ਕੁਰਿੰਥੀਆਂ ਨੂੰ ਦੂਜੀ ਚਿੱਠੀ
12 ਮੈਨੂੰ ਸ਼ੇਖ਼ੀ ਮਾਰਨੀ ਪਵੇਗੀ, ਭਾਵੇਂ ਇਸ ਦਾ ਮੈਨੂੰ ਕੋਈ ਫ਼ਾਇਦਾ ਨਹੀਂ ਹੈ। ਪਰ ਫਿਰ ਵੀ ਹੁਣ ਮੈਂ ਪ੍ਰਭੂ ਦੁਆਰਾ ਦਿਖਾਏ ਦਰਸ਼ਣਾਂ+ ਅਤੇ ਉਸ ਵੱਲੋਂ ਦਿੱਤੇ ਸੰਦੇਸ਼ਾਂ ਬਾਰੇ ਗੱਲ ਕਰਾਂਗਾ।+ 2 ਮੈਂ ਮਸੀਹ ਦੇ ਇਕ ਚੇਲੇ ਨੂੰ ਜਾਣਦਾ ਹਾਂ ਜਿਸ ਨੂੰ 14 ਸਾਲ ਪਹਿਲਾਂ ਤੀਸਰੇ ਸਵਰਗ ਨੂੰ ਚੁੱਕ ਲਿਆ ਗਿਆ ਸੀ। ਮੈਨੂੰ ਨਹੀਂ ਪਤਾ ਕਿ ਉਸ ਨੂੰ ਸਰੀਰ ਵਿਚ ਚੁੱਕਿਆ ਗਿਆ ਸੀ ਜਾਂ ਫਿਰ ਸਰੀਰ ਤੋਂ ਬਿਨਾਂ; ਪਰਮੇਸ਼ੁਰ ਹੀ ਜਾਣਦਾ ਹੈ। 3 ਹਾਂ, ਮੈਂ ਅਜਿਹੇ ਆਦਮੀ ਨੂੰ ਜਾਣਦਾ ਹਾਂ। ਮੈਨੂੰ ਨਹੀਂ ਪਤਾ ਕਿ ਉਸ ਨੂੰ ਸਰੀਰ ਵਿਚ ਲਿਜਾਇਆ ਗਿਆ ਸੀ ਜਾਂ ਫਿਰ ਸਰੀਰ ਤੋਂ ਬਿਨਾਂ; ਪਰਮੇਸ਼ੁਰ ਹੀ ਜਾਣਦਾ ਹੈ। 4 ਉਸ ਨੂੰ ਸੋਹਣੇ ਬਾਗ਼* ਵਿਚ ਲਿਜਾਇਆ ਗਿਆ ਜਿੱਥੇ ਉਸ ਨੇ ਅਜਿਹੀਆਂ ਗੱਲਾਂ ਸੁਣੀਆਂ ਜੋ ਦੱਸੀਆਂ ਨਹੀਂ ਜਾ ਸਕਦੀਆਂ ਅਤੇ ਜਿਨ੍ਹਾਂ ਨੂੰ ਦੱਸਣ ਦੀ ਇਨਸਾਨ ਨੂੰ ਇਜਾਜ਼ਤ ਨਹੀਂ ਹੈ। 5 ਮੈਂ ਅਜਿਹੇ ਆਦਮੀ ਬਾਰੇ ਸ਼ੇਖ਼ੀ ਮਾਰਾਂਗਾ। ਪਰ ਮੈਂ ਆਪਣੇ ਬਾਰੇ ਨਹੀਂ, ਸਗੋਂ ਆਪਣੀਆਂ ਕਮਜ਼ੋਰੀਆਂ ਬਾਰੇ ਹੀ ਸ਼ੇਖ਼ੀ ਮਾਰਾਂਗਾ। 