ਪੰਜਵਾਂ ਅਧਿਆਇ
ਦੁਨੀਆਂ ਤੋਂ ਦੂਰ ਰਹੋ
“ਤੁਸੀਂ ਦੁਨੀਆਂ ਵਰਗੇ ਨਹੀਂ ਹੋ।”—ਯੂਹੰਨਾ 15:19.
1. ਧਰਤੀ ਉੱਤੇ ਆਪਣੀ ਆਖ਼ਰੀ ਰਾਤ ਨੂੰ ਯਿਸੂ ਨੇ ਕਿਸ ਗੱਲ ʼਤੇ ਜ਼ੋਰ ਦਿੱਤਾ ਸੀ?
ਧਰਤੀ ਉੱਤੇ ਆਪਣੀ ਆਖ਼ਰੀ ਰਾਤ ਨੂੰ ਯਿਸੂ ਨੂੰ ਆਪਣੇ ਚੇਲਿਆਂ ਦੀ ਬਹੁਤ ਚਿੰਤਾ ਸੀ। ਇਸ ਲਈ ਉਸ ਨੇ ਉਨ੍ਹਾਂ ਦੇ ਹਿੱਤ ਵਿਚ ਆਪਣੇ ਪਿਤਾ ਨੂੰ ਪ੍ਰਾਰਥਨਾ ਕੀਤੀ ਸੀ। ਉਸ ਨੇ ਕਿਹਾ: “ਮੈਂ ਤੈਨੂੰ ਇਹ ਫ਼ਰਿਆਦ ਨਹੀਂ ਕਰਦਾ ਕਿ ਤੂੰ ਉਨ੍ਹਾਂ ਨੂੰ ਦੁਨੀਆਂ ਵਿੱਚੋਂ ਚੁੱਕ ਲਵੇਂ, ਸਗੋਂ ਇਹ ਫ਼ਰਿਆਦ ਕਰਦਾ ਹਾਂ ਕਿ ਤੂੰ ਉਸ ਦੁਸ਼ਟ ਤੋਂ ਉਨ੍ਹਾਂ ਦੀ ਰੱਖਿਆ ਕਰੇਂ। ਉਹ ਦੁਨੀਆਂ ਵਰਗੇ ਨਹੀਂ ਹਨ, ਜਿਵੇਂ ਮੈਂ ਦੁਨੀਆਂ ਵਰਗਾ ਨਹੀਂ ਹਾਂ।” (ਯੂਹੰਨਾ 17:15, 16) ਇਸ ਪ੍ਰਾਰਥਨਾ ਵਿਚ ਯਿਸੂ ਨੇ ਇਕ ਖ਼ਾਸ ਗੱਲ ʼਤੇ ਜ਼ੋਰ ਦਿੱਤਾ ਸੀ ਅਤੇ ਇਸ ਬਾਰੇ ਉਸ ਨੇ ਆਪਣੇ ਕੁਝ ਚੇਲਿਆਂ ਨਾਲ ਉਸੇ ਰਾਤ ਪਹਿਲਾਂ ਵੀ ਗੱਲ ਕੀਤੀ ਸੀ। ਉਸ ਨੇ ਕਿਹਾ ਸੀ: “ਤੁਸੀਂ ਦੁਨੀਆਂ ਵਰਗੇ ਨਹੀਂ ਹੋ।” (ਯੂਹੰਨਾ 15:19) ਇਨ੍ਹਾਂ ਸ਼ਬਦਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਚਾਹੁੰਦਾ ਸੀ ਕਿ ਉਸ ਦੇ ਚੇਲੇ ਦੁਨੀਆਂ ਤੋਂ ਦੂਰ ਰਹਿਣ।
2. ਯਿਸੂ ਨੇ ਜਿਸ “ਦੁਨੀਆਂ” ਦੀ ਗੱਲ ਕੀਤੀ ਸੀ ਉਹ ਦੁਨੀਆਂ ਕੀ ਹੈ?
2 ਯਿਸੂ ਨੇ ਜਿਸ “ਦੁਨੀਆਂ” ਦੀ ਗੱਲ ਕੀਤੀ ਸੀ ਇਹ ਉਹ ਲੋਕ ਹਨ ਜੋ ਪਰਮੇਸ਼ੁਰ ਤੋਂ ਦੂਰ ਹੋ ਚੁੱਕੇ ਹਨ, ਸ਼ੈਤਾਨ ਦੇ ਅਧੀਨ ਹਨ ਅਤੇ ਸ਼ੈਤਾਨ ਵਾਂਗ ਘਮੰਡੀ ਤੇ ਸੁਆਰਥੀ ਇੱਛਾਵਾਂ ਦੇ ਗ਼ੁਲਾਮ ਹਨ। (ਯੂਹੰਨਾ 14:30; ਅਫ਼ਸੀਆਂ 2:2; 1 ਯੂਹੰਨਾ 5:19) ਇਸ “ਦੁਨੀਆਂ ਨਾਲ ਦੋਸਤੀ ਕਰਨ ਦਾ ਮਤਲਬ ਹੈ ਪਰਮੇਸ਼ੁਰ ਨਾਲ ਦੁਸ਼ਮਣੀ ਕਰਨੀ।” (ਯਾਕੂਬ 4:4) ਪਰ ਇਸ ਦੁਨੀਆਂ ਵਿਚ ਰਹਿੰਦੇ ਹੋਏ ਵੀ ਇਸ ਤੋਂ ਦੂਰ ਕਿਵੇਂ ਰਿਹਾ ਜਾ ਸਕਦਾ ਹੈ? ਅਸੀਂ ਦੁਨੀਆਂ ਤੋਂ ਦੂਰ ਰਹਿਣ ਦੇ ਪੰਜ ਤਰੀਕਿਆਂ ʼਤੇ ਵਿਚਾਰ ਕਰਾਂਗੇ: (1) ਮਸੀਹ ਅਧੀਨ ਪਰਮੇਸ਼ੁਰ ਦੇ ਰਾਜ ਪ੍ਰਤੀ ਵਫ਼ਾਦਾਰ ਰਹਿਣਾ ਅਤੇ ਰਾਜਨੀਤੀ ਤੋਂ ਦੂਰ ਰਹਿਣਾ, (2) ਦੁਨੀਆਂ ਦੇ ਮਾੜੇ ਅਸਰਾਂ ਤੋਂ ਆਪਣੇ ਆਪ ਨੂੰ ਬਚਾਉਣਾ, (3) ਸਲੀਕੇਦਾਰ ਪਹਿਰਾਵਾ ਪਾਉਣਾ ਜਿਸ ਤੋਂ ਸ਼ਰਮ-ਹਯਾ ਝਲਕੇ, (4) ਆਪਣੀ ਜ਼ਿੰਦਗੀ ਸਾਦੀ ਰੱਖਣੀ, (5) ਪਰਮੇਸ਼ੁਰ ਦੁਆਰਾ ਦਿੱਤੇ ਗਏ ਸਾਰੇ ਹਥਿਆਰ ਚੁੱਕਣੇ।
ਵਫ਼ਾਦਾਰ ਅਤੇ ਨਿਰਪੱਖ ਰਹੋ
3. (ੳ) ਯਿਸੂ ਨੇ ਰਾਜਨੀਤਿਕ ਮਾਮਲਿਆਂ ਵਿਚ ਹਿੱਸਾ ਕਿਉਂ ਨਹੀਂ ਲਿਆ ਸੀ? (ਅ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਿਸੂ ਦੇ ਚੁਣੇ ਹੋਏ ਚੇਲੇ ਰਾਜਦੂਤਾਂ ਵਜੋਂ ਸੇਵਾ ਕਰਦੇ ਹਨ? (ਫੁਟਨੋਟ ਵੀ ਦੇਖੋ।)
3 ਯਿਸੂ ਨੇ ਕਦੇ ਰਾਜਨੀਤਿਕ ਮਾਮਲਿਆਂ ਵਿਚ ਹਿੱਸਾ ਨਹੀਂ ਲਿਆ ਸੀ। ਉਸ ਦਾ ਪੂਰਾ ਧਿਆਨ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਉੱਤੇ ਸੀ। ਉਸ ਨੇ ਬਾਅਦ ਵਿਚ ਇਸ ਰਾਜ ਦਾ ਰਾਜਾ ਬਣਨਾ ਸੀ। (ਦਾਨੀਏਲ 7:13, 14; ਲੂਕਾ 4:43; 17:20, 21) ਇਸ ਲਈ ਉਸ ਨੇ ਰੋਮੀ ਹਾਕਮ ਪਿਲਾਤੁਸ ਨੂੰ ਕਿਹਾ ਸੀ: “ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ।” (ਯੂਹੰਨਾ 18:36) ਯਿਸੂ ਦੇ ਵਫ਼ਾਦਾਰ ਚੇਲੇ ਉਸ ਦੀ ਮਿਸਾਲ ਉੱਤੇ ਚੱਲਦੇ ਹੋਏ ਪਰਮੇਸ਼ੁਰ ਦੇ ਰਾਜ ਦਾ ਪੱਖ ਲੈਂਦੇ ਹਨ ਅਤੇ ਸਾਰੀ ਦੁਨੀਆਂ ਵਿਚ ਇਸ ਰਾਜ ਦਾ ਪ੍ਰਚਾਰ ਕਰਦੇ ਹਨ। (ਮੱਤੀ 24:14) ਪੌਲੁਸ ਰਸੂਲ ਨੇ ਲਿਖਿਆ ਸੀ: “ਅਸੀਂ ਮਸੀਹ ਦੀ ਜਗ੍ਹਾ ਰਾਜਦੂਤਾਂ ਦੇ ਤੌਰ ਤੇ ਕੰਮ ਕਰਦੇ ਹਾਂ, . . . ਮਸੀਹ ਦੀ ਜਗ੍ਹਾ ਅਸੀਂ ਬੇਨਤੀ ਕਰਦੇ ਹਾਂ: ‘ਪਰਮੇਸ਼ੁਰ ਨਾਲ ਸੁਲ੍ਹਾ ਕਰੋ।’”a—2 ਕੁਰਿੰਥੀਆਂ 5:20.
