ਹੈ।” 30 ਉਸ ਦੀ ਗੱਲ ਸੁਣ ਕੇ ਉਹ ਉਸ ਨੂੰ ਫੜਨਾ ਚਾਹੁੰਦੇ ਸਨ,+ ਪਰ ਕੋਈ ਵੀ ਉਸ ਨੂੰ ਹੱਥ ਨਾ ਲਾ ਸਕਿਆ ਕਿਉਂਕਿ ਉਸ ਦਾ ਸਮਾਂ ਅਜੇ ਨਹੀਂ ਆਇਆ ਸੀ।+ 31 ਫਿਰ ਵੀ ਭੀੜ ਵਿੱਚੋਂ ਕਈਆਂ ਨੇ ਉਸ ʼਤੇ ਨਿਹਚਾ ਕੀਤੀ+ ਅਤੇ ਉਨ੍ਹਾਂ ਨੇ ਕਿਹਾ: “ਇਹ ਆਦਮੀ ਇੰਨੇ ਚਮਤਕਾਰ ਕਰਦਾ ਹੈ, ਜੇ ਇਹ ਮਸੀਹ ਨਹੀਂ ਤਾਂ ਹੋਰ ਕੌਣ ਹੈ?”
32 ਫ਼ਰੀਸੀਆਂ ਨੇ ਲੋਕਾਂ ਨੂੰ ਉਸ ਸੰਬੰਧੀ ਇਨ੍ਹਾਂ ਗੱਲਾਂ ਬਾਰੇ ਘੁਸਰ-ਮੁਸਰ ਕਰਦਿਆਂ ਸੁਣਿਆ ਅਤੇ ਮੁੱਖ ਪੁਜਾਰੀਆਂ ਤੇ ਫ਼ਰੀਸੀਆਂ ਨੇ ਉਸ ਨੂੰ ਫੜਨ* ਲਈ ਮੰਦਰ ਦੇ ਪਹਿਰੇਦਾਰਾਂ ਨੂੰ ਘੱਲਿਆ। 33 ਤਦ ਯਿਸੂ ਨੇ ਕਿਹਾ: “ਮੈਂ ਹਾਲੇ ਥੋੜ੍ਹਾ ਚਿਰ ਹੋਰ ਤੁਹਾਡੇ ਨਾਲ ਹਾਂ ਅਤੇ ਫਿਰ ਮੈਂ ਆਪਣੇ ਘੱਲਣ ਵਾਲੇ ਕੋਲ ਵਾਪਸ ਚਲਾ ਜਾਵਾਂਗਾ।+ 34 ਤੁਸੀਂ ਮੈਨੂੰ ਲੱਭੋਗੇ ਪਰ ਲੱਭ ਨਾ ਸਕੋਗੇ ਅਤੇ ਜਿੱਥੇ ਮੈਂ ਹੋਵਾਂਗਾ ਉੱਥੇ ਤੁਸੀਂ ਨਹੀਂ ਆ ਸਕਦੇ।”+ 35 ਇਸ ਲਈ ਯਹੂਦੀ ਆਪਸ ਵਿਚ ਕਹਿਣ ਲੱਗੇ: “ਇਹ ਬੰਦਾ ਕਿੱਥੇ ਜਾਣ ਬਾਰੇ ਗੱਲ ਕਰ ਰਿਹਾ ਹੈ ਜਿੱਥੇ ਅਸੀਂ ਇਸ ਨੂੰ ਲੱਭ ਨਾ ਸਕਾਂਗੇ? ਕਿਤੇ ਇਹ ਯੂਨਾਨੀ ਇਲਾਕਿਆਂ ਵਿਚ ਰਹਿੰਦੇ ਯਹੂਦੀਆਂ ਕੋਲ ਜਾਣ ਬਾਰੇ ਅਤੇ ਯੂਨਾਨੀਆਂ ਨੂੰ ਵੀ ਸਿੱਖਿਆ ਦੇਣ ਬਾਰੇ ਤਾਂ ਨਹੀਂ ਗੱਲ ਕਰ ਰਿਹਾ? 36 ਇਸ ਦੇ ਕਹਿਣ ਦਾ ਕੀ ਮਤਲਬ ਹੈ ਕਿ ‘ਤੁਸੀਂ ਮੈਨੂੰ ਲੱਭੋਗੇ ਪਰ ਲੱਭ ਨਾ ਸਕੋਗੇ ਅਤੇ ਜਿੱਥੇ ਮੈਂ ਹੋਵਾਂਗਾ ਉੱਥੇ ਤੁਸੀਂ ਨਹੀਂ ਆ ਸਕਦੇ’?”
