ਯਹੋਵਾਹ ਦੇ ਵਾਅਦਿਆਂ ʼਤੇ ਆਪਣੀ ਨਿਹਚਾ ਦਾ ਸਬੂਤ ਦਿਓ
‘ਨਿਹਚਾ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਜਿਸ ਚੀਜ਼ ʼਤੇ ਵਿਸ਼ਵਾਸ ਕਰਦੇ ਹੋ, ਉਹ ਸੱਚ-ਮੁੱਚ ਹੈ, ਭਾਵੇਂ ਤੁਸੀਂ ਉਸ ਨੂੰ ਦੇਖ ਨਹੀਂ ਸਕਦੇ।’—ਇਬ. 11:1.
1. ਸਾਨੂੰ ਆਪਣੀ ਨਿਹਚਾ ਪ੍ਰਤੀ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ?
ਨਿਹਚਾ ਮਸੀਹੀਆਂ ਦਾ ਇਕ ਅਨਮੋਲ ਗੁਣ ਹੈ। ਸਾਰੇ ਇਨਸਾਨਾਂ ਵਿਚ ਇਹ ਗੁਣ ਨਹੀਂ ਹੁੰਦਾ। (2 ਥੱਸ. 3:2) ਪਰ ਯਹੋਵਾਹ ਆਪਣੇ ਸਾਰੇ ਸੇਵਕਾਂ ਨੂੰ “ਨਿਹਚਾ” ਦਿੰਦਾ ਹੈ। (ਰੋਮੀ. 12:3; ਗਲਾ. 5:22) ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਪਰਮੇਸ਼ੁਰ ਨੇ ਸਾਨੂੰ ਨਿਹਚਾ ਦਿੱਤੀ ਹੈ।
2, 3. (ੳ) ਨਿਹਚਾ ਰੱਖਣ ਕਰਕੇ ਕਿਹੜੀਆਂ ਬਰਕਤਾਂ ਮਿਲ ਸਕਦੀਆਂ ਹਨ? (ਅ) ਅਸੀਂ ਹੁਣ ਕਿਨ੍ਹਾਂ ਸਵਾਲਾਂ ʼਤੇ ਗੌਰ ਕਰਾਂਗੇ?
2 ਯਿਸੂ ਮਸੀਹ ਨੇ ਕਿਹਾ ਕਿ ਉਸ ਦਾ ਸਵਰਗੀ ਪਿਤਾ ਉਸ ਦੇ ਜ਼ਰੀਏ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ। (ਯੂਹੰ. 6:44, 65) ਇਸ ਲਈ ਯਿਸੂ ʼਤੇ ਨਿਹਚਾ ਕਰਨ ਕਰਕੇ ਇਨਸਾਨਾਂ ਲਈ ਪਾਪਾਂ ਤੋਂ ਮਾਫ਼ੀ ਪਾਉਣ ਦਾ ਰਾਹ ਖੁੱਲ੍ਹਿਆ ਹੈ। ਨਤੀਜੇ ਵਜੋਂ, ਅਸੀਂ ਯਹੋਵਾਹ ਨਾਲ ਹਮੇਸ਼ਾ ਲਈ ਰਿਸ਼ਤਾ ਕਾਇਮ ਕਰ ਸਕਦੇ ਹਾਂ। (ਰੋਮੀ. 6:23) ਪਰ ਅਸੀਂ ਕਿਹੜਾ ਕੰਮ ਕੀਤਾ ਜਿਸ ਕਰਕੇ ਸਾਨੂੰ ਇਸ ਸ਼ਾਨਦਾਰ ਬਰਕਤ ਦੇ ਲਾਇਕ ਸਮਝਿਆ ਗਿਆ? ਪਾਪੀ ਹੋਣ ਕਰਕੇ ਅਸੀਂ ਸਿਰਫ਼ ਮੌਤ ਦੇ ਹੀ ਲਾਇਕ ਹਾਂ। (ਜ਼ਬੂ. 103:10) ਪਰ ਯਹੋਵਾਹ ਨੇ ਸਾਡੇ ਵਿਚ ਕੁਝ ਚੰਗਾ ਦੇਖਿਆ। ਉਸ ਨੇ ਆਪਣੀ ਅਪਾਰ ਕਿਰਪਾ ਕਰ ਕੇ ਯਿਸੂ ਅਤੇ ਉਸ ਦੀ ਕੁਰਬਾਨੀ ਬਾਰੇ ਖ਼ੁਸ਼ ਖ਼ਬਰੀ ਸਿੱਖਣ ਵਿਚ ਸਾਡੀ ਮਦਦ ਕੀਤੀ। ਇਸ ਕਰਕੇ ਅਸੀਂ ਯਿਸੂ ʼਤੇ ਨਿਹਚਾ ਕਰਨ ਲੱਗ ਪਏ ਤਾਂਕਿ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲ ਸਕੇ।—1 ਯੂਹੰਨਾ 4:9, 10 ਪੜ੍ਹੋ।
3 ਪਰ ਅਸਲ ਵਿਚ ਨਿਹਚਾ ਹੈ ਕੀ? ਕੀ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਵਿਚ ਨਿਹਚਾ ਹੈ ਜੇ ਅਸੀਂ ਸਿਰਫ਼ ਪਰਮੇਸ਼ੁਰ ਵੱਲੋਂ ਮਿਲਣ ਵਾਲੀਆਂ ਬਰਕਤਾਂ ਬਾਰੇ ਜਾਣਦੇ ਹਾਂ? ਪਰ ਇਨ੍ਹਾਂ ਤੋਂ ਵੀ ਜ਼ਰੂਰੀ ਸਵਾਲ ਇਹ ਹੈ ਕਿ ਸਾਨੂੰ ਕਿਨ੍ਹਾਂ ਤਰੀਕਿਆਂ ਨਾਲ ਆਪਣੀ ਨਿਹਚਾ ਦਾ ਸਬੂਤ ਦੇਣਾ ਚਾਹੀਦਾ ਹੈ?
