ਯਹੋਵਾਹ ਦਾ ਬਚਨ ਜੀਉਂਦਾ ਹੈ
ਕੁਰਿੰਥੀਆਂ ਨੂੰ ਲਿਖੀਆਂ ਚਿੱਠੀਆਂ ਦੇ ਖ਼ਾਸ ਨੁਕਤੇ
ਪੌਲੁਸ ਰਸੂਲ ਨੂੰ ਕੁਰਿੰਥੁਸ ਦੀ ਕਲੀਸਿਯਾ ਦੀ ਬਹੁਤ ਚਿੰਤਾ ਸੀ। ਉਸ ਨੇ ਸੁਣਿਆ ਸੀ ਕਿ ਭਰਾਵਾਂ ਵਿਚ ਫੁੱਟ ਪਈ ਹੋਈ ਸੀ। ਕਲੀਸਿਯਾ ਵਿਚ ਵਿਭਚਾਰ ਹੋ ਰਿਹਾ ਸੀ ਅਤੇ ਕੋਈ ਇਸ ਦੇ ਬਾਰੇ ਕੁਝ ਨਹੀਂ ਕਰਦਾ ਸੀ। ਭਰਾਵਾਂ ਨੇ ਕੁਝ ਮਾਮਲਿਆਂ ਬਾਰੇ ਪੌਲੁਸ ਦੀ ਸਲਾਹ ਪੁੱਛੀ ਸੀ। ਤਕਰੀਬਨ 55 ਈਸਵੀ ਵਿਚ ਜਦੋਂ ਪੌਲੁਸ ਆਪਣੇ ਤੀਜੇ ਮਿਸ਼ਨਰੀ ਦੌਰੇ ਦੌਰਾਨ ਅਫ਼ਸੁਸ ਵਿਚ ਸੀ, ਤਾਂ ਉਸ ਨੇ ਕੁਰਿੰਥੀਆਂ ਨੂੰ ਆਪਣੀ ਪਹਿਲੀ ਚਿੱਠੀ ਲਿਖੀ।
ਪੌਲੁਸ ਨੇ ਕੁਝ ਹੀ ਮਹੀਨਿਆਂ ਬਾਅਦ ਕੁਰਿੰਥੀਆਂ ਨੂੰ ਆਪਣੀ ਦੂਜੀ ਚਿੱਠੀ ਲਿਖੀ। ਪਹਿਲੀ ਸਦੀ ਵਿਚ ਕੁਰਿੰਥੁਸ ਦੀ ਕਲੀਸਿਯਾ ਦੇ ਅੰਦਰ ਤੇ ਬਾਹਰ ਜਿਸ ਤਰ੍ਹਾਂ ਦੇ ਹਾਲਾਤ ਸਨ, ਉਹ ਕਾਫ਼ੀ ਹੱਦ ਤਕ ਅੱਜ ਸਾਡੇ ਜ਼ਮਾਨੇ ਦੇ ਹਾਲਾਤਾਂ ਨਾਲ ਮੇਲ ਖਾਂਦੇ ਹਨ। ਇਸ ਲਈ ਕੁਰਿੰਥੀਆਂ ਨੂੰ ਲਿਖੀਆਂ ਪੌਲੁਸ ਦੀਆਂ ਚਿੱਠੀਆਂ ਅੱਜ ਸਾਡੇ ਲਈ ਬਹੁਤ ਮਾਅਨੇ ਰੱਖਦੀਆਂ ਹਨ।—ਇਬ. 4:12.
‘ਜਾਗਦੇ ਰਹੋ, ਦ੍ਰਿੜ੍ਹ ਰਹੋ, ਤਕੜੇ ਹੋਵੋ’
ਪੌਲੁਸ ਨੇ ਸਲਾਹ ਦਿੱਤੀ: “ਤੁਸੀਂ ਸੱਭੇ ਇੱਕੋ ਗੱਲ ਬੋਲੋ।” (1 ਕੁਰਿੰ. 1:10) ‘ਯਿਸੂ ਮਸੀਹ ਤੋਂ ਇਲਾਵਾ ਹੋਰ ਕੋਈ ਨੀਂਹ ਨਹੀਂ ਹੈ’ ਜਿਸ ਦੇ ਆਧਾਰ ʼਤੇ ਪਰਮੇਸ਼ੁਰੀ ਗੁਣ ਪੈਦਾ ਕੀਤੇ ਜਾ ਸਕਦੇ ਹਨ। (1 ਕੁਰਿੰ. 3:11-13) ਪੌਲੁਸ ਨੇ ਵਿਭਚਾਰ ਕਰਨ ਵਾਲੇ ਵਿਅਕਤੀ ਬਾਰੇ ਕਿਹਾ: “ਤੁਸੀਂ ਉਸ ਕੁਕਰਮੀ ਨੂੰ ਆਪਣੇ ਵਿੱਚੋਂ ਛੇਕ ਦਿਓ।” (1 ਕੁਰਿੰ. 5:13) ਉਸ ਨੇ ਅੱਗੇ ਕਿਹਾ: “ਸਰੀਰ ਹਰਾਮਕਾਰੀ ਦੇ ਲਈ ਨਹੀਂ ਸਗੋਂ ਪ੍ਰਭੁ ਦੇ ਲਈ ਹੈ।”—1 ਕੁਰਿੰ. 6:13.
