ਪਰਮੇਸ਼ੁਰ ਉੱਤੇ ਤੁਹਾਡਾ ਭਰੋਸਾ ਕਿੰਨਾ ਕੁ ਪੱਕਾ ਹੈ?
‘ਤੁਸੀਂ ਪਹਿਲਾਂ ਉਹ ਦੇ ਰਾਜ ਨੂੰ ਭਾਲੋ।’—ਮੱਤੀ 6:33.
1, 2. ਇਕ ਨੌਜਵਾਨ ਭਰਾ ਨੇ ਕਿਹੜਾ ਕਦਮ ਚੁੱਕਿਆ ਸੀ ਅਤੇ ਕਿਉਂ?
ਇਕ ਨੌਜਵਾਨ ਭਰਾ ਕਲੀਸਿਯਾ ਵਿਚ ਜ਼ਿਆਦਾ ਕੰਮ ਕਰਨਾ ਚਾਹੁੰਦਾ ਸੀ। ਪਰ ਉਸ ਦੀ ਨੌਕਰੀ ਕਰਕੇ ਉਸ ਲਈ ਬਾਕਾਇਦਾ ਸਭਾਵਾਂ ਵਿਚ ਆਉਣਾ ਔਖਾ ਸੀ। ਤਾਂ ਫਿਰ ਉਸ ਨੇ ਕੀ ਕੀਤਾ? ਆਪਣੀ ਜ਼ਿੰਦਗੀ ਨੂੰ ਸਾਦਾ ਬਣਾਉਣ ਲਈ ਪਹਿਲਾਂ ਉਸ ਨੇ ਆਪਣੀ ਨੌਕਰੀ ਤੋਂ ਅਸਤੀਫ਼ਾ ਦਿੱਤਾ, ਫਿਰ ਉਸ ਨੇ ਅਜਿਹੀ ਨੌਕਰੀ ਲੱਭੀ ਜਿਸ ਕਰਕੇ ਉਹ ਕਲੀਸਿਯਾ ਦੀਆਂ ਸਾਰੀਆਂ ਸਭਾਵਾਂ ਵਿਚ ਆ ਸਕਦਾ ਸੀ। ਭਾਵੇਂ ਉਹ ਹੁਣ ਪਹਿਲਾਂ ਨਾਲੋਂ ਘੱਟ ਕਮਾਉਂਦਾ ਹੈ, ਫਿਰ ਵੀ ਉਹ ਆਪਣੇ ਟੱਬਰ ਦੀਆਂ ਲੋੜਾਂ ਪੂਰੀਆਂ ਕਰਦਾ ਅਤੇ ਕਲੀਸਿਯਾ ਦੇ ਕੰਮਾਂ-ਕਾਰਾਂ ਲਈ ਜ਼ਿਆਦਾ ਸਮਾਂ ਕੱਢ ਪਾਉਂਦਾ ਹੈ।
2 ਤੁਹਾਡੇ ਖ਼ਿਆਲ ਵਿਚ ਕੀ ਇਸ ਨੌਜਵਾਨ ਨੇ ਸਹੀ ਕਦਮ ਚੁੱਕਿਆ? ਜੇ ਤੁਸੀਂ ਉਸ ਦੀ ਜਗ੍ਹਾ ਹੁੰਦੇ, ਤਾਂ ਕੀ ਤੁਸੀਂ ਵੀ ਇਹੋ ਕਰਦੇ? ਖ਼ੁਸ਼ੀ ਦੀ ਗੱਲ ਹੈ ਕਿ ਕਈ ਮਸੀਹੀਆਂ ਨੇ ਅਜਿਹਾ ਹੀ ਕੀਤਾ ਹੈ। ਇਸ ਤਰ੍ਹਾਂ ਉਹ ਯਿਸੂ ਦੇ ਇਸ ਵਾਅਦੇ ਤੇ ਆਪਣਾ ਭਰੋਸਾ ਜ਼ਾਹਰ ਕਰਦੇ ਹਨ: “ਤੁਸੀਂ ਪਹਿਲਾਂ [ਪਰਮੇਸ਼ੁਰ] ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।” (ਮੱਤੀ 6:33) ਜੀ ਹਾਂ, ਉਹ ਸੁਖੀ ਭਵਿੱਖ ਲਈ ਧਨ-ਦੌਲਤ ਉੱਤੇ ਨਹੀਂ, ਸਗੋਂ ਯਹੋਵਾਹ ਉੱਤੇ ਭਰੋਸਾ ਰੱਖਦੇ ਹਨ।—ਕਹਾਉਤਾਂ 3:23, 26.
3. ਕਈ ਲੋਕ ਕਿਉਂ ਕਹਿਣਗੇ ਕਿ ਪਰਮੇਸ਼ੁਰ ਦੇ ਰਾਜ ਨੂੰ ਪਹਿਲਾਂ ਭਾਲਣਾ ਬੁੱਧੀਮਤਾ ਦੀ ਗੱਲ ਨਹੀਂ?