‘ਦਿਲੋਂ ਨਿਹਚਾ ਕਰੋ’
4. ਸਮਝਾਓ ਕਿ ਨਿਹਚਾ ਰੱਖਣ ਦਾ ਮਤਲਬ ਸਿਰਫ਼ ਪਰਮੇਸ਼ੁਰ ਦੇ ਮਕਸਦਾਂ ਬਾਰੇ ਜਾਣਨਾ ਹੀ ਨਹੀਂ ਹੈ।
4 ਨਿਹਚਾ ਰੱਖਣ ਦਾ ਮਤਲਬ ਸਿਰਫ਼ ਪਰਮੇਸ਼ੁਰ ਦੇ ਮਕਸਦਾਂ ਬਾਰੇ ਜਾਣਨਾ ਹੀ ਨਹੀਂ ਹੈ, ਸਗੋਂ ਇਸ ਵਿਚ ਹੋਰ ਵੀ ਬਹੁਤ ਕੁਝ ਸ਼ਾਮਲ ਹੈ। ਇਹ ਇਕ ਜ਼ਬਰਦਸਤ ਤਾਕਤ ਹੈ ਜੋ ਇਕ ਵਿਅਕਤੀ ਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਪ੍ਰੇਰਿਤ ਕਰਦੀ ਹੈ। ਜਿਹੜਾ ਵਿਅਕਤੀ ਪਰਮੇਸ਼ੁਰ ਵੱਲੋਂ ਭੇਜੇ ਗਏ ਮੁਕਤੀਦਾਤੇ ʼਤੇ ਨਿਹਚਾ ਕਰਦਾ ਹੈ, ਉਹ ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਵੀ ਪ੍ਰੇਰਿਤ ਹੁੰਦਾ ਹੈ। ਪੌਲੁਸ ਰਸੂਲ ਨੇ ਸਮਝਾਇਆ: “ਤੇਰੀ ਜ਼ਬਾਨ ਉੱਤੇ ਸੰਦੇਸ਼ ਇਹ ਹੈ ਕਿ ਯਿਸੂ ਪ੍ਰਭੂ ਹੈ। ਜੇ ਤੁਸੀਂ ਇਸ ਸੰਦੇਸ਼ ਦਾ ਸਾਰਿਆਂ ਸਾਮ੍ਹਣੇ ਐਲਾਨ ਕਰੋਗੇ ਅਤੇ ਦਿਲੋਂ ਨਿਹਚਾ ਕਰੋਗੇ ਕਿ ਪਰਮੇਸ਼ੁਰ ਨੇ ਉਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਸੀ, ਤਾਂ ਤੁਸੀਂ ਬਚਾਏ ਜਾਓਗੇ। ਕਿਉਂਕਿ ਦਿਲੋਂ ਨਿਹਚਾ ਕਰਨ ਵਾਲੇ ਨੂੰ ਧਰਮੀ ਠਹਿਰਾਇਆ ਜਾਂਦਾ ਹੈ, ਪਰ ਮੁਕਤੀ ਪਾਉਣ ਲਈ ਜ਼ਰੂਰੀ ਹੈ ਕਿ ਉਹ ਆਪਣੇ ਮੂੰਹੋਂ ਉਸ ਨਿਹਚਾ ਦਾ ਸਾਰਿਆਂ ਸਾਮ੍ਹਣੇ ਐਲਾਨ ਕਰੇ।”—ਰੋਮੀ. 10:9, 10; 2 ਕੁਰਿੰ. 4:13.
5. ਨਿਹਚਾ ਰੱਖਣੀ ਇੰਨੀ ਜ਼ਰੂਰੀ ਕਿਉਂ ਹੈ? ਅਸੀਂ ਇਸ ਨੂੰ ਮਜ਼ਬੂਤ ਕਿਵੇਂ ਰੱਖ ਸਕਦੇ ਹਾਂ? ਉਦਾਹਰਣ ਦਿਓ।
5 ਨਵੀਂ ਦੁਨੀਆਂ ਵਿਚ ਜ਼ਿੰਦਗੀ ਦਾ ਆਨੰਦ ਮਾਣਨ ਲਈ ਜ਼ਰੂਰੀ ਹੈ ਕਿ ਅਸੀਂ ਨਿਹਚਾ ਰੱਖਣ ਦੇ ਨਾਲ-ਨਾਲ ਇਸ ਨੂੰ ਮਜ਼ਬੂਤ ਵੀ ਰੱਖੀਏ। ਨਿਹਚਾ ਦੀ ਤੁਲਨਾ ਇਕ ਪੌਦੇ ਨਾਲ ਕੀਤੀ ਜਾ ਸਕਦੀ ਹੈ। ਨਕਲੀ ਪੌਦੇ ਤੋਂ ਉਲਟ ਇਕ ਅਸਲੀ ਪੌਦਾ ਵਧਦਾ-ਫੁੱਲਦਾ ਰਹਿੰਦਾ ਹੈ। ਪਾਣੀ ਜਾਂ ਨਮੀ ਦੀ ਘਾਟ ਕਰਕੇ ਇਕ ਪੌਦਾ ਮੁਰਝਾ ਜਾਂਦਾ ਹੈ। ਪਰ ਪਾਣੀ ਮਿਲਣ ਕਰਕੇ ਇਹ ਹਰਿਆ-ਭਰਿਆ ਰਹਿੰਦਾ ਹੈ। ਜਿਹੜਾ ਪੌਦਾ ਇਕ ਸਮੇਂ ʼਤੇ ਹਰਿਆ-ਭਰਿਆ ਹੁੰਦਾ ਹੈ, ਉਹ ਪਾਣੀ ਨਾ ਮਿਲਣ ਕਰਕੇ ਮੁਰਝਾ ਕੇ ਸੁੱਕ ਜਾਂਦਾ ਹੈ। ਇਸੇ ਤਰ੍ਹਾਂ ਸਾਡੀ ਨਿਹਚਾ ਵੀ ਹੈ। ਜੇ ਅਸੀਂ ਇਸ ਦਾ ਧਿਆਨ ਨਹੀਂ ਰੱਖਦੇ, ਤਾਂ ਇਹ ਹੌਲੀ-ਹੌਲੀ ਖ਼ਤਮ ਹੋ ਜਾਵੇਗੀ। (ਲੂਕਾ 22:32; ਇਬ. 3:12) ਪਰ ਜੇ ਅਸੀਂ ਆਪਣੀ ਨਿਹਚਾ ਵੱਲ ਧਿਆਨ ਦਿੰਦੇ ਹਾਂ, ਤਾਂ ਇਹ ‘ਵਧੇਗੀ’ ਅਤੇ “ਮਜ਼ਬੂਤ” ਰਹੇਗੀ।—2 ਥੱਸ. 1:3; ਤੀਤੁ. 2:2.
ਬਾਈਬਲ ਅਨੁਸਾਰ ਨਿਹਚਾ ਦੀ ਪਰਿਭਾਸ਼ਾ
6. ਨਿਹਚਾ ਬਾਰੇ ਇਬਰਾਨੀਆਂ 11:1 ਵਿਚ ਕਿਹੜੀਆਂ ਦੋ ਖ਼ਾਸ ਗੱਲਾਂ ਸਮਝਾਈਆਂ ਗਈਆਂ ਹਨ?
