ਨਿਹਚਾ ਸਾਨੂੰ ਕਾਰਜ ਕਰਨ ਲਈ ਪ੍ਰੇਰਿਤ ਕਰਦੀ ਹੈ!
“ਤੂੰ ਵੇਖਦਾ ਹੈਂ ਭਈ ਨਿਹਚਾ [ਅਬਰਾਹਾਮ] ਦੇ ਅਮਲਾਂ ਨਾਲ ਗੁਣਕਾਰ ਹੋਈ ਅਤੇ ਅਮਲਾਂ ਤੋਂ ਨਿਹਚਾ ਸੰਪੂਰਨ ਹੋਈ।”—ਯਾਕੂਬ 2:22.
1, 2. ਜੇਕਰ ਸਾਡੇ ਕੋਲ ਨਿਹਚਾ ਹੈ ਅਸੀਂ ਕਿਵੇਂ ਕਾਰਜ ਕਰਾਂਗੇ?
ਅਨੇਕ ਲੋਕ ਕਹਿੰਦੇ ਹਨ ਕਿ ਉਹ ਪਰਮੇਸ਼ੁਰ ਵਿਚ ਨਿਹਚਾ ਰੱਖਦੇ ਹਨ। ਪਰ, ਨਿਰੀ ਜ਼ਬਾਨੀ ਨਿਹਚਾ ਇਕ ਲਾਸ਼ ਵਾਂਗ ਬੇਜਾਨ ਹੈ। “ਨਿਹਚਾ ਜੋ ਅਮਲ ਸਹਿਤ ਨਾ ਹੋਵੇ ਤਾਂ ਆਪਣੇ ਆਪ ਤੋਂ ਮੋਈ ਹੋਈ ਹੈ,” ਚੇਲੇ ਯਾਕੂਬ ਨੇ ਲਿਖਿਆ। ਉਸ ਨੇ ਇਹ ਵੀ ਕਿਹਾ ਕਿ ਪਰਮੇਸ਼ੁਰ ਤੋਂ ਡਰਨ ਵਾਲੇ ਅਬਰਾਹਾਮ ਕੋਲ ਉਹ ਨਿਹਚਾ ਸੀ, ਜੋ “ਅਮਲਾਂ ਨਾਲ ਗੁਣਕਾਰ ਹੋਈ।” (ਯਾਕੂਬ 2:17, 22) ਸਾਡੇ ਲਈ ਅਜਿਹੇ ਸ਼ਬਦਾਂ ਦੀ ਕੀ ਮਹੱਤਤਾ ਹੈ?
2 ਜੇਕਰ ਸਾਡੇ ਕੋਲ ਸੱਚੀ ਨਿਹਚਾ ਹੈ, ਤਾਂ ਅਸੀਂ ਮਸੀਹੀ ਸਭਾਵਾਂ ਵਿਚ ਸੁਣੀਆਂ ਗਈਆਂ ਗੱਲਾਂ ਉੱਤੇ ਕੇਵਲ ਵਿਸ਼ਵਾਸ ਹੀ ਨਹੀਂ ਰੱਖਾਂਗੇ। ਅਸੀਂ ਨਿਹਚਾ ਦਾ ਸਬੂਤ ਦੇਵਾਂਗੇ ਕਿਉਂਕਿ ਅਸੀਂ ਯਹੋਵਾਹ ਦੇ ਸਰਗਰਮ ਗਵਾਹ ਹਾਂ। ਜੀ ਹਾਂ, ਨਿਹਚਾ ਸਾਨੂੰ ਜੀਵਨ ਵਿਚ ਪਰਮੇਸ਼ੁਰ ਦਾ ਬਚਨ ਲਾਗੂ ਕਰਨ ਲਈ ਅਤੇ ਕਾਰਜ ਕਰਨ ਲਈ ਪ੍ਰੇਰਿਤ ਕਰੇਗੀ।
ਪੱਖਪਾਤ ਨਿਹਚਾ ਦੇ ਅਨੁਕੂਲ ਨਹੀਂ
3, 4. ਦੂਸਰਿਆਂ ਨਾਲ ਸਾਡੇ ਵਰਤਾਉ ਉੱਤੇ ਨਿਹਚਾ ਨੂੰ ਕਿਵੇਂ ਅਸਰ ਪਾਉਣਾ ਚਾਹੀਦਾ ਹੈ?
3 ਜੇਕਰ ਸਾਡੇ ਕੋਲ ਪਰਮੇਸ਼ੁਰ ਅਤੇ ਮਸੀਹ ਵਿਚ ਅਸਲੀ ਨਿਹਚਾ ਹੈ, ਤਾਂ ਅਸੀਂ ਪੱਖਪਾਤ ਨਹੀਂ ਕਰਾਂਗੇ। (ਯਾਕੂਬ 2:1-4) ਜਿਨ੍ਹਾਂ ਵਿਅਕਤੀਆਂ ਨੂੰ ਯਾਕੂਬ ਨੇ ਲਿਖਿਆ ਸੀ, ਉਨ੍ਹਾਂ ਵਿੱਚੋਂ ਕੁਝ ਉਹ ਨਿਰਪੱਖਤਾ ਨਹੀਂ ਦਿਖਾ ਰਹੇ ਸਨ ਜਿਸ ਦੀ ਸੱਚੇ ਮਸੀਹੀਆਂ ਤੋਂ ਮੰਗ ਕੀਤੀ ਜਾਂਦੀ ਹੈ। (ਰੋਮੀਆਂ 2:11) ਇਸ ਲਈ, ਯਾਕੂਬ ਕਹਿੰਦਾ ਹੈ: “ਸਾਡੇ ਪਰਤਾਪਵਾਨ ਪ੍ਰਭੁ ਯਿਸੂ ਮਸੀਹ ਦੀ ਨਿਹਚਾ ਨੂੰ ਕਿਸੇ ਦੇ ਪੱਖ ਪਾਤ ਨਾਲ ਨਾ ਰੱਖੋ।” ਜੇਕਰ ਸੋਨੇ ਦੀਆਂ ਅੰਗੂਠੀਆਂ ਅਤੇ ਸ਼ਾਨਦਾਰ ਕੱਪੜੇ ਪਹਿਨੇ ਇਕ ਧਨੀ ਅਵਿਸ਼ਵਾਸੀ ਸਭਾ ਵਿਚ ਆਉਂਦਾ ਅਤੇ ਨਾਲ ਹੀ ‘ਮੈਲੇ ਲੀੜੇ ਪਹਿਨਿਆਂ ਇਕ ਗਰੀਬ’ ਅਵਿਸ਼ਵਾਸੀ ਮਨੁੱਖ ਵੀ ਆਉਂਦਾ, ਤਾਂ ਉਨ੍ਹਾਂ ਦੋਨਾਂ ਦਾ ਚੰਗੀ ਤਰ੍ਹਾਂ ਸੁਆਗਤ ਕੀਤਾ ਜਾਣਾ ਚਾਹੀਦਾ ਸੀ, ਪਰ ਧਨੀ ਨੂੰ ਖ਼ਾਸ ਧਿਆਨ ਦਿੱਤਾ ਜਾ ਰਿਹਾ ਸੀ। ਉਨ੍ਹਾਂ ਨੂੰ ਬੈਠਣ ਲਈ “ਚੰਗੀ” ਜਗ੍ਹਾ ਦਿੱਤੀ ਜਾਂਦੀ ਸੀ, ਜਦ ਕਿ ਗ਼ਰੀਬ ਅਵਿਸ਼ਵਾਸੀਆਂ ਨੂੰ ਖੜ੍ਹੇ ਰਹਿਣ ਜਾਂ ਭੁੰਜੇ ਕਿਸੇ ਦੇ ਪੈਰਾਂ ਕੋਲ ਬੈਠਣ ਲਈ ਕਿਹਾ ਜਾਂਦਾ ਸੀ।
4 ਯਹੋਵਾਹ ਨੇ ਯਿਸੂ ਮਸੀਹ ਦਾ ਰਿਹਾਈ-ਕੀਮਤ ਬਲੀਦਾਨ ਧਨੀ ਅਤੇ ਗ਼ਰੀਬਾਂ ਦੋਹਾਂ ਲਈ ਮੁਹੱਈਆ ਕੀਤਾ ਸੀ। (2 ਕੁਰਿੰਥੀਆਂ 5:14) ਇਸ ਲਈ, ਜੇਕਰ ਅਸੀਂ ਧਨੀ ਲੋਕਾਂ ਦਾ ਪੱਖ ਕਰਾਂਗੇ, ਤਾਂ ਅਸੀਂ ਮਸੀਹ ਦੀ ਨਿਹਚਾ ਦੀ ਪੈਰਵੀ ਨਹੀਂ ਕਰ ਰਹੇ ਹੋਵਾਂਗੇ, ਜੋ ‘ਨਿਰਧਨ ਬਣਿਆ ਭਈ ਅਸੀਂ ਉਹ ਦੀ ਨਿਰਧਨਤਾਈ ਤੋਂ ਧਨੀ ਹੋ ਜਾਈਏ।’ (2 ਕੁਰਿੰਥੀਆਂ 8:9) ਆਓ ਅਸੀਂ ਇਸ ਤਰ੍ਹਾਂ—ਮਨੁੱਖਾਂ ਨੂੰ ਸਨਮਾਨਿਤ ਕਰਨ ਦੇ ਗ਼ਲਤ ਮਨੋਰਥ ਨਾਲ—ਲੋਕਾਂ ਦਾ ਨਿਆਂ ਕਦੇ ਨਾ ਕਰੀਏ। ਪਰਮੇਸ਼ੁਰ ਪੱਖਪਾਤੀ ਨਹੀਂ ਹੈ, ਪਰ ਜੇਕਰ ਅਸੀਂ ਪੱਖਪਾਤ ਕਰੀਏ, ਤਾਂ ਅਸੀਂ “ਬੁਰਿਆਈ ਸੋਚਣ ਵਾਲੇ ਨਿਆਈ” ਬਣਦੇ ਹਾਂ। (ਅੱਯੂਬ 34:19) ਪਰਮੇਸ਼ੁਰ ਨੂੰ ਪ੍ਰਸੰਨ ਕਰਨ ਦੀ ਇੱਛਾ ਰੱਖਣ ਨਾਲ, ਯਕੀਨਨ ਅਸੀਂ ਪੱਖਪਾਤ ਕਰਨ ਜਾਂ ‘ਲਾਹੇ ਪਿੱਛੇ ਮੂੰਹ ਉੱਤੇ ਵਡਿਆਈ ਕਰਨ’ ਦੇ ਪਰਤਾਵੇ ਵਿਚ ਨਹੀਂ ਪਵਾਂਗੇ।—ਯਹੂਦਾਹ 4, 16.