4. ਸਾਰੇ ਸੱਚੇ ਮਸੀਹੀ ਪਰਮੇਸ਼ੁਰ ਦੇ ਰਾਜ ਪ੍ਰਤੀ ਆਪਣੀ ਵਫ਼ਾਦਾਰੀ ਦਾ ਸਬੂਤ ਕਿਵੇਂ ਦਿੰਦੇ ਹਨ? (“ਮੁਢਲੇ ਮਸੀਹੀ ਨਿਰਪੱਖ ਸਨ” ਡੱਬੀ ਦੇਖੋ।)
4 ਏਲਚੀ ਜਾਂ ਰਾਜਦੂਤ ਦਾ ਕੰਮ ਹੁੰਦਾ ਹੈ ਕਿ ਸਰਕਾਰ ਵੱਲੋਂ ਉਸ ਨੂੰ ਜਿਸ ਦੇਸ਼ ਵਿਚ ਘੱਲਿਆ ਜਾਂਦਾ ਹੈ, ਉੱਥੇ ਰਹਿੰਦਿਆਂ ਆਪਣੇ ਦੇਸ਼ ਦੇ ਭਲੇ ਲਈ ਕੰਮ ਕਰੇ। ਪਰ ਉਸ ਨੂੰ ਉੱਥੋਂ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰਨ ਦੀ ਇਜਾਜ਼ਤ ਨਹੀਂ ਹੁੰਦੀ। ਇਸੇ ਤਰ੍ਹਾਂ ਮਸਹ ਕੀਤੇ ਹੋਏ ਚੇਲੇ “ਸਵਰਗ ਦੇ ਨਾਗਰਿਕ” ਹਨ, ਇਸ ਕਰਕੇ ਉਹ ਦੁਨੀਆਂ ਦੇ ਮਾਮਲਿਆਂ ਵਿਚ ਹਿੱਸਾ ਨਹੀਂ ਲੈਂਦੇ। (ਫ਼ਿਲਿੱਪੀਆਂ 3:20) ਪਰ ਉਹ ਪਰਮੇਸ਼ੁਰ ਦੇ ਰਾਜ ਦਾ ਜੋਸ਼ ਨਾਲ ਪ੍ਰਚਾਰ ਕਰ ਕੇ ਮਸੀਹ ਦੀਆਂ ਲੱਖਾਂ “ਹੋਰ ਭੇਡਾਂ” ਦੀ “ਪਰਮੇਸ਼ੁਰ ਨਾਲ ਸੁਲ੍ਹਾ” ਕਰਨ ਵਿਚ ਮਦਦ ਕਰਦੇ ਹਨ। (ਯੂਹੰਨਾ 10:16; ਮੱਤੀ 25:31-40) ਇਹ ਲੱਖਾਂ ਲੋਕ ਯਿਸੂ ਦੇ ਮਸਹ ਕੀਤੇ ਭਰਾਵਾਂ ਨੂੰ ਸਹਿਯੋਗ ਦਿੰਦੇ ਹਨ। ਇਹ ਸਾਰੇ ਰਲ਼ ਕੇ ਮਸੀਹ ਦੇ ਰਾਜ ਦਾ ਐਲਾਨ ਕਰਦੇ ਹਨ ਅਤੇ ਦੁਨੀਆਂ ਦੀ ਰਾਜਨੀਤੀ ਵਿਚ ਬਿਲਕੁਲ ਹਿੱਸਾ ਨਹੀਂ ਲੈਂਦੇ।—ਯਸਾਯਾਹ 2:2-4 ਪੜ੍ਹੋ।
5. ਮਸੀਹੀਆਂ ਤੇ ਇਜ਼ਰਾਈਲੀਆਂ ਵਿਚ ਕੀ ਫ਼ਰਕ ਹੈ ਅਤੇ ਇਸ ਫ਼ਰਕ ਕਰਕੇ ਮਸੀਹੀ ਕੀ ਨਹੀਂ ਕਰਦੇ?
5 ਸੱਚੇ ਮਸੀਹੀ ਰਾਜਨੀਤਿਕ ਮਾਮਲਿਆਂ ਵਿਚ ਇਕ ਹੋਰ ਕਾਰਨ ਕਰਕੇ ਵੀ ਨਿਰਪੱਖ ਰਹਿੰਦੇ ਹਨ। ਪੁਰਾਣੇ ਇਜ਼ਰਾਈਲ ਵਿਚ ਪਰਮੇਸ਼ੁਰ ਦੇ ਲੋਕ ਇੱਕੋ ਦੇਸ਼ ਵਿਚ ਰਹਿੰਦੇ ਸਨ, ਪਰ ਅੱਜ ਸਾਡੇ ਭੈਣ-ਭਰਾ ਕਈ ਦੇਸ਼ਾਂ ਵਿਚ ਰਹਿੰਦੇ ਹਨ। (ਮੱਤੀ 28:19; 1 ਪਤਰਸ 2:9) ਇਸ ਲਈ ਜੇ ਅਸੀਂ ਕਿਸੇ ਰਾਜਨੀਤਿਕ ਪਾਰਟੀ ਦਾ ਸਮਰਥਨ ਕਰਦੇ ਹਾਂ, ਤਾਂ ਕੀ ਅਸੀਂ ਦੁਨੀਆਂ ਵਿਚ ਆਪਣੇ ਸਾਰੇ ਭੈਣਾਂ-ਭਰਾਵਾਂ ਵਾਂਗ ਬਿਨਾਂ ਝਿਜਕੇ ਰਾਜ ਦਾ ਪ੍ਰਚਾਰ ਕਰ ਸਕਾਂਗੇ ਅਤੇ ਨਿਰਪੱਖ ਰਹਿ ਸਕਾਂਗੇ? (1 ਕੁਰਿੰਥੀਆਂ 1:10) ਇਸ ਤੋਂ ਇਲਾਵਾ ਸਾਨੂੰ ਆਪਣੇ ਭਰਾਵਾਂ ਨਾਲ ਪਿਆਰ ਕਰਨ ਦਾ ਹੁਕਮ ਦਿੱਤਾ ਗਿਆ ਹੈ, ਤਾਂ ਫਿਰ ਅਸੀਂ ਲੜਾਈ ਵਿਚ ਉਨ੍ਹਾਂ ਦੇ ਖ਼ਿਲਾਫ਼ ਹਥਿਆਰ ਕਿੱਦਾਂ ਚੁੱਕ ਸਕਦੇ ਹਾਂ? (ਯੂਹੰਨਾ 13:34, 35; 1 ਯੂਹੰਨਾ 3:10-12) ਇਸੇ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੀ ਤਲਵਾਰ ਮਿਆਨ ਵਿਚ ਪਾਉਣ ਲਈ ਕਿਹਾ ਸੀ। ਉਸ ਨੇ ਤਾਂ ਆਪਣੇ ਦੁਸ਼ਮਣਾਂ ਨਾਲ ਵੀ ਪਿਆਰ ਕਰਨ ਲਈ ਕਿਹਾ ਸੀ।—ਮੱਤੀ 5:44; 26:52; “ਕੀ ਮੈਂ ਨਿਰਪੱਖ ਹਾਂ?” ਨਾਮਕ ਡੱਬੀ ਦੇਖੋ।
6. ਆਪਣੀ ਜ਼ਿੰਦਗੀ ਪਰਮੇਸ਼ੁਰ ਦੇ ਲੇਖੇ ਲਾਈ ਹੋਣ ਕਰਕੇ ਸਰਕਾਰ ਪ੍ਰਤੀ ਸਾਡਾ ਕੀ ਰਵੱਈਆ ਹੈ?