6 ਇਬਰਾਨੀਆਂ 11:1 (ਪੜ੍ਹੋ) ਵਿਚ ਨਿਹਚਾ ਦੀ ਪਰਿਭਾਸ਼ਾ ਦਿੱਤੀ ਗਈ ਹੈ। (1) “ਨਿਹਚਾ ਇਸ ਗੱਲ ਦਾ ਪੱਕਾ ਭਰੋਸਾ ਹੈ ਕਿ ਜਿਨ੍ਹਾਂ ਚੀਜ਼ਾਂ ਦੀ ਉਮੀਦ ਰੱਖੀ ਗਈ ਹੈ, ਉਹ ਜ਼ਰੂਰ ਮਿਲਣਗੀਆਂ।” ਇਸ ਵਿਚ ਭਵਿੱਖ ਵਿਚ ਹੋਣ ਵਾਲੀਆਂ ਉਹ ਘਟਨਾਵਾਂ ਸ਼ਾਮਲ ਹਨ ਜਿਨ੍ਹਾਂ ਦਾ ਵਾਅਦਾ ਕੀਤਾ ਗਿਆ, ਜਿਵੇਂ ਸਾਰੀ ਦੁਸ਼ਟਤਾ ਦਾ ਖ਼ਾਤਮਾ ਅਤੇ ਨਵੀਂ ਦੁਨੀਆਂ ਦਾ ਆਉਣਾ। (2) ਨਿਹਚਾ “ਇਸ ਗੱਲ ਦਾ ਸਬੂਤ ਵੀ ਹੈ ਕਿ ਤੁਸੀਂ ਜਿਸ ਚੀਜ਼ ʼਤੇ ਵਿਸ਼ਵਾਸ ਕਰਦੇ ਹੋ, ਉਹ ਸੱਚ-ਮੁੱਚ ਹੈ, ਭਾਵੇਂ ਤੁਸੀਂ ਉਸ ਨੂੰ ਦੇਖ ਨਹੀਂ ਸਕਦੇ।” ਮਿਸਾਲ ਲਈ, ਯਹੋਵਾਹ ਪਰਮੇਸ਼ੁਰ, ਯਿਸੂ ਮਸੀਹ, ਦੂਤ ਅਤੇ ਸਵਰਗੀ ਰਾਜ। (ਇਬ. 11:3) ਅਸੀਂ ਕਿਵੇਂ ਸਬੂਤ ਦੇ ਸਕਦੇ ਹਾਂ ਕਿ ਸਾਡੀ ਨਿਹਚਾ ਪੱਕੀ ਹੈ ਅਤੇ ਬਾਈਬਲ ਦੀਆਂ ਉਨ੍ਹਾਂ ਗੱਲਾਂ ʼਤੇ ਵਿਸ਼ਵਾਸ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਦੇਖ ਨਹੀਂ ਸਕਦੇ? ਇਸ ਦਾ ਸਬੂਤ ਅਸੀਂ ਆਪਣੀ ਕਹਿਣੀ ਅਤੇ ਕਰਨੀ ਦੁਆਰਾ ਦੇ ਸਕਦੇ ਹਾਂ ਜਿਨ੍ਹਾਂ ਤੋਂ ਬਿਨਾਂ ਸਾਡੀ ਨਿਹਚਾ ਅਧੂਰੀ ਹੈ।
7. ਨਿਹਚਾ ਦਾ ਮਤਲਬ ਸਮਝਣ ਵਿਚ ਨੂਹ ਦੀ ਮਿਸਾਲ ਸਾਡੀ ਕਿਵੇਂ ਮਦਦ ਕਰਦੀ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
7 ਇਬਰਾਨੀਆਂ 11:7 ਵਿਚ ਨੂਹ ਦੀ ਨਿਹਚਾ ਬਾਰੇ ਦੱਸਿਆ ਗਿਆ ਹੈ। ਉਸ ਨੇ “ਪਰਮੇਸ਼ੁਰ ਤੋਂ ਉਨ੍ਹਾਂ ਘਟਨਾਵਾਂ ਦੀ ਚੇਤਾਵਨੀ ਮਿਲਣ ਤੋਂ ਬਾਅਦ ਜਿਹੜੀਆਂ ਅਜੇ ਦਿਖਾਈ ਨਹੀਂ ਦੇ ਰਹੀਆਂ ਸਨ, ਪਰਮੇਸ਼ੁਰ ਦਾ ਡਰ ਰੱਖਦੇ ਹੋਏ ਆਪਣੇ ਪਰਿਵਾਰ ਦੇ ਬਚਾਅ ਲਈ ਕਿਸ਼ਤੀ ਬਣਾਈ।” ਨੂਹ ਨੇ ਆਪਣੀ ਨਿਹਚਾ ਦਾ ਸਬੂਤ ਇਕ ਵਿਸ਼ਾਲ ਕਿਸ਼ਤੀ ਬਣਾ ਕੇ ਦਿੱਤਾ। ਬਿਨਾਂ ਸ਼ੱਕ, ਉਸ ਦੇ ਗੁਆਂਢੀਆਂ ਨੇ ਉਸ ਤੋਂ ਪੁੱਛਿਆ ਹੋਣਾ ਕਿ ਉਹ ਇੰਨੀ ਵੱਡੀ ਕਿਸ਼ਤੀ ਕਿਉਂ ਬਣਾ ਰਿਹਾ ਸੀ। ਕੀ ਨੂਹ ਚੁੱਪ ਰਿਹਾ ਜਾਂ ਉਸ ਨੇ ਕਿਹਾ ਕਿ ਉਹ ਉਸ ਦੇ ਕੰਮ ਵਿਚ ਲੱਤ ਨਾ ਅੜਾਉਣ? ਬਿਲਕੁਲ ਨਹੀਂ। ਉਸ ਦੀ ਨਿਹਚਾ ਨੇ ਉਸ ਨੂੰ ਪ੍ਰੇਰਿਆ ਕਿ ਉਹ ਦਲੇਰੀ ਨਾਲ ਲੋਕਾਂ ਨੂੰ ਪਰਮੇਸ਼ੁਰ ਦੇ ਆਉਣ ਵਾਲੇ ਨਿਆਂ ਬਾਰੇ ਦੱਸੇ। ਲੱਗਦਾ ਹੈ ਕਿ ਨੂਹ ਨੇ ਲੋਕਾਂ ਨੂੰ ਯਹੋਵਾਹ ਦੇ ਉਹ ਸ਼ਬਦ ਕਹੇ ਜੋ ਯਹੋਵਾਹ ਨੇ ਉਸ ਨੂੰ ਕਹੇ ਸਨ: “ਸਰਬੱਤ ਸਰੀਰਾਂ ਦਾ ਅੰਤਕਾਲ ਮੇਰੇ ਸਾਹਮਣੇ ਏਸ ਲਈ ਆ ਗਿਆ ਹੈ ਕਿ ਧਰਤੀ ਉਨ੍ਹਾਂ ਦੇ ਕਾਰਨ ਜ਼ੁਲਮ ਨਾਲ ਭਰ ਗਈ ਹੈ। . . . ਵੇਖ ਮੈਂ, ਹਾਂ, ਮੈਂ ਹੀ ਪਾਣੀ ਦੀ ਪਰਲੋ ਧਰਤੀ ਉੱਤੇ ਲਿਆ ਰਿਹਾ ਹਾਂ ਤਾਂਜੋ ਸਾਰੇ ਸਰੀਰਾਂ ਨੂੰ ਜਿਨ੍ਹਾਂ ਦੇ ਵਿੱਚ ਜੀਵਣ ਦਾ ਸਾਹ ਹੈ ਅਕਾਸ਼ ਦੇ ਹੇਠੋਂ ਨਾਸ ਕਰਾਂ। ਸਭ ਕੁਝ ਜਿਹੜਾ ਧਰਤੀ ਉੱਤੇ ਹੈ ਪ੍ਰਾਣ ਛੱਡ ਦੇਵੇਗਾ।” ਪਰਮੇਸ਼ੁਰ ਨੇ ਨੂਹ ਨੂੰ ਬਚਣ ਲਈ ਇਹ ਹੁਕਮ ਦਿੱਤਾ ਸੀ: “ਤੂੰ ਕਿਸ਼ਤੀ ਵਿੱਚ ਜਾਈਂ।” ਬਿਨਾਂ ਸ਼ੱਕ ਨੂਹ ਨੇ ਲੋਕਾਂ ਨੂੰ ਵੀ ਇਹੀ ਗੱਲ ਵਾਰ-ਵਾਰ ਕਹੀ ਹੋਣੀ। ਇਸ ਤਰ੍ਹਾਂ ਕਰ ਕੇ ਵੀ “ਧਾਰਮਿਕਤਾ ਦੇ ਪ੍ਰਚਾਰਕ” ਨੂਹ ਨੇ ਆਪਣੀ ਨਿਹਚਾ ਦਾ ਸਬੂਤ ਦਿੱਤਾ।—ਉਤ. 6:13, 17, 18; 2 ਪਤ. 2:5.
8. ਯਾਕੂਬ ਨੇ ਨਿਹਚਾ ਬਾਰੇ ਕੀ ਕਿਹਾ?
8 ਲੱਗਦਾ ਹੈ ਕਿ ਪੌਲੁਸ ਰਸੂਲ ਦੇ ਨਿਹਚਾ ਬਾਰੇ ਲਿਖਣ ਤੋਂ ਥੋੜ੍ਹੀ ਦੇਰ ਬਾਅਦ ਯਾਕੂਬ ਨੇ ਆਪਣੀ ਚਿੱਠੀ ਲਿਖੀ। ਪੌਲੁਸ ਦੀ ਤਰ੍ਹਾਂ ਯਾਕੂਬ ਨੇ ਸਮਝਾਇਆ ਕਿ ਨਿਹਚਾ ਰੱਖਣ ਦਾ ਮਤਲਬ ਸਿਰਫ਼ ਵਿਸ਼ਵਾਸ ਕਰਨਾ ਹੀ ਨਹੀਂ, ਸਗੋਂ ਇਸ ਵਿਚ ਕੰਮ ਕਰਨੇ ਵੀ ਸ਼ਾਮਲ ਹਨ। ਯਾਕੂਬ ਨੇ ਲਿਖਿਆ: “ਤੂੰ ਮੈਨੂੰ ਕੰਮਾਂ ਤੋਂ ਬਿਨਾਂ ਦਿਖਾ ਕਿ ਤੂੰ ਨਿਹਚਾ ਕਰਦਾ ਹੈਂ ਅਤੇ ਮੈਂ ਤੈਨੂੰ ਆਪਣੇ ਕੰਮਾਂ ਰਾਹੀਂ ਦਿਖਾਵਾਂਗਾ ਕਿ ਮੈਂ ਨਿਹਚਾ ਕਰਦਾ ਹਾਂ।” (ਯਾਕੂ. 2:18) ਯਾਕੂਬ ਨੇ ਅੱਗੇ ਸਾਫ਼-ਸਾਫ਼ ਸਮਝਾਇਆ ਕਿ ਨਿਹਚਾ ਰੱਖਣ ਅਤੇ ਕੰਮਾਂ ਰਾਹੀਂ ਇਸ ਦਾ ਸਬੂਤ ਦੇਣ ਵਿਚ ਕੀ ਫ਼ਰਕ ਹੈ। ਦੁਸ਼ਟ ਦੂਤ ਮੰਨਦੇ ਹਨ ਕਿ ਪਰਮੇਸ਼ੁਰ ਹੈ, ਪਰ ਉਹ ਯਹੋਵਾਹ ਉੱਤੇ ਨਿਹਚਾ ਨਹੀਂ ਕਰਦੇ। ਇਸ ਦੀ ਬਜਾਇ, ਉਹ ਪਰਮੇਸ਼ੁਰ ਦੇ ਮਕਸਦਾਂ ਖ਼ਿਲਾਫ਼ ਕੰਮ ਕਰਦੇ ਹਨ। (ਯਾਕੂ. 2:19, 20) ਇਸ ਤੋਂ ਉਲਟ, ਯਾਕੂਬ ਨੇ ਇਕ ਪੁਰਾਣੇ ਵਫ਼ਾਦਾਰ ਸੇਵਕ ਬਾਰੇ ਦੱਸਦਿਆਂ ਕਿਹਾ: “ਕੀ ਸਾਡੇ ਪਿਤਾ ਅਬਰਾਹਾਮ ਨੂੰ ਉਦੋਂ ਆਪਣੇ ਕੰਮਾਂ ਕਰਕੇ ਧਰਮੀ ਨਹੀਂ ਗਿਣਿਆ ਗਿਆ ਸੀ ਜਦੋਂ ਉਸ ਨੇ ਆਪਣੇ ਪੁੱਤਰ ਇਸਹਾਕ ਦੀ ਬਲ਼ੀ ਦੇਣ ਲਈ ਉਸ ਨੂੰ ਵੇਦੀ ਉੱਤੇ ਪਾਇਆ ਸੀ? ਤੂੰ ਜਾਣਦਾ ਹੈਂ ਕਿ ਉਸ ਨੇ ਨਿਹਚਾ ਦੇ ਨਾਲ-ਨਾਲ ਕੰਮ ਵੀ ਕੀਤੇ ਅਤੇ ਉਸ ਦੇ ਕੰਮਾਂ ਤੋਂ ਸਬੂਤ ਮਿਲਿਆ ਕਿ ਉਹ ਪੂਰੇ ਦਿਲੋਂ ਨਿਹਚਾ ਕਰਦਾ ਸੀ।” ਫਿਰ ਯਾਕੂਬ ਨੇ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਕੰਮਾਂ ਤੋਂ ਬਗੈਰ ਨਿਹਚਾ ਕਿਸੇ ਕੰਮ ਦੀ ਨਹੀਂ ਹੈ। ਉਸ ਨੇ ਅੱਗੇ ਕਿਹਾ: “ਜਿਵੇਂ ਸਾਹ ਤੋਂ ਬਿਨਾਂ ਸਰੀਰ ਮੁਰਦਾ ਹੁੰਦਾ ਹੈ, ਉਸੇ ਤਰ੍ਹਾਂ ਕੰਮਾਂ ਤੋਂ ਬਿਨਾਂ ਨਿਹਚਾ ਮਰੀ ਹੁੰਦੀ ਹੈ।”—ਯਾਕੂ. 2:21-23, 26.
