ਯਹੋਵਾਹ ਦਾ ਬਚਨ ਜੀਉਂਦਾ ਹੈ
ਗਲਾਤੀਆਂ, ਅਫ਼ਸੀਆਂ, ਫ਼ਿਲਿੱਪੀਆਂ ਅਤੇ ਕੁਲੁੱਸੀਆਂ ਨੂੰ ਲਿਖੀਆਂ ਚਿੱਠੀਆਂ ਦੇ ਕੁਝ ਖ਼ਾਸ ਨੁਕਤੇ
ਜਦੋਂ ਪੌਲੁਸ ਰਸੂਲ ਨੂੰ ਪਤਾ ਲੱਗਾ ਕਿ ਯਿਸੂ ਦੇ ਕੁਝ ਚੇਲੇ ਸੱਚਾਈ ਨੂੰ ਛੱਡ ਕੇ ਯਹੂਦੀ ਰੰਗ ਵਿਚ ਰੰਗੇ ਜਾ ਰਹੇ ਸਨ, ਤਾਂ ਉਸ ਨੇ “ਗਲਾਤਿਯਾ ਦੀਆਂ ਕਲੀਸਿਯਾਂ ਨੂੰ” 50-52 ਈਸਵੀ ਵਿਚ ਚਿੱਠੀ ਲਿਖੀ। (ਗਲਾ. 1:2) ਇਸ ਵਿਚ ਉਸ ਨੇ ਉਨ੍ਹਾਂ ਨੂੰ ਕੁਰਾਹੇ ਪੈਣ ਤੋਂ ਬਚਾਉਣ ਲਈ ਸਲਾਹ ਤੇ ਤਾੜਨਾ ਦਿੱਤੀ।
ਕੁਝ ਦਸ ਸਾਲ ਬਾਅਦ ਜਦ ਪੌਲੁਸ ਰੋਮ ਵਿਚ “ਯਿਸੂ ਮਸੀਹ ਦਾ ਕੈਦੀ” ਸੀ, ਤਾਂ ਉਸ ਨੇ ਅਫ਼ਸੁਸ, ਫ਼ਿਲਿੱਪੀ ਅਤੇ ਕੁਲੁੱਸੇ ਦੀਆਂ ਕਲੀਸਿਯਾਵਾਂ ਨੂੰ ਚਿੱਠੀਆਂ ਲਿਖ ਕੇ ਉਨ੍ਹਾਂ ਨੂੰ ਸਲਾਹ ਅਤੇ ਹੌਸਲਾ ਦਿੱਤਾ। (ਅਫ਼. 3:1) ਅਸੀਂ ਅੱਜ ਗਲਾਤੀਆਂ, ਅਫ਼ਸੀਆਂ, ਫ਼ਿਲਿੱਪੀਆਂ ਅਤੇ ਕੁਲੁੱਸੀਆਂ ਦੀਆਂ ਚਿੱਠੀਆਂ ਵੱਲ ਧਿਆਨ ਦੇ ਕੇ ਲਾਭ ਉਠਾ ਸਕਦੇ ਹਾਂ।—ਇਬ. 4:12.
ਧਰਮੀ ਕਿਵੇਂ ਠਹਿਰਾਏ ਜਾਂਦੇ?
ਕਲੀਸਿਯਾ ਵਿਚ ਯਹੂਦੀ ਮਤ ਉੱਤੇ ਜ਼ੋਰ ਦੇਣ ਵਾਲੇ ਪੌਲੁਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਲਈ ਉਸ ਨੇ ਆਪਣੀ ਸਫ਼ਾਈ ਵਿਚ ਉਨ੍ਹਾਂ ਨੂੰ ਆਪਣੇ ਬਾਰੇ ਕੁਝ ਗੱਲਾਂ ਦੱਸੀਆਂ। (ਗਲਾ. 1:11–2:14) ਉਨ੍ਹਾਂ ਦੀਆਂ ਝੂਠੀਆਂ ਸਿੱਖਿਆਵਾਂ ਦੇ ਵਿਰੁੱਧ ਪੌਲੁਸ ਨੇ ਕਿਹਾ: “ਮਨੁੱਖ ਸ਼ਰਾ ਦੇ ਕੰਮਾਂ ਤੋਂ ਨਹੀਂ ਸਗੋਂ ਨਿਰਾ ਯਿਸੂ ਮਸੀਹ ਉੱਤੇ ਨਿਹਚਾ ਕਰਨ ਤੋਂ ਧਰਮੀ ਠਹਿਰਾਇਆ ਜਾਂਦਾ ਹੈ।”—ਗਲਾ. 2:16.
