ਅਧਿਆਇ 15
‘ਮੰਡਲੀਆਂ ਦਾ ਹੌਸਲਾ ਵਧਾਉਣਾ’
ਸਫ਼ਰੀ ਨਿਗਾਹਬਾਨ ਮੰਡਲੀਆਂ ਦੀ ਨਿਹਚਾ ਪੱਕੀ ਕਰਦੇ ਹਨ
ਰਸੂਲਾਂ ਦੇ ਕੰਮ 15:36–16:5 ਵਿੱਚੋਂ
1-3. (ੳ) ਪੌਲੁਸ ਦਾ ਨਵਾਂ ਸਾਥੀ ਕੌਣ ਹੈ ਅਤੇ ਉਹ ਕਿਹੋ ਜਿਹਾ ਹੈ? (ਅ) ਇਸ ਅਧਿਆਇ ਵਿਚ ਅਸੀਂ ਕੀ ਦੇਖਾਂਗੇ?
ਉੱਚੇ-ਨੀਵੇਂ ਇਲਾਕਿਆਂ ਵਿੱਚੋਂ ਦੀ ਤੁਰਦਿਆਂ ਪੌਲੁਸ ਰਸੂਲ ਡੂੰਘੀਆਂ ਸੋਚਾਂ ਵਿਚ ਹੈ ਅਤੇ ਆਪਣੇ ਨਾਲ ਤੁਰੇ ਜਾਂਦੇ ਨੌਜਵਾਨ ਨੂੰ ਬੜੇ ਗੌਰ ਨਾਲ ਦੇਖਦਾ ਹੈ। ਉਸ ਨੌਜਵਾਨ ਦਾ ਨਾਂ ਤਿਮੋਥਿਉਸ ਹੈ। ਇਹ ਤਕੜਾ ਤੇ ਜੋਸ਼ੀਲਾ ਨੌਜਵਾਨ ਸ਼ਾਇਦ 19-20 ਸਾਲ ਦਾ ਹੈ। ਜਿਉਂ-ਜਿਉਂ ਤਿਮੋਥਿਉਸ ਇਸ ਨਵੇਂ ਸਫ਼ਰ ʼਤੇ ਅੱਗੇ ਦੀ ਅੱਗੇ ਕਦਮ ਪੁੱਟਦਾ ਜਾਂਦਾ ਹੈ, ਉਸ ਦਾ ਘਰ ਨਜ਼ਰਾਂ ਤੋਂ ਓਹਲੇ ਹੁੰਦਾ ਜਾਂਦਾ ਹੈ। ਦਿਨ ਢਲ਼ਦਿਆਂ ਲੁਸਤ੍ਰਾ ਤੇ ਇਕੁਨਿਉਮ ਦੂਰ ਕਿਤੇ ਹਨੇਰੇ ਵਿਚ ਗੁਆਚ ਜਾਂਦੇ ਹਨ। ਇਸ ਸਫ਼ਰ ʼਤੇ ਉਨ੍ਹਾਂ ਨਾਲ ਅੱਗੇ ਕੀ ਹੋਵੇਗਾ? ਪੌਲੁਸ ਨੂੰ ਥੋੜ੍ਹਾ-ਬਹੁਤਾ ਪਤਾ ਹੈ ਕਿਉਂਕਿ ਇਹ ਉਸ ਦਾ ਦੂਸਰਾ ਮਿਸ਼ਨਰੀ ਦੌਰਾ ਹੈ। ਉਸ ਨੂੰ ਪਤਾ ਹੈ ਕਿ ਰਾਹ ਵਿਚ ਕਈ ਖ਼ਤਰੇ ਅਤੇ ਸਮੱਸਿਆਵਾਂ ਆਉਣਗੀਆਂ। ਕੀ ਤਿਮੋਥਿਉਸ ਇਨ੍ਹਾਂ ਦਾ ਸਾਮ੍ਹਣਾ ਕਰ ਪਾਵੇਗਾ?
2 ਪੌਲੁਸ ਨੂੰ ਤਿਮੋਥਿਉਸ ਉੱਤੇ ਪੂਰਾ ਭਰੋਸਾ ਹੈ, ਇੰਨਾ ਭਰੋਸਾ ਜਿੰਨਾ ਨਿਮਰ ਤਿਮੋਥਿਉਸ ਨੂੰ ਸ਼ਾਇਦ ਆਪਣੇ ਆਪ ਉੱਤੇ ਵੀ ਨਾ ਹੋਵੇ। ਹਾਲ ਹੀ ਵਿਚ ਹੋਈਆਂ ਘਟਨਾਵਾਂ ਕਰਕੇ ਪੌਲੁਸ ਨੂੰ ਹੋਰ ਵੀ ਯਕੀਨ ਹੋ ਗਿਆ ਹੈ ਕਿ ਉਸ ਨੂੰ ਸਫ਼ਰ ਵਾਸਤੇ ਅਜਿਹੇ ਭਰਾ ਦੀ ਲੋੜ ਹੈ ਜੋ ਸਫ਼ਰ ਵਿਚ ਉਸ ਦੀ ਮਦਦ ਕਰ ਸਕੇ। ਪੌਲੁਸ ਨੂੰ ਪਤਾ ਹੈ ਕਿ ਮੰਡਲੀਆਂ ਵਿਚ ਜਾਣ ਅਤੇ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਦ੍ਰਿੜ੍ਹ ਇਰਾਦਾ ਅਤੇ ਇੱਕੋ ਸੋਚ ਰੱਖਣ ਦੀ ਲੋੜ ਪਵੇਗੀ। ਪੌਲੁਸ ਇਸ ਤਰ੍ਹਾਂ ਕਿਉਂ ਸੋਚਦਾ ਹੈ? ਸ਼ਾਇਦ ਇਸ ਕਰਕੇ ਕਿਉਂਕਿ ਪੌਲੁਸ ਅਤੇ ਬਰਨਾਬਾਸ ਵਿਚ ਝਗੜਾ ਹੋਇਆ ਸੀ ਜਿਸ ਕਰਕੇ ਉਹ ਆਪੋ-ਆਪਣੇ ਰਾਹ ਪੈ ਗਏ ਸਨ।
3 ਇਸ ਅਧਿਆਇ ਵਿਚ ਅਸੀਂ ਸਿੱਖਾਂਗੇ ਕਿ ਆਪਸੀ ਮਤਭੇਦਾਂ ਨੂੰ ਵਧੀਆ ਤਰੀਕੇ ਨਾਲ ਕਿਵੇਂ ਸੁਲਝਾਇਆ ਜਾ ਸਕਦਾ ਹੈ। ਅਸੀਂ ਇਹ ਵੀ ਜਾਣਾਂਗੇ ਕਿ ਪੌਲੁਸ ਨੇ ਆਪਣੇ ਨਾਲ ਸਫ਼ਰ ʼਤੇ ਜਾਣ ਲਈ ਤਿਮੋਥਿਉਸ ਨੂੰ ਕਿਉਂ ਚੁਣਿਆ ਸੀ। ਨਾਲੇ ਇਹ ਸਿੱਖਾਂਗੇ ਕਿ ਅੱਜ ਸਰਕਟ ਓਵਰਸੀਅਰ ਮੰਡਲੀਆਂ ਵਿਚ ਕਿਹੜੀ ਅਹਿਮ ਜ਼ਿੰਮੇਵਾਰੀ ਨਿਭਾਉਂਦੇ ਹਨ।
‘ਚਲੋ ਹੁਣ ਆਪਾਂ ਵਾਪਸ ਜਾ ਕੇ ਭਰਾਵਾਂ ਦਾ ਹਾਲ-ਚਾਲ ਪਤਾ ਕਰੀਏ’ (ਰਸੂ. 15:36)
4. ਪੌਲੁਸ ਨੇ ਆਪਣੇ ਦੂਸਰੇ ਦੌਰੇ ਦੌਰਾਨ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਸੀ?
4 ਪਿਛਲੇ ਅਧਿਆਇ ਵਿਚ ਅਸੀਂ ਦੇਖਿਆ ਸੀ ਕਿ ਪੌਲੁਸ, ਬਰਨਾਬਾਸ, ਯਹੂਦਾ ਅਤੇ ਸੀਲਾਸ ਨੇ ਸੁੰਨਤ ਬਾਰੇ ਪ੍ਰਬੰਧਕ ਸਭਾ ਦਾ ਫ਼ੈਸਲਾ ਸੁਣਾਉਂਦੇ ਵੇਲੇ ਅੰਤਾਕੀਆ ਦੀ ਮੰਡਲੀ ਦਾ ਹੌਸਲਾ ਵਧਾਇਆ ਸੀ। ਪੌਲੁਸ ਨੇ ਅੱਗੇ ਕੀ ਕੀਤਾ? ਉਸ ਨੇ ਬਰਨਾਬਾਸ ਨੂੰ ਆਪਣੇ ਨਵੇਂ ਸਫ਼ਰ ਦੀ ਯੋਜਨਾ ਬਾਰੇ ਦੱਸਿਆ: “ਚਲੋ ਹੁਣ ਆਪਾਂ ਉਨ੍ਹਾਂ ਸਾਰੇ ਸ਼ਹਿਰਾਂ ਵਿਚ ਵਾਪਸ ਜਾ ਕੇ ਭਰਾਵਾਂ ਦਾ ਹਾਲ-ਚਾਲ ਪਤਾ ਕਰੀਏ ਜਿੱਥੇ ਅਸੀਂ ਯਹੋਵਾਹ ਦੇ ਬਚਨ ਦਾ ਪ੍ਰਚਾਰ ਕੀਤਾ ਸੀ।” (ਰਸੂ. 15:36) ਪੌਲੁਸ ਇਨ੍ਹਾਂ ਨਵੇਂ ਬਣੇ ਮਸੀਹੀਆਂ ਦਾ ਸਿਰਫ਼ ਹਾਲ-ਚਾਲ ਪੁੱਛਣ ਦਾ ਹੀ ਸੁਝਾਅ ਨਹੀਂ ਦੇ ਰਿਹਾ ਸੀ। ਰਸੂਲਾਂ ਦੇ ਕੰਮ ਦੀ ਕਿਤਾਬ ਪੜ੍ਹ ਕੇ ਪਤਾ ਲੱਗਦਾ ਹੈ ਕਿ ਪੌਲੁਸ ਇਸ ਦੂਸਰੇ ਮਿਸ਼ਨਰੀ ਦੌਰੇ ʼਤੇ ਕਿਉਂ ਜਾਣਾ ਚਾਹੁੰਦਾ ਸੀ। ਪਹਿਲੀ, ਉਸ ਨੇ ਹਰ ਮੰਡਲੀ ਵਿਚ ਪ੍ਰਬੰਧਕ ਸਭਾ ਦੇ ਫ਼ੈਸਲੇ ਸੁਣਾਉਣੇ ਸਨ। (ਰਸੂ. 16:4) ਦੂਸਰੀ, ਸਫ਼ਰੀ ਨਿਗਾਹਬਾਨ ਵਜੋਂ ਉਸ ਨੇ ਮੰਡਲੀਆਂ ਦਾ ਹੌਸਲਾ ਵਧਾਉਣਾ ਸੀ ਅਤੇ ਨਿਹਚਾ ਪੱਕੀ ਕਰਨ ਵਿਚ ਉਨ੍ਹਾਂ ਦੀ ਮਦਦ ਕਰਨੀ ਸੀ। (ਰੋਮੀ. 1:11, 12) ਅੱਜ ਯਹੋਵਾਹ ਦੇ ਗਵਾਹਾਂ ਦਾ ਸੰਗਠਨ ਰਸੂਲਾਂ ਦੀ ਰੀਸ ਕਿਵੇਂ ਕਰਦਾ ਹੈ?
5. ਅੱਜ ਪ੍ਰਬੰਧਕ ਸਭਾ ਮੰਡਲੀਆਂ ਨੂੰ ਸੇਧ ਅਤੇ ਹੌਸਲਾ ਕਿਵੇਂ ਦਿੰਦੀ ਹੈ?
5 ਅੱਜ ਯਿਸੂ ਮੰਡਲੀਆਂ ਨੂੰ ਸੇਧ ਦੇਣ ਲਈ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਨੂੰ ਵਰਤਦਾ ਹੈ। ਪਵਿੱਤਰ ਸ਼ਕਤੀ ਨਾਲ ਚੁਣੇ ਹੋਏ ਇਹ ਵਫ਼ਾਦਾਰ ਭਰਾ ਚਿੱਠੀਆਂ, ਪ੍ਰਕਾਸ਼ਨਾਂ, ਸਭਾਵਾਂ ਅਤੇ ਹੋਰ ਤਰੀਕਿਆਂ ਨਾਲ ਦੁਨੀਆਂ ਭਰ ਦੀਆਂ ਮੰਡਲੀਆਂ ਨੂੰ ਸੇਧ ਅਤੇ ਹੌਸਲਾ ਦਿੰਦੇ ਹਨ। ਪ੍ਰਬੰਧਕ ਸਭਾ ਹਰ ਮੰਡਲੀ ਦੇ ਸੰਪਰਕ ਵਿਚ ਰਹਿਣ ਦੀ ਵੀ ਕੋਸ਼ਿਸ਼ ਕਰਦੀ ਹੈ। ਉਹ ਸਰਕਟ ਓਵਰਸੀਅਰਾਂ ਦੇ ਜ਼ਰੀਏ ਇਸ ਤਰ੍ਹਾਂ ਕਰਦੀ ਹੈ। ਪ੍ਰਬੰਧਕ ਸਭਾ ਨੇ ਦੁਨੀਆਂ ਭਰ ਵਿਚ ਹਜ਼ਾਰਾਂ ਹੀ ਕਾਬਲ ਬਜ਼ੁਰਗਾਂ ਨੂੰ ਸਰਕਟ ਓਵਰਸੀਅਰਾਂ ਵਜੋਂ ਸੇਵਾ ਕਰਨ ਲਈ ਨਿਯੁਕਤ ਕੀਤਾ ਹੈ।
6, 7. ਸਰਕਟ ਓਵਰਸੀਅਰਾਂ ਦੀਆਂ ਕਿਹੜੀਆਂ ਕੁਝ ਜ਼ਿੰਮੇਵਾਰੀਆਂ ਹਨ?