5. ਪਰਮੇਸ਼ੁਰ ਨੇ “ਨਿਹਚਾ ਵਿੱਚ ਧਨੀ” ਹੋਣ ਲਈ ਕਿਨ੍ਹਾਂ ਨੂੰ ਚੁਣਿਆ ਹੈ, ਅਤੇ ਭੌਤਿਕ ਤੌਰ ਤੇ ਧਨੀ ਲੋਕਾਂ ਦਾ ਅਕਸਰ ਕੀ ਵਿਹਾਰ ਹੁੰਦਾ ਹੈ?
5 ਯਾਕੂਬ ਸੱਚ-ਮੁੱਚ ਧਨੀ ਲੋਕਾਂ ਦੀ ਸ਼ਨਾਖਤ ਕਰਦਾ ਹੈ ਅਤੇ ਪ੍ਰੇਰਣਾ ਦਿੰਦਾ ਹੈ ਕਿ ਨਿਰਪੱਖਤਾ ਨਾਲ ਸਾਰਿਆਂ ਨੂੰ ਪ੍ਰੇਮ ਦਿਖਾਇਆ ਜਾਵੇ। (ਯਾਕੂਬ 2:5-9) ‘ਪਰਮੇਸ਼ੁਰ ਨੇ ਗਰੀਬਾਂ ਨੂੰ ਨਿਹਚਾ ਵਿੱਚ ਧਨੀ ਹੋਣ ਅਤੇ ਰਾਜ ਦੇ ਅਧਕਾਰੀ ਹੋਣ ਲਈ ਚੁਣਿਆ ਹੈ।’ ਇਹ ਇਸ ਲਈ ਹੈ ਕਿਉਂਕਿ ਗ਼ਰੀਬ ਅਕਸਰ ਖ਼ੁਸ਼ ਖ਼ਬਰੀ ਨੂੰ ਜ਼ਿਆਦਾ ਕਬੂਲ ਕਰਦੇ ਹਨ। (1 ਕੁਰਿੰਥੀਆਂ 1:26-29) ਇਕ ਵਰਗ ਵਜੋਂ, ਭੌਤਿਕ ਤੌਰ ਤੇ ਧਨੀ ਲੋਕ ਕਰਜ਼, ਤਨਖ਼ਾਹ, ਅਤੇ ਕਾਨੂੰਨੀ ਕਾਰਵਾਈਆਂ ਦੇ ਮਾਮਲਿਆਂ ਵਿਚ ਦੂਸਰਿਆਂ ਉੱਤੇ ਦਬਾਅ ਪਾਉਂਦੇ ਹਨ। ਉਹ ਮਸੀਹ ਬਾਰੇ ਬੁਰਾ-ਭਲਾ ਕਹਿੰਦੇ ਹਨ ਅਤੇ ਸਾਨੂੰ ਸਤਾਉਂਦੇ ਹਨ ਕਿਉਂਕਿ ਅਸੀਂ ਉਸ ਦਾ ਨਾਂ ਅਪਣਾਇਆ ਹੈ। ਪਰ ਆਓ ਅਸੀਂ “ਸ਼ਾਹੀ ਹੁਕਮ” ਦੇ ਅਨੁਸਾਰ ਚੱਲਣ ਦਾ ਦ੍ਰਿੜ੍ਹ ਇਰਾਦਾ ਰੱਖੀਏ, ਜੋ ਗੁਆਂਢੀ ਲਈ ਪ੍ਰੇਮ ਦੀ ਮੰਗ ਕਰਦਾ ਹੈ, ਅਥਵਾ, ਧਨੀ ਅਤੇ ਗ਼ਰੀਬ ਪ੍ਰਤੀ ਇਕ-ਸਮਾਨ ਪ੍ਰੇਮਮਈ ਹੋਣਾ। (ਲੇਵੀਆਂ 19:18; ਮੱਤੀ 22:37-40) ਕਿਉਂਕਿ ਪਰਮੇਸ਼ੁਰ ਇਹ ਮੰਗ ਕਰਦਾ ਹੈ, ਪੱਖਪਾਤ ਕਰਨਾ ‘ਪਾਪ ਕਰਨਾ ਹੈ।’
“ਦਯਾ ਨਿਆਉਂ ਦੇ ਉੱਤੇ ਫ਼ਤਹ ਪਾਉਂਦੀ ਹੈ”
6. ਜੇਕਰ ਅਸੀਂ ਦੂਸਰਿਆਂ ਨਾਲ ਦਇਆਪੂਰਵਕ ਵਰਤਾਉ ਨਹੀਂ ਕਰਦੇ ਹਾਂ, ਤਾਂ ਅਸੀਂ ਕਿਵੇਂ ਕਾਨੂੰਨ ਤੋੜਨ ਵਾਲੇ ਬਣ ਜਾਂਦੇ ਹਾਂ?
6 ਜੇਕਰ ਅਸੀਂ ਬੇਰਹਿਮੀ ਨਾਲ ਪੱਖਪਾਤ ਕਰਦੇ ਹਾਂ, ਤਾਂ ਅਸੀਂ ਕਾਨੂੰਨ ਨੂੰ ਤੋੜਨ ਵਾਲੇ ਬਣਦੇ ਹਾਂ। (ਯਾਕੂਬ 2:10-13) ਇਸ ਸੰਬੰਧ ਵਿਚ ਇਕ ਗ਼ਲਤ ਕਦਮ ਚੁੱਕਣ ਦੁਆਰਾ, ਅਸੀਂ ਪਰਮੇਸ਼ੁਰ ਦੇ ਸਾਰਿਆਂ ਨਿਯਮਾਂ ਵਿਰੁੱਧ ਅਪਰਾਧੀ ਹੋ ਜਾਂਦੇ ਹਾਂ। ਜਿਨ੍ਹਾਂ ਇਸਰਾਏਲੀਆਂ ਨੇ ਜ਼ਨਾਹ ਨਹੀਂ ਕੀਤਾ ਸੀ, ਪਰ ਚੋਰ ਸਨ, ਉਹ ਮੂਸਾ ਦੀ ਬਿਵਸਥਾ ਦੇ ਉਲੰਘਣ ਕਰਨ ਵਾਲੇ ਠਹਿਰਾਏ ਗਏ। ਮਸੀਹੀਆਂ ਵਜੋਂ, ਸਾਡਾ ਨਿਆਉਂ “[ਅਜ਼ਾਦ ਲੋਕਾਂ] ਦੀ ਸ਼ਰਾ” ਦੁਆਰਾ ਕੀਤਾ ਜਾਂਦਾ ਹੈ—ਇਹ ਲੋਕ ਨਵੇਂ ਨੇਮ ਵਿਚ ਅਧਿਆਤਮਿਕ ਇਸਰਾਏਲ ਹਨ ਜੋ ਆਪਣੇ ਦਿਲਾਂ ਵਿਚ ਇਸ ਨੇਮ ਦੀ ਸ਼ਰਾ ਰੱਖਦੇ ਹਨ।—ਯਿਰਮਿਯਾਹ 31:31-33.
7. ਪੱਖਪਾਤ ਜਾਰੀ ਰੱਖਣ ਵਾਲੇ ਲੋਕ ਪਰਮੇਸ਼ੁਰ ਤੋਂ ਦਇਆ ਦੀ ਆਸ ਕਿਉਂ ਨਹੀਂ ਰੱਖ ਸਕਦੇ ਹਨ?