6 ਸੱਚੇ ਮਸੀਹੀ ਹੋਣ ਦੇ ਨਾਤੇ ਅਸੀਂ ਆਪਣੀ ਜ਼ਿੰਦਗੀ ਪਰਮੇਸ਼ੁਰ ਦੇ ਲੇਖੇ ਲਾਈ ਹੈ ਨਾ ਕਿ ਕਿਸੇ ਇਨਸਾਨ, ਸੰਸਥਾ ਜਾਂ ਦੇਸ਼ ਦੇ ਲੇਖੇ। ਪਹਿਲਾ ਕੁਰਿੰਥੀਆਂ 6:19, 20 ਵਿਚ ਕਿਹਾ ਗਿਆ ਹੈ: “ਤੁਹਾਡਾ ਆਪਣੇ ਉੱਤੇ ਕੋਈ ਅਧਿਕਾਰ ਨਹੀਂ ਹੈ, ਕਿਉਂਕਿ ਤੁਹਾਨੂੰ ਵੱਡੀ ਕੀਮਤ ਚੁੱਕਾ ਕੇ ਖ਼ਰੀਦਿਆ ਗਿਆ ਹੈ।” ਸੱਚੇ ਮਸੀਹੀ ਜੋ ਕੁਝ “ਰਾਜੇ” ਯਾਨੀ ਸਰਕਾਰ ਨੂੰ ਦੇਣਾ ਬਣਦਾ ਹੈ, ਉਹ ਸਰਕਾਰ ਨੂੰ ਦਿੰਦੇ ਹਨ ਜਿਵੇਂ ਕਿ ਟੈਕਸ ਭਰਦੇ ਹਨ ਅਤੇ ਸਰਕਾਰ ਦੇ ਅਧੀਨ ਰਹਿੰਦੇ ਹਨ। ਪਰ ਉਹ ‘ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ ਦਿੰਦੇ’ ਹਨ। (ਮਰਕੁਸ 12:17; ਰੋਮੀਆਂ 13:1-7) ਉਹ ਦਿਲੋਂ ਪਰਮੇਸ਼ੁਰ ਦੀ ਭਗਤੀ ਕਰਦੇ ਹਨ ਅਤੇ ਉਸ ਨੂੰ ਪਿਆਰ ਕਰਦੇ ਹੋਏ ਉਸ ਦੇ ਹੁਕਮ ਮੰਨਦੇ ਹਨ। ਲੋੜ ਪੈਣ ਤੇ ਉਹ ਪਰਮੇਸ਼ੁਰ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਵੀ ਤਿਆਰ ਰਹਿੰਦੇ ਹਨ।—ਲੂਕਾ 4:8; 10:27; ਰਸੂਲਾਂ ਦੇ ਕੰਮ 5:29; ਰੋਮੀਆਂ 14:8 ਪੜ੍ਹੋ।
ਦੁਨੀਆਂ ਦੇ ਮਾੜੇ ਅਸਰਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ
7, 8. ਦੁਨੀਆਂ ਦੀ ‘ਹਵਾ’ ਅਣਆਗਿਆਕਾਰ ਲੋਕਾਂ ਉੱਤੇ ਕੀ ਅਸਰ ਪਾਉਂਦੀ ਹੈ?
7 ਦੁਨੀਆਂ ਤੋਂ ਦੂਰ ਰਹਿਣ ਲਈ ਮਸੀਹੀਆਂ ਨੂੰ ਇਸ ਦੇ ਮਾੜੇ ਅਸਰਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣ ਦੀ ਲੋੜ ਹੈ। ਪੌਲੁਸ ਨੇ ਲਿਖਿਆ: “ਅਸੀਂ ਦੁਨੀਆਂ ਦੀ ਸੋਚ ਨੂੰ ਕਬੂਲ ਨਹੀਂ ਕੀਤਾ ਹੈ, ਸਗੋਂ ਪਰਮੇਸ਼ੁਰ ਦੀ ਸ਼ਕਤੀ ਨੂੰ ਕਬੂਲ ਕੀਤਾ ਹੈ।” (1 ਕੁਰਿੰਥੀਆਂ 2:12) ਉਸ ਨੇ ਅਫ਼ਸੀਆਂ ਨੂੰ ਕਿਹਾ: “ਤੁਸੀਂ ਪਹਿਲਾਂ ਦੁਨੀਆਂ ਦੇ ਲੋਕਾਂ ਵਾਂਗ ਜ਼ਿੰਦਗੀ ਜੀਉਂਦੇ ਸੀ ਯਾਨੀ ਇਸ ਦੁਨੀਆਂ ਦੀ ਸੋਚ ਉੱਤੇ ਅਧਿਕਾਰ ਰੱਖਣ ਵਾਲੇ ਹਾਕਮ ਮੁਤਾਬਕ ਚੱਲਦੇ ਸੀ। ਇਹ ਸੋਚ ਦੁਨੀਆਂ ਵਿਚ ਹਵਾ ਵਾਂਗ ਫੈਲੀ ਹੋਈ ਹੈ ਅਤੇ ਹੁਣ ਅਣਆਗਿਆਕਾਰ ਲੋਕਾਂ ਉੱਤੇ ਇਸ ਸੋਚ ਦਾ ਅਸਰ ਦਿਖਾਈ ਦਿੰਦਾ ਹੈ।”—ਅਫ਼ਸੀਆਂ 2:2, 3.
8 ਜਿਵੇਂ ਹਵਾ ਸਾਰੇ ਪਾਸੇ ਹੈ ਅਤੇ ਦਿਖਾਈ ਨਹੀਂ ਦਿੰਦੀ, ਤਿਵੇਂ ਦੁਨੀਆਂ ਦਾ ਮਾੜਾ ਅਸਰ ਸਾਰੇ ਪਾਸੇ ਹੈ ਅਤੇ ਦਿਖਾਈ ਨਹੀਂ ਦਿੰਦਾ। ਜਿਨ੍ਹਾਂ ਲੋਕਾਂ ਨੂੰ ਦੁਨੀਆਂ ਦੀ ‘ਹਵਾ’ ਲੱਗੀ ਹੈ, ਉਹ ਲੋਕ ਪਰਮੇਸ਼ੁਰ ਦੇ ਖ਼ਿਲਾਫ਼ ਚੱਲਦੇ ਹਨ ਅਤੇ ਉਨ੍ਹਾਂ ਵਿਚ “ਸਰੀਰ ਦੀ ਲਾਲਸਾ ਅਤੇ ਅੱਖਾਂ ਦੀ ਲਾਲਸਾ” ਹੁੰਦੀ ਹੈ। (1 ਯੂਹੰਨਾ 2:16; 1 ਤਿਮੋਥਿਉਸ 6:9, 10) ਦੁਨੀਆਂ ਦੀ ‘ਹਵਾ’ ਆਪਣਾ “ਅਧਿਕਾਰ” ਕਿਵੇਂ ਚਲਾਉਂਦੀ ਹੈ? ਇਸ ਦੇ ਅਸਰ ਹੇਠ ਲੋਕਾਂ ਦੇ ਅੰਦਰ ਹੌਲੀ-ਹੌਲੀ ਔਗੁਣ ਪੈਦਾ ਹੋ ਜਾਂਦੇ ਹਨ ਜਿਵੇਂ ਕਿ ਸੁਆਰਥ, ਘਮੰਡ, ਲਾਲਚ, ਅਨੈਤਿਕ ਇੱਛਾਵਾਂ ਤੇ ਬਗਾਵਤ। ਸੌਖੇ ਸ਼ਬਦਾਂ ਵਿਚ ਕਿਹਾ ਜਾਵੇ, ਤਾਂ ਲੋਕਾਂ ਵਿਚ ਸ਼ੈਤਾਨੀ ਗੁਣ ਪੈਦਾ ਹੋ ਜਾਂਦੇ ਹਨ।—ਯੂਹੰਨਾ 8:44; ਰਸੂਲਾਂ ਦੇ ਕੰਮ 13:10; 1 ਯੂਹੰਨਾ 3:8, 10.
9. ਸਾਡੇ ਦਿਲ-ਦਿਮਾਗ਼ ਉੱਤੇ ਦੁਨੀਆਂ ਦਾ ਮਾੜਾ ਅਸਰ ਕਿਵੇਂ ਪੈ ਸਕਦਾ ਹੈ?