3 ਅੱਜ ਅਸੀਂ ਮੁਸ਼ਕਲਾਂ ਭਰੇ ਸਮਿਆਂ ਵਿਚ ਜੀ ਰਹੇ ਹਾਂ। ਇਸ ਲਈ ਕਈ ਲੋਕ ਸ਼ਾਇਦ ਕਹਿਣਗੇ ਕਿ ਇਸ ਆਦਮੀ ਨੇ ਅਕਲਮੰਦੀ ਦਾ ਕੰਮ ਨਹੀਂ ਕੀਤਾ। ਇਕ ਪਾਸੇ ਲੋਕ ਘੋਰ ਗ਼ਰੀਬੀ ਵਿਚ ਧਸਦੇ ਜਾ ਰਹੇ ਹਨ ਅਤੇ ਦੂਜੇ ਪਾਸੇ ਅਮੀਰ ਲੋਕ ਹੋਰ ਅਮੀਰ ਹੋਈ ਜਾਂਦੇ ਹਨ। ਗ਼ਰੀਬ ਦੇਸ਼ਾਂ ਦੇ ਲੋਕ ਇਸ ਤਾਂਘ ਵਿਚ ਰਹਿੰਦੇ ਹਨ ਕਿ ਕਦੋਂ ਉਨ੍ਹਾਂ ਨੂੰ ਇਹੋ ਜਿਹਾ ਮੌਕਾ ਮਿਲੇ ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਸੁਧਰ ਜਾਵੇ। ਦੂਜੇ ਪਾਸੇ, ਅਮੀਰ ਦੇਸ਼ਾਂ ਦੇ ਲੋਕਾਂ ਲਈ ਵੀ ਆਪਣੀ ਐਸ਼ੋ-ਆਰਾਮ ਦੀ ਜ਼ਿੰਦਗੀ ਨੂੰ ਬਰਕਰਾਰ ਰੱਖਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਦੇਸ਼ ਦੀ ਆਰਥਿਕ ਸਥਿਤੀ ਵਿਚ ਉਥਲ-ਪੁਥਲ ਅਤੇ ਨੌਕਰੀਆਂ ਦੀ ਘਾਟ ਤੋਂ ਇਲਾਵਾ ਮਾਲਕ ਚਾਹੁੰਦੇ ਹਨ ਕਿ ਕਰਮਚਾਰੀ ਜ਼ਿਆਦਾ ਘੰਟੇ ਕੰਮ ਕਰਨ। ਰੋਜ਼ੀ-ਰੋਟੀ ਕਮਾਉਣ ਵਿਚ ਆਉਂਦੀਆਂ ਇਨ੍ਹਾਂ ਔਖਿਆਈਆਂ ਨੂੰ ਮਨ ਵਿਚ ਰੱਖਦੇ ਹੋਏ ਕੋਈ ਸ਼ਾਇਦ ਪੁੱਛੇ, ‘ਕੀ ਇਹ ਬੁੱਧੀਮਤਾ ਦੀ ਗੱਲ ਹੈ ਕਿ ਅਸੀਂ ਪਰਮੇਸ਼ੁਰ ਦੇ ਰਾਜ ਨੂੰ ਪਹਿਲਾਂ ਭਾਲੀਏ?’ ਇਸ ਸਵਾਲ ਦਾ ਜਵਾਬ ਜਾਣਨ ਲਈ ਧਿਆਨ ਦਿਓ ਕਿ ਯਿਸੂ ਨੇ ਕਿਨ੍ਹਾਂ ਨੂੰ ਇਹ ਸਲਾਹ ਦਿੱਤੀ ਸੀ।
“ਚਿੰਤਾ ਨਾ ਕਰੋ”
4, 5. ਯਿਸੂ ਨੇ ਕਿਵੇਂ ਸਮਝਾਇਆ ਸੀ ਕਿ ਪਰਮੇਸ਼ੁਰ ਦੇ ਸੇਵਕਾਂ ਨੂੰ ਰੋਟੀ-ਕੱਪੜੇ ਦੀ ਹੱਦੋਂ ਵੱਧ ਚਿੰਤਾ ਨਹੀਂ ਕਰਨੀ ਚਾਹੀਦੀ?
4 ਯਿਸੂ ਗਲੀਲ ਵਿਚ ਇਕ ਵੱਡੀ ਭੀੜ ਨਾਲ ਗੱਲ ਕਰ ਰਿਹਾ ਸੀ ਜੋ ਵੱਖੋ-ਵੱਖਰੀਆਂ ਥਾਵਾਂ ਤੋਂ ਆਈ ਹੋਈ ਸੀ। (ਮੱਤੀ 4:25) ਸ਼ਾਇਦ ਇਨ੍ਹਾਂ ਵਿਚ ਕੁਝ ਲੋਕ ਅਮੀਰ ਸਨ, ਪਰ ਜ਼ਿਆਦਾ ਗਿਣਤੀ ਗ਼ਰੀਬਾਂ ਦੀ ਸੀ। ਫਿਰ ਵੀ, ਯਿਸੂ ਨੇ ਉਨ੍ਹਾਂ ਨੂੰ ਧਨ-ਦੌਲਤ ਦੀ ਬਜਾਇ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇਣ ਦੀ ਸਲਾਹ ਦਿੱਤੀ। (ਮੱਤੀ 6:19-21, 24) ਉਸ ਨੇ ਕਿਹਾ: “ਆਪਣੇ ਪ੍ਰਾਣਾਂ ਦੇ ਲਈ ਚਿੰਤਾ ਨਾ ਕਰੋ ਭਈ ਅਸੀਂ ਕੀ ਖਾਵਾਂਗੇ ਯਾ ਕੀ ਪੀਵਾਂਗੇ ਅਤੇ ਨਾ ਆਪਣੇ ਸਰੀਰ ਦੇ ਲਈ ਜੋ ਕੀ ਪਹਿਨਾਂਗੇ? ਭਲਾ, ਪ੍ਰਾਣ ਭੋਜਨ ਨਾਲੋਂ ਅਤੇ ਸਰੀਰ ਬਸਤ੍ਰ ਨਾਲੋਂ ਵਧੀਕ ਨਹੀਂ?”—ਮੱਤੀ 6:25.