37 ਫਿਰ ਤਿਉਹਾਰ ਦੇ ਅਖ਼ੀਰਲੇ ਦਿਨ, ਜੋ ਸਭ ਤੋਂ ਖ਼ਾਸ ਦਿਨ ਸੀ,+ ਯਿਸੂ ਨੇ ਖੜ੍ਹਾ ਹੋ ਕੇ ਉੱਚੀ ਆਵਾਜ਼ ਵਿਚ ਕਿਹਾ: “ਜੇ ਕੋਈ ਪਿਆਸਾ ਹੈ, ਤਾਂ ਉਹ ਮੇਰੇ ਕੋਲ ਆ ਕੇ ਪਾਣੀ ਪੀਵੇ।+ 38 ਜਿਹੜਾ ਮੇਰੇ ʼਤੇ ਨਿਹਚਾ ਕਰਦਾ ਹੈ, ਠੀਕ ਜਿਵੇਂ ਧਰਮ-ਗ੍ਰੰਥ ਵਿਚ ਕਿਹਾ ਗਿਆ ਹੈ, ‘ਉਸ ਦੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਅੰਮ੍ਰਿਤ ਜਲ ਦਾ ਚਸ਼ਮਾ ਵਗਦਾ ਰਹੇਗਾ।’”+ 39 ਪਰ ਉਸ ਨੇ ਇਹ ਗੱਲ ਪਵਿੱਤਰ ਸ਼ਕਤੀ ਬਾਰੇ ਕਹੀ ਸੀ ਜੋ ਉਸ ਉੱਤੇ ਨਿਹਚਾ ਕਰਨ ਵਾਲੇ ਲੋਕਾਂ ਨੂੰ ਮਿਲਣ ਵਾਲੀ ਸੀ; ਪਵਿੱਤਰ ਸ਼ਕਤੀ ਉਨ੍ਹਾਂ ਨੂੰ ਹਾਲੇ ਮਿਲੀ ਨਹੀਂ ਸੀ+ ਕਿਉਂਕਿ ਯਿਸੂ ਨੂੰ ਅਜੇ ਮਹਿਮਾ ਨਹੀਂ ਮਿਲੀ ਸੀ।+ 40 ਭੀੜ ਵਿੱਚੋਂ ਕੁਝ ਲੋਕ ਕਹਿਣ ਲੱਗੇ: “ਇਹ ਸੱਚ-ਮੁੱਚ ਉਹੀ ਨਬੀ ਹੈ ਜਿਸ ਦੇ ਆਉਣ ਦੀ ਭਵਿੱਖਬਾਣੀ ਕੀਤੀ ਗਈ ਸੀ।”+ 41 ਦੂਸਰੇ ਕਹਿ ਰਹੇ ਸਨ: “ਇਹ ਮਸੀਹ ਹੈ।”+ ਪਰ ਕੁਝ ਕਹਿ ਰਹੇ ਸਨ: “ਤੁਹਾਨੂੰ ਲੱਗਦਾ ਮਸੀਹ ਗਲੀਲ ਤੋਂ ਆਵੇਗਾ?+ 42 ਕੀ ਧਰਮ-ਗ੍ਰੰਥ ਵਿਚ ਇਹ ਨਹੀਂ ਕਿਹਾ ਗਿਆ ਕਿ ਮਸੀਹ ਦਾਊਦ ਦੀ ਪੀੜ੍ਹੀ ਵਿੱਚੋਂ+ ਅਤੇ ਦਾਊਦ ਦੇ ਪਿੰਡ ਬੈਤਲਹਮ+ ਤੋਂ ਆਵੇਗਾ?”+ 43 ਇਸ ਲਈ ਯਿਸੂ ਕਰਕੇ ਭੀੜ ਵਿਚ ਫੁੱਟ ਪੈ ਗਈ। 44 ਉਨ੍ਹਾਂ ਵਿੱਚੋਂ ਕੁਝ ਯਿਸੂ ਨੂੰ ਫੜਨਾ* ਚਾਹੁੰਦੇ ਸਨ, ਪਰ ਕੋਈ ਵੀ ਉਸ ਨੂੰ ਹੱਥ ਨਾ ਲਾ ਸਕਿਆ।