9 ਕੀ ਸਾਡੇ ਦਿਲ-ਦਿਮਾਗ਼ ਉੱਤੇ ਵੀ ਦੁਨੀਆਂ ਦਾ ਮਾੜਾ ਅਸਰ ਪੈ ਸਕਦਾ ਹੈ? ਹਾਂ ਜੇ ਅਸੀਂ ਧਿਆਨ ਨਾ ਰੱਖੀਏ। (ਕਹਾਉਤਾਂ 4:23 ਪੜ੍ਹੋ।) ਆਪਣੇ ਦੋਸਤਾਂ-ਮਿੱਤਰਾਂ ਰਾਹੀਂ ਅਸੀਂ ਦੁਨੀਆਂ ਦੇ ਮਾੜੇ ਅਸਰ ਹੇਠ ਆ ਸਕਦੇ ਹਾਂ। ਇਹ ਦੋਸਤ ਚਾਹੇ ਚੰਗੇ ਲੋਕ ਹੋਣ ਪਰ ਇਹ ਯਹੋਵਾਹ ਨੂੰ ਪਿਆਰ ਨਹੀਂ ਕਰਦੇ, ਇਸ ਕਰਕੇ ਸਾਨੂੰ ਖ਼ਬਰਦਾਰ ਰਹਿਣ ਦੀ ਲੋੜ ਹੈ। (ਕਹਾਉਤਾਂ 13:20; 1 ਕੁਰਿੰਥੀਆਂ 15:33) ਨੁਕਸਾਨਦੇਹ ਕਿਤਾਬਾਂ-ਰਸਾਲਿਆਂ, ਯਹੋਵਾਹ ਤੋਂ ਦੂਰ ਹੋ ਚੁੱਕੇ ਲੋਕਾਂ ਦੀਆਂ ਇੰਟਰਨੈੱਟ ਸਾਈਟਾਂ ਜਾਂ ਹੋਰ ਅਸ਼ਲੀਲ ਇੰਟਰਨੈੱਟ ਸਾਈਟਾਂ, ਘਟੀਆ ਮਨੋਰੰਜਨ ਅਤੇ ਮੁਕਾਬਲੇਬਾਜ਼ੀ ਵਾਲੀਆਂ ਖੇਡਾਂ ਰਾਹੀਂ ਵੀ ਅਸੀਂ ਦੁਨੀਆਂ ਦੇ ਮਾੜੇ ਅਸਰ ਹੇਠ ਆ ਸਕਦੇ ਹਾਂ। ਅਸਲ ਵਿਚ ਕਿਹਾ ਜਾਵੇ ਤਾਂ ਹਰ ਉਸ ਚੀਜ਼ ਜਾਂ ਬੰਦੇ ਰਾਹੀਂ ਅਸੀਂ ਮਾੜੇ ਅਸਰ ਹੇਠ ਆ ਸਕਦੇ ਹਾਂ ਜੋ ਸ਼ੈਤਾਨ ਜਾਂ ਉਸ ਦੀ ਦੁਨੀਆਂ ਦੀ ਸੋਚਣੀ ਮੁਤਾਬਕ ਚੱਲਦਾ ਹੈ।
10. ਅਸੀਂ ਆਪਣੇ ਆਪ ਨੂੰ ਦੁਨੀਆਂ ਦੇ ਮਾੜੇ ਅਸਰ ਤੋਂ ਕਿਵੇਂ ਬਚਾ ਸਕਦੇ ਹਾਂ?
10 ਅਸੀਂ ਆਪਣੇ ਆਪ ਨੂੰ ਦੁਨੀਆਂ ਦੇ ਮਾੜੇ ਅਸਰ ਤੋਂ ਕਿਵੇਂ ਬਚਾ ਸਕਦੇ ਹਾਂ? ਯਹੋਵਾਹ ਨੇ ਜੋ ਪ੍ਰਬੰਧ ਕੀਤੇ ਹਨ, ਉਨ੍ਹਾਂ ਦਾ ਪੂਰਾ-ਪੂਰਾ ਫ਼ਾਇਦਾ ਲੈ ਕੇ ਅਤੇ ਉਸ ਨੂੰ ਸ਼ਕਤੀ ਲਈ ਬਾਕਾਇਦਾ ਪ੍ਰਾਰਥਨਾ ਕਰ ਕੇ। ਯਹੋਵਾਹ ਇਸ ਦੁਨੀਆਂ ਜਾਂ ਇਸ ਦੁਨੀਆਂ ਦੇ ਰਾਜੇ ਸ਼ੈਤਾਨ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹੈ। (1 ਯੂਹੰਨਾ 4:4) ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਉਸ ਦੇ ਨੇੜੇ ਰਹੀਏ ਅਤੇ ਉਸ ਨੂੰ ਪ੍ਰਾਰਥਨਾ ਕਰਦੇ ਰਹੀਏ।
ਸਲੀਕੇਦਾਰ ਪਹਿਰਾਵਾ ਪਾਓ
11. ਅੱਜ ਲੋਕਾਂ ਦੇ ਪਹਿਰਾਵੇ ਤੋਂ ਦੁਨੀਆਂ ਦਾ ਮਾੜਾ ਅਸਰ ਕਿਵੇਂ ਦਿਖਾਈ ਦਿੰਦਾ ਹੈ?
11 ਜਿਸ ਇਨਸਾਨ ਨੂੰ ਦੁਨੀਆਂ ਦੀ ਹਵਾ ਲੱਗੀ ਹੁੰਦੀ ਹੈ ਉਸ ਦਾ ਪਹਿਰਾਵਾ ਵੀ ਦੁਨੀਆਂ ਵਰਗਾ ਹੀ ਹੁੰਦਾ ਹੈ। ਕਈ ਤਾਂ ਆਪਣੇ ਸਰੀਰ ਦੀ ਸਫ਼ਾਈ ਵੱਲ ਵੀ ਰਤਾ ਧਿਆਨ ਨਹੀਂ ਦਿੰਦੇ। ਕਈ ਦੇਸ਼ਾਂ ਵਿਚ ਕੁੜੀਆਂ ਨੂੰ ਕੋਈ ਸ਼ਰਮ-ਹਯਾ ਨਹੀਂ ਰਹੀ ਤੇ ਉਹ ਖੁੱਲ੍ਹੇ-ਆਮ ਆਪਣੇ ਜਿਸਮ ਦੀ ਨੁਮਾਇਸ਼ ਕਰਦੀਆਂ ਹਨ। ਜਿਹੜੀਆਂ ਕੁੜੀਆਂ ਅਜੇ ਨਿਆਣੀਆਂ ਹੀ ਹਨ ਉਹ ਵੀ ਫ਼ੈਸ਼ਨਾਂ ਪੱਟੀਆਂ ਹਨ। ਇਕ ਅਖ਼ਬਾਰ ਨੇ ਕਿਹਾ ਕਿ “ਅੱਜ ਕੁੜਤੀ ਛੋਟੀ ਹੋ ਕੇ ਰੁਮਾਲ ਰਹਿ ਗਈ ਹੈ।” ਨਾਲੇ, ਢਿੱਲਮ-ਢਿੱਲੇ ਤੇ ਊਟ-ਪਟਾਂਗ ਦੇ ਕੱਪੜੇ ਪਾਉਣ ਦਾ ਵੀ ਰਿਵਾਜ ਹੈ। ਅਜਿਹੇ ਕੱਪੜੇ ਪਾਉਣ ਵਾਲਿਆਂ ਤੋਂ ਉਨ੍ਹਾਂ ਦਾ ਬਾਗ਼ੀ ਰਵੱਈਆ ਸਾਫ਼ ਨਜ਼ਰ ਆਉਂਦਾ ਹੈ ਤੇ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਆਪਣੀ ਕੋਈ ਪਰਵਾਹ ਨਹੀਂ ਹੈ।
12, 13. ਪਹਿਰਾਵੇ ਅਤੇ ਹਾਰ-ਸ਼ਿੰਗਾਰ ਦੇ ਸੰਬੰਧ ਵਿਚ ਸਾਨੂੰ ਕਿਹੜੇ ਅਸੂਲਾਂ ਉੱਤੇ ਚੱਲਣਾ ਚਾਹੀਦਾ ਹੈ?
12 ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਅਸੀਂ ਸੋਹਣੇ ਦਿੱਸਣਾ ਚਾਹੁੰਦੇ ਹਾਂ। ਇਸ ਦਾ ਮਤਲਬ ਹੈ ਕਿ ਅਸੀਂ ਸਾਫ਼-ਸੁਥਰੇ ਤੇ ਮੌਕੇ ਦੇ ਮੁਤਾਬਕ ਫੱਬਦੇ ਕੱਪੜੇ ਪਾਈਏ। ਹਰ ਸਮੇਂ ਸਾਨੂ “ਸੋਚ-ਸਮਝ ਕੇ ਸਲੀਕੇਦਾਰ ਕੱਪੜੇ” ਪਾਉਣੇ ਚਾਹੀਦੇ ਹਨ ਕਿਉਂਕਿ “ਨੇਕ ਕੰਮਾਂ” ਦੇ ਨਾਲ-ਨਾਲ ਢੁਕਵਾਂ ਪਹਿਰਾਵਾ ‘ਪਰਮੇਸ਼ੁਰ ਦੇ ਭਗਤਾਂ’ ਨੂੰ ਫੱਬਦਾ ਹੈ। ਅਸੀਂ ਆਪਣੇ ਪਹਿਰਾਵੇ ਰਾਹੀਂ ਦੂਜਿਆਂ ਦਾ ਧਿਆਨ ਆਪਣੇ ਵੱਲ ਨਹੀਂ ਖਿੱਚਣਾ ਚਾਹੁੰਦੇ ਸਗੋਂ ਇਸ ਰਾਹੀਂ ਪਰਮੇਸ਼ੁਰ ਲਈ ਆਪਣੇ ਪਿਆਰ ਦਾ ਸਬੂਤ ਦੇਣਾ ਚਾਹੁੰਦੇ ਹਾਂ। (1 ਤਿਮੋਥਿਉਸ 2:9, 10; ਯਹੂਦਾਹ 21) ਜੀ ਹਾਂ, ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ‘ਅੰਦਰੋਂ ਸ਼ਿੰਗਾਰੀਏ’ ਕਿਉਂਕਿ ਇਹ ‘ਪਰਮੇਸ਼ਰ ਦੀਆਂ ਨਜ਼ਰਾਂ ਵਿਚ ਅਨਮੋਲ ਹੈ।’—1 ਪਤਰਸ 3:3, 4.