7 ਜੇਕਰ ਅਸੀਂ ਨਿਹਚਾ ਰੱਖਣ ਦਾ ਦਾਅਵਾ ਕਰਦੇ ਹਾਂ ਪਰ ਪੱਖਪਾਤ ਕਰਨਾ ਜਾਰੀ ਰੱਖਦੇ ਹਾਂ, ਤਾਂ ਅਸੀਂ ਖ਼ਤਰੇ ਵਿਚ ਹਾਂ। ਨਿਰਮੋਹ ਅਤੇ ਬੇਰਹਿਮ ਲੋਕਾਂ ਦਾ ਨਿਆਂ ਦਇਆ ਤੋਂ ਬਿਨਾਂ ਕੀਤਾ ਜਾਵੇਗਾ। (ਮੱਤੀ 7:1, 2) ਯਾਕੂਬ ਕਹਿੰਦਾ ਹੈ: “ਦਯਾ ਨਿਆਉਂ ਦੇ ਉੱਤੇ ਫ਼ਤਹ ਪਾਉਂਦੀ ਹੈ।” ਜੇਕਰ ਅਸੀਂ ਆਪਣੇ ਸਾਰੇ ਵਿਹਾਰਾਂ ਵਿਚ ਦਇਆ ਦਿਖਾਉਣ ਦੁਆਰਾ ਯਹੋਵਾਹ ਦੀ ਪਵਿੱਤਰ ਆਤਮਾ ਦੀ ਅਗਵਾਈ ਸਵੀਕਾਰ ਕਰਦੇ ਹਾਂ, ਤਾਂ ਜਦੋਂ ਸਾਡਾ ਨਿਆਉਂ ਕੀਤਾ ਜਾਵੇਗਾ, ਉਦੋਂ ਅਸੀਂ ਦੋਸ਼ੀ ਨਹੀਂ ਠਹਿਰਾਏ ਜਾਵਾਂਗੇ। ਇਸ ਦੀ ਬਜਾਇ, ਅਸੀਂ ਦਇਆ ਅਨੁਭਵ ਕਰਾਂਗੇ ਅਤੇ ਇਸ ਤਰ੍ਹਾਂ ਅਪ੍ਰਵਾਨ ਨਹੀਂ ਕੀਤੇ ਜਾਵਾਂਗੇ।
ਨਿਹਚਾ ਚੰਗੇ ਕੰਮ ਕਰਾਉਂਦੀ ਹੈ
8. ਉਸ ਵਿਅਕਤੀ ਦੀ ਕੀ ਸਥਿਤੀ ਹੈ ਜੋ ਅਮਲਾਂ ਬਿਨਾਂ ਜ਼ਬਾਨੀ ਨਿਹਚਾ ਕਰਦਾ ਹੈ?
8 ਸਾਨੂੰ ਪ੍ਰੇਮਮਈ ਅਤੇ ਕਿਰਪਾਲੂ ਬਣਾਉਣ ਤੋਂ ਇਲਾਵਾ, ਨਿਹਚਾ ਹੋਰ ਚੰਗੇ ਕੰਮ ਵੀ ਕਰਾਉਂਦੀ ਹੈ। (ਯਾਕੂਬ 2:14-26) ਨਿਰਸੰਦੇਹ, ਅਮਲਾਂ ਬਿਨਾਂ ਜ਼ਬਾਨੀ ਨਿਹਚਾ ਸਾਨੂੰ ਨਹੀਂ ਬਚਾਵੇਗੀ। ਇਹ ਸੱਚ ਹੈ ਕਿ ਅਸੀਂ ਸ਼ਰਾ ਦੇ ਕੰਮਾਂ ਦੁਆਰਾ ਪਰਮੇਸ਼ੁਰ ਨਾਲ ਇਕ ਧਰਮੀ ਸਥਿਤੀ ਦੇ ਹੱਕਦਾਰ ਨਹੀਂ ਹੋ ਸਕਦੇ। (ਰੋਮੀਆਂ 4:2-5) ਯਾਕੂਬ ਨਿਯਮਾਵਲੀ ਦੁਆਰਾ ਨਹੀਂ, ਬਲਕਿ ਨਿਹਚਾ ਅਤੇ ਪ੍ਰੇਮ ਦੁਆਰਾ ਪ੍ਰੇਰਿਤ ਕੰਮਾਂ ਬਾਰੇ ਗੱਲ ਕਰ ਰਿਹਾ ਹੈ। ਜੇਕਰ ਅਸੀਂ ਅਜਿਹੇ ਗੁਣਾਂ ਦੁਆਰਾ ਪ੍ਰੇਰਿਤ ਹੁੰਦੇ ਹਾਂ, ਤਾਂ ਅਸੀਂ ਇਕ ਲੋੜਵੰਦ ਸੰਗੀ ਉਪਾਸਕ ਨੂੰ ਕੇਵਲ ਸ਼ੁਭ ਕਾਮਨਾਵਾਂ ਹੀ ਨਹੀਂ ਦੇਵਾਂਗੇ। ਅਸੀਂ ਇਕ ਨੰਗੇ ਜਾਂ ਭੁੱਖੇ ਭਰਾ ਜਾਂ ਭੈਣ ਦੀ ਭੌਤਿਕ ਥੁੜ੍ਹ ਪੂਰੀ ਕਰਾਂਗੇ। ਯਾਕੂਬ ਪੁੱਛਦਾ ਹੈ: ‘ਜੇਕਰ ਤੁਸੀਂ ਇਕ ਲੋੜਵੰਦ ਭਰਾ ਨੂੰ ਆਖੋ ਭਈ ਸੁਖ ਸਾਂਦ ਨਾਲ ਜਾਓ। ਨਿੱਘੇ
ਅਤੇ ਰੱਜੇ ਪੁੱਜੇ ਰਹੋ ਪਰ ਜਿਹੜੀਆਂ ਵਸਤਾਂ ਸਰੀਰ ਲਈ ਲੋੜੀਦੀਆਂ ਹਨ ਓਹ ਤੁਸਾਂ ਉਨ੍ਹਾਂ ਨੂੰ ਨਾ ਦਿੱਤੀਆਂ ਤਾਂ ਕੀ ਲਾਭ ਹੋਇਆ?’ ਕੋਈ ਵੀ ਨਹੀਂ। (ਅੱਯੂਬ 31:16-22) ਅਜਿਹੀ “ਨਿਹਚਾ” ਬੇਜਾਨ ਹੈ!
9. ਕਿਹੜੀ ਚੀਜ਼ ਦਿਖਾਉਂਦੀ ਹੈ ਕਿ ਸਾਡੇ ਕੋਲ ਨਿਹਚਾ ਹੈ?
9 ਅਸੀਂ ਸ਼ਾਇਦ ਕੁਝ ਹੱਦ ਤਕ ਪਰਮੇਸ਼ੁਰ ਦੇ ਲੋਕਾਂ ਨਾਲ ਸੰਗਤ ਰੱਖਦੇ ਹੋਈਏ, ਪਰ ਸਿਰਫ਼ ਪੂਰੇ ਦਿਲ ਨਾਲ ਕੀਤੇ ਕੰਮ ਹੀ ਸਾਡੇ ਨਿਹਚਾ ਦੇ ਦਾਅਵੇ ਦਾ ਸਬੂਤ ਦੇ ਸਕਦੇ ਹਨ। ਇਹ ਚੰਗਾ ਹੈ ਜੇਕਰ ਅਸੀਂ ਤ੍ਰਿਏਕ ਦੇ ਸਿਧਾਂਤ ਨੂੰ ਰੱਦ ਕੀਤਾ ਹੈ ਅਤੇ ਵਿਸ਼ਵਾਸ ਕਰਦੇ ਹਾਂ ਕਿ ਕੇਵਲ ਇੱਕੋ ਹੀ ਸੱਚਾ ਪਰਮੇਸ਼ੁਰ ਹੈ। ਫਿਰ ਵੀ, ਸਿਰਫ਼ ਵਿਸ਼ਵਾਸ ਖ਼ੁਦ-ਬ-ਖ਼ੁਦ ਨਿਹਚਾ ਨਹੀਂ ਹੈ। “ਭੂਤ ਇਹੋ ਨਿਹਚਾ ਕਰਦੇ ਹਨ,” ਅਤੇ ਉਹ ਡਰ ਨਾਲ “ਕੰਬਦੇ” ਹਨ ਕਿਉਂਕਿ ਉਨ੍ਹਾਂ ਦਾ ਨਾਸ਼ ਹੋਣ ਵਾਲਾ ਹੈ। ਜੇਕਰ ਸਾਡੇ ਕੋਲ ਸੱਚ-ਮੁੱਚ ਨਿਹਚਾ ਹੈ, ਤਾਂ ਇਹ ਸਾਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਲੋੜਵੰਦ ਸੰਗੀ ਵਿਸ਼ਵਾਸੀਆਂ ਲਈ ਰੋਟੀ-ਕੱਪੜਾ ਮੁਹੱਈਆ ਕਰਨ ਵਰਗੇ ਕੰਮ ਕਰਨ ਲਈ ਪ੍ਰੇਰਿਤ ਕਰੇਗੀ। ਯਾਕੂਬ ਪੁੱਛਦਾ ਹੈ: “ਹੇ ਨਿਕੰਮਿਆ ਮਨੁੱਖਾ [ਜਿਸ ਨੂੰ ਪਰਮੇਸ਼ੁਰ ਦਾ ਯਥਾਰਥ ਗਿਆਨ ਨਹੀਂ ਹੈ], ਕੀ ਤੂੰ ਇਹ ਜਾਣਿਆ ਚਾਹੁੰਦਾ ਹੈਂ ਭਈ ਅਮਲਾਂ ਬਾਝੋਂ ਨਿਹਚਾ ਅਕਾਰਥ ਹੈ?” ਜੀ ਹਾਂ, ਨਿਹਚਾ ਕਾਰਜਾਂ ਦੀ ਮੰਗ ਕਰਦੀ ਹੈ।
10. ਅਬਰਾਹਾਮ ‘ਉਨ੍ਹਾਂ ਸਭਨਾਂ ਦਾ ਪਿਤਾ’ ਕਿਉਂ ਸੱਦਿਆ ਜਾਂਦਾ ਹੈ ‘ਜਿਹੜੇ ਨਿਹਚਾ ਕਰਦੇ ਹਨ’?
