ਯਹੋਵਾਹ ਦੇ ਵਾਅਦਿਆਂ ਉੱਤੇ ਆਪਣੀ ਨਿਹਚਾ ਮਜ਼ਬੂਤ ਕਰੋ
“ਨਿਹਚਾ ਇਸ ਗੱਲ ਦਾ ਪੱਕਾ ਭਰੋਸਾ ਹੈ ਕਿ ਜਿਨ੍ਹਾਂ ਚੀਜ਼ਾਂ ਦੀ ਉਮੀਦ ਰੱਖੀ ਗਈ ਹੈ, ਉਹ ਜ਼ਰੂਰ ਮਿਲਣਗੀਆਂ।”—ਇਬ. 11:1.
1, 2. (ੳ) ਸੱਚੇ ਮਸੀਹੀ ਅਤੇ ਸ਼ੈਤਾਨ ਦੇ ਲੋਕਾਂ ਦੀ ਉਮੀਦ ਵਿਚ ਕੀ ਫ਼ਰਕ ਹੈ? (ਅ) ਹੁਣ ਅਸੀਂ ਕਿਨ੍ਹਾਂ ਅਹਿਮ ਸਵਾਲਾਂ ʼਤੇ ਗੌਰ ਕਰਾਂਗੇ?
ਅੱਜ ਸੱਚੇ ਮਸੀਹੀਆਂ ਕੋਲ ਕਿੰਨੀ ਹੀ ਵਧੀਆ ਉਮੀਦ ਹੈ! ਚੁਣੇ ਹੋਏ ਮਸੀਹੀ ਅਤੇ “ਹੋਰ ਭੇਡਾਂ” ਸਾਰੇ ਹੀ ਉਸ ਦਿਨ ਦਾ ਇੰਤਜ਼ਾਰ ਕਰ ਰਹੇ ਹਨ ਜਦੋਂ ਪਰਮੇਸ਼ੁਰ ਦਾ ਮਕਸਦ ਪੂਰਾ ਹੋਵੇਗਾ ਅਤੇ ਉਸ ਦੇ ਨਾਂ ਉੱਤੇ ਲੱਗਾ ਕਲੰਕ ਮਿਟਾਇਆ ਜਾਵੇਗਾ। (ਯੂਹੰ. 10:16; ਮੱਤੀ 6:9, 10) ਇਸ ਤੋਂ ਵਧੀਆ ਉਮੀਦ ਕੋਈ ਹੋਰ ਹੋ ਹੀ ਨਹੀਂ ਸਕਦੀ। ਅਸੀਂ ਉਸ ਦਿਨ ਦਾ ਵੀ ਇੰਤਜ਼ਾਰ ਕਰ ਰਹੇ ਹਾਂ ਜਦੋਂ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ, ਭਾਵੇਂ ਉਹ ਸਵਰਗ ਵਿਚ ਹੋਵੇ ਜਾਂ ਧਰਤੀ ਉੱਤੇ। (2 ਪਤ. 3:13) ਨਾਲੇ ਅਸੀਂ ਇਹ ਵੀ ਦੇਖਣ ਲਈ ਬੇਤਾਬ ਹਾਂ ਕਿ ਯਹੋਵਾਹ ਇਨ੍ਹਾਂ ਆਖ਼ਰੀ ਦਿਨਾਂ ਵਿਚ ਸਾਡੀ ਕਿਵੇਂ ਅਗਵਾਈ ਕਰੇਗਾ ਅਤੇ ਸਾਡਾ ਸਾਥ ਦੇਵੇਗਾ।
2 ਸ਼ੈਤਾਨ ਦੀ ਦੁਨੀਆਂ ਦੇ ਲੋਕ ਕਿਸੇ-ਨਾ-ਕਿਸੇ ਤਰ੍ਹਾਂ ਦੀ ਉਮੀਦ ਰੱਖਦੇ ਹਨ, ਪਰ ਉਹ ਸ਼ਾਇਦ ਸ਼ੱਕ ਕਰਨ ਕਿ ਉਨ੍ਹਾਂ ਦੀ ਉਮੀਦ ਪੂਰੀ ਹੋਵੇਗੀ ਜਾਂ ਨਹੀਂ। ਮਿਸਾਲ ਲਈ, ਲੱਖਾਂ ਹੀ ਲੋਕ ਉਮੀਦ ਰੱਖਦੇ ਹਨ ਕਿ ਉਨ੍ਹਾਂ ਦੀ ਲਾਟਰੀ ਲੱਗ ਜਾਵੇ। ਪਰ ਉਹ ਫਿਰ ਵੀ ਇਸ ਗੱਲ ਦਾ ਸ਼ੱਕ ਕਰਦੇ ਹਨ ਕਿ ਉਨ੍ਹਾਂ ਦੀ ਲਾਟਰੀ ਨਿਕਲੇਗੀ ਜਾਂ ਨਹੀਂ। ਪਰ ਦੂਜੇ ਪਾਸੇ, ਸੱਚੇ ਮਸੀਹੀਆਂ ਨੂੰ ‘ਪੱਕਾ ਭਰੋਸਾ ਹੈ ਕਿ ਜਿਨ੍ਹਾਂ ਚੀਜ਼ਾਂ ਦੀ ਉਹ ਉਮੀਦ ਰੱਖਦੇ ਹਨ, ਉਹ ਉਨ੍ਹਾਂ ਨੂੰ ਜ਼ਰੂਰ ਮਿਲਣਗੀਆਂ।’ (ਇਬ. 11:1) ਪਰ ਸ਼ਾਇਦ ਤੁਸੀਂ ਸੋਚੋ ਕਿ ਜਿਹੜੀਆਂ ਚੀਜ਼ਾਂ ਦੀ ਤੁਸੀਂ ਉਮੀਦ ਰੱਖੀ ਹੈ, ਉਸ ਉਮੀਦ ਨੂੰ ਤੁਸੀਂ ਹੋਰ ਵੀ ਪੱਕੀ ਕਿਵੇਂ ਕਰ ਸਕਦੇ ਹੋ? ਨਾਲੇ ਪੱਕੀ ਉਮੀਦ ਰੱਖਣ ਦੇ ਤੁਹਾਨੂੰ ਕਿਹੜੇ ਫ਼ਾਇਦੇ ਹੋ ਸਕਦੇ ਹਨ? ਅਸੀਂ ਇਹ ਵੀ ਦੇਖਾਂਗੇ ਕਿ ਸਾਡੀ ਮਜ਼ਬੂਤ ਨਿਹਚਾ ਅੱਜ ਸਾਡੀ ਕਿਵੇਂ ਮਦਦ ਕਰ ਸਕਦੀ ਹੈ।
3. ਮਸੀਹੀਆਂ ਦੀ ਨਿਹਚਾ ਪੱਕੀ ਕਿਉਂ ਹੈ?