9, 10. ਪੁੱਤਰ ʼਤੇ ਆਪਣੀ ਨਿਹਚਾ ਦਾ ਸਬੂਤ ਦੇਣ ਦਾ ਕੀ ਮਤਲਬ ਹੈ?
9 ਤੀਹ ਤੋਂ ਜ਼ਿਆਦਾ ਸਾਲਾਂ ਬਾਅਦ ਯੂਹੰਨਾ ਰਸੂਲ ਨੇ ਆਪਣੀ ਇੰਜੀਲ ਅਤੇ ਤਿੰਨ ਚਿੱਠੀਆਂ ਲਿਖੀਆਂ। ਹੋਰ ਬਾਈਬਲ ਲਿਖਾਰੀਆਂ ਵਾਂਗ ਯੂਹੰਨਾ ਨੇ ਵੀ ਨਿਹਚਾ ਦਾ ਮਤਲਬ ਸਮਝਿਆ। ਯੂਹੰਨਾ ਨੇ ਬਾਈਬਲ ਦੇ ਸਾਰਿਆਂ ਲਿਖਾਰੀਆਂ ਨਾਲੋਂ ਜ਼ਿਆਦਾ ਵਾਰ ਉਸ ਯੂਨਾਨੀ ਕ੍ਰਿਆ ਦਾ ਇਸਤੇਮਾਲ ਕੀਤਾ ਜਿਸ ਦਾ ਕਈ ਵਾਰ “ਨਿਹਚਾ ਦਾ ਸਬੂਤ” ਅਨੁਵਾਦ ਕੀਤਾ ਗਿਆ ਹੈ।
10 ਮਿਸਾਲ ਲਈ, ਯੂਹੰਨਾ ਨੇ ਦੱਸਿਆ: “ਜਿਹੜਾ ਪੁੱਤਰ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ; ਜਿਹੜਾ ਪੁੱਤਰ ਦੀ ਆਗਿਆ ਨਹੀਂ ਮੰਨਦਾ, ਉਸ ਨੂੰ ਇਹ ਜ਼ਿੰਦਗੀ ਨਹੀਂ ਮਿਲੇਗੀ, ਸਗੋਂ ਉਸ ਨੂੰ ਪਰਮੇਸ਼ੁਰ ਦੇ ਕ੍ਰੋਧ ਦਾ ਸਾਮ੍ਹਣਾ ਕਰਨਾ ਪਵੇਗਾ।” (ਯੂਹੰ. 3:36) ਨਿਹਚਾ ਰੱਖਣ ਵਿਚ ਯਿਸੂ ਦੇ ਹੁਕਮਾਂ ਨੂੰ ਮੰਨਣਾ ਵੀ ਸ਼ਾਮਲ ਹੈ। ਯੂਹੰਨਾ ਨੇ ਅਕਸਰ ਯਿਸੂ ਦੇ ਸ਼ਬਦਾਂ ਦਾ ਹਵਾਲਾ ਦੇ ਕੇ ਦਿਖਾਇਆ ਕਿ ਸਾਨੂੰ ਹਮੇਸ਼ਾ ਨਿਹਚਾ ਦਾ ਸਬੂਤ ਦਿੰਦੇ ਰਹਿਣ ਦੀ ਲੋੜ ਹੈ।—ਯੂਹੰ. 3:16; 6:29, 40; 11:25, 26; 14:1, 12.
11. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਸੱਚਾਈ ਜਾਣਨ ਲਈ ਯਹੋਵਾਹ ਦੇ ਸ਼ੁਕਰਗੁਜ਼ਾਰ ਹਾਂ?
11 ਸਾਨੂੰ ਕਿੰਨੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਯਹੋਵਾਹ ਨੇ ਆਪਣੀ ਪਵਿੱਤਰ ਸ਼ਕਤੀ ਰਾਹੀਂ ਸਾਨੂੰ ਸੱਚਾਈ ਦੱਸੀ ਅਤੇ ਖ਼ੁਸ਼ ਖ਼ਬਰੀ ʼਤੇ ਨਿਹਚਾ ਕਰਨ ਦੇ ਕਾਬਲ ਬਣਾਇਆ। (ਲੂਕਾ 10:21 ਪੜ੍ਹੋ।) ਸਾਨੂੰ ਕਦੇ ਵੀ ਯਹੋਵਾਹ ਦਾ ਧੰਨਵਾਦ ਕਰਨਾ ਨਹੀਂ ਭੁੱਲਣਾ ਚਾਹੀਦਾ ਕਿ ਉਸ ਨੇ ਸਾਨੂੰ ਆਪਣੇ ਪੁੱਤਰ ਰਾਹੀਂ ਆਪਣੇ ਵੱਲ ਖਿੱਚਿਆ ਹੈ। ਉਸ ਦਾ ਪੁੱਤਰ “ਸਾਡੀ ਅਗਵਾਈ ਕਰ ਕੇ ਸਾਡੀ ਨਿਹਚਾ ਨੂੰ ਮੁਕੰਮਲ ਬਣਾਉਂਦਾ ਹੈ।” (ਇਬ. 12:2) ਇਸ ਅਪਾਰ ਕਿਰਪਾ ਪ੍ਰਤੀ ਆਪਣੀ ਕਦਰਦਾਨੀ ਜ਼ਾਹਰ ਕਰਦੇ ਰਹੋ। ਨਾਲੇ ਆਪਣੀ ਨਿਹਚਾ ਮਜ਼ਬੂਤ ਰੱਖਣ ਲਈ ਪ੍ਰਾਰਥਨਾ ਅਤੇ ਪਰਮੇਸ਼ੁਰ ਦੇ ਬਚਨ ਦੀ ਸਟੱਡੀ ਕਰਦੇ ਰਹੋ।—ਅਫ਼. 6:18; 1 ਪਤ. 2:2.
