‘ਨਿਹਚਾ ਨਾਲ ਚੱਲਣਾ, ਨਾ ਕਿ ਵੇਖਣ ਨਾਲ’
“ਅਸੀਂ ਨਿਹਚਾ ਨਾਲ ਚੱਲਦੇ ਹਾਂ, ਨਾ ਵੇਖਣ ਨਾਲ।”—2 ਕੁਰਿੰਥੀਆਂ 5:7.
1. ‘ਨਿਹਚਾ ਨਾਲ ਚੱਲਣ’ ਦਾ ਕੀ ਅਰਥ ਹੈ?
ਹਰ ਵਾਰ ਜਦੋਂ ਅਸੀਂ ਪਰਮੇਸ਼ੁਰ ਦੇ ਬਚਨ ਵਿਚ ਦਿੱਤੀਆਂ ਗਈਆਂ ਹਿਦਾਇਤਾਂ ਅਨੁਸਾਰ ਪ੍ਰਾਰਥਨਾ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਸਾਡੇ ਕੋਲ ਘਟੋ-ਘੱਟ ਕੁਝ ਹੱਦ ਤਕ ਨਿਹਚਾ ਹੈ। ਜਦੋਂ ਅਸੀਂ ਦੂਜਿਆਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਗਵਾਹੀ ਦੇਣੀ ਸ਼ੁਰੂ ਕਰਦੇ ਹਾਂ, ਤਾਂ ਅਸੀਂ ਉਦੋਂ ਵੀ ਨਿਹਚਾ ਦਿਖਾਉਂਦੇ ਹਾਂ। ਅਤੇ ਜਦੋਂ ਅਸੀਂ ਆਪਣੇ ਜੀਵਨ ਯਹੋਵਾਹ ਨੂੰ ਸਮਰਪਿਤ ਕਰਦੇ ਹਾਂ, ਤਾਂ ਅਸੀਂ ਸਬੂਤ ਦੇ ਰਹੇ ਹੁੰਦੇ ਹਾਂ ਕਿ ਅਸੀਂ ‘ਨਿਹਚਾ ਨਾਲ ਚੱਲਣ,’ ਅਰਥਾਤ ਇਕ ਅਜਿਹੇ ਜੀਵਨ-ਮਾਰਗ ਦੀ ਪੈਰਵੀ ਕਰਨ ਦੀ ਇੱਛਾ ਰੱਖਦੇ ਹਾਂ ਜੋ ਨਿਹਚਾ ਦੁਆਰਾ ਨਿਰਦੇਸ਼ਿਤ ਹੈ।—2 ਕੁਰਿੰਥੀਆਂ 5:7; ਕੁਲੁੱਸੀਆਂ 1:9, 10.
2. ਕਲੀਸਿਯਾ ਦੀਆਂ ਸਰਗਰਮੀਆਂ ਵਿਚ ਹਿੱਸਾ ਲੈਣਾ ਜ਼ਰੂਰੀ ਤੌਰ ਤੇ ਇਹ ਕਿਉਂ ਸਾਬਤ ਨਹੀਂ ਕਰਦਾ ਕਿ ਇਕ ਵਿਅਕਤੀ ਕੋਲ ਨਿਹਚਾ ਹੈ?
2 ਜੇਕਰ ਅਸੀਂ ਸੱਚ-ਮੁੱਚ ਇਸ ਤਰ੍ਹਾਂ ਜੀਉਣਾ ਹੈ, ਤਾਂ ਸਾਨੂੰ ਉਸ ਨਿਹਚਾ ਦੀ ਲੋੜ ਹੈ ਜਿਸ ਦਾ ਇਕ ਠੋਸ ਆਧਾਰ ਹੈ। (ਇਬਰਾਨੀਆਂ 11:1, 6) ਅਨੇਕ ਲੋਕ ਯਹੋਵਾਹ ਦੇ ਗਵਾਹਾਂ ਦੇ ਵਿਚਕਾਰ ਦੇਖੇ ਗਏ ਨੈਤਿਕ ਮਿਆਰਾਂ ਅਤੇ ਪ੍ਰੇਮ ਦੇ ਕਾਰਨ ਉਨ੍ਹਾਂ ਵੱਲ ਆਕਰਸ਼ਿਤ ਹੁੰਦੇ ਹਨ। ਇਹ ਇਕ ਚੰਗਾ ਆਰੰਭ ਹੈ, ਲੇਕਿਨ ਇਸ ਦਾ ਅਰਥ ਇਹ ਨਹੀਂ ਹੈ ਕਿ ਅਜਿਹੇ ਲੋਕਾਂ ਕੋਲ ਨਿਹਚਾ ਹੈ। ਦੂਜਿਆਂ ਲੋਕਾਂ ਦਾ ਸ਼ਾਇਦ ਇਕ ਵਿਆਹੁਤਾ ਸਾਥੀ, ਜਾਂ ਇਕ ਮਾਤਾ ਜਾਂ ਪਿਤਾ ਹੋਵੇ ਜੋ ਨਿਹਚਾ ਵਿਚ ਮਜ਼ਬੂਤ ਹੈ। ਉਹ ਸ਼ਾਇਦ ਇਨ੍ਹਾਂ ਦੀ ਚੰਗੀ ਮਿਸਾਲ ਕਾਰਨ ਕੁਝ ਅਧਿਆਤਮਿਕ ਸਰਗਰਮੀਆਂ ਵਿਚ ਹਿੱਸਾ ਲੈਣ ਜਿਨ੍ਹਾਂ ਵਿਚ ਉਨ੍ਹਾਂ ਦੇ ਪਿਆਰੇ ਰੁੱਝੇ ਹੋਏ ਹਨ। ਆਪਣੇ ਘਰ ਵਿਚ ਅਜਿਹੇ ਪ੍ਰਭਾਵ ਦੀ ਮੌਜੂਦਗੀ ਸੱਚ-ਮੁੱਚ ਹੀ ਇਕ ਬਰਕਤ ਹੈ, ਲੇਕਿਨ ਇਹ ਪਰਮੇਸ਼ੁਰ ਲਈ ਨਿੱਜੀ ਪਿਆਰ ਅਤੇ ਨਿੱਜੀ ਨਿਹਚਾ ਦੀ ਥਾਂ ਨਹੀਂ ਲੈ ਸਕਦਾ।—ਲੂਕਾ 10:27, 28.
3. (ੳ) ਸਾਨੂੰ ਨਿੱਜੀ ਤੌਰ ਤੇ ਬਾਈਬਲ ਬਾਰੇ ਕੀ ਯਕੀਨ ਹੋਣਾ ਚਾਹੀਦਾ ਹੈ ਤਾਂਕਿ ਸਾਡੀ ਨਿਹਚਾ ਠੋਸ ਆਧਾਰ ਵਾਲੀ ਹੋਵੇ? (ਅ) ਕੁਝ ਲੋਕ ਬਾਈਬਲ ਦੀ ਪ੍ਰੇਰਣਾ ਬਾਰੇ ਦੂਜਿਆਂ ਨਾਲੋਂ ਜ਼ਿਆਦਾ ਜਲਦੀ ਕਿਉਂ ਕਾਇਲ ਹੋ ਜਾਂਦੇ ਹਨ?
3 ਉਹ ਵਿਅਕਤੀ ਜੋ ਸੱਚ-ਮੁੱਚ ਹੀ ਨਿਹਚਾ ਨਾਲ ਚੱਲਦੇ ਹਨ ਪੂਰੀ ਤਰ੍ਹਾਂ ਕਾਇਲ ਹਨ ਕਿ ਬਾਈਬਲ ਪਰਮੇਸ਼ੁਰ ਦਾ ਬਚਨ ਹੈ। ਅਧਿਕ ਸਬੂਤ ਮੌਜੂਦ ਹਨ ਕਿ ਪਵਿੱਤਰ ਸ਼ਾਸਤਰ ਵਾਕਈ “ਪਰਮੇਸ਼ੁਰ ਦੇ ਆਤਮਾ ਤੋਂ ਹੈ।”a (2 ਤਿਮੋਥਿਉਸ 3:16) ਇਕ ਵਿਅਕਤੀ ਨੂੰ ਕਾਇਲ ਹੋਣ ਲਈ ਕਿੰਨੇ ਸਬੂਤਾਂ ਦੀ ਜਾਂਚ ਕਰਨੀ ਚਾਹੀਦੀ ਹੈ? ਇਹ ਸ਼ਾਇਦ ਉਸ ਦੇ ਪਿਛੋਕੜ ਉੱਤੇ ਨਿਰਭਰ ਕਰੇ। ਜੋ ਸਬੂਤ ਇਕ ਵਿਅਕਤੀ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਕਰਦਾ ਹੈ ਸ਼ਾਇਦ ਦੂਜੇ ਵਿਅਕਤੀ ਨੂੰ ਯਕੀਨ ਨਾ ਦਿਵਾਏ। ਕੁਝ ਮਾਮਲਿਆਂ ਵਿਚ, ਭਾਵੇਂ ਕਿ ਇਕ ਵਿਅਕਤੀ ਨੂੰ ਚੋਖਾ ਅਖੰਡਨੀ ਸਬੂਤ ਦਿਖਾਇਆ ਜਾਂਦਾ ਹੈ, ਉਹ ਸ਼ਾਇਦ ਫਿਰ ਵੀ ਉਸ ਸਿੱਟੇ ਦਾ ਵਿਰੋਧ ਕਰੇ ਜਿਸ ਵੱਲ ਸਬੂਤ ਇਸ਼ਾਰਾ ਕਰਦਾ ਹੈ। ਕਿਉਂ? ਉਸ ਦੇ ਦਿਲ ਦੀ ਗਹਿਰਾਈ ਵਿਚ ਦੱਬੀਆਂ ਹੋਈਆਂ ਇੱਛਾਵਾਂ ਦੇ ਕਾਰਨ। (ਯਿਰਮਿਯਾਹ 17:9) ਇਸ ਤਰ੍ਹਾਂ, ਭਾਵੇਂ ਇਕ ਵਿਅਕਤੀ ਸ਼ਾਇਦ ਪਰਮੇਸ਼ੁਰ ਦੇ ਮਕਸਦ ਵਿਚ ਦਿਲਚਸਪੀ ਦਾ ਦਾਅਵਾ ਕਰੇ, ਉਸ ਦਾ ਦਿਲ ਸ਼ਾਇਦ ਦੁਨੀਆਂ ਦੀ ਪ੍ਰਵਾਨਗੀ ਲਈ ਲਲਚਾਏ। ਉਹ ਸ਼ਾਇਦ ਇਕ ਅਜਿਹੇ ਜੀਵਨ-ਮਾਰਗ ਨੂੰ ਨਾ ਤਿਆਗਣਾ ਚਾਹੇ ਜੋ ਬਾਈਬਲ ਮਿਆਰਾਂ ਨਾਲ ਟਕਰਾਉਂਦਾ ਹੈ। ਪਰ, ਜੇਕਰ ਕੋਈ ਵਿਅਕਤੀ ਸੱਚਾਈ ਲਈ ਸੱਚ-ਮੁੱਚ ਹੀ ਭੁੱਖਾ ਹੈ, ਜੇਕਰ ਉਹ ਖ਼ੁਦ ਨਾਲ ਈਮਾਨਦਾਰ ਹੈ, ਅਤੇ ਜੇਕਰ ਉਹ ਨਿਮਰ ਹੈ, ਤਾਂ ਉਹ ਆਖ਼ਰਕਾਰ ਅਹਿਸਾਸ ਕਰੇਗਾ ਕਿ ਬਾਈਬਲ ਅਸਲ ਵਿਚ ਪਰਮੇਸ਼ੁਰ ਦਾ ਬਚਨ ਹੈ।
4. ਨਿਹਚਾ ਹਾਸਲ ਕਰਨ ਲਈ ਇਕ ਵਿਅਕਤੀ ਕੋਲੋਂ ਕੀ ਮੰਗ ਕੀਤੀ ਜਾਂਦੀ ਹੈ?