ਭਰਾਵਾਂ ਨੇ ਪੌਲੁਸ ਨੂੰ ‘ਜਿਨ੍ਹਾਂ ਗੱਲਾਂ ਦੇ ਵਿਖੇ ਲਿਖਿਆ ਸੀ’ ਉਨ੍ਹਾਂ ਗੱਲਾਂ ਦਾ ਜਵਾਬ ਦਿੰਦਿਆਂ ਉਸ ਨੇ ਵਿਆਹ ਤੇ ਕੁਆਰੇ ਰਹਿਣ ਬਾਰੇ ਸਲਾਹ ਦਿੱਤੀ। (1 ਕੁਰਿੰ. 7:1) ਸਰਦਾਰੀ, ਸਲੀਕੇ ਨਾਲ ਸਭਾਵਾਂ ਚਲਾਉਣ ਅਤੇ ਮੁਰਦਿਆਂ ਦੇ ਦੁਬਾਰਾ ਜੀ ਉੱਠਣ ਦੀ ਗਾਰੰਟੀ ਬਾਰੇ ਗੱਲ ਕਰਨ ਤੋਂ ਬਾਅਦ ਪੌਲੁਸ ਨੇ ਇਹ ਨਸੀਹਤ ਦਿੱਤੀ: “ਜਾਗਦੇ ਰਹੋ। ਨਿਹਚਾ ਵਿੱਚ ਦ੍ਰਿੜ੍ਹ ਰਹੋ, ਪੁਰਖਾਰਥ ਕਰੋ, ਤਕੜੇ ਹੋਵੋ।”—1 ਕੁਰਿੰ. 16:13.
ਕੁਝ ਸਵਾਲਾਂ ਦੇ ਜਵਾਬ:
1:21—ਕੀ ਯਹੋਵਾਹ ਸੱਚ-ਮੁੱਚ “ਮੂਰਖਤਾਈ” ਨਾਲ ਆਪਣੇ ਲੋਕਾਂ ਨੂੰ ਬਚਾਉਂਦਾ ਹੈ? ਨਹੀਂ। ਪਰ ਕਿਉਂਕਿ “ਸੰਸਾਰ ਨੇ ਆਪਣੀ ਬੁੱਧ ਦੇ ਰਾਹੀਂ ਪਰਮੇਸ਼ੁਰ ਨੂੰ ਨਾ ਜਾਣਿਆ,” ਇਸ ਲਈ ਪਰਮੇਸ਼ੁਰ ਲੋਕਾਂ ਨੂੰ ਬਚਾਉਣ ਲਈ ਜੋ ਜ਼ਰੀਆ ਵਰਤਦਾ ਹੈ ਉਹ ਲੋਕਾਂ ਦੇ ਭਾਣੇ ਮੂਰਖਤਾ ਹੈ।—ਯੂਹੰ. 17:25.
5:5—ਇਸ ਦਾ ਕੀ ਮਤਲਬ ਹੈ ਕਿ ਦੁਸ਼ਟ ‘ਮਨੁੱਖ ਨੂੰ ਸਰੀਰ ਦੇ ਨਾਸ ਹੋਣ ਲਈ ਸ਼ਤਾਨ ਦੇ ਹਵਾਲੇ ਕਰ ਦਿੱਤਾ ਜਾਵੇ’? ਜਦੋਂ ਤੋਬਾ ਨਾ ਕਰਨ ਵਾਲੇ ਪਾਪੀ ਨੂੰ ਕਲੀਸਿਯਾ ਵਿੱਚੋਂ ਕੱਢਿਆ ਜਾਂਦਾ ਹੈ, ਤਾਂ ਉਹ ਫਿਰ ਤੋਂ ਸ਼ਤਾਨ ਦੀ ਦੁਨੀਆਂ ਦਾ ਹਿੱਸਾ ਬਣ ਜਾਂਦਾ ਹੈ। (1 ਯੂਹੰ. 5:19) ਇਸ ਤਰ੍ਹਾਂ ਉਸ ਵਿਅਕਤੀ ਨੂੰ ਸ਼ਤਾਨ ਦੇ ਹਵਾਲੇ ਕੀਤਾ ਜਾਂਦਾ ਹੈ। ਅਜਿਹੇ ਵਿਅਕਤੀ ਨੂੰ ਛੇਕਣ ਨਾਲ ਕਲੀਸਿਯਾ ਨੂੰ ਉਸ ਦੇ ਬੁਰੇ ਅਸਰ ਤੋਂ ਬਚਾਇਆ ਜਾਂਦਾ ਹੈ ਅਤੇ ਕਲੀਸਿਯਾ ਦੀ ਸ਼ੁੱਧਤਾ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ।—2 ਤਿਮੋ. 4:22.
