ਗਲਾਤੀਆਂ ਨੂੰ ਚਿੱਠੀ
1 ਮੈਂ ਪੌਲੁਸ ਇਕ ਰਸੂਲ ਹਾਂ ਅਤੇ ਮੈਨੂੰ ਕਿਸੇ ਇਨਸਾਨ ਵੱਲੋਂ ਜਾਂ ਕਿਸੇ ਇਨਸਾਨ ਰਾਹੀਂ ਰਸੂਲ ਨਿਯੁਕਤ ਨਹੀਂ ਕੀਤਾ ਗਿਆ, ਸਗੋਂ ਮੈਨੂੰ ਯਿਸੂ ਮਸੀਹ+ ਅਤੇ ਪਿਤਾ ਪਰਮੇਸ਼ੁਰ+ ਨੇ ਨਿਯੁਕਤ ਕੀਤਾ ਸੀ ਜਿਸ ਨੇ ਮਸੀਹ ਨੂੰ ਮਰਿਆਂ ਹੋਇਆਂ ਵਿੱਚੋਂ ਜੀਉਂਦਾ ਕੀਤਾ ਸੀ। 2 ਜਿਹੜੇ ਭਰਾ ਮੇਰੇ ਨਾਲ ਹਨ, ਮੈਂ ਉਨ੍ਹਾਂ ਸਾਰਿਆਂ ਨਾਲ ਮਿਲ ਕੇ ਗਲਾਤੀਆ* ਦੀਆਂ ਮੰਡਲੀਆਂ ਨੂੰ ਇਹ ਚਿੱਠੀ ਲਿਖ ਰਿਹਾ ਹਾਂ:
3 ਸਾਡਾ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ਣ। 4 ਸਾਡੇ ਪਿਤਾ ਪਰਮੇਸ਼ੁਰ+ ਦੀ ਇੱਛਾ ਪੂਰੀ ਕਰਦੇ ਹੋਏ ਯਿਸੂ ਨੇ ਸਾਡੇ ਪਾਪਾਂ ਦੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ+ ਤਾਂਕਿ ਉਹ ਸਾਨੂੰ ਇਸ ਦੁਸ਼ਟ ਦੁਨੀਆਂ*+ ਤੋਂ ਬਚਾ ਸਕੇ। 5 ਪਰਮੇਸ਼ੁਰ ਦੀ ਮਹਿਮਾ ਹਮੇਸ਼ਾ-ਹਮੇਸ਼ਾ ਹੁੰਦੀ ਰਹੇ। ਆਮੀਨ।
6 ਮੈਂ ਹੈਰਾਨ ਹਾਂ ਕਿ ਤੁਸੀਂ ਪਰਮੇਸ਼ੁਰ ਤੋਂ ਕਿੰਨੀ ਜਲਦੀ ਮੂੰਹ ਮੋੜ ਲਿਆ ਜਿਸ ਨੇ ਤੁਹਾਨੂੰ ਮਸੀਹ ਦੀ ਅਪਾਰ ਕਿਰਪਾ ਸਦਕਾ ਸੱਦਿਆ ਸੀ ਅਤੇ ਹੁਣ ਤੁਸੀਂ ਕੋਈ ਹੋਰ ਖ਼ੁਸ਼ ਖ਼ਬਰੀ ਸੁਣਨ ਲੱਗ ਪਏ ਹੋ।+ 7 ਦੇਖਿਆ ਜਾਵੇ, ਤਾਂ ਕੋਈ ਹੋਰ ਖ਼ੁਸ਼ ਖ਼ਬਰੀ ਹੈ ਹੀ ਨਹੀਂ; ਸਗੋਂ ਕੁਝ ਲੋਕ ਤੁਹਾਨੂੰ ਉਲਝਣ ਵਿਚ ਪਾ ਰਹੇ ਹਨ+ ਅਤੇ ਮਸੀਹ ਬਾਰੇ ਖ਼ੁਸ਼ ਖ਼ਬਰੀ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਚਾਹੁੰਦੇ ਹਨ। 8 ਪਰ ਜੇ ਅਸੀਂ ਜਾਂ ਸਵਰਗੋਂ ਕੋਈ ਦੂਤ ਇਸ ਖ਼ੁਸ਼ ਖ਼ਬਰੀ ਤੋਂ ਇਲਾਵਾ ਜੋ ਅਸੀਂ ਤੁਹਾਨੂੰ ਸੁਣਾਈ ਸੀ, ਕੋਈ ਹੋਰ ਖ਼ੁਸ਼ ਖ਼ਬਰੀ ਸੁਣਾਵੇ, ਤਾਂ ਉਹ ਸਰਾਪਿਆ ਜਾਵੇ। 