ਮਾਪਿਓ—ਬੱਚਿਆਂ ਦੀ “ਬੁੱਧੀਮਾਨ” ਬਣਨ ਅਤੇ “ਮੁਕਤੀ” ਪਾਉਣ ਵਿਚ ਮਦਦ ਕਰੋ
“ਤੂੰ ਛੋਟੇ ਹੁੰਦਿਆਂ ਤੋਂ ਪਵਿੱਤਰ ਲਿਖਤਾਂ ਨੂੰ ਜਾਣਦਾ ਹੈਂ। ਇਹ ਲਿਖਤਾਂ ਤੈਨੂੰ ਬੁੱਧੀਮਾਨ ਬਣਾ ਸਕਦੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਤੈਨੂੰ ਮੁਕਤੀ ਮਿਲ ਸਕਦੀ ਹੈ।”—2 ਤਿਮੋ. 3:15.
1, 2. ਜਦੋਂ ਬੱਚੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਣਾ ਚਾਹੁੰਦੇ ਹਨ, ਤਾਂ ਕਈ ਮਾਪਿਆਂ ਨੂੰ ਕਿਹੜੀ ਚਿੰਤਾ ਹੁੰਦੀ ਹੈ?
ਹਰ ਸਾਲ ਹਜ਼ਾਰਾਂ ਬਾਈਬਲ ਵਿਦਿਆਰਥੀ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਂਦੇ ਹਨ। ਇਨ੍ਹਾਂ ਵਿਚ ਬਹੁਤ ਸਾਰੇ ਨੌਜਵਾਨ ਵੀ ਹਨ ਜਿਨ੍ਹਾਂ ਨੂੰ ਬਚਪਨ ਤੋਂ ਸੱਚਾਈ ਬਾਰੇ ਸਿਖਾਇਆ ਗਿਆ ਸੀ। ਇੱਦਾਂ ਕਰਕੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਫ਼ੈਸਲਾ ਕੀਤਾ ਹੈ! (ਜ਼ਬੂ. 1:1-3) ਮਾਪਿਓ, ਜੇ ਤੁਸੀਂ ਸੱਚਾਈ ਵਿਚ ਹੋ, ਤਾਂ ਤੁਸੀਂ ਜ਼ਰੂਰ ਉਹ ਦਿਨ ਦੇਖਣਾ ਚਾਹੋਗੇ ਜਿਸ ਦਿਨ ਤੁਹਾਡੀ ਧੀ ਜਾਂ ਪੁੱਤ ਬਪਤਿਸਮਾ ਲਵੇਗਾ।—3 ਯੂਹੰ. 4 ਵਿਚ ਨੁਕਤਾ ਦੇਖੋ।
2 ਇਸ ਦੇ ਬਾਵਜੂਦ ਵੀ, ਤੁਹਾਨੂੰ ਸ਼ਾਇਦ ਚਿੰਤਾ ਹੋਵੋ। ਸ਼ਾਇਦ ਤੁਸੀਂ ਕਈ ਨੌਜਵਾਨ ਦੇਖੇ ਹਨ ਜਿਨ੍ਹਾਂ ਨੇ ਬਪਤਿਸਮਾ ਲੈਣ ਤੋਂ ਬਾਅਦ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਸ਼ਾਇਦ ਸ਼ੱਕ ਕਰਨ ਲੱਗੇ ਕੀ ਪਰਮੇਸ਼ੁਰ ਦੇ ਮਿਆਰ ਸੱਚ-ਮੁੱਚ ਉਨ੍ਹਾਂ ਦੇ ਭਲਾਈ ਲਈ ਹਨ? ਕਈਆਂ ਨੇ ਤਾਂ ਸੱਚਾਈ ਵੀ ਛੱਡ ਦਿੱਤੀ ਹੈ। ਇਸ ਲਈ ਤੁਹਾਨੂੰ ਸ਼ਾਇਦ ਚਿੰਤਾ ਹੋਵੇ ਕਿ ਸ਼ੁਰੂ ਵਿਚ ਤੁਹਾਡਾ ਬੱਚਾ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰੇ, ਪਰ ਬਾਅਦ ਵਿਚ ਕਿਤੇ ਸੱਚਾਈ ਲਈ ਉਸ ਦਾ ਪਿਆਰ ਠੰਢਾ ਨਾ ਪੈ ਜਾਵੇ। ਉਹ ਸ਼ਾਇਦ ਪਹਿਲੀ ਸਦੀ ਦੇ ਅਫ਼ਸੁਸ ਸ਼ਹਿਰ ਵਿਚ ਰਹਿਣ ਵਾਲੇ ਮਸੀਹੀਆਂ ਵਾਂਗ ਬਣ ਜਾਵੇ ਜਿਨ੍ਹਾਂ ਬਾਰੇ ਯਿਸੂ ਨੇ ਕਿਹਾ ਸੀ ਕਿ ਉਹ “ਹੁਣ ਪਹਿਲਾਂ ਵਾਂਗ ਪਿਆਰ ਨਹੀਂ” ਕਰਦੇ। (ਪ੍ਰਕਾ. 2:4) ਮਾਪਿਓ, ਫਿਰ ਤੁਸੀਂ ਆਪਣੇ ਬੱਚਿਆਂ ਦੀ ਮਦਦ ਕਿਵੇਂ ਕਰ ਸਕਦੇ ਹੋ ਤਾਂਕਿ ਉਹ ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖਣ, ਸੱਚਾਈ ਵਿਚ ‘ਵਧਣ-ਫੁੱਲਣ ਅਤੇ ਮੁਕਤੀ ਪਾਉਣ?’ (1 ਪਤ. 2:2) ਇਸ ਦਾ ਜਵਾਬ ਪਾਉਣ ਲਈ ਅਸੀਂ ਤਿਮੋਥਿਉਸ ਦੀ ਮਿਸਾਲ ʼਤੇ ਗੌਰ ਕਰਾਂਗੇ।
‘ਤੂੰ ਪਵਿੱਤਰ ਲਿਖਤਾਂ ਨੂੰ ਜਾਣਦਾ ਹੈਂ’
3. (ੳ) ਤਿਮੋਥਿਉਸ ਮਸੀਹੀ ਕਿਵੇਂ ਬਣਿਆ ਅਤੇ ਉਸ ਨੇ ਸਿੱਖੀਆਂ ਗੱਲਾਂ ਲਾਗੂ ਕਿਵੇਂ ਕੀਤੀਆਂ? (ਅ) ਪੌਲੁਸ ਨੇ ਤਿਮੋਥਿਉਸ ਦਾ ਧਿਆਨ ਕਿਹੜੀਆਂ ਤਿੰਨ ਗੱਲਾਂ ਵੱਲ ਖਿੱਚਿਆ?