10 ਧਰਮੀ ਕੁਲ-ਪਿਤਾ ਅਬਰਾਹਾਮ ਦੀ ਨਿਹਚਾ ਨੇ ਉਸ ਨੂੰ ਕਾਰਜ ਕਰਨ ਲਈ ਪ੍ਰੇਰਿਤ ਕੀਤਾ। ‘ਉਨ੍ਹਾਂ ਸਭਨਾਂ ਦੇ ਪਿਤਾ’ ਵਜੋਂ “ਜਿਹੜੇ ਨਿਹਚਾ ਕਰਦੇ ਹਨ,” ਅਬਰਾਹਾਮ ਨੂੰ ‘ਅਮਲਾਂ ਨਾਲ ਧਰਮੀ ਠਹਿਰਾਇਆ ਗਿਆ ਜਦੋਂ ਉਹ ਨੇ ਆਪਣੇ ਪੁੱਤ੍ਰ ਇਸਹਾਕ ਨੂੰ ਜਗਵੇਦੀ ਉੱਤੇ ਚਾੜ੍ਹ ਦਿੱਤਾ।’ (ਰੋਮੀਆਂ 4:11, 12; ਉਤਪਤ 22:1-14) ਪਰ ਜੇਕਰ ਅਬਰਾਹਾਮ ਨਿਹਚਾ ਨਾ ਰੱਖਦਾ ਕਿ ਪਰਮੇਸ਼ੁਰ ਇਸਹਾਕ ਨੂੰ ਜੀ ਉਠਾ ਕੇ ਉਸ ਰਾਹੀਂ ਅੰਸ ਉਤਪੰਨ ਕਰਨ ਦਾ ਆਪਣਾ ਵਾਅਦਾ ਪੂਰਾ ਕਰ ਸਕਦਾ ਸੀ, ਫਿਰ ਕੀ? ਫਿਰ ਅਬਰਾਹਾਮ ਕਦੇ ਵੀ ਆਪਣੇ ਪੁੱਤਰ ਨੂੰ ਬਲੀਦਾਨ ਕਰਨ ਦੀ ਕੋਸ਼ਿਸ਼ ਨਾ ਕਰਦਾ। (ਇਬਰਾਨੀਆਂ 11:19) ਅਬਰਾਹਾਮ ਦੇ ਆਗਿਆਕਾਰ ਕੰਮਾਂ ਤੋਂ ‘ਉਹ ਦੀ ਨਿਹਚਾ ਸੰਪੂਰਨ ਹੋਈ,’ ਜਾਂ ਪੂਰੀ ਹੋਈ ਸੀ। ਉਸ ਦੁਆਰਾ, “ਧਰਮ ਪੁਸਤਕ ਦਾ ਇਹ ਵਾਕ [ਉਤਪਤ 15:6] ਪੂਰਾ ਹੋਇਆ ਭਈ ਅਬਰਾਹਾਮ ਨੇ ਪਰਮੇਸ਼ੁਰ ਦੀ ਪਰਤੀਤ ਕੀਤੀ ਅਤੇ ਇਹ ਉਹ ਦੇ ਲਈ ਧਰਮ ਗਿਣੀ ਗਈ।” ਇਸਹਾਕ ਨੂੰ ਬਲੀਦਾਨ ਕਰਨ ਦੇ ਜਤਨ ਵਿਚ ਅਬਰਾਹਾਮ ਦੇ ਕੰਮਾਂ ਨੇ ਪਰਮੇਸ਼ੁਰ ਵੱਲੋਂ ਪਹਿਲਾਂ ਦੇ ਐਲਾਨ ਨੂੰ ਪੱਕਾ ਕੀਤਾ ਕਿ ਅਬਰਾਹਾਮ ਧਰਮੀ ਸੀ। ਨਿਹਚਾ ਦੇ ਕੰਮਾਂ ਰਾਹੀਂ, ਉਸ ਨੇ ਪਰਮੇਸ਼ੁਰ ਲਈ ਆਪਣੇ ਪ੍ਰੇਮ ਨੂੰ ਪ੍ਰਗਟ ਕੀਤਾ ਅਤੇ ਉਹ “ਪਰਮੇਸ਼ੁਰ ਦਾ ਮਿੱਤਰ” ਸੱਦਿਆ ਗਿਆ।
11. ਰਾਹਾਬ ਦੇ ਮਾਮਲੇ ਵਿਚ ਸਾਡੇ ਕੋਲ ਨਿਹਚਾ ਦਾ ਕਿਹੜਾ ਸਬੂਤ ਹੈ?
11 ਅਬਰਾਹਾਮ ਨੇ ਸਾਬਤ ਕੀਤਾ “ਭਈ ਮਨੁੱਖ ਨਿਰੀ ਨਿਹਚਾ ਨਾਲ ਹੀ ਨਹੀਂ ਸਗੋਂ ਅਮਲਾਂ ਨਾਲ ਧਰਮੀ ਠਹਿਰਾਇਆ ਜਾਂਦਾ ਹੈ।” ਇਹ ਯਰੀਹੋ ਵਿਚ ਇਕ ਵੇਸਵਾ, ਰਾਹਾਬ ਬਾਰੇ ਵੀ ਸੱਚ ਸੀ। ਉਹ ‘ਅਮਲਾਂ ਨਾਲ ਧਰਮੀ ਠਹਿਰਾਈ ਗਈ ਜਦੋਂ ਉਹ ਨੇ ਇਸਰਾਏਲੀ ਹਲਕਾਰਿਆਂ ਨੂੰ ਘਰ ਉਤਾਰਿਆ ਅਤੇ ਉਨ੍ਹਾਂ ਨੂੰ ਦੂਏ ਰਾਹ ਥਾਣੀ ਤੋਰ ਦਿੱਤਾ’ ਤਾਂਕਿ ਉਹ ਆਪਣੇ ਕਨਾਨੀ ਵੈਰੀਆਂ ਦੇ ਹੱਥ ਨਾ ਆਉਣ। ਇਸਰਾਏਲ ਦੇ ਜਾਸੂਸਾਂ ਨੂੰ ਮਿਲਣ ਤੋਂ ਪਹਿਲਾਂ, ਉਸ ਨੇ ਯਹੋਵਾਹ ਨੂੰ ਸੱਚੇ ਪਰਮੇਸ਼ੁਰ ਵਜੋਂ ਪਛਾਣਿਆ ਸੀ, ਅਤੇ ਉਸ ਦੁਆਰਾ ਕਹੇ ਗਏ ਅਗਲੇ ਸ਼ਬਦਾਂ ਅਤੇ ਵੇਸਵਾ-ਗਮਨ ਦੇ ਤਿਆਗ ਨੇ ਉਸ ਦੀ ਨਿਹਚਾ ਦਾ ਸਬੂਤ ਦਿੱਤਾ। (ਯਹੋਸ਼ੁਆ 2:9-11; ਇਬਰਾਨੀਆਂ 11:31) ਅਮਲਾਂ ਰਾਹੀਂ ਨਿਹਚਾ ਦੀ ਇਸ ਦੂਸਰੀ ਉਦਾਹਰਣ ਤੋਂ ਬਾਅਦ, ਯਾਕੂਬ ਕਹਿੰਦਾ ਹੈ: “ਜਿੱਕੁਰ ਆਤਮਾ ਬਾਝੋਂ ਸਰੀਰ ਮੁਰਦਾ ਹੈ ਤਿੱਕੁਰ ਹੀ ਅਮਲਾਂ ਬਾਝੋਂ ਨਿਹਚਾ ਮੁਰਦਾ ਹੈ।” ਜਦੋਂ ਇਕ ਵਿਅਕਤੀ ਮਰ ਜਾਂਦਾ ਹੈ, ਉਸ ਵਿਚ ਕੋਈ ਸਜੀਵ ਸ਼ਕਤੀ, ਜਾਂ “ਆਤਮਾ” ਨਹੀਂ ਹੁੰਦੀ, ਅਤੇ ਉਹ ਕੁਝ ਨਹੀਂ ਕਰ ਸਕਦਾ ਹੈ। ਨਿਰੀ ਜ਼ਬਾਨੀ ਨਿਹਚਾ ਇਕ ਲਾਸ਼ ਵਾਂਗ ਬੇਜਾਨ ਅਤੇ ਵਿਅਰਥ ਹੁੰਦੀ ਹੈ। ਪਰ, ਜੇਕਰ ਸਾਡੇ ਕੋਲ ਅਸਲੀ ਨਿਹਚਾ ਹੈ, ਤਾਂ ਇਹ ਸਾਨੂੰ ਧਰਮੀ ਕਾਰਜ ਕਰਨ ਲਈ ਪ੍ਰੇਰਿਤ ਕਰੇਗੀ।
ਆਪਣੀ ਜ਼ਬਾਨ ਉੱਤੇ ਕਾਬੂ ਰੱਖੋ!
12. ਕਲੀਸਿਯਾ ਵਿਚ ਬਜ਼ੁਰਗਾਂ ਨੂੰ ਕੀ ਕਰਨਾ ਚਾਹੀਦਾ ਹੈ?