9 ਅਸੀਂ ਹੁਣੇ ਜੋ ਕਿਹਾ ਹੈ, ਮੈਂ ਦੁਬਾਰਾ ਕਹਿੰਦਾ ਹਾਂ ਕਿ ਜਿਹੜਾ ਵੀ ਤੁਹਾਨੂੰ ਉਸ ਖ਼ੁਸ਼ ਖ਼ਬਰੀ ਤੋਂ ਸਿਵਾਇ ਜਿਸ ਉੱਤੇ ਤੁਸੀਂ ਵਿਸ਼ਵਾਸ ਕੀਤਾ ਹੈ, ਕੋਈ ਹੋਰ ਖ਼ੁਸ਼ ਖ਼ਬਰੀ ਸੁਣਾਵੇ, ਉਹ ਸਰਾਪਿਆ ਜਾਵੇ।
10 ਕੀ ਮੈਂ ਇਨਸਾਨਾਂ ਦੀ ਮਨਜ਼ੂਰੀ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਾਂ ਪਰਮੇਸ਼ੁਰ ਦੀ? ਕੀ ਮੈਂ ਇਨਸਾਨਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ? ਜੇ ਮੈਂ ਅਜੇ ਵੀ ਇਨਸਾਨਾਂ ਨੂੰ ਖ਼ੁਸ਼ ਕਰ ਰਿਹਾ ਹਾਂ, ਤਾਂ ਮੈਂ ਮਸੀਹ ਦਾ ਦਾਸ ਨਹੀਂ ਹਾਂ। 11 ਭਰਾਵੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਖ਼ੁਸ਼ ਖ਼ਬਰੀ ਮੈਂ ਤੁਹਾਨੂੰ ਸੁਣਾਈ ਹੈ, ਉਹ ਇਨਸਾਨਾਂ ਤੋਂ ਨਹੀਂ ਹੈ+ 12 ਕਿਉਂਕਿ ਮੈਨੂੰ ਇਹ ਕਿਸੇ ਇਨਸਾਨ ਤੋਂ ਨਹੀਂ ਮਿਲੀ ਅਤੇ ਨਾ ਹੀ ਕਿਸੇ ਨੇ ਮੈਨੂੰ ਸਿਖਾਈ, ਸਗੋਂ ਇਹ ਖ਼ੁਸ਼ ਖ਼ਬਰੀ ਯਿਸੂ ਮਸੀਹ ਨੇ ਖ਼ੁਦ ਮੇਰੇ ਉੱਤੇ ਪ੍ਰਗਟ ਕੀਤੀ ਸੀ।
13 ਤੁਸੀਂ ਸੁਣਿਆ ਹੈ ਕਿ ਯਹੂਦੀ ਧਰਮ ਵਿਚ ਹੁੰਦਿਆਂ ਮੈਂ ਕਿਹੋ ਜਿਹਾ ਇਨਸਾਨ ਸੀ।+ ਉਸ ਵੇਲੇ ਮੈਂ ਪਰਮੇਸ਼ੁਰ ਦੀ ਮੰਡਲੀ ਉੱਤੇ ਬੇਰਹਿਮੀ ਨਾਲ ਅਤਿਆਚਾਰ ਕਰਦਾ ਸੀ ਅਤੇ ਉਸ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕਰਦਾ ਸੀ।+ 14 ਮੈਂ ਯਹੂਦੀ ਧਰਮ ਵਿਚ ਆਪਣੀ ਉਮਰ ਦੇ ਬਹੁਤ ਸਾਰੇ ਯਹੂਦੀਆਂ ਨਾਲੋਂ ਜ਼ਿਆਦਾ ਤਰੱਕੀ ਕਰ ਰਿਹਾ ਸੀ ਕਿਉਂਕਿ ਮੈਂ ਆਪਣੇ ਪਿਉ-ਦਾਦਿਆਂ ਦੀਆਂ ਰੀਤਾਂ ʼਤੇ ਉਨ੍ਹਾਂ ਨਾਲੋਂ ਜ਼ਿਆਦਾ ਜੋਸ਼ ਨਾਲ ਚੱਲਦਾ ਹੁੰਦਾ ਸੀ।