4 ਅਕਸਰ ਕੁਝ ਹੀ ਮਹੀਨਿਆਂ ਵਿਚ, ਜਿਨ੍ਹਾਂ ਵਿਅਕਤੀਆਂ ਦੀ ਬਾਈਬਲ ਦਾ ਅਧਿਐਨ ਕਰਨ ਵਿਚ ਮਦਦ ਕੀਤੀ ਜਾ ਰਹੀ ਹੁੰਦੀ ਹੈ, ਉਹ ਕਦਰ ਪਾਉਂਦੇ ਹਨ ਕਿ ਉਨ੍ਹਾਂ ਨੇ ਹੁਣ ਤਕ ਚੋਖਾ ਸਬੂਤ ਦੇਖ ਲਿਆ ਹੈ ਕਿ ਬਾਈਬਲ ਪਰਮੇਸ਼ੁਰ ਦਾ ਬਚਨ ਹੈ। ਜੇਕਰ ਇਹ ਯਹੋਵਾਹ ਵੱਲੋਂ ਸਿੱਖਿਆ ਲੈਣ ਲਈ ਉਨ੍ਹਾਂ ਨੂੰ ਆਪਣੇ ਦਿਲਾਂ ਨੂੰ ਖੋਲ੍ਹਣ ਲਈ ਪ੍ਰੇਰਿਤ ਕਰਦਾ ਹੈ, ਤਾਂ ਫਿਰ ਸਿੱਖੀਆਂ ਗੱਲਾਂ ਦੁਆਰਾ ਉਨ੍ਹਾਂ ਦੀਆਂ ਗਹਿਰੀਆਂ ਸੋਚਾਂ, ਉਨ੍ਹਾਂ ਦੀਆਂ ਇੱਛਾਵਾਂ, ਅਤੇ ਉਨ੍ਹਾਂ ਦੀਆਂ ਪ੍ਰੇਰਣਾਵਾਂ ਸਹਿਜੇ-ਸਹਿਜੇ ਢਾਲੀਆਂ ਜਾਣਗੀਆਂ। (ਜ਼ਬੂਰ 143:10) ਰੋਮੀਆਂ 10:10 ਕਹਿੰਦਾ ਹੈ ਕਿ ਇਕ ਵਿਅਕਤੀ “ਹਿਰਦੇ ਨਾਲ” ਨਿਹਚਾ ਕਰਦਾ ਹੈ। ਅਜਿਹੀ ਨਿਹਚਾ ਪ੍ਰਗਟ ਕਰਦੀ ਹੈ ਕਿ ਉਹ ਵਿਅਕਤੀ ਅਸਲ ਵਿਚ ਕਿਵੇਂ ਮਹਿਸੂਸ ਕਰਦਾ ਹੈ, ਅਤੇ ਇਹ ਉਸ ਦੇ ਜੀਵਨ-ਮਾਰਗ ਵਿਚ ਜ਼ਾਹਰ ਹੋਵੇਗਾ।
ਨੂਹ ਨੇ ਠੋਸ ਆਧਾਰ ਵਾਲੀ ਨਿਹਚਾ ਉੱਤੇ ਅਮਲ ਕੀਤਾ
5, 6. ਨੂਹ ਦੀ ਨਿਹਚਾ ਕਿਸ ਚੀਜ਼ ਉੱਤੇ ਆਧਾਰਿਤ ਸੀ?
5 ਨੂਹ ਇਕ ਵਿਅਕਤੀ ਸੀ ਜਿਸ ਕੋਲ ਠੋਸ ਆਧਾਰ ਵਾਲੀ ਨਿਹਚਾ ਸੀ। (ਇਬਰਾਨੀਆਂ 11:7) ਅਜਿਹੀ ਨਿਹਚਾ ਲਈ ਉਸ ਕੋਲ ਕੀ ਆਧਾਰ ਸੀ? ਨੂਹ ਕੋਲ ਪਰਮੇਸ਼ੁਰ ਦਾ ਬਚਨ, ਲਿਖਤ ਰੂਪ ਵਿਚ ਨਹੀਂ, ਪਰੰਤੂ ਜ਼ਬਾਨੀ ਰੂਪ ਵਿਚ ਸੀ। ਉਤਪਤ 6:13 ਕਹਿੰਦਾ ਹੈ: “ਪਰਮੇਸ਼ੁਰ ਨੇ ਨੂਹ ਨੂੰ ਆਖਿਆ ਕਿ ਸਰਬੱਤ ਸਰੀਰਾਂ ਦਾ ਅੰਤਕਾਲ ਮੇਰੇ ਸਾਹਮਣੇ ਏਸ ਲਈ ਆ ਗਿਆ ਹੈ ਕਿ ਧਰਤੀ ਉਨ੍ਹਾਂ ਦੇ ਕਾਰਨ ਜ਼ੁਲਮ ਨਾਲ ਭਰ ਗਈ ਹੈ।” (ਟੇਢੇ ਟਾਈਪ ਸਾਡੇ।) ਯਹੋਵਾਹ ਨੇ ਨੂਹ ਨੂੰ ਇਕ ਕਿਸ਼ਤੀ ਬਣਾਉਣ ਲਈ ਨਿਰਦੇਸ਼ਿਤ ਕੀਤਾ ਅਤੇ ਉਸ ਦੀ ਬਣਾਵਟ ਬਾਰੇ ਵੇਰਵੇ ਦਿੱਤੇ। ਫਿਰ ਪਰਮੇਸ਼ੁਰ ਨੇ ਅੱਗੇ ਕਿਹਾ: “ਵੇਖ ਮੈਂ, ਹਾਂ, ਮੈਂ ਹੀ ਪਾਣੀ ਦੀ ਪਰਲੋ ਧਰਤੀ ਉੱਤੇ ਲਿਆ ਰਿਹਾ ਹਾਂ ਤਾਂਜੋ ਸਾਰੇ ਸਰੀਰਾਂ ਨੂੰ ਜਿਨ੍ਹਾਂ ਦੇ ਵਿੱਚ ਜੀਵਣ ਦਾ ਸਾਹ ਹੈ ਅਕਾਸ਼ ਦੇ ਹੇਠੋਂ ਨਾਸ ਕਰਾਂ। ਸਭ ਕੁਝ ਜਿਹੜਾ ਧਰਤੀ ਉੱਤੇ ਹੈ ਪ੍ਰਾਣ ਛੱਡ ਦੇਵੇਗਾ।”—ਉਤਪਤ 6:14-17.