12 ਬੋਲਣਾ ਅਤੇ ਸਿਖਾਉਣਾ ਵੀ ਨਿਹਚਾ ਦਾ ਸਬੂਤ ਦੇ ਸਕਦੇ ਹਨ, ਲੇਕਿਨ ਸੰਜਮ ਦੀ ਜ਼ਰੂਰਤ ਹੈ। (ਯਾਕੂਬ 3:1-4) ਕਲੀਸਿਯਾ ਵਿਚ ਸਿੱਖਿਅਕਾਂ ਵਜੋਂ, ਬਜ਼ੁਰਗਾਂ ਦੀ ਇਕ ਭਾਰੀ ਜ਼ਿੰਮੇਵਾਰੀ ਅਤੇ ਪਰਮੇਸ਼ੁਰ ਪ੍ਰਤੀ ਵੱਡੀ ਜਵਾਬਦੇਹੀ ਹੈ। ਇਸ ਲਈ, ਉਨ੍ਹਾਂ ਨੂੰ ਨਿਮਰਤਾ ਨਾਲ ਆਪਣੇ ਮਨੋਰਥਾਂ ਅਤੇ ਯੋਗਤਾਵਾਂ ਦੀ ਜਾਂਚ ਕਰਨੀ ਚਾਹੀਦੀ ਹੈ। ਗਿਆਨ ਅਤੇ ਯੋਗਤਾ ਤੋਂ ਇਲਾਵਾ, ਇਨ੍ਹਾਂ ਮਨੁੱਖਾਂ ਨੂੰ ਪਰਮੇਸ਼ੁਰ ਅਤੇ ਸੰਗੀ ਵਿਸ਼ਵਾਸੀਆਂ ਲਈ ਗਹਿਰਾ ਪ੍ਰੇਮ ਵੀ ਹੋਣਾ ਚਾਹੀਦਾ ਹੈ। (ਰੋਮੀਆਂ 12:3, 16; 1 ਕੁਰਿੰਥੀਆਂ 13:3, 4) ਬਜ਼ੁਰਗਾਂ ਨੂੰ ਆਪਣੀ ਸਲਾਹ ਸ਼ਾਸਤਰ ਦੇ ਆਧਾਰ ਤੇ ਦੇਣੀ ਚਾਹੀਦੀ ਹੈ। ਜੇਕਰ ਇਕ ਬਜ਼ੁਰਗ ਆਪਣੀ ਸਿੱਖਿਆ ਵਿਚ ਗ਼ਲਤ ਸਲਾਹ ਦੇਵੇ ਅਤੇ ਇਸ ਦੇ ਸਿੱਟੇ ਵਜੋਂ ਦੂਸਰਿਆਂ ਲਈ ਸਮੱਸਿਆਵਾਂ ਉੱਠ ਖੜ੍ਹੀਆਂ ਹੋਣ, ਤਾਂ ਮਸੀਹ ਰਾਹੀਂ ਪਰਮੇਸ਼ੁਰ ਉਸ ਦਾ ਹਾਨੀਕਾਰਕ ਨਿਆਂ ਕਰੇਗਾ। ਇਸ ਕਰਕੇ ਬਜ਼ੁਰਗਾਂ ਨੂੰ ਨਿਮਰ ਅਤੇ ਅਧਿਐਨਸ਼ੀਲ ਹੋਣਾ ਚਾਹੀਦਾ ਹੈ, ਅਤੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਬਚਨ ਦੀ ਪਾਲਣਾ ਕਰਨੀ ਚਾਹੀਦੀ ਹੈ।
13. ਅਸੀਂ ਬੋਲੀ ਵਿਚ ਕਿਉਂ ਭੁੱਲ ਕਰਦੇ ਹਾਂ?
13 ਚੰਗੇ ਸਿੱਖਿਅਕ ਵੀ—ਦਰਅਸਲ, ਅਸੀਂ ਸਾਰੇ ਹੀ—ਅਪੂਰਣਤਾ ਦੇ ਕਾਰਨ “ਬਹੁਤ ਭੁੱਲਣਹਾਰ ਹਾਂ।” ਬੋਲੀ ਵਿਚ ਭੁੱਲ ਕਰਨੀ ਇਕ ਸਭ ਤੋਂ ਆਮ ਅਤੇ ਸੰਭਾਵੀ ਰੂਪ ਵਿਚ ਨੁਕਸਾਨ ਪਹੁੰਚਾਉਣ ਵਾਲੀ ਕਮਜ਼ੋਰੀ ਹੈ। ਯਾਕੂਬ ਕਹਿੰਦਾ ਹੈ: “ਜੇ ਕੋਈ ਬਚਨ ਵਿੱਚ ਨਾ ਭੁੱਲੇ ਤਾਂ ਉਹ ਸਿੱਧ ਪੁਰਸ਼ ਹੈ ਅਤੇ ਸਾਰੀ ਦੇਹੀ ਨੂੰ ਭੀ ਲਗਾਮ ਦੇ ਸੱਕਦਾ ਹੈ।” ਯਿਸੂ ਮਸੀਹ ਤੋਂ ਭਿੰਨ, ਜ਼ਬਾਨ ਉੱਤੇ ਸਾਡਾ ਸੰਪੂਰਣ ਕਾਬੂ ਨਹੀਂ ਹੈ। ਜੇਕਰ ਹੁੰਦਾ, ਤਾਂ ਅਸੀਂ ਆਪਣੇ ਸਰੀਰ ਦੇ ਹੋਰ ਅੰਗਾਂ ਉੱਤੇ ਕਾਬੂ ਰੱਖ ਸਕਦੇ ਸੀ। ਆਖ਼ਰ, ਲਗਾਮ ਅਤੇ ਕੰਡਿਆਲੇ ਨਾਲ ਅਸੀਂ ਘੋੜਿਆਂ ਨੂੰ ਉਸ ਪਾਸੇ ਵੱਲ ਤੋਰਦੇ ਹਾਂ ਜਿੱਧਰ ਅਸੀਂ ਚਾਹੁੰਦੇ ਹਾਂ, ਅਤੇ ਛੋਟੀ ਜਿਹੀ ਪਤਵਾਰ ਨਾਲ, ਤੇਜ਼ ਹਵਾਵਾਂ ਦੁਆਰਾ ਧੱਕੇ ਜਾਂਦੇ ਇਕ ਵੱਡੇ ਜਹਾਜ਼ ਨੂੰ ਵੀ ਮਲਾਹ ਦੀ ਇੱਛਾ ਅਨੁਸਾਰ ਚਲਾਇਆ ਜਾ ਸਕਦਾ ਹੈ।
14. ਯਾਕੂਬ ਜ਼ਬਾਨ ਨੂੰ ਕਾਬੂ ਵਿਚ ਰੱਖਣ ਲਈ ਜਤਨ ਕਰਨ ਦੀ ਜ਼ਰੂਰਤ ਉੱਤੇ ਕਿਵੇਂ ਜ਼ੋਰ ਦਿੰਦਾ ਹੈ?
14 ਸਾਨੂੰ ਸਾਰਿਆਂ ਨੂੰ ਸੱਚ-ਮੁੱਚ ਇਹ ਸਵੀਕਾਰ ਕਰਨਾ ਪੈਂਦਾ ਹੈ ਕਿ ਜ਼ਬਾਨ ਉੱਤੇ ਕਾਬੂ ਰੱਖਣ ਲਈ ਸਖ਼ਤ ਜਤਨ ਦੀ ਜ਼ਰੂਰਤ ਹੈ। (ਯਾਕੂਬ 3:5-12) ਘੋੜੇ ਦੀ ਤੁਲਨਾ ਵਿਚ, ਲਗਾਮ ਛੋਟੀ ਹੁੰਦੀ ਹੈ; ਇਸੇ ਤਰ੍ਹਾਂ ਜਹਾਜ਼ ਦੀ ਤੁਲਨਾ ਵਿਚ ਪਤਵਾਰ ਛੋਟੀ ਹੁੰਦੀ ਹੈ। ਅਤੇ ਮਾਨਵੀ ਸਰੀਰ ਦੀ ਤੁਲਨਾ ਵਿਚ, ਜੀਭ ਛੋਟੀ ਹੁੰਦੀ ਹੈ “ਪਰ ਵੱਡੇ ਫੌੜ ਮਾਰਦੀ ਹੈ।” ਕਿਉਂਕਿ ਸ਼ਾਸਤਰ ਸਾਫ਼-ਸਾਫ਼ ਦੱਸਦਾ ਹੈ ਕਿ ਸ਼ੇਖ਼ੀ ਮਾਰਨੀ ਪਰਮੇਸ਼ੁਰ ਨੂੰ ਨਾਰਾਜ਼ ਕਰਦਾ ਹੈ, ਤਾਂ ਆਓ ਅਸੀਂ ਇਸ ਤੋਂ ਪਰਹੇਜ਼ ਕਰਨ ਲਈ ਉਸ ਦੀ ਮਦਦ ਭਾਲੀਏ। (ਜ਼ਬੂਰ 12:3, 4; 1 ਕੁਰਿੰਥੀਆਂ 4:7) ਅਤੇ ਆਓ ਅਸੀਂ ਖਿਝਾਏ ਜਾਣ ਤੇ ਆਪਣੀ ਜ਼ਬਾਨ ਨੂੰ ਕਾਬੂ ਵਿਚ ਰੱਖੀਏ, ਅਤੇ ਇਹ ਯਾਦ ਰੱਖੀਏ ਕਿ ਬਣ ਵਿਚ ਭਾਂਬੜ ਮਚਾਉਣ ਲਈ ਸਿਰਫ਼ ਇਕ ਚੰਗਿਆੜੀ ਦੀ ਲੋੜ ਹੁੰਦੀ ਹੈ। ਜਿਵੇਂ ਯਾਕੂਬ ਸੰਕੇਤ ਕਰਦਾ ਹੈ, ਵੱਡਾ ਨੁਕਸਾਨ ਪਹੁੰਚਾਉਣ ਦੀ ਸਮਰਥਾ ਕਰਕੇ “ਜੀਭ ਵੀ ਇੱਕ ਅੱਗ ਹੈ!” (ਕਹਾਉਤਾਂ 18:21) ਦਰਅਸਲ, ਇਕ ਬੇਕਾਬੂ ਜ਼ਬਾਨ ‘ਕੁਧਰਮ ਦੀ ਦੁਨੀਆ ਹੈ’! ਇਸ ਕੁਧਰਮੀ ਸੰਸਾਰ ਦਾ ਹਰੇਕ ਬੁਰਾ ਗੁਣ ਬੇਕਾਬੂ ਜ਼ਬਾਨ ਨਾਲ ਸੰਬੰਧਿਤ ਹੈ। ਇਹ ਤੁਹਮਤ ਅਤੇ ਝੂਠੀ ਸਿੱਖਿਆ ਵਰਗੀਆਂ ਨੁਕਸਾਨਦੇਹ ਚੀਜ਼ਾਂ ਲਈ ਜ਼ਿੰਮੇਵਾਰ ਹੈ। (ਲੇਵੀਆਂ 19:16; 2 ਪਤਰਸ 2:1) ਤੁਹਾਡਾ ਕੀ ਖ਼ਿਆਲ ਹੈ? ਕੀ ਸਾਡੀ ਨਿਹਚਾ ਨੂੰ ਸਾਨੂੰ ਆਪਣੀ ਜ਼ਬਾਨ ਉੱਤੇ ਕਾਬੂ ਰੱਖਣ ਵਾਸਤੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਨਹੀਂ ਕਰਨਾ ਚਾਹੀਦਾ ਹੈ?