6 ਅੱਜ ਸਰਕਟ ਓਵਰਸੀਅਰ ਮੰਡਲੀਆਂ ਦੇ ਸਾਰੇ ਭੈਣਾਂ-ਭਰਾਵਾਂ ਵਿਚ ਦਿਲਚਸਪੀ ਲੈਂਦੇ ਹਨ ਅਤੇ ਉਨ੍ਹਾਂ ਨੂੰ ਹੌਸਲਾ ਦਿੰਦੇ ਹਨ। ਕਿਵੇਂ? ਉਹ ਪੌਲੁਸ ਤੇ ਪਹਿਲੀ ਸਦੀ ਦੇ ਹੋਰ ਮਸੀਹੀਆਂ ਦੀ ਮਿਸਾਲ ਉੱਤੇ ਚੱਲਦੇ ਹਨ। ਪੌਲੁਸ ਨੇ ਨਿਗਾਹਬਾਨ ਤਿਮੋਥਿਉਸ ਨੂੰ ਤਾਕੀਦ ਕੀਤੀ ਸੀ: “ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰ; ਤੂੰ ਚੰਗੇ ਅਤੇ ਬੁਰੇ ਹਾਲਾਤਾਂ ਵਿਚ ਜੋਸ਼ ਨਾਲ ਇਹ ਕੰਮ ਕਰ। ਪੂਰੇ ਧੀਰਜ ਨਾਲ ਅਤੇ ਸਿਖਾਉਣ ਦੀ ਕਲਾ ਵਰਤ ਕੇ ਤਾੜਨਾ ਦੇ, ਸਖ਼ਤੀ ਨਾਲ ਸਮਝਾ ਅਤੇ ਹੱਲਾਸ਼ੇਰੀ ਦੇ . . . ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ।”—2 ਤਿਮੋ. 4:2, 5.
7 ਇਨ੍ਹਾਂ ਸ਼ਬਦਾਂ ਮੁਤਾਬਕ ਚੱਲਦੇ ਹੋਏ ਸਰਕਟ ਓਵਰਸੀਅਰ (ਜੇ ਵਿਆਹੇ ਹੋਏ ਹਨ, ਤਾਂ ਆਪਣੀਆਂ ਪਤਨੀਆਂ ਨਾਲ) ਮੰਡਲੀ ਦੇ ਪ੍ਰਚਾਰਕਾਂ ਨਾਲ ਵੱਖੋ-ਵੱਖਰੇ ਤਰੀਕਿਆਂ ਨਾਲ ਪ੍ਰਚਾਰ ਕਰਦੇ ਹਨ। ਸਰਕਟ ਓਵਰਸੀਅਰ ਜੋਸ਼ੀਲੇ ਪ੍ਰਚਾਰਕ ਅਤੇ ਕੁਸ਼ਲ ਸਿੱਖਿਅਕ ਹੁੰਦੇ ਹਨ ਜਿਸ ਕਰਕੇ ਭੈਣਾਂ-ਭਰਾਵਾਂ ਉੱਤੇ ਉਨ੍ਹਾਂ ਦਾ ਚੰਗਾ ਅਸਰ ਪੈਂਦਾ ਹੈ। (ਰੋਮੀ. 12:11; 2 ਤਿਮੋ. 2:15) ਇਹ ਭਰਾ ਆਪਣੇ ਨਿਰਸੁਆਰਥ ਪਿਆਰ ਲਈ ਜਾਣੇ ਜਾਂਦੇ ਹਨ। ਉਹ ਖ਼ੁਸ਼ੀ-ਖ਼ੁਸ਼ੀ ਦੂਜਿਆਂ ਦੀ ਮਦਦ ਕਰਦੇ ਹਨ ਅਤੇ ਖ਼ਰਾਬ ਮੌਸਮ ਦੌਰਾਨ ਅਤੇ ਖ਼ਤਰਨਾਕ ਇਲਾਕਿਆਂ ਵਿਚ ਸਫ਼ਰ ਕਰਦੇ ਹਨ। (ਫ਼ਿਲਿ. 2:3, 4) ਸਰਕਟ ਓਵਰਸੀਅਰ ਹਰ ਮੰਡਲੀ ਵਿਚ ਆਪਣੇ ਬਾਈਬਲ-ਆਧਾਰਿਤ ਭਾਸ਼ਣਾਂ ਨਾਲ ਭੈਣਾਂ-ਭਰਾਵਾਂ ਨੂੰ ਹੌਸਲਾ, ਸਿੱਖਿਆ ਅਤੇ ਸਲਾਹ ਵੀ ਦਿੰਦੇ ਹਨ। ਮੰਡਲੀ ਦੇ ਸਾਰੇ ਭੈਣਾਂ-ਭਰਾਵਾਂ ਨੂੰ ਫ਼ਾਇਦਾ ਹੁੰਦਾ ਹੈ ਜਦੋਂ ਉਹ ਸਰਕਟ ਓਵਰਸੀਅਰਾਂ ਦੀ ਚੰਗੀ ਮਿਸਾਲ ਉੱਤੇ ਗੌਰ ਕਰਦੇ ਹਨ ਅਤੇ ਉਨ੍ਹਾਂ ਦੀ ਨਿਹਚਾ ਦੀ ਰੀਸ ਕਰਦੇ ਹਨ।—ਇਬ. 13:7.
“ਬਹੁਤ ਝਗੜਾ ਹੋਇਆ” (ਰਸੂ. 15:37-41)
8. ਪੌਲੁਸ ਦੇ ਸੁਝਾਅ ਦਾ ਬਰਨਾਬਾਸ ਨੇ ਕੀ ਹੁੰਗਾਰਾ ਭਰਿਆ?