7:33, 34—“ਸੰਸਾਰ ਦੀਆਂ ਗੱਲਾਂ” ਕੀ ਹਨ ਜਿਨ੍ਹਾਂ ਦੀ ਪਤੀ ਜਾਂ ਪਤਨੀ ਚਿੰਤਾ ਕਰਦੇ ਹਨ? ਪੌਲੁਸ ਰੋਟੀ, ਕੱਪੜਾ ਤੇ ਮਕਾਨ ਦੀ ਗੱਲ ਕਰ ਰਿਹਾ ਸੀ ਜਿਨ੍ਹਾਂ ਦੀ ਪਤੀ-ਪਤਨੀ ਚਿੰਤਾ ਕਰਦੇ ਹਨ। ਪਰ ਉਹ ਸੰਸਾਰ ਦੀਆਂ ਬੁਰੀਆਂ ਗੱਲਾਂ ਜਾਂ ਕੰਮਾਂ ਬਾਰੇ ਗੱਲ ਨਹੀਂ ਕਰ ਰਿਹਾ ਸੀ ਜਿਨ੍ਹਾਂ ਤੋਂ ਸਾਰੇ ਮਸੀਹੀਆਂ ਨੂੰ ਦੂਰ ਰਹਿਣਾ ਚਾਹੀਦਾ ਹੈ।—1 ਯੂਹੰ. 2:15-17.
11:26—ਪੌਲੁਸ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ “ਜਦ ਕਦੇ” ਯਿਸੂ ਦੀ ਮੌਤ ਦੀ ਯਾਦਗਾਰ ਮਨਾਈ ਜਾਵੇ? ਇਹ ਕਦ “ਤੀਕਰ” ਮਨਾਈ ਜਾਣੀ ਚਾਹੀਦੀ ਹੈ? ਪੌਲੁਸ ਕਹਿ ਰਿਹਾ ਸੀ ਕਿ “ਜਦ ਕਦੇ” ਵੀ ਮਸਹ ਕੀਤੇ ਹੋਏ ਮਸੀਹੀ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਂਦੇ ਹਨ, ਤਾਂ ਉਹ ‘ਪ੍ਰਭੁ ਦੀ ਮੌਤ ਦਾ ਪਰਚਾਰ ਕਰਦੇ ਹਨ।’ ਇਹ ਯਾਦਗਾਰ ਉਹ ਸਾਲ ਵਿਚ ਇਕ ਵਾਰ ਮਨਾਉਂਦੇ ਹਨ ਯਾਨੀ ਨੀਸਾਨ 14 ਨੂੰ। ਉਹ ਇਸ ਤਰ੍ਹਾਂ ਕਰਦੇ ਰਹਿੰਦੇ ਹਨ “ਜਦ ਤੀਕਰ [ਪ੍ਰਭੂ ਯਿਸੂ] ਨਾ ਆਵੇ” ਯਾਨੀ ਜਦ ਤਕ ਉਨ੍ਹਾਂ ਨੂੰ ਜ਼ਿੰਦਾ ਕਰ ਕੇ ਸਵਰਗ ਨਹੀਂ ਲੈ ਜਾਇਆ ਜਾਂਦਾ।—1 ਥੱਸ. 4:14-17.