6 ਕੀ ਇਸ ਤੋਂ ਪਹਿਲਾਂ ਕਦੇ ਮੀਂਹ ਪਿਆ ਸੀ? ਬਾਈਬਲ ਇਸ ਬਾਰੇ ਕੁਝ ਜ਼ਿਕਰ ਨਹੀਂ ਕਰਦੀ। ਉਤਪਤ 2:5 ਕਹਿੰਦਾ ਹੈ: “ਯਹੋਵਾਹ ਪਰਮੇਸ਼ੁਰ ਨੇ . . . ਮੀਂਹ ਨਹੀਂ ਵਰਹਾਇਆ ਸੀ।” ਲੇਕਿਨ, ਮੂਸਾ, ਜੋ ਕਈ ਸਦੀਆਂ ਬਾਅਦ ਪੈਦਾ ਹੋਇਆ ਸੀ, ਨੇ ਇਸੇ ਤਰ੍ਹਾਂ ਗੱਲਾਂ ਬਿਆਨ ਕੀਤੀਆਂ ਜਦੋਂ ਉਸ ਨੇ ਨੂਹ ਦੇ ਦਿਨਾਂ ਦੀ ਨਹੀਂ ਬਲਕਿ ਉਸ ਤੋਂ ਵੀ ਬਹੁਤ ਪਹਿਲੇ ਦੇ ਸਮੇਂ ਦੀ ਚਰਚਾ ਕੀਤੀ। ਜਿਵੇਂ ਉਤਪਤ 7:4 ਵਿਚ ਦਿਖਾਇਆ ਗਿਆ ਹੈ, ਨੂਹ ਨਾਲ ਗੱਲ ਕਰਦੇ ਸਮੇਂ ਯਹੋਵਾਹ ਨੇ ਮੀਂਹ ਦਾ ਜ਼ਿਕਰ ਕੀਤਾ ਸੀ, ਅਤੇ ਜ਼ਾਹਰਾ ਤੌਰ ਤੇ ਨੂਹ ਨੇ ਉਸ ਦਾ ਮਤਲਬ ਸਮਝਿਆ। ਫਿਰ ਵੀ, ਨੂਹ ਦੀ ਨਿਹਚਾ ਉਸ ਵਿਚ ਨਹੀਂ ਸੀ ਜੋ ਉਹ ਦੇਖ ਸਕਦਾ ਸੀ। ਰਸੂਲ ਪੌਲੁਸ ਨੇ ਲਿਖਿਆ ਕਿ ਨੂਹ ਨੇ ‘ਪਰਮੇਸ਼ੁਰ ਕੋਲੋਂ ਉਨ੍ਹਾਂ ਵਸਤਾਂ ਦੀ ਖਬਰ ਪਾਈ ਜਿਹੜੀਆਂ ਅਜੇ ਅਣਡਿੱਠ ਸਨ।’ ਪਰਮੇਸ਼ੁਰ ਨੇ ਨੂਹ ਨੂੰ ਦੱਸਿਆ ਕਿ ਉਹ ਧਰਤੀ ਉੱਤੇ “ਪਾਣੀ ਦੀ ਪਰਲੋ,” ਜਾਂ “ਆਕਾਸ਼ੀ ਮਹਾਂਸਾਗਰ” ਲਿਆਉਣ ਵਾਲਾ ਸੀ, ਜਿਵੇਂ ਨਿਊ ਵਰਲਡ ਟ੍ਰਾਂਸਲੇਸ਼ਨ ਵਿਚ ਉਤਪਤ 6:17 ਦਾ ਫੁਟਨੋਟ ਪ੍ਰਗਟ ਕਰਦਾ ਹੈ। ਉਸ ਸਮੇਂ ਤਕ, ਅਜਿਹੀ ਗੱਲ ਕਦੀ ਵੀ ਨਹੀਂ ਵਾਪਰੀ ਸੀ। ਲੇਕਿਨ ਨੂਹ ਦੇ ਸਾਮ੍ਹਣੇ ਸਾਰੀ ਦ੍ਰਿਸ਼ਟ ਸ੍ਰਿਸ਼ਟੀ ਇਕ ਸਬੂਤ ਵਜੋਂ ਪੇਸ਼ ਸੀ ਕਿ ਪਰਮੇਸ਼ੁਰ ਸੱਚ-ਮੁੱਚ ਹੀ ਅਜਿਹੀ ਵਿਨਾਸ਼ਕਾਰੀ ਜਲ-ਪਰਲੋ ਲਿਆ ਸਕਦਾ ਹੈ। ਨਿਹਚਾ ਦੁਆਰਾ ਪ੍ਰੇਰਿਤ ਹੋ ਕੇ, ਨੂਹ ਨੇ ਕਿਸ਼ਤੀ ਬਣਾਈ।
7. (ੳ) ਨੂਹ ਨੂੰ ਪਰਮੇਸ਼ੁਰ ਦੇ ਹੁਕਮ ਦੀ ਪਾਲਣਾ ਕਰਨ ਲਈ ਕਿਸ ਚੀਜ਼ ਦੀ ਜ਼ਰੂਰਤ ਨਹੀਂ ਸੀ? (ਅ) ਨੂਹ ਦੀ ਨਿਹਚਾ ਉੱਤੇ ਵਿਚਾਰ ਕਰਨ ਤੋਂ ਸਾਨੂੰ ਕੀ ਲਾਭ ਮਿਲਦਾ ਹੈ, ਅਤੇ ਸਾਡੀ ਨਿਹਚਾ ਦੂਸਰਿਆਂ ਲਈ ਇਕ ਬਰਕਤ ਕਿਵੇਂ ਹੋ ਸਕਦੀ ਹੈ?
7 ਪਰਮੇਸ਼ੁਰ ਨੇ ਨੂਹ ਨੂੰ ਕੋਈ ਤਾਰੀਖ਼ ਨਹੀਂ ਦਿੱਤੀ ਸੀ ਕਿ ਜਲ-ਪਰਲੋ ਕਦੋਂ ਸ਼ੁਰੂ ਹੋਵੇਗੀ। ਲੇਕਿਨ ਨੂਹ ਨੇ ਇਸ ਕਾਰਨ, ਕਿਸ਼ਤੀ ਬਣਾਉਣ ਅਤੇ ਪ੍ਰਚਾਰ ਕਰਨ ਦੇ ਕੰਮ ਨੂੰ ਆਪਣੇ ਜੀਵਨ ਵਿਚ ਦੂਜੀ ਥਾਂ ਦੇ ਕੇ ਬਹਾਨੇ ਨਹੀਂ ਲਾਏ। ਨੂਹ ਨੂੰ ਚੋਖਾ ਸਮਾਂ ਦਿੰਦੇ ਹੋਏ, ਪਰਮੇਸ਼ੁਰ ਨੇ ਉਸ ਨੂੰ ਦੱਸਿਆ ਕਿ ਉਹ ਕਿਸ਼ਤੀ ਵਿਚ ਕਦੋਂ ਜਾਵੇ। ਇਸ ਸਮੇਂ ਦੇ ਦੌਰਾਨ, “ਨੂਹ ਨੇ ਇਹ ਕੀਤਾ। ਜਿਵੇਂ ਪਰਮੇਸ਼ੁਰ ਨੇ ਉਹ ਨੂੰ ਆਗਿਆ ਦਿੱਤੀ ਤਿਵੇਂ ਉਸ ਨੇ ਕੀਤਾ।” (ਉਤਪਤ 6:22) ਨੂਹ ਨਿਹਚਾ ਨਾਲ ਚੱਲਿਆ, ਨਾ ਕਿ ਵੇਖਣ ਨਾਲ। ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਇਵੇਂ ਕੀਤਾ! ਉਸ ਦੀ ਨਿਹਚਾ ਦੇ ਕਾਰਨ, ਅਸੀਂ ਅੱਜ ਜੀਉਂਦੇ ਹਾਂ। ਸਾਡੇ ਮਾਮਲੇ ਵਿਚ ਵੀ, ਜੋ ਨਿਹਚਾ ਅਸੀਂ ਦਿਖਾਉਂਦੇ ਹਾਂ ਉਹ ਨਾ ਕੇਵਲ ਸਾਡੇ ਭਵਿੱਖ ਉੱਤੇ, ਪਰੰਤੂ ਸਾਡੀ ਔਲਾਦ ਅਤੇ ਸਾਡੇ ਆਲੇ-ਦੁਆਲੇ ਦੂਜੇ ਲੋਕਾਂ ਦੇ ਭਵਿੱਖ ਉੱਤੇ ਵੀ ਇਕ ਡੂੰਘਾ ਪ੍ਰਭਾਵ ਪਾ ਸਕਦੀ ਹੈ।
ਅਬਰਾਹਾਮ ਦੀ ਨਿਹਚਾ
8, 9. (ੳ) ਅਬਰਾਹਾਮ ਨੇ ਆਪਣੀ ਨਿਹਚਾ ਕਿਸ ਚੀਜ਼ ਉੱਤੇ ਆਧਾਰਿਤ ਕੀਤੀ? (ਅ) ਯਹੋਵਾਹ ਅਬਰਾਹਾਮ ਨੂੰ ਕਿਸ ਤਰੀਕੇ ਨਾਲ “ਵਿਖਾਈ ਦਿੱਤਾ”?
8 ਇਕ ਹੋਰ ਉਦਾਹਰਣ ਉੱਤੇ ਵਿਚਾਰ ਕਰੋ—ਅਬਰਾਹਾਮ ਦੀ ਉਦਾਹਰਣ। (ਇਬਰਾਨੀਆਂ 11:8-10) ਅਬਰਾਹਾਮ ਨੇ ਆਪਣੀ ਨਿਹਚਾ ਕਿਸ ਚੀਜ਼ ਉੱਤੇ ਆਧਾਰਿਤ ਕੀਤੀ ਸੀ? ਕਸਦੀਆਂ ਦੇ ਊਰ ਨਾਮਕ ਸ਼ਹਿਰ ਵਿਚ, ਉਹ ਮੂਰਤੀ-ਪੂਜਕ ਅਤੇ ਭੌਤਿਕਵਾਦੀ ਵਾਤਾਵਰਣ ਵਿਚ ਵੱਡਾ ਹੋਇਆ ਸੀ। ਲੇਕਿਨ ਅਬਰਾਹਾਮ ਦੇ ਨਜ਼ਰੀਏ ਨੂੰ ਦੂਜਿਆਂ ਪ੍ਰਭਾਵਾਂ ਨੇ ਢਾਲਿਆ ਸੀ। ਬਿਨਾਂ ਸ਼ੱਕ ਉਹ ਨੂਹ ਦੇ ਪੁੱਤਰ ਸ਼ੇਮ ਨਾਲ ਸੰਗਤ ਰੱਖ ਸਕਦਾ ਸੀ, ਜੋ ਉਸ ਦੇ ਪੈਦਾ ਹੋਣ ਮਗਰੋਂ ਵੀ 150 ਸਾਲ ਤਕ ਜੀਉਂਦਾ ਰਿਹਾ। ਅਬਰਾਹਾਮ ਕਾਇਲ ਹੋ ਗਿਆ ਕਿ ਯਹੋਵਾਹ ਹੀ ‘ਅੱਤ ਮਹਾਂ ਪਰਮੇਸ਼ੁਰ ਅਕਾਸ਼ ਅਰ ਧਰਤੀ ਦਾ ਮਾਲਕ’ ਹੈ।—ਉਤਪਤ 14:22.
9 ਇਕ ਹੋਰ ਚੀਜ਼ ਨੇ ਵੀ ਅਬਰਾਹਾਮ ਉੱਤੇ ਇਕ ਡੂੰਘਾ ਪ੍ਰਭਾਵ ਪਾਇਆ ਸੀ। ਯਹੋਵਾਹ “ਅਬਰਾਹਾਮ ਨੂੰ ਹਾਰਾਨ ਵਿੱਚ ਵੱਸਣ ਤੋਂ ਅੱਗੇ ਜਦ ਉਹ ਮਸੋਪੋਤਾਮਿਯਾ ਵਿੱਚ ਸੀ . . . ਵਿਖਾਈ ਦਿੱਤਾ। ਅਤੇ ਉਹ ਨੂੰ ਆਖਿਆ, ਤੂੰ ਆਪਣੇ ਦੇਸ ਅਤੇ ਆਪਣੇ ਸਾਕਾਂ ਵਿੱਚੋਂ ਨਿੱਕਲ ਕੇ ਉਸ ਦੇਸ ਵਿੱਚ ਜਿਹੜਾ ਮੈਂ ਤੈਨੂੰ ਵਿਖਾਵਾਂਗਾ ਚੱਲਿਆ ਆ।” (ਰਸੂਲਾਂ ਦੇ ਕਰਤੱਬ 7:2, 3) ਯਹੋਵਾਹ ਅਬਰਾਹਾਮ ਨੂੰ ਕਿਸ ਤਰੀਕੇ ਨਾਲ “ਵਿਖਾਈ ਦਿੱਤਾ”? ਅਬਰਾਹਾਮ ਨੇ ਪਰਮੇਸ਼ੁਰ ਨੂੰ ਆਮ੍ਹੋ-ਸਾਮ੍ਹਣੇ ਨਹੀਂ ਦੇਖਿਆ। (ਕੂਚ 33:20) ਫਿਰ ਵੀ, ਇਹ ਸੰਭਵ ਹੈ ਕਿ ਯਹੋਵਾਹ ਇਕ ਸੁਪਨੇ ਵਿਚ, ਪ੍ਰਤਾਪ ਦੇ ਇਕ ਅਲੌਕਿਕ ਦਿਖਾਵੇ ਨਾਲ, ਜਾਂ ਇਕ ਦੂਤਮਈ ਸੰਦੇਸ਼ਵਾਹਕ, ਜਾਂ ਪ੍ਰਤਿਨਿਧ ਦੇ ਜ਼ਰੀਏ ਅਬਰਾਹਾਮ ਨੂੰ ਦਿਖਾਈ ਦਿੱਤਾ। (ਤੁਲਨਾ ਕਰੋ ਉਤਪਤ 18:1-3; 28:10-15; ਲੇਵੀਆਂ 9:4, 6, 23, 24.) ਭਾਵੇਂ ਕਿਸੇ ਵੀ ਜ਼ਰੀਏ ਨਾਲ ਯਹੋਵਾਹ ਅਬਰਾਹਾਮ ਨੂੰ ਦਿਖਾਈ ਦਿੱਤਾ, ਉਸ ਵਫ਼ਾਦਾਰ ਮਨੁੱਖ ਨੂੰ ਯਕੀਨ ਸੀ ਕਿ ਪਰਮੇਸ਼ੁਰ ਉਸ ਨੂੰ ਇਕ ਬਹੁਮੁੱਲਾ ਵਿਸ਼ੇਸ਼-ਸਨਮਾਨ ਦੇ ਰਿਹਾ ਸੀ। ਅਬਰਾਹਾਮ ਨੇ ਨਿਹਚਾ ਨਾਲ ਕਦਮ ਚੁੱਕੇ।
10. ਯਹੋਵਾਹ ਨੇ ਅਬਰਾਹਾਮ ਦੀ ਨਿਹਚਾ ਨੂੰ ਕਿਵੇਂ ਮਜ਼ਬੂਤ ਕੀਤਾ?
10 ਅਬਰਾਹਾਮ ਦੀ ਨਿਹਚਾ ਉਸ ਦੇਸ਼ ਦੇ ਵੇਰਵਿਆਂ ਨੂੰ ਜਾਣਨ ਉੱਤੇ ਨਿਰਭਰ ਨਹੀਂ ਕਰਦੀ ਸੀ ਜਿਸ ਵੱਲ ਪਰਮੇਸ਼ੁਰ ਉਸ ਨੂੰ ਨਿਰਦੇਸ਼ਿਤ ਕਰ ਰਿਹਾ ਸੀ। ਉਸ ਦੀ ਨਿਹਚਾ ਉਸ ਦੇ ਇਹ ਜਾਣਨ ਉੱਤੇ ਨਿਰਭਰ ਨਹੀਂ ਕਰਦੀ ਸੀ ਕਿ ਉਹ ਦੇਸ਼ ਉਸ ਨੂੰ ਕਦੋਂ ਸੌਂਪਿਆ ਜਾਵੇਗਾ। ਉਸ ਦੇ ਕੋਲ ਨਿਹਚਾ ਸੀ ਕਿਉਂਕਿ ਉਹ ਯਹੋਵਾਹ ਨੂੰ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਤੌਰ ਤੇ ਜਾਣਦਾ ਸੀ। (ਕੂਚ 6:3) ਯਹੋਵਾਹ ਨੇ ਅਬਰਾਹਾਮ ਨੂੰ ਦੱਸਿਆ ਕਿ ਉਸ ਦੀ ਸੰਤਾਨ ਪੈਦਾ ਹੋਵੇਗੀ, ਲੇਕਿਨ ਕਿਸੇ-ਕਿਸੇ ਵੇਲੇ ਅਬਰਾਹਾਮ ਸੋਚਦਾ ਹੁੰਦਾ ਸੀ ਕਿ ਇਹ ਕਿਵੇਂ ਸੰਭਵ ਹੋ ਸਕਦਾ ਸੀ। ਉਹ ਬੁੱਢਾ ਹੋ ਰਿਹਾ ਸੀ। (ਉਤਪਤ 15:3, 4) ਯਹੋਵਾਹ ਨੇ ਇਹ ਆਖਦੇ ਹੋਏ ਅਬਰਾਹਾਮ ਦੀ ਨਿਹਚਾ ਨੂੰ ਮਜ਼ਬੂਤ ਕੀਤਾ ਕਿ ਉਹ ਉੱਪਰ ਤਾਰਿਆਂ ਵੱਲ ਦੇਖੇ ਅਤੇ ਜੇਕਰ ਉਨ੍ਹਾਂ ਨੂੰ ਗਿਣ ਸਕੇ, ਤਾਂ ਗਿਣੇ। “ਐਂਨੀ ਹੀ ਤੇਰੀ ਅੰਸ ਹੋਵੇਗੀ,” ਪਰਮੇਸ਼ੁਰ ਨੇ ਕਿਹਾ। ਅਬਰਾਹਾਮ ਗਹਿਰੀ ਤਰ੍ਹਾਂ ਪ੍ਰਭਾਵਿਤ ਹੋਇਆ। ਇਹ ਜ਼ਾਹਰ ਸੀ ਕਿ ਉਨ੍ਹਾਂ ਪ੍ਰਭਾਵਸ਼ਾਲੀ ਆਕਾਸ਼-ਪਿੰਡਾਂ ਦਾ ਸ੍ਰਿਸ਼ਟੀਕਰਤਾ ਆਪਣੇ ਕੀਤੇ ਹੋਏ ਵਾਅਦੇ ਨੂੰ ਪੂਰਾ ਕਰ ਸਕਦਾ ਸੀ। ਅਬਰਾਹਾਮ ਨੇ “ਯਹੋਵਾਹ ਦੀ ਪਰਤੀਤ ਕੀਤੀ।” (ਉਤਪਤ 15:5, 6) ਅਬਰਾਹਾਮ ਨੇ ਸਿਰਫ਼ ਇਸ ਕਾਰਨ ਹੀ ਵਿਸ਼ਵਾਸ ਨਹੀਂ ਕੀਤਾ ਕਿ ਉਸ ਨੂੰ ਸੁਣਾਈ ਗਈ ਗੱਲ ਪਸੰਦ ਆਈ ਸੀ; ਉਸ ਦੇ ਕੋਲ ਠੋਸ ਆਧਾਰ ਵਾਲੀ ਨਿਹਚਾ ਸੀ।
11. (ੳ) ਜਿਉਂ-ਜਿਉਂ ਅਬਰਾਹਾਮ 100 ਸਾਲ ਦੀ ਉਮਰ ਦੇ ਕਰੀਬ ਹੋ ਰਿਹਾ ਸੀ, ਉਸ ਨੇ ਪਰਮੇਸ਼ੁਰ ਦੇ ਵਾਅਦੇ ਕਿ ਬਿਰਧ ਸਾਰਾਹ ਇਕ ਪੁੱਤਰ ਨੂੰ ਜਨਮ ਦੇਵੇਗੀ ਪ੍ਰਤੀ ਕੀ ਰਵੱਈਆ ਦਿਖਾਇਆ? (ਅ) ਅਬਰਾਹਾਮ ਨੇ ਕਿਸ ਪ੍ਰਕਾਰ ਦੀ ਨਿਹਚਾ ਨਾਲ ਉਸ ਅਜ਼ਮਾਇਸ਼ ਦਾ ਸਾਮ੍ਹਣਾ ਕੀਤਾ ਜਿਸ ਵਿਚ ਆਪਣੇ ਪੁੱਤਰ ਨੂੰ ਮੋਰੀਆਹ ਪਹਾੜ ਉੱਤੇ ਲਿਜਾ ਕੇ ਇਕ ਬਲੀਦਾਨ ਵਜੋਂ ਚੜ੍ਹਾਉਣਾ ਸ਼ਾਮਲ ਸੀ?