15. ਬੇਲਗਾਮ ਜ਼ਬਾਨ ਕੀ ਨੁਕਸਾਨ ਕਰ ਸਕਦੀ ਹੈ?
15 ਇਕ ਬੇਲਗਾਮ ਜ਼ਬਾਨ ‘ਸਾਡੇ ਉੱਤੇ’ ਬੁਰੀ ਤਰ੍ਹਾਂ “ਦਾਗ ਲਾਉਂਦੀ” ਹੈ। ਉਦਾਹਰਣ ਲਈ, ਜੇਕਰ ਅਸੀਂ ਵਾਰ-ਵਾਰ ਝੂਠ ਬੋਲਦੇ ਹੋਏ ਪਕੜੇ ਜਾਂਦੇ ਹਾਂ, ਤਾਂ ਅਸੀਂ ਝੂਠ ਬੋਲਣ ਵਾਲੇ ਵਿਅਕਤੀ ਵਜੋਂ ਜਾਣੇ ਜਾਂਦੇ ਹਾਂ। ਪਰ, ਇਕ ਬੇਕਾਬੂ ਜ਼ਬਾਨ “ਭਵਚੱਕਰ ਨੂੰ ਅੱਗ” ਕਿਵੇਂ “ਲਾ ਦਿੰਦੀ ਹੈ”? ਜੀਵਨ ਨੂੰ ਮੁਸੀਬਤਾਂ ਦਾ ਚੱਕਰ ਬਣਾਉਣ ਦੁਆਰਾ। ਇਕ ਬੇਕਾਬੂ ਜ਼ਬਾਨ ਰਾਹੀਂ ਪੂਰੀ ਦੀ ਪੂਰੀ ਕਲੀਸਿਯਾ ਅਸ਼ਾਂਤ ਹੋ ਸਕਦੀ ਹੈ। ਯਾਕੂਬ ਹਿੰਨੋਮ ਦੀ ਵਾਦੀ, “ਗ਼ਹੈਨਾ” ਦਾ ਜ਼ਿਕਰ ਕਰਦਾ ਹੈ। ਇਕ ਸਮੇਂ ਤੇ ਬਾਲ ਬਲੀਦਾਨ ਲਈ ਇਸਤੇਮਾਲ ਕੀਤੀ ਜਾਣ ਵਾਲੀ ਇਹ ਵਾਦੀ ਅੱਗ ਨਾਲ ਕੂੜਾ-ਕਰਕਟ ਸਾੜਨ ਲਈ ਯਰੂਸ਼ਲਮ ਦਾ ਕੂੜਾ ਸੁੱਟਣ ਦਾ ਸਥਾਨ ਬਣ ਗਈ। (ਯਿਰਮਿਯਾਹ 7:31) ਇਸ ਲਈ ਗ਼ਹੈਨਾ ਸਰਬਨਾਸ਼ ਦਾ ਇਕ ਪ੍ਰਤੀਕ ਹੈ। ਇਕ ਤਰ੍ਹਾਂ ਨਾਲ, ਗ਼ਹੈਨਾ ਨੇ ਬੇਕਾਬੂ ਜ਼ਬਾਨ ਨੂੰ ਆਪਣੀ ਵਿਨਾਸ਼ਕਾਰੀ ਸ਼ਕਤੀ ਦਿੱਤੀ ਹੈ। ਜੇਕਰ ਅਸੀਂ ਆਪਣੀ ਜ਼ਬਾਨ ਨੂੰ ਲਗਾਮ ਨਹੀਂ ਦਿੰਦੇ ਹਾਂ, ਤਾਂ ਅਸੀਂ ਖ਼ੁਦ ਉਸ ਲਪਟ ਦੇ ਸ਼ਿਕਾਰ ਬਣ ਸਕਦੇ ਹਾਂ ਜੋ ਅਸੀਂ ਸ਼ੁਰੂ ਕੀਤੀ ਹੈ। (ਮੱਤੀ 5:22) ਅਸੀਂ ਕਿਸੇ ਵਿਅਕਤੀ ਨੂੰ ਗਾਲ੍ਹਾਂ ਕੱਢਣ ਦੇ ਕਾਰਨ ਲਈ ਕਲੀਸਿਯਾ ਤੋਂ ਕੱਢੇ ਵੀ ਜਾ ਸਕਦੇ ਹਾਂ।—1 ਕੁਰਿੰਥੀਆਂ 5:11-13.
16. ਬੇਕਾਬੂ ਜ਼ਬਾਨ ਰਾਹੀਂ ਕੀਤੇ ਜਾ ਸਕਣ ਵਾਲੇ ਨੁਕਸਾਨ ਨੂੰ ਧਿਆਨ ਵਿਚ ਰੱਖਦੇ ਹੋਏ, ਸਾਨੂੰ ਕੀ ਕਰਨਾ ਚਾਹੀਦਾ ਹੈ?
16 ਜਿਵੇਂ ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਤੋਂ ਸ਼ਾਇਦ ਜਾਣਦੇ ਹੀ ਹੋ, ਯਹੋਵਾਹ ਨੇ ਹੁਕਮ ਦਿੱਤਾ ਸੀ ਕਿ ਮਾਨਵ ਨੂੰ ਪਸ਼ੂ ਸ੍ਰਿਸ਼ਟੀ ਨੂੰ ਆਪਣੇ ਵਸ ਵਿਚ ਰੱਖਣਾ ਚਾਹੀਦਾ ਹੈ। (ਉਤਪਤ 1:28) ਅਤੇ ਹਰ ਕਿਸਮ ਦੇ ਜਾਨਵਰ ਵਸ ਵਿਚ ਕੀਤੇ ਗਏ ਹਨ। ਉਦਾਹਰਣ ਲਈ, ਸਿੱਖਿਅਤ ਬਾਜ਼ ਸ਼ਿਕਾਰ ਵਿਚ ਇਸਤੇਮਾਲ ਕੀਤੇ ਗਏ ਹਨ। ਯਾਕੂਬ ਦੁਆਰਾ ਜ਼ਿਕਰ ਕੀਤੇ ਗਏ ‘ਘਿੱਸਰਨ ਵਾਲਿਆਂ’ ਜੀਵਾਂ ਵਿਚ ਸਪੇਰਿਆਂ ਦੁਆਰਾ ਕਾਬੂ ਕੀਤੇ ਗਏ ਸੱਪ ਵੀ ਸ਼ਾਮਲ ਹੋ ਸਕਦੇ ਹਨ। (ਜ਼ਬੂਰ 58:4, 5) ਮਾਨਵ ਵ੍ਹੇਲ ਮੱਛੀਆਂ ਨੂੰ ਵੀ ਵਸ ਵਿਚ ਕਰ ਸਕਦੇ ਹਨ, ਪਰ ਪਾਪੀ ਮਨੁੱਖਾਂ ਦੇ ਤੌਰ ਤੇ ਅਸੀਂ ਪੂਰੀ ਤਰ੍ਹਾਂ ਜ਼ਬਾਨ ਨੂੰ ਵਸ ਵਿਚ ਨਹੀਂ ਕਰ ਸਕਦੇ। ਫਿਰ ਵੀ, ਸਾਨੂੰ ਅਪਮਾਨਜਨਕ, ਚੁਭਵੀਂਆਂ, ਜਾਂ ਤੁਹਮਤੀ ਟਿੱਪਣੀਆਂ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਕ ਬੇਕਾਬੂ ਜ਼ਬਾਨ ਮਾਰੂ ਜ਼ਹਿਰ ਨਾਲ ਭਰਿਆ ਹੋਇਆ ਖ਼ਤਰਨਾਕ ਹਥਿਆਰ ਸਾਬਤ ਹੋ ਸਕਦੀ ਹੈ। (ਰੋਮੀਆਂ 3:13) ਅਫ਼ਸੋਸ ਦੀ ਗੱਲ ਹੈ ਕਿ ਝੂਠੇ ਸਿੱਖਿਅਕਾਂ ਦੀਆਂ ਜ਼ਬਾਨਾਂ ਨੇ ਕੁਝ ਮੁਢਲੇ ਮਸੀਹੀਆਂ ਨੂੰ ਪਰਮੇਸ਼ੁਰ ਤੋਂ ਮੋੜ ਦਿੱਤਾ ਸੀ। ਇਸ ਲਈ ਆਓ ਅਸੀਂ ਆਪਣੇ ਆਪ ਨੂੰ ਮੌਖਿਕ ਜਾਂ ਲਿਖਤੀ ਜ਼ਹਿਰੀਲੇ ਧਰਮ-ਤਿਆਗੀ ਸ਼ਬਦਾਂ ਦੁਆਰਾ ਕਦੇ ਵੀ ਪ੍ਰਭਾਵਿਤ ਨਾ ਹੋਣ ਦੇਈਏ।—1 ਤਿਮੋਥਿਉਸ 1:18-20; 2 ਪਤਰਸ 2:1-3.