3 ਪੌਲੁਸ ਰਸੂਲ 47 ਈਸਵੀ ਵਿਚ ਪਹਿਲੀ ਵਾਰ ਲੁਸਤ੍ਰਾ ਸ਼ਹਿਰ ਨੂੰ ਗਿਆ। ਸ਼ਾਇਦ ਇਸ ਦੌਰੇ ਦੌਰਾਨ ਤਿਮੋਥਿਉਸ ਨੂੰ ਯਿਸੂ ਦੀਆਂ ਸਿੱਖਿਆਵਾਂ ਬਾਰੇ ਪਤਾ ਲੱਗਾ ਹੋਣਾ। ਉਸ ਸਮੇਂ ਸ਼ਾਇਦ ਤਿਮੋਥਿਉਸ ਅੱਲੜ੍ਹ ਉਮਰ ਦਾ ਸੀ। ਉਸ ਨੇ ਸਿੱਖੀਆਂ ਗੱਲਾਂ ʼਤੇ ਅਮਲ ਕੀਤਾ ਅਤੇ ਫਿਰ ਦੋ ਸਾਲ ਬਾਅਦ ਉਹ ਪੌਲੁਸ ਨਾਲ ਮੰਡਲੀਆਂ ਦਾ ਦੌਰਾ ਕਰਨ ਲੱਗ ਪਿਆ। ਉਸ ਤੋਂ ਤਕਰੀਬਨ 16 ਸਾਲ ਬਾਅਦ ਪੌਲੁਸ ਨੇ ਤਿਮੋਥਿਉਸ ਨੂੰ ਲਿਖਿਆ: “ਤੂੰ ਜਿਹੜੀਆਂ ਗੱਲਾਂ ਸਿੱਖੀਆਂ ਹਨ ਅਤੇ ਜਿਨ੍ਹਾਂ ਬਾਰੇ ਤੈਨੂੰ ਸਮਝਾ ਕੇ ਯਕੀਨ ਦਿਵਾਇਆ ਗਿਆ ਹੈ, ਉਨ੍ਹਾਂ ਗੱਲਾਂ ਉੱਤੇ ਚੱਲਦਾ ਰਹਿ ਅਤੇ ਯਾਦ ਰੱਖ ਕਿ ਉਹ ਗੱਲਾਂ ਤੂੰ ਕਿਨ੍ਹਾਂ ਤੋਂ ਸਿੱਖੀਆਂ ਸਨ ਅਤੇ ਤੂੰ ਛੋਟੇ ਹੁੰਦਿਆਂ ਤੋਂ ਪਵਿੱਤਰ ਲਿਖਤਾਂ [ਇਬਰਾਨੀ ਸ਼ਾਸਤਰ] ਨੂੰ ਜਾਣਦਾ ਹੈਂ। ਇਹ ਲਿਖਤਾਂ ਤੈਨੂੰ ਬੁੱਧੀਮਾਨ ਬਣਾ ਸਕਦੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਤੈਨੂੰ ਮੁਕਤੀ ਮਿਲ ਸਕਦੀ ਹੈ ਕਿਉਂਕਿ ਤੂੰ ਯਿਸੂ ਮਸੀਹ ਉੱਤੇ ਨਿਹਚਾ ਕੀਤੀ ਹੈ।” (2 ਤਿਮੋ. 3:14, 15) ਪੌਲੁਸ ਦੀਆਂ ਕਹੀਆਂ ਗੱਲਾਂ ʼਤੇ ਗੌਰ ਕਰੋ (1) ਪਵਿੱਤਰ ਲਿਖਤਾਂ ਨੂੰ ਜਾਣਨਾ, (2) ਸਿੱਖੀਆਂ ਗੱਲਾਂ ਨੂੰ ਸਮਝ ਕੇ ਉਸ ʼਤੇ ਯਕੀਨ ਕਰਨਾ ਅਤੇ (3) ਲਿਖਤਾਂ ਬੁੱਧੀਮਾਨ ਬਣਾ ਸਕਦੀਆਂ ਹਨ ਅਤੇ ਯਿਸੂ ਮਸੀਹ ਉੱਤੇ ਨਿਹਚਾ ਕਰਨ ਕਰਕੇ ਮੁਕਤੀ ਮਿਲ ਸਕਦੀ ਹੈ।
4. ਆਪਣੇ ਬੱਚਿਆਂ ਨੂੰ ਸਿਖਾਉਣ ਲਈ ਤੁਸੀਂ ਕਿਹੜੇ ਔਜ਼ਾਰਾਂ ਦਾ ਇਸਤੇਮਾਲ ਕੀਤਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
4 ਮਸੀਹੀ ਮਾਪੇ ਇਹੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਪਵਿੱਤਰ ਲਿਖਤਾਂ ਬਾਰੇ ਜਾਣਨ ਜਿਸ ਵਿਚ ਇਬਰਾਨੀ ਅਤੇ ਯੂਨਾਨੀ ਸ਼ਾਸਤਰ ਸ਼ਾਮਲ ਹੈ। ਛੋਟੇ-ਛੋਟੇ ਬੱਚੇ ਵੀ ਬਾਈਬਲ ਦੇ ਪਾਤਰਾਂ ਅਤੇ ਬਾਈਬਲ ਦੀਆਂ ਘਟਨਾਵਾਂ ਬਾਰੇ ਸਿੱਖ ਸਕਦੇ ਹਨ। ਯਹੋਵਾਹ ਦੇ ਸੰਗਠਨ ਨੇ ਤਰ੍ਹਾਂ-ਤਰ੍ਹਾਂ ਦੀਆਂ ਕਿਤਾਬਾਂ ਅਤੇ ਵਿਡਿਓ ਤਿਆਰ ਕੀਤੇ ਹਨ ਤਾਂਕਿ ਮਾਪੇ ਆਪਣੇ ਬੱਚਿਆਂ ਨੂੰ ਸਿਖਾ ਸਕਣ। ਕੀ ਇਹ ਤੁਹਾਡੀ ਭਾਸ਼ਾ ਵਿਚ ਉਪਲਬਧ ਹਨ? ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਜੋੜਨ ਲਈ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਬੱਚੇ ਬਾਈਬਲ ਬਾਰੇ ਜਾਣਨ।
“ਸਮਝਾ ਕੇ ਯਕੀਨ ਦਿਵਾਇਆ”
5. (ੳ) “ਸਮਝਾ ਕੇ ਯਕੀਨ ਦਿਵਾਉਣ” ਦਾ ਕੀ ਮਤਲਬ ਹੈ? (ਅ) ਅਸੀਂ ਕਿਵੇਂ ਜਾਣਦੇ ਹਾਂ ਕਿ ਤਿਮੋਥਿਉਸ ਨੂੰ ਯਿਸੂ ਦੀ ਖ਼ੁਸ਼ ਖ਼ਬਰੀ ਬਾਰੇ ਸਮਝਾ ਕੇ ਯਕੀਨ ਦਿਵਾਇਆ ਗਿਆ ਸੀ?