11 ਜਦੋਂ ਅਬਰਾਹਾਮ ਦੀ ਉਮਰ 100 ਸਾਲਾਂ ਦੇ ਕਰੀਬ ਸੀ ਅਤੇ ਉਸ ਦੀ ਪਤਨੀ, ਸਾਰਾਹ, ਦੀ ਉਮਰ 90 ਸਾਲਾਂ ਦੇ ਕਰੀਬ ਸੀ, ਤਾਂ ਯਹੋਵਾਹ ਨੇ ਦੁਬਾਰਾ ਆਪਣਾ ਵਾਅਦਾ ਬਿਆਨ ਕੀਤਾ ਕਿ ਅਬਰਾਹਾਮ ਦਾ ਇਕ ਪੁੱਤਰ ਹੋਵੇਗਾ ਅਤੇ ਕਿ ਸਾਰਾਹ ਮਾਂ ਬਣੇਗੀ। ਅਬਰਾਹਾਮ ਨੇ ਵਾਸਤਵਿਕ ਤੌਰ ਤੇ ਆਪਣੀ ਸਥਿਤੀ ਤੇ ਸੋਚ-ਵਿਚਾਰ ਕੀਤਾ। “ਪਰੰਤੂ ਪਰਮੇਸ਼ੁਰ ਦੇ ਬਚਨ ਦੀ ਵੱਲੋਂ ਉਹ ਨੇ ਬੇਪਰਤੀਤ ਨਾਲ ਸੰਕਾ ਨਾ ਕੀਤੀ ਸਗੋਂ ਨਿਹਚਾ ਵਿੱਚ ਤਕੜਿਆਂ ਹੋ ਕੇ ਉਹ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ। ਅਤੇ ਉਹ ਨੂੰ ਪੱਕੀ ਨਿਹਚਾ ਸੀ ਭਈ ਜਿਹ ਦਾ ਉਸ ਨੇ ਬਚਨ ਦਿੱਤਾ ਉਸ ਦੇ ਪੂਰਿਆਂ ਕਰਨ ਨੂੰ ਵੀ ਸਮਰਥ ਹੈ।” (ਰੋਮੀਆਂ 4:19-21) ਅਬਰਾਹਾਮ ਜਾਣਦਾ ਸੀ ਕਿ ਪਰਮੇਸ਼ੁਰ ਦਾ ਬਚਨ ਨਿਸਫ਼ਲ ਨਹੀਂ ਹੋ ਸਕਦਾ ਸੀ। ਬਾਅਦ ਵਿਚ, ਆਪਣੀ ਨਿਹਚਾ ਦੇ ਕਾਰਨ, ਅਬਰਾਹਾਮ ਨੇ ਆਗਿਆ ਦਾ ਪਾਲਣ ਕੀਤਾ ਜਦੋਂ ਪਰਮੇਸ਼ੁਰ ਨੇ ਉਸ ਨੂੰ ਕਿਹਾ ਕਿ ਆਪਣੇ ਪੁੱਤਰ ਇਸਹਾਕ ਨੂੰ ਮੋਰੀਆਹ ਦੇ ਦੇਸ਼ ਨੂੰ ਲਿਜਾ ਕੇ ਉਸ ਨੂੰ ਇਕ ਬਲੀਦਾਨ ਵਜੋਂ ਚੜ੍ਹਾ। (ਉਤਪਤ 22:1-12) ਅਬਰਾਹਾਮ ਨੂੰ ਪੂਰਾ ਵਿਸ਼ਵਾਸ ਸੀ ਕਿ ਉਹ ਪਰਮੇਸ਼ੁਰ ਜਿਸ ਨੇ ਚਮਤਕਾਰੀ ਢੰਗ ਨਾਲ ਉਸ ਪੁੱਤਰ ਨੂੰ ਪੈਦਾ ਕਰਾਇਆ ਸੀ, ਉਸ ਪੁੱਤਰ ਦੇ ਸੰਬੰਧ ਵਿਚ ਕੀਤੇ ਹੋਏ ਆਪਣੇ ਦੂਜੇ ਵਾਅਦਿਆਂ ਨੂੰ ਪੂਰਾ ਕਰਨ ਲਈ, ਉਸ ਨੂੰ ਦੁਬਾਰਾ ਜੀਉਂਦਾ ਵੀ ਕਰ ਸਕਦਾ ਸੀ।—ਇਬਰਾਨੀਆਂ 11:17-19.
12. ਅਬਰਾਹਾਮ ਕਿੰਨੇ ਚਿਰ ਲਈ ਨਿਹਚਾ ਨਾਲ ਚੱਲਦਾ ਰਿਹਾ, ਅਤੇ ਉਸ ਲਈ ਨਾਲੇ ਉਸ ਦੇ ਪਰਿਵਾਰ ਦੇ ਜੀਆਂ ਲਈ ਜਿਨ੍ਹਾਂ ਨੇ ਪੱਕੀ ਨਿਹਚਾ ਦਿਖਾਈ ਸੀ, ਭਵਿੱਖ ਵਿਚ ਕਿਹੜਾ ਪ੍ਰਤਿਫਲ ਰੱਖਿਆ ਹੋਇਆ ਹੈ?
12 ਅਬਰਾਹਾਮ ਨੇ ਦਿਖਾਇਆ ਕਿ ਉਹ ਕੇਵਲ ਕੁਝ ਖ਼ਾਸ ਹਾਲਤਾਂ ਵਿਚ ਹੀ ਨਹੀਂ, ਪਰੰਤੂ ਆਪਣੇ ਪੂਰੇ ਜੀਵਨ ਦੇ ਦੌਰਾਨ ਨਿਹਚਾ ਦੁਆਰਾ ਪ੍ਰਭਾਵਿਤ ਹੋਇਆ। ਅਬਰਾਹਾਮ ਨੂੰ ਆਪਣੇ ਜੀਵਨ-ਕਾਲ ਦੇ ਦੌਰਾਨ ਪਰਮੇਸ਼ੁਰ ਵੱਲੋਂ ਵਾਅਦਾ ਕੀਤੇ ਹੋਏ ਦੇਸ਼ ਦਾ ਕੋਈ ਹਿੱਸਾ ਵਿਰਾਸਤ ਵਜੋਂ ਨਹੀਂ ਮਿਲਿਆ। (ਰਸੂਲਾਂ ਦੇ ਕਰਤੱਬ 7:5) ਫਿਰ ਵੀ, ਅਬਰਾਹਾਮ ਥੱਕ-ਹਾਰ ਕੇ ਕਸਦੀਆਂ ਦੇ ਊਰ ਨੂੰ ਵਾਪਸ ਨਹੀਂ ਗਿਆ। 100 ਸਾਲਾਂ ਲਈ, ਠੀਕ ਉਸ ਦੀ ਮੌਤ ਤਕ, ਉਹ ਉਸ ਦੇਸ਼ ਵਿਚ ਤੰਬੂਆਂ ਵਿਚ ਵੱਸਿਆ ਜਿੱਥੇ ਪਰਮੇਸ਼ੁਰ ਨੇ ਉਸ ਨੂੰ ਭੇਜਿਆ ਸੀ। (ਉਤਪਤ 25:7) ਅਬਰਾਹਾਮ ਅਤੇ ਉਸ ਦੀ ਪਤਨੀ ਸਾਰਾਹ, ਉਨ੍ਹਾਂ ਦੇ ਪੁੱਤਰ ਇਸਹਾਕ ਅਤੇ ਉਨ੍ਹਾਂ ਦੇ ਪੋਤੇ ਯਾਕੂਬ ਬਾਰੇ, ਇਬਰਾਨੀਆਂ 11:16 ਕਹਿੰਦਾ ਹੈ: “ਪਰਮੇਸ਼ੁਰ ਉਨ੍ਹਾਂ ਦੀ ਵੱਲੋਂ ਨਹੀਂ ਸ਼ਰਮਾਉਂਦਾ ਜੋ ਉਨ੍ਹਾਂ ਦਾ ਪਰਮੇਸ਼ੁਰ ਕਹਾਵੇ ਕਿਉਂ ਜੋ ਉਹ ਨੇ ਉਨ੍ਹਾਂ ਲਈ ਇੱਕ ਨਗਰੀ ਤਿਆਰ ਕਰ ਛੱਡੀ ਹੈ।” ਜੀ ਹਾਂ, ਯਹੋਵਾਹ ਨੇ ਉਨ੍ਹਾਂ ਲਈ ਆਪਣੇ ਮਸੀਹਾਈ ਰਾਜ ਦੇ ਪਾਰਥਿਵ ਖੇਤਰ ਵਿਚ ਇਕ ਜਗ੍ਹਾ ਠਹਿਰਾਈ ਹੈ।
13. ਅੱਜ ਯਹੋਵਾਹ ਦੇ ਸੇਵਕਾਂ ਵਿਚਕਾਰ ਕੌਣ ਅਬਰਾਹਾਮ ਵਰਗੀ ਨਿਹਚਾ ਰੱਖਣ ਦਾ ਸਬੂਤ ਦਿੰਦੇ ਹਨ?
