ਮੱਤੀ ਮੁਤਾਬਕ ਖ਼ੁਸ਼ ਖ਼ਬਰੀ
25 “ਸਵਰਗ ਦਾ ਰਾਜ ਉਨ੍ਹਾਂ ਦਸ ਕੁਆਰੀਆਂ ਵਰਗਾ ਹੈ ਜਿਹੜੀਆਂ ਆਪਣੇ ਦੀਵੇ ਲੈ ਕੇ+ ਲਾੜੇ ਦਾ ਸੁਆਗਤ ਕਰਨ ਗਈਆਂ।+ 2 ਉਨ੍ਹਾਂ ਵਿੱਚੋਂ ਪੰਜ ਮੂਰਖ ਸਨ ਅਤੇ ਪੰਜ ਸਮਝਦਾਰ।+ 3 ਕਿਉਂਕਿ ਮੂਰਖ ਕੁਆਰੀਆਂ ਆਪਣੇ ਦੀਵੇ ਤਾਂ ਲੈ ਗਈਆਂ, ਪਰ ਆਪਣੇ ਨਾਲ ਤੇਲ ਨਹੀਂ ਲੈ ਕੇ ਗਈਆਂ, 4 ਜਦ ਕਿ ਸਮਝਦਾਰ ਕੁਆਰੀਆਂ ਨੇ ਆਪਣੇ ਦੀਵਿਆਂ ਦੇ ਨਾਲ ਆਪਣੀਆਂ ਕੁੱਪੀਆਂ ਵਿਚ ਵਾਧੂ ਤੇਲ ਵੀ ਲਿਆ। 5 ਪਰ ਲਾੜਾ ਆਉਣ ਵਿਚ ਦੇਰ ਕਰ ਰਿਹਾ ਸੀ, ਇਸ ਲਈ ਉਨ੍ਹਾਂ ਸਾਰੀਆਂ ਨੂੰ ਨੀਂਦ ਆਉਣ ਲੱਗ ਪਈ ਤੇ ਉਹ ਸੌਂ ਗਈਆਂ। 6 ਫਿਰ ਅੱਧੀ ਰਾਤ ਨੂੰ ਰੌਲ਼ਾ ਪੈ ਗਿਆ: ‘ਲਾੜਾ ਆ ਰਿਹਾ ਹੈ! ਉਸ ਦਾ ਸੁਆਗਤ ਕਰਨ ਜਾਓ।’ 7 ਫਿਰ ਉਨ੍ਹਾਂ ਸਾਰੀਆਂ ਕੁਆਰੀਆਂ ਨੇ ਉੱਠ ਕੇ ਆਪਣੇ-ਆਪਣੇ ਦੀਵੇ ਤਿਆਰ ਕੀਤੇ।+ 8 ਮੂਰਖਾਂ ਨੇ ਸਮਝਦਾਰ ਕੁਆਰੀਆਂ ਨੂੰ ਕਿਹਾ, ‘ਸਾਨੂੰ ਆਪਣਾ ਥੋੜ੍ਹਾ ਜਿਹਾ ਤੇਲ ਦੇ ਦਿਓ ਕਿਉਂਕਿ ਸਾਡੇ ਦੀਵੇ ਬੁਝਣ ਵਾਲੇ ਹਨ।’ 9 ਪਰ ਸਮਝਦਾਰ ਕੁਆਰੀਆਂ ਨੇ ਜਵਾਬ ਦਿੱਤਾ: ‘ਜੇ ਅਸੀਂ ਤੁਹਾਨੂੰ ਤੇਲ ਦੇ ਦੇਈਏ, ਤਾਂ ਨਾ ਤੁਹਾਡਾ ਸਰਨਾ ਤੇ ਨਾ ਸਾਡਾ। ਇਸ ਕਰਕੇ ਤੁਸੀਂ ਜਾ ਕੇ ਤੇਲ ਵੇਚਣ ਵਾਲਿਆਂ ਤੋਂ ਆਪਣੇ ਲਈ ਖ਼ਰੀਦ ਲਿਆਓ।’ 