6 ਜੇ ਮੈਂ ਕਦੀ ਸ਼ੇਖ਼ੀ ਮਾਰਨੀ ਵੀ ਚਾਹਾਂ, ਤਾਂ ਮੈਂ ਮੂਰਖਤਾ ਨਹੀਂ ਕਰਾਂਗਾ ਕਿਉਂਕਿ ਮੈਂ ਸੱਚ ਹੀ ਬੋਲਾਂਗਾ। ਪਰ ਮੈਂ ਸ਼ੇਖ਼ੀ ਮਾਰਨ ਤੋਂ ਆਪਣੇ ਆਪ ਨੂੰ ਰੋਕਦਾ ਹਾਂ ਤਾਂਕਿ ਕੋਈ ਮੇਰੀ ਹੱਦੋਂ ਵੱਧ ਸ਼ਲਾਘਾ ਨਾ ਕਰੇ, ਸਿਵਾਇ ਇਸ ਦੇ ਕਿ ਉਹ ਮੈਨੂੰ ਜੋ ਕਰਦਿਆਂ ਦੇਖਦੇ ਹਨ ਜਾਂ ਕਹਿੰਦਿਆਂ ਸੁਣਦੇ ਹਨ। 7 ਪਰਮੇਸ਼ੁਰ ਦੁਆਰਾ ਮੈਨੂੰ ਦਿੱਤੇ ਗਏ ਸ਼ਾਨਦਾਰ ਸੰਦੇਸ਼ਾਂ ਕਰਕੇ ਕੋਈ ਮੈਨੂੰ ਜ਼ਿਆਦਾ ਨਾ ਸਮਝੇ।
ਕਿਤੇ ਅਜਿਹਾ ਨਾ ਹੋਵੇ ਕਿ ਮੈਂ ਘਮੰਡ ਨਾਲ ਫੁੱਲ ਜਾਵਾਂ, ਇਸ ਲਈ ਮੈਨੂੰ ਦੁੱਖ ਦੇਣ ਵਾਸਤੇ ਮੇਰੇ ਸਰੀਰ ਵਿਚ ਇਕ ਕੰਡਾ ਚੋਭਿਆ ਗਿਆ ਹੈ+ ਜੋ ਸ਼ੈਤਾਨ ਦੇ ਦੂਤ ਵਾਂਗ ਮੈਨੂੰ ਥੱਪੜ ਮਾਰਦਾ ਹੈ* ਤਾਂਕਿ ਮੈਂ ਘਮੰਡ ਨਾਲ ਫੁੱਲ ਨਾ ਜਾਵਾਂ। 8 ਇਸ ਵਾਸਤੇ ਮੈਂ ਪ੍ਰਭੂ ਅੱਗੇ ਤਿੰਨ ਵਾਰ ਤਰਲੇ ਕੀਤੇ ਕਿ ਉਹ ਮੇਰੇ ਸਰੀਰ ਵਿੱਚੋਂ ਇਹ ਕੰਡਾ ਕੱਢ ਦੇਵੇ। 9 ਪਰ ਉਸ ਨੇ ਕਿਹਾ: “ਮੈਂ ਤੇਰੇ ਉੱਤੇ ਜੋ ਅਪਾਰ ਕਿਰਪਾ ਕੀਤੀ ਹੈ, ਉਹੀ ਬਹੁਤ ਹੈ। ਜਦੋਂ ਤੂੰ ਕਮਜ਼ੋਰ ਹੁੰਦਾ ਹੈਂ, ਉਦੋਂ ਮੇਰੀ ਤਾਕਤ ਪੂਰੀ ਤਰ੍ਹਾਂ ਤੇਰੇ ਨਾਲ ਹੁੰਦੀ ਹੈ।”+ ਇਸ ਕਰਕੇ ਮੈਂ ਆਪਣੀਆਂ ਕਮਜ਼ੋਰੀਆਂ ਉੱਤੇ ਖ਼ੁਸ਼ੀ-ਖ਼ੁਸ਼ੀ ਸ਼ੇਖ਼ੀਆਂ ਮਾਰਾਂਗਾ ਤਾਂਕਿ ਮੈਂ ਹਮੇਸ਼ਾ ਮਸੀਹ ਦੀ ਤਾਕਤ ਦੀ ਪਨਾਹ ਵਿਚ ਰਹਾਂ। 