17, 18. ਯਾਕੂਬ 3:9-12 ਵਿਚ ਕਿਹੜੀ ਅਸੰਗਤੀ ਵੱਲ ਸੰਕੇਤ ਕੀਤਾ ਗਿਆ ਹੈ, ਅਤੇ ਇਸ ਦੇ ਸੰਬੰਧ ਵਿਚ ਸਾਨੂੰ ਕੀ ਕਰਨਾ ਚਾਹੀਦਾ ਹੈ?
17 ਪਰਮੇਸ਼ੁਰ ਵਿਚ ਨਿਹਚਾ ਅਤੇ ਉਸ ਨੂੰ ਪ੍ਰਸੰਨ ਕਰਨ ਦੀ ਇੱਛਾ ਸਾਨੂੰ ਧਰਮ-ਤਿਆਗ ਤੋਂ ਬਚਾ ਸਕਦੀਆਂ ਹਨ ਅਤੇ ਜ਼ਬਾਨ ਨੂੰ ਅਸੰਗਤੀ ਨਾਲ ਵਰਤਣ ਤੋਂ ਰੋਕ ਸਕਦੀਆਂ ਹਨ। ਕੁਝ ਵਿਅਕਤੀਆਂ ਦੀ ਅਸੰਗਤੀ ਵੱਲ ਸੰਕੇਤ ਕਰਦੇ ਹੋਏ, ਯਾਕੂਬ ਕਹਿੰਦਾ ਹੈ ਕਿ “[ਜੀਭ] ਨਾਲ ਅਸੀਂ ਪ੍ਰਭੁ ਅਤੇ ਪਿਤਾ ਨੂੰ ਮੁਬਾਰਕ ਆਖਦੇ ਹਾਂ ਅਤੇ ਓਸੇ ਨਾਲ ਮਨੁੱਖਾਂ ਨੂੰ ਜਿਹੜੇ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਹਨ ਫਿਟਕਾਰ ਦਿੰਦੇ ਹਾਂ।” (ਉਤਪਤ 1:26) ਯਹੋਵਾਹ ਸਾਡਾ ਪਿਤਾ ਹੈ ਕਿਉਂਕਿ ਉਹ “ਸਭਨਾਂ ਨੂੰ ਜੀਉਣ, ਸਵਾਸ ਅਤੇ ਸੱਭੋ ਕੁਝ ਦਿੰਦਾ ਹੈ।” (ਰਸੂਲਾਂ ਦੇ ਕਰਤੱਬ 17:24, 25) ਉਹ ਅਧਿਆਤਮਿਕ ਭਾਵ ਵਿਚ ਮਸਹ ਕੀਤੇ ਹੋਏ ਮਸੀਹੀਆਂ ਦਾ ਪਿਤਾ ਵੀ ਹੈ। ਅਸੀਂ ਸਾਰੇ ਜਣੇ ਮਾਨਸਿਕ ਅਤੇ ਨੈਤਿਕ ਗੁਣਾਂ ਦੇ ਸੰਬੰਧ ਵਿਚ “ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ” ਹਾਂ, ਜਿਨ੍ਹਾਂ ਵਿਚ ਪ੍ਰੇਮ, ਨਿਆਉਂ, ਅਤੇ ਬੁੱਧ ਵਰਗੇ ਗੁਣ ਸ਼ਾਮਲ ਹਨ, ਜੋ ਸਾਨੂੰ ਪਸ਼ੂਆਂ ਤੋਂ ਭਿੰਨ ਦਰਸਾਉਂਦੇ ਹਨ। ਤਾਂ ਫਿਰ, ਸਾਨੂੰ ਕਿਵੇਂ ਵਰਤਾਉ ਕਰਨਾ ਚਾਹੀਦਾ ਹੈ ਜੇਕਰ ਅਸੀਂ ਯਹੋਵਾਹ ਵਿਚ ਨਿਹਚਾ ਰੱਖਦੇ ਹਾਂ?
18 ਜੇਕਰ ਅਸੀਂ ਮਨੁੱਖਾਂ ਨੂੰ ਫਿਟਕਾਰਦੇ ਹਾਂ, ਤਾਂ ਇਸ ਦਾ ਇਹ ਮਤਲਬ ਹੋਵੇਗਾ ਕਿ ਅਸੀਂ ਉਨ੍ਹਾਂ ਨੂੰ ਸਰਾਪ ਦਿੰਦੇ ਹਾਂ। ਕਿਉਂਕਿ ਅਸੀਂ ਕਿਸੇ ਨੂੰ ਸਰਾਪ ਦੇਣ ਲਈ ਈਸ਼ਵਰੀ ਤੌਰ ਤੇ ਅਧਿਕ੍ਰਿਤ ਅਤੇ ਪ੍ਰੇਰਿਤ ਨਬੀ ਨਹੀਂ ਹਾਂ, ਅਜਿਹੀ ਬੋਲੀ ਨਫ਼ਰਤ ਦਾ ਸਬੂਤ ਹੋਵੇਗੀ ਜੋ ਪਰਮੇਸ਼ੁਰ ਪ੍ਰਤੀ ਸਾਡੀ ਉਪਾਸਨਾ ਨੂੰ ਵਿਅਰਥ ਬਣਾਵੇਗੀ। ਇੱਕੋ ਮੂੰਹ ਵਿੱਚੋਂ ਦੋਵੇਂ “ਬਰਕਤ ਅਤੇ ਫਿਟਕਾਰ” ਨਿਕਲਣੇ ਉਚਿਤ ਨਹੀਂ ਹਨ। (ਲੂਕਾ 6:27, 28; ਰੋਮੀਆਂ 12:14, 17-21; ਯਹੂਦਾਹ 9) ਸਭਾਵਾਂ ਵਿਚ ਪਰਮੇਸ਼ੁਰ ਦੀ ਉਸਤਤ ਦੇ ਗੀਤ ਗਾਉਣੇ ਅਤੇ ਬਾਅਦ ਵਿਚ ਸੰਗੀ ਵਿਸ਼ਵਾਸੀਆਂ ਬਾਰੇ ਬੁਰਾ ਬੋਲਣਾ ਕਿੰਨਾ ਵੱਡਾ ਪਾਪ ਹੋਵੇਗਾ! ਮਿੱਠਾ ਅਤੇ ਖਾਰਾ ਪਾਣੀ ਇੱਕੋ ਸੋਮੇ ਤੋਂ ਨਹੀਂ ਨਿਕਲ ਸਕਦਾ। ਜਿਵੇਂ ‘ਹਜੀਰ ਦੇ ਬੂਟੇ ਨੂੰ ਜ਼ੈਤੂਨ ਦਾ ਫਲ ਅਥਵਾ ਅੰਗੂਰੀ ਵੇਲ ਨੂੰ ਹਜੀਰ ਨਹੀਂ ਲੱਗ ਸਕਦੇ,’ ਖਾਰੇ ਪਾਣੀ ਦਾ ਸੋਮਾ ਮਿੱਠਾ ਪਾਣੀ ਨਹੀਂ ਦੇ ਸਕਦਾ। ਸਾਨੂੰ ਚੰਗਾ ਬੋਲਣਾ ਚਾਹੀਦਾ ਹੈ, ਪਰ ਜੇਕਰ ਅਸੀਂ ਲਗਾਤਾਰ ਦੁਖਦਾਈ ਸ਼ਬਦ ਕਹਿੰਦੇ ਹਾਂ, ਤਾਂ ਅਧਿਆਤਮਿਕ ਤੌਰ ਤੇ ਜ਼ਰੂਰ ਕੁਝ ਗੜਬੜ ਹੈ। ਜੇਕਰ ਅਸੀਂ ਇਸ ਆਦਤ ਵਿਚ ਪੈ ਚੁੱਕੇ ਹਾਂ, ਤਾਂ ਆਓ ਅਸੀਂ ਬੋਲਣ ਦੇ ਅਜਿਹੇ ਢੰਗ ਤੋਂ ਹਟਣ ਲਈ ਯਹੋਵਾਹ ਦੀ ਮਦਦ ਲਈ ਪ੍ਰਾਰਥਨਾ ਕਰੀਏ।—ਜ਼ਬੂਰ 39:1.
ਉੱਪਰੋਂ ਉੱਤਰੀ ਬੁੱਧ ਨਾਲ ਕਾਰਜ ਕਰੋ
19. ਜੇਕਰ ਅਸੀਂ ਸਵਰਗੀ ਬੁੱਧ ਦੁਆਰਾ ਮਾਰਗ-ਦਰਸ਼ਿਤ ਹੁੰਦੇ ਹਾਂ, ਤਾਂ ਅਸੀਂ ਦੂਸਰਿਆਂ ਉੱਤੇ ਕਿਸ ਤਰ੍ਹਾਂ ਦਾ ਅਸਰ ਪਾ ਸਕਦੇ ਹਾਂ?