13:13—ਨਿਹਚਾ ਅਤੇ ਆਸ਼ਾ ਨਾਲੋਂ ਪ੍ਰੇਮ ਉੱਤਮ ਕਿਵੇਂ ਹੈ? ਜਦ “ਆਸ ਕੀਤੀਆਂ ਹੋਈਆਂ ਗੱਲਾਂ,” ਜਿਨ੍ਹਾਂ ਦਾ ਸਾਨੂੰ “ਪੱਕਾ ਭਰੋਸਾ” ਹੁੰਦਾ ਹੈ ਪੂਰੀਆਂ ਹੁੰਦੀਆਂ ਹਨ, ਤਾਂ ਅਸੀਂ ਉਨ੍ਹਾਂ ਗੱਲਾਂ ਦੀ ਆਸ਼ਾ ਅਤੇ ਨਿਹਚਾ ਨਹੀਂ ਰੱਖਦੇ। (ਇਬ. 11:1) ਪਰ ਪ੍ਰੇਮ ਇਨ੍ਹਾਂ ਦੋਹਾਂ ਤੋਂ ਉੱਤਮ ਹੈ ਕਿਉਂਕਿ ਇਹ ਹਮੇਸ਼ਾ ਲਈ ਕਾਇਮ ਰਹਿੰਦਾ ਹੈ।
15:29—“ਮੁਰਦਿਆਂ ਦੇ ਲਈ ਬਪਤਿਸਮਾ” ਲੈਣ ਦਾ ਕੀ ਮਤਲਬ ਹੈ? ਪੌਲੁਸ ਇਹ ਨਹੀਂ ਸੀ ਕਹਿ ਰਿਹਾ ਕਿ ਜੀਉਂਦੇ ਲੋਕ ਉਨ੍ਹਾਂ ਮੁਰਦੇ ਲੋਕਾਂ ਲਈ ਬਪਤਿਸਮਾ ਲੈਣ ਜੋ ਬਪਤਿਸਮਾ ਲਏ ਬਿਨਾਂ ਮਰ ਗਏ। ਪਰ ਉਸ ਦੇ ਕਹਿਣ ਦਾ ਭਾਵ ਇਹ ਸੀ ਕਿ ਬਪਤਿਸਮਾ ਲੈਣ ʼਤੇ ਮਸਹ ਕੀਤੇ ਹੋਏ ਮਸੀਹੀ ਅਜਿਹਾ ਜੀਵਨ-ਢੰਗ ਅਪਣਾਉਂਦੇ ਹਨ ਜਿਸ ਵਿਚ ਉਹ ਆਪਣੀ ਮੌਤ ਤਕ ਵਫ਼ਾਦਾਰੀ ਬਣਾਈ ਰੱਖਣਗੇ। ਫਿਰ ਉਨ੍ਹਾਂ ਨੂੰ ਜੀ ਉਠਾ ਕੇ ਸਵਰਗੀ ਜੀਵਨ ਦਿੱਤਾ ਜਾਵੇਗਾ।
ਸਾਡੇ ਲਈ ਸਬਕ:
1:26-31; 3:3-9; 4:7. ਸਾਨੂੰ ਆਪਣੇ ʼਤੇ ਘਮੰਡ ਨਹੀਂ ਕਰਨਾ ਚਾਹੀਦਾ, ਸਗੋਂ ਯਹੋਵਾਹ ਦੀ ਵਡਿਆਈ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਕਲੀਸਿਯਾ ਵਿਚ ਏਕਤਾ ਬਣੀ ਰਹੇਗੀ।
2:3-5. ਯੂਨਾਨੀ ਫ਼ਲਸਫ਼ੇ ਤੇ ਸਿੱਖਿਆ ਦੇ ਕੇਂਦਰ ਕੁਰਿੰਥੁਸ ਵਿਚ ਗਵਾਹੀ ਦਿੰਦਿਆਂ ਪੌਲੁਸ ਨੇ ਸੋਚਿਆ ਹੋਣਾ ਕਿ ਉਹ ਆਪਣੇ ਸੁਣਨ ਵਾਲਿਆਂ ਨੂੰ ਕਾਇਲ ਕਰ ਸਕੇਗਾ ਜਾਂ ਨਹੀਂ। ਪਰ ਉਸ ਨੇ ਆਪਣੀ ਕਿਸੇ ਵੀ ਕਮਜ਼ੋਰੀ ਜਾਂ ਡਰ ਦੇ ਕਾਰਨ ਪਰਮੇਸ਼ੁਰ ਦਾ ਕੰਮ ਕਰਨਾ ਨਹੀਂ ਛੱਡਿਆ। ਇਸ ਤਰ੍ਹਾਂ ਸਾਨੂੰ ਵੀ ਆਪਣੀ ਕਿਸੇ ਵੀ ਕਮਜ਼ੋਰੀ ਜਾਂ ਡਰ ਦੇ ਕਾਰਨ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਛੱਡਣਾ ਨਹੀਂ ਚਾਹੀਦਾ। ਪੌਲੁਸ ਵਾਂਗ ਅਸੀਂ ਵੀ ਮਦਦ ਲਈ ਯਹੋਵਾਹ ʼਤੇ ਭਰੋਸਾ ਰੱਖ ਸਕਦੇ ਹਾਂ।
2:16. “ਮਸੀਹ ਦੀ ਬੁੱਧੀ” ਪਾਉਣ ਦਾ ਮਤਲਬ ਹੈ ਕਿ ਅਸੀਂ ਉਸ ਦੀ ਸੋਚਣੀ ਤੇ ਉਸ ਦੇ ਗੁਣਾਂ ਬਾਰੇ ਜਾਣੀਏ ਅਤੇ ਉਸ ਦੀ ਮਿਸਾਲ ʼਤੇ ਚੱਲੀਏ। (1 ਪਤ. 2:21; 4:1) ਤਾਂ ਫਿਰ ਸਾਡੇ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਯਿਸੂ ਦੀ ਜ਼ਿੰਦਗੀ ਤੇ ਸੇਵਕਾਈ ਬਾਰੇ ਵੱਧ ਤੋਂ ਵੱਧ ਗਿਆਨ ਲਈਏ!