+ 15 ਪਰ ਮੈਨੂੰ ਇਸ ਦੁਨੀਆਂ ਵਿਚ ਪੈਦਾ ਕਰਨ ਵਾਲੇ ਅਤੇ ਆਪਣੀ ਅਪਾਰ ਕਿਰਪਾ+ ਕਰ ਕੇ ਮੈਨੂੰ ਸੱਦਣ ਵਾਲੇ ਪਰਮੇਸ਼ੁਰ ਨੇ ਜਦੋਂ ਇਹ ਠੀਕ ਸਮਝਿਆ 16 ਕਿ ਉਹ ਮੇਰੇ ਰਾਹੀਂ ਆਪਣੇ ਪੁੱਤਰ ਬਾਰੇ ਦੱਸੇ ਅਤੇ ਮੇਰੇ ਰਾਹੀਂ ਕੌਮਾਂ ਨੂੰ ਉਸ ਬਾਰੇ ਖ਼ੁਸ਼ ਖ਼ਬਰੀ ਸੁਣਾਵੇ,+ ਤਾਂ ਮੈਂ ਉਦੋਂ ਕਿਸੇ ਇਨਸਾਨ ਦੀ ਸਲਾਹ ਨਹੀਂ ਲਈ 17 ਅਤੇ ਨਾ ਹੀ ਮੈਂ ਉਨ੍ਹਾਂ ਕੋਲ ਯਰੂਸ਼ਲਮ ਗਿਆ ਜੋ ਮੇਰੇ ਤੋਂ ਪਹਿਲਾਂ ਰਸੂਲ ਬਣੇ ਸਨ, ਸਗੋਂ ਮੈਂ ਅਰਬ ਨੂੰ ਚਲਾ ਗਿਆ ਅਤੇ ਫਿਰ ਦਮਿਸਕ+ ਵਾਪਸ ਆ ਗਿਆ।
18 ਫਿਰ ਤਿੰਨ ਸਾਲ ਬਾਅਦ ਮੈਂ ਯਰੂਸ਼ਲਮ ਵਿਚ ਕੇਫ਼ਾਸ*+ ਨੂੰ ਮਿਲਣ ਗਿਆ+ ਅਤੇ ਉਸ ਨਾਲ 15 ਦਿਨ ਰਿਹਾ। 19 ਮੈਂ ਬੱਸ ਇਕ ਹੋਰ ਰਸੂਲ, ਯਾਕੂਬ+ ਨੂੰ ਹੀ ਮਿਲਿਆ ਜਿਹੜਾ ਪ੍ਰਭੂ ਦਾ ਭਰਾ ਹੈ। 20 ਹੁਣ ਪਰਮੇਸ਼ੁਰ ਗਵਾਹ ਹੈ ਕਿ ਮੈਂ ਜੋ ਗੱਲਾਂ ਤੁਹਾਨੂੰ ਲਿਖ ਰਿਹਾ ਹਾਂ, ਉਹ ਸਾਰੀਆਂ ਸੱਚੀਆਂ ਹਨ।
21 ਇਸ ਤੋਂ ਬਾਅਦ ਮੈਂ ਸੀਰੀਆ ਅਤੇ ਕਿਲਿਕੀਆ ਦੇ ਇਲਾਕਿਆਂ ਨੂੰ ਗਿਆ।+ 22 ਪਰ ਯਹੂਦਿਯਾ ਦੀਆਂ ਮੰਡਲੀਆਂ ਵਿਚ ਮਸੀਹ ਦੇ ਚੇਲਿਆਂ ਨੇ ਮੈਨੂੰ ਕਦੇ ਨਹੀਂ ਦੇਖਿਆ ਸੀ। 23 ਉਹ ਸਿਰਫ਼ ਇਹੀ ਸੁਣਦੇ ਹੁੰਦੇ ਸਨ: “ਜੋ ਆਦਮੀ ਪਹਿਲਾਂ ਸਾਡੇ ਉੱਤੇ ਜ਼ੁਲਮ ਕਰਦਾ ਹੁੰਦਾ ਸੀ,+ ਹੁਣ ਉਹ ਉਸੇ ਧਰਮ ਦੀ ਖ਼ੁਸ਼ ਖ਼ਬਰੀ ਸੁਣਾਉਂਦਾ ਹੈ ਜਿਸ ਧਰਮ ਦਾ ਉਹ ਨਾਮੋ-ਨਿਸ਼ਾਨ ਮਿਟਾਉਣ ʼਤੇ ਤੁਲਿਆ ਹੋਇਆ ਸੀ।”+ 24 ਇਸ ਲਈ ਉਹ ਮੇਰੇ ਕਰਕੇ ਪਰਮੇਸ਼ੁਰ ਦੀ ਮਹਿਮਾ ਕਰਨ ਲੱਗੇ।