5 ਪਵਿੱਤਰ ਲਿਖਤਾਂ ਬਾਰੇ ਜਾਣਨਾ ਜ਼ਰੂਰੀ ਹੈ। ਪਰ ਬੱਚਿਆਂ ਨੂੰ ਸਿਰਫ਼ ਬਾਈਬਲ ਦੇ ਪਾਤਰਾਂ ਅਤੇ ਘਟਨਾਵਾਂ ਬਾਰੇ ਸਿਖਾਉਣਾ ਹੀ ਕਾਫ਼ੀ ਨਹੀਂ ਹੈ। ਯਾਦ ਕਰੋ ਕਿ ਤਿਮੋਥਿਉਸ “ਛੋਟੇ ਹੁੰਦਿਆਂ ਤੋਂ ਪਵਿੱਤਰ ਲਿਖਤਾਂ ਨੂੰ ਜਾਣਦਾ” ਸੀ। ਪਰ ਉਸ ਨੂੰ ‘ਸਮਝਾ ਕੇ ਯਕੀਨ ਵੀ ਦਿਵਾਇਆ’ ਗਿਆ ਸੀ। ਬਾਅਦ ਵਿਚ ਸਬੂਤਾਂ ਕਰਕੇ ਉਸ ਨੂੰ ਪੂਰਾ ਭਰੋਸਾ ਹੋ ਗਿਆ ਕਿ ਯਿਸੂ ਹੀ ਮਸੀਹ ਹੈ। ਤਿਮੋਥਿਉਸ ਦੀ ਨਿਹਚਾ ਇੰਨੀ ਪੱਕੀ ਹੋਈ ਕਿ ਉਸ ਨੇ ਬਪਤਿਸਮਾ ਲਿਆ ਅਤੇ ਬਾਅਦ ਵਿਚ ਪੌਲੁਸ ਨਾਲ ਮਿਸ਼ਨਰੀ ਦੌਰੇ ਕੀਤੇ।
6. ਬਾਈਬਲ ਉੱਤੇ ਨਿਹਚਾ ਪੱਕੀ ਕਰਨ ਲਈ ਤੁਸੀਂ ਆਪਣੇ ਬੱਚਿਆਂ ਦੀ ਮਦਦ ਕਿਵੇਂ ਕਰ ਸਕਦੇ ਹੋ?
6 ਮਾਪੇ ਕੀ ਕਰ ਸਕਦੇ ਹਨ ਤਾਂਕਿ ਉਨ੍ਹਾਂ ਦੇ ਬੱਚਿਆਂ ਦੀ ਨਿਹਚਾ ਤਿਮੋਥਿਉਸ ਵਾਂਗ ਪੱਕੀ ਹੋਵੇ? ਪਹਿਲਾ ਕਦਮ, ਧੀਰਜ ਰੱਖੋ। ਪੱਕੀ ਨਿਹਚਾ ਪੈਦਾ ਕਰਨ ਵਿਚ ਸਮਾਂ ਲੱਗਦਾ ਹੈ। ਨਾਲੇ ਇਹ ਵੀ ਯਾਦ ਰੱਖੋ ਕਿ ਜੇ ਤੁਸੀਂ ਕਿਸੇ ਗੱਲ ʼਤੇ ਯਕੀਨ ਕਰਦੇ ਹੋ, ਤਾਂ ਜ਼ਰੂਰੀ ਨਹੀਂ ਕਿ ਤੁਹਾਡੇ ਬੱਚੇ ਵੀ ਉਸੇ ਗੱਲ ʼਤੇ ਯਕੀਨ ਕਰਨ। ਬਾਈਬਲ ʼਤੇ ਨਿਹਚਾ ਕਰਨ ਲਈ ਹਰੇਕ ਬੱਚੇ ਨੂੰ “ਆਪਣੀ ਸੋਚਣ-ਸਮਝਣ ਦੀ ਕਾਬਲੀਅਤ” ਵਰਤਣੀ ਚਾਹੀਦੀ ਹੈ। (ਰੋਮੀਆਂ 12:1 ਪੜ੍ਹੋ।) ਮਾਪਿਓ, ਤੁਸੀਂ ਆਪਣੇ ਬੱਚਿਆਂ ਦੀ ਨਿਹਚਾ ਮਜ਼ਬੂਤ ਕਰਨ ਲਈ ਬਹੁਤ ਕੁਝ ਕਰ ਸਕਦੇ ਹੋ, ਖ਼ਾਸ ਕਰਕੇ ਉਦੋਂ ਜਦੋਂ ਉਹ ਸਵਾਲ ਪੁੱਛਦੇ ਹਨ। ਆਓ ਆਪਾਂ ਦੇਖੀਏ ਕਿ ਅਸੀਂ ਇਕ ਪਿਤਾ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?
7, 8. (ੳ) ਇਕ ਪਿਤਾ ਆਪਣੀ ਧੀ ਨੂੰ ਸਿਖਾਉਣ ਲਈ ਕਿਵੇਂ ਧੀਰਜ ਰੱਖਦਾ ਹੈ? (ਅ) ਤੁਹਾਨੂੰ ਆਪਣੇ ਬੱਚਿਆਂ ਨਾਲ ਕਦੋਂ ਧੀਰਜ ਰੱਖਣ ਦੀ ਲੋੜ ਪੈਂਦੀ ਹੈ?
7 ਟੌਮਸ ਦੀ ਧੀ 11 ਸਾਲਾਂ ਦੀ ਹੈ ਅਤੇ ਉਹ ਕਦੀ-ਕਦੀ ਉਸ ਤੋਂ ਅਜਿਹੇ ਸਵਾਲ ਪੁੱਛਦੀ ਹੈ: “ਕੀ ਯਹੋਵਾਹ ਨੇ ਵਿਕਾਸਵਾਦ ਰਾਹੀਂ ਧਰਤੀ ਉੱਤੇ ਸਭ ਕੁਝ ਬਣਾਇਆ?” ਜਾਂ “ਅਸੀਂ ਸਮਾਜ ਦੇ ਉਨ੍ਹਾਂ ਕੰਮਾਂ ਵਿਚ ਹਿੱਸਾ ਕਿਉਂ ਨਹੀਂ ਲੈਂਦੇ ਜਿਨ੍ਹਾਂ ਨਾਲ ਸਮਾਜ ਦੇ ਹਾਲਾਤ ਸੁਧਰ ਸਕਣ, ਜਿਵੇਂ ਕਿ ਵੋਟ ਪਾਉਣੀ?” ਕਦੀ-ਕਦੀ ਉਹ ਸੋਚਦਾ ਹੈ ਕਿ ਸੌਖਾ ਹੋਵੇਗਾ ਕਿ ਉਹ ਆਪਣੀ ਧੀ ਨੂੰ ਸਿੱਧਾ ਹੀ ਜਵਾਬ ਦੇ ਦੇਵੇ ਕਿ ਕਿਹੜੀ ਗੱਲ ਸਹੀ ਹੈ, ਪਰ ਉਹ ਆਪਣੇ ਆਪ ਨੂੰ ਰੋਕਦਾ ਹੈ। ਟੌਮਸ ਜਾਣਦਾ ਹੈ ਕਿ ਸਿਰਫ਼ ਸੱਚਾਈ ਦੱਸ ਕੇ ਹੀ ਯਕੀਨ ਨਹੀਂ ਦਿਵਾਇਆ ਜਾ ਸਕਦਾ, ਸਗੋਂ ਛੋਟੇ-ਛੋਟੇ ਸਬੂਤ ਪੇਸ਼ ਕਰਨੇ ਵੀ ਜ਼ਰੂਰੀ ਹਨ।