12. ਸਾਨੂੰ ਆਪਣੀ ਨਿਹਚਾ ਦਾ ਸਬੂਤ ਕਿਵੇਂ ਦੇਣਾ ਚਾਹੀਦਾ ਹੈ?
12 ਸਾਨੂੰ ਯਹੋਵਾਹ ਦੇ ਵਾਅਦਿਆਂ ʼਤੇ ਆਪਣੀ ਨਿਹਚਾ ਦਾ ਸਬੂਤ ਦੇਣਾ ਚਾਹੀਦਾ ਹੈ। ਇਹ ਸਬੂਤ ਹੋਰ ਲੋਕਾਂ ਨੂੰ ਨਜ਼ਰ ਆਉਣੇ ਚਾਹੀਦੇ ਹਨ। ਮਿਸਾਲ ਲਈ, ਸਾਨੂੰ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨ ਦੇ ਨਾਲ-ਨਾਲ ਚੇਲੇ ਬਣਾਉਣ ਦੇ ਕੰਮ ਵਿਚ ਵੀ ਲੱਗੇ ਰਹਿਣਾ ਚਾਹੀਦਾ ਹੈ। ਨਾਲੇ ਸਾਨੂੰ ‘ਸਾਰਿਆਂ ਦਾ ਭਲਾ ਕਰਦੇ ਰਹਿਣਾ ਚਾਹੀਦਾ ਹੈ, ਪਰ ਖ਼ਾਸ ਕਰਕੇ ਉਨ੍ਹਾਂ ਦਾ ਜੋ ਸਾਡੇ ਮਸੀਹੀ ਭੈਣ-ਭਰਾ ਹਨ।’ (ਗਲਾ. 6:10) ਇਸ ਤੋਂ ਇਲਾਵਾ, “ਪੁਰਾਣੇ ਸੁਭਾਅ ਅਤੇ ਆਦਤਾਂ ਨੂੰ ਪੁਰਾਣੇ ਕੱਪੜੇ ਵਾਂਗ ਲਾਹ ਕੇ” ਸੁੱਟਣ ਦੀ ਕੋਸ਼ਿਸ਼ ਕਰੋ। ਨਾਲੇ ਉਨ੍ਹਾਂ ਚੀਜ਼ਾਂ ਤੋਂ ਵੀ ਖ਼ਬਰਦਾਰ ਰਹੋ ਜੋ ਪਰਮੇਸ਼ੁਰ ਨਾਲ ਤੁਹਾਡਾ ਰਿਸ਼ਤਾ ਕਮਜ਼ੋਰ ਕਰ ਸਕਦੀਆਂ ਹਨ।—ਕੁਲੁ. 3:5, 8-10.
ਨਿਹਚਾ ਸਾਡੀ ਨੀਂਹ ਦਾ ਹਿੱਸਾ ਹੈ
13. “ਪਰਮੇਸ਼ੁਰ ਉੱਤੇ ਨਿਹਚਾ ਕਰਨੀ” ਕਿੰਨੀ ਕੁ ਜ਼ਰੂਰੀ ਹੈ? ਇਸ ਬਾਰੇ ਬਾਈਬਲ ਕੀ ਦੱਸਦੀ ਹੈ ਅਤੇ ਕਿਉਂ?
13 ਬਾਈਬਲ ਦੱਸਦੀ ਹੈ: “ਨਿਹਚਾ ਤੋਂ ਬਿਨਾਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਨਾਮੁਮਕਿਨ ਹੈ ਕਿਉਂਕਿ ਜਿਹੜਾ ਪਰਮੇਸ਼ੁਰ ਦੇ ਹਜ਼ੂਰ ਆਉਂਦਾ ਹੈ, ਉਸ ਲਈ ਵਿਸ਼ਵਾਸ ਕਰਨਾ ਜ਼ਰੂਰੀ ਹੈ ਕਿ ਪਰਮੇਸ਼ੁਰ ਸੱਚ-ਮੁੱਚ ਹੈ ਅਤੇ ਉਹ ਉਨ੍ਹਾਂ ਸਾਰਿਆਂ ਨੂੰ ਇਨਾਮ ਦਿੰਦਾ ਹੈ ਜਿਹੜੇ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ।” (ਇਬ. 11:6) ਬਾਈਬਲ ਦੱਸਦੀ ਹੈ ਕਿ ਸੱਚੇ ਮਸੀਹੀ ਬਣਨ ਅਤੇ ਬਣੇ ਰਹਿਣ ਲਈ “ਪਰਮੇਸ਼ੁਰ ਉੱਤੇ ਨਿਹਚਾ ਕਰਨੀ” ਜ਼ਰੂਰੀ ਹੈ। ਇਹ ਨਿਹਚਾ ਸਾਡੀ “ਨੀਂਹ” ਦਾ ਹਿੱਸਾ ਹੈ। (ਇਬ. 6:1) ਇਸ ਨੀਂਹ ਵਿਚ “ਨਿਹਚਾ ਦੇ ਨਾਲ-ਨਾਲ” ਹੋਰ ਅਹਿਮ ਗੁਣ ਵੀ ਹੋਣੇ ਚਾਹੀਦੇ ਹਨ ਤਾਂਕਿ ਮਸੀਹੀ “ਆਪਣੇ ਆਪ ਨੂੰ ਪਰਮੇਸ਼ੁਰ ਦੇ ਪਿਆਰ ਦੇ ਲਾਇਕ ਬਣਾਈ” ਰੱਖ ਸਕਣ।—2 ਪਤਰਸ 1:5-7 ਪੜ੍ਹੋ; ਯਹੂ. 20, 21.
14, 15. ਨਿਹਚਾ ਰੱਖਣ ਨਾਲੋਂ ਪਿਆਰ ਹੋਣਾ ਜ਼ਿਆਦਾ ਜ਼ਰੂਰੀ ਕਿਉਂ ਹੈ?