3:10-15; 4:17. ਸਾਨੂੰ ਲੋਕਾਂ ਨੂੰ ਸਿਖਾਉਣ ਤੇ ਚੇਲੇ ਬਣਾਉਣ ਦੀ ਆਪਣੀ ਯੋਗਤਾ ਨੂੰ ਸੁਧਾਰਦੇ ਰਹਿਣਾ ਚਾਹੀਦਾ ਹੈ। (ਮੱਤੀ 28:19, 20) ਜੇ ਅਸੀਂ ਆਪਣੇ ਵਿਦਿਆਰਥੀ ਨੂੰ ਚੰਗੀ ਤਰ੍ਹਾਂ ਨਹੀਂ ਸਿਖਾਉਂਦੇ, ਤਾਂ ਉਹ ਸ਼ਾਇਦ ਪਰੀਖਿਆਵਾਂ ਨੂੰ ਸਹਿ ਨਾ ਪਾਵੇ। ਦੁਨੀਆਂ ਦੇ ਅੰਤ ਸਮੇਂ ਅਸੀਂ ਆਪ ਤਾਂ ਬਚ ਜਾਵਾਂਗੇ, ਪਰ ਉਸ ਦੇ ਨਾ ਬਚਣ ਦਾ ਸਾਨੂੰ ਇੰਨਾ ਜ਼ਿਆਦਾ ਦੁੱਖ ਹੋਵੇਗਾ ਜਿਵੇਂ ਅਸੀਂ ਅੱਗ ਵਿੱਚੋਂ “ਸੜਦਿਆਂ ਸੜਦਿਆਂ” ਬਚ ਨਿਕਲੇ।
6:18. ‘ਹਰਾਮਕਾਰੀ ਤੋਂ ਭੱਜਣ’ ਦਾ ਮਤਲਬ ਹੈ ਨਾ ਸਿਰਫ਼ ਪੋਰਨੀਆ ਦੇ ਕੰਮਾਂ ਤੋਂ ਪਰੇ ਰਹਿਣਾ, ਸਗੋਂ ਹਰ ਉਸ ਚੀਜ਼ ਤੋਂ ਦੂਰ ਰਹਿਣਾ ਜੋ ਸਾਡੇ ਤੋਂ ਹਰਾਮਕਾਰੀ ਕਰਾ ਸਕਦੀ ਹੈ ਜਿਵੇਂ ਮਨ ਹੀ ਮਨ ਵਿਚ ਗੰਦੇ ਕੰਮ ਕਰਨ ਬਾਰੇ ਸੋਚਣਾ, ਫਲਰਟ ਕਰਨਾ ਅਤੇ ਗੰਦੀਆਂ ਤਸਵੀਰਾਂ ਜਾਂ ਫਿਲਮਾਂ ਦੇਖਣੀਆਂ।—ਮੱਤੀ 5:28; ਯਾਕੂ. 3:17.
7:29. ਪਤੀ-ਪਤਨੀ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਇਕ-ਦੂਜੇ ਵਿਚ ਇੰਨਾ ਵੀ ਨਾ ਰੁੱਝ ਜਾਣ ਕਿ ਪਰਮੇਸ਼ੁਰ ਦੀ ਸੇਵਾ ਉਨ੍ਹਾਂ ਦੀ ਜ਼ਿੰਦਗੀ ਵਿਚ ਦੂਜੀ ਥਾਂ ਲੈ ਲਵੇ।
10:8-11. ਯਹੋਵਾਹ ਨੂੰ ਬੜਾ ਹੀ ਗੁੱਸਾ ਆਇਆ ਜਦੋਂ ਇਸਰਾਏਲੀ ਮੂਸਾ ਤੇ ਹਾਰੂਨ ਦੇ ਖ਼ਿਲਾਫ਼ ਬੁੜ-ਬੁੜ ਕਰਨ ਲੱਗੇ। ਸਾਨੂੰ ਬੁੜ-ਬੁੜ ਕਰਨ ਦੀ ਆਦਤ ਤੋਂ ਬਚਣ ਦੀ ਲੋੜ ਹੈ।
16:2. ਅਸੀਂ ਪਰਮੇਸ਼ੁਰ ਦੇ ਕੰਮਾਂ ਲਈ ਬਾਕਾਇਦਾ ਦਾਨ ਤਾਂ ਹੀ ਦੇ ਪਾਵਾਂਗੇ ਜੇ ਅਸੀਂ ਸੋਚ-ਸਮਝ ਕੇ ਹਰ ਮਹੀਨੇ ਕੁਝ ਪੈਸੇ ਵੱਖ ਕਰ ਕੇ ਰੱਖੀਏ।
“ਸਿੱਧ ਹੋਵੋ”
ਪੌਲੁਸ ਨੇ ਕੁਰਿੰਥੀਆਂ ਨੂੰ ਕਿਹਾ ਕਿ ਉਹ ਤੋਬਾ ਕਰਨ ਵਾਲੇ ਪਾਪੀ ਨੂੰ ‘ਮਾਫ਼ ਕਰ ਦੇਣ ਅਤੇ ਦਿਲਾਸਾ ਦੇਣ।’ ਭਾਵੇਂ ਕਿ ਉਸ ਦੀ ਪਹਿਲੀ ਚਿੱਠੀ ਨੇ ਉਨ੍ਹਾਂ ਨੂੰ ਉਦਾਸ ਕਰ ਦਿੱਤਾ ਸੀ, ਪਰ ਪੌਲੁਸ ਨੂੰ ਖ਼ੁਸ਼ੀ ਹੋਈ ਕਿ ਉਨ੍ਹਾਂ ਦੀ “ਉਦਾਸੀ ਦਾ ਫਲ ਤੋਬਾ ਹੋਇਆ।”—2 ਕੁਰਿੰ. 2:6, 7; 7:8, 9.