13 ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਪਹਿਰਾਵੇ ਅਤੇ ਹਾਰ-ਸ਼ਿੰਗਾਰ ਦਾ ਦੂਜਿਆਂ ਉੱਤੇ ਵੀ ਅਸਰ ਪੈਂਦਾ ਹੈ। ਜੇ ਸਾਡਾ ਪਹਿਰਾਵਾ ਬੇਢੰਗਾ ਹੋਵੇਗਾ, ਤਾਂ ਯਹੋਵਾਹ ਦੇ ਪਵਿੱਤਰ ਨਾਮ ਦੀ ਬਦਨਾਮੀ ਹੋ ਸਕਦੀ ਹੈ। ਜਿਸ ਇਨਸਾਨ ਨੂੰ ਸ਼ਰਮ-ਹਯਾ ਹੁੰਦੀ ਹੈ ਉਹ ਦੂਸਰਿਆਂ ਦੀਆਂ ਭਾਵਨਾਵਾਂ ਦਾ ਆਦਰ ਕਰਦਾ ਹੈ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਨੂੰ ਆਪਣੀ ਮਨ-ਮਰਜ਼ੀ ਦੇ ਕੱਪੜੇ ਪਾਉਣ ਦਾ ਹੱਕ ਹੈ। ਇਸ ਦੀ ਬਜਾਇ ਸਾਨੂੰ ਪਹਿਲਾਂ ਦੂਸਰਿਆਂ ਦੀ ਜ਼ਮੀਰ ਬਾਰੇ ਸੋਚਣਾ ਚਾਹੀਦਾ ਹੈ। ਆਪਣੇ ਪਹਿਰਾਵੇ ਰਾਹੀਂ ਅਸੀਂ ਯਹੋਵਾਹ ਅਤੇ ਉਸ ਦੇ ਲੋਕਾਂ ਨੂੰ ਵਡਿਆਉਣਾ ਚਾਹੁੰਦੇ ਹਾਂ। ਅਸੀਂ ‘ਸਾਰਾ ਕੁਝ ਪਰਮੇਸ਼ੁਰ ਦੀ ਮਹਿਮਾ ਲਈ ਕਰ ਕੇ’ ਉਸ ਦੇ ਸੇਵਕ ਹੋਣ ਦਾ ਸਬੂਤ ਦਿੰਦੇ ਹਾਂ।—1 ਕੁਰਿੰਥੀਆਂ 4:9; 10:31; 2 ਕੁਰਿੰਥੀਆਂ 6:3, 4; 7:1.
14. ਆਪਣੇ ਪਹਿਰਾਵੇ, ਹਾਰ-ਸ਼ਿੰਗਾਰ ਅਤੇ ਸਰੀਰ ਦੀ ਸਾਫ਼-ਸਫ਼ਾਈ ਦੇ ਸੰਬੰਧ ਵਿਚ ਸਾਨੂੰ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
14 ਘਰ-ਘਰ ਪ੍ਰਚਾਰ ਕਰਦਿਆਂ ਜਾਂ ਸਭਾਵਾਂ ਵਿਚ ਆਉਣ ਵੇਲੇ ਸਾਨੂੰ ਆਪਣੇ ਪਹਿਰਾਵੇ, ਹਾਰ-ਸ਼ਿੰਗਾਰ ਅਤੇ ਸਰੀਰ ਦੀ ਸਾਫ਼-ਸਫ਼ਾਈ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਇਸ ਲਈ ਆਪਣੇ ਤੋਂ ਇਹ ਸਵਾਲ ਪੁੱਛੋ: ‘ਕੀ ਮੇਰਾ ਪਹਿਰਾਵਾ ਦੂਜਿਆਂ ਦਾ ਧਿਆਨ ਮੇਰੇ ਵੱਲ ਤਾਂ ਨਹੀਂ ਖਿੱਚ ਰਿਹਾ? ਕੀ ਇਸ ਨੂੰ ਦੇਖ ਕੇ ਉਹ ਸ਼ਰਮਿੰਦਗੀ ਤਾਂ ਨਹੀਂ ਮਹਿਸੂਸ ਕਰਦੇ? ਕੀ ਮੇਰੇ ਸਰੀਰ ਤੋਂ ਬਦਬੂ ਤਾਂ ਨਹੀਂ ਆ ਰਹੀ? ਕੀ ਮੈਂ ਮੰਡਲੀ ਵਿਚ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣਨ ਦੀ ਬਜਾਇ ਆਪਣੀ ਮਨ-ਮਰਜ਼ੀ ਦੇ ਕੱਪੜੇ ਪਾਉਣ ਨੂੰ ਜ਼ਿਆਦਾ ਅਹਿਮੀਅਤ ਦਿੰਦਾ ਹਾਂ?’—ਫ਼ਿਲਿੱਪੀਆਂ 4:5; 1 ਪਤਰਸ 5:6.
15. ਪਰਮੇਸ਼ੁਰ ਦੇ ਬਚਨ ਵਿਚ ਪਹਿਰਾਵੇ, ਹਾਰ-ਸ਼ਿੰਗਾਰ ਅਤੇ ਸਰੀਰ ਦੀ ਸਾਫ਼-ਸਫ਼ਾਈ ਸੰਬੰਧੀ ਨਿਯਮਾਂ ਦੀ ਲਿਸਟ ਕਿਉਂ ਨਹੀਂ ਦਿੱਤੀ ਗਈ ਹੈ?
15 ਬਾਈਬਲ ਵਿਚ ਪਹਿਰਾਵੇ, ਹਾਰ-ਸ਼ਿੰਗਾਰ ਅਤੇ ਸਰੀਰ ਦੀ ਸਾਫ਼-ਸਫ਼ਾਈ ਸੰਬੰਧੀ ਨਿਯਮਾਂ ਦੀ ਲਿਸਟ ਨਹੀਂ ਦਿੱਤੀ ਗਈ ਹੈ। ਯਹੋਵਾਹ ਨੇ ਇਸ ਮਾਮਲੇ ਵਿਚ ਸਾਨੂੰ ਚੋਣ ਕਰਨ ਦੀ ਆਜ਼ਾਦੀ ਦਿੱਤੀ ਹੈ ਅਤੇ ਉਹ ਇਹ ਆਜ਼ਾਦੀ ਸਾਡੇ ਤੋਂ ਖੋਹਣੀ ਨਹੀਂ ਚਾਹੁੰਦਾ। ਉਹ ਚਾਹੁੰਦਾ ਹੈ ਕਿ ਅਸੀਂ ਬਾਈਬਲ ਦੇ ਅਸੂਲਾਂ ʼਤੇ ਸੋਚ-ਵਿਚਾਰ ਕਰ ਕੇ ਸਮਝਦਾਰ ਬਣੀਏ ਅਤੇ “ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਨੂੰ ਵਾਰ-ਵਾਰ ਇਸਤੇਮਾਲ ਕਰ ਕੇ ਸਹੀ ਤੇ ਗ਼ਲਤ ਵਿਚ ਫ਼ਰਕ” ਦੇਖੀਏ। (ਇਬਰਾਨੀਆਂ 5:14) ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਉਹ ਚਾਹੁੰਦਾ ਹੈ ਕਿ ਅਸੀਂ ਆਪਣੇ ਪਹਿਰਾਵੇ ਅਤੇ ਹਾਰ-ਸ਼ਿੰਗਾਰ ਦੇ ਜ਼ਰੀਏ ਉਸ ਲਈ ਅਤੇ ਲੋਕਾਂ ਲਈ ਆਪਣੇ ਪਿਆਰ ਦਾ ਸਬੂਤ ਦੇਈਏ। (ਮਰਕੁਸ 12:30, 31 ਪੜ੍ਹੋ।) ਇਨ੍ਹਾਂ ਹੱਦਾਂ ਵਿਚ ਰਹਿ ਕੇ ਵੀ ਅਸੀਂ ਸੋਹਣੇ-ਸੋਹਣੇ ਕੱਪੜੇ ਪਾ ਸਕਦੇ ਹਾਂ। ਤੁਸੀਂ ਆਪ ਦੇਖ ਸਕਦੇ ਹੋ ਕਿ ਪੂਰੀ ਦੁਨੀਆਂ ਵਿਚ ਪਰਮੇਸ਼ੁਰ ਦੇ ਲੋਕ ਭਾਂਤ-ਭਾਂਤ ਦੇ ਰੰਗ-ਬਰੰਗੇ ਕੱਪੜੇ ਪਾਉਂਦੇ ਹਨ।