13 ਅੱਜ ਯਹੋਵਾਹ ਦੇ ਲੋਕਾਂ ਵਿਚਕਾਰ ਅਜਿਹੇ ਵਿਅਕਤੀ ਹਨ ਜੋ ਅਬਰਾਹਾਮ ਵਰਗੇ ਹਨ। ਅਨੇਕ ਸਾਲਾਂ ਤਕ ਉਹ ਨਿਹਚਾ ਨਾਲ ਚੱਲੇ ਹਨ। ਉਸ ਤਾਕਤ ਨਾਲ ਜੋ ਪਰਮੇਸ਼ੁਰ ਦਿੰਦਾ ਹੈ, ਉਹ ਪਹਾੜ ਸਮਾਨ ਰੁਕਾਵਟਾਂ ਉੱਤੇ ਪ੍ਰਬਲ ਹੋਏ ਹਨ। (ਮੱਤੀ 17:20) ਉਹ ਇਸ ਕਾਰਨ ਨਿਹਚਾ ਵਿਚ ਨਹੀਂ ਡਗਮਗਾ ਰਹੇ ਹਨ ਕਿ ਉਹ ਇਹ ਨਹੀਂ ਜਾਣਦੇ ਕਿ ਪਰਮੇਸ਼ੁਰ ਉਨ੍ਹਾਂ ਨੂੰ ਵਾਅਦਾ ਕੀਤੀ ਗਈ ਵਿਰਾਸਤ ਠੀਕ ਕਿਸ ਸਮੇਂ ਦੇਵੇਗਾ। ਉਹ ਇਹ ਜਾਣਦੇ ਹਨ ਕਿ ਯਹੋਵਾਹ ਦਾ ਬਚਨ ਨਿਸਫ਼ਲ ਨਹੀਂ ਹੋ ਸਕਦਾ ਹੈ, ਅਤੇ ਉਹ ਗਵਾਹਾਂ ਦੇ ਨਾਲ ਗਿਣੇ ਜਾਣਾ ਇਕ ਅਨਮੋਲ ਵਿਸ਼ੇਸ਼-ਸਨਮਾਨ ਸਮਝਦੇ ਹਨ। ਕੀ ਤੁਸੀਂ ਵੀ ਇਸੇ ਤਰ੍ਹਾਂ ਮਹਿਸੂਸ ਕਰਦੇ ਹੋ?
ਮੂਸਾ ਨੂੰ ਪ੍ਰੇਰਿਤ ਕਰਨ ਵਾਲੀ ਨਿਹਚਾ
14. ਮੂਸਾ ਦੀ ਨਿਹਚਾ ਦੀ ਨੀਂਹ ਕਿਸ ਤਰ੍ਹਾਂ ਰੱਖੀ ਗਈ ਸੀ?
14 ਨਿਹਚਾ ਦੀ ਇਕ ਹੋਰ ਉਦਾਹਰਣ ਹੈ ਮੂਸਾ। ਉਸ ਦੀ ਨਿਹਚਾ ਦੀ ਨੀਂਹ ਕੀ ਸੀ? ਇਹ ਨੀਂਹ ਬਾਲ-ਅਵਸਥਾ ਵਿਚ ਰੱਖੀ ਗਈ ਸੀ। ਹਾਲਾਂਕਿ ਫ਼ਿਰਊਨ ਦੀ ਧੀ ਨੇ ਮੂਸਾ ਨੂੰ ਨੀਲ ਦਰਿਆ ਦੇ ਕੰਢੇ ਇਕ ਪਪਾਇਰਸ ਦੇ ਟੋਕਰੇ ਵਿੱਚੋਂ ਲੱਭਿਆ ਅਤੇ ਉਸ ਨੂੰ ਆਪਣੇ ਪੁੱਤਰ ਵਜੋਂ ਅਪਣਾਇਆ, ਫਿਰ ਵੀ ਮੂਸਾ ਦੀ ਆਪਣੀ ਇਬਰਾਨਣ ਮਾਂ, ਯੋਕਬਦ ਨੇ ਮੁੰਡੇ ਨੂੰ ਦੁੱਧ ਚੁੰਘਾਇਆ ਅਤੇ ਉਸ ਦੇ ਮੁਢਲੇ ਸਾਲਾਂ ਦੌਰਾਨ ਉਸ ਦੀ ਦੇਖ-ਭਾਲ ਕੀਤੀ। ਜ਼ਾਹਰਾ ਤੌਰ ਤੇ ਯੋਕਬਦ ਨੇ ਉਸ ਨੂੰ ਚੰਗੀ ਤਰ੍ਹਾਂ ਨਾਲ ਸਿੱਖਿਆ ਦਿੱਤੀ ਅਤੇ ਉਸ ਦੇ ਦਿਲ ਵਿਚ ਯਹੋਵਾਹ ਲਈ ਪ੍ਰੇਮ ਨਾਲੇ ਯਹੋਵਾਹ ਵੱਲੋਂ ਅਬਰਾਹਾਮ ਨੂੰ ਦਿੱਤੇ ਗਏ ਵਾਅਦਿਆਂ ਲਈ ਕਦਰਦਾਨੀ ਪੈਦਾ ਕੀਤੀ। ਬਾਅਦ ਵਿਚ, ਫ਼ਿਰਊਨ ਦੇ ਪਰਿਵਾਰ ਦੇ ਇਕ ਸਦੱਸ ਵਜੋਂ, ਮੂਸਾ ਨੇ “ਮਿਸਰੀਆਂ ਦੀ ਸਾਰੀ ਵਿੱਦਿਆ ਸਿੱਖੀ।” (ਰਸੂਲਾਂ ਦੇ ਕਰਤੱਬ 7:20-22; ਕੂਚ 2:1-10; 6:20; ਇਬਰਾਨੀਆਂ 11:23) ਫਿਰ ਵੀ, ਮੂਸਾ ਦੀ ਵਧੀਆ ਪਦਵੀ ਦੇ ਬਾਵਜੂਦ, ਉਸ ਦਾ ਦਿਲ ਪਰਮੇਸ਼ੁਰ ਦੇ ਗ਼ੁਲਾਮ ਲੋਕਾਂ ਦੇ ਨਾਲ ਸੀ।
15. ਮੂਸਾ ਲਈ ਪਰਮੇਸ਼ੁਰ ਦੀ ਪਰਜਾ ਦੇ ਇਕ ਭਾਗ ਵਜੋਂ ਆਪਣੀ ਪਛਾਣ ਕਰਵਾਉਣ ਦਾ ਅਰਥ ਕੀ ਸੀ?
15 ਆਪਣੇ 40ਵੇਂ ਸਾਲ ਵਿਚ, ਮੂਸਾ ਨੇ ਇਕ ਇਸਰਾਏਲੀ ਜਿਸ ਦੇ ਨਾਲ ਅਨੁਚਿਤ ਵਰਤਾਉ ਕੀਤਾ ਜਾ ਰਿਹਾ ਸੀ, ਨੂੰ ਛੁਡਾਉਣ ਲਈ ਇਕ ਮਿਸਰੀ ਨੂੰ ਮਾਰ ਦਿੱਤਾ। ਇਸ ਘਟਨਾ ਨੇ ਦਿਖਾਇਆ ਕਿ ਮੂਸਾ ਪਰਮੇਸ਼ੁਰ ਦੇ ਲੋਕਾਂ ਨੂੰ ਕਿਵੇਂ ਵਿਚਾਰਦਾ ਸੀ। ਵਾਕਈ, “ਨਿਹਚਾ ਨਾਲ ਮੂਸਾ ਨੇ ਜਾਂ ਸਿਆਣਾ ਹੋਇਆ ਤਾਂ ਫ਼ਿਰਊਨ ਦੀ ਧੀ ਦਾ ਪੁੱਤ੍ਰ ਅਖਵਾਉਣ ਤੋਂ ਇਨਕਾਰ ਕੀਤਾ।” ਮਿਸਰੀ ਰਾਜ-ਭਵਨ ਦੇ ਇਕ ਸਦੱਸ ਵਜੋਂ “ਪਾਪ ਦੇ ਭੋਗ ਬਿਲਾਸ” ਨੂੰ ਫੜੀ ਰੱਖਣ ਦੀ ਬਜਾਇ, ‘ਜੋ ਥੋੜੇ ਚਿਰ ਲਈ ਸੀ,’ ਉਹ ਜਬਰੀ ਝੱਲ ਰਹੀ ਪਰਮੇਸ਼ੁਰ ਦੀ ਪਰਜਾ ਦੇ ਇਕ ਭਾਗ ਵਜੋਂ ਆਪਣੀ ਪਛਾਣ ਕਰਾਉਣ ਲਈ ਨਿਹਚਾ ਦੁਆਰਾ ਪ੍ਰੇਰਿਤ ਹੋਇਆ।—ਇਬਰਾਨੀਆਂ 11:24, 25; ਰਸੂਲਾਂ ਦੇ ਕਰਤੱਬ 7:23-25.
16. (ੳ) ਯਹੋਵਾਹ ਨੇ ਮੂਸਾ ਨੂੰ ਕਿਸ ਕੰਮ ਲਈ ਨਿਯੁਕਤ ਕੀਤਾ, ਅਤੇ ਪਰਮੇਸ਼ੁਰ ਨੇ ਉਸ ਦੀ ਮਦਦ ਕਿਵੇਂ ਕੀਤੀ? (ਅ) ਆਪਣੀ ਨਿਯੁਕਤੀ ਨੂੰ ਪੂਰਾ ਕਰਦੇ ਹੋਏ, ਮੂਸਾ ਨੇ ਕਿਵੇਂ ਨਿਹਚਾ ਦਿਖਾਈ?