ਪੌਲੁਸ ਨੇ ਕਿਹਾ ਕਿ ਯਿਸੂ ਨੇ ‘ਮੁੱਲ ਦੇ ਕੇ ਓਹਨਾਂ ਨੂੰ ਜਿਹੜੇ ਸ਼ਰਾ ਦੇ ਮਤਹਿਤ ਹਨ ਛੁਡਾਇਆ।’ ਉਸ ਨੇ ਗਲਾਤੀਆਂ ਨੂੰ ਤਾਕੀਦ ਕੀਤੀ: “ਦ੍ਰਿੜ੍ਹ ਰਹੋ ਅਤੇ ਗੁਲਾਮੀ ਦੇ ਜੂਲੇ ਹੇਠਾਂ ਮੁੜ ਕੇ ਨਾ ਜੁੱਪੋ।”—ਗਲਾ. 4:4, 5; 5:1.
ਕੁਝ ਸਵਾਲਾਂ ਦੇ ਜਵਾਬ:
3:16-18, 28, 29—ਕੀ ਅਬਰਾਹਾਮ ਨਾਲ ਬੰਨ੍ਹਿਆ ਨੇਮ ਅਜੇ ਵੀ ਲਾਗੂ ਹੁੰਦਾ ਹੈ? ਜੀ ਹਾਂ। ਸ਼ਰਾ ਨੇ ਅਬਰਾਹਾਮ ਨਾਲ ਬੰਨ੍ਹੇ ਨੇਮ ਦੀ ਥਾਂ ਨਹੀਂ ਲਈ। ਸ਼ਰਾ ਨੂੰ “ਅਕਾਰਥ” ਕਰ ਦਿੱਤੇ ਜਾਣ ਤੋਂ ਬਾਅਦ ਵੀ ਇਹ ਨੇਮ ਲਾਗੂ ਰਿਹਾ। (ਅਫ਼. 2:15) ਉਸ ਨੇਮ ਦੇ ਵਾਅਦੇ ਅਬਰਾਹਾਮ ਦੀ ਅਸਲੀ “ਅੰਸ” ਨੂੰ ਮਿਲੇ ਯਾਨੀ ਯਿਸੂ ਮਸੀਹ ਨੂੰ ਅਤੇ ਉਨ੍ਹਾਂ ਨੂੰ ਜੋ ‘ਮਸੀਹ ਦੇ ਹਨ।’
6:2—“ਮਸੀਹ ਦੀ ਸ਼ਰਾ” ਕੀ ਹੈ? ਇਸ ਸ਼ਰਾ ਵਿਚ ਉਹ ਸਾਰੀਆਂ ਗੱਲਾਂ ਸ਼ਾਮਲ ਹਨ ਜੋ ਯਿਸੂ ਨੇ ਸਿਖਾਈਆਂ ਅਤੇ ਜਿਨ੍ਹਾਂ ਦਾ ਉਸ ਨੇ ਹੁਕਮ ਦਿੱਤਾ। ਇਸ ਵਿਚ ਖ਼ਾਸ ਕਰਕੇ ਇਹ ਹੁਕਮ ਸ਼ਾਮਲ ਹੈ ਕਿ ਤੁਸੀਂ “ਇੱਕ ਦੂਏ ਨੂੰ ਪਿਆਰ ਕਰੋ।”—ਯੂਹੰ. 13:34.
6:8—‘ਆਤਮਾ ਲਈ ਬੀਜਣ’ ਦਾ ਕੀ ਮਤਲਬ ਹੈ? ਇਸ ਦਾ ਇਹ ਮਤਲਬ ਹੈ ਕਿ ਅਸੀਂ ਰੱਬ ਦੀ ਮਦਦ ਸਵੀਕਾਰ ਕਰ ਕੇ ਜੀਵੀਏ। ਇਸ ਦਾ ਇਹ ਵੀ ਮਤਲਬ ਹੈ ਕਿ ਅਸੀਂ ਤਨ-ਮਨ ਲਾ ਕਿ ਰੱਬ ਦੀ ਸੇਵਾ ਕਰੀਏ।
ਸਾਡੇ ਲਈ ਸਬਕ:
1:6-9. ਜਦ ਕਲੀਸਿਯਾ ਵਿਚ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ‚ ਤਾਂ ਬਜ਼ੁਰਗਾਂ ਨੂੰ ਕਦਮ ਚੁੱਕਣ ਵਿਚ ਦੇਰ ਨਹੀਂ ਕਰਨੀ ਚਾਹੀਦੀ। ਉਹ ਬਾਈਬਲ ਨੂੰ ਵਰਤ ਕੇ ਝੂਠੀਆਂ ਸਿੱਖਿਆਵਾਂ ਨੂੰ ਰੱਦ ਕਰ ਸਕਦੇ ਹਨ।
2:20. ਪਰਮੇਸ਼ੁਰ ਨੇ ਯਿਸੂ ਮਸੀਹ ਦਾ ਬਲੀਦਾਨ ਸਾਡੇ ਸਾਰੀਆਂ ਲਈ ਦਿੱਤਾ ਸੀ। ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਪਰਮੇਸ਼ੁਰ ਸਾਨੂੰ ਨਿੱਜੀ ਤੌਰ ਤੇ ਕਿੰਨਾ ਪਿਆਰ ਕਰਦਾ ਹੈ।—ਯੂਹੰ. 3:16.