ਆਪਣੀ ਜ਼ਿੰਦਗੀ ਸਾਦੀ ਰੱਖੋ
16. ਇਹ ਦੁਨੀਆਂ ਯਿਸੂ ਦੀਆਂ ਸਿੱਖਿਆਵਾਂ ਤੋਂ ਉਲਟ ਕਿਵੇਂ ਚੱਲ ਰਹੀ ਹੈ ਅਤੇ ਸਾਨੂੰ ਆਪਣੇ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
16 ਦੁਨੀਆਂ ਦੇ ਧੋਖੇ ਵਿਚ ਆ ਕੇ ਲੱਖਾਂ ਲੋਕ ਪੈਸੇ ਅਤੇ ਚੀਜ਼ਾਂ ਤੋਂ ਖ਼ੁਸ਼ੀ ਭਾਲਦੇ ਫਿਰਦੇ ਹਨ। ਪਰ ਯਿਸੂ ਨੇ ਕਿਹਾ ਸੀ: “ਇਨਸਾਨ ਕੋਲ ਜਿੰਨੀਆਂ ਮਰਜ਼ੀ ਚੀਜ਼ਾਂ ਹੋਣ, ਪਰ ਉਸ ਦੀ ਜ਼ਿੰਦਗੀ ਇਨ੍ਹਾਂ ਚੀਜ਼ਾਂ ਉੱਤੇ ਨਿਰਭਰ ਨਹੀਂ ਕਰਦੀ।” (ਲੂਕਾ 12:15) ਯਿਸੂ ਇੱਥੇ ਇਹ ਨਹੀਂ ਕਹਿ ਰਿਹਾ ਸੀ ਕਿ ਲੋਕ ਆਪਣਾ ਘਰ-ਬਾਰ ਤਿਆਗ ਕੇ ਫਕੀਰ ਬਣ ਜਾਣ ਜਾਂ ਜ਼ਿੰਦਗੀ ਦਾ ਕੋਈ ਮਜ਼ਾ ਹੀ ਨਾ ਲੈਣ। ਪਰ ਉਹ ਕਹਿ ਰਿਹਾ ਸੀ ਕਿ ਸੱਚੀ ਖ਼ੁਸ਼ੀ ਉਨ੍ਹਾਂ ਨੂੰ ਮਿਲਦੀ ਹੈ “ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ” ਅਤੇ ਆਪਣੀ ਜ਼ਿੰਦਗੀ ਸਾਦੀ ਰੱਖਦੇ ਹਨ ਯਾਨੀ ਆਪਣਾ ਪੂਰਾ ਧਿਆਨ ਪਰਮੇਸ਼ੁਰੀ ਗੱਲਾਂ ʼਤੇ ਲਾਉਂਦੇ ਹਨ। (ਮੱਤੀ 5:3; 6:22) ਇਸ ਲਈ ਆਪਣੇ ਤੋਂ ਇਹ ਸਵਾਲ ਪੁੱਛੋ: ‘ਕੀ ਮੈਂ ਯਿਸੂ ਦੀਆਂ ਸਿੱਖਿਆਵਾਂ ਉੱਤੇ ਦਿਲੋਂ ਵਿਸ਼ਵਾਸ ਕਰਦਾ ਹਾਂ ਜਾਂ ਕੀ ਮੇਰੇ ਉੱਤੇ ‘ਝੂਠ ਦੇ ਪਿਉ’ ਦਾ ਅਸਰ ਹੈ?’ (ਯੂਹੰਨਾ 8:44) ‘ਜ਼ਿੰਦਗੀ ਵਿਚ ਮੈਂ ਕਿਹੜੀਆਂ ਗੱਲਾਂ ਨੂੰ ਤਰਜੀਹ ਦਿੰਦਾ ਹਾਂ? ਮੇਰੀਆਂ ਗੱਲਾਂ, ਟੀਚਿਆਂ ਅਤੇ ਜੀਣ ਦੇ ਢੰਗ ਤੋਂ ਮੇਰੇ ਬਾਰੇ ਕੀ ਪਤਾ ਲੱਗਦਾ ਹੈ?’—ਲੂਕਾ 6:45; 21:34-36; 2 ਯੂਹੰਨਾ 6.
17. ਜ਼ਿੰਦਗੀ ਸਾਦੀ ਰੱਖਣ ਵਾਲੇ ਲੋਕਾਂ ਨੂੰ ਕਿਹੜੇ ਕੁਝ ਫ਼ਾਇਦੇ ਹੁੰਦੇ ਹਨ?
17 ਯਿਸੂ ਨੇ ਕਿਹਾ ਸੀ: “ਇਨਸਾਨ ਦੇ ਨੇਕ ਕੰਮਾਂ ਤੋਂ ਹੀ ਸਾਬਤ ਹੁੰਦਾ ਹੈ ਕਿ ਉਹ ਬੁੱਧੀਮਾਨ ਹੈ।” (ਮੱਤੀ 11:19) ਗੌਰ ਕਰੋ ਕਿ ਜ਼ਿੰਦਗੀ ਸਾਦੀ ਰੱਖਣ ਵਾਲੇ ਲੋਕਾਂ ਨੂੰ ਕੀ ਫ਼ਾਇਦੇ ਹੁੰਦੇ ਹਨ। ਉਨ੍ਹਾਂ ਨੂੰ ਰਾਜ ਦੇ ਕੰਮ ਕਰ ਕੇ ਸੱਚੀ ਖ਼ੁਸ਼ੀ ਮਿਲਦੀ ਹੈ। (ਮੱਤੀ 11:29, 30) ਉਹ ਬੇਲੋੜੀਆਂ ਚਿੰਤਾਵਾਂ ਅਤੇ ਫ਼ਿਕਰਾਂ ਤੋਂ ਬਚੇ ਰਹਿੰਦੇ ਹਨ। (1 ਤਿਮੋਥਿਉਸ 6:9, 10 ਪੜ੍ਹੋ।) ਜ਼ਿੰਦਗੀ ਸਾਦੀ ਰੱਖਣ ਕਰਕੇ ਉਨ੍ਹਾਂ ਕੋਲ ਆਪਣੇ ਪਰਿਵਾਰ ਅਤੇ ਮਸੀਹੀ ਭੈਣਾਂ-ਭਰਾਵਾਂ ਲਈ ਜ਼ਿਆਦਾ ਸਮਾਂ ਹੁੰਦਾ ਹੈ। ਉਹ ਰਾਤ ਨੂੰ ਮਿੱਠੀ ਨੀਂਦ ਸੌਂਦੇ ਹਨ। (ਉਪਦੇਸ਼ਕ ਦੀ ਪੋਥੀ 5:12) ਉਨ੍ਹਾਂ ਨੂੰ ਦੂਜਿਆਂ ਦੀ ਮਦਦ ਕਰ ਕੇ ਵੀ ਖ਼ੁਸ਼ੀ ਮਿਲਦੀ ਹੈ। (ਰਸੂਲਾਂ ਦੇ ਕੰਮ 20:35) ਅਤੇ ਉਹ ਨਾ ਸਿਰਫ਼ “ਉਮੀਦ ਨਾਲ ਭਰ” ਜਾਂਦੇ ਹਨ, ਸਗੋਂ ਉਨ੍ਹਾਂ ਨੂੰ ਮਨ ਦੀ ਸ਼ਾਂਤੀ ਤੇ ਸੰਤੁਸ਼ਟੀ ਵੀ ਮਿਲਦੀ ਹੈ। (ਰੋਮੀਆਂ 15:13; ਮੱਤੀ 6:31, 32) ਵਾਕਈ, ਅਜਿਹੀਆਂ ਖ਼ੁਸ਼ੀਆਂ ਪੈਸੇ ਨਾਲ ਨਹੀਂ ਖ਼ਰੀਦੀਆਂ ਜਾ ਸਕਦੀਆਂ!
‘ਪਰਮੇਸ਼ੁਰ ਵੱਲੋਂ ਸਾਰੇ ਹਥਿਆਰ ਚੁੱਕੋ ਅਤੇ ਬਸਤਰ ਪਹਿਨੋ’
18. ਬਾਈਬਲ ਵਿਚ ਸਾਡੇ ਦੁਸ਼ਮਣ ਅਤੇ ਉਸ ਦੇ ਲੜਾਈ ਕਰਨ ਦੇ ਤਰੀਕਿਆਂ ਬਾਰੇ ਕੀ ਦੱਸਿਆ ਗਿਆ ਹੈ ਅਤੇ ਇਹ “ਲੜਾਈ” ਕਿਹੋ ਜਿਹੀ ਹੈ?