10 ਜਦ ਮੂਰਖ ਕੁਆਰੀਆਂ ਤੇਲ ਖ਼ਰੀਦਣ ਚਲੀਆਂ ਗਈਆਂ, ਤਾਂ ਲਾੜਾ ਪਹੁੰਚ ਗਿਆ। ਜਿਹੜੀਆਂ ਕੁਆਰੀਆਂ ਤਿਆਰ ਸਨ, ਉਹ ਵਿਆਹ ਦੀ ਦਾਅਵਤ ਲਈ ਲਾੜੇ ਨਾਲ ਅੰਦਰ ਚਲੀਆਂ ਗਈਆਂ+ ਅਤੇ ਦਰਵਾਜ਼ਾ ਬੰਦ ਕਰ ਦਿੱਤਾ ਗਿਆ। 11 ਬਾਅਦ ਵਿਚ ਜਦੋਂ ਬਾਕੀ ਦੀਆਂ ਕੁਆਰੀਆਂ ਵਾਪਸ ਮੁੜੀਆਂ, ਤਾਂ ਉਨ੍ਹਾਂ ਨੇ ਕਿਹਾ: ‘ਹਜ਼ੂਰ! ਹਜ਼ੂਰ! ਸਾਡੇ ਲਈ ਦਰਵਾਜ਼ਾ ਖੋਲ੍ਹੋ।’+ 12 ਤਦ ਲਾੜੇ ਨੇ ਉਨ੍ਹਾਂ ਨੂੰ ਕਿਹਾ, ‘ਮੈਂ ਤੁਹਾਨੂੰ ਸੱਚ ਦੱਸਾਂ, ਮੈਂ ਤੁਹਾਨੂੰ ਨਹੀਂ ਜਾਣਦਾ।’
13 “ਇਸ ਲਈ ਖ਼ਬਰਦਾਰ ਰਹੋ+ ਕਿਉਂਕਿ ਤੁਸੀਂ ਨਾ ਉਸ ਦਿਨ ਨੂੰ ਤੇ ਨਾ ਉਸ ਘੜੀ ਨੂੰ ਜਾਣਦੇ ਹੋ।+
14 “ਸਵਰਗ ਦਾ ਰਾਜ ਉਸ ਆਦਮੀ ਵਰਗਾ ਹੈ ਜਿਸ ਨੇ ਪਰਦੇਸ ਜਾਣ ਤੋਂ ਪਹਿਲਾਂ ਆਪਣੇ ਨੌਕਰਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਆਪਣੀ ਜਾਇਦਾਦ ਦੀ ਜ਼ਿੰਮੇਵਾਰੀ ਸੌਂਪੀ।+ 15 ਉਸ ਨੇ ਹਰ ਨੌਕਰ ਨੂੰ ਉਸ ਦੀ ਯੋਗਤਾ ਅਨੁਸਾਰ ਪੈਸੇ ਦਿੱਤੇ, ਇਕ ਨੌਕਰ ਨੂੰ ਚਾਂਦੀ ਦੇ ਸਿੱਕਿਆਂ ਦੀਆਂ ਪੰਜ ਥੈਲੀਆਂ* ਦਿੱਤੀਆਂ, ਦੂਜੇ ਨੂੰ ਦੋ ਅਤੇ ਤੀਜੇ ਨੂੰ ਇਕ। ਫਿਰ ਉਹ ਪਰਦੇਸ ਚਲਾ ਗਿਆ। 16 ਜਿਸ ਨੌਕਰ ਨੂੰ ਪੰਜ ਥੈਲੀਆਂ ਮਿਲੀਆਂ ਸਨ, ਉਸ ਨੇ ਬਿਨਾਂ ਦੇਰ ਕੀਤਿਆਂ ਜਾ ਕੇ ਆਪਣੇ ਪੈਸਿਆਂ ਨਾਲ ਕਾਰੋਬਾਰ ਕੀਤਾ ਅਤੇ ਪੰਜ ਥੈਲੀਆਂ ਹੋਰ ਕਮਾ ਲਈਆਂ। 