5:7-9. ਮਾੜੀ ਸੰਗਤ ਕਾਰਨ ਅਸੀਂ ਸ਼ਾਇਦ ‘ਸਚਿਆਈ ਮੰਨਣੀ’ ਛੱਡ ਦੇਈਏ। ਅਕਲਮੰਦੀ ਦੀ ਗੱਲ ਹੋਵੇਗੀ ਜੇ ਅਸੀਂ ਮਾੜੀ ਸੰਗਤ ਤੋਂ ਦੂਰ ਰਹੀਏ।
6:1, 2, 5. ਜੇ ਅਸੀਂ ਮੁਸ਼ਕਲਾਂ ਸਹਿੰਦੇ ਹੋਏ ਜਾਂ ਅਣਜਾਣੇ ਵਿਚ ਗ਼ਲਤ ਰਾਹ ਪੈਣ ਕਰ ਕੇ ਮਹਿਸੂਸ ਕਰਦੇ ਹਾਂ ਕਿ ਅਸੀਂ ਵੱਡਾ ਭਾਰ ਚੁੱਕ ਰਹੇ ਹਾਂ, ਤਾਂ ਬਜ਼ੁਰਗ ਸਾਡੀ ਮਦਦ ਕਰ ਸਕਦੇ ਹਨ। ਪਰ ਸਾਡੀਆਂ ਅਜਿਹੀਆਂ ਜ਼ਿੰਮੇਵਾਰੀਆਂ ਵੀ ਹਨ ਜਿਨ੍ਹਾਂ ਦਾ ਭਾਰ ਸਾਨੂੰ ਆਪ ਚੁੱਕਣਾ ਪਵੇਗਾ।
‘ਸਭਨਾਂ ਨੂੰ ਮਸੀਹ ਵਿੱਚ ਇਕੱਠਾ ਕਰਨਾ’
ਅਫ਼ਸੀਆਂ ਨੂੰ ਚਿੱਠੀ ਲਿਖਦੇ ਹੋਏ ਪੌਲੁਸ ਨੇ ਕਲੀਸਿਯਾ ਦੀ ਏਕਤਾ ਉੱਤੇ ਜ਼ੋਰ ਦਿੱਤਾ। ਉਸ ਨੇ “ਸਮਿਆਂ ਦੀ ਪੂਰਨਤਾਈ ਦੀ ਜੁਗਤ” ਬਾਰੇ ਗੱਲ ਕੀਤੀ ਜਦ “ਸਭਨਾਂ ਨੂੰ ਜੋ ਸੁਰਗ ਵਿੱਚ ਅਤੇ ਜੋ ਧਰਤੀ ਉੱਤੇ ਹਨ ਮਸੀਹ ਵਿੱਚ ਇਕੱਠਾ” ਕੀਤਾ ਜਾਵੇਗਾ। ਯਿਸੂ ਮਸੀਹ ਨੇ “ਮਨੁੱਖਾਂ ਨੂੰ ਦਾਨ” ਵਜੋਂ ਦਿੱਤਾ ਹੈ ਤਾਂਕਿ ਸਾਰਿਆਂ ਵਿਚ “ਨਿਹਚਾ ਦੀ . . . ਏਕਤਾ” ਬਣੀ ਰਹੇ।—ਅਫ਼. 1:10; 4:8, 13.
ਪਰਮੇਸ਼ੁਰ ਦੀ ਵਡਿਆਈ ਕਰਨ ਅਤੇ ਕਲੀਸਿਯਾ ਦੀ ਏਕਤਾ ਵਧਾਉਣ ਲਈ ਸਾਨੂੰ “ਨਵੀਂ ਇਨਸਾਨੀਅਤ ਨੂੰ ਪਹਿਨ” ਲੈਣਾ ਚਾਹੀਦਾ ਹੈ ਅਤੇ “ਮਸੀਹ ਦੇ ਭੌ ਵਿੱਚ ਇੱਕ ਦੂਏ ਦੇ ਅਧੀਨ” ਰਹਿਣਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਸਾਨੂੰ “ਸ਼ਤਾਨ ਦੇ ਛਲ ਛਿੱਦ੍ਰਾਂ ਦੇ ਸਾਹਮਣੇ” ਖੜ੍ਹੇ ਰਹਿਣ ਲਈ ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਪਾ ਲੈਣੇ ਚਾਹੀਦੇ ਹਨ।—ਅਫ਼. 4:24; 5:21; 6:11.