8 ਟੌਮਸ ਇਹ ਵੀ ਜਾਣਦਾ ਹੈ ਕਿ ਆਪਣੀ ਧੀ ਨੂੰ ਸਿਖਾਉਣ ਲਈ ਉਸ ਨੂੰ ਧੀਰਜ ਰੱਖਣ ਦੀ ਲੋੜ ਹੈ। ਦਰਅਸਲ, ਸਾਰੇ ਮਸੀਹੀ ਮਾਪਿਆਂ ਨੂੰ ਧੀਰਜ ਰੱਖਣ ਦੀ ਲੋੜ ਹੈ। (ਕੁਲੁ. 3:12) ਟੋਮਸ ਜਾਣਦਾ ਹੈ ਕਿ ਉਹ ਰਾਤੋ-ਰਾਤ ਆਪਣੀ ਧੀ ਵਿਚ ਨਿਹਚਾ ਪੈਦਾ ਨਹੀਂ ਕਰ ਸਕਦਾ, ਸਗੋਂ ਉਸ ਨੂੰ ਆਪਣੀ ਧੀ ਨਾਲ ਉਨ੍ਹਾਂ ਵਿਸ਼ਿਆਂ ʼਤੇ ਕਈ ਵਾਰ ਗੱਲ ਕਰਨ ਦੀ ਲੋੜ ਹੈ। ਬਾਈਬਲ ਤੋਂ ਉਸ ਦੀ ਧੀ ਜੋ ਵੀ ਸਿੱਖਦੀ ਹੈ ਟੌਮਸ ਨੂੰ ਉਨ੍ਹਾਂ ਗੱਲਾਂ ʼਤੇ ਉਸ ਨਾਲ ਤਰਕ ਕਰਨੀ ਦੀ ਲੋੜ ਹੈ। ਟੌਮਸ ਕਹਿੰਦਾ ਹੈ: “ਸਾਡੀ ਧੀ ਬਾਈਬਲ ਵਿੱਚੋਂ ਅਹਿਮ ਵਿਸ਼ਿਆਂ ਬਾਰੇ ਜੋ ਵੀ ਸਿੱਖਦੀ ਹੈ ਮੈਂ ਤੇ ਮੇਰੀ ਪਤਨੀ ਜਾਣਨਾ ਚਾਹੁੰਦੇ ਹਾਂ ਕਿ ਉਹ ਉਨ੍ਹਾਂ ਗੱਲਾਂ ʼਤੇ ਸੱਚ-ਮੁੱਚ ਨਿਹਚਾ ਕਰਦੀ ਹੈ ਅਤੇ ਕੀ ਉਹ ਗੱਲਾਂ ਉਸ ਨੂੰ ਸਮਝ ਆਉਂਦੀਆਂ ਹਨ। ਸਾਨੂੰ ਚੰਗਾ ਲੱਗਦਾ ਹੈ ਜਦੋਂ ਉਹ ਸਵਾਲ ਪੁੱਛਦੀ ਹੈ। ਪਰ ਜੇ ਉਹ ਬਿਨਾਂ ਸਵਾਲ ਪੁੱਛੇ ਗੱਲ ਮੰਨ ਲੈਂਦੀ ਹੈ, ਤਾਂ ਅਸੀਂ ਫ਼ਿਕਰਾਂ ਵਿਚ ਪੈ ਜਾਂਦੇ ਹਾਂ।”
9. ਬਾਈਬਲ ਉੱਤੇ ਨਿਹਚਾ ਪੱਕੀ ਕਰਨ ਲਈ ਤੁਸੀਂ ਆਪਣੇ ਬੱਚਿਆਂ ਦੀ ਮਦਦ ਕਿਵੇਂ ਕਰ ਸਕਦੇ ਹੋ?
9 ਜਦੋਂ ਮਾਪੇ ਧੀਰਜ ਰੱਖ ਕੇ ਆਪਣੇ ਬੱਚਿਆਂ ਨੂੰ ਸਿਖਾਉਂਦੇ ਹਨ, ਤਾਂ ਹੌਲੀ-ਹੌਲੀ ਬੱਚੇ “ਸੱਚਾਈ ਦੀ ਲੰਬਾਈ, ਚੌੜਾਈ, ਉਚਾਈ ਅਤੇ ਡੂੰਘਾਈ ਨੂੰ ਚੰਗੀ ਤਰ੍ਹਾਂ ਸਮਝ” ਜਾਂਦੇ ਹਨ। (ਅਫ਼. 3:18) ਬੱਚਿਆਂ ਨੂੰ ਉਨ੍ਹਾਂ ਦੀ ਉਮਰ ਅਤੇ ਸਮਝ ਮੁਤਾਬਕ ਸਿਖਾਓ। ਜਿੱਦਾਂ-ਜਿੱਦਾਂ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੁੰਦੀ ਜਾਵੇਗੀ, ਉੱਦਾਂ-ਉੱਦਾਂ ਉਨ੍ਹਾਂ ਲਈ ਆਪਣੇ ਸਕੂਲ ਦੇ ਵਿਦਿਆਰਥੀਆਂ ਅਤੇ ਹੋਰਨਾਂ ਨਾਲ ਆਪਣੀ ਨਿਹਚਾ ਬਾਰੇ ਗੱਲ ਕਰਨੀ ਸੌਖੀ ਹੋਵੇਗੀ। (1 ਪਤ. 3:15) ਮਿਸਾਲ ਲਈ, ਕੀ ਤੁਹਾਡੇ ਬੱਚੇ ਬਾਈਬਲ ਤੋਂ ਦਿਖਾ ਸਕਦੇ ਹਨ ਕਿ ਮਰਨ ਤੋਂ ਬਾਅਦ ਕੀ ਹੁੰਦਾ ਹੈ? ਇਸ ਵਿਸ਼ੇ ਬਾਰੇ ਬਾਈਬਲ ਜੋ ਵੀ ਕਹਿੰਦੀ ਹੈ, ਕੀ ਉਹ ਖ਼ੁਦ ਇਸ ਗੱਲ ʼਤੇ ਯਕੀਨ ਕਰਦੇ ਹਨ?a ਯਾਦ ਰੱਖੋ ਕਿ ਬਾਈਬਲ ʼਤੇ ਆਪਣੇ ਬੱਚਿਆਂ ਦੀ ਨਿਹਚਾ ਪੱਕੀ ਕਰਨ ਲਈ ਧੀਰਜ ਰੱਖਣਾ ਬਹੁਤ ਜ਼ਰੂਰੀ ਹੈ। ਇਕ ਦਿਨ ਤੁਹਾਡੀ ਮਿਹਨਤ ਜ਼ਰੂਰ ਰੰਗ ਲਿਆਵੇਗੀ।—ਬਿਵ. 6:6, 7.
10. ਬੱਚਿਆਂ ਨੂੰ ਸਿੱਖੀਆਂ ਦੇਣ ਦੇ ਨਾਲ-ਨਾਲ ਹੋਰ ਕਿਹੜੀ ਗੱਲ ਜ਼ਰੂਰੀ ਹੈ?