3 ਕੋਈ ਵੀ ਪਾਪੀ ਇਨਸਾਨ ਨਾ ਤਾਂ ਨਿਹਚਾ ਨਾਲ ਪੈਦਾ ਹੁੰਦਾ ਹੈ ਤੇ ਨਾ ਹੀ ਇਹ ਉਸ ਵਿਚ ਆਪਣੇ ਆਪ ਪੈਦਾ ਹੁੰਦੀ ਹੈ। ਇਸ ਦੀ ਬਜਾਇ, ਨਿਹਚਾ ਪੈਦਾ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਪਵਿੱਤਰ ਸ਼ਕਤੀ ਨੂੰ ਆਪਣੇ ਦਿਲ ʼਤੇ ਅਸਰ ਕਰਨ ਦੇਈਏ। (ਗਲਾ. 5:22) ਬਾਈਬਲ ਨਹੀਂ ਕਹਿੰਦੀ ਕਿ ਯਹੋਵਾਹ ਨਿਹਚਾ ਰੱਖਦਾ ਹੈ ਜਾਂ ਉਸ ਨੂੰ ਨਿਹਚਾ ਰੱਖਣ ਦੀ ਕੋਈ ਲੋੜ ਹੈ। ਕਿਉਂ? ਕਿਉਂਕਿ ਯਹੋਵਾਹ ਹੀ ਸਰਬਸ਼ਕਤੀਮਾਨ ਅਤੇ ਬੁੱਧ ਨਾਲ ਭਰਪੂਰ ਹੈ। ਨਾਲੇ ਕੋਈ ਵੀ ਤਾਕਤ ਉਸ ਨੂੰ ਆਪਣਾ ਮਕਸਦ ਪੂਰਾ ਕਰਨ ਤੋਂ ਰੋਕ ਨਹੀਂ ਸਕਦੀ। ਸਾਡੇ ਸਵਰਗੀ ਪਿਤਾ ਨੂੰ ਆਪਣੇ ਵਾਅਦਿਆਂ ʼਤੇ ਇੰਨਾ ਭਰੋਸਾ ਹੈ ਕਿ ਉਸ ਲਈ ਇਹ ਵਾਅਦੇ ਪੂਰੇ ਹੋ ਚੁੱਕੇ ਹਨ। ਇਸ ਲਈ ਉਹ ਕਹਿੰਦਾ ਹੈ: “ਇਹ ਗੱਲਾਂ ਪੂਰੀਆਂ ਹੋ ਗਈਆਂ ਹਨ!” (ਪ੍ਰਕਾਸ਼ ਦੀ ਕਿਤਾਬ 21:3-6 ਪੜ੍ਹੋ।) ਯਹੋਵਾਹ “ਆਪਣੀ ਗੱਲ ਦਾ ਪੱਕਾ” ਹੈ, ਇਸ ਲਈ ਮਸੀਹੀਆਂ ਦੀ ਨਿਹਚਾ ਉਸ ਉੱਤੇ ਪੱਕੀ ਹੈ।—ਬਿਵ. 7:9.
ਪੁਰਾਣੇ ਸਮੇਂ ਦੇ ਸੇਵਕਾਂ ਦੀਆਂ ਨਿਹਚਾ ਦੀਆਂ ਮਿਸਾਲਾਂ
4. ਪੁਰਾਣੇ ਸਮੇਂ ਦੇ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਨੂੰ ਕਿਹੜੀ ਉਮੀਦ ਸੀ?
4 ਇਬਰਾਨੀਆਂ ਦੇ 11ਵੇਂ ਅਧਿਆਇ ਵਿਚ 16 ਵਫ਼ਾਦਾਰ ਆਦਮੀਆਂ ਅਤੇ ਔਰਤਾਂ ਦੇ ਨਾਂ ਹਨ। ਇਸ ਦੇ ਲਿਖਾਰੀ ਨੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਅਧੀਨ ਇਨ੍ਹਾਂ ਅਤੇ ਹੋਰ ਜਣਿਆਂ ਬਾਰੇ ਲਿਖਿਆ ਕਿ ਇਨ੍ਹਾਂ ਸਾਰਿਆਂ ਨੇ ‘ਨਿਹਚਾ ਕਰਕੇ ਦਿਖਾਇਆ ਕਿ ਪਰਮੇਸ਼ੁਰ ਉਨ੍ਹਾਂ ਤੋਂ ਖ਼ੁਸ਼ ਸੀ।’ (ਇਬ. 11:39) ਇਨ੍ਹਾਂ ਨੂੰ “ਇਸ ਗੱਲ ਦਾ ਪੱਕਾ ਭਰੋਸਾ” ਸੀ ਕਿ ਪਰਮੇਸ਼ੁਰ ਵਾਅਦਾ ਕੀਤੀ “ਸੰਤਾਨ” ਯਾਨੀ ਯਿਸੂ ਮਸੀਹ ਨੂੰ ਪੈਦਾ ਕਰੇਗਾ। ਉਹ ਸ਼ੈਤਾਨ ਅਤੇ ਪਰਮੇਸ਼ੁਰ ਦੇ ਸਾਰੇ ਦੁਸ਼ਮਣਾਂ ਦਾ ਨਾਸ਼ ਕਰੇਗਾ ਅਤੇ ਯਹੋਵਾਹ ਦਾ ਮਕਸਦ ਪੂਰਾ ਕਰੇਗਾ। (ਉਤ. 3:15) ਪਰ ਇਹ ਵਫ਼ਾਦਾਰ ਸੇਵਕ ਯਿਸੂ ਵੱਲੋਂ ਸਵਰਗ ਜਾਣ ਦਾ ਰਾਹ ਖੋਲ੍ਹਣ ਤੋਂ ਪਹਿਲਾਂ ਹੀ ਮਰ ਗਏ। (ਗਲਾ. 3:16) ਪਰ ਇਹ ਬਹੁਤ ਹੀ ਵਧੀਆ ਗੱਲ ਹੈ ਕਿ ਯਹੋਵਾਹ ਦੇ ਭਰੋਸੇਯੋਗ ਵਾਅਦਿਆਂ ਕਰਕੇ ਇਨ੍ਹਾਂ ਨੂੰ ਨਵੀਂ ਦੁਨੀਆਂ ਵਿਚ ਜੀਉਂਦਾ ਕੀਤਾ ਜਾਵੇਗਾ।—ਜ਼ਬੂ. 37:11; ਯਸਾ. 26:19; ਹੋਸ਼ੇ. 13:14.