ਕੁਝ ਸਵਾਲਾਂ ਦੇ ਜਵਾਬ:
1:4-7—ਮਸਹ ਕੀਤੇ ਹੋਏ ਮਸੀਹੀ ਆਪਣੇ ਜਨਮ ਤੋਂ ਪਹਿਲਾਂ ਹੀ ਕਿਵੇਂ ਠਹਿਰਾਏ ਗਏ ਸਨ? ਪਰਮੇਸ਼ੁਰ ਨੇ ਇਹ ਗੱਲ ਅੱਗੋਂ ਨਹੀਂ ਠਹਿਰਾਈ ਸੀ ਕਿ ਕੌਣ-ਕੌਣ ਰਾਜੇ ਬਣਨਗੇ, ਸਗੋਂ ਉਸ ਨੇ ਸਿਰਫ਼ ਇਹੋ ਠਹਿਰਾਇਆ ਸੀ ਕਿ ਰਾਜਿਆਂ ਦਾ ਇਕ ਸਮੂਹ ਹੋਵੇਗਾ। ਇਹ ਆਦਮ ਤੇ ਹੱਵਾਹ ਦੇ ਪਾਪ ਕਰਨ ਤੋਂ ਬਾਅਦ ਅਤੇ ਉਨ੍ਹਾਂ ਦੀ ਔਲਾਦ ਪੈਦਾ ਹੋਣ ਤੋਂ ਪਹਿਲਾਂ ਕੀਤਾ ਗਿਆ ਸੀ। ਉਤਪਤ 3:15 ਦੀ ਭਵਿੱਖਬਾਣੀ ਕਿਸੇ ਇਨਸਾਨ ਦੇ ਜਨਮ ਤੋਂ ਪਹਿਲਾਂ ਕੀਤੀ ਗਈ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਦੇ ਕੁਝ ਚੇਲੇ ਉਸ ਨਾਲ ਸਵਰਗ ਵਿਚ ਰਾਜ ਕਰਨਗੇ।—ਗਲਾ. 3:16, 29.
2:2—ਅਸੀਂ ਸੰਸਾਰ ਦੇ ਵਿਹਾਰ ਤੋਂ ਕਿਵੇਂ ਬਚ ਸਕਦੇ ਹਾਂ ਅਤੇ ਇਸ ਦਾ ਸਰਦਾਰ ਕੌਣ ਹੈ? ਸੰਸਾਰ ਦੇ ਪਿੱਛੇ ਸ਼ਤਾਨ ਦਾ ਹੱਥ ਹੈ ਅਤੇ ਇਸ ਦੀ ਹਵਾ ਤੋਂ ਸਾਨੂੰ ਬਚਣਾ ਚਾਹੀਦਾ ਹੈ। ਜਿਨ੍ਹਾਂ ਨੂੰ ਦੁਨੀਆਂ ਦੀ ਹਵਾ ਲੱਗ ਜਾਂਦੀ ਹੈ ਉਹ ਆਪਣੀ ਮਰਜ਼ੀ ਕਰਦੇ ਹਨ ਅਤੇ ਰੱਬ ਦੀ ਨਹੀਂ ਸੁਣਦੇ। (1 ਕੁਰਿੰ. 2:12) ਇਹ ਹਵਾ ਚਾਰੇ ਪਾਸੇ ਫੈਲੀ ਹੋਈ ਹੈ ਅਤੇ ਹਰ ਵਕਤ ਸਾਨੂੰ ਬਚ ਕੇ ਰਹਿਣਾ ਚਾਹੀਦਾ ਹੈ ਕਿ ਅਸੀਂ ਲੁਭਾਏ ਅਤੇ ਭਰਮਾਏ ਨਾ ਜਾਈਏ।
2:6.—ਮਸਹ ਕੀਤੇ ਹੋਏ ਮਸੀਹੀ ਧਰਤੀ ਉੱਤੇ ਹੁੰਦੇ ਹੋਏ ਵੀ “ਸੁਰਗੀ ਥਾਵਾਂ” ਵਿਚ ਕਿਵੇਂ ਹੋ ਸਕਦੇ ਹਨ? “ਸੁਰਗੀ ਥਾਵਾਂ” ਦਾ ਮਤਲਬ ਇਹ ਨਹੀਂ ਕਿ ਉਹ ਸਵਰਗ ਵਿਚ ਰਾਜ ਕਰਨ ਲੱਗ ਪਏ ਹਨ। ਇਸ ਦੀ ਬਜਾਇ ਕਿਹਾ ਜਾ ਸਕਦਾ ਹੈ ਕਿ ਧਰਤੀ ਉੱਤੇ ਹੁੰਦੇ ਹੋਏ ਵੀ ਉਨ੍ਹਾਂ ਨੂੰ ਉੱਚੀ ਪਦਵੀ ਮਿਲ ਚੁੱਕੀ ਹੈ ਕਿਉਂਕਿ ਪਰਮੇਸ਼ੁਰ ਨੇ ਉਨ੍ਹਾਂ ਉੱਤੇ ‘ਮੋਹਰ ਲਾਈ’ ਹੈ।—ਅਫ਼. 1:13, 14.