17 ਇਸੇ ਤਰ੍ਹਾਂ ਜਿਸ ਨੌਕਰ ਨੂੰ ਦੋ ਥੈਲੀਆਂ ਮਿਲੀਆਂ ਸਨ, ਉਸ ਨੇ ਵੀ ਕਾਰੋਬਾਰ ਕਰ ਕੇ ਦੋ ਥੈਲੀਆਂ ਹੋਰ ਕਮਾ ਲਈਆਂ। 18 ਪਰ ਜਿਸ ਨੌਕਰ ਨੂੰ ਇੱਕੋ ਥੈਲੀ ਮਿਲੀ ਸੀ, ਉਸ ਨੇ ਟੋਆ ਪੁੱਟ ਕੇ ਆਪਣੇ ਮਾਲਕ ਦੇ ਚਾਂਦੀ ਦੇ ਸਿੱਕੇ ਦੱਬ ਦਿੱਤੇ।
19 “ਲੰਬੇ ਸਮੇਂ ਬਾਅਦ ਉਨ੍ਹਾਂ ਨੌਕਰਾਂ ਦਾ ਮਾਲਕ ਵਾਪਸ ਆਇਆ ਅਤੇ ਉਨ੍ਹਾਂ ਤੋਂ ਹਿਸਾਬ ਮੰਗਿਆ।+ 20 ਜਿਸ ਨੂੰ ਪੰਜ ਥੈਲੀਆਂ ਮਿਲੀਆਂ ਸਨ, ਉਹ ਆਪਣੇ ਨਾਲ ਪੰਜ ਹੋਰ ਥੈਲੀਆਂ ਲੈ ਕੇ ਆਇਆ ਅਤੇ ਉਸ ਨੇ ਆਪਣੇ ਮਾਲਕ ਨੂੰ ਕਿਹਾ: ‘ਸਾਹਬ ਜੀ, ਤੂੰ ਮੈਨੂੰ ਪੰਜ ਥੈਲੀਆਂ ਦੇ ਕੇ ਗਿਆ ਸੀ; ਦੇਖੋ, ਮੈਂ ਪੰਜ ਹੋਰ ਕਮਾ ਲਈਆਂ।’+ 21 ਇਹ ਸੁਣ ਕੇ ਮਾਲਕ ਨੇ ਉਸ ਨੂੰ ਕਿਹਾ: ‘ਸ਼ਾਬਾਸ਼, ਚੰਗੇ ਤੇ ਭਰੋਸੇਮੰਦ ਨੌਕਰ! ਤੂੰ ਥੋੜ੍ਹੀਆਂ ਚੀਜ਼ਾਂ ਵਿਚ ਭਰੋਸੇਮੰਦ ਸਾਬਤ ਹੋਇਆ ਹੈਂ, ਇਸ ਲਈ ਮੈਂ ਤੈਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਮੁਖਤਿਆਰ ਬਣਾਵਾਂਗਾ।+ ਆਪਣੇ ਮਾਲਕ ਦੀ ਖ਼ੁਸ਼ੀ ਵਿਚ ਸ਼ਾਮਲ ਹੋ।’+ 22 ਫਿਰ ਜਿਸ ਨੂੰ ਦੋ ਥੈਲੀਆਂ ਮਿਲੀਆਂ ਸਨ, ਉਸ ਨੇ ਆ ਕੇ ਆਪਣੇ ਮਾਲਕ ਨੂੰ ਕਿਹਾ: ‘ਸਾਹਬ ਜੀ, ਤੂੰ ਮੈਨੂੰ ਦੋ ਥੈਲੀਆਂ ਦੇ ਕੇ ਗਿਆ ਸੀ; ਦੇਖੋ, ਮੈਂ ਦੋ ਹੋਰ ਕਮਾ ਲਈਆਂ।’