ਕੁਰਿੰਥੀ ‘ਜਿਵੇਂ ਹਰੇਕ ਗੱਲ ਵਿੱਚ ਵੱਧ ਰਹੇ ਸਨ,’ ਪੌਲੁਸ ਨੇ ਉਨ੍ਹਾਂ ਨੂੰ “ਪੁੰਨ ਦੇ ਕੰਮ ਵਿੱਚ” ਵੀ ਵਧਦੇ ਜਾਣ ਦੀ ਹੱਲਾਸ਼ੇਰੀ ਦਿੱਤੀ। ਪੌਲੁਸ ਨੇ ਆਪਣੇ ʼਤੇ ਉਂਗਲ ਚੁੱਕਣ ਵਾਲਿਆਂ ਨੂੰ ਜਵਾਬ ਦੇਣ ਤੋਂ ਬਾਅਦ ਸਾਰਿਆਂ ਨੂੰ ਕਿਹਾ ਸੀ: “ਅਨੰਦ ਰਹੋ, ਸਿੱਧ ਹੋਵੋ, ਸ਼ਾਂਤ ਰਹੋ, ਇੱਕ ਮਨ ਹੋਵੋ, ਮਿਲੇ ਰਹੋ।”—2 ਕੁਰਿੰ. 8:7; 13:11.
ਕੁਝ ਸਵਾਲਾਂ ਦੇ ਜਵਾਬ:
2:15, 16—ਅਸੀਂ “ਮਸੀਹ ਦੀ ਸੁਗੰਧੀ” ਕਿਵੇਂ ਹਾਂ? ਅਸੀਂ ਬਾਈਬਲ ਨੂੰ ਮੰਨਦੇ ਹਾਂ ਤੇ ਉਸ ਵਿਚਲੇ ਸੰਦੇਸ਼ ਦਾ ਪ੍ਰਚਾਰ ਕਰਦੇ ਹਾਂ। ਇਹ “ਸੁਗੰਧੀ” ਸ਼ਾਇਦ ਦੁਸ਼ਟ ਲੋਕਾਂ ਨੂੰ ਘਿਣਾਉਣੀ ਲੱਗੇ, ਪਰ ਯਹੋਵਾਹ ਅਤੇ ਨੇਕਦਿਲ ਲੋਕਾਂ ਦੇ ਦਿਲ ਨੂੰ ਇਹ ਭਾਉਂਦੀ ਹੈ।
5:16—ਇਸ ਦਾ ਕੀ ਮਤਲਬ ਹੈ ਕਿ ਮਸਹ ਕੀਤੇ ਹੋਏ ਮਸੀਹੀ “ਕਿਸੇ ਨੂੰ ਸਰੀਰ ਦੇ ਅਨੁਸਾਰ ਨਹੀਂ ਸਿਆਣਦੇ”? ਇਸ ਦਾ ਮਤਲਬ ਹੈ ਕਿ ਉਹ ਕਿਸੇ ਨਾਲ ਉਸ ਦੀ ਨਸਲ ਜਾਂ ਜਾਤ ਜਾਂ ਫਿਰ ਪੈਸੇ ਦੇ ਆਧਾਰ ʼਤੇ ਪੱਖਪਾਤ ਨਹੀਂ ਕਰਦੇ। ਉਨ੍ਹਾਂ ਦੀਆਂ ਨਜ਼ਰਾਂ ਵਿਚ ਸਾਰੇ ਭੈਣ-ਭਰਾ ਇੱਕੋ-ਜਿਹੇ ਹਨ ਕਿਉਂਕਿ ਸਾਰੇ ਯਹੋਵਾਹ ਨੂੰ ਮੰਨਦੇ ਹਨ।
11:1, 16; 12:11—ਕੀ ਪੌਲੁਸ ਕੁਰਿੰਥੀਆਂ ਨਾਲ ਨਾਸਮਝੀ ਨਾਲ ਪੇਸ਼ ਆਇਆ ਸੀ? ਨਹੀਂ। ਪਰ ਕੁਝ ਲੋਕਾਂ ਨੂੰ ਸ਼ਾਇਦ ਲੱਗਾ ਹੋਣਾ ਕਿ ਉਹ ਸ਼ੇਖ਼ੀ ਮਾਰ ਰਿਹਾ ਸੀ ਤੇ ਨਾਸਮਝੀ ਨਾਲ ਪੇਸ਼ ਆ ਰਿਹਾ ਸੀ। ਕਿਉਂ? ਕਿਉਂਕਿ ਉਸ ਨੂੰ ਆਪਣੇ ਰਸੂਲ ਹੋਣ ਦੇ ਹੱਕ ਵਿਚ ਸਫ਼ਾਈ ਪੇਸ਼ ਕਰਨੀ ਪਈ ਸੀ।