ਸਾਡੇ ਲਈ ਸਬਕ:
4:8, 11-15. ਯਿਸੂ ਮਸੀਹ ਨੇ ਸ਼ਤਾਨ ਦੇ ਬੰਧਨ ਵਿਚ ਬੰਨ੍ਹੇ ਹੋਏ ਆਦਮੀਆਂ ਨੂੰ ਆਜ਼ਾਦ ਕਰ ਕੇ ਕਲੀਸਿਯਾ ਨੂੰ ਮਜ਼ਬੂਤ ਕਰਨ ਲਈ ਦਾਨ ਵਜੋਂ ਦੇ ਦਿੱਤਾ। ਅਸੀਂ ਇਨ੍ਹਾਂ ਬਜ਼ੁਰਗਾਂ ਦੇ ਅਧੀਨ ਅਤੇ ਆਗਿਆਕਾਰ ਰਹਿ ਕੇ “ਪ੍ਰੇਮ ਨਾਲ . . . ਮਸੀਹ ਵਿੱਚ ਹਰ ਤਰਾਂ ਵਧਦੇ” ਜਾ ਸਕਦੇ ਹਾਂ।—ਇਬ. 13:7, 17.
5:22-24, 33. ਇਕ ਪਤਨੀ ਨੂੰ ਆਪਣੇ ਪਤੀ ਦੇ ਅਧੀਨ ਰਹਿਣ ਤੋਂ ਇਲਾਵਾ ਉਸ ਦਾ ਆਦਰ ਵੀ ਕਰਨਾ ਚਾਹੀਦਾ ਹੈ। ਉਹ “ਕੋਮਲ ਅਤੇ ਗੰਭੀਰ” ਸੁਭਾਅ ਨਾਲ ਆਪਣੀਆਂ ਗੱਲਾਂ ਅਤੇ ਕੰਮਾਂ ਰਾਹੀਂ ਆਪਣੇ ਪਤੀ ਦਾ ਸਾਥ ਦਿੰਦੀ ਹੈ।—1 ਪਤ. 3:3, 4; ਤੀਤੁ. 2:3-5.
5:25, 28, 29. ਜਿਵੇਂ ਇਕ ਪਤੀ ਆਪਣੇ ਸਰੀਰ ਨੂੰ “ਪਾਲਦਾ ਪਲੋਸਦਾ” ਹੈ ਉਸੇ ਤਰ੍ਹਾਂ ਉਸ ਨੂੰ ਆਪਣੀ ਪਤਨੀ ਦੀ ਦੇਖ-ਰੇਖ ਕਰਨੀ ਚਾਹੀਦੀ ਹੈ। ਉਸ ਨੂੰ ਆਪਣੀ ਪਤਨੀ ਦੀ ਮਦਦ ਕਰਨੀ ਚਾਹੀਦੀ ਹੈ ਤਾਂਕਿ ਉਹ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਰੱਖ ਸਕੇ। ਇਸ ਤੋਂ ਇਲਾਵਾ ਉਸ ਨੂੰ ਆਪਣੀ ਪਤਨੀ ਨਾਲ ਸਮਾਂ ਗੁਜ਼ਾਰਨਾ ਚਾਹੀਦਾ ਹੈ ਅਤੇ ਆਪਣੀ ਕਹਿਣੀ ਤੇ ਕਰਨੀ ਜ਼ਰੀਏ ਦਿਖਾਉਣਾ ਚਾਹੀਦਾ ਹੈ ਕਿ ਉਹ ਉਸ ਨਾਲ ਕਿੰਨਾ ਪਿਆਰ ਕਰਦਾ ਹੈ।
6:10-13. ਸ਼ਤਾਨ ਅਤੇ ਉਸ ਦੇ ਬੁਰੇ ਦੂਤਾਂ ਦਾ ਸਾਮ੍ਹਣਾ ਕਰਨ ਲਈ ਸਾਨੂੰ ਪਰਮੇਸ਼ੁਰ ਤੋਂ ਮਿਲੇ ਸ਼ਸਤ੍ਰ ਬਸਤ੍ਰ ਪਹਿਨਣ ਲਈ ਜਤਨ ਕਰਨਾ ਚਾਹੀਦਾ ਹੈ।
ਅੱਗੇ ਵਧਦੇ ਜਾਓ
ਫ਼ਿਲਿੱਪੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਨੇ ਪਿਆਰ ਦਾ ਕਈ ਵਾਰ ਜ਼ਿਕਰ ਕੀਤਾ। ਉਸ ਨੇ ਕਿਹਾ: “ਮੈਂ ਇਹ ਪ੍ਰਾਰਥਨਾ ਕਰਦਾ ਹਾਂ ਭਈ ਤੁਹਾਡਾ ਪ੍ਰੇਮ ਸਮਝ ਅਤੇ ਸਭ ਪਰਕਾਰ ਦੇ ਬਿਬੇਕ ਨਾਲ ਹੋਰ ਤੋਂ ਹੋਰ ਵਧਦਾ ਚੱਲਿਆ ਜਾਵੇ।” ਉਹ ਨਹੀਂ ਚਾਹੁੰਦਾ ਸੀ ਕਿ ਫ਼ਿਲਿੱਪੀ ਭੈਣ-ਭਰਾ ਆਪਣੇ ਆਪ ਉੱਤੇ ਹੱਦੋਂ ਵੱਧ ਭਰੋਸਾ ਰੱਖਣ ਜਿਸ ਕਰਕੇ ਉਸ ਨੇ ਕਿਹਾ: “ਤੁਸੀਂ ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦਾ ਕੰਮ ਨਿਬਾਹੋ।”—ਫ਼ਿਲਿ. 1:9; 2:12.