10 ਇਸ ਲਈ ਮੈਂ ਮਸੀਹ ਦੀ ਖ਼ਾਤਰ ਖ਼ੁਸ਼ੀ-ਖ਼ੁਸ਼ੀ ਕਮਜ਼ੋਰੀਆਂ, ਬੇਇੱਜ਼ਤੀ, ਤੰਗੀਆਂ, ਅਤਿਆਚਾਰਾਂ ਅਤੇ ਮੁਸ਼ਕਲਾਂ ਦਾ ਸਾਮ੍ਹਣਾ ਕਰਦਾ ਹਾਂ ਕਿਉਂਕਿ ਜਦੋਂ ਮੈਂ ਕਮਜ਼ੋਰ ਹੁੰਦਾ ਹਾਂ, ਉਦੋਂ ਮੈਂ ਤਾਕਤਵਰ ਹੁੰਦਾ ਹਾਂ।+
11 ਹਾਂ, ਮੈਂ ਨਾਸਮਝ ਬਣ ਗਿਆ ਹਾਂ। ਤੁਸੀਂ ਮੈਨੂੰ ਨਾਸਮਝ ਬਣਨ ਲਈ ਮਜਬੂਰ ਕੀਤਾ ਕਿਉਂਕਿ ਤੁਸੀਂ ਦੂਸਰਿਆਂ ਸਾਮ੍ਹਣੇ ਮੇਰੀਆਂ ਸਿਫ਼ਤਾਂ ਨਹੀਂ ਕੀਤੀਆਂ। ਮੈਂ ਕਿਸੇ ਵੀ ਗੱਲ ਵਿਚ ਤੁਹਾਡੇ ਮਹਾਂ ਰਸੂਲਾਂ ਨਾਲੋਂ ਘੱਟ ਸਾਬਤ ਨਹੀਂ ਹੋਇਆ, ਭਾਵੇਂ ਕਿ ਮੈਂ ਤੁਹਾਡੀਆਂ ਨਜ਼ਰਾਂ ਵਿਚ ਕੁਝ ਵੀ ਨਹੀਂ ਹਾਂ।+ 12 ਤੁਹਾਨੂੰ ਨਿਸ਼ਾਨੀਆਂ, ਚਮਤਕਾਰ ਤੇ ਕਰਾਮਾਤਾਂ ਦਿਖਾਉਣ ਦੇ ਨਾਲ-ਨਾਲ ਮੈਂ ਬਹੁਤ ਧੀਰਜ ਨਾਲ ਆਪਣੇ ਰਸੂਲ ਹੋਣ ਦੇ ਸਬੂਤ ਵੀ ਦਿੱਤੇ।+ 13 ਤੁਹਾਨੂੰ ਕਿਹੜਾ ਸਨਮਾਨ ਨਹੀਂ ਮਿਲਿਆ ਜੋ ਬਾਕੀ ਦੀਆਂ ਮੰਡਲੀਆਂ ਨੂੰ ਮਿਲਿਆ ਹੈ? ਸ਼ਾਇਦ ਇਹੀ ਕਿ ਮੈਂ ਤੁਹਾਡੇ ਲਈ ਬੋਝ ਨਹੀਂ ਬਣਿਆ?+ ਕਿਰਪਾ ਕਰ ਕੇ ਮੇਰੀ ਇਹ ਗ਼ਲਤੀ ਮਾਫ਼ ਕਰ ਦਿਓ।
14 ਦੇਖੋ! ਮੈਂ ਤੀਸਰੀ ਵਾਰ ਤੁਹਾਡੇ ਕੋਲ ਆਉਣ ਲਈ ਤਿਆਰ ਹਾਂ, ਪਰ ਮੈਂ ਇਸ ਵਾਰ ਵੀ ਤੁਹਾਡੇ ਲਈ ਬੋਝ ਨਹੀਂ ਬਣਾਂਗਾ। ਮੈਂ ਤੁਹਾਡੀਆਂ ਚੀਜ਼ਾਂ ਨਹੀਂ ਚਾਹੁੰਦਾ,+ ਸਗੋਂ ਤੁਹਾਨੂੰ ਚਾਹੁੰਦਾ ਹਾਂ। ਬੱਚਿਆਂ+ ਤੋਂ ਇਹ ਉਮੀਦ ਨਹੀਂ ਕੀਤੀ ਜਾਂਦੀ ਕਿ ਉਹ ਆਪਣੇ ਮਾਪਿਆਂ ਲਈ ਪੈਸੇ ਜੋੜ-ਜੋੜ ਕੇ ਰੱਖਣ, ਸਗੋਂ ਮਾਪਿਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਲਈ ਪੈਸੇ ਜੋੜਨ। 15 ਜਿੱਥੋਂ ਤਕ ਮੇਰੀ ਗੱਲ ਹੈ, ਮੈਂ ਆਪਣਾ ਸਭ ਕੁਝ, ਸਗੋਂ ਆਪਣੇ ਆਪ ਨੂੰ ਵੀ ਖ਼ੁਸ਼ੀ-ਖ਼ੁਸ਼ੀ ਤੁਹਾਡੇ ʼਤੇ ਵਾਰਨ ਲਈ ਤਿਆਰ ਹਾਂ।+ ਜੇ ਮੈਂ ਤੁਹਾਨੂੰ ਇੰਨਾ ਪਿਆਰ ਕਰਦਾ ਹਾਂ, ਤਾਂ ਕੀ ਤੁਹਾਨੂੰ ਵੀ ਮੈਨੂੰ ਉੱਨਾ ਹੀ ਪਿਆਰ ਨਹੀਂ ਕਰਨਾ ਚਾਹੀਦਾ? 16 ਜੋ ਵੀ ਹੈ, ਮੈਂ ਤੁਹਾਡੇ ਉੱਤੇ ਬੋਝ ਨਹੀਂ ਪਾਇਆ ਹੈ।+ ਪਰ ਤੁਸੀਂ ਕਹਿੰਦੇ ਹੋ, ਮੈਂ “ਧੋਖੇਬਾਜ਼” ਹਾਂ ਅਤੇ ਮੈਂ “ਚਲਾਕੀ” ਨਾਲ ਤੁਹਾਨੂੰ ਫਸਾਇਆ ਹੈ। 17 ਕੀ ਮੈਂ ਉਨ੍ਹਾਂ ਭਰਾਵਾਂ ਦੇ ਜ਼ਰੀਏ ਤੁਹਾਡਾ ਫ਼ਾਇਦਾ ਉਠਾਇਆ ਜਿਨ੍ਹਾਂ ਨੂੰ ਮੈਂ ਤੁਹਾਡੇ ਕੋਲ ਘੱਲਿਆ ਸੀ? 18 ਮੈਂ ਤੀਤੁਸ ਨੂੰ ਤੁਹਾਡੇ ਕੋਲ ਆਉਣ ਦੀ ਹੱਲਾਸ਼ੇਰੀ ਦਿੱਤੀ ਅਤੇ ਮੈਂ ਉਸ ਦੇ ਨਾਲ ਇਕ ਭਰਾ ਨੂੰ ਘੱਲਿਆ। ਕੀ ਤੀਤੁਸ ਨੇ ਕਿਸੇ ਵੀ ਤਰ੍ਹਾਂ ਤੁਹਾਡਾ ਫ਼ਾਇਦਾ ਉਠਾਇਆ?+ ਕੀ ਅਸੀਂ ਦੋਵਾਂ ਨੇ ਇੱਕੋ ਮਕਸਦ ਨਾਲ ਕੰਮ ਨਹੀਂ ਕੀਤਾ? ਕੀ ਅਸੀਂ ਕਦਮ ਨਾਲ ਕਦਮ ਮਿਲਾ ਕੇ ਇੱਕੋ ਰਾਹ ʼਤੇ ਨਹੀਂ ਚੱਲੇ?