5 ਯਿਸੂ ਦੇ ਸੁਣਨ ਵਾਲਿਆਂ ਨੂੰ ਸ਼ਾਇਦ ਉਸ ਦੀਆਂ ਗੱਲਾਂ ਅਜੀਬ ਲੱਗੀਆਂ ਹੋਣ। ਉਨ੍ਹਾਂ ਨੇ ਸੋਚਿਆ ਹੋਵੇਗਾ ਕਿ ‘ਇਹ ਤਾਂ ਕੋਈ ਸਮਝਦਾਰੀ ਦੀ ਗੱਲ ਨਹੀਂ।’ ਜੇ ਉਹ ਸਖ਼ਤ ਮਿਹਨਤ ਨਾ ਕਰਦੇ, ਤਾਂ ਉਨ੍ਹਾਂ ਦੇ ਪਰਿਵਾਰ ਭੁੱਖੇ-ਪਿਆਸੇ ਹੀ ਮਰ ਜਾਂਦੇ। ਪਰ ਯਿਸੂ ਨੇ ਉਨ੍ਹਾਂ ਦਾ ਧਿਆਨ ਪੰਛੀਆਂ ਵੱਲ ਖਿੱਚਿਆ। ਪੰਛੀਆਂ ਨੂੰ ਅਗਲੇ ਦਿਨ ਦੀ ਚਿੰਤਾ ਨਹੀਂ ਹੁੰਦੀ। ਫਿਰ ਵੀ ਯਹੋਵਾਹ ਉਨ੍ਹਾਂ ਦੀ ਦੇਖ-ਭਾਲ ਕਰਦਾ ਹੈ। ਯਿਸੂ ਨੇ ਇਹ ਵੀ ਕਿਹਾ ਸੀ ਕਿ ਯਹੋਵਾਹ ਜੰਗਲੀ ਫੁੱਲਾਂ ਦੀ ਦੇਖ-ਭਾਲ ਕਰਦਾ ਹੈ ਜੋ ਰਾਜਾ ਸੁਲੇਮਾਨ ਦੇ ਕੱਪੜਿਆਂ ਨਾਲੋਂ ਕਿਤੇ ਜ਼ਿਆਦਾ ਸੁੰਦਰ ਸਨ। ਜੇ ਯਹੋਵਾਹ ਪੰਛੀਆਂ ਅਤੇ ਫੁੱਲਾਂ ਦਾ ਇੰਨਾ ਧਿਆਨ ਰੱਖਦਾ ਹੈ, ਤਾਂ ਕੀ ਉਹ ਸਾਡੀ ਦੇਖ-ਭਾਲ ਨਹੀਂ ਕਰੇਗਾ? (ਮੱਤੀ 6:26-30) ਯਿਸੂ ਨੇ ਕਿਹਾ ਸੀ ਕਿ ਸਾਡੀਆਂ ਜ਼ਿੰਦਗੀਆਂ ਰੋਟੀ-ਕੱਪੜੇ ਨਾਲੋਂ ਜ਼ਿਆਦਾ ਕੀਮਤੀ ਹਨ। ਜੇ ਅਸੀਂ ਸਿਰਫ਼ ਆਪਣੀਆਂ ਲੋੜਾਂ ਪੂਰੀਆਂ ਕਰਨ ਵਿਚ ਉਲਝੇ ਰਹੀਏ ਅਤੇ ਯਹੋਵਾਹ ਦੀ ਸੇਵਾ ਕਰਨ ਲਈ ਸਮਾਂ ਹੀ ਨਾ ਕੱਢੀਏ, ਤਾਂ ਅਸੀਂ ਜ਼ਿੰਦਗੀ ਦੇ ਅਸਲੀ ਮਕਸਦ ਨੂੰ ਨਹੀਂ ਸਮਝਿਆ।—ਉਪਦੇਸ਼ਕ ਦੀ ਪੋਥੀ 12:13.
ਸਮਝਦਾਰੀ ਵਰਤੋ
6. (ੳ) ਮਸੀਹੀਆਂ ਦੀ ਕੀ ਜ਼ਿੰਮੇਵਾਰੀ ਹੈ? (ਅ) ਮਸੀਹੀ ਕਿਸ ਉੱਤੇ ਪੱਕਾ ਭਰੋਸਾ ਰੱਖਦੇ ਹਨ?