ਪੌਲੁਸ ਨੇ ਭੈਣਾਂ-ਭਰਾਵਾਂ ਨੂੰ ਕਿਹਾ ਕਿ ਉਹ ਉਸ ‘ਨਿਸ਼ਾਨੇ ਵੱਲ ਦੱਬੀ ਜਾਣ ਜੋ ਪਰਮੇਸ਼ੁਰ ਦੀ ਵੱਲੋਂ ਉੱਪਰਲੇ ਸੱਦੇ ਦਾ ਇਨਾਮ ਹੈ।’ ਉਸ ਨੇ ਅੱਗੇ ਕਿਹਾ: “ਜਿੱਥੋਂ ਤੋੜੀ ਅਸੀਂ ਅੱਪੜੇ ਹਾਂ ਉਸੇ ਦੇ ਅਨੁਸਾਰ ਚੱਲੀਏ।”—ਫ਼ਿਲਿ. 3:14-16.
ਕੁਝ ਸਵਾਲਾਂ ਦੇ ਜਵਾਬ:
1:23—ਪੌਲੁਸ ਕਿਹੜੀਆਂ ਦੋ ਗੱਲਾਂ ਵਿਚਾਲੇ ਫੱਸਿਆ ਹੋਇਆ ਸੀ ਅਤੇ ਉਹ “ਛੁਟਕਾਰਾ” ਕਿਉਂ ਚਾਹੁੰਦਾ ਸੀ? ਪੌਲੁਸ ਦੇ ਸਾਮ੍ਹਣੇ ਜ਼ਿੰਦਗੀ ਅਤੇ ਮੌਤ ਦਾ ਸਵਾਲ ਸੀ। (ਫ਼ਿਲਿ. 1:21) ਉਸ ਨੇ ਇਹ ਨਹੀਂ ਕਿਹਾ ਕਿ ਉਹ ਕੀ ਚੁਣੇਗਾ, ਪਰ ਕਿਹਾ ਕਿ ਉਹ ‘ਛੁਟਕਾਰਾ ਪਾ ਕੇ ਮਸੀਹ ਦੇ ਕੋਲ ਜਾਣਾ’ ਚਾਹੁੰਦਾ ਸੀ। (ਫ਼ਿਲਿ. 3:20, 21; 1 ਥੱਸ. 4:16) ਯਿਸੂ ਦੇ ਰਾਜਾ ਬਣਨ ਤੋਂ ਬਾਅਦ ਪੌਲੁਸ ਨੂੰ ਇਹ “ਛੁਟਕਾਰਾ” ਮਿਲਿਆ ਤੇ ਹੁਣ ਉਹ ਯਿਸੂ ਨਾਲ ਸਵਰਗ ਵਿਚ ਹੈ।—ਮੱਤੀ 24:3.