19 ਇਸ ਚਿੱਠੀ ਨੂੰ ਪੜ੍ਹਦੇ ਹੋਏ ਕੀ ਤੁਸੀਂ ਇਹ ਸੋਚ ਰਹੇ ਹੋ ਕਿ ਅਸੀਂ ਤੁਹਾਡੇ ਸਾਮ੍ਹਣੇ ਆਪਣੀ ਸਫ਼ਾਈ ਪੇਸ਼ ਕਰ ਰਹੇ ਹਾਂ? ਮਸੀਹ ਦੇ ਚੇਲੇ ਹੋਣ ਦੇ ਨਾਤੇ ਅਸੀਂ ਪਰਮੇਸ਼ੁਰ ਸਾਮ੍ਹਣੇ ਸੱਚ ਬੋਲ ਰਹੇ ਹਾਂ। ਪਰ ਪਿਆਰੇ ਭਰਾਵੋ, ਅਸੀਂ ਜੋ ਵੀ ਕਰਦੇ ਹਾਂ, ਤੁਹਾਨੂੰ ਤਕੜਾ ਕਰਨ ਲਈ ਹੀ ਕਰਦੇ ਹਾਂ। 20 ਮੈਂ ਡਰਦਾ ਹਾਂ ਕਿ ਮੈਂ ਆ ਕੇ ਕਿਤੇ ਇਹ ਨਾ ਦੇਖਾਂ ਕਿ ਤੁਹਾਡਾ ਰਵੱਈਆ ਉਹੋ ਜਿਹਾ ਨਹੀਂ ਹੈ ਜਿਹੋ ਜਿਹਾ ਮੈਂ ਚਾਹੁੰਦਾ ਹਾਂ ਅਤੇ ਮੈਂ ਤੁਹਾਡੇ ਨਾਲ ਉਹੋ ਜਿਹੇ ਤਰੀਕੇ ਨਾਲ ਪੇਸ਼ ਨਾ ਆਵਾਂ ਜਿਹੋ ਜਿਹੇ ਤਰੀਕੇ ਨਾਲ ਤੁਸੀਂ ਚਾਹੁੰਦੇ ਹੋ। ਮੈਂ ਇਹ ਨਹੀਂ ਦੇਖਣਾ ਚਾਹੁੰਦਾ ਕਿ ਤੁਹਾਡੇ ਵਿਚ ਝਗੜੇ, ਈਰਖਾ, ਗੁੱਸੇ ਵਿਚ ਭੜਕਣਾ, ਫੁੱਟ, ਤੁਹਮਤਾਂ, ਚੁਗ਼ਲੀਆਂ, ਘਮੰਡ ਅਤੇ ਗੜਬੜੀ ਹੈ। 21 ਮੈਨੂੰ ਡਰ ਹੈ ਕਿ ਜਦੋਂ ਮੈਂ ਦੁਬਾਰਾ ਆਇਆ, ਤਾਂ ਮੇਰਾ ਪਰਮੇਸ਼ੁਰ ਤੁਹਾਡੇ ਸਾਮ੍ਹਣੇ ਮੈਨੂੰ ਸ਼ਰਮਿੰਦਾ ਕਰੇਗਾ ਅਤੇ ਮੈਨੂੰ ਉਨ੍ਹਾਂ ਕਈ ਲੋਕਾਂ ਕਰਕੇ ਸੋਗ ਮਨਾਉਣਾ ਪਵੇਗਾ ਜਿਹੜੇ ਪਾਪੀ ਕੰਮਾਂ ਵਿਚ ਲੱਗੇ ਹੋਏ ਸਨ, ਪਰ ਉਨ੍ਹਾਂ ਨੇ ਅਜੇ ਤਕ ਆਪਣੇ ਗੰਦੇ-ਮੰਦੇ ਕੰਮਾਂ, ਹਰਾਮਕਾਰੀ* ਅਤੇ ਬੇਸ਼ਰਮ* ਹੋ ਕੇ ਗ਼ਲਤ ਕੰਮ ਕਰਨ ਤੋਂ ਤੋਬਾ ਨਹੀਂ ਕੀਤੀ ਹੈ।