6 ਯਿਸੂ ਲੋਕਾਂ ਨੂੰ ਇਹ ਨਹੀਂ ਕਹਿ ਰਿਹਾ ਸੀ ਕਿ ਉਹ ਹੱਥ ਤੇ ਹੱਥ ਧਰ ਕੇ ਬੈਠ ਜਾਣ ਤੇ ਰੱਬ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰੇਗਾ। ਜਿਸ ਤਰ੍ਹਾਂ ਪੰਛੀਆਂ ਨੂੰ ਵੀ ਆਪ ਖਾਣਾ ਲੱਭਣਾ ਪੈਂਦਾ ਹੈ, ਉਸੇ ਤਰ੍ਹਾਂ ਮਸੀਹੀਆਂ ਨੂੰ ਵੀ ਰੋਟੀ ਕਮਾਉਣ ਲਈ ਹੀਲਾ ਕਰਨਾ ਹੀ ਪੈਣਾ ਸੀ। ਉਨ੍ਹਾਂ ਨੂੰ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਸਨ। ਮਸੀਹੀ ਨੌਕਰਾਂ ਤੇ ਗ਼ੁਲਾਮਾਂ ਨੂੰ ਤਨ-ਮਨ ਲਾ ਕੇ ਆਪਣੇ ਮਾਲਕਾਂ ਲਈ ਕੰਮ ਕਰਨਾ ਚਾਹੀਦਾ ਸੀ। (2 ਥੱਸਲੁਨੀਕੀਆਂ 3:10-12; 1 ਤਿਮੋਥਿਉਸ 5:8; 1 ਪਤਰਸ 2:18) ਪੌਲੁਸ ਰਸੂਲ ਆਪਣਾ ਗੁਜ਼ਾਰਾ ਤੋਰਨ ਲਈ ਤੰਬੂ ਬਣਾਉਣ ਦਾ ਕੰਮ ਕਰਦਾ ਸੀ। (ਰਸੂਲਾਂ ਦੇ ਕਰਤੱਬ 18:1-4; 1 ਥੱਸਲੁਨੀਕੀਆਂ 2:9) ਫਿਰ ਵੀ ਉਨ੍ਹਾਂ ਮਸੀਹੀਆਂ ਨੇ ਆਪਣੀ ਧਨ-ਦੌਲਤ ਦੀ ਬਜਾਇ ਯਹੋਵਾਹ ਉੱਤੇ ਭਰੋਸਾ ਰੱਖਿਆ। ਨਤੀਜੇ ਵਜੋਂ ਉਹ ਦੂਜਿਆਂ ਨਾਲੋਂ ਸੁਖੀ ਤੇ ਸੰਤੁਸ਼ਟ ਸਨ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਜਿਹੜੇ ਯਹੋਵਾਹ ਉੱਤੇ ਭਰੋਸਾ ਰੱਖਦੇ ਹਨ, ਓਹ ਸੀਯੋਨ ਦੇ ਪਹਾੜ ਵਰਗੇ ਹਨ, ਜੋ ਨਹੀਂ ਡੋਲਦਾ ਸਗੋਂ ਸਦਾ ਲਈ ਅਟੱਲ ਰਹਿੰਦਾ!”—ਜ਼ਬੂਰਾਂ ਦੀ ਪੋਥੀ 125:1.
7. ਯਹੋਵਾਹ ਉੱਤੇ ਪੱਕਾ ਭਰੋਸਾ ਨਾ ਰੱਖਣ ਵਾਲੇ ਲੋਕ ਸ਼ਾਇਦ ਕੀ ਸੋਚਣ?
7 ਦੂਜੇ ਪਾਸੇ, ਜਿਹੜੇ ਲੋਕ ਯਹੋਵਾਹ ਉੱਤੇ ਪੱਕਾ ਭਰੋਸਾ ਨਹੀਂ ਰੱਖਦੇ ਉਨ੍ਹਾਂ ਲਈ ਪੈਸਾ ਹੀ ਸਭ ਕੁਝ ਹੈ। ਇਸ ਕਰਕੇ ਜ਼ਿਆਦਾਤਰ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਉੱਚ-ਵਿੱਦਿਆ ਹਾਸਲ ਕਰਨ ਲਈ ਹੱਲਾ-ਸ਼ੇਰੀ ਦਿੱਤੀ ਹੈ। ਉਹ ਸੋਚਦੇ ਹਨ ਕਿ ਇਸ ਤਰ੍ਹਾਂ ਕਰਨ ਨਾਲ ਬੱਚਿਆਂ ਨੂੰ ਚੰਗੀ ਨੌਕਰੀ ਮਿਲੇਗੀ ਜਿਸ ਸਦਕਾ ਉਹ ਢੇਰ ਸਾਰਾ ਪੈਸਾ ਕਮਾ ਸਕਣਗੇ। ਪਰ ਦੁੱਖ ਦੀ ਗੱਲ ਹੈ ਕਿ ਕਈ ਮਾਪਿਆਂ ਨੂੰ ਇਹ ਫ਼ੈਸਲਾ ਬਹੁਤ ਹੀ ਮਹਿੰਗਾ ਪਿਆ ਹੈ ਕਿਉਂਕਿ ਉਨ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ਵਿਚ ਪਰਮੇਸ਼ੁਰ ਲਈ ਕੋਈ ਜਗ੍ਹਾ ਨਹੀਂ ਰਹੀ। ਉਹ ਸਿਰਫ਼ ਧਨ-ਦੌਲਤ ਦੇ ਪਿੱਛੇ ਭੱਜਦੇ ਹਨ।
8. ਸਮਝਦਾਰ ਮਸੀਹੀ ਕੀ ਯਾਦ ਰੱਖਦੇ ਹਨ?
8 ਸਮਝਦਾਰ ਮਸੀਹੀ ਜਾਣਦੇ ਹਨ ਕਿ ਯਿਸੂ ਦੀ ਸਲਾਹ ਅੱਜ ਵੀ ਉੱਨੀ ਹੀ ਫ਼ਾਇਦੇਮੰਦ ਹੈ ਜਿੰਨੀ ਪਹਿਲੀ ਸਦੀ ਵਿਚ ਸੀ। ਭਾਵੇਂ ਉਨ੍ਹਾਂ ਨੂੰ ਆਪਣਾ ਗੁਜ਼ਾਰਾ ਤੋਰਨ ਲਈ ਕਈ-ਕਈ ਘੰਟੇ ਕੰਮ ਕਰਨਾ ਪਵੇ, ਫਿਰ ਵੀ ਪੈਸੇ ਕਮਾਉਣ ਦੇ ਚੱਕਰ ਵਿਚ ਉਹ ਪਰਮੇਸ਼ੁਰ ਨੂੰ ਨਹੀਂ ਭੁਲਾਉਂਦੇ।—ਉਪਦੇਸ਼ਕ ਦੀ ਪੋਥੀ 7:12.