2:12, 13—ਪਰਮੇਸ਼ੁਰ ਸਾਡੇ ਵਿਚ “ਮਨਸ਼ਾ ਤੇ ਅਮਲ” ਕਿਵੇਂ ਪੈਦਾ ਕਰਦਾ ਹੈ? ਯਹੋਵਾਹ ਸਾਡੀ ਮਦਦ ਕਰਦਾ ਹੈ ਤਾਂਕਿ ਸਾਡਾ ਦਿਲ ਉਸ ਦੀ ਸੇਵਾ ਵਿਚ ਹੋਰ ਕਰਨਾ ਚਾਹੇ। ਇਸ ਤਰ੍ਹਾਂ ਸਾਨੂੰ ‘ਆਪਣੀ ਮੁਕਤੀ ਦਾ ਕੰਮ ਨਿਭਾਉਣ’ ਵਿਚ ਮਦਦ ਮਿਲਦੀ ਹੈ।
ਸਾਡੇ ਲਈ ਸਬਕ:
2:5-11. ਯਿਸੂ ਮਸੀਹ ਦੀ ਮਿਸਾਲ ਦਿਖਾਉਂਦੀ ਹੈ ਕਿ ਨਿਮਰਤਾ ਕਮਜ਼ੋਰੀ ਨਹੀਂ ਹੈ, ਲੇਕਿਨ ਨਿਮਰ ਬਣਨ ਲਈ ਦਲੇਰੀ ਤੇ ਹਿੰਮਤ ਦੀ ਲੋੜ ਹੈ। ਇਸ ਤੋਂ ਇਲਾਵਾ ਯਹੋਵਾਹ ਨਿਮਰ ਲੋਕਾਂ ਦਾ ਆਦਰ ਕਰਦਾ ਹੈ।—ਕਹਾ. 22:4.
3:13.“ਪਿਛਲੀਆਂ ਗੱਲਾਂ” ਕੀ ਹੋ ਸਕਦੀਆਂ ਹਨ ਜਿਨ੍ਹਾਂ ਨੂੰ ਅਸੀਂ ਛੱਡਿਆ ਹੈ? ਇਹ ਸ਼ਾਇਦ ਚੰਗੀ ਨੌਕਰੀ ਹੋਵੇ, ਅਮੀਰ ਪਰਿਵਾਰ ਹੋਵੇ ਜਾਂ ਉਹ ਵੱਡੇ ਪਾਪ ਹੋਣ ਜਿਨ੍ਹਾਂ ਤੋਂ ਅਸੀਂ ਤੋਬਾ ਕਰ ਕੇ “ਧੋਤੇ ਗਏ” ਹਾਂ। (1 ਕੁਰਿੰ. 6:11) ਸਾਨੂੰ ਇਹ ਗੱਲਾਂ ਭੁਲਾ ਕੇ “ਉਨ੍ਹਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਹਾਂ” ਵਧਣਾ ਚਾਹੀਦਾ ਹੈ।
“ਨਿਹਚਾ ਵਿੱਚ ਦ੍ਰਿੜ੍ਹ”
ਕੁਲੁੱਸੀਆਂ ਨੂੰ ਚਿੱਠੀ ਲਿਖਦੇ ਹੋਏ ਪੌਲੁਸ ਨੇ ਝੂਠੇ ਸਿੱਖਿਅਕਾਂ ਦੀਆਂ ਝੂਠੀਆਂ ਗੱਲਾਂ ਦਾ ਪਰਦਾ ਫ਼ਾਸ਼ ਕੀਤਾ। ਉਸ ਨੇ ਸਮਝਾਇਆ ਕਿ ਮੁਕਤੀ ਸ਼ਰਾ ਤੇ ਨਹੀਂ ਪਰ ‘ਨਿਹਚਾ ਤੇ ਪੱਕੇ ਬਣੇ ਰਹਿਣ’ ਉੱਤੇ ਨਿਰਭਰ ਕਰਦੀ ਹੈ। ਪੌਲੁਸ ਨੇ ਕੁਲੁੱਸੈ ਦੇ ਭੈਣ-ਭਰਾਵਾਂ ਨੂੰ ਉਤਸ਼ਾਹ ਦਿੱਤਾ ਕਿ ਉਹ ‘ਮਸੀਹ ਯਿਸੂ ਵਿੱਚ ਚੱਲਦੇ ਜਾਣ ਅਤੇ ਜੜ੍ਹ ਫੜ ਕੇ ਅਤੇ ਉਹ ਦੇ ਉੱਤੇ ਉਸਰ ਕੇ ਅਤੇ ਆਪਣੀ ਨਿਹਚਾ ਵਿੱਚ ਦ੍ਰਿੜ੍ਹ ਹੋਣ।’ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਉੱਤੇ ਕੀ ਅਸਰ ਪਿਆ ਸੀ?—ਕੁਲੁ. 1:23; 2:6, 7.