5, 6. ਅਬਰਾਹਾਮ ਅਤੇ ਉਸ ਦੇ ਪਰਿਵਾਰ ਨੇ ਕਿਸ ਗੱਲ ʼਤੇ ਧਿਆਨ ਲਾਈ ਰੱਖਿਆ ਅਤੇ ਉਨ੍ਹਾਂ ਨੇ ਆਪਣੀ ਨਿਹਚਾ ਕਿਵੇਂ ਪੱਕੀ ਰੱਖੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
5 ਪੁਰਾਣੇ ਸਮੇਂ ਦੇ ਕੁਝ ਸੇਵਕਾਂ ਬਾਰੇ ਇਬਰਾਨੀਆਂ 11:13 ਕਹਿੰਦਾ ਹੈ: “ਇਨ੍ਹਾਂ ਸਾਰਿਆਂ ਨੇ ਮਰਦੇ ਦਮ ਤਕ ਨਿਹਚਾ ਕਰਨੀ ਨਹੀਂ ਛੱਡੀ, ਭਾਵੇਂ ਕਿ ਇਨ੍ਹਾਂ ਦੇ ਜੀਉਂਦੇ-ਜੀ ਵਾਅਦੇ ਪੂਰੇ ਨਹੀਂ ਹੋਏ ਸਨ, ਪਰ ਇਨ੍ਹਾਂ ਨੇ ਵਾਅਦਿਆਂ ਨੂੰ ਦੂਰੋਂ ਦੇਖ ਕੇ ਖ਼ੁਸ਼ੀ ਮਨਾਈ।” ਇਨ੍ਹਾਂ ਵਿੱਚੋਂ ਇਕ ਅਬਰਾਹਾਮ ਸੀ। ਕੀ ਉਸ ਨੂੰ ਇਸ ਗੱਲ ਦਾ ਪੱਕਾ ਯਕੀਨ ਸੀ ਕਿ ਵਾਅਦਾ ਕੀਤੀ ਹੋਈ “ਸੰਤਾਨ” ਦੇ ਰਾਜ ਅਧੀਨ ਉਸ ਨੂੰ ਬਰਕਤਾਂ ਮਿਲਣਗੀਆਂ? ਆਪਣੇ ਵਿਰੋਧੀਆਂ ਨੂੰ ਇਸ ਸਵਾਲ ਦਾ ਸਾਫ਼-ਸਾਫ਼ ਜਵਾਬ ਦਿੰਦਿਆਂ ਯਿਸੂ ਨੇ ਕਿਹਾ: “ਤੁਹਾਡਾ ਪਿਤਾ ਅਬਰਾਹਾਮ ਇਸ ਗੱਲੋਂ ਬਹੁਤ ਖ਼ੁਸ਼ ਸੀ ਕਿ ਉਹ ਮੇਰਾ ਦਿਨ ਦੇਖੇਗਾ ਅਤੇ ਉਹ ਮੇਰਾ ਦਿਨ ਦੇਖ ਕੇ ਬਹੁਤ ਖ਼ੁਸ਼ ਹੋਇਆ।” (ਯੂਹੰ. 8:56) ਇਹ ਗੱਲ ਸਾਰਾਹ, ਇਸਹਾਕ, ਯਾਕੂਬ ਅਤੇ ਹੋਰਨਾਂ ਬਾਰੇ ਵੀ ਸੱਚ ਸੀ ਜਿਨ੍ਹਾਂ ਨੇ ਆਪਣਾ ਧਿਆਨ ਆਉਣ ਵਾਲੇ ਰਾਜ ʼਤੇ ਲਾਇਆ “ਜਿਸ ਦਾ ਨਕਸ਼ਾ ਬਣਾਉਣ ਵਾਲਾ ਤੇ ਰਾਜ ਮਿਸਤਰੀ ਪਰਮੇਸ਼ੁਰ ਹੈ।”—ਇਬ. 11:8-11.
6 ਅਬਰਾਹਾਮ ਅਤੇ ਉਸ ਦੇ ਪਰਿਵਾਰ ਨੇ ਆਪਣੀ ਨਿਹਚਾ ਕਿਵੇਂ ਪੱਕੀ ਰੱਖੀ? ਉਨ੍ਹਾਂ ਨੇ ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕਾਂ, ਦਰਸ਼ਣਾਂ ਅਤੇ ਭਰੋਸੇਯੋਗ ਪੁਰਾਣੀਆਂ ਹੱਥ ਲਿਖਤਾਂ ਤੋਂ ਪਰਮੇਸ਼ੁਰ ਬਾਰੇ ਸਿੱਖਿਆ। ਸਭ ਤੋਂ ਵਧ, ਉਨ੍ਹਾਂ ਨੇ ਪਰਮੇਸ਼ੁਰ ਦੇ ਵਾਅਦਿਆਂ ਨੂੰ ਯਾਦ ਰੱਖਿਆ ਅਤੇ ਇਨ੍ਹਾਂ ʼਤੇ ਸੋਚ-ਵਿਚਾਰ ਕੀਤਾ। ਪੱਕੀ ਉਮੀਦ ਹੋਣ ਕਰਕੇ ਉਹ ਪਰਮੇਸ਼ੁਰ ਦੇ ਵਫ਼ਾਦਾਰ ਰਹਿਣ ਲਈ ਮੁਸ਼ਕਲ ਤੋਂ ਮੁਸ਼ਕਲ ਪਰੀਖਿਆ ਦਾ ਸਾਮ੍ਹਣਾ ਕਰਨ ਲਈ ਵੀ ਤਿਆਰ ਸਨ।
7. ਨਿਹਚਾ ਮਜ਼ਬੂਤ ਰੱਖਣ ਲਈ ਯਹੋਵਾਹ ਨੇ ਸਾਡੇ ਲਈ ਕਿਹੜੇ ਪ੍ਰਬੰਧ ਕੀਤੇ ਹਨ? ਅਸੀਂ ਇਨ੍ਹਾਂ ਪ੍ਰਬੰਧਾਂ ਤੋਂ ਕਿਵੇਂ ਫ਼ਾਇਦਾ ਲੈ ਸਕਦੇ ਹਾਂ?
7 ਨਿਹਚਾ ਮਜ਼ਬੂਤ ਰੱਖਣ ਲਈ ਯਹੋਵਾਹ ਨੇ ਸਾਨੂੰ ਪੂਰੀ ਬਾਈਬਲ ਦਿੱਤੀ ਹੈ। ਇਸ ਲਈ ਖ਼ੁਸ਼ ਅਤੇ ਸਫ਼ਲ ਹੋਣ ਲਈ ਸਾਨੂੰ ਹਰ ਰੋਜ਼ ਬਾਈਬਲ ਪੜ੍ਹਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਜ਼ਬੂ. 1:1-3; ਰਸੂਲਾਂ ਦੇ ਕੰਮ 17:11 ਪੜ੍ਹੋ।) ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕਾਂ ਵਾਂਗ ਸਾਨੂੰ ਵੀ ਪਰਮੇਸ਼ੁਰ ਦੇ ਵਾਅਦਿਆਂ ʼਤੇ ਸੋਚ-ਵਿਚਾਰ ਕਰਨ ਅਤੇ ਉਸ ਦੀਆਂ ਮੰਗਾਂ ʼਤੇ ਪੂਰੇ ਉਤਰਨ ਦੀ ਲੋੜ ਹੈ। ਨਾਲੇ ਯਹੋਵਾਹ ਸਾਨੂੰ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਦੁਆਰਾ “ਸਹੀ ਸਮੇਂ ਤੇ ਭੋਜਨ” ਦੇ ਰਿਹਾ ਹੈ। (ਮੱਤੀ 24:45) ਸੋ ਜੇ ਅਸੀਂ ਯਹੋਵਾਹ ਵੱਲੋਂ ਮਿਲਦਾ ਗਿਆਨ ਲੈਂਦੇ ਰਹਾਂਗੇ, ਤਾਂ ਅਸੀਂ ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕਾਂ ਵਾਂਗ ਬਣ ਸਕਾਂਗੇ ਜਿਨ੍ਹਾਂ ਨੇ ਰਾਜ ʼਤੇ “ਪੱਕਾ ਭਰੋਸਾ” ਰੱਖਿਆ।
8. ਪ੍ਰਾਰਥਨਾ ਸਾਡੀ ਨਿਹਚਾ ਕਿਵੇਂ ਮਜ਼ਬੂਤ ਕਰ ਸਕਦੀ ਹੈ?