19 ਨਿਹਚਾ ਰੱਖਣ ਵਾਲਿਆਂ ਦੇ ਯੋਗ ਗੱਲਾਂ ਕਹਿਣ ਅਤੇ ਕੰਮ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਬੁੱਧ ਚਾਹੀਦੀ ਹੈ। (ਯਾਕੂਬ 3:13-18) ਜੇਕਰ ਅਸੀਂ ਪਰਮੇਸ਼ੁਰ ਦਾ ਸ਼ਰਧਾਮਈ ਭੈ ਰੱਖਦੇ ਹਾਂ, ਤਾਂ ਉਹ ਸਾਨੂੰ ਸਵਰਗੀ ਬੁੱਧ, ਅਰਥਾਤ ਗਿਆਨ ਨੂੰ ਠੀਕ ਤਰ੍ਹਾਂ ਇਸਤੇਮਾਲ ਕਰਨ ਦੀ ਯੋਗਤਾ ਬਖ਼ਸ਼ਦਾ ਹੈ। (ਕਹਾਉਤਾਂ 9:10; ਇਬਰਾਨੀਆਂ 5:14) ਉਸ ਦਾ ਬਚਨ ਸਾਨੂੰ “ਬੁੱਧ ਦੀ ਨਰਮਾਈ” ਦਿਖਾਉਣੀ ਸਿਖਾਉਂਦਾ ਹੈ। ਅਤੇ ਕਿਉਂਕਿ ਅਸੀਂ ਨਿਮਰ ਹਾਂ, ਅਸੀਂ ਕਲੀਸਿਯਾ ਵਿਚ ਸ਼ਾਂਤੀ ਵਧਾਉਂਦੇ ਹਾਂ। (1 ਕੁਰਿੰਥੀਆਂ 8:1, 2) ਉਹ ਵਿਅਕਤੀ ਜੋ ਸ਼ੇਖ਼ੀ ਮਾਰਦੇ ਹਨ ਕਿ ਉਹ ਸੰਗੀ ਵਿਸ਼ਵਾਸੀਆਂ ਦੇ ਚੰਗੇ ਸਿੱਖਿਅਕ ਹਨ, ‘ਮਸੀਹੀ ਸਚਿਆਈ ਦੇ ਵਿਰੁੱਧ ਝੂਠ ਮਾਰਦੇ’ ਹਨ, ਜੋ ਉਨ੍ਹਾਂ ਦੇ ਘਮੰਡ ਨੂੰ ਨਿੰਦਦੀ ਹੈ। (ਗਲਾਤੀਆਂ 5:26) ਉਨ੍ਹਾਂ ਦੀ “ਬੁੱਧ” “ਸੰਸਾਰੀ” ਹੈ—ਪਰਮੇਸ਼ੁਰ ਤੋਂ ਅਲੱਗ ਹੋਏ ਪਾਪੀ ਮਨੁੱਖਾਂ ਦੀ ਵਿਸ਼ੇਸ਼ਤਾ। ਇਹ “ਪਾਸ਼ਵਿਕ” (ਨਿ ਵ) ਹੈ, ਕਿਉਂ ਜੋ ਇਹ ਸਰੀਰਕ ਝੁਕਾਵਾਂ ਦਾ ਫਲ ਹੈ। ਲੇਕਿਨ, ਇਹ ਪਾਸ਼ਵਿਕ ਹੀ ਨਹੀਂ, ਸਗੋਂ “ਸ਼ਤਾਨੀ” ਵੀ ਹੈ, ਕਿਉਂਕਿ ਦੁਸ਼ਟ ਆਤਮਾਵਾਂ ਹੰਕਾਰੀ ਹਨ! (1 ਤਿਮੋਥਿਉਸ 3:6) ਇਸ ਲਈ ਆਓ ਅਸੀਂ ਬੁੱਧ ਅਤੇ ਨਿਮਰਤਾ ਨਾਲ ਕਾਰਜ ਕਰੀਏ ਤਾਂਕਿ ਅਸੀਂ ਅਜਿਹਾ ਮਾਹੌਲ ਕਾਇਮ ਨਾ ਕਰੀਏ ਜਿੱਥੇ ਤੁਹਮਤ ਅਤੇ ਪੱਖਪਾਤ ਵਰਗੇ ‘ਮੰਦੇ ਕੰਮ’ ਵੱਧ ਸਕਦੇ ਹਨ।
20. ਤੁਸੀਂ ਸਵਰਗੀ ਬੁੱਧ ਨੂੰ ਕਿਵੇਂ ਵਰਣਿਤ ਕਰੋਗੇ?
20 “ਜਿਹੜੀ ਬੁੱਧ ਉੱਪਰੋਂ ਹੈ ਉਹ ਤਾਂ ਪਹਿਲਾਂ ਪਵਿੱਤਰ ਹੈ,” ਜੋ ਸਾਨੂੰ ਨੈਤਿਕ ਅਤੇ ਅਧਿਆਤਮਿਕ ਤੌਰ ਤੇ ਸ਼ੁੱਧ ਬਣਾਉਂਦੀ ਹੈ। (2 ਕੁਰਿੰਥੀਆਂ 7:11) ਇਹ “ਮਿਲਣਸਾਰ” ਹੈ, ਅਤੇ ਸਾਨੂੰ ਸ਼ਾਂਤੀ ਦਾ ਪਿੱਛਾ ਕਰਨ ਲਈ ਪ੍ਰੇਰਿਤ ਕਰਦੀ ਹੈ। (ਇਬਰਾਨੀਆਂ 12:14) ਸਵਰਗੀ ਬੁੱਧ ਸਾਨੂੰ “ਸ਼ੀਲ ਸੁਭਾਉ” ਬਣਾਉਂਦੀ ਹੈ, ਨਾ ਕਿ ਹਠਧਰਮੀ ਅਤੇ ਕੱਬੇ। (ਫ਼ਿਲਿੱਪੀਆਂ 4:5) ਉੱਪਰੋਂ ਉੱਤਰੀ ਬੁੱਧ “ਹਠ ਤੋਂ ਰਹਿਤ” ਹੈ, ਅਤੇ ਈਸ਼ਵਰੀ ਸਿੱਖਿਆ ਪ੍ਰਤੀ ਆਗਿਆਕਾਰਤਾ ਅਤੇ ਯਹੋਵਾਹ ਦੇ ਸੰਗਠਨ ਨਾਲ ਸਹਿਯੋਗ ਵਧਾਉਂਦੀ ਹੈ। (ਰੋਮੀਆਂ 6:17) ਉੱਪਰੋਂ ਉੱਤਰੀ ਬੁੱਧ ਸਾਨੂੰ ਕਿਰਪਾਲੂ ਅਤੇ ਦਇਆਵਾਨ ਬਣਾਉਂਦੀ ਹੈ। (ਯਹੂਦਾਹ 22, 23) “ਚੰਗਿਆਂ ਫਲਾਂ” ਨਾਲ ਭਰਪੂਰ, ਇਹ ਦੂਸਰਿਆਂ ਲਈ ਚਿੰਤਾ ਦਿਖਾਉਣ, ਨਾਲੇ ਭਲਾਈ, ਧਾਰਮਿਕਤਾ, ਅਤੇ ਸੱਚਾਈ ਦੇ ਅਨੁਸਾਰ ਕਾਰਜ ਕਰਨ ਲਈ ਪ੍ਰੇਰਿਤ ਕਰਦੀ ਹੈ। (ਅਫ਼ਸੀਆਂ 5:9) ਅਤੇ ਸ਼ਾਂਤੀ-ਸਥਾਪਕਾਂ ਵਜੋਂ, ਅਸੀਂ ‘ਧਰਮ ਦੇ ਫਲ’ ਦਾ ਆਨੰਦ ਮਾਣਦੇ ਹਾਂ ਜੋ ਸ਼ਾਂਤਮਈ ਹਾਲਤਾਂ ਦੇ ਅਧੀਨ ਵਧਦਾ-ਫੁੱਲਦਾ ਹੈ।
21. ਯਾਕੂਬ 2:1–3:18 ਦੇ ਅਨੁਸਾਰ, ਪਰਮੇਸ਼ੁਰ ਵਿਚ ਸਾਡੀ ਨਿਹਚਾ ਨੂੰ ਸਾਨੂੰ ਕਿਹੜੇ ਕਾਰਜ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ?
21 ਸਪੱਸ਼ਟ ਤੌਰ ਤੇ, ਫਿਰ, ਸਾਡੀ ਨਿਹਚਾ ਸਾਨੂੰ ਕਾਰਜ ਕਰਨ ਲਈ ਪ੍ਰੇਰਿਤ ਕਰਦੀ ਹੈ। ਇਹ ਸਾਨੂੰ ਨਿਰਪੱਖ, ਕਿਰਪਾਲੂ, ਅਤੇ ਚੰਗੇ ਕੰਮਾਂ ਵਿਚ ਸਰਗਰਮ ਬਣਾਉਂਦੀ ਹੈ। ਨਿਹਚਾ ਸਾਨੂੰ ਜ਼ਬਾਨ ਉੱਤੇ ਕਾਬੂ ਰੱਖਣ ਲਈ ਅਤੇ ਸਵਰਗੀ ਬੁੱਧ ਨਾਲ ਕਾਰਜ ਕਰਨ ਲਈ ਮਦਦ ਕਰਦੀ ਹੈ। ਪਰ ਅਸੀਂ ਇਸ ਪੱਤਰੀ ਤੋਂ ਕੇਵਲ ਇਹੋ ਹੀ ਨਹੀਂ ਸਿੱਖਦੇ ਹਾਂ। ਯਾਕੂਬ ਕੋਲ ਹੋਰ ਵੀ ਸਲਾਹ ਹੈ ਜੋ ਯਹੋਵਾਹ ਵਿਚ ਨਿਹਚਾ ਰੱਖਣ ਵਾਲਿਆਂ ਨੂੰ ਉਚਿਤ ਢੰਗ ਨਾਲ ਵਰਤਾਉ ਕਰਨ ਲਈ ਮਦਦ ਦੇ ਸਕਦੀ ਹੈ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ਪੱਖਪਾਤ ਕਰਨ ਵਿਚ ਕੀ ਗ਼ਲਤ ਹੈ?
◻ ਨਿਹਚਾ ਅਤੇ ਕੰਮ ਕਿਵੇਂ ਸੰਬੰਧਿਤ ਹਨ?
◻ ਜ਼ਬਾਨ ਉੱਤੇ ਕਾਬੂ ਰੱਖਣਾ ਇੰਨਾ ਮਹੱਤਵਪੂਰਣ ਕਿਉਂ ਹੈ?
◻ ਸਵਰਗੀ ਬੁੱਧ ਨੂੰ ਵਰਣਿਤ ਕਰੋ।