12:1-4—ਕੌਣ “ਫ਼ਿਰਦੌਸ ਉੱਤੇ ਅਚਾਣਕ ਖਿੱਚਿਆ ਗਿਆ” ਸੀ? ਬਾਈਬਲ ਸਾਨੂੰ ਕਿਸੇ ਹੋਰ ਵਿਅਕਤੀ ਬਾਰੇ ਨਹੀਂ ਦੱਸਦੀ ਜਿਸ ਨੂੰ ਇਹ ਦਰਸ਼ਣ ਦਿੱਤਾ ਗਿਆ ਸੀ। ਪੌਲੁਸ ਨੇ ਆਪਣੇ ਰਸੂਲ ਹੋਣ ਬਾਰੇ ਸਫ਼ਾਈ ਦੇਣ ਤੋਂ ਬਾਅਦ ਇਸ ਦਰਸ਼ਣ ਦਾ ਜ਼ਿਕਰ ਕੀਤਾ। ਇਸ ਲਈ ਇਹ ਕਹਿਣਾ ਸਹੀ ਲੱਗਦਾ ਹੈ ਕਿ ਪੌਲੁਸ ਆਪਣੀ ਹੀ ਗੱਲ ਕਰ ਰਿਹਾ ਸੀ। ਲੱਗਦਾ ਹੈ ਕਿ ਪੌਲੁਸ ਨੇ ਦਰਸ਼ਣ ਵਿਚ ਉਹ ਵਧੀਆ ਮਾਹੌਲ ਦੇਖਿਆ ਸੀ ਜਿਸ ਦਾ “ਓੜਕ ਦੇ ਸਮੇਂ” ਵਿਚ ਯਹੋਵਾਹ ਦੇ ਲੋਕ ਆਨੰਦ ਮਾਣ ਰਹੇ ਹੋਣਗੇ।—ਦਾਨੀ. 12:4.
ਸਾਡੇ ਲਈ ਸਬਕ:
3:5. ਇਸ ਆਇਤ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਪ੍ਰਚਾਰ ਕਰਨ ਦੇ ਕਾਬਲ ਬਣਾਉਂਦਾ ਹੈ। ਯਹੋਵਾਹ ਆਪਣੇ ਬਚਨ, ਆਪਣੀ ਸ਼ਕਤੀ ਤੇ ਆਪਣੇ ਸੰਗਠਨ ਰਾਹੀਂ ਆਪਣੇ ਲੋਕਾਂ ਨੂੰ ਕਾਬਲ ਬਣਾਉਂਦਾ ਹੈ। (ਯੂਹੰ. 16:7; 2 ਤਿਮੋ. 3:16, 17) ਸਾਨੂੰ ਬਾਈਬਲ ਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਨੂੰ ਲਗਨ ਨਾਲ ਪੜ੍ਹਨਾ ਚਾਹੀਦਾ ਹੈ, ਯਹੋਵਾਹ ਦੀ ਸ਼ਕਤੀ ਲਈ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ ਅਤੇ ਬਾਕਾਇਦਾ ਮੀਟਿੰਗਾਂ ਵਿਚ ਜਾ ਕੇ ਹਿੱਸਾ ਲੈਣਾ ਚਾਹੀਦਾ ਹੈ।—ਜ਼ਬੂ. 1:1-3; ਲੂਕਾ 11:10-13; ਇਬ. 10:24, 25.