10 ਬੱਚਿਆਂ ਦੀ ਨਿਹਚਾ ਮਜ਼ਬੂਤ ਕਰਨ ਲਈ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਲਈ ਵਧੀਆ ਮਿਸਾਲ ਬਣੋ। ਤਿੰਨ ਕੁੜੀਆਂ ਦੀ ਮਾਂ ਸਟੈਫ਼ਨੀ ਕਹਿੰਦੀ ਹੈ: “ਮਾਂ ਬਣਨ ਤੋਂ ਬਾਅਦ ਮੈਂ ਹਮੇਸ਼ਾ ਆਪਣੇ ਆਪ ਤੋਂ ਇਹ ਸਵਾਲ ਪੁੱਛਦੀ ਆਈ ਹਾਂ, ‘ਕੀ ਮੈਂ ਆਪਣੇ ਬੱਚਿਆਂ ਨਾਲ ਇਸ ਬਾਰੇ ਗੱਲ ਕਰਦੀ ਹਾਂ ਕਿ ਮੈਨੂੰ ਇਨ੍ਹਾਂ ਗੱਲਾਂ ʼਤੇ ਪੱਕਾ ਯਕੀਨ ਕਿਉਂ ਹੈ ਕਿ ਯਹੋਵਾਹ ਜੀਉਂਦਾ ਪਰਮੇਸ਼ੁਰ ਹੈ, ਉਹ ਸਾਨੂੰ ਪਿਆਰ ਕਰਦਾ ਹੈ ਅਤੇ ਉਸ ਦੇ ਮਿਆਰ ਸਾਡੇ ਭਲੇ ਲਈ ਹਨ? ਕੀ ਮੇਰੇ ਬੱਚੇ ਸਾਫ਼-ਸਾਫ਼ ਦੇਖ ਸਕਦੇ ਹਨ ਕਿ ਮੈਂ ਸੱਚ-ਮੁੱਚ ਯਹੋਵਾਹ ਨੂੰ ਪਿਆਰ ਕਰਦੀ ਹਾਂ?’ ਜੇ ਮੈਨੂੰ ਹੀ ਨਿਹਚਾ ਨਹੀਂ ਹੈ, ਤਾਂ ਮੇਰੇ ਬੱਚੇ ਨਿਹਚਾ ਕਿਵੇਂ ਕਰਨਗੇ।”
‘ਬੁੱਧੀਮਾਨ ਬਣ ਕੇ ਮੁਕਤੀ ਪਾਓ’
11, 12. ਬੁੱਧੀਮਾਨ ਹੋਣ ਦਾ ਕੀ ਮਤਲਬ ਹੈ? ਬੁੱਧੀਮਾਨ ਹੋਣਾ ਉਮਰ ʼਤੇ ਨਿਰਭਰ ਕਿਉਂ ਨਹੀਂ ਕਰਦਾ?
11 ਹੁਣ ਤਕ ਅਸੀਂ ਸਿੱਖਿਆ ਹੈ ਕਿ ਤਿਮੋਥਿਉਸ (1) ਪਵਿੱਤਰ ਲਿਖਤਾਂ ਨੂੰ ਜਾਣਦਾ ਸੀ ਅਤੇ (2) ਸਿੱਖੀਆਂ ਗੱਲਾਂ ʼਤੇ ਪੂਰਾ ਯਕੀਨ ਕਰਦਾ ਸੀ। ਪਰ ਪੌਲੁਸ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ “ਇਹ ਲਿਖਤਾਂ ਤੈਨੂੰ ਬੁੱਧੀਮਾਨ ਬਣਾ ਸਕਦੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਤੈਨੂੰ ਮੁਕਤੀ ਮਿਲ ਸਕਦੀ ਹੈ”?
12 ਬਾਈਬਲ ਕੋਸ਼ ਵਿਚ ਸਮਝਾਇਆ ਗਿਆ ਹੈ ਕਿ ਬਾਈਬਲ ਵਿਚ ਬੁੱਧੀ ਇਸਤੇਮਾਲ ਕਰਨ ਦੇ ਮਤਲਬ ਵਿਚ ਇਹ ਵੀ ਸ਼ਾਮਲ ਹੈ ਕਿ ਅਸੀਂ “ਗਿਆਨ ਅਤੇ ਸਮਝ ਨੂੰ ਵਰਤ ਕੇ ਸਮੱਸਿਆਵਾਂ ਸੁਲਝਾਈਏ, ਖ਼ਤਰਿਆਂ ਤੋਂ ਬਚੀਏ, ਟੀਚੇ ਹਾਸਲ ਕਰੀਏ ਅਤੇ ਦੂਜਿਆਂ ਨੂੰ ਵੀ ਇਸ ਤਰ੍ਹਾਂ ਕਰਨ ਦੀ ਸਲਾਹ ਦੇਈਏ। ਇਹ ਮੂਰਖਤਾ ਤੋਂ ਉਲਟ ਹੈ।” (ਇਨਸਾਈਟ ਔਨ ਦ ਸਕ੍ਰਿਪਚਰਸ ਖੰਡ 2) ਬਾਈਬਲ ਕਹਿੰਦੀ ਹੈ ਕਿ “ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ।” (ਕਹਾ. 22:15) ਇਸ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਬੁੱਧੀਮਾਨ ਇਨਸਾਨ ਮੂਰਖ ਨਹੀਂ, ਸਗੋਂ ਸਮਝਦਾਰ ਹੁੰਦਾ ਹੈ। ਪਰ ਜ਼ਰੂਰੀ ਨਹੀਂ ਕਿ ਉਮਰ ਦੇ ਵਧਣ ਕਰਕੇ ਇਕ ਵਿਅਕਤੀ ਸੱਚਾਈ ਵਿਚ ਪੱਕਾ ਹੋ ਜਾਂਦਾ ਹੈ ਜਾਂ ਬੁੱਧੀਮਾਨ ਬਣ ਜਾਂਦਾ ਹੈ। ਇਸ ਦੀ ਬਜਾਇ, ਯਹੋਵਾਹ ਦਾ ਡਰ ਰੱਖਣ ਕਰਕੇ ਅਤੇ ਉਸ ਦਾ ਕਹਿਣਾ ਮੰਨਣ ਕਰਕੇ ਉਹ ਸੱਚਾਈ ਵਿਚ ਪੱਕਾ ਅਤੇ ਸਮਝਦਾਰ ਹੁੰਦਾ ਹੈ।—ਜ਼ਬੂਰਾਂ ਦੀ ਪੋਥੀ 111:10 ਪੜ੍ਹੋ।
13. ਨੌਜਵਾਨ ਕਿਵੇਂ ਦਿਖਾ ਸਕਦੇ ਹਨ ਕਿ ਉਹ ਬੁੱਧੀਮਾਨ ਬਣ ਕੇ ਮੁਕਤੀ ਪਾਉਣੀ ਚਾਹੁੰਦੇ ਹਨ?