14 ਬਾਈਬਲ ਲਿਖਾਰੀਆਂ ਨੇ ਨਿਹਚਾ ਦੀ ਅਹਿਮੀਅਤ ਸਮਝਾਉਣ ਲਈ ਸੈਂਕੜੇ ਵਾਰ ਇਸ ਦਾ ਜ਼ਿਕਰ ਕੀਤਾ। ਹੋਰ ਕਿਸੇ ਵੀ ਗੁਣ ਦਾ ਇੰਨੀ ਵਾਰ ਜ਼ਿਕਰ ਨਹੀਂ ਕੀਤਾ ਗਿਆ। ਕੀ ਇਸ ਦਾ ਇਹ ਮਤਲਬ ਹੈ ਕਿ ਮਸੀਹੀਆਂ ਲਈ ਨਿਹਚਾ ਸਭ ਤੋਂ ਜ਼ਰੂਰੀ ਗੁਣ ਹੈ?
15 ਪੌਲੁਸ ਨੇ ਨਿਹਚਾ ਦੀ ਤੁਲਨਾ ਪਿਆਰ ਨਾਲ ਕਰਦਿਆਂ ਕਿਹਾ: “ਜੇ ਮੇਰੇ ਵਿਚ ਇੰਨੀ ਨਿਹਚਾ ਹੋਵੇ ਕਿ ਇਸ ਦੀ ਤਾਕਤ ਨਾਲ ਮੈਂ ਪਹਾੜਾਂ ਨੂੰ ਇੱਧਰੋਂ ਉੱਧਰ ਕਰ ਦੇਵਾਂ, ਪਰ ਪਿਆਰ ਨਾ ਕਰਾਂ, ਤਾਂ ਮੈਂ ਕੁਝ ਵੀ ਨਹੀਂ ਹਾਂ।” (1 ਕੁਰਿੰ. 13:2) ਯਿਸੂ ਨੇ ਕਿਹਾ ਕਿ “ਮੂਸਾ ਦੇ ਕਾਨੂੰਨ ਵਿਚ ਸਭ ਤੋਂ ਵੱਡਾ ਹੁਕਮ” ਹੈ, ਪਰਮੇਸ਼ੁਰ ਨੂੰ ਪਿਆਰ ਕਰਨਾ। (ਮੱਤੀ 22:35-40) ਪਿਆਰ ਹੋਰ ਮਸੀਹੀ ਗੁਣ ਪੈਦਾ ਕਰਨ ਵਿਚ ਸਾਡੀ ਮਦਦ ਕਰਦਾ ਹੈ ਜਿਸ ਵਿਚ ਨਿਹਚਾ ਵੀ ਸ਼ਾਮਲ ਹੈ। ਬਾਈਬਲ ਦੱਸਦੀ ਹੈ ਕਿ ਪਿਆਰ “ਸਾਰੀਆਂ ਗੱਲਾਂ ਉੱਤੇ ਭਰੋਸਾ ਕਰਦਾ ਹੈ।” ਇਹ ਉਨ੍ਹਾਂ ਗੱਲਾਂ ʼਤੇ ਵਿਸ਼ਵਾਸ ਕਰਦਾ ਹੈ ਜੋ ਪਰਮੇਸ਼ੁਰ ਨੇ ਆਪਣੇ ਸੱਚੇ ਬਚਨ ਵਿਚ ਲਿਖਵਾਈਆਂ ਹਨ।—1 ਕੁਰਿੰ. 13:4, 7.
16, 17. ਬਾਈਬਲ ਨਿਹਚਾ ਅਤੇ ਪਿਆਰ ਬਾਰੇ ਕੀ ਕਹਿੰਦੀ ਹੈ? ਇਨ੍ਹਾਂ ਵਿੱਚੋਂ ਉੱਤਮ ਕਿਹੜਾ ਹੈ ਅਤੇ ਕਿਉਂ?
16 ਨਿਹਚਾ ਅਤੇ ਪਿਆਰ ਬਹੁਤ ਅਹਿਮ ਗੁਣ ਹਨ। ਇਸ ਲਈ ਬਾਈਬਲ ਲਿਖਾਰੀਆਂ ਨੇ ਅਕਸਰ ਕਈ ਵਾਰ ਇਨ੍ਹਾਂ ਦਾ ਇਕੱਠਿਆਂ ਜ਼ਿਕਰ ਕੀਤਾ ਹੈ। ਪੌਲੁਸ ਨੇ ਆਪਣੇ ਭਰਾਵਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਉਹ “ਨਿਹਚਾ ਤੇ ਪਿਆਰ ਦਾ ਸੀਨਾਬੰਦ” ਪਾਉਣ। (1 ਥੱਸ. 5:8) ਪਤਰਸ ਨੇ ਲਿਖਿਆ: “ਭਾਵੇਂ ਤੁਸੀਂ ਮਸੀਹ ਨੂੰ ਕਦੇ ਦੇਖਿਆ ਨਹੀਂ, ਫਿਰ ਵੀ ਉਸ ਨੂੰ ਪਿਆਰ ਕਰਦੇ ਹੋ। ਭਾਵੇਂ ਤੁਸੀਂ ਹੁਣ ਉਸ ਨੂੰ ਦੇਖ ਨਹੀਂ ਰਹੇ, ਪਰ ਉਸ ʼਤੇ ਨਿਹਚਾ ਰੱਖਦੇ ਹੋ।” (1 ਪਤ. 1:8) ਯਾਕੂਬ ਨੇ ਆਪਣੇ ਚੁਣੇ ਹੋਏ ਭਰਾਵਾਂ ਨੂੰ ਪੁੱਛਿਆ: “ਕੀ ਪਰਮੇਸ਼ੁਰ ਨੇ ਉਨ੍ਹਾਂ ਨੂੰ ਨਹੀਂ ਚੁਣਿਆ ਜਿਹੜੇ ਦੁਨੀਆਂ ਦੀਆਂ ਨਜ਼ਰਾਂ ਵਿਚ ਗ਼ਰੀਬ ਹਨ, ਤਾਂਕਿ ਉਹ ਨਿਹਚਾ ਵਿਚ ਧਨੀ ਹੋਣ ਅਤੇ ਰਾਜ ਦੇ ਵਾਰਸ ਬਣਨ ਜਿਸ ਦਾ ਵਾਅਦਾ ਉਸ ਨੇ ਉਨ੍ਹਾਂ ਲੋਕਾਂ ਨਾਲ ਕੀਤਾ ਹੈ ਜਿਹੜੇ ਉਸ ਨੂੰ ਪਿਆਰ ਕਰਦੇ ਹਨ?” (ਯਾਕੂ. 2:5) ਯੂਹੰਨਾ ਨੇ ਲਿਖਿਆ: “ਪਰਮੇਸ਼ੁਰ ਦਾ ਹੁਕਮ ਇਹ ਹੈ ਕਿ ਅਸੀਂ ਉਸ ਦੇ ਪੁੱਤਰ ਯਿਸੂ ਮਸੀਹ ਦੇ ਨਾਂ ʼਤੇ ਨਿਹਚਾ ਰੱਖੀਏ ਅਤੇ ਇਕ-ਦੂਸਰੇ ਨਾਲ ਪਿਆਰ ਕਰੀਏ, ਜਿਵੇਂ ਪਰਮੇਸ਼ੁਰ ਨੇ ਸਾਨੂੰ ਹੁਕਮ ਦਿੱਤਾ ਸੀ।”—1 ਯੂਹੰ. 3:23.