4:16. ਯਹੋਵਾਹ ਸਾਡੀ ‘ਅੰਦਰਲੀ ਇਨਸਾਨੀਅਤ ਨੂੰ ਦਿਨੋ ਦਿਨ ਨਵੀਂ ਕਰਦਾ ਹੈ,’ ਇਸ ਲਈ ਸਾਨੂੰ ਹਰ ਰੋਜ਼ ਯਹੋਵਾਹ ਦੇ ਪ੍ਰਬੰਧਾਂ ਦਾ ਪੂਰਾ-ਪੂਰਾ ਫ਼ਾਇਦਾ ਲੈਣਾ ਚਾਹੀਦਾ ਹੈ ਤਾਂਕਿ ਅਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਦੇ ਰਹੀਏ।
4:17, 18. ਇਹ ਯਾਦ ਰੱਖਣ ਨਾਲ ਕਿ ਕੋਈ ਵੀ ‘ਕਸ਼ਟ ਹੌਲਾ ਜਿਹਾ ਤੇ ਛਿੰਨ ਭਰ ਦਾ ਹੀ ਹੈ,’ ਸਾਨੂੰ ਔਖੀਆਂ ਘੜੀਆਂ ਵਿੱਚੋਂ ਲੰਘਣ ਅਤੇ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਵਿਚ ਮਦਦ ਮਿਲੇਗੀ।
5:1-5. ਪੌਲੁਸ ਨੇ ਕਿੰਨੀ ਸੋਹਣੀ ਤਰ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਦੇ ਜਜ਼ਬਾਤਾਂ ਬਾਰੇ ਦੱਸਿਆ ਜੋ ਸਵਰਗੀ ਜੀਵਨ ਦੀ ਉਮੀਦ ਰੱਖਦੇ ਹਨ!
10:13. ਜੇ ਸਾਨੂੰ ਉਸ ਇਲਾਕੇ ਵਿਚ ਪ੍ਰਚਾਰ ਕਰਨ ਲਈ ਨਹੀਂ ਕਿਹਾ ਗਿਆ ਜਿੱਥੇ ਜ਼ਿਆਦਾ ਪ੍ਰਚਾਰ ਕਰਨ ਦੀ ਲੋੜ ਹੈ, ਤਾਂ ਸਾਨੂੰ ਸਿਰਫ਼ ਆਪਣੀ ਕਲੀਸਿਯਾ ਦੇ ਇਲਾਕੇ ਵਿਚ ਪ੍ਰਚਾਰ ਕਰਨਾ ਚਾਹੀਦਾ ਹੈ।
13:5. ਇਹ ਪਤਾ ਕਰਨ ਲਈ ਕਿ ਅਸੀਂ ‘ਨਿਹਚਾ ਵਿੱਚ ਹਾਂ ਯਾ ਨਹੀਂ,’ ਸਾਨੂੰ ਦੇਖਣਾ ਪਵੇਗਾ ਕਿ ਅਸੀਂ ਬਾਈਬਲ ਦੇ ਮਿਆਰਾਂ ਅਨੁਸਾਰ ਆਪਣੀ ਜ਼ਿੰਦਗੀ ਜੀਉਂਦੇ ਹਾਂ ਕਿ ਨਹੀਂ। ‘ਆਪਣੇ ਆਪ ਨੂੰ ਪਰਖਣ’ ਲਈ ਸਾਨੂੰ ਇਹ ਦੇਖਣਾ ਪਵੇਗਾ ਕਿ ਸਾਡਾ ਰਿਸ਼ਤਾ ਯਹੋਵਾਹ ਨਾਲ ਕਿਹੋ ਜਿਹਾ ਹੈ, ਕਿਸ ਹੱਦ ਤਕ ਸਾਡੀਆਂ “ਗਿਆਨ ਇੰਦਰੀਆਂ” ਭਲੇ-ਬੁਰੇ ਦੀ ਜਾਂਚ ਕਰਨ ਲਈ ਸਾਧੀਆਂ ਹੋਈਆਂ ਹਨ ਅਤੇ ਜੋ ਕੰਮ ਅਸੀਂ ਕਰਦੇ ਹਾਂ ਉਨ੍ਹਾਂ ਤੋਂ ਸਾਡੀ ਨਿਹਚਾ ਜ਼ਾਹਰ ਹੁੰਦੀ ਹੈ ਜਾਂ ਨਹੀਂ। (ਇਬ. 5:14; ਯਾਕੂ. 1:22-25) ਪੌਲੁਸ ਦੀ ਚੰਗੀ ਸਲਾਹ ਨੂੰ ਲਾਗੂ ਕਰ ਕੇ ਅਸੀਂ ਸੱਚਾਈ ਦੇ ਰਾਹ ʼਤੇ ਚੱਲਦੇ ਰਹਿ ਸਕਦੇ ਹਾਂ।
[ਸਫ਼ੇ 26, 27 ਉੱਤੇ ਤਸਵੀਰ]
ਇਸ ਦਾ ਕੀ ਮਤਲਬ ਹੈ ਕਿ “ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ”?—1 ਕੁਰਿੰ. 11:26.