8 ਪ੍ਰਾਰਥਨਾ ਨੇ ਵੀ ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕਾਂ ਦੀ ਨਿਹਚਾ ਮਜ਼ਬੂਤ ਕਰਨ ਵਿਚ ਖ਼ਾਸ ਭੂਮਿਕਾ ਨਿਭਾਈ। ਜਦੋਂ ਉਨ੍ਹਾਂ ਨੂੰ ਆਪਣੀਆਂ ਪ੍ਰਾਰਥਨਾਵਾਂ ਦਾ ਜਵਾਬ ਮਿਲਦਾ ਸੀ, ਤਾਂ ਉਨ੍ਹਾਂ ਦੀ ਨਿਹਚਾ ਹੋਰ ਵੀ ਪੱਕੀ ਹੁੰਦੀ ਸੀ। (ਨਹ. 1:4, 11; ਜ਼ਬੂ. 34:4, 15, 17; ਦਾਨੀ. 9:19-21) ਅਸੀਂ ਯਹੋਵਾਹ ਨੂੰ ਆਪਣੇ ਦਿਲ ਦੀਆਂ ਗੱਲਾਂ ਦੱਸ ਸਕਦੇ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਉਹ ਸਾਡੀ ਸੁਣੇਗਾ ਅਤੇ ਮੁਸ਼ਕਲਾਂ ਸਹਿਣ ਦੀ ਤਾਕਤ ਦੇਵੇਗਾ। ਨਾਲੇ ਜਦੋਂ ਸਾਨੂੰ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਮਿਲਦਾ ਹੈ, ਤਾਂ ਸਾਡੀ ਨਿਹਚਾ ਹੋਰ ਵੀ ਮਜ਼ਬੂਤ ਹੁੰਦੀ ਹੈ। (1 ਯੂਹੰਨਾ 5:14, 15 ਪੜ੍ਹੋ।) ਨਿਹਚਾ ਪਵਿੱਤਰ ਸ਼ਕਤੀ ਦਾ ਇਕ ਗੁਣ ਹੈ। ਇਸ ਕਰਕੇ ਸਾਨੂੰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ‘ਮੰਗਦੇ ਰਹਿਣ’ ਦੀ ਲੋੜ ਹੈ ਜਿੱਦਾਂ ਯਿਸੂ ਨੇ ਕਰਨ ਨੂੰ ਕਿਹਾ ਸੀ।—ਲੂਕਾ 11:9, 13.
9. ਸਾਨੂੰ ਕਿਹੜੀਆਂ ਗੱਲਾਂ ਬਾਰੇ ਪ੍ਰਾਰਥਨਾ ਕਰਨੀ ਚਾਹੀਦੀ ਹੈ?
9 ਸਿਰਫ਼ ਆਪਣੇ ਬਾਰੇ ਹੀ ਪ੍ਰਾਰਥਨਾ ਨਾ ਕਰੋ, ਸਗੋਂ ਯਹੋਵਾਹ ਦਾ ਧੰਨਵਾਦ ਅਤੇ ਮਹਿਮਾ ਵੀ ਕਰੋ ਕਿਉਂਕਿ ਉਸ ਦੇ “ਅਚਰਜ ਕੰਮ” “ਲੇਖਿਓਂ ਬਾਹਰ ਹਨ।” (ਜ਼ਬੂ. 40:5) ਨਾਲੇ ਉਨ੍ਹਾਂ ਲਈ ਵੀ ਪ੍ਰਾਰਥਨਾ ਕਰੋ “ਜਿਹੜੇ ਜੇਲ੍ਹਾਂ ਵਿਚ ਬੰਦ ਹਨ” ਅਤੇ ‘ਇੱਦਾਂ ਸੋਚੋ ਕਿ ਤੁਸੀਂ ਵੀ ਉਨ੍ਹਾਂ ਨਾਲ ਜੇਲ੍ਹ ਵਿਚ ਬੰਦ ਹੋ।’ ਇਸ ਤੋਂ ਇਲਾਵਾ, ਸਾਨੂੰ ਦੁਨੀਆਂ ਭਰ ਦੇ ਆਪਣੇ ਭੈਣਾਂ-ਭਰਾਵਾਂ ਲਈ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ, ਖ਼ਾਸ ਕਰਕੇ ਉਨ੍ਹਾਂ ਲਈ ਜੋ ‘ਅਗਵਾਈ ਕਰਦੇ ਹਨ।’ ਸਾਡੇ ਦਿਲ ਉਦੋਂ ਟੁੰਭੇ ਜਾਂਦੇ ਹਨ ਜਦੋਂ ਅਸੀਂ ਦੇਖਦੇ ਹਾਂ ਕਿ ਯਹੋਵਾਹ ਸਾਡੇ ਸਾਰਿਆਂ ਦੀਆਂ ਪ੍ਰਾਰਥਨਾਵਾਂ ਦਾ ਕਿਵੇਂ ਜਵਾਬ ਦਿੰਦਾ ਹੈ।—ਇਬ. 13:3, 7.
ਉਹ ਅਜ਼ਮਾਇਸ਼ਾਂ ਸਾਮ੍ਹਣੇ ਝੁਕੇ ਨਹੀਂ
10. ਯਹੋਵਾਹ ਦੇ ਸੇਵਕਾਂ ਦੀਆਂ ਕਿਹੜੀਆਂ ਮਿਸਾਲਾਂ ਹਨ ਜਿਨ੍ਹਾਂ ਨੇ ਆਪਣੇ ਵਿਸ਼ਵਾਸਾਂ ਨਾਲ ਸਮਝੌਤਾ ਨਹੀਂ ਕੀਤਾ? ਕਿਹੜੀ ਗੱਲ ਨੇ ਉਨ੍ਹਾਂ ਦੀ ਵਫ਼ਾਦਾਰ ਰਹਿਣ ਵਿਚ ਮਦਦ ਕੀਤੀ?