17 ਪਰ ਪੌਲੁਸ ਨੇ ਲਿਖਿਆ: “ਪਰ ਸਾਡੇ ਕੋਲ ਅੱਜ ਨਿਹਚਾ, ਆਸ਼ਾ ਅਤੇ ਪਿਆਰ ਹੈ ਅਤੇ ਇਹ ਤਿੰਨੇ ਰਹਿਣਗੇ। ਇਨ੍ਹਾਂ ਤਿੰਨਾਂ ਵਿੱਚੋਂ ਪਿਆਰ ਉੱਤਮ ਹੈ।” (1 ਕੁਰਿੰ. 13:13) ਭਵਿੱਖ ਵਿਚ ਸਾਨੂੰ ਨਵੀਂ ਦੁਨੀਆਂ ਬਾਰੇ ਯਹੋਵਾਹ ਦੇ ਵਾਅਦਿਆਂ ʼਤੇ ਨਿਹਚਾ ਰੱਖਣ ਦੀ ਕੋਈ ਲੋੜ ਨਹੀਂ ਹੋਵੇਗੀ ਕਿਉਂਕਿ ਉਹ ਸਾਰੇ ਵਾਅਦੇ ਪੂਰੇ ਹੋ ਜਾਣਗੇ। ਪਰ ਸਾਨੂੰ ਪਰਮੇਸ਼ੁਰ ਅਤੇ ਆਪਣੇ ਗੁਆਂਢੀਆਂ ਲਈ ਹਮੇਸ਼ਾ ਪਿਆਰ ਵਧਾਉਂਦੇ ਰਹਿਣ ਦੀ ਲੋੜ ਹੋਵੇਗੀ।
ਨਿਹਚਾ ਦਾ ਜ਼ਬਰਦਸਤ ਸਬੂਤ
18, 19. ਅੱਜ ਅਸੀਂ ਨਿਹਚਾ ਦਾ ਕਿਹੜਾ ਜ਼ਬਰਦਸਤ ਸਬੂਤ ਦੇਖਦੇ ਹਾਂ ਅਤੇ ਇਸ ਦਾ ਸਿਹਰਾ ਕਿਸ ਨੂੰ ਜਾਂਦਾ ਹੈ?
18 ਅੱਜ ਯਹੋਵਾਹ ਦੇ ਲੋਕ ਪਰਮੇਸ਼ੁਰ ਦੇ ਰਾਜ ʼਤੇ ਨਿਹਚਾ ਕਰਦੇ ਹਨ ਅਤੇ ਉਸ ਦਾ ਸਮਰਥਨ ਕਰਦੇ ਹਨ। ਉਹ ਸਾਰੇ ਇਕ-ਦੂਜੇ ਨੂੰ ਪਿਆਰ ਕਰਦੇ ਹਨ। ਕਿਉਂ? ਕਿਉਂਕਿ ਉਹ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਸੇਧ ਵਿਚ ਚੱਲਦੇ ਹਨ। (ਗਲਾ. 5:22, 23) ਇਸ ਦਾ ਨਤੀਜਾ ਕੀ ਨਿਕਲਿਆ ਹੈ? ਦੁਨੀਆਂ ਵਿਚ 80 ਲੱਖ ਤੋਂ ਜ਼ਿਆਦਾ ਭੈਣਾਂ-ਭਰਾਵਾਂ ਵਿਚ ਸ਼ਾਂਤੀ ਅਤੇ ਏਕਤਾ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਨਿਹਚਾ ਅਤੇ ਪਿਆਰ ਜ਼ਬਰਦਸਤ ਗੁਣ ਹਨ।
19 ਕੋਈ ਵੀ ਇਨਸਾਨ ਇਸ ਗੱਲ ਦਾ ਸਿਹਰਾ ਆਪਣੇ ਸਿਰ ʼਤੇ ਨਹੀਂ ਲੈ ਸਕਦਾ। ਇਹ ਸਾਰਾ ਕੁਝ ਸਾਡੇ ਪਰਮੇਸ਼ੁਰ ਦੀ ਬਦੌਲਤ ਹੋਇਆ ਹੈ। ਇਹ ਸ਼ਾਨਦਾਰ ਕੰਮ “ਯਹੋਵਾਹ ਲਈ ਨਾਮ ਅਤੇ ਸਦੀਪਕ ਨਿਸ਼ਾਨ ਹੋਵੇਗਾ, ਜੋ ਮਿਟੇਗਾ ਨਹੀਂ।” (ਯਸਾ. 55:13) ਵਾਕਈ, ਇਹ “ਪਰਮੇਸ਼ੁਰ ਦੀ ਦਾਤ ਹੈ” ਕਿ ਅਸੀਂ ‘ਮੁਕਤੀ ਪਾਉਂਦੇ ਹਾਂ ਕਿਉਂਕਿ ਅਸੀਂ ਨਿਹਚਾ ਕੀਤੀ ਹੈ।’ (ਅਫ਼. 2:8) ਯਹੋਵਾਹ ਦੇ ਲੋਕਾਂ ਦੀ ਗਿਣਤੀ ਉਦੋਂ ਤਕ ਵਧਦੀ ਰਹੇਗੀ ਜਦੋਂ ਤਕ ਪੂਰੀ ਧਰਤੀ ਮੁਕੰਮਲ, ਧਰਮੀ ਅਤੇ ਖ਼ੁਸ਼ ਇਨਸਾਨਾਂ ਨਾਲ ਨਹੀਂ ਭਰ ਜਾਂਦੀ ਜੋ ਹਮੇਸ਼ਾ ਉਸ ਦੇ ਨਾਂ ਦੀ ਮਹਿਮਾ ਕਰਨਗੇ। ਆਓ ਆਪਾਂ ਯਹੋਵਾਹ ਦੇ ਵਾਅਦਿਆਂ ʼਤੇ ਆਪਣੀ ਨਿਹਚਾ ਦਾ ਸਬੂਤ ਦਿੰਦੇ ਰਹੀਏ।