13 ਸਾਡੇ ਬਹੁਤ ਸਾਰੇ ਨੌਜਵਾਨ ਸੱਚਾਈ ਵਿਚ ਪੱਕੇ ਹਨ ਅਤੇ ਸਮਝਦਾਰ ਹੋਣ ਦਾ ਸਬੂਤ ਦਿੰਦੇ ਹਨ। ਉਹ ਆਪਣੀਆਂ ਇੱਛਾਵਾਂ ਕਰਕੇ ਜਾਂ ਦੂਜਿਆਂ ਨੌਜਵਾਨਾਂ ਕਰਕੇ “ਇੱਧਰ-ਉੱਧਰ ਡੋਲਦੇ ਨਹੀਂ . . . ਜਿਵੇਂ ਲਹਿਰਾਂ ਤੇ ਹਵਾ ਕਰਕੇ ਕਿਸ਼ਤੀ ਸਮੁੰਦਰ ਵਿਚ ਇੱਧਰ-ਉੱਧਰ ਡੋਲਦੀ ਹੈ।” (ਅਫ਼. 4:14) ਨਾਲੇ ਉਹ “ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਨੂੰ ਵਾਰ-ਵਾਰ ਇਸਤੇਮਾਲ ਕਰ ਕੇ ਸਹੀ ਤੇ ਗ਼ਲਤ ਵਿਚ ਫ਼ਰਕ” ਦੇਖ ਸਕਦੇ ਹਨ। (ਇਬ. 5:14) ਇਸ ਲਈ ਉਹ ਉਦੋਂ ਵੀ ਸਹੀ ਫ਼ੈਸਲੇ ਕਰਦੇ ਹਨ ਜਦੋਂ ਉਨ੍ਹਾਂ ਦੇ ਮਾਪੇ ਜਾਂ ਵੱਡੇ ਉਨ੍ਹਾਂ ਨੂੰ ਨਹੀਂ ਦੇਖ ਰਹੇ ਹੁੰਦੇ। (ਫ਼ਿਲਿ. 2:12) ਇਸ ਤਰ੍ਹਾਂ ਦੀ ਬੁੱਧ ਮੁਕਤੀ ਪਾਉਣ ਲਈ ਜ਼ਰੂਰੀ ਹੈ। (ਕਹਾਉਤਾਂ 24:14 ਪੜ੍ਹੋ।) ਅਜਿਹੀ ਬੁੱਧ ਹਾਸਲ ਕਰਨ ਵਿਚ ਤੁਸੀਂ ਆਪਣੇ ਬੱਚਿਆਂ ਦੀ ਮਦਦ ਕਿਵੇਂ ਕਰ ਸਕਦੇ ਹੋ? ਆਪਣੇ ਬੱਚਿਆਂ ਨੂੰ ਸਾਫ਼-ਸਾਫ਼ ਦੱਸੋ ਕਿ ਤੁਸੀਂ ਬਾਈਬਲ ਦੇ ਕਿਹੜੇ ਉੱਚੇ-ਸੁੱਚੇ ਮਿਆਰਾਂ ʼਤੇ ਚੱਲਦੇ ਹੋ। ਆਪਣੀ ਕਹਿਣੀ ਅਤੇ ਕਰਨੀ ਰਾਹੀਂ ਦਿਖਾਓ ਕਿ ਤੁਸੀਂ ਬਾਈਬਲ ਦੇ ਮਿਆਰਾਂ ʼਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹੋ।—ਰੋਮੀ. 2:21-23.
14, 15. (ੳ) ਇਕ ਨੌਜਵਾਨ ਨੂੰ ਬਪਤਿਸਮਾ ਲੈਣ ਤੋਂ ਪਹਿਲਾਂ, ਕਿਨ੍ਹਾਂ ਗੱਲਾਂ ਬਾਰੇ ਸੋਚਣਾ ਚਾਹੀਦਾ ਹੈ? (ਅ) ਪਰਮੇਸ਼ੁਰ ਦੇ ਕਾਨੂੰਨਾਂ ਦੀ ਪਾਲਣਾ ਕਰ ਕੇ ਬਰਕਤਾਂ ਮਿਲਦੀਆਂ ਹਨ। ਇਸ ਬਾਰੇ ਸੋਚ-ਵਿਚਾਰ ਕਰਨ ਲਈ ਤੁਸੀਂ ਆਪਣੇ ਬੱਚਿਆਂ ਦੀ ਮਦਦ ਕਿਵੇਂ ਕਰ ਸਕਦੇ ਹੋ?
14 ਬੱਚਿਆਂ ਦੀ ਨਿਹਚਾ ਮਜ਼ਬੂਤ ਕਰਨ ਲਈ ਸਿਰਫ਼ ਇਹ ਦੱਸਣਾ ਕਾਫ਼ੀ ਨਹੀਂ ਹੈ ਕਿ ਕੀ ਸਹੀ ਹੈ ਤੇ ਕੀ ਗ਼ਲਤ। ਉਨ੍ਹਾਂ ਦੀ ਅਜਿਹੇ ਸਵਾਲਾਂ ਉੱਤੇ ਤਰਕ ਕਰਨ ਵਿਚ ਮਦਦ ਕਰੋ, ਜਿਵੇਂ ਕਿ: ‘ਬਾਈਬਲ ਉਹ ਕੰਮ ਕਰਨ ਤੋਂ ਮਨ੍ਹਾਂ ਕਿਉਂ ਕਰਦੀ ਹੈ ਜੋ ਸ਼ਾਇਦ ਤੈਨੂੰ ਚੰਗੇ ਲੱਗਣ? ਤੈਨੂੰ ਇਸ ਗੱਲ ਦਾ ਪੱਕਾ ਯਕੀਨ ਕਿਉਂ ਹੈ ਕਿ ਬਾਈਬਲ ਦੇ ਮਿਆਰ ਹਮੇਸ਼ਾ ਤੇਰੇ ਭਲੇ ਲਈ ਹਨ?’—ਯਸਾ. 48:17, 18.
15 ਜੇ ਤੁਹਾਡਾ ਬੱਚਾ ਬਪਤਿਸਮਾ ਲੈਣਾ ਚਾਹੁੰਦਾ ਹੈ, ਤਾਂ ਉਸ ਨੂੰ ਇਸ ਗੱਲ ਬਾਰੇ ਸੋਚਣ ਲਈ ਕਹੋ ਕਿ ਮਸੀਹੀ ਬਣ ਕੇ ਉਸ ʼਤੇ ਕਿਹੜੀਆਂ ਜ਼ਿੰਮੇਵਾਰੀਆਂ ਆਉਣਗੀਆਂ? ਇਨ੍ਹਾਂ ਜ਼ਿੰਮੇਵਾਰੀਆਂ ਪ੍ਰਤੀ ਉਸ ਦਾ ਕੀ ਨਜ਼ਰੀਆ ਹੈ? ਇਨ੍ਹਾਂ ਨੂੰ ਨਿਭਾਉਣ ਦੇ ਉਸ ਨੂੰ ਕਿਹੜੇ ਫ਼ਾਇਦੇ ਹੋਣਗੇ? ਉਸ ਉੱਤੇ ਕਿਹੜੀਆਂ ਮੁਸ਼ਕਲਾਂ ਆਉਣਗੀਆਂ? ਚਾਹੇ ਉਨ੍ਹਾਂ ਨੂੰ ਕੁਰਬਾਨੀਆਂ ਕਰਨੀਆਂ ਪੈਣ, ਪਰ ਉਸ ਦੇ ਬਦਲੇ ਵਿਚ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ? (ਮਰ. 10:29, 30) ਇਹ ਬਹੁਤ ਜ਼ਰੂਰੀ ਹੈ ਕਿ ਬੱਚੇ ਬਪਤਿਸਮਾ ਲੈਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਬਾਰੇ ਸੋਚਣ। ਆਪਣੇ ਬੱਚੇ ਦੀ ਇਨ੍ਹਾਂ ਗੱਲਾਂ ʼਤੇ ਸੋਚ-ਵਿਚਾਰ ਕਰਨ ਵਿਚ ਮਦਦ ਕਰੋ ਕਿ ਕਹਿਣਾ ਮੰਨਣ ਦੇ ਕਿਹੜੇ ਫ਼ਾਇਦੇ ਹਨ ਅਤੇ ਨਾ ਮੰਨਣ ਦੇ ਕਿਹੜੇ ਨੁਕਸਾਨ। ਇਸ ਤਰ੍ਹਾਂ ਕਰ ਕੇ ਉਸ ਨੂੰ ਯਕੀਨ ਹੋਵੇਗਾ ਕਿ ਬਾਈਬਲ ਦੇ ਮਿਆਰਾਂ ʼਤੇ ਚੱਲ ਕੇ ਹਮੇਸ਼ਾ ਉਸ ਦਾ ਭਲਾ ਹੋਵੇਗਾ।—ਬਿਵ. 30:19, 20.