10 ਪੌਲੁਸ ਰਸੂਲ ਨੇ ਇਬਰਾਨੀਆਂ ਦੇ 11ਵੇਂ ਅਧਿਆਇ ਵਿਚ ਬਹੁਤ ਸਾਰੇ ਬੇਨਾਮ ਸੇਵਕਾਂ ਬਾਰੇ ਦੱਸਿਆ ਹੈ ਜਿਨ੍ਹਾਂ ਨੇ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ। ਮਿਸਾਲ ਲਈ, ਰਸੂਲ ਨੇ ਉਨ੍ਹਾਂ ਔਰਤਾਂ ਦੀ ਨਿਹਚਾ ਬਾਰੇ ਲਿਖਿਆ ਜਿਨ੍ਹਾਂ ਦੇ ਮੁੰਡੇ ਮੌਤ ਦੀ ਨੀਂਦ ਸੌ ਗਏ ਸਨ, ਪਰ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ। ਫਿਰ ਉਸ ਨੇ ਉਨ੍ਹਾਂ ਲੋਕਾਂ ਬਾਰੇ ਵੀ ਦੱਸਿਆ ਜਿਨ੍ਹਾਂ ਨੇ “ਆਪਣੀ ਨਿਹਚਾ ਛੱਡ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਤਾਂਕਿ ਉਨ੍ਹਾਂ ਨੂੰ ਜੀਉਂਦਾ ਹੋਣ ਤੋਂ ਬਾਅਦ ਦੁਬਾਰਾ ਮਰਨਾ ਨਾ ਪਵੇ।” (ਇਬ. 11:35) ਅਸੀਂ ਪੱਕੀ ਤਰ੍ਹਾਂ ਨਹੀਂ ਕਹਿ ਸਕਦੇ ਕਿ ਪੌਲੁਸ ਕਿਨ੍ਹਾਂ ਬਾਰੇ ਗੱਲ ਕਰ ਰਿਹਾ ਸੀ। ਉਹ ਸ਼ਾਇਦ ਨਾਬੋਥ ਅਤੇ ਜ਼ਕਰਯਾਹ ਬਾਰੇ ਗੱਲ ਕਰ ਰਿਹਾ ਸੀ ਜਿਨ੍ਹਾਂ ਨੂੰ ਪਰਮੇਸ਼ੁਰ ਦਾ ਕਹਿਣਾ ਮੰਨਣ ਅਤੇ ਉਸ ਦੀ ਇੱਛਾ ਪੂਰੀ ਕਰਨ ਕਰਕੇ ਪੱਥਰਾਂ ਨਾਲ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। (1 ਰਾਜ. 21:3, 15; 2 ਇਤ. 24:20, 21) ਦਾਨੀਏਲ ਅਤੇ ਉਸ ਦੇ ਸਾਥੀਆਂ ਕੋਲ ਆਪਣੇ ਵਿਸ਼ਵਾਸਾਂ ਨਾਲ ਸਮਝੌਤਾ ਕਰ ਕੇ “ਆਪਣੀ ਜਾਨ ਬਚਾਉਣ” ਦਾ ਮੌਕਾ ਸੀ। ਪਰ ਉਨ੍ਹਾਂ ਨੇ ਪਰਮੇਸ਼ੁਰ ਦੀ ਤਾਕਤ ʼਤੇ ਭਰੋਸਾ ਰੱਖਿਆ। ਇਸ ਕਰਕੇ ਯਹੋਵਾਹ ਨੇ “ਸ਼ੇਰਾਂ ਦੇ ਮੂੰਹ ਬੰਦ ਕੀਤੇ” ਅਤੇ “ਅੱਗ ਦੇ ਸੇਕ ਨੂੰ ਠੰਢਾ ਕੀਤਾ।”—ਇਬ 11:33, 34; ਦਾਨੀ 3:16-18, 20, 28; 6:13, 16, 21-23.
11. ਨਿਹਚਾ ਹੋਣ ਕਰਕੇ ਕੁਝ ਨਬੀ ਕਿਹੜੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਸਕੇ?
11 ਆਪਣੇ ਵਿਸ਼ਵਾਸਾਂ ਕਰਕੇ ਮੀਕਾਯਾਹ ਅਤੇ ਯਿਰਮਿਯਾਹ ਵਰਗੇ ਨਬੀਆਂ ਦਾ “ਮਜ਼ਾਕ ਉਡਾਇਆ ਗਿਆ” ਤੇ “ਜੇਲ੍ਹਾਂ ਵਿਚ ਸੁੱਟਿਆ ਗਿਆ।” ਇਸ ਤੋਂ ਇਲਾਵਾ, ਏਲੀਯਾਹ ਵਰਗੇ ਹੋਰ ਨਬੀ “ਉਜਾੜ ਥਾਵਾਂ ਤੇ ਪਹਾੜਾਂ ਵਿਚ ਭਟਕਦੇ ਰਹੇ ਅਤੇ ਗੁਫ਼ਾਵਾਂ ਤੇ ਖੁੰਦਰਾਂ ਵਿਚ ਲੁਕੇ ਰਹੇ।” ‘ਇਨ੍ਹਾਂ ਸਾਰੇ ਨਬੀਆਂ ਨੂੰ ਇਸ ਗੱਲ ਦਾ ਪੱਕਾ ਭਰੋਸਾ ਸੀ ਕਿ ਜਿਨ੍ਹਾਂ ਚੀਜ਼ਾਂ ਦੀ ਉਮੀਦ ਰੱਖੀ ਗਈ ਹੈ, ਉਹ ਜ਼ਰੂਰ ਮਿਲਣਗੀਆਂ।—ਇਬ. 11:1, 36-38; 1 ਰਾਜ. 18:13; 22:24-27; ਯਿਰ. 20:1, 2; 28:10, 11; 32:2.
12. ਕਿਸ ਨੇ ਔਖੀਆਂ ਘੜੀਆਂ ਵਿਚ ਵਫ਼ਾਦਾਰੀ ਦੀ ਸਭ ਤੋਂ ਬਿਹਤਰੀਨ ਮਿਸਾਲ ਕਾਇਮ ਕੀਤੀ? ਕਿਸ ਗੱਲ ਨੇ ਉਸ ਦੀ ਵਫ਼ਾਦਾਰ ਰਹਿਣ ਵਿਚ ਮਦਦ ਕੀਤੀ?