ਚਿੰਤਾ ਨਾ ਕਰਨ ਬਾਰੇ ਹੋਰ ਸਲਾਹ
9. ਯਹੋਵਾਹ ਉੱਤੇ ਪੱਕਾ ਭਰੋਸਾ ਰੱਖਣ ਵਾਲਿਆਂ ਨੂੰ ਯਿਸੂ ਕੀ ਤਸੱਲੀ ਦਿੰਦਾ ਹੈ?
9 ਯਿਸੂ ਨੇ ਪਹਾੜੀ ਉਪਦੇਸ਼ ਵਿਚ ਆਪਣੇ ਚੇਲਿਆਂ ਨੂੰ ਸਲਾਹ ਦਿੱਤੀ: “ਤੁਸੀਂ ਚਿੰਤਾ ਕਰ ਕੇ ਇਹ ਨਾ ਕਹੋ ਭਈ ਕੀ ਖਾਵਾਂਗੇ? ਯਾ ਕੀ ਪੀਵਾਂਗੇ? ਯਾ ਕੀ ਪਹਿਨਾਂਗੇ? ਪਰਾਈਆਂ ਕੌਮਾਂ ਦੇ ਲੋਕ ਤਾਂ ਇਨ੍ਹਾਂ ਸਭਨਾਂ ਵਸਤਾਂ ਨੂੰ ਭਾਲਦੇ ਹਨ, ਕਿਉਂ ਜੋ ਤੁਹਾਡਾ ਸੁਰਗੀ ਪਿਤਾ ਜਾਣਦਾ ਹੈ ਜੋ ਤੁਹਾਨੂੰ ਇਨ੍ਹਾਂ ਸਭਨਾਂ ਵਸਤਾਂ ਦੀ ਲੋੜ ਹੈ।” (ਮੱਤੀ 6:31, 32) ਇਨ੍ਹਾਂ ਸ਼ਬਦਾਂ ਤੋਂ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ! ਜੇ ਅਸੀਂ ਯਹੋਵਾਹ ਉੱਤੇ ਪੱਕਾ ਭਰੋਸਾ ਰੱਖੀਏ, ਤਾਂ ਉਹ ਹਮੇਸ਼ਾ ਸਾਡੀ ਮਦਦ ਕਰੇਗਾ। ਯਿਸੂ ਦੇ ਸ਼ਬਦਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਜੇ ਅਸੀਂ ਸਿਰਫ਼ ਰੋਟੀ-ਕੱਪੜਾ ਹੀ “ਭਾਲਦੇ” ਰਹੀਏ, ਤਾਂ ਸਾਡੀ ਸੋਚਣੀ ‘ਪਰਾਈਆਂ ਕੌਮਾਂ ਦੇ ਲੋਕਾਂ’ ਵਰਗੀ ਹੋਵੇਗੀ ਜੋ ਸੱਚੇ ਪਰਮੇਸ਼ੁਰ ਦੀ ਭਗਤੀ ਨਹੀਂ ਕਰਦੇ।
10. ਯਿਸੂ ਤੇ ਨੌਜਵਾਨ ਦੀ ਗੱਲਬਾਤ ਤੋਂ ਕਿਵੇਂ ਜ਼ਾਹਰ ਹੋਇਆ ਕਿ ਨੌਜਵਾਨ ਦੇ ਦਿਲ ਵਿਚ ਕੀ ਸੀ?
10 ਇਕ ਵਾਰ ਇਕ ਅਮੀਰ ਨੌਜਵਾਨ ਨੇ ਯਿਸੂ ਕੋਲ ਆਣ ਕੇ ਪੁੱਛਿਆ ਕਿ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਉਸ ਨੂੰ ਕੀ ਕਰਨਾ ਚਾਹੀਦਾ ਹੈ। ਯਿਸੂ ਨੇ ਕਿਹਾ ਕਿ ਉਸ ਨੂੰ ਸ਼ਰਾ ਦੇ ਹੁਕਮ ਮੰਨਣੇ ਚਾਹੀਦੇ ਹਨ ਜੋ ਸ਼ਰਾ ਯਹੂਦੀਆਂ ਨੂੰ ਦਿੱਤੀ ਗਈ ਸੀ। ਇਸ ਨੌਜਵਾਨ ਨੇ ਕਿਹਾ: “ਮੈਂ ਤਾਂ ਇਨ੍ਹਾਂ ਸਭਨਾਂ ਨੂੰ ਮੰਨਿਆ ਹੈ। ਹੁਣ ਮੇਰੇ ਵਿੱਚ ਕੀ ਘਾਟਾ ਹੈ?” ਯਿਸੂ ਨੇ ਜਵਾਬ ਦਿੱਤਾ: “ਜੇ ਤੂੰ ਪੂਰਾ ਬਣਨਾ ਚਾਹੁੰਦਾ ਹੈਂ ਤਾਂ ਜਾਕੇ ਆਪਣਾ ਮਾਲ ਵੇਚ ਅਤੇ ਕੰਗਾਲਾਂ ਨੂੰ ਦੇ ਦਿਹ ਤਾਂ ਤੈਨੂੰ ਸੁਰਗ ਵਿੱਚ ਖ਼ਜ਼ਾਨਾ ਮਿਲੇਗਾ ਅਤੇ ਆ, ਮੇਰੇ ਮਗਰ ਹੋ ਤੁਰ।” (ਮੱਤੀ 19:16-21) ਕਈਆਂ ਨੂੰ ਯਿਸੂ ਦਾ ਜਵਾਬ ਸ਼ਾਇਦ ਅਜੀਬ ਲੱਗੇ। ਇਹ ਨੌਜਵਾਨ ਯਿਸੂ ਦਾ ਜਵਾਬ ਸੁਣ ਕੇ ਬੜਾ ਦੁਖੀ ਹੋਇਆ ਕਿਉਂਕਿ ਉਹ ਆਪਣੀ ਧਨ-ਦੌਲਤ ਛੱਡਣੀ ਨਹੀਂ ਚਾਹੁੰਦਾ ਸੀ। ਭਾਵੇਂ ਉਹ ਯਹੋਵਾਹ ਨੂੰ ਪਿਆਰ ਕਰਦਾ ਸੀ, ਪਰ ਉਸ ਨੂੰ ਆਪਣੀ ਧਨ-ਦੌਲਤ ਜ਼ਿਆਦਾ ਪਿਆਰੀ ਸੀ।
11, 12. (ੳ) ਯਿਸੂ ਨੇ ਧਨ ਬਾਰੇ ਕਿਹੜੀ ਚੇਤਾਵਨੀ ਦਿੱਤੀ ਸੀ? (ਅ) ਦੌਲਤ ਇਕ ਇਨਸਾਨ ਲਈ ਯਹੋਵਾਹ ਦੀ ਭਗਤੀ ਵਿਚ ਅੜਚਣ ਕਿਵੇਂ ਬਣ ਸਕਦੀ ਹੈ?