ਬਪਤਿਸਮੇ ਤੋਂ ਬਾਅਦ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ
16. ਜੇ ਬਪਤਿਸਮੇ ਤੋਂ ਬਾਅਦ ਤੁਹਾਡੇ ਬੱਚੇ ਦੇ ਮਨ ਵਿਚ ਸੱਚਾਈ ਬਾਰੇ ਸ਼ੱਕ ਪੈਦਾ ਹੋਵੇ, ਤਾਂ ਤੁਸੀਂ ਕੀ ਕਰ ਸਕਦੇ ਹੋ?
16 ਜੇ ਬਪਤਿਸਮੇ ਤੋਂ ਬਾਅਦ ਤੁਹਾਡੇ ਬੱਚੇ ਦੇ ਮਨ ਵਿਚ ਸੱਚਾਈ ਬਾਰੇ ਸ਼ੱਕ ਪੈਦਾ ਹੋਵੇ, ਤਾਂ ਤੁਸੀਂ ਕੀ ਕਰ ਸਕਦੇ ਹੋ? ਮਿਸਾਲ ਲਈ, ਸ਼ਾਇਦ ਉਹ ਦੁਨੀਆਂ ਦੀ ਚਮਕ-ਦਮਕ ਵੱਲ ਖਿੱਚਿਆਂ ਜਾਵੇ। ਜਾਂ ਸ਼ਾਇਦ ਉਹ ਸੋਚੇ ਕਿ ਬਾਈਬਲ ਦੇ ਮਿਆਰਾਂ ʼਤੇ ਚੱਲਣ ਦਾ ਕੋਈ ਫ਼ਾਇਦਾ ਨਹੀਂ। (ਜ਼ਬੂ. 73:1-3, 12, 13) ਹੁਣ ਇਨ੍ਹਾਂ ਹਾਲਾਤਾਂ ਵਿਚ ਤੁਹਾਡੇ ਪੇਸ਼ ਆਉਣ ਦੇ ਤਰੀਕੇ ʼਤੇ ਨਿਰਭਰ ਕਰੇਗਾ ਕਿ ਉਹ ਯਹੋਵਾਹ ਦੀ ਸੇਵਾ ਕਰਦਾ ਰਹੇਗਾ ਜਾਂ ਨਹੀਂ। ਜੇ ਉਹ ਅਜੇ ਛੋਟਾ ਹੀ ਹੈ ਜਾਂ ਅੱਲੜ੍ਹ ਉਮਰ ਦਾ ਹੈ, ਫਿਰ ਵੀ ਉਸ ਨਾਲ ਬਹਿਸ ਨਾ ਕਰੋ ਤੇ ਨਾ ਹੀ ਉਸ ਨੂੰ ਮਜਬੂਰ ਕਰੋ। ਇਸ ਦੀ ਬਜਾਇ, ਉਸ ਨੂੰ ਦੱਸੋ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ ਅਤੇ ਉਸ ਦੀ ਮਦਦ ਕਰਨੀ ਚਾਹੁੰਦੇ ਹੋ।
17, 18. ਜੇ ਬੱਚੇ ਦੇ ਮਨ ਵਿਚ ਸ਼ੱਕ ਹੋਵੇ, ਤਾਂ ਮਾਪੇ ਉਸ ਦੀ ਮਦਦ ਕਿਵੇਂ ਕਰ ਸਕਦੇ ਹਨ?
17 ਬਪਤਿਸਮਾ ਲੈਣ ਤੋਂ ਪਹਿਲਾਂ ਇਕ ਨੌਜਵਾਨ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰਦਾ ਹੈ। ਉਹ ਵਾਅਦਾ ਕਰਦਾ ਹੈ ਕਿ ਉਹ ਸਭ ਤੋਂ ਜ਼ਿਆਦਾ ਪਿਆਰ ਯਹੋਵਾਹ ਨੂੰ ਕਰੇਗਾ ਅਤੇ ਉਸ ਦੀ ਸੇਵਾ ਨੂੰ ਪਹਿਲ ਦੇਵੇਗਾ। (ਮਰਕੁਸ 12:30 ਪੜ੍ਹੋ।) ਯਹੋਵਾਹ ਦੀਆਂ ਨਜ਼ਰਾਂ ਵਿਚ ਇਹ ਇਕ ਬਹੁਤ ਹੀ ਗੰਭੀਰ ਵਾਅਦਾ ਹੈ ਅਤੇ ਸਾਨੂੰ ਵੀ ਇਸ ਵਾਅਦੇ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ। (ਉਪ. 5:4, 5) ਆਪਣੇ ਬੱਚੇ ਨੂੰ ਇਹ ਵਾਅਦਾ ਯਾਦ ਕਰਾਓ। ਮਾਪਿਓ, ਪਹਿਲਾਂ ਸੰਗਠਨ ਵੱਲੋਂ ਮਾਪਿਆਂ ਲਈ ਤਿਆਰ ਕੀਤੀ ਜਾਣਕਾਰੀ ਨੂੰ ਪੜ੍ਹੋ ਅਤੇ ਉਸ ਦਾ ਚੰਗੀ ਤਰ੍ਹਾਂ ਅਧਿਐਨ ਕਰੋ। ਫਿਰ ਢੁਕਵੇਂ ਸਮੇਂ ਤੇ ਅਤੇ ਪਿਆਰ ਨਾਲ ਆਪਣੇ ਬੱਚੇ ਨੂੰ ਸਮਝਾਓ ਕਿ ਸਮਰਪਣ ਕਰ ਕੇ ਬਪਤਿਸਮਾ ਲੈਣ ਦਾ ਉਸ ਦਾ ਫ਼ੈਸਲਾ ਬਹੁਤ ਗੰਭੀਰ ਸੀ। ਨਾਲੇ ਇਹ ਵੀ ਯਾਦ ਕਰਾਓ ਕਿ ਵਾਅਦਾ ਨਿਭਾਉਣ ਨਾਲ ਉਸ ਨੂੰ ਕਿੰਨੀਆਂ ਹੀ ਬਰਕਤਾਂ ਮਿਲਣਗੀਆਂ।