ਪੌਲੁਸ ਨੇ ਕਿਹਾ ਕਿ “ਇਨ੍ਹਾਂ ਸਭਨਾਂ ਦੇ ਉੱਤੋਂ ਦੀ ਪ੍ਰੇਮ ਨੂੰ ਪਾ ਲਓ ਜਿਹੜਾ ਸੰਪੂਰਨਤਾਈ ਦਾ ਬੰਧ ਹੈ। ਅਤੇ ਮਸੀਹ ਦੀ ਸ਼ਾਂਤ . . . ਤੁਹਾਡਿਆਂ ਮਨਾਂ ਵਿੱਚ ਰਾਜ ਕਰੇ।” ਉਸ ਨੇ ਅੱਗੇ ਕਿਹਾ: “ਜੋ ਕੁਝ ਤੁਸੀਂ ਕਰੋ ਸੋ ਚਿੱਤ ਲਾ ਕੇ ਪ੍ਰਭੁ ਦੇ ਲਈ ਕਰੋ, ਨਾ ਮਨੁੱਖਾਂ ਦੇ ਲਈ।” ਕਲੀਸਿਯਾ ਤੋਂ ਬਾਹਰਲੇ ਲੋਕਾਂ ਬਾਰੇ ਉਸ ਨੇ ਕਿਹਾ ਕਿ ਉਨ੍ਹਾਂ ਦੇ “ਅੱਗੇ ਹੋਸ਼ ਨਾਲ ਚੱਲੋ।”—ਕੁਲੁ. 3:14, 15, 23; 4:5.
ਕੁਝ ਸਵਾਲਾਂ ਦੇ ਜਵਾਬ:
2:8—“ਸੰਸਾਰ ਦੀਆਂ ਮੂਲ ਗੱਲਾਂ” ਕੀ ਹਨ ਜਿਨ੍ਹਾਂ ਬਾਰੇ ਪੌਲੁਸ ਨੇ ਚੇਤਾਵਨੀ ਦਿੱਤੀ ਸੀ? ਇਹ ਸ਼ਤਾਨ ਦੀ ਦੁਨੀਆਂ ਦੀਆਂ ਉਹ ਗੱਲਾਂ ਹਨ ਜੋ ਲੋਕਾਂ ਨੂੰ ਲੁਭਾਉਂਦੀਆਂ ਹਨ ਜਾਂ ਜਿਨ੍ਹਾਂ ਮਗਰ ਉਹ ਲੱਗੇ ਹੋਏ ਹਨ। (1 ਯੂਹੰ. 2:16) ਇਨ੍ਹਾਂ ਵਿਚ ਫ਼ਲਸਫ਼ਾ, ਧਨ-ਦੌਲਤ ਅਤੇ ਉਹ ਧਰਮ ਵੀ ਸ਼ਾਮਲ ਹਨ ਜੋ ਸੱਚ ਨਹੀਂ ਸਿਖਾਉਂਦੇ।
4:16—ਬਾਈਬਲ ਵਿਚ ਲਾਉਦਿਕੀਆ ਨੂੰ ਲਿਖੀ ਚਿੱਠੀ ਕਿਉਂ ਨਹੀਂ ਹੈ? ਹੋ ਸਕਦਾ ਹੈ ਕਿ ਇਸ ਚਿੱਠੀ ਵਿਚ ਅਜਿਹੀ ਜਾਣਕਾਰੀ ਸੀ ਜਿਸ ਦੀ ਅੱਜ ਸਾਨੂੰ ਲੋੜ ਨਹੀਂ ਹੈ। ਇਹ ਵੀ ਹੋ ਸਕਦਾ ਹੈ ਕਿ ਇਸ ਵਿਚਲੀਆਂ ਗੱਲਾਂ ਬਾਈਬਲ ਦੀਆਂ ਹੋਰਨਾਂ ਚਿੱਠੀਆਂ ਵਿਚ ਪਹਿਲੋਂ ਹੀ ਹਨ।
ਸਾਡੇ ਲਈ ਸਬਕ:
1:2, 20. ਯਿਸੂ ਦਾ ਬਲੀਦਾਨ ਯਹੋਵਾਹ ਦੀ ਕਿਰਪਾ ਦਾ ਸਬੂਤ ਹੈ ਜਿਸ ਰਾਹੀਂ ਸਾਡੀ ਜ਼ਮੀਰ ਸ਼ੁੱਧ ਹੁੰਦੀ ਹੈ ਤੇ ਸਾਨੂੰ ਮਨ ਦੀ ਸ਼ਾਂਤੀ ਮਿਲਦੀ ਹੈ।
2:18, 23. ਕੋਈ ਸ਼ਾਇਦ ਧਨ-ਦੌਲਤ ਤਿਆਗ ਕੇ ਜਾਂ ਦੁੱਖ ਝੱਲ ਕੇ “ਅਧੀਨਤਾਈ” ਯਾਨੀ ਨਿਮਰ ਹੋਣ ਦਾ ਦਿਖਾਵਾ ਕਰੇ। ਪਰ ਅਸਲ ਵਿਚ ਅਜਿਹੀ ਤਪੱਸਿਆ ਮਨ ਮਤੇ ਦੀ ਪੂਜਾ ਹੈ ਅਤੇ ਉਹ ਹੰਕਾਰ ਨਾਲ ਫੁੱਲਿਆ ਹੋਇਆ ਹੈ।