16 ਮੂਸਾ ਆਪਣੇ ਲੋਕਾਂ ਨੂੰ ਰਾਹਤ ਦੁਆਉਣ ਲਈ ਕਦਮ ਚੁੱਕਣ ਵਾਸਤੇ ਉਤਾਵਲਾ ਸੀ, ਲੇਕਿਨ ਉਨ੍ਹਾਂ ਦੀ ਮੁਕਤੀ ਲਈ ਪਰਮੇਸ਼ੁਰ ਦਾ ਸਮਾਂ ਅਜੇ ਨਹੀਂ ਆਇਆ ਸੀ। ਮੂਸਾ ਨੂੰ ਮਿਸਰ ਤੋਂ ਭੱਜਣਾ ਪਿਆ। ਤਕਰੀਬਨ 40 ਸਾਲਾਂ ਬਾਅਦ ਹੀ ਯਹੋਵਾਹ ਨੇ ਇਕ ਦੂਤ ਦੇ ਜ਼ਰੀਏ ਮੂਸਾ ਨੂੰ ਮਿਸਰ ਵਿੱਚੋਂ ਇਸਰਾਏਲੀਆਂ ਨੂੰ ਬਾਹਰ ਲਿਆਉਣ ਲਈ ਮਿਸਰ ਦੇਸ਼ ਨੂੰ ਪਰਤਣ ਲਈ ਨਿਯੁਕਤ ਕੀਤਾ। (ਕੂਚ 3:2-10) ਮੂਸਾ ਨੇ ਕੀ ਕੀਤਾ? ਉਸ ਨੇ ਇਸਰਾਏਲ ਨੂੰ ਛੁਡਾਉਣ ਦੇ ਸੰਬੰਧ ਵਿਚ ਯਹੋਵਾਹ ਦੀ ਯੋਗਤਾ ਉੱਤੇ ਸ਼ੱਕ ਨਹੀਂ ਪ੍ਰਗਟ ਕੀਤਾ, ਲੇਕਿਨ ਪਰਮੇਸ਼ੁਰ ਵੱਲੋਂ ਉਸ ਨੂੰ ਸੌਂਪੇ ਗਏ ਕੰਮ ਲਈ ਉਹ ਅਯੋਗ ਮਹਿਸੂਸ ਕਰਦਾ ਸੀ। ਪ੍ਰੇਮਪੂਰਵਕ, ਯਹੋਵਾਹ ਨੇ ਮੂਸਾ ਦੀ ਲੋੜੀਂਦੀ ਹੌਸਲਾ-ਅਫ਼ਜ਼ਾਈ ਕੀਤੀ। (ਕੂਚ 3:11–4:17) ਮੂਸਾ ਦੀ ਨਿਹਚਾ ਮਜ਼ਬੂਤ ਹੋਈ। ਉਹ ਮਿਸਰ ਨੂੰ ਪਰਤਿਆ ਅਤੇ ਉਸ ਨੇ ਫ਼ਿਰਊਨ ਨੂੰ ਆਮ੍ਹੋ-ਸਾਮ੍ਹਣੇ ਉਨ੍ਹਾਂ ਬਵਾਂ ਦੀ ਵਾਰ-ਵਾਰ ਚੇਤਾਵਨੀ ਦਿੱਤੀ ਜੋ ਮਿਸਰ ਉੱਤੇ ਆਉਣੀਆਂ ਸਨ ਕਿਉਂ ਜੋ ਉਸ ਸ਼ਾਸਕ ਨੇ ਇਸਰਾਏਲ ਨੂੰ ਯਹੋਵਾਹ ਦੀ ਉਪਾਸਨਾ ਕਰਨ ਲਈ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਇਨ੍ਹਾਂ ਬਵਾਂ ਨੂੰ ਲਿਆਉਣ ਲਈ ਮੂਸਾ ਕੋਲ ਆਪਣੀ ਕੋਈ ਸ਼ਕਤੀ ਨਹੀਂ ਸੀ। ਉਹ ਨਿਹਚਾ ਨਾਲ ਚੱਲਦਾ ਸੀ, ਨਾ ਕਿ ਵੇਖਣ ਨਾਲ। ਉਸ ਦੀ ਨਿਹਚਾ ਯਹੋਵਾਹ ਅਤੇ ਉਸ ਦੇ ਬਚਨ ਵਿਚ ਸੀ। ਫ਼ਿਰਊਨ ਨੇ ਮੂਸਾ ਨੂੰ ਧਮਕੀ ਦਿੱਤੀ। ਲੇਕਿਨ ਮੂਸਾ ਦ੍ਰਿੜ੍ਹ ਰਿਹਾ। “ਨਿਹਚਾ ਨਾਲ ਉਹ ਨੇ ਪਾਤਸ਼ਾਹ ਦੇ ਕ੍ਰੋਧ ਤੋਂ ਭੈ ਨਾ ਕਰ ਕੇ ਮਿਸਰ ਨੂੰ ਛੱਡ ਦਿੱਤਾ ਕਿਉਂ ਜੋ ਉਹ ਅਲੱਖ ਨੂੰ ਜਾਣੀਦਾ ਲੱਖ ਕੇ ਤਕੜਾ ਰਿਹਾ।” (ਇਬਰਾਨੀਆਂ 11:27) ਮੂਸਾ ਸੰਪੂਰਣ ਨਹੀਂ ਸੀ। ਉਸ ਨੇ ਗ਼ਲਤੀਆਂ ਕੀਤੀਆਂ। (ਗਿਣਤੀ 20:7-12) ਫਿਰ ਵੀ, ਪਰਮੇਸ਼ੁਰ ਵੱਲੋਂ ਨਿਯੁਕਤ ਕੀਤੇ ਜਾਣ ਤੋਂ ਬਾਅਦ, ਉਸ ਦਾ ਪੂਰਾ ਜੀਵਨ-ਮਾਰਗ ਨਿਹਚਾ ਦੁਆਰਾ ਨਿਰਦੇਸ਼ਿਤ ਰਿਹਾ।
17. ਭਾਵੇਂ ਕਿ ਨੂਹ, ਅਬਰਾਹਾਮ, ਅਤੇ ਮੂਸਾ ਪਰਮੇਸ਼ੁਰ ਦਾ ਨਵਾਂ ਸੰਸਾਰ ਦੇਖਣ ਲਈ ਜੀਉਂਦੇ ਨਹੀਂ ਰਹੇ, ਫਿਰ ਵੀ ਉਨ੍ਹਾਂ ਲਈ ਨਿਹਚਾ ਨਾਲ ਚੱਲਣ ਦਾ ਕੀ ਸਿੱਟਾ ਨਿਕਲਿਆ?
17 ਤੁਹਾਡੀ ਨਿਹਚਾ ਨੂਹ, ਅਬਰਾਹਾਮ, ਅਤੇ ਮੂਸਾ ਦੀ ਨਿਹਚਾ ਦੇ ਸਮਾਨ ਸਾਬਤ ਹੋਵੇ। ਇਹ ਸੱਚ ਹੈ ਕਿ ਉਨ੍ਹਾਂ ਨੇ ਆਪਣੇ ਜੀਵਨ ਦੌਰਾਨ ਪਰਮੇਸ਼ੁਰ ਦਾ ਨਵਾਂ ਸੰਸਾਰ ਨਹੀਂ ਦੇਖਿਆ ਸੀ। (ਇਬਰਾਨੀਆਂ 11:39) ਉਸ ਸਮੇਂ ਅਜੇ ਪਰਮੇਸ਼ੁਰ ਦਾ ਨਿਯੁਕਤ ਸਮਾਂ ਨਹੀਂ ਸੀ ਆਇਆ; ਉਸ ਦੇ ਮਕਸਦ ਦੇ ਦੂਜੇ ਪਹਿਲੂ ਰਹਿੰਦੇ ਸਨ ਜਿਨ੍ਹਾਂ ਦਾ ਪੂਰਾ ਹੋਣਾ ਅਜੇ ਜ਼ਰੂਰੀ ਸੀ। ਫਿਰ ਵੀ, ਪਰਮੇਸ਼ੁਰ ਦੇ ਬਚਨ ਵਿਚ ਉਨ੍ਹਾਂ ਦੀ ਨਿਹਚਾ ਨਹੀਂ ਡਗਮਗਾਈ, ਅਤੇ ਉਨ੍ਹਾਂ ਦੇ ਨਾਂ ਪਰਮੇਸ਼ੁਰ ਦੀ ਜੀਵਨ ਦੀ ਪੋਥੀ ਵਿਚ ਦਰਜ ਹਨ।
18. ਜਿਨ੍ਹਾਂ ਨੂੰ ਸਵਰਗੀ ਜੀਵਨ ਲਈ ਸੱਦਿਆ ਗਿਆ ਹੈ ਉਨ੍ਹਾਂ ਲਈ ਨਿਹਚਾ ਨਾਲ ਚੱਲਣਾ ਕਿਉਂ ਜ਼ਰੂਰੀ ਰਿਹਾ ਹੈ?