12 ਅਲੱਗ-ਅਲੱਗ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਦਾ ਜ਼ਿਕਰ ਕਰਨ ਤੋਂ ਬਾਅਦ ਪੌਲੁਸ ਨੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਨਿਹਚਾ ਬਾਰੇ ਦੱਸਿਆ ਜੋ ਨਿਹਚਾ ਦੀ ਸਭ ਤੋਂ ਬਿਹਤਰੀਨ ਮਿਸਾਲ ਹੈ। ਇਬਰਾਨੀਆਂ 12:2 ਵਿਚ ਲਿਖਿਆ ਹੈ: “ਉਸ ਦੇ ਸਾਮ੍ਹਣੇ ਜੋ ਖ਼ੁਸ਼ੀ ਰੱਖੀ ਗਈ ਸੀ, ਉਸ ਕਰਕੇ ਉਸ ਨੇ ਬੇਇੱਜ਼ਤੀ ਦੀ ਪਰਵਾਹ ਨਾ ਕਰਦੇ ਹੋਏ ਤਸੀਹੇ ਦੀ ਸੂਲ਼ੀ ਉੱਤੇ ਮੌਤ ਸਹੀ ਅਤੇ ਉਹ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਪਾਸੇ ਬੈਠ ਗਿਆ।” ਵਾਕਈ, ਔਖੀਆਂ ਤੋਂ ਔਖੀਆਂ ਘੜੀਆਂ ਦੌਰਾਨ ਸਾਨੂੰ ਯਿਸੂ ਦੀ ਨਿਹਚਾ ਦੀ ਮਿਸਾਲ ʼਤੇ ‘ਗੌਰ ਕਰਨਾ’ ਚਾਹੀਦਾ ਹੈ। (ਇਬਰਾਨੀਆਂ 12:3 ਪੜ੍ਹੋ।) ਪਹਿਲੀ ਸਦੀ ਵਿਚ ਬਹੁਤ ਸਾਰੇ ਮਸੀਹੀ ਯਿਸੂ ਵਾਂਗ ਯਹੋਵਾਹ ਦੇ ਵਫ਼ਾਦਾਰ ਰਹਿਣ ਕਰਕੇ ਸ਼ਹੀਦ ਹੋਏ। ਇਨ੍ਹਾਂ ਵਿੱਚੋਂ ਇਕ ਅੰਤਿਪਾਸ ਸੀ। (ਪ੍ਰਕਾ. 2:13) ਇਨ੍ਹਾਂ ਨੂੰ ਸਵਰਗੀ ਜੀਵਨ ਦਾ ਸਨਮਾਨ ਮਿਲ ਚੁੱਕਾ ਹੈ। ਇਨ੍ਹਾਂ ਦਾ ਇਨਾਮ ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕਾਂ ਨੂੰ ਮਿਲਣ ਵਾਲੇ ਇਨਾਮ ਨਾਲੋਂ ਕਿਤੇ ਹੀ ਉੱਚਾ ਹੈ, ਜਿਸ ਦੀ ਉਹ ਉਡੀਕ ਕਰ ਰਹੇ ਸਨ। (ਇਬ. 11:35) ਜਿਹੜੇ ਵਫ਼ਾਦਾਰ ਚੁਣੇ ਹੋਏ ਮਸੀਹੀ ਮੌਤ ਦੀ ਨੀਂਦ ਸੌਂ ਰਹੇ ਸਨ, ਉਨ੍ਹਾਂ ਨੂੰ ਯਿਸੂ ਨੇ 1914 ਵਿਚ ਰਾਜਾ ਬਣਨ ਤੋਂ ਕੁਝ ਸਮੇਂ ਬਾਅਦ ਸਵਰਗ ਵਿਚ ਜੀਉਂਦਾ ਕੀਤਾ ਸੀ। ਇਨ੍ਹਾਂ ਮਸੀਹੀਆਂ ਨੇ ਸਵਰਗ ਤੋਂ ਯਿਸੂ ਨਾਲ ਧਰਤੀ ਉੱਤੇ ਰਾਜ ਕਰਨਾ ਹੈ।—ਪ੍ਰਕਾ. 20:4.
ਅੱਜ ਨਿਹਚਾ ਦੀਆਂ ਮਿਸਾਲਾਂ
13, 14. ਭਰਾ ਰੂਡੋਲਫ ਨੇ ਕਿਹੜੇ ਦੁੱਖਾਂ ਦਾ ਸਾਮ੍ਹਣਾ ਕੀਤਾ ਅਤੇ ਕਿਹੜੀ ਗੱਲ ਕਰਕੇ ਉਹ ਵਫ਼ਾਦਾਰ ਰਹਿ ਸਕਿਆ?
13 ਅੱਜ ਲੱਖਾਂ ਹੀ ਯਹੋਵਾਹ ਦੇ ਸੇਵਕ ਯਿਸੂ ਦੀ ਮਿਸਾਲ ʼਤੇ ਚੱਲ ਰਹੇ ਹਨ। ਉਹ ਯਿਸੂ ਵਾਂਗ ਆਪਣਾ ਪੂਰਾ ਧਿਆਨ ਆਪਣੀ ਉਮੀਦ ʼਤੇ ਲਾਈ ਰੱਖਦੇ ਹਨ ਅਤੇ ਅਜ਼ਮਾਇਸ਼ਾਂ ਕਰਕੇ ਆਪਣੀ ਨਿਹਚਾ ਕਮਜ਼ੋਰ ਨਹੀਂ ਹੋਣ ਦਿੰਦੇ। ਰੂਡੋਲਫ ਗਰਾਈਸ਼ਨ ਨਾਂ ਦੇ ਭਰਾ ਦੀ ਮਿਸਾਲ ਲਓ ਜਿਸ ਦਾ ਜਨਮ 1925 ਵਿਚ ਜਰਮਨੀ ਵਿਚ ਹੋਇਆ। ਉਸ ਨੂੰ ਯਾਦ ਸੀ ਕਿ ਉਸ ਦੇ ਘਰ ਵਿਚ ਬਾਈਬਲ ਦੇ ਬਿਰਤਾਂਤਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਉਸ ਨੇ ਲਿਖਿਆ: ‘ਇਕ ਤਸਵੀਰ ਵਿਚ ਬਘਿਆੜ ਤੇ ਲੇਲਾ, ਚਿੱਤਾ ਤੇ ਮੇਮਣਾ ਅਤੇ ਵੱਛਾ ਤੇ ਜੁਆਨ ਸ਼ੇਰ ਸਨ। ਇਨ੍ਹਾਂ ਸਾਰਿਆਂ ਵਿਚ ਸ਼ਾਂਤੀ ਸੀ ਅਤੇ ਇਕ ਛੋਟਾ ਮੁੰਡਾ ਇਨ੍ਹਾਂ ਨੂੰ ਲਈ ਫਿਰ ਰਿਹਾ ਸੀ। ਇੱਦਾਂ ਦੀਆਂ ਤਸਵੀਰਾਂ ਨੇ ਮੇਰੇ ਦਿਲ ʼਤੇ ਗਹਿਰੀ ਛਾਪ ਛੱਡੀ।’ (ਯਸਾ. 11:6-9) ਪਹਿਲਾਂ ਰੂਡੋਲਫ ਨੂੰ ਗਸਤਾਪੋ ਨਾਂ ਦੀ ਖੁਫੀਆ ਪੁਲਿਸ ਨੇ ਅਤੇ ਫਿਰ ਪੂਰਬੀ ਜਰਮਨੀ ਦੀ ਸ਼ਟਾਜ਼ੀ ਨਾਂ ਦੀ ਖੁਫੀਆ ਪੁਲਿਸ ਨੇ ਬਹੁਤ ਸਾਲ ਸਤਾਇਆ। ਇੰਨੇ ਸਾਲ ਘੋਰ ਜ਼ੁਲਮ ਸਹਿਣ ਦੇ ਬਾਵਜੂਦ ਵੀ ਉਸ ਨੇ ਨਵੀਂ ਦੁਨੀਆਂ ਵਿਚ ਰਹਿਣ ਦੀ ਆਪਣੀ ਉਮੀਦ ਨਹੀਂ ਛੱਡੀ।
14 ਰੂਡੋਲਫ ਨੂੰ ਹੋਰ ਵੀ ਕਈ ਦੁੱਖਾਂ ਵਿੱਚੋਂ ਲੰਘਣਾ ਪਿਆ। ਉਸ ਦੀ ਮਾਂ ਦੀ ਤਸ਼ੱਦਦ ਕੈਪ (ਰੈਵਨਜ਼ਬਰੂਕ) ਵਿਚ ਟਾਈਫਸ ਨਾਂ ਦੀ ਬੀਮਾਰੀ ਕਰਕੇ ਮੌਤ ਹੋ ਗਈ। ਨਾਲੇ ਉਸ ਦੇ ਪਿਤਾ ਦੀ ਨਿਹਚਾ ਇੰਨੀ ਕਮਜ਼ੋਰ ਹੋ ਗਈ ਕਿ ਉਸ ਨੇ ਉਸ ਦਸਤਾਵੇਜ਼ ਉੱਥੇ ਦਸਤਖਤ ਕਰ ਦਿੱਤੇ ਜਿਸ ਵਿਚ ਲਿਖਿਆ ਸੀ ਕਿ ਉਹ ਹੁਣ ਤੋਂ ਯਹੋਵਾਹ ਦਾ ਗਵਾਹ ਨਹੀਂ ਹੈ। ਜੇਲ੍ਹ ਵਿੱਚੋਂ ਰਿਹਾ ਹੋਣ ਤੋਂ ਬਾਅਦ ਰੂਡੋਲਫ ਨੂੰ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕਰਨ ਦਾ ਸਨਮਾਨ ਮਿਲਿਆ ਅਤੇ ਫਿਰ ਉਸ ਨੂੰ ਗਿਲਿਅਡ ਸਕੂਲ ਵਿਚ ਹਾਜ਼ਰ ਹੋਣ ਦਾ ਸੱਦਾ ਮਿਲਿਆ। ਇਸ ਤੋਂ ਬਾਅਦ ਉਸ ਨੂੰ ਚਿਲੀ ਵਿਚ ਮਿਸ਼ਨਰੀ ਵਜੋਂ ਭੇਜਿਆ ਗਿਆ ਜਿੱਥੇ ਉਸ ਨੇ ਫਿਰ ਤੋਂ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕੀਤੀ। ਪਰ ਰੂਡੋਲਫ ਦੇ ਦੁੱਖਾਂ ਦੀ ਹਨੇਰੀ ਅਜੇ ਵੀ ਥੰਮੀ ਨਹੀਂ ਸੀ। ਇਕ ਮਿਸ਼ਨਰੀ ਭੈਣ ਪੈਟਸੀ ਨਾਲ ਵਿਆਹ ਹੋਣ ਤੋਂ ਇਕ ਸਾਲ ਬਾਅਦ ਉਨ੍ਹਾਂ ਦੀ ਕੁੜੀ ਦੀ ਮੌਤ ਹੋ ਗਈ। ਬਾਅਦ ਵਿਚ ਉਸ ਦੀ ਪਿਆਰੀ ਪਤਨੀ ਸਿਰਫ਼ 43 ਸਾਲਾਂ ਦੀ ਉਮਰ ਵਿਚ ਹੀ ਮੌਤ ਦੀ ਨੀਂਦ ਸੌਂ ਗਈ। ਇੰਨੇ ਦੁੱਖ ਸਹਿਣ ਤੋਂ ਬਾਅਦ ਵੀ ਰੂਡੋਲਫ ਨੇ ਆਪਣੀ ਵਫ਼ਾਦਾਰੀ ਨਹੀਂ ਛੱਡੀ। ਜਦੋਂ 1 ਅਗਸਤ 1997 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 20-25 ਉੱਤੇ ਰੂਡੋਲਫ ਦੀ ਜੀਵਨੀ ਛਪੀ, ਉਸ ਵੇਲੇ ਉਹ ਬੀਮਾਰੀ ਅਤੇ ਬੁਢਾਪੇ ਦੀ ਹਾਲਤ ਵਿਚ ਵੀ ਰੈਗੂਲਰ ਪਾਇਨੀਅਰਿੰਗ ਅਤੇ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਸੀ। [1]
15. ਅੱਜ ਕਿਹੜੀਆਂ ਮਿਸਾਲਾਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਅਤਿਆਚਾਰ ਸਹਿਣ ਦੇ ਬਾਵਜੂਦ ਵੀ ਯਹੋਵਾਹ ਦੇ ਗਵਾਹ ਖ਼ੁਸ਼ੀ ਨਾਲ ਸੇਵਾ ਕਰ ਰਹੇ ਹਨ?