18 ਸ਼ੈਤਾਨ ਸਾਡੇ ਤੋਂ ਸਾਡੀਆਂ ਖ਼ੁਸ਼ੀਆਂ ਹੀ ਨਹੀਂ ਸਗੋਂ ਹਮੇਸ਼ਾ ਦੀ ਜ਼ਿੰਦਗੀ ਵੀ ਖੋਹਣੀ ਚਾਹੁੰਦਾ ਹੈ। (1 ਪਤਰਸ 5:8) ਜੋ ਲੋਕ ਪਰਮੇਸ਼ੁਰ ਨੂੰ ਦਿਲੋਂ ਪਿਆਰ ਕਰਦੇ ਹਨ ਸ਼ੈਤਾਨ ਪਰਮੇਸ਼ੁਰ ਨਾਲੋਂ ਉਨ੍ਹਾਂ ਦਾ ਰਿਸ਼ਤਾ ਨਹੀਂ ਤੋੜ ਸਕਦਾ। ਪੌਲੁਸ ਨੇ ਲਿਖਿਆ: “ਸਾਡੀ ਲੜਾਈ ਇਨਸਾਨਾਂ ਨਾਲ ਨਹੀਂ, ਸਗੋਂ ਸਰਕਾਰਾਂ, ਅਧਿਕਾਰ ਰੱਖਣ ਵਾਲਿਆਂ ਅਤੇ ਇਸ ਹਨੇਰੀ ਦੁਨੀਆਂ ਦੇ ਹਾਕਮਾਂ ਯਾਨੀ ਸ਼ਕਤੀਸ਼ਾਲੀ ਦੁਸ਼ਟ ਦੂਤਾਂ ਨਾਲ ਹੈ ਜੋ ਸਵਰਗੀ ਥਾਵਾਂ ਵਿਚ ਹਨ।” (ਅਫ਼ਸੀਆਂ 6:12) ਇੱਥੇ ਯੂਨਾਨੀ ਭਾਸ਼ਾ ਵਿਚ “ਲੜਾਈ” ਲਈ ਜੋ ਸ਼ਬਦ ਵਰਤਿਆ ਗਿਆ ਹੈ ਉਸ ਦਾ ਮਤਲਬ ਹੈ ਕੁਸ਼ਤੀ। ਕੁਸ਼ਤੀ ਦੂਰੋਂ-ਦੂਰੋਂ ਨਹੀਂ ਬਲਕਿ ਲਾਗਿਓਂ ਲੜੀ ਜਾਂਦੀ ਹੈ। ਇਸ ਦਾ ਮਤਲਬ ਹੈ ਕਿ ਸ਼ੈਤਾਨ ਨਾਲ ਸਾਡੀ ਸਿੱਧੀ ਲੜਾਈ ਹੈ। ਸ਼ੈਤਾਨ ਨੇ ਦੁਸ਼ਟ ਦੂਤਾਂ ਦੀਆਂ “ਸਰਕਾਰਾਂ,” “ਅਧਿਕਾਰ ਰੱਖਣ ਵਾਲਿਆਂ” ਅਤੇ “ਹਾਕਮਾਂ” ਨੂੰ ਸਾਡੇ ਖ਼ਿਲਾਫ਼ ਇਕੱਠੇ ਕੀਤਾ ਹੈ ਤੇ ਉਹ ਪੂਰੀ ਤਿਆਰੀ ਕਰ ਕੇ ਅਤੇ ਸੋਚ-ਸਮਝ ਕੇ ਸਾਡੇ ʼਤੇ ਹਮਲਾ ਕਰਦੇ ਹਨ।
19. ਪਰਮੇਸ਼ੁਰ ਦੁਆਰਾ ਦਿੱਤੇ ਗਏ ਹਥਿਆਰਾਂ ਬਾਰੇ ਦੱਸੋ।
19 ਭਾਵੇਂ ਸਾਡੀ ਲੜਾਈ ਦੁਸ਼ਟ ਦੂਤਾਂ ਨਾਲ ਹੈ ਫਿਰ ਵੀ ਅਸੀਂ ਜਿੱਤ ਸਕਦੇ ਹਾਂ। ਉਹ ਕਿਵੇਂ? ‘ਪਰਮੇਸ਼ੁਰ ਵੱਲੋਂ ਸਾਰੇ ਹਥਿਆਰ ਚੁੱਕ ਕੇ ਅਤੇ ਬਸਤਰ ਪਹਿਨ ਕੇ।’ (ਅਫ਼ਸੀਆਂ 6:13) ਇਨ੍ਹਾਂ ਹਥਿਆਰਾਂ ਬਾਰੇ ਅਫ਼ਸੀਆਂ 6:14-18 ਵਿਚ ਦੱਸਿਆ ਗਿਆ ਹੈ: “ਮਜ਼ਬੂਤੀ ਨਾਲ ਖੜ੍ਹੇ ਰਹੋ ਅਤੇ ਆਪਣੇ ਲੱਕ ਦੁਆਲੇ ਸੱਚਾਈ ਦੀ ਬੈੱਲਟ ਬੰਨ੍ਹੋ, ਧਾਰਮਿਕਤਾ ਦਾ ਸੀਨਾਬੰਦ ਪਹਿਨੋ ਅਤੇ ਸ਼ਾਂਤੀ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਆਪਣੇ ਪੈਰੀਂ ਜੁੱਤੀ ਪਾਓ। ਅਤੇ ਹਰ ਹਾਲਤ ਵਿਚ ਨਿਹਚਾ ਦੀ ਵੱਡੀ ਢਾਲ਼ ਆਪਣੇ ਕੋਲ ਰੱਖੋ, ਜਿਸ ਨਾਲ ਤੁਸੀਂ ਸ਼ੈਤਾਨ ਦੇ ਬਲ਼ਦੇ ਹੋਏ ਸਾਰੇ ਤੀਰਾਂ ਨੂੰ ਬੁਝਾ ਸਕੋਗੇ। ਨਾਲੇ ਆਪਣੇ ਸਿਰ ʼਤੇ ਮੁਕਤੀ ਦਾ ਟੋਪ [ਜਾਂ ਆਸ] ਪਹਿਨੋ ਅਤੇ ਹੱਥ ਵਿਚ ਪਵਿੱਤਰ ਸ਼ਕਤੀ ਦੀ ਤਲਵਾਰ ਯਾਨੀ ਪਰਮੇਸ਼ੁਰ ਦਾ ਬਚਨ ਲਓ। ਇਸ ਦੇ ਨਾਲ-ਨਾਲ ਹਰ ਮੌਕੇ ʼਤੇ ਪਵਿੱਤਰ ਸ਼ਕਤੀ ਦੁਆਰਾ ਪਰਮੇਸ਼ੁਰ ਨੂੰ ਹਰ ਤਰ੍ਹਾਂ ਦੀ ਪ੍ਰਾਰਥਨਾ ਅਤੇ ਫ਼ਰਿਆਦ ਕਰਦੇ ਰਹੋ। ਅਤੇ ਇਸ ਤਰ੍ਹਾਂ ਕਰਨ ਲਈ ਹਰ ਵੇਲੇ ਜਾਗਦੇ ਰਹੋ ਅਤੇ ਸਾਰੇ ਪਵਿੱਤਰ ਸੇਵਕਾਂ ਲਈ ਫ਼ਰਿਆਦ ਕਰਦੇ ਰਹੋ।”
20. ਸਾਡੀ ਲੜਾਈ ਅਤੇ ਫ਼ੌਜੀਆਂ ਦੀ ਲੜਾਈ ਵਿਚ ਕੀ ਫ਼ਰਕ ਹੈ?
20 ਇਹ ਹਥਿਆਰ ਪਰਮੇਸ਼ੁਰ ਨੇ ਸਾਨੂੰ ਦਿੱਤੇ ਹਨ, ਇਸ ਲਈ ਇਹ ਲੜਾਈ ਵਿਚ ਸਾਡੇ ਜ਼ਰੂਰ ਕੰਮ ਆਉਣਗੇ, ਬਸ਼ਰਤੇ ਕਿ ਅਸੀਂ ਇਨ੍ਹਾਂ ਨੂੰ ਇਸਤੇਮਾਲ ਕਰੀਏ। ਆਮ ਤੌਰ ਤੇ ਫ਼ੌਜੀ ਸਿਰਫ਼ ਯੁੱਧ ਦੌਰਾਨ ਹੀ ਲੜਦੇ ਹਨ। ਪਰ ਮਸੀਹੀ ਹੋਣ ਦੇ ਨਾਤੇ ਸ਼ੈਤਾਨ ਨਾਲ ਸਾਡੀ ਲੜਾਈ ਲਗਾਤਾਰ ਚੱਲਦੀ ਰਹਿੰਦੀ ਹੈ ਅਤੇ ਇਹ ਲੜਾਈ ਉਦੋਂ ਹੀ ਮੁੱਕੇਗੀ ਜਦ ਪਰਮੇਸ਼ੁਰ ਸ਼ੈਤਾਨ ਦੀ ਦੁਨੀਆਂ ਨੂੰ ਖ਼ਤਮ ਕਰ ਦੇਵੇਗਾ ਅਤੇ ਸ਼ੈਤਾਨ ਤੇ ਉਸ ਦੇ ਦੁਸ਼ਟ ਦੂਤਾਂ ਨੂੰ ਅਥਾਹ ਕੁੰਡ ਵਿਚ ਸੁੱਟ ਦੇਵੇਗਾ। ਉਦੋਂ ਤਕ ਸਾਡੀ ਜ਼ਿੰਦਗੀ ਦਾਅ ʼਤੇ ਲੱਗੀ ਰਹੇਗੀ। (ਪ੍ਰਕਾਸ਼ ਦੀ ਕਿਤਾਬ 12:17; 20:1-3) ਇਸ ਲਈ ਤੁਸੀਂ ਹਾਰ ਨਾ ਮੰਨੋ ਭਾਵੇਂ ਤੁਹਾਡੇ ਅੰਦਰ ਕਮਜ਼ੋਰੀਆਂ ਜਾਂ ਗ਼ਲਤ ਇੱਛਾਵਾਂ ਹਨ। ਪਰਮੇਸ਼ੁਰ ਦੇ ਵਫ਼ਾਦਾਰ ਰਹਿਣ ਲਈ ਸਾਨੂੰ ਸਾਰਿਆਂ ਨੂੰ ਆਪਣੇ ਸਰੀਰ ਦੀਆਂ ਪਾਪੀ ਇੱਛਾਵਾਂ ਨੂੰ ‘ਮਾਰਨਾ ਕੁੱਟਣਾ’ ਪੈਂਦਾ ਹੈ। (1 ਕੁਰਿੰਥੀਆਂ 9:27) ਅਸਲ ਵਿਚ ਜੇ ਅਸੀਂ ਜ਼ਿੰਦਗੀ ਵਿਚ ਕਿਸੇ ਸਮੱਸਿਆ ਨਾਲ ਨਹੀਂ ਲੜ ਰਹੇ, ਤਾਂ ਇਸ ਦਾ ਇਹ ਮਤਲਬ ਹੈ ਕਿ ਸ਼ੈਤਾਨ ਨੇ ਸਾਨੂੰ ਢਾਹ ਲਿਆ ਹੈ।
21. ਅਸੀਂ ਇਹ ਲੜਾਈ ਕਿਵੇਂ ਜਿੱਤ ਸਕਦੇ ਹਾਂ?