45 ਫਿਰ ਮੰਦਰ ਦੇ ਪਹਿਰੇਦਾਰ ਵਾਪਸ ਆ ਗਏ ਅਤੇ ਮੁੱਖ ਪੁਜਾਰੀਆਂ ਤੇ ਫ਼ਰੀਸੀਆਂ ਨੇ ਉਨ੍ਹਾਂ ਨੂੰ ਪੁੱਛਿਆ: “ਤੁਸੀਂ ਉਸ ਨੂੰ ਫੜ ਕੇ ਕਿਉਂ ਨਹੀਂ ਲਿਆਏ?” 46 ਉਨ੍ਹਾਂ ਨੇ ਜਵਾਬ ਦਿੱਤਾ: “ਪਹਿਲਾਂ ਕਦੇ ਵੀ ਕਿਸੇ ਨੇ ਇਸ ਆਦਮੀ ਵਾਂਗ ਸਿੱਖਿਆ ਨਹੀਂ ਦਿੱਤੀ।”+ 47 ਫਿਰ ਫ਼ਰੀਸੀਆਂ ਨੇ ਕਿਹਾ: “ਕਿਤੇ ਤੁਸੀਂ ਵੀ ਉਸ ਦੀਆਂ ਗੱਲਾਂ ਵਿਚ ਤਾਂ ਨਹੀਂ ਆ ਗਏ? 48 ਕੀ ਧਾਰਮਿਕ ਆਗੂਆਂ ਅਤੇ ਫ਼ਰੀਸੀਆਂ ਵਿੱਚੋਂ ਕਿਸੇ ਨੇ ਉਸ ਉੱਤੇ ਨਿਹਚਾ ਕੀਤੀ?+ 49 ਪਰ ਇਹ ਲੋਕ ਜੋ ਮੂਸਾ ਦੇ ਕਾਨੂੰਨ ਨੂੰ ਨਹੀਂ ਸਮਝਦੇ, ਸਰਾਪੇ ਹੋਏ ਹਨ।” 50 ਉਨ੍ਹਾਂ ਆਗੂਆਂ ਵਿਚ ਨਿਕੁਦੇਮੁਸ ਵੀ ਸੀ ਜਿਹੜਾ ਪਹਿਲਾਂ ਯਿਸੂ ਨੂੰ ਮਿਲ ਚੁੱਕਾ ਸੀ। ਉਸ ਨੇ ਉਨ੍ਹਾਂ ਨੂੰ ਕਿਹਾ: 51 “ਸਾਡੇ ਕਾਨੂੰਨ ਮੁਤਾਬਕ ਕਿਸੇ ਵੀ ਆਦਮੀ ਨੂੰ ਉਦੋਂ ਤਕ ਦੋਸ਼ੀ ਨਹੀਂ ਠਹਿਰਾਇਆ ਜਾਂਦਾ ਜਦ ਤਕ ਉਸ ਦੀ ਗੱਲ ਨਹੀਂ ਸੁਣੀ ਜਾਂਦੀ ਅਤੇ ਇਹ ਪਤਾ ਨਹੀਂ ਲਗਾਇਆ ਜਾਂਦਾ ਕਿ ਉਸ ਨੇ ਕੀ ਕੀਤਾ ਹੈ।”+ 52 ਉਨ੍ਹਾਂ ਨੇ ਉਸ ਨੂੰ ਜਵਾਬ ਦਿੱਤਾ: “ਤੂੰ ਵੀ ਗਲੀਲ ਤੋਂ ਹੈਂ? ਧਰਮ-ਗ੍ਰੰਥ ਨੂੰ ਧਿਆਨ ਨਾਲ ਪੜ੍ਹ ਕੇ ਦੇਖ ਕੋਈ ਵੀ ਨਬੀ ਗਲੀਲ ਵਿੱਚੋਂ ਨਹੀਂ ਆਵੇਗਾ।”*