18 ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ, ਭਾਗ 1 (ਅੰਗ੍ਰੇਜ਼ੀ) ਕਿਤਾਬ ਦੀ ਵਧੇਰੀ ਜਾਣਕਾਰੀ ਵਿਚ “ਮਾਪੇ ਪੁੱਛਦੇ ਹਨ” ਭਾਗ ਵਿਚ ਬਹੁਤ ਵਧੀਆ ਸਲਾਹ ਦਿੱਤੀ ਗਈ ਹੈ। ਉਸ ਵਿਚ ਮਾਪਿਆਂ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਉਹ ਝੱਟ ਇਹ ਨਾ ਸੋਚ ਲੈਣ ਕਿ ਉਨ੍ਹਾਂ ਦੇ ਬੱਚੇ ਯਹੋਵਾਹ ਦੀ ਭਗਤੀ ਨਹੀਂ ਕਰਨੀ ਚਾਹੁੰਦੇ, ਸਗੋਂ ਇਹ ਸਮਝਣ ਦੀ ਕੋਸ਼ਿਸ਼ ਕਰਨ ਕਿ ਬੱਚੇ ਕਿਹੜੀ ਗੱਲੋਂ ਪਰੇਸ਼ਾਨ ਹਨ। ਸ਼ਾਇਦ ਸਕੂਲ ਵਿਚ ਉਨ੍ਹਾਂ ਉੱਤੇ ਗ਼ਲਤ ਕੰਮ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ ਜਾਂ ਉਹ ਇਕੱਲਾਪਣ ਮਹਿਸੂਸ ਕਰਦੇ ਹਨ। ਜਾਂ ਉਸ ਨੂੰ ਲੱਗਦਾ ਹੈ ਕਿ ਬਾਕੀ ਬੱਚੇ ਉਸ ਨਾਲੋਂ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਕੰਮ ਕਰ ਰਹੇ ਹਨ। ਵਧੇਰੀ ਜਾਣਕਾਰੀ ਵਿਚ ਇਹ ਵੀ ਸਮਝਾਇਆ ਗਿਆ ਹੈ ਕਿ ਜ਼ਰੂਰੀ ਨਹੀਂ ਕਿ ਉਨ੍ਹਾਂ ਦੇ ਪਰੇਸ਼ਾਨ ਹੋਣ ਦਾ ਕਾਰਨ ਇਹੀ ਹੋਵੇ ਕਿ ਉਹ ਤੁਹਾਡੇ ਵਿਸ਼ਵਾਸਾਂ ਨਾਲ ਸਹਿਮਤ ਨਹੀਂ ਹਨ। ਅਕਸਰ ਸੱਚਾਈ ਉੱਤੇ ਸ਼ੱਕ ਕਰਨ ਦਾ ਕਾਰਨ ਕੁਝ ਹੋਰ ਵੀ ਹੋ ਸਕਦਾ ਹੈ। ਵਧੇਰੀ ਜਾਣਕਾਰੀ ਵਿਚ ਇਹ ਵੀ ਸੁਝਾਅ ਦਿੱਤੇ ਗਏ ਹਨ ਕਿ ਮਾਪੇ ਆਪਣੇ ਬੱਚਿਆਂ ਦੇ ਦਿਲਾਂ ਵਿੱਚੋਂ ਸ਼ੱਕ ਦੂਰ ਕਰਨ ਲਈ ਕੀ ਕਰ ਸਕਦੇ ਹਨ।
19. ਮਾਪੇ ਬੱਚਿਆਂ ਦੀ ‘ਬੁੱਧੀਮਾਨ ਬਣ ਕੇ ਮੁਕਤੀ ਪਾਉਣ’ ਵਿਚ ਮਦਦ ਕਿਵੇਂ ਕਰ ਸਕਦੇ ਹਨ?
19 ਮਾਪਿਓ, ਤੁਹਾਡੇ ਕੋਲ ਇਹ ਸਨਮਾਨ ਅਤੇ ਜ਼ਿੰਮੇਵਾਰੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ “ਯਹੋਵਾਹ ਦੀ ਤਾੜਨਾ ਅਤੇ ਸਿੱਖਿਆ ਦਿੰਦੇ ਹੋਏ ਉਨ੍ਹਾਂ ਦੀ ਪਰਵਰਿਸ਼” ਕਰੋ। (ਅਫ਼. 6:4) ਇੱਦਾਂ ਕਰਨ ਲਈ ਬੱਚਿਆਂ ਨੂੰ ਨਾ ਸਿਰਫ਼ ਬਾਈਬਲ ਬਾਰੇ ਜਾਣਕਾਰੀ ਦਿਓ, ਸਗੋਂ ਸਿੱਖੀਆਂ ਗੱਲਾਂ ʼਤੇ ਉਨ੍ਹਾਂ ਦੀ ਨਿਹਚਾ ਪੱਕੀ ਕਰੋ। ਜਦੋਂ ਉਨ੍ਹਾਂ ਦੀ ਨਿਹਚਾ ਪੱਕੀ ਹੋ ਜਾਵੇਗੀ, ਤਾਂ ਉਹ ਆਪ ਯਹੋਵਾਹ ਨੂੰ ਸਮਰਪਣ ਕਰਨ ਅਤੇ ਪੂਰੇ ਦਿਲ ਨਾਲ ਉਸ ਦੀ ਸੇਵਾ ਕਰਨੀ ਚਾਹੁੰਣਗੇ। ਸਾਡੀ ਦੁਆ ਹੈ ਕਿ ਯਹੋਵਾਹ ਦੇ ਬਚਨ, ਉਸ ਦੀ ਪਵਿੱਤਰ ਸ਼ਕਤੀ ਅਤੇ ਤੁਹਾਡੀ ਮਿਹਨਤ ਕਰਕੇ ਤੁਹਾਡੇ ਬੱਚੇ ‘ਬੁੱਧੀਮਾਨ ਬਣ ਕੇ ਮੁਕਤੀ ਪਾਉਣ।’
a ਸਾਡੀ ਵੈੱਬਸਾਈਟ jw.org ʼਤੇ “ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?” ʼਤੇ ਆਧਾਰਿਤ ਖ਼ਾਸ ਲੇਖਾਂ ਦੀ ਲੜੀ ਤਿਆਰ ਕੀਤੀ ਗਈ ਹੈ। ਇਹ ਲੜੀ ਕਈ ਭਾਸ਼ਾਵਾਂ ਵਿਚ ਉਪਲਬਧ ਹੈ। ਬਾਈਬਲ ਦੀਆਂ ਸੱਚਾਈਆਂ ਖ਼ੁਦ ਸਮਝਣ ਅਤੇ ਦੂਜਿਆਂ ਨੂੰ ਸਮਝਾਉਣ ਲਈ ਇਹ ਲੜੀ ਨੌਜਵਾਨਾਂ ਅਤੇ ਵੱਡਿਆਂ ਦੀ ਬਹੁਤ ਮਦਦ ਕਰ ਸਕਦੀ ਹੈ। ਤੁਸੀਂ ਇਹ ਲੜੀ ਵੈੱਬਸਾਈਟ ਉੱਤੇ ਬਾਈਬਲ ਦੀਆਂ ਸਿੱਖਿਆਵਾਂ > ਬਾਈਬਲ ਸਟੱਡੀ ਲਈ ਔਜ਼ਾਰ ਹੇਠਾਂ ਦੇਖ ਸਕਦੇ ਹੋ।