21 ਅਸੀਂ ਇਹ ਲੜਾਈ ਆਪਣੇ ਦਮ ʼਤੇ ਨਹੀਂ ਜਿੱਤ ਸਕਦੇ। ਇਸ ਲਈ ਪੌਲੁਸ ਸਾਨੂੰ ਯਾਦ ਕਰਾਉਂਦਾ ਹੈ ਕਿ ਅਸੀਂ ਪਰਮੇਸ਼ੁਰ ਨੂੰ ਹਮੇਸ਼ਾ ‘ਪ੍ਰਾਰਥਨਾ ਕਰਦੇ ਰਹੀਏ।’ ਇਸ ਦੇ ਨਾਲ-ਨਾਲ ਸਾਨੂੰ ਯਹੋਵਾਹ ਦੇ ਬਚਨ ਦੀ ਸਟੱਡੀ ਕਰ ਕੇ ਉਸ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਅਤੇ ਸਾਨੂੰ ‘ਆਪਣੇ ਨਾਲ ਦੇ ਫ਼ੌਜੀਆਂ’ ਨਾਲ ਸੰਗਤ ਵੀ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਇਸ ਲੜਾਈ ਵਿਚ ਇਕੱਲੇ ਨਹੀਂ ਹਾਂ। (ਫਿਲੇਮੋਨ 2; ਇਬਰਾਨੀਆਂ 10:24, 25) ਜਿਹੜੇ ਮਸੀਹੀ ਇਹ ਸਭ ਕੁਝ ਕਰਦੇ ਹਨ, ਉਹ ਸ਼ੈਤਾਨ ਦੇ ਹਮਲਿਆਂ ਦਾ ਡਟ ਕੇ ਜਵਾਬ ਦੇ ਸਕਣਗੇ।
ਜਵਾਬ ਦੇਣ ਲਈ ਤਿਆਰ ਰਹੋ
22, 23. (ੳ) ਜਦ ਲੋਕ ਸਾਨੂੰ ਸਾਡੀ ਨਿਹਚਾ ਬਾਰੇ ਪੁੱਛਦੇ ਹਨ, ਤਾਂ ਸਾਨੂੰ ਜਵਾਬ ਦੇਣ ਵਾਸਤੇ ਤਿਆਰ ਕਿਉਂ ਰਹਿਣਾ ਚਾਹੀਦਾ ਹੈ ਅਤੇ ਆਪਣੇ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ? (ਅ) ਅਗਲੇ ਅਧਿਆਇ ਵਿਚ ਕਿਸ ਵਿਸ਼ੇ ʼਤੇ ਗੱਲ ਕੀਤੀ ਜਾਵੇਗੀ?
22 ਯਿਸੂ ਨੇ ਕਿਹਾ ਸੀ: “ਤੁਸੀਂ ਦੁਨੀਆਂ ਵਰਗੇ ਨਹੀਂ ਹੋ . . . ਇਸ ਕਰਕੇ ਦੁਨੀਆਂ ਤੁਹਾਡੇ ਨਾਲ ਨਫ਼ਰਤ ਕਰਦੀ ਹੈ।” (ਯੂਹੰਨਾ 15:19) ਇਸ ਲਈ ਜਦ ਲੋਕ ਸਾਨੂੰ ਸਾਡੀ ਨਿਹਚਾ ਬਾਰੇ ਪੁੱਛਦੇ ਹਨ, ਤਾਂ ਸਾਨੂੰ ਆਦਰ ਅਤੇ ਨਰਮਾਈ ਨਾਲ ਜਵਾਬ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ। (1 ਪਤਰਸ 3:15 ਪੜ੍ਹੋ।) ਆਪਣੇ ਤੋਂ ਇਹ ਸਵਾਲ ਪੁੱਛੋ: ‘ਕੀ ਮੈਂ ਸਮਝਦਾ ਹਾਂ ਕਿ ਯਹੋਵਾਹ ਦੇ ਗਵਾਹ ਕਿਸੇ ਮਸਲੇ ਬਾਰੇ ਲੋਕਾਂ ਨਾਲੋਂ ਵੱਖਰਾ ਨਜ਼ਰੀਆ ਕਿਉਂ ਰੱਖਦੇ ਹਨ? ਜੇ ਉਹੀ ਮਸਲਾ ਮੇਰੇ ਸਾਮ੍ਹਣੇ ਖੜ੍ਹਾ ਹੋਵੇ, ਤਾਂ ਕੀ ਮੈਂ ਮੰਨਦਾ ਹਾਂ ਕਿ ਬਾਈਬਲ ਅਤੇ “ਸਮਝਦਾਰ ਨੌਕਰ” ਨੇ ਉਸ ਮਸਲੇ ਬਾਰੇ ਜੋ ਕਿਹਾ ਹੈ, ਉਹ ਠੀਕ ਹੈ?’ (ਮੱਤੀ 24:45; ਯੂਹੰਨਾ 17:17) ‘ਜੋ ਕੰਮ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਹੈ ਭਾਵੇਂ ਮੈਂ ਉਹ ਕਰਨ ਲਈ ਤਿਆਰ ਹਾਂ, ਪਰ ਕੀ ਮੈਂ ਉਹ ਕੰਮ ਕਰ ਕੇ ਫ਼ਖ਼ਰ ਵੀ ਮਹਿਸੂਸ ਕਰਦਾ ਹਾਂ?’—ਜ਼ਬੂਰਾਂ ਦੀ ਪੋਥੀ 34:2; ਮੱਤੀ 10:32, 33.
23 ਸ਼ੈਤਾਨ ਕਈ ਹੋਰ ਗੁੱਝੇ ਤਰੀਕਿਆਂ ਨਾਲ ਸਾਨੂੰ ਦੁਨੀਆਂ ਵਿਚ ਵਾਪਸ ਲੈ ਜਾਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਕ ਤਰੀਕਾ ਹੈ ਮਨੋਰੰਜਨ। ਅਸੀਂ ਸਾਫ਼-ਸੁਥਰਾ ਮਨੋਰੰਜਨ ਕਿਵੇਂ ਚੁਣ ਸਕਦੇ ਹਾਂ ਤਾਂਕਿ ਸਾਨੂੰ ਤਾਜ਼ਗੀ ਵੀ ਮਿਲੇ ਅਤੇ ਸਾਡੀ ਜ਼ਮੀਰ ਵੀ ਸ਼ੁੱਧ ਰਹੇ? ਇਸ ਬਾਰੇ ਅਗਲੇ ਅਧਿਆਇ ਵਿਚ ਗੱਲ ਕੀਤੀ ਜਾਵੇਗੀ।
a ਪੰਤੇਕੁਸਤ 33 ਈਸਵੀ ਤੋਂ ਯਿਸੂ ਮਸੀਹ ਧਰਤੀ ਉੱਤੇ ਰਹਿ ਰਹੇ ਚੁਣੇ ਹੋਏ ਚੇਲਿਆਂ ਉੱਤੇ ਰਾਜ ਕਰ ਰਿਹਾ ਹੈ। (ਕੁਲੁੱਸੀਆਂ 1:13) 1914 ਵਿਚ ਯਿਸੂ ਨੂੰ “ਦੁਨੀਆਂ ਦਾ ਰਾਜ” ਮਿਲਿਆ ਸੀ। ਇਸ ਲਈ ਚੁਣੇ ਹੋਏ ਚੇਲੇ ਉਸ ਦੇ ਰਾਜ ਦੇ ਰਾਜਦੂਤਾਂ ਵਜੋਂ ਸੇਵਾ ਕਰਦੇ ਹਨ।—ਪ੍ਰਕਾਸ਼ ਦੀ ਕਿਤਾਬ 11:15.
b ਇਸ ਬਾਰੇ ਦਿੱਤੀ ਗਈ ਵਧੇਰੇ ਜਾਣਕਾਰੀ “ਝੰਡੇ ਨੂੰ ਸਲਾਮੀ ਦੇਣੀ, ਵੋਟ ਪਾਉਣੀ ਅਤੇ ਗ਼ੈਰ-ਫ਼ੌਜੀ ਕੰਮ ਕਰਨਾ” ਦੇਖੋ।