18 “ਸਾਡੇ ਲਈ ਪਰਮੇਸ਼ੁਰ ਨੇ ਹੋਰ ਵੀ ਇੱਕ ਚੰਗੀ ਗੱਲ ਪਹਿਲਾਂ ਸੋਚ ਰੱਖੀ ਸੀ,” ਪੌਲੁਸ ਰਸੂਲ ਨੇ ਲਿਖਿਆ। ਅਰਥਾਤ, ਪਰਮੇਸ਼ੁਰ ਨੇ ਉਨ੍ਹਾਂ ਲਈ ਇਕ ਚੰਗੀ ਗੱਲ ਪਹਿਲਾਂ ਹੀ ਸੋਚ ਰੱਖੀ ਸੀ ਜੋ, ਰਸੂਲ ਪੌਲੁਸ ਦੇ ਵਾਂਗ, ਮਸੀਹ ਨਾਲ ਸਵਰਗੀ ਜੀਵਨ ਲਈ ਸੱਦੇ ਗਏ ਹਨ। (ਇਬਰਾਨੀਆਂ 11:40) ਖ਼ਾਸ ਕਰਕੇ ਇਨ੍ਹਾਂ ਨੂੰ ਹੀ ਮਨ ਵਿਚ ਰੱਖਦੇ ਹੋਏ ਪੌਲੁਸ ਨੇ ਉਹ ਸ਼ਬਦ ਲਿਖੇ ਜੋ 2 ਕੁਰਿੰਥੀਆਂ 5:7 ਵਿਚ ਦਰਜ ਹਨ: “ਅਸੀਂ ਨਿਹਚਾ ਨਾਲ ਚੱਲਦੇ ਹਾਂ, ਨਾ ਵੇਖਣ ਨਾਲ।” ਜਦੋਂ ਇਹ ਲਿਖਿਆ ਗਿਆ ਸੀ, ਉਦੋਂ ਉਨ੍ਹਾਂ ਵਿੱਚੋਂ ਅਜੇ ਕਿਸੇ ਨੂੰ ਵੀ ਆਪਣਾ ਸਵਰਗੀ ਪ੍ਰਤਿਫਲ ਪ੍ਰਾਪਤ ਨਹੀਂ ਹੋਇਆ ਸੀ। ਉਹ ਆਪਣੀਆਂ ਸਰੀਰਕ ਅੱਖਾਂ ਦੇ ਨਾਲ ਉਸ ਪ੍ਰਤਿਫਲ ਨੂੰ ਨਹੀਂ ਦੇਖ ਸਕਦੇ ਸਨ, ਪਰੰਤੂ ਉਸ ਵਿਚ ਉਨ੍ਹਾਂ ਦੀ ਨਿਹਚਾ ਦਾ ਇਕ ਠੋਸ ਆਧਾਰ ਸੀ। ਮਸੀਹ ਮੁਰਦਿਆਂ ਵਿੱਚੋਂ ਜੀ ਉਠਾਇਆ ਗਿਆ ਸੀ, ਅਰਥਾਤ ਸਵਰਗੀ ਜੀਵਨ ਦੀ ਬਰਕਤ ਹਾਸਲ ਕਰਨ ਵਾਲਿਆਂ ਵਿੱਚੋਂ ਪਹਿਲਾ ਫਲ। ਅਤੇ ਸਵਰਗ ਨੂੰ ਚੜ੍ਹਨ ਤੋਂ ਪਹਿਲਾਂ 500 ਤੋਂ ਵੱਧ ਗਵਾਹਾਂ ਨੇ ਉਸ ਨੂੰ ਦੇਖਿਆ ਸੀ। (1 ਕੁਰਿੰਥੀਆਂ 15:3-8) ਉਨ੍ਹਾਂ ਕੋਲ ਆਪਣੇ ਪੂਰੇ ਜੀਵਨ-ਮਾਰਗ ਨੂੰ ਉਸ ਨਿਹਚਾ ਦੁਆਰਾ ਨਿਰਦੇਸ਼ਿਤ ਕਰਨ ਦਾ ਚੋਖਾ ਕਾਰਨ ਸੀ। ਸਾਡੇ ਕੋਲ ਵੀ ਨਿਹਚਾ ਨਾਲ ਚੱਲਣ ਦਾ ਠੋਸ ਕਾਰਨ ਹੈ।
19. ਜਿਵੇਂ ਇਬਰਾਨੀਆਂ 1:1, 2 ਵਿਚ ਦਿਖਾਇਆ ਗਿਆ ਹੈ, ਪਰਮੇਸ਼ੁਰ ਨੇ ਸਾਡੇ ਨਾਲ ਕਿਸ ਰਾਹੀਂ ਗੱਲ ਕੀਤੀ ਹੈ?
19 ਅੱਜ, ਯਹੋਵਾਹ ਆਪਣੇ ਲੋਕਾਂ ਨਾਲ ਇਕ ਦੂਤ ਰਾਹੀਂ ਗੱਲ ਨਹੀਂ ਕਰ ਰਿਹਾ ਹੈ, ਜਿਵੇਂ ਉਸ ਨੇ ਬਲਦੀ ਝਾੜੀ ਕੋਲ ਮੂਸਾ ਦੇ ਨਾਲ ਗੱਲ ਕੀਤੀ ਸੀ। ਪਰਮੇਸ਼ੁਰ ਨੇ ਆਪਣੇ ਪੁੱਤਰ ਰਾਹੀਂ ਗੱਲ ਕੀਤੀ ਹੈ। (ਇਬਰਾਨੀਆਂ 1:1, 2) ਆਪਣੇ ਪੁੱਤਰ ਰਾਹੀਂ ਪਰਮੇਸ਼ੁਰ ਦੀਆਂ ਕਹੀਆਂ ਗਈਆਂ ਗੱਲਾਂ ਬਾਈਬਲ ਵਿਚ ਦਰਜ ਹਨ। ਬਾਈਬਲ ਸੰਸਾਰ ਭਰ ਦੇ ਲੋਕਾਂ ਦੀਆਂ ਭਾਸ਼ਾਵਾਂ ਵਿਚ ਅਨੁਵਾਦ ਕੀਤੀ ਗਈ ਹੈ।
20. ਸਾਡੀ ਸਥਿਤੀ ਨੂਹ, ਅਬਰਾਹਾਮ, ਅਤੇ ਮੂਸਾ ਦੀ ਸਥਿਤੀ ਨਾਲੋਂ ਕਿਉਂ ਬਿਹਤਰ ਹੈ?
20 ਸਾਡੇ ਕੋਲ ਨੂਹ, ਅਬਰਾਹਾਮ, ਜਾਂ ਮੂਸਾ ਨਾਲੋਂ ਜ਼ਿਆਦਾ ਕੁਝ ਹੈ। ਸਾਡੇ ਕੋਲ ਪਰਮੇਸ਼ੁਰ ਦਾ ਪੂਰਾ ਬਚਨ ਹੈ—ਜਿਸ ਦੇ ਬਾਹਲੇ ਹਿੱਸੇ ਦੀ ਪੂਰਤੀ ਹੁਣ ਤਕ ਹੋ ਚੁੱਕੀ ਹੈ। ਉਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਜੋ ਬਾਈਬਲ ਉਨ੍ਹਾਂ ਆਦਮੀਆਂ ਅਤੇ ਔਰਤਾਂ ਬਾਰੇ ਕਹਿੰਦੀ ਹੈ ਜਿਨ੍ਹਾਂ ਨੇ ਹਰ ਪ੍ਰਕਾਰ ਦੀਆਂ ਅਜ਼ਮਾਇਸ਼ਾਂ ਦੇ ਬਾਵਜੂਦ ਵੀ ਆਪਣੇ ਆਪ ਨੂੰ ਯਹੋਵਾਹ ਦੇ ਵਫ਼ਾਦਾਰ ਗਵਾਹ ਸਾਬਤ ਕੀਤਾ, ਇਬਰਾਨੀਆਂ 12:1 ਜ਼ੋਰ ਦਿੰਦਾ ਹੈ: “ਆਓ, ਅਸੀਂ ਵੀ ਹਰੇਕ ਭਾਰ ਅਤੇ ਉਸ ਪਾਪ ਨੂੰ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ ਪਰੇ ਸੁੱਟ ਕੇ ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ।” ਸਾਨੂੰ ਆਪਣੀ ਨਿਹਚਾ ਨੂੰ ਕੋਈ ਸਾਧਾਰਣ ਚੀਜ਼ ਨਹੀਂ ਸਮਝਣਾ ਚਾਹੀਦਾ ਹੈ। ਉਹ ‘ਪਾਪ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ’ ਨਿਹਚਾ ਦੀ ਘਾਟ ਹੈ। “ਨਿਹਚਾ ਨਾਲ ਚੱਲਦੇ” ਰਹਿਣਾ ਇਕ ਸਖ਼ਤ ਸੰਘਰਸ਼ ਦੀ ਮੰਗ ਕਰਦਾ ਹੈ।
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ, ਬਾਈਬਲ—ਪਰਮੇਸ਼ੁਰ ਦਾ ਬਚਨ ਜਾਂ ਮਨੁੱਖ ਦਾ? (ਅੰਗ੍ਰੇਜ਼ੀ) ਦੇਖੋ।
ਤੁਹਾਡਾ ਕੀ ਜਵਾਬ ਹੈ?
◻ ‘ਨਿਹਚਾ ਨਾਲ ਚੱਲਣ’ ਵਿਚ ਕੀ ਕੁਝ ਸ਼ਾਮਲ ਹੈ?
◻ ਨੂਹ ਦੀ ਨਿਹਚਾ ਦਿਖਾਉਣ ਦੇ ਤਰੀਕੇ ਤੋਂ ਸਾਨੂੰ ਕਿਵੇਂ ਲਾਭ ਮਿਲ ਸਕਦਾ ਹੈ?
◻ ਅਬਰਾਹਾਮ ਦਾ ਨਿਹਚਾ ਕਰਨ ਦਾ ਤਰੀਕਾ ਸਾਡੀ ਕਿਵੇਂ ਮਦਦ ਕਰਦਾ ਹੈ?
◻ ਬਾਈਬਲ ਨਿਹਚਾ ਦੀ ਇਕ ਉਦਾਹਰਣ ਵਜੋਂ ਮੂਸਾ ਵੱਲ ਕਿਉਂ ਧਿਆਨ ਦਿਵਾਉਂਦੀ ਹੈ?
[ਸਫ਼ੇ 24 ਉੱਤੇ ਤਸਵੀਰ]
ਅਬਰਾਹਾਮ ਨਿਹਚਾ ਨਾਲ ਚੱਲਿਆ
[ਸਫ਼ੇ 24 ਉੱਤੇ ਤਸਵੀਰ]
ਮੂਸਾ ਅਤੇ ਹਾਰੂਨ ਨੇ ਫ਼ਿਰਊਨ ਦੇ ਅੱਗੇ ਨਿਹਚਾ ਦਿਖਾਈ