11 ਇਸ ਗੱਲਬਾਤ ਤੋਂ ਬਾਅਦ ਯਿਸੂ ਨੇ ਇਕ ਹੈਰਾਨੀ ਵਾਲੀ ਗੱਲ ਕਹੀ: “ਧਨੀ ਦਾ ਸੁਰਗ ਦੇ ਰਾਜ ਵਿੱਚ ਵੜਨਾ ਔਖਾ ਹੈ। . . . ਸੂਈ ਦੇ ਨੱਕੇ ਦੇ ਵਿੱਚ ਦੀ ਊਠ ਦਾ ਲੰਘਣਾ ਏਸ ਨਾਲੋਂ ਸੁਖਾਲਾ ਹੈ ਜੋ ਧਨੀ ਮਨੁੱਖ ਪਰਮੇਸ਼ੁਰ ਦੇ ਰਾਜ ਵਿੱਚ ਵੜੇ।” (ਮੱਤੀ 19:23, 24) ਕੀ ਯਿਸੂ ਇਹ ਕਹਿ ਰਿਹਾ ਸੀ ਕਿ ਕੋਈ ਵੀ ਅਮੀਰ ਬੰਦਾ ਪਰਮੇਸ਼ੁਰ ਦੇ ਰਾਜ ਵਿਚ ਨਹੀਂ ਵੜ ਸਕਦਾ? ਨਹੀਂ, ਕਿਉਂਕਿ ਉਸ ਨੇ ਅੱਗੇ ਕਿਹਾ: “ਪਰਮੇਸ਼ੁਰ ਤੋਂ ਸੱਭੋ ਕੁਝ ਹੋ ਸੱਕਦਾ ਹੈ।” (ਮੱਤੀ 19:25, 26) ਅਸਲ ਵਿਚ ਯਹੋਵਾਹ ਦੀ ਮਦਦ ਨਾਲ ਪਹਿਲੀ ਸਦੀ ਵਿਚ ਕਈ ਅਮੀਰ ਲੋਕ ਯਿਸੂ ਦੇ ਚੇਲੇ ਬਣੇ। (1 ਤਿਮੋਥਿਉਸ 6:17) ਫਿਰ ਵੀ, ਯਿਸੂ ਨੇ ਇਹ ਸ਼ਬਦ ਕਿਸੇ ਚੰਗੇ ਕਾਰਨ ਕਰਕੇ ਕਹੇ ਸਨ। ਦਰਅਸਲ ਉਹ ਚੇਤਾਵਨੀ ਦੇ ਰਿਹਾ ਸੀ।
12 ਜੇ ਕੋਈ ਉਸ ਧਨੀ ਨੌਜਵਾਨ ਵਾਂਗ ਆਪਣੀ ਧਨ-ਦੌਲਤ ਨੂੰ ਹੱਦੋਂ ਵੱਧ ਪਿਆਰ ਕਰੇ, ਤਾਂ ਉਸ ਲਈ ਆਪਣੇ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨੀ ਮੁਸ਼ਕਲ ਹੋਵੇਗੀ। ਇਹ ਗੱਲ ਅਮੀਰ ਲੋਕਾਂ ਬਾਰੇ ਅਤੇ ਜੋ ‘ਧਨਵਾਨ ਬਣਨਾ ਚਾਹੁੰਦੇ ਹਨ’ ਉਨ੍ਹਾਂ ਬਾਰੇ ਵੀ ਕਹੀ ਜਾ ਸਕਦੀ ਹੈ। (1 ਤਿਮੋਥਿਉਸ 6:9, 10) ਧਨ-ਦੌਲਤ ਉੱਤੇ ਜ਼ਿਆਦਾ ਭਰੋਸਾ ਰੱਖਣ ਵਾਲਾ “ਆਪਣੀ ਆਤਮਕ ਲੋੜ” ਨੂੰ ਚੰਗੀ ਤਰ੍ਹਾਂ ਨਹੀਂ ਪਛਾਣੇਗਾ। (ਮੱਤੀ 5:3, ਪਵਿੱਤਰ ਬਾਈਬਲ ਨਵਾਂ ਅਨੁਵਾਦ) ਨਤੀਜੇ ਵਜੋਂ ਉਸ ਨੂੰ ਸ਼ਾਇਦ ਲੱਗੇ ਕਿ ਉਸ ਨੂੰ ਯਹੋਵਾਹ ਦੀ ਮਦਦ ਦੀ ਇੰਨੀ ਲੋੜ ਨਹੀਂ। (ਬਿਵਸਥਾ ਸਾਰ 6:10-12) ਉਹ ਸ਼ਾਇਦ ਸੋਚੇ ਕਿ ਕਲੀਸਿਯਾ ਦੇ ਭੈਣਾਂ-ਭਰਾਵਾਂ ਨੂੰ ਉਸ ਨੂੰ ਹੋਰਨਾਂ ਨਾਲੋਂ ਜ਼ਿਆਦਾ ਅਹਿਮੀਅਤ ਦੇਣੀ ਚਾਹੀਦੀ ਹੈ। (ਯਾਕੂਬ 2:1-4) ਐਸ਼ੋ-ਆਰਾਮ ਦੀ ਜ਼ਿੰਦਗੀ ਜੀਣ ਕਰਕੇ ਉਹ ਸ਼ਾਇਦ ਯਹੋਵਾਹ ਦੀ ਸੇਵਾ ਲਈ ਸਮਾਂ ਨਾ ਕੱਢ ਪਾਵੇ।
ਸਹੀ ਨਜ਼ਰੀਆ ਰੱਖੋ
13. ਲਾਉਦਿਕੀਆ ਦੀ ਕਲੀਸਿਯਾ ਧਨ ਬਾਰੇ ਕਿਹੜਾ ਗ਼ਲਤ ਨਜ਼ਰੀਆ ਰੱਖਦੀ ਸੀ?