15 ਸਾਡੇ ਬਹੁਤ ਸਾਰੇ ਭੈਣ-ਭਰਾ ਮੁਸ਼ਕਲਾਂ ਸਹਿਣ ਦੇ ਬਾਵਜੂਦ ਵੀ ਆਪਣੀ ਉਮੀਦ ਨੂੰ ਫੜੀ ਰੱਖਣ ਕਰਕੇ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰ ਰਹੇ ਹਨ। ਮਿਸਾਲ ਲਈ, ਸਾਡੇ ਬਹੁਤ ਸਾਰੇ ਭੈਣ-ਭਰਾ ਐਰੀਟ੍ਰੀਆ, ਸਿੰਗਾਪੁਰ ਅਤੇ ਦੱਖਣੀ ਕੋਰੀਆ ਦੀਆਂ ਜੇਲ੍ਹਾਂ ਵਿਚ ਬੰਦ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਇਸ ਕਰਕੇ ਜੇਲ੍ਹਾਂ ਵਿਚ ਹਨ ਕਿਉਂਕਿ ਉਨ੍ਹਾਂ ਨੇ ਯਿਸੂ ਦੇ ਸ਼ਬਦ ਯਾਦ ਰੱਖਦਿਆਂ ‘ਤਲਵਾਰ ਚਲਾਉਣ’ ਤੋਂ ਇਨਕਾਰ ਕੀਤਾ। (ਮੱਤੀ 26:52) ਇਨ੍ਹਾਂ ਸੈਂਕੜੇ ਭੈਣ-ਭਰਾਵਾਂ ਵਿਚ ਆਈਜ਼ਕ, ਨੇਗੇਡੇ ਅਤੇ ਪਾਓਲੌਸ ਵੀ ਹਨ ਜੋ 20 ਤੋਂ ਜ਼ਿਆਦਾ ਸਾਲਾਂ ਤੋਂ ਐਰੀਟ੍ਰੀਆ ਦੀ ਜੇਲ੍ਹ ਵਿਚ ਹਨ। ਉਨ੍ਹਾਂ ਨੂੰ ਨਾ ਤਾਂ ਆਪਣੇ ਬਜ਼ੁਰਗ ਮਾਪਿਆਂ ਦੀ ਸੇਵਾ ਕਰਨ ਤੇ ਨਾ ਹੀ ਵਿਆਹ ਕਰਾਉਣ ਦੀ ਆਜ਼ਾਦੀ ਹੈ। ਚਾਹੇ ਇਨ੍ਹਾਂ ਭਰਾਵਾਂ ਨਾਲ ਬਹੁਤ ਬਦਸਲੂਕੀ ਹੋ ਰਹੀ ਹੈ, ਪਰ ਇਨ੍ਹਾਂ ਨੇ ਆਪਣੀ ਖਰਿਆਈ ਨਹੀਂ ਛੱਡੀ। ਤੁਸੀਂ ਇਨ੍ਹਾਂ ਦੀਆਂ ਤਸਵੀਰਾਂ jw.org ʼਤੇ ਦੇਖ ਸਕਦੇ ਹੋ। ਉਨ੍ਹਾਂ ਦੇ ਚਿਹਰਿਆਂ ਦੀ ਚਮਕ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਆਪਣੀ ਨਿਹਚਾ ਮਜ਼ਬੂਤ ਰੱਖੀ ਹੈ। ਉੱਥੇ ਦੇ ਪਹਿਰੇਦਾਰ ਵੀ ਉਨ੍ਹਾਂ ਦੀ ਹੁਣ ਇੱਜ਼ਤ ਕਰਨ ਲੱਗ ਪਏ ਹਨ।
16. ਮਜ਼ਬੂਤ ਨਿਹਚਾ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?
16 ਜ਼ਿਆਦਾਤਰ ਯਹੋਵਾਹ ਦੇ ਗਵਾਹਾਂ ਨੇ ਅਤਿਆਚਾਰ ਨਹੀਂ ਸਹੇ। ਪਰ ਉਨ੍ਹਾਂ ਦੀ ਨਿਹਚਾ ਦੀ ਪਰਖ ਅਲੱਗ-ਅਲੱਗ ਤਰੀਕਿਆਂ ਨਾਲ ਹੋਈ ਹੈ। ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਗ਼ਰੀਬੀ ਦੀ ਮਾਰ ਸਹਿਣੀ ਪਈ ਜਾਂ ਕਈਆਂ ਨੇ ਘਰੇਲੂ ਜੰਗਾਂ ਜਾਂ ਕੁਦਰਤੀ ਆਫ਼ਤਾਂ ਕਰਕੇ ਦੁੱਖਾਂ ਦਾ ਸਾਮ੍ਹਣਾ ਕੀਤਾ ਹੈ। ਮੂਸਾ ਅਤੇ ਪੁਰਾਣੇ ਸਮੇਂ ਦੇ ਸੇਵਕਾਂ ਵਾਂਗ ਕਈਆਂ ਨੇ ਐਸ਼ੋ-ਆਰਾਮ ਦੀ ਜ਼ਿੰਦਗੀ ਅਤੇ ਦੁਨੀਆਂ ਵਿਚ ਕਮਾਇਆ ਵੱਡਾ ਨਾਂ ਤਿਆਗ ਦਿੱਤਾ ਹੈ। ਪਰ ਇਨ੍ਹਾਂ ਦੀ ਨਿਹਚਾ ਦੀ ਪਰਖ ਇਹ ਹੈ ਕਿ ਉਹ ਦੁਬਾਰਾ ਧਨ-ਦੌਲਤ ਦੇ ਫੰਦੇ ਵਿਚ ਨਾ ਫਸਣ ਅਤੇ ਸੁਆਰਥੀ ਨਾ ਬਣਨ। ਉਹ ਵਫ਼ਾਦਾਰੀ ਕਿੱਦਾਂ ਬਣਾਈ ਰੱਖਦੇ ਹਨ? ਉਹ ਯਹੋਵਾਹ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਵਾਅਦਿਆਂ ਉੱਤੇ ਪੱਕੀ ਨਿਹਚਾ ਹੈ ਕਿ ਉਹ ਇਕ ਦਿਨ ਜ਼ਰੂਰ ਨਿਆਂ ਕਰੇਗਾ। ਨਾਲੇ ਉਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਦਾ ਇਨਾਮ ਦੇਵੇਗਾ।—ਜ਼ਬੂਰਾਂ ਦੀ ਪੋਥੀ 37:5, 7, 9, 29 ਪੜ੍ਹੋ।
17. ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ ਅਤੇ ਅਸੀਂ ਅਗਲੇ ਲੇਖ ਵਿਚ ਕੀ ਦੇਖਾਂਗੇ?
17 ਅਸੀਂ ਇਸ ਲੇਖ ਵਿਚ ਦੇਖਿਆ ਹੈ ਕਿ ਪਰਮੇਸ਼ੁਰ ਦੇ ਵਾਅਦਿਆਂ ʼਤੇ ਸੋਚ-ਵਿਚਾਰ ਅਤੇ ਪ੍ਰਾਰਥਨਾ ਕਰ ਕੇ ਅਸੀਂ ਆਪਣੀ ਨਿਹਚਾ ਮਜ਼ਬੂਤ ਰੱਖ ਸਕਦੇ ਹਾਂ। ਇੱਦਾਂ ਕਰ ਕੇ ਅਸੀਂ ਅਜ਼ਮਾਇਸ਼ਾਂ ਦੌਰਾਨ ਆਪਣੀ ਉਮੀਦ ਉੱਤੇ ਧਿਆਨ ਲਾਈ ਰੱਖ ਸਕਾਂਗੇ। ਪਰ ਬਾਈਬਲ ਨਿਹਚਾ ਬਾਰੇ ਹੋਰ ਵੀ ਬਹੁਤ ਕੁਝ ਦੱਸਦੀ ਹੈ ਜਿਸ ਬਾਰੇ ਅਸੀਂ ਅਗਲੇ ਲੇਖ ਵਿਚ ਦੇਖਾਂਗੇ।
^ [1] (ਪੈਰਾ 14) 22 ਅਪ੍ਰੈਲ 2002 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਅੰਕ ਵਿਚ “ਮੁਸ਼ਕਲਾਂ ਦੇ ਬਾਵਜੂਦ ਵੀ ਮੈਂ ਆਪਣੀ ਉਮੀਦ ਪੱਕੀ ਰੱਖੀ” ਨਾਂ ਦਾ ਲੇਖ ਵੀ ਦੇਖੋ। ਇਹ ਸਲੋਵਾਕੀਆ ਦੇ ਰਹਿਣ ਵਾਲੇ ਐਂਡਰਾ ਹੈਨਾਕ ਦੀ ਜੀਵਨੀ ਹੈ।