+ 23 ਮਾਲਕ ਨੇ ਉਸ ਨੂੰ ਵੀ ਕਿਹਾ: ‘ਸ਼ਾਬਾਸ਼, ਚੰਗੇ ਤੇ ਭਰੋਸੇਮੰਦ ਨੌਕਰ! ਤੂੰ ਥੋੜ੍ਹੀਆਂ ਚੀਜ਼ਾਂ ਵਿਚ ਭਰੋਸੇਮੰਦ ਸਾਬਤ ਹੋਇਆ ਹੈਂ, ਇਸ ਲਈ ਮੈਂ ਤੈਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਮੁਖਤਿਆਰ ਬਣਾਵਾਂਗਾ। ਆਪਣੇ ਮਾਲਕ ਦੀ ਖ਼ੁਸ਼ੀ ਵਿਚ ਸ਼ਾਮਲ ਹੋ।’
24 “ਅਖ਼ੀਰ ਵਿਚ ਉਹ ਨੌਕਰ ਅੱਗੇ ਆਇਆ ਜਿਸ ਨੂੰ ਇਕ ਥੈਲੀ ਮਿਲੀ ਸੀ। ਉਸ ਨੇ ਕਿਹਾ: ‘ਸਾਹਬ ਜੀ, ਮੈਂ ਜਾਣਦਾ ਹਾਂ ਕਿ ਤੂੰ ਬੜੇ ਸਖ਼ਤ ਸੁਭਾਅ ਦਾ ਬੰਦਾ ਹੈਂ। ਤੂੰ ਉਸ ਫ਼ਸਲ ਨੂੰ ਹੜੱਪ ਲੈਂਦਾ ਹੈਂ ਜੋ ਤੂੰ ਨਹੀਂ ਬੀਜੀ ਅਤੇ ਜੋ ਅਨਾਜ ਤੂੰ ਨਹੀਂ ਛੱਟਿਆ, ਉਹ ਅਨਾਜ ਤੂੰ ਲੈ ਲੈਂਦਾ ਹੈਂ।+ 25 ਇਸ ਲਈ ਮੈਂ ਡਰ ਦੇ ਮਾਰੇ ਤੇਰੇ ਪੈਸੇ ਜ਼ਮੀਨ ਵਿਚ ਦੱਬ ਦਿੱਤੇ। ਆਹ ਲੈ ਆਪਣੇ ਪੈਸੇ।’ 26 ਮਾਲਕ ਨੇ ਉਸ ਨੂੰ ਜਵਾਬ ਦਿੰਦਿਆਂ ਕਿਹਾ: ‘ਓਏ ਦੁਸ਼ਟ ਤੇ ਆਲਸੀ ਨੌਕਰਾ, ਤੈਨੂੰ ਪਤਾ ਸੀ ਕਿ ਜੋ ਫ਼ਸਲ ਮੈਂ ਨਹੀਂ ਬੀਜੀ, ਉਹ ਫ਼ਸਲ ਮੈਂ ਹੜੱਪ ਲੈਂਦਾ ਹਾਂ ਅਤੇ ਜੋ ਅਨਾਜ ਮੈਂ ਨਹੀਂ ਛੱਟਿਆ, ਉਹ ਅਨਾਜ ਮੈਂ ਲੈ ਲੈਂਦਾ ਹਾਂ। 27 ਇਸ ਲਈ ਤੈਨੂੰ ਚਾਹੀਦਾ ਸੀ ਕਿ ਤੂੰ ਮੇਰੇ ਚਾਂਦੀ ਦੇ ਸਿੱਕੇ ਸ਼ਾਹੂਕਾਰਾਂ ਨੂੰ ਦੇ ਦਿੰਦਾ ਅਤੇ ਜਦੋਂ ਮੈਂ ਆਉਂਦਾ, ਤਾਂ ਮੈਨੂੰ ਵਿਆਜ ਸਮੇਤ ਆਪਣੇ ਪੈਸੇ ਵਾਪਸ ਮਿਲਦੇ।’
28 “‘ਇਸ ਲਈ ਇਸ ਨੌਕਰ ਤੋਂ ਇਹ ਥੈਲੀ ਲੈ ਕੇ ਉਸ ਨੌਕਰ ਨੂੰ ਦੇ ਦਿਓ ਜਿਸ ਕੋਲ ਦਸ ਥੈਲੀਆਂ ਹਨ।+ 29 ਕਿਉਂਕਿ ਜਿਸ ਕੋਲ ਹੈ, ਉਸ ਨੂੰ ਹੋਰ ਦਿੱਤਾ ਜਾਵੇਗਾ ਅਤੇ ਉਸ ਕੋਲ ਬਹੁਤ ਹੋ ਜਾਵੇਗਾ। ਪਰ ਜਿਸ ਕੋਲ ਨਹੀਂ ਹੈ, ਉਸ ਤੋਂ ਉਹ ਵੀ ਲੈ ਲਿਆ ਜਾਵੇਗਾ ਜੋ ਉਸ ਕੋਲ ਹੈ।+ 30 ਇਸ ਨਿਕੰਮੇ ਨੌਕਰ ਨੂੰ ਬਾਹਰ ਹਨੇਰੇ ਵਿਚ ਸੁੱਟ ਦਿਓ ਜਿੱਥੇ ਇਹ ਆਪਣੀ ਮਾੜੀ ਹਾਲਤ ʼਤੇ ਰੋਵੇਗਾ ਅਤੇ ਕਚੀਚੀਆਂ ਵੱਟੇਗਾ।’
31 “ਜਦੋਂ ਮਨੁੱਖ ਦਾ ਪੁੱਤਰ+ ਆਪਣੀ ਪੂਰੀ ਸ਼ਾਨੋ-ਸ਼ੌਕਤ ਨਾਲ ਆਪਣੇ ਸਾਰੇ ਦੂਤਾਂ ਸਣੇ ਆਵੇਗਾ,+ ਉਦੋਂ ਉਹ ਆਪਣੇ ਸ਼ਾਨਦਾਰ ਸਿੰਘਾਸਣ ਉੱਤੇ ਬੈਠੇਗਾ। 32 ਫਿਰ ਸਾਰੀਆਂ ਕੌਮਾਂ ਉਸ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਉਹ ਲੋਕਾਂ ਨੂੰ ਇਸ ਤਰ੍ਹਾਂ ਇਕ-ਦੂਸਰੇ ਤੋਂ ਅੱਡ ਕਰੇਗਾ, ਜਿਸ ਤਰ੍ਹਾਂ ਚਰਵਾਹਾ ਭੇਡਾਂ ਅਤੇ ਬੱਕਰੀਆਂ ਨੂੰ ਅੱਡੋ-ਅੱਡ ਕਰਦਾ ਹੈ। 33 ਉਹ ਭੇਡਾਂ+ ਨੂੰ ਆਪਣੇ ਸੱਜੇ ਪਾਸੇ, ਪਰ ਬੱਕਰੀਆਂ ਨੂੰ ਆਪਣੇ ਖੱਬੇ ਪਾਸੇ ਖੜ੍ਹਾ ਕਰੇਗਾ।+
34 “ਫਿਰ ਰਾਜਾ ਆਪਣੇ ਸੱਜੇ ਪਾਸੇ ਖੜ੍ਹੇ ਲੋਕਾਂ ਨੂੰ ਕਹੇਗਾ: ‘ਮੇਰਾ ਪਿਤਾ ਤੁਹਾਡੇ ʼਤੇ ਮਿਹਰਬਾਨ ਹੈ। ਆਓ, ਉਸ ਰਾਜ ਨੂੰ ਕਬੂਲ ਕਰੋ ਜੋ ਤੁਹਾਡੇ ਲਈ ਦੁਨੀਆਂ ਦੀ ਨੀਂਹ* ਰੱਖਣ ਦੇ ਸਮੇਂ ਤੋਂ ਤਿਆਰ ਕੀਤਾ ਹੋਇਆ ਹੈ। 35 ਕਿਉਂਕਿ ਜਦ ਮੈਂ ਭੁੱਖਾ ਸੀ, ਤਾਂ ਤੁਸੀਂ ਮੈਨੂੰ ਖਾਣ ਲਈ ਕੁਝ ਦਿੱਤਾ; ਜਦ ਮੈਂ ਪਿਆਸਾ ਸੀ, ਤਾਂ ਤੁਸੀਂ ਮੈਨੂੰ ਪੀਣ ਲਈ ਕੁਝ ਦਿੱਤਾ। ਮੈਂ ਅਜਨਬੀ ਸੀ ਤੇ ਤੁਸੀਂ ਮੈਨੂੰ ਆਪਣੇ ਘਰ ਰੱਖਿਆ;+ 36 ਜਦ ਮੈਂ ਨੰਗਾ ਸੀ,* ਤਾਂ ਤੁਸੀਂ ਮੈਨੂੰ ਪਾਉਣ ਲਈ ਕੱਪੜੇ ਦਿੱਤੇ।+ ਜਦ ਮੈਂ ਬੀਮਾਰ ਹੋਇਆ, ਤਾਂ ਤੁਸੀਂ ਮੇਰੀ ਦੇਖ-ਭਾਲ ਕੀਤੀ। ਜਦ ਮੈਂ ਜੇਲ੍ਹ ਵਿਚ ਸੀ, ਤਾਂ ਤੁਸੀਂ ਮੈਨੂੰ ਮਿਲਣ ਆਏ।’+ 37 ਫਿਰ ਧਰਮੀ ਲੋਕ ਉਸ ਨੂੰ ਕਹਿਣਗੇ: ‘ਪ੍ਰਭੂ, ਅਸੀਂ ਕਦੋਂ ਤੈਨੂੰ ਭੁੱਖਾ ਦੇਖਿਆ ਤੇ ਕੁਝ ਖਾਣ ਲਈ ਦਿੱਤਾ ਜਾਂ ਪਿਆਸਾ ਦੇਖਿਆ ਤੇ ਤੈਨੂੰ ਪੀਣ ਲਈ ਕੁਝ ਦਿੱਤਾ?+ 38 ਅਸੀਂ ਤੈਨੂੰ ਕਦੋਂ ਅਜਨਬੀ ਦੇਖਿਆ ਤੇ ਤੈਨੂੰ ਆਪਣੇ ਘਰ ਰੱਖਿਆ? ਜਾਂ ਨੰਗਾ ਦੇਖਿਆ ਤੇ ਤੈਨੂੰ ਪਾਉਣ ਲਈ ਕੱਪੜੇ ਦਿੱਤੇ? 39 ਅਤੇ ਅਸੀਂ ਤੈਨੂੰ ਕਦੋਂ ਬੀਮਾਰ ਦੇਖਿਆ ਜਾਂ ਜੇਲ੍ਹ ਵਿਚ ਦੇਖਿਆ ਤੇ ਤੈਨੂੰ ਮਿਲਣ ਗਏ?’ 40 ਫਿਰ ਰਾਜਾ ਉਨ੍ਹਾਂ ਨੂੰ ਕਹੇਗਾ, ‘ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਜੇ ਤੁਸੀਂ ਮੇਰੇ ਇਨ੍ਹਾਂ ਭਰਾਵਾਂ ਵਿੱਚੋਂ ਛੋਟੇ ਤੋਂ ਛੋਟੇ ਲਈ ਇਸ ਤਰ੍ਹਾਂ ਕੀਤਾ ਹੈ, ਤਾਂ ਸਮਝੋ ਤੁਸੀਂ ਮੇਰੇ ਲਈ ਕੀਤਾ ਹੈ।’+
41 “ਫਿਰ ਉਹ ਆਪਣੇ ਖੱਬੇ ਪਾਸੇ ਖੜ੍ਹੇ ਲੋਕਾਂ ਨੂੰ ਕਹੇਗਾ: ‘ਹੇ ਸਰਾਪੇ ਹੋਏ ਲੋਕੋ, ਮੇਰੇ ਤੋਂ ਦੂਰ ਹੋ ਜਾਓ+ ਅਤੇ ਹਮੇਸ਼ਾ ਬਲ਼ਦੀ ਰਹਿਣ ਵਾਲੀ ਅੱਗ ਵਿਚ ਜਾਓ+ ਜੋ ਸ਼ੈਤਾਨ ਅਤੇ ਉਸ ਦੇ ਦੂਤਾਂ ਲਈ ਬਾਲ਼ ਕੇ ਰੱਖੀ ਗਈ ਹੈ।+ 42 ਕਿਉਂਕਿ ਜਦ ਮੈਂ ਭੁੱਖਾ ਸੀ, ਤਾਂ ਤੁਸੀਂ ਮੈਨੂੰ ਖਾਣ ਲਈ ਕੁਝ ਨਹੀਂ ਦਿੱਤਾ; ਮੈਂ ਪਿਆਸਾ ਸੀ ਤੇ ਤੁਸੀਂ ਮੈਨੂੰ ਪੀਣ ਲਈ ਕੁਝ ਨਹੀਂ ਦਿੱਤਾ। 43 ਮੈਂ ਅਜਨਬੀ ਸੀ ਤੇ ਤੁਸੀਂ ਮੈਨੂੰ ਆਪਣੇ ਘਰ ਨਹੀਂ ਰੱਖਿਆ; ਜਦ ਮੈਂ ਨੰਗਾ ਸੀ, ਤਾਂ ਤੁਸੀਂ ਮੈਨੂੰ ਪਾਉਣ ਲਈ ਕੱਪੜੇ ਨਹੀਂ ਦਿੱਤੇ; ਜਦੋਂ ਮੈਂ ਬੀਮਾਰ ਹੋਇਆ ਤੇ ਜਦੋਂ ਮੈਂ ਜੇਲ੍ਹ ਵਿਚ ਸੀ, ਤਾਂ ਤੁਸੀਂ ਮੇਰੀ ਦੇਖ-ਭਾਲ ਨਹੀਂ ਕੀਤੀ।’ 44 ਫਿਰ ਉਹ ਵੀ ਉਸ ਨੂੰ ਕਹਿਣਗੇ: ‘ਪ੍ਰਭੂ, ਅਸੀਂ ਕਦੋਂ ਤੈਨੂੰ ਭੁੱਖਾ, ਪਿਆਸਾ, ਅਜਨਬੀ, ਨੰਗਾ, ਬੀਮਾਰ ਜਾਂ ਜੇਲ੍ਹ ਵਿਚ ਦੇਖਿਆ ਤੇ ਤੇਰੀ ਸੇਵਾ ਨਹੀਂ ਕੀਤੀ?’ 45 ਫਿਰ ਉਹ ਉਨ੍ਹਾਂ ਨੂੰ ਜਵਾਬ ਦੇਵੇਗਾ, ‘ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਜੇ ਤੁਸੀਂ ਮੇਰੇ ਇਨ੍ਹਾਂ ਭਰਾਵਾਂ ਵਿੱਚੋਂ ਛੋਟੇ ਤੋਂ ਛੋਟੇ ਲਈ ਇਸ ਤਰ੍ਹਾਂ ਨਹੀਂ ਕੀਤਾ, ਤਾਂ ਸਮਝੋ ਤੁਸੀਂ ਮੇਰੇ ਲਈ ਵੀ ਨਹੀਂ ਕੀਤਾ।’+ 46 ਇਹ ਲੋਕ ਹਮੇਸ਼ਾ ਲਈ ਖ਼ਤਮ ਹੋ ਜਾਣਗੇ,*+ ਪਰ ਧਰਮੀ ਲੋਕ ਹਮੇਸ਼ਾ ਦੀ ਜ਼ਿੰਦਗੀ ਪਾਉਣਗੇ।”+