13 ਪਹਿਲੀ ਸਦੀ ਵਿਚ ਲਾਉਦਿਕੀਆ ਦੀ ਕਲੀਸਿਯਾ ਧਨ-ਦੌਲਤ ਬਾਰੇ ਗ਼ਲਤ ਨਜ਼ਰੀਆ ਰੱਖਦੀ ਸੀ। ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੂੰ ਜੋ ਆਖਦਾ ਹੈਂ ਭਈ ਮੈਂ ਧਨਵਾਨ ਹਾਂ ਅਤੇ ਮੈਂ ਮਾਯਾ ਜੋੜੀ ਹੈ ਅਤੇ ਮੈਨੂੰ ਕਾਸੇ ਦੀ ਲੋੜ ਨਹੀਂ ਅਤੇ ਨਹੀਂ ਜਾਣਦਾ ਹੈਂ ਜੋ ਤੂੰ ਦੁਖੀ, ਮੰਦਭਾਗੀ, ਕੰਗਾਲ, ਅੰਨ੍ਹਾਂ ਅਤੇ ਨੰਗਾ ਹੈਂ।” ਉਨ੍ਹਾਂ ਦੀ ਇਹ ਤਰਸਯੋਗ ਹਾਲਤ ਧਨ-ਦੌਲਤ ਕਰਕੇ ਨਹੀਂ ਸੀ। ਗੱਲ ਇਹ ਸੀ ਕਿ ਉਨ੍ਹਾਂ ਨੇ ਯਹੋਵਾਹ ਦੀ ਬਜਾਇ ਆਪਣੇ ਧਨ ਉੱਤੇ ਭਰੋਸਾ ਰੱਖਿਆ ਸੀ। ਨਤੀਜੇ ਵਜੋਂ ਉਹ ਪਰਮੇਸ਼ੁਰ ਦੇ ਕੰਮਾਂ ਵਿਚ ਜੋਸ਼ੀਲੇ ਨਹੀਂ ਸਨ ਜਿਸ ਕਰਕੇ ਯਿਸੂ ਉਨ੍ਹਾਂ ਨੂੰ ਆਪਣੇ ਮੂੰਹ ਵਿੱਚੋਂ ਉਗਲ ਦੇਣ ਵਾਲਾ ਸੀ।—ਪਰਕਾਸ਼ ਦੀ ਪੋਥੀ 3:14-17.
14. ਪੌਲੁਸ ਨੇ ਇਬਰਾਨੀ ਮਸੀਹੀਆਂ ਦੀ ਤਾਰੀਫ਼ ਕਿਉਂ ਕੀਤੀ ਸੀ?
14 ਦੂਜੇ ਪਾਸੇ, ਪੌਲੁਸ ਨੇ ਇਬਰਾਨੀ ਮਸੀਹੀਆਂ ਦੀ ਤਾਰੀਫ਼ ਕੀਤੀ ਜਿਨ੍ਹਾਂ ਨੇ ਜ਼ੁਲਮ ਸਹਿੰਦੇ ਹੋਏ ਵੀ ਸਹੀ ਨਜ਼ਰੀਆ ਰੱਖਿਆ। ਉਸ ਨੇ ਕਿਹਾ: “ਤੁਸੀਂ ਕੈਦੀਆਂ ਦੇ ਦਰਦੀ ਹੋਏ, ਨਾਲੇ ਆਪਣੇ ਧਨ ਦੇ ਲੁੱਟ ਜਾਣ ਨੂੰ ਅਨੰਦ ਨਾਲ ਮੰਨ ਲਿਆ ਇਹ ਜਾਣ ਕੇ ਭਈ ਸਾਡਾ ਇੱਕ ਧਨ ਇਸ ਨਾਲੋਂ ਉੱਤਮ ਅਤੇ ਅਟੱਲ ਹੈ।” (ਇਬਰਾਨੀਆਂ 10:34) ਉਹ ਮਸੀਹੀ ਆਪਣਾ ਧਨ ਗੁਆ ਕੇ ਦੁਖੀ ਨਹੀਂ ਹੋਏ। ਕਿਉਂ? ਕਿਉਂਕਿ ਉਨ੍ਹਾਂ ਨੇ ਆਪਣੇ “ਉੱਤਮ ਅਤੇ ਅਟੱਲ” ਧਨ ਨੂੰ ਨਹੀਂ ਗੁਆਇਆ। ਯਿਸੂ ਨੇ ਇਕ ਵਪਾਰੀ ਦੀ ਕਹਾਣੀ ਦੱਸੀ ਸੀ ਜੋ ਇਕ ਅਨਮੋਲ ਮੋਤੀ ਦੀ ਖ਼ਾਤਰ ਆਪਣੀ ਸਾਰੀ ਦੌਲਤ ਵੇਚਣ ਲਈ ਤਿਆਰ ਸੀ। ਉਸ ਵਪਾਰੀ ਵਾਂਗ ਇਹ ਮਸੀਹੀ ਵੀ ਪਰਮੇਸ਼ੁਰ ਦੇ ਰਾਜ ਦੀ ਖ਼ਾਤਰ ਆਪਣਾ ਸਭ ਕੁਝ ਵਾਰਨ ਲਈ ਤਿਆਰ ਸਨ। (ਮੱਤੀ 13:45, 46) ਵਾਹ, ਕਿੰਨਾ ਵਧੀਆ ਰਵੱਈਆ!
15. ਲਾਈਬੀਰੀਆ ਦੀ ਇਕ ਭੈਣ ਨੇ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਕਿਵੇਂ ਦਿੱਤੀ?
15 ਅੱਜ ਵੀ ਕਈ ਮਸੀਹੀ ਅਜਿਹਾ ਵਧੀਆ ਰਵੱਈਆ ਰੱਖਦੇ ਹਨ। ਮਿਸਾਲ ਲਈ, ਲਾਈਬੀਰੀਆ ਵਿਚ ਇਕ ਮਸੀਹੀ ਭੈਣ ਨੂੰ ਯੂਨੀਵਰਸਿਟੀ ਵਿਚ ਪੜ੍ਹਨ ਦਾ ਮੌਕਾ ਮਿਲਿਆ। ਉਸ ਦੇਸ਼ ਵਿਚ ਅਜਿਹਾ ਸੁਨਹਿਰਾ ਮੌਕਾ ਹੱਥੋਂ ਗੁਆਉਣਾ ਬੇਵਕੂਫ਼ੀ ਸਮਝੀ ਜਾਂਦੀ ਹੈ। ਪਰ ਉਹ ਪੂਰੇ ਸਮੇਂ ਦੀ ਸੇਵਕਾਈ ਕਰਦੀ ਸੀ ਅਤੇ ਉਸ ਨੂੰ ਥੋੜ੍ਹੇ ਸਮੇਂ ਲਈ ਵਿਸ਼ੇਸ਼ ਪਾਇਨੀਅਰੀ ਕਰਨ ਦਾ ਸੱਦਾ ਦਿੱਤਾ ਗਿਆ ਸੀ। ਉੱਚ-ਵਿੱਦਿਆ ਹਾਸਲ ਕਰਨ ਦੀ ਬਜਾਇ ਉਸ ਨੇ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦਿੱਤੀ ਅਤੇ ਪਾਇਨੀਅਰੀ ਕਰਦੀ ਰਹੀ। ਤਿੰਨ ਮਹੀਨਿਆਂ ਦੀ ਵਿਸ਼ੇਸ਼ ਪਾਇਨੀਅਰੀ ਦੌਰਾਨ ਉਸ ਨੇ 21 ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ। ਇਸ ਨੌਜਵਾਨ ਭੈਣ ਵਾਂਗ ਹਜ਼ਾਰਾਂ ਹੋਰਨਾਂ ਨੇ ਧਨ ਨਾਲੋਂ ਪਰਮੇਸ਼ੁਰ ਦੇ ਰਾਜ ਨੂੰ ਪਹਿਲਾਂ ਭਾਲਿਆ ਹੈ। ਪਰ ਅੱਜ ਦੀ ਦੁਨੀਆਂ ਵਿਚ ਉਹ ਇਸ ਤਰ੍ਹਾਂ ਕਿਵੇਂ ਕਰ ਸਕੇ ਹਨ? ਉਨ੍ਹਾਂ ਨੇ ਕਈ ਚੰਗੇ ਗੁਣ ਪੈਦਾ ਕੀਤੇ ਹਨ। ਆਓ ਆਪਾਂ ਇਨ੍ਹਾਂ ਕੁਝ ਗੁਣਾਂ ਉੱਤੇ ਗੌਰ ਕਰੀਏ।
16, 17. (ੳ) ਯਹੋਵਾਹ ਉੱਤੇ ਭਰੋਸਾ ਰੱਖਣ ਲਈ ਨਿਮਰਤਾ ਜ਼ਰੂਰੀ ਕਿਉਂ ਹੈ? (ਅ) ਸਾਨੂੰ ਯਹੋਵਾਹ ਦੇ ਵਾਅਦਿਆਂ ਉੱਤੇ ਪੱਕਾ ਯਕੀਨ ਕਿਉਂ ਹੋਣਾ ਚਾਹੀਦਾ ਹੈ?
16 ਨਿਮਰਤਾ। ਬਾਈਬਲ ਕਹਿੰਦੀ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ। ਤੂੰ ਆਪਣੀ ਨਿਗਾਹ ਵਿੱਚ ਬੁੱਧਵਾਨ ਨਾ ਹੋ।” (ਕਹਾਉਤਾਂ 3:5-7) ਕਈ ਵਾਰ ਦੁਨਿਆਵੀ ਨਜ਼ਰੀਏ ