ਅਧਿਐਨ ਲੇਖ 26
ਯਹੋਵਾਹ ਦੇ ਦਿਨ ਲਈ ਤਿਆਰ ਰਹੋ
“ਯਹੋਵਾਹ ਦਾ ਦਿਨ ਉਸੇ ਤਰ੍ਹਾਂ ਆਵੇਗਾ ਜਿਵੇਂ ਰਾਤ ਨੂੰ ਚੋਰ ਆਉਂਦਾ ਹੈ।”—1 ਥੱਸ. 5:2.
ਗੀਤ 143 ਯਹੋਵਾਹ ਦੇ ਦਿਨ ਦੀ ਉਡੀਕ ਕਰਦੇ ਰਹੋ
ਖ਼ਾਸ ਗੱਲਾਂa
1. ਯਹੋਵਾਹ ਦੇ ਦਿਨ ਵਿੱਚੋਂ ਬਚਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
ਬਾਈਬਲ ਵਿਚ ਜਦੋਂ “ਯਹੋਵਾਹ ਦੇ ਦਿਨ” ਦਾ ਜ਼ਿਕਰ ਆਉਂਦਾ ਹੈ, ਤਾਂ ਇਸ ਦਾ ਮਤਲਬ ਉਹ ਸਮਾਂ ਹੁੰਦਾ ਹੈ ਜਦੋਂ ਯਹੋਵਾਹ ਆਪਣੇ ਦੁਸ਼ਮਣਾਂ ਨੂੰ ਸਜ਼ਾ ਦਿੰਦਾ ਹੈ ਅਤੇ ਆਪਣੇ ਲੋਕਾਂ ਨੂੰ ਬਚਾਉਂਦਾ ਹੈ। ਪੁਰਾਣੇ ਸਮੇਂ ਵਿਚ ਯਹੋਵਾਹ ਨੇ ਕਈ ਵਾਰ ਕੁਝ ਕੌਮਾਂ ਨੂੰ ਸਜ਼ਾ ਦਿੱਤੀ। (ਯਸਾ. 13:1, 6; ਹਿਜ਼. 13:5; ਸਫ਼. 1:8) ਸਾਡੇ ਸਮੇਂ ਵਿਚ “ਯਹੋਵਾਹ ਦਾ ਦਿਨ” ਮਹਾਂ ਬਾਬਲ ʼਤੇ ਹੋਣ ਵਾਲੇ ਹਮਲੇ ਨਾਲ ਸ਼ੁਰੂ ਹੋਵੇਗਾ ਅਤੇ ਆਰਮਾਗੇਡਨ ਦੇ ਯੁੱਧ ਨਾਲ ਖ਼ਤਮ ਹੋਵੇਗਾ। ਇਸ “ਦਿਨ” ਵਿੱਚੋਂ ਬਚ ਨਿਕਲਣ ਲਈ ਸਾਨੂੰ ਹੁਣ ਤੋਂ ਹੀ ਤਿਆਰੀ ਕਰਨ ਦੀ ਲੋੜ ਹੈ। ਯਿਸੂ ਨੇ ਕਿਹਾ ਸੀ ਕਿ ਸਾਨੂੰ “ਮਹਾਂਕਸ਼ਟ” ਲਈ ਸਿਰਫ਼ ਤਿਆਰ ਹੀ ਨਹੀਂ ਹੋਣਾ ਚਾਹੀਦਾ, ਸਗੋਂ ‘ਹਮੇਸ਼ਾ ਤਿਆਰ ਰਹਿਣਾ’ ਚਾਹੀਦਾ ਹੈ।—ਮੱਤੀ 24:21; ਲੂਕਾ 12:40.
2. ਪਹਿਲਾ ਥੱਸਲੁਨੀਕੀਆਂ ਦੀ ਚਿੱਠੀ ਤੋਂ ਸਾਨੂੰ ਕਿਉਂ ਫ਼ਾਇਦਾ ਹੋ ਸਕਦਾ ਹੈ?
2 ਪੌਲੁਸ ਰਸੂਲ ਨੇ ਥੱਸਲੁਨੀਕੀਆਂ ਨੂੰ ਲਿਖੀ ਆਪਣੀ ਪਹਿਲੀ ਚਿੱਠੀ ਵਿਚ ਬਹੁਤ ਸਾਰੀਆਂ ਮਿਸਾਲਾਂ ਵਰਤੀਆਂ। ਇਨ੍ਹਾਂ ਕਰਕੇ ਉਸ ਸਮੇਂ ਦੇ ਮਸੀਹੀਆਂ ਦੀ ਯਹੋਵਾਹ ਦੇ ਮਹਾਨ ਦਿਨ ਲਈ ਤਿਆਰ ਰਹਿਣ ਵਿਚ ਮਦਦ ਹੋ ਸਕੀ। ਪੌਲੁਸ ਜਾਣਦਾ ਸੀ ਕਿ ਯਹੋਵਾਹ ਦਾ ਦਿਨ ਉਸੇ ਵੇਲੇ ਨਹੀਂ ਆਵੇਗਾ। (2 ਥੱਸ. 2:1-3) ਫਿਰ ਵੀ ਉਸ ਨੇ ਆਪਣੇ ਭੈਣਾਂ-ਭਰਾਵਾਂ ਨੂੰ ਗੁਜ਼ਾਰਸ਼ ਕੀਤੀ ਕਿ ਉਹ ਉਸ ਦਿਨ ਲਈ ਉੱਦਾਂ ਤਿਆਰ ਰਹਿਣ ਜਿੱਦਾਂ ਉਹ ਦਿਨ ਕੱਲ੍ਹ ਹੀ ਆਉਣ ਵਾਲਾ ਹੋਵੇ। ਅਸੀਂ ਵੀ ਉਸ ਦੀ ਇਹ ਸਲਾਹ ਲਾਗੂ ਕਰ ਸਕਦੇ ਹਾਂ। ਆਓ ਆਪਾਂ ਦੇਖੀਏ ਕਿ ਪੌਲੁਸ ਨੇ ਅੱਗੇ ਦੱਸੀਆਂ ਗੱਲਾਂ ਬਾਰੇ ਕੀ ਸਮਝਾਇਆ: (1) ਯਹੋਵਾਹ ਦਾ ਦਿਨ ਕਿਵੇਂ ਆਵੇਗਾ, (2) ਉਸ ਦਿਨ ਵਿੱਚੋਂ ਕੌਣ ਬਚਣਗੇ ਤੇ ਕੌਣ ਨਹੀਂ ਅਤੇ (3) ਅਸੀਂ ਉਸ ਦਿਨ ਲਈ ਤਿਆਰੀ ਕਿਵੇਂ ਕਰ ਸਕਦੇ ਹਾਂ।
ਯਹੋਵਾਹ ਦਾ ਦਿਨ ਕਿਵੇਂ ਆਵੇਗਾ?
3. ਯਹੋਵਾਹ ਦਾ ਦਿਨ ਰਾਤ ਨੂੰ ਚੋਰ ਵਾਂਗ ਕਿਵੇਂ ਆਵੇਗਾ? (ਤਸਵੀਰ ਵੀ ਦੇਖੋ।)
3 “ਜਿਵੇਂ ਰਾਤ ਨੂੰ ਚੋਰ ਆਉਂਦਾ ਹੈ।” (1 ਥੱਸ. 5:2) ਯਹੋਵਾਹ ਦੇ ਦਿਨ ਬਾਰੇ ਸਮਝਾਉਣ ਲਈ ਵਰਤੀਆਂ ਤਿੰਨ ਮਿਸਾਲਾਂ ਵਿੱਚੋਂ ਇਹ ਪਹਿਲੀ ਮਿਸਾਲ ਹੈ। ਚੋਰ ਅਕਸਰ ਰਾਤ ਦੇ ਘੁੱਪ ਹਨੇਰੇ ਵਿਚ ਆਉਂਦੇ ਹਨ ਜਦੋਂ ਲੋਕਾਂ ਨੂੰ ਚਿੱਤ-ਖ਼ਿਆਲ ਵੀ ਨਹੀਂ ਹੁੰਦਾ। ਯਹੋਵਾਹ ਦਾ ਦਿਨ ਵੀ ਬਿਲਕੁਲ ਇਸੇ ਤਰ੍ਹਾਂ ਆਵੇਗਾ। ਜ਼ਿਆਦਾਤਰ ਲੋਕ ਇਸ ਦਿਨ ਨੂੰ ਦੇਖ ਕੇ ਹੱਕੇ-ਬੱਕੇ ਰਹਿ ਜਾਣਗੇ। ਇੱਥੋਂ ਤਕ ਕਿ ਸ਼ਾਇਦ ਸੱਚੇ ਮਸੀਹੀ ਵੀ ਇਹ ਦੇਖ ਕੇ ਹੈਰਾਨ ਰਹਿ ਜਾਣ ਕਿ ਘਟਨਾਵਾਂ ਕਿੰਨੀ ਛੇਤੀ ਵਾਪਰ ਰਹੀਆਂ ਹਨ। ਪਰ ਉਸ ਦਿਨ ਸਿਰਫ਼ ਦੁਸ਼ਟਾਂ ਦਾ ਹੀ ਨਾਸ਼ ਹੋਵੇਗਾ ਅਤੇ ਯਹੋਵਾਹ ਦੇ ਲੋਕ ਬਚਾਏ ਜਾਣਗੇ।
4. ਯਹੋਵਾਹ ਦਾ ਦਿਨ ਜਣਨ-ਪੀੜਾਂ ਲੱਗਣ ਵਾਂਗ ਕਿਵੇਂ ਹੈ?
4 “ਜਿਵੇਂ ਗਰਭਵਤੀ ਤੀਵੀਂ ਨੂੰ ਅਚਾਨਕ ਜਣਨ-ਪੀੜਾਂ ਲੱਗਦੀਆਂ ਹਨ।” (1 ਥੱਸ. 5:3) ਇਕ ਗਰਭਵਤੀ ਔਰਤ ਇਹ ਤਾਂ ਨਹੀਂ ਦੱਸ ਸਕਦੀ ਕਿ ਕਦੋਂ ਉਸ ਨੂੰ ਜਣਨ-ਪੀੜਾਂ ਲੱਗਣਗੀਆਂ। ਪਰ ਉਸ ਨੂੰ ਪਤਾ ਹੁੰਦਾ ਹੈ ਕਿ ਇਹ ਪੀੜਾਂ ਜ਼ਰੂਰ ਲੱਗਣਗੀਆਂ। ਇਹ ਪੀੜਾਂ ਅਚਾਨਕ ਲੱਗਦੀਆਂ ਹਨ, ਇਹ ਬਹੁਤ ਦਰਦਨਾਕ ਹੁੰਦੀਆਂ ਹਨ ਅਤੇ ਇਨ੍ਹਾਂ ਨੂੰ ਰੋਕਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਅਸੀਂ ਨਹੀਂ ਜਾਣਦੇ ਕਿ ਯਹੋਵਾਹ ਦਾ ਦਿਨ ਕਦੋਂ ਅਤੇ ਕਿਸ ਘੜੀ ਸ਼ੁਰੂ ਹੋਵੇਗਾ। ਪਰ ਸਾਨੂੰ ਪੱਕਾ ਯਕੀਨ ਹੈ ਕਿ ਇਹ ਦਿਨ ਜ਼ਰੂਰ ਆਵੇਗਾ। ਇਸ ਦਿਨ ਪਰਮੇਸ਼ੁਰ ਅਚਾਨਕ ਦੁਸ਼ਟਾਂ ਨੂੰ ਸਜ਼ਾ ਦੇਵੇਗਾ ਅਤੇ ਉਹ ਇਸ ਤੋਂ ਬਚ ਨਹੀਂ ਸਕਣਗੇ।
5. ਮਹਾਂਕਸ਼ਟ ਸਵੇਰ ਦੇ ਚਾਨਣ ਵਾਂਗ ਕਿਵੇਂ ਹੈ?
5 ਸਵੇਰ ਦੇ ਚਾਨਣ ਵਾਂਗ। ਪੌਲੁਸ ਨੇ ਤੀਜੀ ਮਿਸਾਲ ਵਿਚ ਦੁਬਾਰਾ ਤੋਂ ਰਾਤ ਨੂੰ ਚੋਰੀ ਕਰਨ ਵਾਲੇ ਚੋਰਾਂ ਦਾ ਜ਼ਿਕਰ ਕੀਤਾ। ਪਰ ਇਸ ਵਾਰ ਪੌਲੁਸ ਨੇ ਯਹੋਵਾਹ ਦੇ ਦਿਨ ਦੀ ਤੁਲਨਾ ਸਵੇਰ ਦੇ ਚਾਨਣ ਨਾਲ ਕੀਤੀ। (1 ਥੱਸ. 5:4) ਰਾਤ ਨੂੰ ਚੋਰੀ ਕਰਨ ਵਾਲੇ ਚੋਰ ਚੋਰੀ ਕਰਨ ਵਿਚ ਇੰਨੇ ਮਸਤ ਹੁੰਦੇ ਹਨ ਕਿ ਉਨ੍ਹਾਂ ਨੂੰ ਸਮੇਂ ਦੇ ਬੀਤਣ ਦਾ ਪਤਾ ਹੀ ਨਹੀਂ ਲੱਗਦਾ। ਫਿਰ ਅਗਲੇ ਦਿਨ ਦਾ ਚਾਨਣ ਉਨ੍ਹਾਂ ʼਤੇ ਆ ਪੈਂਦਾ ਹੈ ਅਤੇ ਉਨ੍ਹਾਂ ਦਾ ਪਰਦਾਫ਼ਾਸ਼ ਹੋ ਜਾਂਦਾ ਹੈ। ਇਸੇ ਤਰ੍ਹਾਂ ਮਹਾਂਕਸ਼ਟ ਉਨ੍ਹਾਂ ਲੋਕਾਂ ਦਾ ਪਰਦਾਫ਼ਾਸ਼ ਕਰ ਦੇਵੇਗਾ ਜੋ ਚੋਰਾਂ ਵਾਂਗ ਉਹ ਕੰਮ ਕਰਨ ਵਿਚ ਮਸਤ ਰਹਿੰਦੇ ਹਨ ਜੋ ਪਰਮੇਸ਼ੁਰ ਨੂੰ ਬਿਲਕੁਲ ਪਸੰਦ ਨਹੀਂ ਹਨ। ਇਨ੍ਹਾਂ ਲੋਕਾਂ ਤੋਂ ਉਲਟ, ਅਸੀਂ ਇੱਦਾਂ ਦੇ ਹਰ ਕੰਮ ਤੋਂ ਦੂਰ ਰਹਿੰਦੇ ਹਾਂ ਜੋ ਯਹੋਵਾਹ ਨੂੰ ਪਸੰਦ ਨਹੀਂ ਹਨ। ਨਾਲੇ ਅਸੀਂ ‘ਹਰ ਤਰ੍ਹਾਂ ਦਾ ਭਲਾ ਕੰਮ ਕਰ ਕੇ, ਧਰਮੀ ਅਸੂਲਾਂ ਅਤੇ ਸੱਚਾਈ ਮੁਤਾਬਕ ਜ਼ਿੰਦਗੀ ਜੀ ਕੇ’ ਉਸ ਦਿਨ ਲਈ ਤਿਆਰ ਰਹਿੰਦੇ ਹਾਂ। (ਅਫ਼. 5:8-12) ਅਗਲੀਆਂ ਦੋ ਮਿਸਾਲਾਂ ਵਰਤ ਕੇ ਪੌਲੁਸ ਨੇ ਸਮਝਾਇਆ ਕਿ ਉਸ ਦਿਨ ਵਿੱਚੋਂ ਕੌਣ ਨਹੀਂ ਬਚਣਗੇ।
ਯਹੋਵਾਹ ਦੇ ਦਿਨ ਵਿੱਚੋਂ ਕੌਣ ਨਹੀਂ ਬਚਣਗੇ?
6. ਅੱਜ ਜ਼ਿਆਦਾਤਰ ਲੋਕ ਕਿਸ ਮਾਅਨੇ ਵਿਚ ਸੁੱਤੇ ਪਏ ਹਨ? (1 ਥੱਸਲੁਨੀਕੀਆਂ 5:6, 7)
6 “ਜਿਹੜੇ ਸੌਂਦੇ ਹਨ।” (1 ਥੱਸਲੁਨੀਕੀਆਂ 5:6, 7 ਪੜ੍ਹੋ।) ਪੌਲੁਸ ਨੇ ਉਨ੍ਹਾਂ ਲੋਕਾਂ ਦੀ ਤੁਲਨਾ ਸੁੱਤੇ ਪਏ ਲੋਕਾਂ ਨਾਲ ਕੀਤੀ ਜਿਹੜੇ ਯਹੋਵਾਹ ਦੇ ਦਿਨ ਵਿੱਚੋਂ ਨਹੀਂ ਬਚਣਗੇ। ਜਿਹੜੇ ਲੋਕ ਸੁੱਤੇ ਪਏ ਹੁੰਦੇ ਹਨ, ਉਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿ ਉਨ੍ਹਾਂ ਦੇ ਆਲੇ-ਦੁਆਲੇ ਕੀ ਹੋ ਰਿਹਾ ਹੈ ਜਾਂ ਕਿੰਨਾ ਸਮਾਂ ਹੋ ਗਿਆ ਹੈ। ਇਸ ਕਰਕੇ ਉਨ੍ਹਾਂ ਨੂੰ ਸਮਝ ਹੀ ਨਹੀਂ ਲੱਗਦੀ ਕਿ ਕਿਹੜੀਆਂ ਜ਼ਰੂਰੀ ਗੱਲਾਂ ਹੋ ਰਹੀਆਂ ਹਨ ਜਾਂ ਉਨ੍ਹਾਂ ਨੇ ਕੀ ਕਰਨਾ ਹੈ। ਅੱਜ ਜ਼ਿਆਦਾਤਰ ਲੋਕ ਇਕ ਤਰੀਕੇ ਨਾਲ ਸੁੱਤੇ ਪਏ ਹਨ। ਉਹ ਪਰਮੇਸ਼ੁਰੀ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੰਦੇ। (ਰੋਮੀ. 11:8) ਉਹ ਉਨ੍ਹਾਂ ਸਬੂਤਾਂ ਵੱਲ ਕੋਈ ਧਿਆਨ ਨਹੀਂ ਦਿੰਦੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ‘ਆਖ਼ਰੀ ਦਿਨਾਂ’ ਵਿਚ ਜੀ ਰਹੇ ਹਾਂ ਅਤੇ ਛੇਤੀ ਹੀ ਮਹਾਂਕਸ਼ਟ ਆਉਣ ਵਾਲਾ ਹੈ। ਸ਼ਾਇਦ ਕੁਝ ਜਣੇ ਖ਼ਾਸ ਘਟਨਾਵਾਂ ਦੇਖ ਕੇ ਇਸ ਨੀਂਦ ਤੋਂ ਜਾਗ ਉੱਠਣ ਅਤੇ ਰਾਜ ਦੇ ਸੰਦੇਸ਼ ਵਿਚ ਥੋੜ੍ਹੀ-ਬਹੁਤੀ ਦਿਲਚਸਪੀ ਲੈਣ ਲੱਗ ਪੈਣ। ਫਿਰ ਵੀ ਉਨ੍ਹਾਂ ਵਿੱਚੋਂ ਬਹੁਤ ਜਣੇ ਜਾਗਦੇ ਰਹਿਣ ਦੀ ਬਜਾਇ ਦੁਬਾਰਾ ਸੌਂ ਜਾਣਗੇ। ਇੱਥੋਂ ਤਕ ਕਿ ਕੁਝ ਜਣੇ ਜੋ ਯਹੋਵਾਹ ਦੇ ਨਿਆਂ ਦੇ ਦਿਨ ʼਤੇ ਨਿਹਚਾ ਰੱਖਦੇ ਹਨ, ਉਹ ਵੀ ਸੋਚਣ ਕਿ ਉਹ ਦਿਨ ਹਾਲੇ ਬਹੁਤ ਦੂਰ ਹੈ। (2 ਪਤ. 3:3, 4) ਪਰ ਸਾਨੂੰ ਪਤਾ ਹੈ ਕਿ ਜਿੱਦਾਂ-ਜਿੱਦਾਂ ਹਰ ਦਿਨ ਬੀਤਦਾ ਜਾ ਰਿਹਾ ਹੈ, ਉੱਦਾਂ-ਉੱਦਾਂ ਸਾਨੂੰ ਜਾਗਦੇ ਰਹਿਣ ਦੀ ਸਲਾਹ ਨੂੰ ਹੋਰ ਜ਼ਿਆਦਾ ਮੰਨਣ ਦੀ ਲੋੜ ਹੈ।
7. ਜਿਨ੍ਹਾਂ ਦਾ ਪਰਮੇਸ਼ੁਰ ਨੇ ਨਾਸ਼ ਕਰਨਾ ਹੈ, ਉਨ੍ਹਾਂ ਦੀ ਤੁਲਨਾ ਸ਼ਰਾਬੀਆਂ ਨਾਲ ਕਿਵੇਂ ਕੀਤੀ ਜਾ ਸਕਦੀ ਹੈ?
7 “ਜਿਹੜੇ ਸ਼ਰਾਬੀ ਹੁੰਦੇ ਹਨ।” ਪੌਲੁਸ ਰਸੂਲ ਨੇ ਉਨ੍ਹਾਂ ਲੋਕਾਂ ਦੀ ਤੁਲਨਾ ਸ਼ਰਾਬੀਆਂ ਨਾਲ ਕੀਤੀ ਜਿਨ੍ਹਾਂ ਦਾ ਪਰਮੇਸ਼ੁਰ ਨਾਸ਼ ਕਰੇਗਾ। ਜਦੋਂ ਕਿਸੇ ਸ਼ਰਾਬੀ ਦੇ ਆਲੇ-ਦੁਆਲੇ ਕੁਝ ਹੋ ਰਿਹਾ ਹੁੰਦਾ ਹੈ, ਤਾਂ ਉਹ ਆਮ ਤੌਰ ਤੇ ਉਸ ਬਾਰੇ ਕੁਝ ਵੀ ਨਹੀਂ ਕਰਦਾ। ਨਾਲੇ ਉਹ ਸਹੀ ਫ਼ੈਸਲੇ ਨਹੀਂ ਕਰਦਾ। ਇਸੇ ਤਰ੍ਹਾਂ ਜਦੋਂ ਦੁਸ਼ਟ ਲੋਕਾਂ ਨੂੰ ਪਰਮੇਸ਼ੁਰ ਦੀਆਂ ਚੇਤਾਵਨੀਆਂ ਦਿੱਤੀਆਂ ਜਾਂਦੀਆਂ ਹਨ, ਤਾਂ ਉਹ ਵੀ ਇਸ ਬਾਰੇ ਕੁਝ ਨਹੀਂ ਕਰਦੇ। ਨਾਲੇ ਉਹ ਅਜਿਹੇ ਫ਼ੈਸਲੇ ਕਰਦੇ ਹਨ ਜਿਨ੍ਹਾਂ ਕਰਕੇ ਉਨ੍ਹਾਂ ਦਾ ਨਾਸ਼ ਪੱਕਾ ਹੈ। ਪਰ ਮਸੀਹੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ‘ਜਾਗਦੇ ਰਹਿਣ ਅਤੇ ਹੋਸ਼ ਵਿਚ ਰਹਿਣ।’ (1 ਥੱਸ. 5:6) ਬਾਈਬਲ ਦੇ ਇਕ ਵਿਦਵਾਨ ਨੇ ਹੋਸ਼ ਵਿਚ ਰਹਿਣ ਬਾਰੇ ਕਿਹਾ: ‘ਠੰਢੇ ਦਿਮਾਗ਼ ਨਾਲ ਹਰ ਗੱਲ ਨੂੰ ਪਰਖਣਾ ਤਾਂਕਿ ਅਸੀਂ ਸਹੀ ਫ਼ੈਸਲੇ ਕਰ ਸਕੀਏ।’ ਸਾਨੂੰ ਕਿਉਂ ਠੰਢੇ ਦਿਮਾਗ਼ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਹੋਸ਼ ਵਿਚ ਰਹਿਣਾ ਚਾਹੀਦਾ ਹੈ? ਕਿਉਂਕਿ ਅਸੀਂ ਅੱਜ ਦੇ ਰਾਜਨੀਤਿਕ ਅਤੇ ਸਮਾਜਕ ਮਾਮਲਿਆਂ ਤੋਂ ਦੂਰ ਰਹਿਣਾ ਚਾਹੁੰਦੇ ਹਾਂ। ਜਿੱਦਾਂ-ਜਿੱਦਾਂ ਯਹੋਵਾਹ ਦਾ ਦਿਨ ਨੇੜੇ ਆਉਂਦਾ ਜਾ ਰਿਹਾ ਹੈ, ਸਾਡੇ ʼਤੇ ਇਨ੍ਹਾਂ ਮਾਮਲਿਆਂ ਵਿਚ ਪੱਖ ਲੈਣ ਦਾ ਦਬਾਅ ਵਧਦਾ ਜਾਵੇਗਾ। ਪਰ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਅਸੀਂ ਕੀ ਕਰਾਂਗੇ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸ਼ਾਂਤ ਰਹਿਣ, ਸਹੀ ਤਰੀਕੇ ਨਾਲ ਸੋਚਣ ਅਤੇ ਸਹੀ ਫ਼ੈਸਲੇ ਕਰਨ ਵਿਚ ਸਾਡੀ ਮਦਦ ਕਰੇਗੀ।—ਲੂਕਾ 12:11, 12.
ਅਸੀਂ ਯਹੋਵਾਹ ਦੇ ਦਿਨ ਲਈ ਤਿਆਰੀ ਕਿਵੇਂ ਕਰ ਸਕਦੇ ਹਾਂ?
8. ਪਹਿਲਾ ਥੱਸਲੁਨੀਕੀਆਂ 5:8 ਅਨੁਸਾਰ ਕਿਹੜੇ ਗੁਣ ਜਾਗਦੇ ਤੇ ਹੋਸ਼ ਵਿਚ ਰਹਿਣ ਵਿਚ ਸਾਡੀ ਮਦਦ ਕਰ ਸਕਦੇ ਹਨ? (ਤਸਵੀਰ ਵੀ ਦੇਖੋ।)
8 ‘ਸੀਨਾਬੰਦ ਅਤੇ ਟੋਪ ਪਾਓ।’ ਪੌਲੁਸ ਨੇ ਸਾਡੀ ਤੁਲਨਾ ਫ਼ੌਜੀਆਂ ਨਾਲ ਕੀਤੀ ਜੋ ਹਮੇਸ਼ਾ ਚੁਕੰਨੇ ਅਤੇ ਯੁੱਧ ਲਈ ਤਿਆਰ ਰਹਿੰਦੇ ਹਨ। (1 ਥੱਸਲੁਨੀਕੀਆਂ 5:8 ਪੜ੍ਹੋ।) ਇਕ ਫ਼ੌਜੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਹਰ ਵੇਲੇ ਯੁੱਧ ਲਈ ਤਿਆਰ ਰਹੇ। ਇਸੇ ਤਰ੍ਹਾਂ ਸਾਨੂੰ ਵੀ ਯਹੋਵਾਹ ਦੇ ਦਿਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਅਸੀਂ ਨਿਹਚਾ ਤੇ ਪਿਆਰ ਦਾ ਸੀਨਾਬੰਦ ਅਤੇ ਉਮੀਦ ਦਾ ਟੋਪ ਪਾ ਕੇ ਇਸ ਤਰ੍ਹਾਂ ਕਰ ਸਕਦੇ ਹਾਂ। ਆਓ ਆਪਾਂ ਦੇਖੀਏ ਕਿ ਨਿਹਚਾ, ਪਿਆਰ ਅਤੇ ਉਮੀਦ ਹੋਣ ਕਰਕੇ ਸਾਡੀ ਮਦਦ ਕਿਵੇਂ ਹੋ ਸਕਦੀ ਹੈ।
9. ਨਿਹਚਾ ਕਰਕੇ ਸਾਡੀ ਰਾਖੀ ਕਿਵੇਂ ਹੁੰਦੀ ਹੈ?
9 ਸੀਨਾਬੰਦ ਕਰਕੇ ਫ਼ੌਜੀ ਦੇ ਦਿਲ ਦੀ ਰਾਖੀ ਹੁੰਦੀ ਹੈ। ਨਿਹਚਾ ਅਤੇ ਪਿਆਰ ਕਰਕੇ ਸਾਡੇ ਅੰਦਰਲੇ ਇਨਸਾਨ ਦੀ ਰਾਖੀ ਹੁੰਦੀ ਹੈ। ਇਹ ਗੁਣ ਪਰਮੇਸ਼ੁਰ ਦੀ ਸੇਵਾ ਕਰਦੇ ਰਹਿਣ ਅਤੇ ਯਿਸੂ ਦੀ ਰੀਸ ਕਰਨ ਵਿਚ ਸਾਡੀ ਮਦਦ ਕਰਨਗੇ। ਨਿਹਚਾ ਹੋਣ ਕਰਕੇ ਸਾਨੂੰ ਯਕੀਨ ਹੁੰਦਾ ਹੈ ਕਿ ਪੂਰੇ ਦਿਲ ਨਾਲ ਯਹੋਵਾਹ ਦੀ ਇੱਛਾ ਪੂਰੀ ਕਰਨ ਕਰਕੇ ਉਹ ਸਾਨੂੰ ਇਨਾਮ ਜ਼ਰੂਰ ਦੇਵੇਗਾ। (ਇਬ. 11:6) ਨਿਹਚਾ ਕਰਕੇ ਅਸੀਂ ਆਪਣੇ ਆਗੂ ਯਿਸੂ ਦੇ ਵਫ਼ਾਦਾਰ ਰਹਿਣ ਲਈ ਪ੍ਰੇਰਿਤ ਹੋਵਾਂਗੇ, ਫਿਰ ਚਾਹੇ ਸਾਨੂੰ ਦੁੱਖ-ਤਕਲੀਫ਼ਾਂ ਹੀ ਕਿਉਂ ਨਾ ਝੱਲਣੀਆਂ ਪੈਣ। ਅਸੀਂ ਆਪਣੀ ਨਿਹਚਾ ਕਿਵੇਂ ਮਜ਼ਬੂਤ ਕਰ ਸਕਦੇ ਹਾਂ ਤਾਂਕਿ ਅਸੀਂ ਡਟ ਕੇ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕੀਏ? ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀਆਂ ਮਿਸਾਲਾਂ ʼਤੇ ਗੌਰ ਕਰ ਸਕਦੇ ਹਾਂ ਜਿਨ੍ਹਾਂ ਨੇ ਜ਼ੁਲਮ ਅਤੇ ਪੈਸੇ ਦੀ ਤੰਗੀ ਝੱਲਦਿਆਂ ਵਫ਼ਾਦਾਰੀ ਬਣਾਈ ਰੱਖੀ ਹੈ। ਇਸ ਤੋਂ ਇਲਾਵਾ, ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀ ਰੀਸ ਕਰ ਸਕਦੇ ਹਾਂ ਜਿਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਣ ਲਈ ਆਪਣੀ ਜ਼ਿੰਦਗੀ ਸਾਦੀ ਕੀਤੀ ਹੈ। ਇਸ ਤਰ੍ਹਾਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਪੈਸੇ ਕਮਾਉਣ ਅਤੇ ਚੀਜ਼ਾਂ ਇਕੱਠੀਆਂ ਕਰਨ ਦੇ ਫੰਦੇ ਵਿਚ ਫਸਣ ਤੋਂ ਬਚ ਸਕਦੇ ਹਾਂ।b
10. ਅਸੀਂ ਕਿੱਦਾਂ ਦਿਖਾਉਂਦੇ ਹਾਂ ਕਿ ਪਰਮੇਸ਼ੁਰ ਅਤੇ ਗੁਆਂਢੀ ਨਾਲ ਪਿਆਰ ਹੋਣ ਕਰਕੇ ਅਸੀਂ ਹਾਰ ਨਹੀਂ ਮੰਨਦੇ?
10 ਜਾਗਦੇ ਰਹਿਣ ਅਤੇ ਹੋਸ਼ ਵਿਚ ਰਹਿਣ ਲਈ ਪਿਆਰ ਦਾ ਗੁਣ ਵੀ ਜ਼ਰੂਰੀ ਹੈ। (ਮੱਤੀ 22:37-39) ਕਈ ਵਾਰ ਪ੍ਰਚਾਰ ਕਰਨ ਕਰਕੇ ਸਾਡੇ ʼਤੇ ਮੁਸ਼ਕਲਾਂ ਆਉਂਦੀਆਂ ਹਨ। ਪਰ ਪਰਮੇਸ਼ੁਰ ਨਾਲ ਪਿਆਰ ਹੋਣ ਕਰਕੇ ਅਸੀਂ ਹਾਰ ਨਹੀਂ ਮੰਨਦੇ, ਸਗੋਂ ਪ੍ਰਚਾਰ ਕਰਨ ਵਿਚ ਲੱਗੇ ਰਹਿੰਦੇ ਹਾਂ। (2 ਤਿਮੋ. 1:7, 8) ਨਾਲੇ ਅਸੀਂ ਉਨ੍ਹਾਂ ਲੋਕਾਂ ਨੂੰ ਵੀ ਪਿਆਰ ਕਰਦੇ ਹਾਂ ਜਿਹੜੇ ਅਜੇ ਯਹੋਵਾਹ ਦੀ ਸੇਵਾ ਨਹੀਂ ਕਰਦੇ। ਇਸ ਕਰਕੇ ਅਸੀਂ ਆਪਣੇ ਇਲਾਕੇ ਵਿਚ ਪ੍ਰਚਾਰ ਦਾ ਕੰਮ ਕਰਦੇ ਰਹਿੰਦੇ ਹਾਂ, ਇੱਥੋਂ ਤਕ ਕਿ ਅਸੀਂ ਫ਼ੋਨ ਅਤੇ ਚਿੱਠੀਆਂ ਰਾਹੀਂ ਵੀ ਉਨ੍ਹਾਂ ਨੂੰ ਗਵਾਹੀ ਦਿੰਦੇ ਹਾਂ। ਅਸੀਂ ਉਮੀਦ ਰੱਖਦੇ ਹਾਂ ਕਿ ਇਕ ਦਿਨ ਸਾਡੇ ਗੁਆਂਢੀ ਬਦਲ ਜਾਣਗੇ ਅਤੇ ਸਹੀ ਕੰਮ ਕਰਨੇ ਸ਼ੁਰੂ ਕਰ ਦੇਣਗੇ।—ਹਿਜ਼. 18:27, 28.
11. ਭੈਣਾਂ-ਭਰਾਵਾਂ ਲਈ ਪਿਆਰ ਸਾਡੀ ਕਿਵੇਂ ਮਦਦ ਕਰਦਾ ਹੈ? (1 ਥੱਸਲੁਨੀਕੀਆਂ 5:11)
11 ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਵੀ ਪਿਆਰ ਕਰਦੇ ਹਾਂ। ਅਸੀਂ ‘ਇਕ-ਦੂਜੇ ਨੂੰ ਹੌਸਲਾ ਦੇ ਕੇ ਅਤੇ ਇਕ-ਦੂਜੇ ਨੂੰ ਮਜ਼ਬੂਤ ਕਰ ਕੇ’ ਇਹ ਪਿਆਰ ਦਿਖਾਉਂਦੇ ਹਾਂ। (1 ਥੱਸਲੁਨੀਕੀਆਂ 5:11 ਪੜ੍ਹੋ।) ਜਿੱਦਾਂ ਯੁੱਧ ਦੇ ਮੈਦਾਨ ਵਿਚ ਫ਼ੌਜੀ ਇਕ-ਦੂਜੇ ਦਾ ਸਾਥ ਦਿੰਦੇ ਹਨ, ਉੱਦਾਂ ਹੀ ਅਸੀਂ ਇਕ-ਦੂਜੇ ਨੂੰ ਹੌਸਲਾ ਦਿੰਦੇ ਹਾਂ। ਯੁੱਧ ਦੇ ਮੈਦਾਨ ਵਿਚ ਇਕ ਫ਼ੌਜੀ ਸ਼ਾਇਦ ਆਪਣੇ ਨਾਲ ਦੇ ਫ਼ੌਜੀ ਨੂੰ ਜ਼ਖ਼ਮੀ ਕਰ ਦੇਵੇ, ਪਰ ਉਹ ਕਦੇ ਵੀ ਜਾਣ-ਬੁੱਝ ਕੇ ਇੱਦਾਂ ਨਹੀਂ ਕਰਦਾ। ਇਸੇ ਤਰ੍ਹਾਂ ਅਸੀਂ ਕਦੇ ਵੀ ਆਪਣੇ ਭੈਣਾਂ-ਭਰਾਵਾਂ ਨੂੰ ਜਾਣ-ਬੁੱਝ ਕੇ ਠੇਸ ਨਹੀਂ ਪਹੁੰਚਾਵਾਂਗੇ ਅਤੇ ਨਾ ਹੀ ਬੁਰਾਈ ਦੇ ਵੱਟੇ ਬੁਰਾਈ ਕਰਾਂਗੇ। (1 ਥੱਸ. 5:13, 15) ਅਸੀਂ ਮੰਡਲੀ ਦੀ ਅਗਵਾਈ ਕਰਨ ਵਾਲੇ ਭਰਾਵਾਂ ਦਾ ਆਦਰ ਕਰ ਕੇ ਪਿਆਰ ਦਿਖਾਉਂਦੇ ਹਾਂ। (1 ਥੱਸ. 5:12) ਜਦੋਂ ਪੌਲੁਸ ਨੇ ਥੱਸਲੁਨੀਕੀਆਂ ਦੇ ਮਸੀਹੀਆਂ ਨੂੰ ਇਹ ਚਿੱਠੀ ਲਿਖੀ, ਤਾਂ ਇਸ ਮੰਡਲੀ ਨੂੰ ਬਣਿਆ ਅਜੇ ਸਾਲ ਵੀ ਨਹੀਂ ਹੋਇਆ ਸੀ। ਇਸ ਕਰਕੇ ਹੋ ਸਕਦਾ ਹੈ ਕਿ ਅਗਵਾਈ ਕਰਨ ਵਾਲੇ ਭਰਾ ਨਾਤਜਰਬੇਕਾਰ ਹੋਣ ਅਤੇ ਸ਼ਾਇਦ ਉਨ੍ਹਾਂ ਤੋਂ ਗ਼ਲਤੀਆਂ ਵੀ ਹੋਈਆਂ ਹੋਣ। ਫਿਰ ਵੀ ਉਹ ਆਦਰ ਲੈਣ ਦੇ ਹੱਕਦਾਰ ਸਨ। ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਜਿੱਦਾਂ-ਜਿੱਦਾਂ ਮਹਾਂਕਸ਼ਟ ਨੇੜੇ ਆ ਰਿਹਾ ਹੈ, ਉੱਦਾਂ-ਉੱਦਾਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਾਨੂੰ ਆਪਣੀ ਮੰਡਲੀ ਦੇ ਬਜ਼ੁਰਗਾਂ ਤੋਂ ਸੇਧ ਲੈਣ ਦੀ ਲੋੜ ਪਵੇਗੀ। ਸ਼ਾਇਦ ਮੁੱਖ ਦਫ਼ਤਰ ਅਤੇ ਬ੍ਰਾਂਚ ਆਫ਼ਿਸ ਨਾਲ ਸਾਡਾ ਸੰਪਰਕ ਟੁੱਟ ਜਾਵੇ। ਇਸ ਕਰਕੇ ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਅੱਜ ਹੀ ਬਜ਼ੁਰਗਾਂ ਨੂੰ ਪਿਆਰ ਕਰਨਾ ਤੇ ਉਨ੍ਹਾਂ ਦਾ ਆਦਰ ਕਰਨਾ ਸਿੱਖੀਏ! ਚਾਹੇ ਜੋ ਵੀ ਹੋ ਜਾਵੇ, ਆਓ ਆਪਾਂ ਹੋਸ਼ ਵਿਚ ਰਹੀਏ ਅਤੇ ਆਪਣੇ ਭਰਾਵਾਂ ਦੀਆਂ ਕਮੀਆਂ-ਕਮਜ਼ੋਰੀਆਂ ʼਤੇ ਧਿਆਨ ਨਾ ਲਾਈਏ। ਇਸ ਦੀ ਬਜਾਇ, ਇਸ ਗੱਲ ʼਤੇ ਧਿਆਨ ਲਾਈਏ ਕਿ ਯਹੋਵਾਹ ਮਸੀਹ ਰਾਹੀਂ ਇਨ੍ਹਾਂ ਵਫ਼ਾਦਾਰ ਆਦਮੀਆਂ ਦੀ ਅਗਵਾਈ ਕਰ ਰਿਹਾ ਹੈ।
12. ਉਮੀਦ ਕਰਕੇ ਸਾਡੀਆਂ ਸੋਚਾਂ ਦੀ ਰਾਖੀ ਕਿਵੇਂ ਹੁੰਦੀ ਹੈ?
12 ਜਿਸ ਤਰ੍ਹਾਂ ਟੋਪ ਕਰਕੇ ਫ਼ੌਜੀ ਦੇ ਸਿਰ ਦੀ ਰਾਖੀ ਹੁੰਦੀ ਹੈ, ਉਸੇ ਤਰ੍ਹਾਂ ਮੁਕਤੀ ਦੀ ਉਮੀਦ ਕਰਕੇ ਸਾਡੀਆਂ ਸੋਚਾਂ ਦੀ ਰਾਖੀ ਹੁੰਦੀ ਹੈ। ਪੱਕੀ ਉਮੀਦ ਕਰਕੇ ਅਸੀਂ ਜਾਣਦੇ ਹਾਂ ਕਿ ਇਸ ਦੁਨੀਆਂ ਦੀ ਹਰ ਚੀਜ਼ ਵਿਅਰਥ ਹੈ। (ਫ਼ਿਲਿ. 3:8) ਉਮੀਦ ਹੋਣ ਕਰਕੇ ਅਸੀਂ ਸ਼ਾਂਤ ਤੇ ਸਥਿਰ ਰਹਿ ਪਾਉਂਦੇ ਹਾਂ। ਅਫ਼ਰੀਕਾ ਵਿਚ ਸੇਵਾ ਕਰਨ ਵਾਲੇ ਜੋੜੇ ਵੈਲਸ ਅਤੇ ਲੋਰੀਂਡਾ ਬਾਰੇ ਵੀ ਇਹ ਗੱਲ ਸੱਚ ਹੈ। ਤਿੰਨ ਹਫ਼ਤਿਆਂ ਦੇ ਵਿਚ-ਵਿਚ ਵੈਲਸ ਦੀ ਮੰਮੀ ਅਤੇ ਲੋਰੀਂਡਾ ਦੇ ਡੈਡੀ ਦੀ ਮੌਤ ਹੋ ਗਈ। ਉਸ ਵੇਲੇ ਕੋਵਿਡ-19 ਮਹਾਂਮਾਰੀ ਫੈਲੀ ਹੋਈ ਸੀ। ਇਸ ਕਰਕੇ ਉਹ ਇਸ ਦੁੱਖ ਦੀ ਘੜੀ ਵਿਚ ਆਪਣੇ ਪਰਿਵਾਰ ਕੋਲ ਨਹੀਂ ਜਾ ਸਕੇ। ਵੈਲਸ ਲਿਖਦਾ ਹੈ: “ਦੁਬਾਰਾ ਜੀਉਂਦਾ ਕੀਤੇ ਜਾਣ ਦੀ ਉਮੀਦ ਕਰਕੇ ਮੈਂ ਇੱਦਾਂ ਨਹੀਂ ਸੋਚਦਾ ਕਿ ਇਸ ਦੁਨੀਆਂ ਵਿਚ ਉਨ੍ਹਾਂ ਦੇ ਆਖ਼ਰੀ ਦਿਨ ਕਿਹੋ ਜਿਹੇ ਸਨ, ਸਗੋਂ ਇਹ ਸੋਚਦਾ ਹਾਂ ਕਿ ਨਵੀਂ ਦੁਨੀਆਂ ਵਿਚ ਉਨ੍ਹਾਂ ਦੇ ਸ਼ੁਰੂ-ਸ਼ੁਰੂ ਦੇ ਦਿਨ ਕਿਹੋ ਜਿਹੇ ਹੋਣਗੇ। ਜਦੋਂ ਮੈਂ ਉਦਾਸ ਹੁੰਦਾ ਹਾਂ ਤੇ ਮੈਨੂੰ ਉਨ੍ਹਾਂ ਦੀ ਯਾਦ ਆਉਂਦੀ ਹੈ, ਤਾਂ ਇਸ ਉਮੀਦ ਕਰਕੇ ਮੈਂ ਸ਼ਾਂਤ ਰਹਿ ਪਾਉਂਦਾ ਹਾਂ।”
13. ਪਵਿੱਤਰ ਸ਼ਕਤੀ ਪਾਉਣ ਲਈ ਅਸੀਂ ਕੀ ਕਰ ਸਕਦੇ ਹਾਂ?
13 “ਪਵਿੱਤਰ ਸ਼ਕਤੀ ਦੀ ਅੱਗ ਨਾ ਬੁਝਾਓ।” (1 ਥੱਸ. 5:19, ਫੁਟਨੋਟ) ਪੌਲੁਸ ਨੇ ਪਵਿੱਤਰ ਸ਼ਕਤੀ ਦੀ ਤੁਲਨਾ ਅੱਗ ਨਾਲ ਕੀਤੀ ਜੋ ਸਾਡੇ ਅੰਦਰ ਬਲ਼ਦੀ ਹੈ। ਜਦੋਂ ਸਾਡੇ ʼਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਕੰਮ ਕਰਦੀ ਹੈ, ਤਾਂ ਸਾਡੇ ਵਿਚ ਸਹੀ ਕੰਮ ਕਰਨ ਲਈ ਜੋਸ਼ ਭਰ ਜਾਂਦਾ ਹੈ ਅਤੇ ਸਾਨੂੰ ਯਹੋਵਾਹ ਦਾ ਕੰਮ ਕਰਨ ਦੀ ਤਾਕਤ ਮਿਲਦੀ ਹੈ। (ਰੋਮੀ. 12:11) ਪਵਿੱਤਰ ਸ਼ਕਤੀ ਪਾਉਣ ਲਈ ਅਸੀਂ ਕੀ ਕਰ ਸਕਦੇ ਹਾਂ? ਅਸੀਂ ਪ੍ਰਾਰਥਨਾ ਕਰ ਸਕਦੇ ਹਾਂ, ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰ ਸਕਦੇ ਹਾਂ ਅਤੇ ਪਰਮੇਸ਼ੁਰ ਦੇ ਸੰਗਠਨ ਵਿਚ ਹੁੰਦੇ ਕੰਮਾਂ ਵਿਚ ਹਿੱਸਾ ਲੈ ਸਕਦੇ ਹਾਂ। ਇਸ ਤਰ੍ਹਾਂ “ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ” ਸਾਡੇ ਵਿਚ ਗੁਣ ਪੈਦਾ ਹੁੰਦੇ ਹਨ।—ਗਲਾ. 5:22, 23.
14. ਜੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਪਵਿੱਤਰ ਸ਼ਕਤੀ ਮਿਲਦੀ ਰਹੇ, ਤਾਂ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਹੈ? (ਤਸਵੀਰ ਵੀ ਦੇਖੋ।)
14 ਪਰਮੇਸ਼ੁਰ ਤੋਂ ਪਵਿੱਤਰ ਸ਼ਕਤੀ ਮਿਲਣ ਤੋਂ ਬਾਅਦ ਸਾਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ “ਪਵਿੱਤਰ ਸ਼ਕਤੀ ਦੀ ਅੱਗ” ਨੂੰ ਬੁੱਝਣ ਨਾ ਦੇਈਏ। ਪਰਮੇਸ਼ੁਰ ਸਿਰਫ਼ ਉਨ੍ਹਾਂ ਨੂੰ ਹੀ ਪਵਿੱਤਰ ਸ਼ਕਤੀ ਦਿੰਦਾ ਹੈ ਜੋ ਆਪਣੀ ਸੋਚ ਅਤੇ ਚਾਲ-ਚਲਣ ਨੂੰ ਸ਼ੁੱਧ ਬਣਾਈ ਰੱਖਦੇ ਹਨ। ਪਰ ਉਹ ਉਨ੍ਹਾਂ ਨੂੰ ਆਪਣੀ ਪਵਿੱਤਰ ਸ਼ਕਤੀ ਦੇਣੀ ਬੰਦ ਕਰ ਦਿੰਦਾ ਹੈ ਜੋ ਗੰਦੇ ਖ਼ਿਆਲਾਂ ਬਾਰੇ ਸੋਚਦੇ ਰਹਿੰਦੇ ਹਨ ਅਤੇ ਉਨ੍ਹਾਂ ਮੁਤਾਬਕ ਕੰਮ ਕਰਦੇ ਰਹਿੰਦੇ ਹਨ। (1 ਥੱਸ. 4:7, 8) ਪਰਮੇਸ਼ੁਰ ਤੋਂ ਪਵਿੱਤਰ ਸ਼ਕਤੀ ਲੈਂਦੇ ਰਹਿਣ ਲਈ ਸਾਨੂੰ ‘ਭਵਿੱਖਬਾਣੀਆਂ ਨੂੰ ਵੀ ਤੁੱਛ’ ਨਹੀਂ ਸਮਝਣਾ ਚਾਹੀਦਾ। (1 ਥੱਸ. 5:20) ਇੱਥੇ “ਭਵਿੱਖਬਾਣੀਆਂ” ਦਾ ਮਤਲਬ ਹੈ, ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੁਆਰਾ ਦਿੱਤੇ ਗਏ ਸੰਦੇਸ਼। ਇਨ੍ਹਾਂ ਸੰਦੇਸ਼ਾਂ ਵਿਚ ਯਹੋਵਾਹ ਦੇ ਦਿਨ ਅਤੇ ਅੰਤ ਬਾਰੇ ਦੱਸੀਆਂ ਗੱਲਾਂ ਵੀ ਸ਼ਾਮਲ ਹਨ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਆਰਮਾਗੇਡਨ ਸਾਡੇ ਜੀਉਂਦੇ-ਜੀ ਨਹੀਂ ਆਉਣਾ। ਇਸ ਦੀ ਬਜਾਇ, ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਆਰਮਾਗੇਡਨ ਬਹੁਤ ਜਲਦ ਆਉਣ ਵਾਲਾ ਹੈ। ਇਸ ਤਰ੍ਹਾਂ ਅਸੀਂ ਤਾਂ ਹੀ ਕਰ ਸਕਾਂਗੇ ਜੇ ਅਸੀਂ ਆਪਣਾ ਚਾਲ-ਚਲਣ ਸ਼ੁੱਧ ਬਣਾਈ ਰੱਖਾਂਗੇ ਅਤੇ ਹਰ ਰੋਜ਼ ‘ਭਗਤੀ ਦੇ ਕੰਮਾਂ ਵਿਚ ਲੱਗੇ ਰਹਾਂਗੇ।’—2 ਪਤ. 3:11, 12.
“ਸਾਰੀਆਂ ਗੱਲਾਂ ਨੂੰ ਪਰਖੋ”
15. ਗ਼ਲਤ ਜਾਣਕਾਰੀ ਅਤੇ ਦੁਸ਼ਟ ਦੂਤਾਂ ਦੇ ਸੰਦੇਸ਼ ਕਰਕੇ ਮੂਰਖ ਬਣਨ ਤੋਂ ਬਚਣ ਲਈ ਅਸੀਂ ਕੀ ਕਰ ਸਕਦੇ ਹਾਂ? (1 ਥੱਸਲੁਨੀਕੀਆਂ 5:21)
15 ਭਵਿੱਖ ਵਿਚ ਪਰਮੇਸ਼ੁਰ ਦੇ ਵਿਰੋਧੀ ਕਿਸੇ-ਨਾ-ਕਿਸੇ ਤਰੀਕੇ ਨਾਲ ਇਹ ਐਲਾਨ ਕਰਨਗੇ: “ਸ਼ਾਂਤੀ ਅਤੇ ਸੁਰੱਖਿਆ ਕਾਇਮ ਹੋ ਗਈ ਹੈ!” (1 ਥੱਸ. 5:3) ਦੁਸ਼ਟ ਦੂਤਾਂ ਦੀ ਪ੍ਰੇਰਣਾ ਨਾਲ ਦਿੱਤੇ ਸੰਦੇਸ਼ਾਂ ਨਾਲ ਪੂਰੀ ਧਰਤੀ ਭਰ ਜਾਵੇਗੀ ਜਿਸ ਕਰਕੇ ਜ਼ਿਆਦਾਤਰ ਲੋਕ ਗੁਮਰਾਹ ਹੋ ਜਾਣਗੇ। (ਪ੍ਰਕਾ. 16:13, 14) ਸਾਡੇ ਬਾਰੇ ਕੀ? ਜੇ ਅਸੀਂ ‘ਸਾਰੀਆਂ ਗੱਲਾਂ ਨੂੰ ਪਰਖਾਂਗੇ,’ ਤਾਂ ਅਸੀਂ ਮੂਰਖ ਬਣਨ ਤੋਂ ਬਚਾਂਗੇ। (1 ਥੱਸਲੁਨੀਕੀਆਂ 5:21 ਪੜ੍ਹੋ।) ‘ਪਰਖਣ’ ਲਈ ਜੋ ਯੂਨਾਨੀ ਸ਼ਬਦ ਵਰਤਿਆ ਗਿਆ ਹੈ, ਉਹੀ ਸ਼ਬਦ ਸੋਨੇ-ਚਾਂਦੀ ਵਰਗੀਆਂ ਧਾਤਾਂ ਨੂੰ ਪਰਖਣ ਲਈ ਵੀ ਵਰਤਿਆ ਗਿਆ ਹੈ। ਇਸ ਲਈ ਅਸੀਂ ਜਿਹੜੀਆਂ ਗੱਲਾਂ ਸੁਣਦੇ ਅਤੇ ਪੜ੍ਹਦੇ ਹਾਂ, ਸਾਨੂੰ ਉਨ੍ਹਾਂ ਨੂੰ ਪਰਖਣਾ ਚਾਹੀਦਾ ਹੈ। ਨਾਲੇ ਦੇਖਣਾ ਚਾਹੀਦਾ ਹੈ ਕਿ ਉਹ ਗੱਲਾਂ ਸੱਚ ਹਨ ਜਾਂ ਨਹੀਂ। ਥੱਸਲੁਨੀਕੀਆਂ ਦੇ ਮਸੀਹੀਆਂ ਲਈ ਇੱਦਾਂ ਕਰਨਾ ਜ਼ਰੂਰੀ ਸੀ। ਸਾਡੇ ਲਈ ਇੱਦਾਂ ਕਰਨਾ ਹੋਰ ਵੀ ਜ਼ਰੂਰੀ ਹੁੰਦਾ ਜਾਵੇਗਾ ਜਿੱਦਾਂ-ਜਿੱਦਾਂ ਮਹਾਂਕਸ਼ਟ ਨੇੜੇ ਆਉਂਦਾ ਜਾਵੇਗਾ। ਭੋਲੇ ਬਣ ਕੇ ਹਰ ਗੱਲ ਮੰਨਣ ਦੀ ਬਜਾਇ ਸਾਨੂੰ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਰਤ ਕੇ ਦੇਖਣਾ ਚਾਹੀਦਾ ਹੈ ਕਿ ਇਹ ਗੱਲਾਂ ਬਾਈਬਲ ਅਤੇ ਯਹੋਵਾਹ ਦੇ ਸੰਗਠਨ ਨਾਲ ਮੇਲ ਖਾਂਦੀਆਂ ਹਨ ਜਾਂ ਨਹੀਂ। ਇੱਦਾਂ ਕਰਕੇ ਅਸੀਂ ਦੁਸ਼ਟ ਦੂਤਾਂ ਦੀ ਪ੍ਰੇਰਣਾ ਨਾਲ ਦਿੱਤੇ ਸੰਦੇਸ਼ਾਂ ਜਾਂ ਧੋਖਾ ਦੇਣ ਵਾਲੀਆਂ ਗੱਲਾਂ ਕਰਕੇ ਮੂਰਖ ਨਹੀਂ ਬਣਾਂਗੇ।—ਕਹਾ. 14:15; 1 ਤਿਮੋ. 4:1.
16. ਸਾਡੇ ਕੋਲ ਕਿਹੜੀ ਪੱਕੀ ਉਮੀਦ ਹੈ ਅਤੇ ਅਸੀਂ ਕੀ ਕਰਨ ਲਈ ਤਿਆਰ ਹੁੰਦੇ ਹਾਂ?
16 ਅਸੀਂ ਜਾਣਦੇ ਹਾਂ ਕਿ ਇਕ ਸਮੂਹ ਵਜੋਂ ਪਰਮੇਸ਼ੁਰ ਦੇ ਸੇਵਕ ਮਹਾਂਕਸ਼ਟ ਵਿੱਚੋਂ ਬਚਾਏ ਜਾਣਗੇ। ਪਰ ਅਸੀਂ ਇਹ ਨਹੀਂ ਜਾਣਦੇ ਕਿ ਯਹੋਵਾਹ ਦੇ ਇਕੱਲੇ-ਇਕੱਲੇ ਸੇਵਕ ਨਾਲ ਕੱਲ੍ਹ ਨੂੰ ਕੀ ਹੋਵੇਗਾ। (ਯਾਕੂ. 4:14) ਜੇ ਅਸੀਂ ਵਫ਼ਾਦਾਰੀ ਬਣਾਈ ਰੱਖਾਂਗੇ, ਤਾਂ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦਾ ਇਨਾਮ ਜ਼ਰੂਰ ਮਿਲੇਗਾ, ਫਿਰ ਚਾਹੇ ਅਸੀਂ ਮਹਾਂਕਸ਼ਟ ਦੌਰਾਨ ਜੀਉਂਦੇ ਰਹੀਏ ਜਾਂ ਉਸ ਤੋਂ ਪਹਿਲਾਂ ਹੀ ਮਰ ਜਾਈਏ। ਚੁਣੇ ਹੋਏ ਮਸੀਹੀ ਸਵਰਗ ਵਿਚ ਮਸੀਹ ਨਾਲ ਹੋਣਗੇ। ਹੋਰ ਭੇਡਾਂ ਦੇ ਲੋਕ ਬਾਗ਼ ਵਰਗੀ ਸੋਹਣੀ ਧਰਤੀ ʼਤੇ ਹੋਣਗੇ। ਆਓ ਆਪਾਂ ਆਪਣੀ ਸ਼ਾਨਦਾਰ ਉਮੀਦ ʼਤੇ ਧਿਆਨ ਲਾਈ ਰੱਖੀਏ ਅਤੇ ਯਹੋਵਾਹ ਦੇ ਦਿਨ ਲਈ ਤਿਆਰ ਰਹੀਏ!
ਗੀਤ 150 ਯਹੋਵਾਹ ਵਿਚ ਪਨਾਹ ਲਓ
a 1 ਥੱਸਲੁਨੀਕੀਆਂ ਦੇ ਅਧਿਆਇ 5 ਵਿਚ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਮਿਸਾਲਾਂ ਰਾਹੀਂ ਸਾਨੂੰ ਯਹੋਵਾਹ ਦੇ ਆਉਣ ਵਾਲੇ ਦਿਨ ਬਾਰੇ ਸਮਝਾਇਆ ਗਿਆ ਹੈ। ਇਹ “ਦਿਨ” ਕੀ ਹੈ? ਇਹ ਕਿਵੇਂ ਆਵੇਗਾ? ਇਸ ਦਿਨ ਵਿੱਚੋਂ ਕੌਣ ਬਚਣਗੇ ਅਤੇ ਕੌਣ ਨਹੀਂ? ਅਸੀਂ ਇਸ ਦਿਨ ਲਈ ਕਿਵੇਂ ਤਿਆਰ ਹੋ ਸਕਦੇ ਹਾਂ? ਇਸ ਲੇਖ ਵਿਚ ਅਸੀਂ ਪੌਲੁਸ ਰਸੂਲ ਦੇ ਸ਼ਬਦਾਂ ਦੀ ਜਾਂਚ ਕਰਾਂਗੇ ਅਤੇ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਾਂਗੇ।
b “ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ” ਨਾਂ ਦੇ ਲੜੀਵਾਰ ਲੇਖ ਦੇਖੋ।