8 “ਭਰਾਵਾਂ ਦਾ ਹਾਲ-ਚਾਲ” ਪੁੱਛਣ ਬਾਰੇ ਪੌਲੁਸ ਦਾ ਸੁਝਾਅ ਬਰਨਾਬਾਸ ਨੂੰ ਚੰਗਾ ਲੱਗਾ। (ਰਸੂ. 15:36) ਇਨ੍ਹਾਂ ਦੋਵਾਂ ਭਰਾਵਾਂ ਨੇ ਪਹਿਲੇ ਮਿਸ਼ਨਰੀ ਦੌਰੇ ਦੌਰਾਨ ਇਕ-ਦੂਜੇ ਦਾ ਚੰਗਾ ਸਾਥ ਦਿੱਤਾ ਸੀ ਅਤੇ ਦੋਵੇਂ ਉਨ੍ਹਾਂ ਲੋਕਾਂ ਅਤੇ ਇਲਾਕਿਆਂ ਤੋਂ ਵਾਕਫ਼ ਸਨ ਜਿੱਥੇ ਉਨ੍ਹਾਂ ਨੇ ਜਾਣਾ ਸੀ। (ਰਸੂ. 13:2–14:28) ਇਸ ਦੌਰੇ ʼਤੇ ਇਕੱਠੇ ਜਾਣ ਦਾ ਵਿਚਾਰ ਦੋਵਾਂ ਨੂੰ ਅਕਲਮੰਦੀ ਦੀ ਗੱਲ ਲੱਗੀ। ਪਰ ਇਕ ਸਮੱਸਿਆ ਖੜ੍ਹੀ ਹੋ ਗਈ। ਰਸੂਲਾਂ ਦੇ ਕੰਮ 15:37 ਵਿਚ ਦੱਸਿਆ ਹੈ: “ਬਰਨਾਬਾਸ ਨੇ ਯੂਹੰਨਾ, ਜੋ ਮਰਕੁਸ ਕਹਾਉਂਦਾ ਹੈ, ਨੂੰ ਆਪਣੇ ਨਾਲ ਲਿਜਾਣ ਦਾ ਮਨ ਬਣਾਇਆ ਹੋਇਆ ਸੀ।” ਧਿਆਨ ਦਿਓ ਕਿ ਬਰਨਾਬਾਸ ਆਪਣੇ ਰਿਸ਼ਤੇਦਾਰ ਮਰਕੁਸ ਨੂੰ ਨਾਲ ਲਿਜਾਣ ਦਾ ਸਿਰਫ਼ ਸੁਝਾਅ ਹੀ ਨਹੀਂ ਦੇ ਰਿਹਾ ਸੀ, ਸਗੋਂ ਉਸ ਨੇ ਮਰਕੁਸ ਨੂੰ ਨਾਲ ਲਿਜਾਣ ਦਾ “ਮਨ ਬਣਾਇਆ ਹੋਇਆ ਸੀ।”
9. ਪੌਲੁਸ ਬਰਨਾਬਾਸ ਨਾਲ ਸਹਿਮਤ ਕਿਉਂ ਨਹੀਂ ਹੋਇਆ ਸੀ?
9 ਪੌਲੁਸ ਬਰਨਾਬਾਸ ਨਾਲ ਸਹਿਮਤ ਨਹੀਂ ਹੋਇਆ। ਕਿਉਂ? ਬਾਈਬਲ ਦੱਸਦੀ ਹੈ: “ਪੌਲੁਸ [ਮਰਕੁਸ] ਨੂੰ ਆਪਣੇ ਨਾਲ ਨਹੀਂ ਲਿਜਾਣਾ ਚਾਹੁੰਦਾ ਸੀ ਕਿਉਂਕਿ ਉਹ ਪਮਫੀਲੀਆ ਵਿਚ ਉਨ੍ਹਾਂ ਨੂੰ ਛੱਡ ਕੇ ਵਾਪਸ ਆ ਗਿਆ ਸੀ ਅਤੇ ਪ੍ਰਚਾਰ ਦਾ ਕੰਮ ਕਰਨ ਲਈ ਉਨ੍ਹਾਂ ਦੇ ਨਾਲ ਨਹੀਂ ਗਿਆ ਸੀ।” (ਰਸੂ. 15:38) ਮਰਕੁਸ ਪੌਲੁਸ ਅਤੇ ਬਰਨਾਬਾਸ ਦੇ ਪਹਿਲੇ ਮਿਸ਼ਨਰੀ ਦੌਰੇ ʼਤੇ ਉਨ੍ਹਾਂ ਦੇ ਨਾਲ ਗਿਆ ਸੀ, ਪਰ ਉਸ ਨੇ ਅੱਧ-ਵਿਚਾਲੇ ਦੌਰਾ ਛੱਡ ਦਿੱਤਾ ਸੀ। (ਰਸੂ. 12:25; 13:13) ਦੌਰਾ ਸ਼ੁਰੂ ਕਰਨ ਤੋਂ ਕੁਝ ਸਮੇਂ ਬਾਅਦ ਹੀ ਮਰਕੁਸ ਆਪਣੀ ਜ਼ਿੰਮੇਵਾਰੀ ਛੱਡ ਕੇ ਪਮਫੀਲੀਆ ਤੋਂ ਵਾਪਸ ਯਰੂਸ਼ਲਮ ਆ ਗਿਆ ਸੀ। ਬਾਈਬਲ ਵਿਚ ਉਸ ਦੇ ਵਾਪਸ ਆਉਣ ਦਾ ਕਾਰਨ ਨਹੀਂ ਦੱਸਿਆ ਗਿਆ ਹੈ, ਪਰ ਪੌਲੁਸ ਰਸੂਲ ਨੇ ਇਸ ਕਾਰਨ ਉਸ ਨੂੰ ਗ਼ੈਰ-ਜ਼ਿੰਮੇਵਾਰ ਸਮਝਿਆ। ਪੌਲੁਸ ਨੇ ਸੋਚਿਆ ਹੋਣਾ ਕਿ ਮਰਕੁਸ ʼਤੇ ਭਰੋਸਾ ਨਹੀਂ ਕੀਤਾ ਜਾ ਸਕਦਾ।
10. ਪੌਲੁਸ ਅਤੇ ਬਰਨਾਬਾਸ ਵਿਚ ਕਿਹੜੀ ਗੱਲੋਂ ਝਗੜਾ ਹੋਇਆ ਸੀ ਅਤੇ ਇਸ ਦਾ ਕੀ ਨਤੀਜਾ ਨਿਕਲਿਆ?
10 ਬਰਨਾਬਾਸ ਮਰਕੁਸ ਨੂੰ ਲਿਜਾਣ ਤੇ ਅੜਿਆ ਹੋਇਆ ਸੀ ਅਤੇ ਪੌਲੁਸ ਨਾ ਲਿਜਾਣ ਤੇ। ਰਸੂਲਾਂ ਦੇ ਕੰਮ 15:39 ਵਿਚ ਦੱਸਿਆ ਹੈ: “ਇਸ ਗੱਲ ʼਤੇ ਉਨ੍ਹਾਂ ਦੋਹਾਂ ਵਿਚ ਬਹੁਤ ਝਗੜਾ ਹੋਇਆ ਅਤੇ ਉਹ ਇਕ-ਦੂਜੇ ਤੋਂ ਵੱਖ ਹੋ ਗਏ।” ਬਰਨਾਬਾਸ ਨੇ ਮਰਕੁਸ ਨੂੰ ਆਪਣੇ ਨਾਲ ਲਿਆ ਅਤੇ ਸਮੁੰਦਰੀ ਜਹਾਜ਼ ਰਾਹੀਂ ਸਾਈਪ੍ਰਸ ਨੂੰ ਚਲਾ ਗਿਆ। ਪੌਲੁਸ ਆਪਣੀਆਂ ਯੋਜਨਾਵਾਂ ਮੁਤਾਬਕ ਸਫ਼ਰ ʼਤੇ ਤੁਰ ਪਿਆ। ਅਸੀਂ ਬਾਈਬਲ ਵਿਚ ਪੜ੍ਹਦੇ ਹਾਂ: “ਭਰਾਵਾਂ ਨੇ ਪੌਲੁਸ ਨੂੰ ਯਹੋਵਾਹ ਦੇ ਸਹਾਰੇ ਛੱਡ ਦਿੱਤਾ ਕਿ ਉਹ ਉਸ ਉੱਤੇ ਆਪਣੀ ਅਪਾਰ ਕਿਰਪਾ ਕਰੇ। ਇਸ ਤੋਂ ਬਾਅਦ ਪੌਲੁਸ ਨੇ ਸੀਲਾਸ ਨੂੰ ਚੁਣਿਆ। ਉਹ ਸੀਰੀਆ ਅਤੇ ਕਿਲਿਕੀਆ ਵਿੱਚੋਂ ਜਾਂਦਾ ਹੋਇਆ ਮੰਡਲੀਆਂ ਦਾ ਹੌਸਲਾ ਵਧਾਉਂਦਾ ਗਿਆ।”—ਰਸੂ. 15:40, 41.
11. ਕਿਸੇ ਝਗੜੇ ਕਰਕੇ ਰਿਸ਼ਤੇ ਵਿਚ ਆਈ ਦਰਾੜ ਨੂੰ ਭਰਨ ਲਈ ਮਸੀਹੀਆਂ ਵਿਚ ਕਿਹੜੇ ਗੁਣ ਹੋਣੇ ਜ਼ਰੂਰੀ ਹਨ?
11 ਇਹ ਪੜ੍ਹ ਕੇ ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਸਾਰੇ ਨਾਮੁਕੰਮਲ ਹਾਂ। ਪ੍ਰਬੰਧਕ ਸਭਾ ਨੇ ਪੌਲੁਸ ਅਤੇ ਬਰਨਾਬਾਸ ਨੂੰ ਇਕ ਖ਼ਾਸ ਕੰਮ ਲਈ ਘੱਲਿਆ ਸੀ। ਪੌਲੁਸ ਸ਼ਾਇਦ ਆਪ ਵੀ ਪ੍ਰਬੰਧਕ ਸਭਾ ਦਾ ਮੈਂਬਰ ਬਣ ਗਿਆ ਸੀ। ਫਿਰ ਵੀ ਨਾਮੁਕੰਮਲ ਹੋਣ ਕਰਕੇ ਇਸ ਮਾਮਲੇ ਵਿਚ ਪੌਲੁਸ ਅਤੇ ਬਰਨਾਬਾਸ ਆਪੇ ਤੋਂ ਬਾਹਰ ਹੋ ਗਏ। ਕੀ ਉਨ੍ਹਾਂ ਨੇ ਆਪਣੇ ਵਿਚ ਹਮੇਸ਼ਾ ਲਈ ਪਾੜ ਪਿਆ ਰਹਿਣ ਦਿੱਤਾ? ਭਾਵੇਂ ਕਿ ਪੌਲੁਸ ਅਤੇ ਬਰਨਾਬਾਸ ਨਾਮੁਕੰਮਲ ਸਨ, ਫਿਰ ਵੀ ਉਹ ਨਿਮਰ ਸਨ ਅਤੇ ਮਸੀਹ ਵਾਂਗ ਸੋਚਦੇ ਸਨ। ਇਸ ਲਈ ਸਮੇਂ ਦੇ ਬੀਤਣ ਨਾਲ ਉਨ੍ਹਾਂ ਨੇ ਮਸੀਹੀ ਭਰਾ ਹੋਣ ਦੇ ਨਾਤੇ ਇਕ-ਦੂਜੇ ਨੂੰ ਮਾਫ਼ ਕਰ ਦਿੱਤਾ। (ਅਫ਼. 4:1-3) ਬਾਅਦ ਵਿਚ ਪੌਲੁਸ ਅਤੇ ਮਰਕੁਸ ਨੇ ਵੀ ਪਰਮੇਸ਼ੁਰ ਦੀ ਸੇਵਾ ਵਿਚ ਇਕੱਠਿਆਂ ਕੰਮ ਕੀਤਾ।a—ਕੁਲੁ. 4:10.
12. ਅੱਜ ਪੌਲੁਸ ਅਤੇ ਬਰਨਾਬਾਸ ਦੀ ਰੀਸ ਕਰਦੇ ਹੋਏ ਨਿਗਾਹਬਾਨਾਂ ਨੂੰ ਕਿਹੜੇ ਗੁਣ ਦਿਖਾਉਣੇ ਚਾਹੀਦੇ ਹਨ?
12 ਬਰਨਾਬਾਸ ਅਤੇ ਪੌਲੁਸ ਝਗੜਾਲੂ ਸੁਭਾਅ ਦੇ ਨਹੀਂ ਸਨ। ਬਰਨਾਬਾਸ ਜ਼ਬਾਨ ਦਾ ਮਿੱਠਾ, ਦਰਿਆ-ਦਿਲ ਅਤੇ ਦੋਸਤਾਨਾ ਸੁਭਾਅ ਦਾ ਇਨਸਾਨ ਸੀ। ਇਸੇ ਕਰਕੇ ਉਸ ਨੂੰ ਉਸ ਦੇ ਅਸਲੀ ਨਾਂ ਯੂਸੁਫ਼ ਤੋਂ ਬੁਲਾਉਣ ਦੀ ਬਜਾਇ ਰਸੂਲਾਂ ਨੇ ਉਸ ਦਾ ਨਾਂ ਬਰਨਾਬਾਸ ਰੱਖਿਆ ਜਿਸ ਦਾ ਮਤਲਬ ਹੈ “ਦਿਲਾਸੇ ਦਾ ਪੁੱਤਰ।” (ਰਸੂ. 4:36) ਪੌਲੁਸ ਵੀ ਦੂਜਿਆਂ ਨਾਲ ਪਿਆਰ ਤੇ ਨਰਮਾਈ ਨਾਲ ਪੇਸ਼ ਆਉਂਦਾ ਸੀ। (1 ਥੱਸ. 2:7, 8) ਪੌਲੁਸ ਅਤੇ ਬਰਨਾਬਾਸ ਦੀ ਰੀਸ ਕਰਦੇ ਹੋਏ ਅੱਜ ਸਾਰੇ ਮਸੀਹੀ ਨਿਗਾਹਬਾਨਾਂ ਅਤੇ ਸਰਕਟ ਓਵਰਸੀਅਰਾਂ ਨੂੰ ਨਿਮਰ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਦੂਜੇ ਬਜ਼ੁਰਗਾਂ ਅਤੇ ਭੈਣਾਂ-ਭਰਾਵਾਂ ਨਾਲ ਨਰਮਾਈ ਨਾਲ ਪੇਸ਼ ਆਉਣਾ ਚਾਹੀਦਾ ਹੈ।—1 ਪਤ. 5:2, 3.
“ਉਸ ਦੀਆਂ ਬਹੁਤ ਸਿਫ਼ਤਾਂ ਕਰਦੇ ਸਨ” (ਰਸੂ. 16:1-3)
13, 14. (ੳ) ਤਿਮੋਥਿਉਸ ਕੌਣ ਸੀ ਅਤੇ ਪੌਲੁਸ ਸ਼ਾਇਦ ਉਸ ਨੂੰ ਕਦੋਂ ਮਿਲਿਆ ਸੀ? (ਅ) ਕਿਸ ਕਾਰਨ ਪੌਲੁਸ ਨੇ ਤਿਮੋਥਿਉਸ ਵਿਚ ਖ਼ਾਸ ਦਿਲਚਸਪੀ ਦਿਖਾਈ ਸੀ? (ੲ) ਤਿਮੋਥਿਉਸ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਗਈ ਸੀ?
13 ਦੂਸਰਾ ਦੌਰਾ ਕਰਦਿਆਂ ਪੌਲੁਸ ਰੋਮੀ ਸੂਬੇ ਗਲਾਤੀਆ ਵਿਚ ਗਿਆ ਜਿੱਥੇ ਕੁਝ ਮੰਡਲੀਆਂ ਸਥਾਪਿਤ ਹੋ ਚੁੱਕੀਆਂ ਸਨ। ਸਫ਼ਰ ਕਰਦਿਆਂ ਉਹ “ਦਰਬੇ ਅਤੇ ਫਿਰ ਲੁਸਤ੍ਰਾ ਆਇਆ।” ਬਾਈਬਲ ਦੱਸਦੀ ਹੈ: “ਉੱਥੇ ਤਿਮੋਥਿਉਸ ਨਾਂ ਦਾ ਇਕ ਚੇਲਾ ਸੀ ਜਿਹੜਾ ਨਿਹਚਾ ਕਰਨ ਵਾਲੀ ਯਹੂਦਣ ਦਾ ਪੁੱਤਰ ਸੀ, ਪਰ ਉਸ ਦਾ ਪਿਤਾ ਯੂਨਾਨੀ ਸੀ।”—ਰਸੂ. 16:1.b
14 ਪੌਲੁਸ ਸ਼ਾਇਦ 47 ਈਸਵੀ ਵਿਚ ਤਿਮੋਥਿਉਸ ਦੇ ਪਰਿਵਾਰ ਨੂੰ ਮਿਲਿਆ ਸੀ ਜਦੋਂ ਉਹ ਪਹਿਲੀ ਵਾਰ ਲੁਸਤ੍ਰਾ ਗਿਆ ਸੀ। ਦੋ-ਤਿੰਨ ਸਾਲਾਂ ਬਾਅਦ ਆਪਣੇ ਦੂਜੇ ਮਿਸ਼ਨਰੀ ਦੌਰੇ ਦੌਰਾਨ ਪੌਲੁਸ ਨੇ ਤਿਮੋਥਿਉਸ ਵਿਚ ਖ਼ਾਸ ਦਿਲਚਸਪੀ ਦਿਖਾਈ। ਕਿਉਂ? ਕਿਉਂਕਿ ਮੰਡਲੀ ਦੇ ਭਰਾ ਤਿਮੋਥਿਉਸ ਦੀਆਂ “ਬਹੁਤ ਸਿਫ਼ਤਾਂ ਕਰਦੇ ਸਨ।” ਤਿਮੋਥਿਉਸ ਨੂੰ ਨਾ ਸਿਰਫ਼ ਉਸ ਦੇ ਸ਼ਹਿਰ ਦੇ ਭਰਾ ਪਸੰਦ ਕਰਦੇ ਸਨ, ਸਗੋਂ ਦੂਸਰੀਆਂ ਥਾਵਾਂ ਦੇ ਭਰਾਵਾਂ ਵਿਚ ਵੀ ਉਸ ਦੀ ਨੇਕਨਾਮੀ ਸੀ। ਬਾਈਬਲ ਦੱਸਦੀ ਹੈ ਕਿ ਲੁਸਤ੍ਰਾ ਅਤੇ ਇਸ ਤੋਂ ਲਗਭਗ 30 ਕਿਲੋਮੀਟਰ (ਲਗਭਗ 20 ਮੀਲ) ਦੂਰ ਇਕੁਨਿਉਮ ਦੇ ਭਰਾ ਵੀ ਉਸ ਬਾਰੇ ਚੰਗੀਆਂ ਗੱਲਾਂ ਕਹਿ ਰਹੇ ਸਨ। (ਰਸੂ. 16:2) ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਬਜ਼ੁਰਗਾਂ ਨੇ ਨੌਜਵਾਨ ਤਿਮੋਥਿਉਸ ਨੂੰ ਇਹ ਭਾਰੀ ਜ਼ਿੰਮੇਵਾਰੀ ਦਿੱਤੀ ਕਿ ਉਹ ਸਫ਼ਰ ਦੌਰਾਨ ਪੌਲੁਸ ਅਤੇ ਸੀਲਾਸ ਦੀ ਮਦਦ ਕਰੇ।—ਰਸੂ. 16:3.
15, 16. ਤਿਮੋਥਿਉਸ ਦੀ ਇੰਨੀ ਨੇਕਨਾਮੀ ਕਿਉਂ ਸੀ?
15 ਇੰਨੀ ਛੋਟੀ ਉਮਰੇ ਤਿਮੋਥਿਉਸ ਨੇ ਨੇਕਨਾਮੀ ਕਿਵੇਂ ਖੱਟੀ ਸੀ? ਕੀ ਇਸ ਕਰਕੇ ਕਿ ਉਹ ਹੁਸ਼ਿਆਰ ਸੀ ਜਾਂ ਦੇਖਣ ਨੂੰ ਸੋਹਣਾ-ਸੁਨੱਖਾ ਸੀ ਜਾਂ ਉਸ ਵਿਚ ਕੁਦਰਤੀ ਕਾਬਲੀਅਤਾਂ ਸਨ? ਇਨਸਾਨ ਅਕਸਰ ਇਨ੍ਹਾਂ ਖੂਬੀਆਂ ਦੇ ਕਾਇਲ ਹੋ ਜਾਂਦੇ ਹਨ। ਇਕ ਵਾਰ ਨਬੀ ਸਮੂਏਲ ਵੀ ਕਿਸੇ ਦੀ ਸ਼ਕਲ-ਸੂਰਤ ਤੇ ਕੱਦ-ਕਾਠ ਦੇਖ ਕੇ ਪ੍ਰਭਾਵਿਤ ਹੋਇਆ ਸੀ। ਪਰ ਯਹੋਵਾਹ ਨੇ ਉਸ ਨੂੰ ਚੇਤੇ ਕਰਾਇਆ: “ਜਿਸ ਤਰ੍ਹਾਂ ਇਨਸਾਨ ਦੇਖਦਾ ਹੈ, ਪਰਮੇਸ਼ੁਰ ਉਸ ਤਰ੍ਹਾਂ ਨਹੀਂ ਦੇਖਦਾ ਕਿਉਂਕਿ ਇਨਸਾਨ ਸਿਰਫ਼ ਬਾਹਰਲਾ ਰੂਪ ਦੇਖਦਾ ਹੈ, ਪਰ ਯਹੋਵਾਹ ਦਿਲ ਦੇਖਦਾ ਹੈ।” (1 ਸਮੂ. 16:7) ਤਿਮੋਥਿਉਸ ਨੇ ਕੁਦਰਤੀ ਕਾਬਲੀਅਤਾਂ ਕਰਕੇ ਨਹੀਂ, ਸਗੋਂ ਆਪਣੇ ਮਸੀਹੀ ਗੁਣਾਂ ਕਰਕੇ ਆਪਣੇ ਭੈਣਾਂ-ਭਰਾਵਾਂ ਵਿਚ ਚੰਗਾ ਨਾਂ ਕਮਾਇਆ ਸੀ।
16 ਸਾਲਾਂ ਬਾਅਦ ਪੌਲੁਸ ਰਸੂਲ ਨੇ ਤਿਮੋਥਿਉਸ ਦੇ ਕੁਝ ਮਸੀਹੀ ਗੁਣਾਂ ਦਾ ਜ਼ਿਕਰ ਕੀਤਾ ਸੀ। ਪੌਲੁਸ ਨੇ ਤਿਮੋਥਿਉਸ ਦੇ ਚੰਗੇ ਸੁਭਾਅ ਤੇ ਨਿਰਸੁਆਰਥ ਪਿਆਰ ਦੀ ਗੱਲ ਕਰਦੇ ਹੋਏ ਦੱਸਿਆ ਕਿ ਉਹ ਜ਼ਿੰਮੇਵਾਰੀਆਂ ਨਿਭਾਉਣ ਵਿਚ ਸਖ਼ਤ ਮਿਹਨਤ ਕਰਦਾ ਸੀ। (ਫ਼ਿਲਿ. 2:20-22) ਤਿਮੋਥਿਉਸ ਦੀ ਨਿਹਚਾ “ਸੱਚੀ” ਸੀ।—2 ਤਿਮੋ. 1:5.
17. ਨੌਜਵਾਨ ਅੱਜ ਤਿਮੋਥਿਉਸ ਦੀ ਨਕਲ ਕਿਵੇਂ ਕਰ ਸਕਦੇ ਹਨ?
17 ਅੱਜ ਤਿਮੋਥਿਉਸ ਦੀ ਨਕਲ ਕਰਦੇ ਹੋਏ ਕਈ ਨੌਜਵਾਨ ਆਪਣੇ ਅੰਦਰ ਮਸੀਹੀ ਗੁਣ ਪੈਦਾ ਕਰਦੇ ਹਨ ਅਤੇ ਪਰਮੇਸ਼ੁਰ ਤੇ ਇਨਸਾਨਾਂ ਦੀਆਂ ਨਜ਼ਰਾਂ ਵਿਚ ਨੇਕਨਾਮੀ ਖੱਟਦੇ ਹਨ। ਕਈ ਤਾਂ ਛੋਟੀ ਉਮਰ ਤੋਂ ਹੀ ਇਸ ਤਰ੍ਹਾਂ ਕਰਦੇ ਹਨ। (ਕਹਾ. 22:1; 1 ਤਿਮੋ. 4:15) ਉਨ੍ਹਾਂ ਦੀ ਨਿਹਚਾ ਵਿਚ ਕੋਈ ਕਪਟ ਨਹੀਂ ਹੁੰਦਾ ਅਤੇ ਉਹ ਦੋਗਲੀ ਜ਼ਿੰਦਗੀ ਨਹੀਂ ਜੀਉਂਦੇ। (ਜ਼ਬੂ. 26:4) ਇਸ ਦੇ ਨਤੀਜੇ ਵਜੋਂ ਤਿਮੋਥਿਉਸ ਵਾਂਗ ਕਈ ਨੌਜਵਾਨ ਮੰਡਲੀ ਵਿਚ ਵਧੀਆ ਕੰਮ ਕਰਦੇ ਹਨ। ਯਹੋਵਾਹ ਨੂੰ ਪਿਆਰ ਕਰਨ ਵਾਲੇ ਭੈਣਾਂ-ਭਰਾਵਾਂ ਨੂੰ ਬਹੁਤ ਉਤਸ਼ਾਹ ਮਿਲਦਾ ਹੈ ਜਦੋਂ ਇਹ ਨੌਜਵਾਨ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਬਣਦੇ ਅਤੇ ਸਮਾਂ ਆਉਣ ਤੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਂਦੇ ਹਨ।
“ਨਿਹਚਾ ਪੱਕੀ ਹੁੰਦੀ ਗਈ” (ਰਸੂ. 16:4, 5)
18. (ੳ) ਸਫ਼ਰੀ ਨਿਗਾਹਬਾਨਾਂ ਵਜੋਂ ਪੌਲੁਸ ਅਤੇ ਤਿਮੋਥਿਉਸ ਨੂੰ ਕਿਹੜੇ ਸਨਮਾਨ ਮਿਲੇ ਸਨ? (ਅ) ਮੰਡਲੀਆਂ ਨੂੰ ਕੀ ਫ਼ਾਇਦਾ ਹੋਇਆ?
18 ਪੌਲੁਸ ਅਤੇ ਤਿਮੋਥਿਉਸ ਕਈ ਸਾਲਾਂ ਤਾਈਂ ਇਕੱਠੇ ਕੰਮ ਕਰਦੇ ਰਹੇ। ਪ੍ਰਬੰਧਕ ਸਭਾ ਨੇ ਇਨ੍ਹਾਂ ਸਫ਼ਰੀ ਨਿਗਾਹਬਾਨਾਂ ਨੂੰ ਕਈ ਵੱਖੋ-ਵੱਖਰੇ ਕੰਮ ਕਰਨ ਲਈ ਘੱਲਿਆ। ਬਾਈਬਲ ਵਿਚ ਦੱਸਿਆ ਹੈ: “ਉਹ ਸ਼ਹਿਰ-ਸ਼ਹਿਰ ਜਾ ਕੇ ਭਰਾਵਾਂ ਨੂੰ ਯਰੂਸ਼ਲਮ ਦੇ ਰਸੂਲਾਂ ਅਤੇ ਬਜ਼ੁਰਗਾਂ ਦੇ ਫ਼ੈਸਲੇ ਸੁਣਾਉਂਦੇ ਸਨ ਜਿਨ੍ਹਾਂ ʼਤੇ ਚੱਲਣਾ ਉਨ੍ਹਾਂ ਲਈ ਜ਼ਰੂਰੀ ਸੀ।” (ਰਸੂ. 16:4) ਮੰਡਲੀਆਂ ਨੇ ਯਰੂਸ਼ਲਮ ਵਿਚ ਰਸੂਲਾਂ ਅਤੇ ਬਜ਼ੁਰਗਾਂ ਤੋਂ ਮਿਲੀਆਂ ਹਿਦਾਇਤਾਂ ਨੂੰ ਸਵੀਕਾਰ ਕੀਤਾ। ਇਨ੍ਹਾਂ ਹਿਦਾਇਤਾਂ ਨੂੰ ਮੰਨਣ ਕਰਕੇ “ਮੰਡਲੀਆਂ ਦੀ ਨਿਹਚਾ ਪੱਕੀ ਹੁੰਦੀ ਗਈ ਅਤੇ ਇਨ੍ਹਾਂ ਵਿਚ ਭੈਣਾਂ-ਭਰਾਵਾਂ ਦੀ ਗਿਣਤੀ ਵੀ ਦਿਨ-ਬਦਿਨ ਵਧਦੀ ਗਈ।”—ਰਸੂ. 16:5.
19, 20. ਮਸੀਹੀਆਂ ਨੂੰ ‘ਅਗਵਾਈ ਕਰਨ ਵਾਲਿਆਂ’ ਦਾ ਕਹਿਣਾ ਕਿਉਂ ਮੰਨਣਾ ਚਾਹੀਦਾ ਹੈ?
19 ਅੱਜ ਵੀ ਯਹੋਵਾਹ ਦੇ ਗਵਾਹਾਂ ਨੂੰ ਫ਼ਾਇਦਾ ਹੁੰਦਾ ਹੈ ਜਦੋਂ ਉਹ ਅਧੀਨ ਹੋ ਕੇ ‘ਅਗਵਾਈ ਕਰਨ’ ਵਾਲਿਆਂ ਦਾ ਕਹਿਣਾ ਮੰਨਦੇ ਹਨ। (ਇਬ. 13:17) ਇਹ ਦੁਨੀਆਂ ਬਦਲਦੀ ਜਾ ਰਹੀ ਹੈ, ਇਸ ਲਈ ਮਸੀਹੀਆਂ ਲਈ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਵੱਲੋਂ ਦਿੱਤੀ ਜਾਂਦੀ ਸੇਧ ਅਤੇ ਹਿਦਾਇਤਾਂ ਮੁਤਾਬਕ ਚੱਲਣਾ ਜ਼ਰੂਰੀ ਹੈ। (ਮੱਤੀ 24:45; 1 ਕੁਰਿੰ. 7:29-31) ਇਸ ਤਰ੍ਹਾਂ ਅਸੀਂ ਸੱਚਾਈ ਦੇ ਰਾਹ ਤੋਂ ਨਹੀਂ ਭਟਕਾਂਗੇ ਅਤੇ ਦੁਨੀਆਂ ਦੀ ਗੰਦਗੀ ਤੋਂ ਸਾਫ਼ ਰਹਾਂਗੇ।—ਯਾਕੂ. 1:27.
20 ਇਹ ਸੱਚ ਹੈ ਕਿ ਪੌਲੁਸ, ਬਰਨਾਬਾਸ, ਮਰਕੁਸ ਅਤੇ ਪਹਿਲੀ ਸਦੀ ਦੇ ਹੋਰ ਚੁਣੇ ਹੋਏ ਬਜ਼ੁਰਗਾਂ ਵਾਂਗ ਅੱਜ ਪ੍ਰਬੰਧਕ ਸਭਾ ਦੇ ਮੈਂਬਰ ਅਤੇ ਹੋਰ ਮਸੀਹੀ ਨਿਗਾਹਬਾਨ ਨਾਮੁਕੰਮਲ ਹਨ। (ਰੋਮੀ. 5:12; ਯਾਕੂ. 3:2) ਪਰ ਪ੍ਰਬੰਧਕ ਸਭਾ ਖ਼ੁਦ ਪਰਮੇਸ਼ੁਰ ਦੇ ਬਚਨ ਦੀ ਸਖ਼ਤੀ ਨਾਲ ਪਾਲਣਾ ਕਰ ਕੇ ਅਤੇ ਰਸੂਲਾਂ ਦੀ ਮਿਸਾਲ ਉੱਤੇ ਚੱਲ ਕੇ ਆਪਣੇ ਆਪ ਨੂੰ ਭਰੋਸੇ ਦੇ ਲਾਇਕ ਸਾਬਤ ਕਰਦੀ ਹੈ। (2 ਤਿਮੋ. 1:13, 14) ਨਤੀਜੇ ਵਜੋਂ, ਮੰਡਲੀਆਂ ਦਾ ਹੌਸਲਾ ਵਧਦਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਨਿਹਚਾ ਪੱਕੀ ਹੁੰਦੀ ਜਾ ਰਹੀ ਹੈ।
a “ਮਰਕੁਸ ਨੂੰ ਕਈ ਜ਼ਿੰਮੇਵਾਰੀਆਂ ਮਿਲਦੀਆਂ ਹਨ” ਨਾਂ ਦੀ ਡੱਬੀ ਦੇਖੋ।
b “ਤਿਮੋਥਿਉਸ ‘ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ’ ਮਿਹਨਤ ਕਰਦਾ ਹੈ” ਨਾਂ ਦੀ ਡੱਬੀ ਦੇਖੋ।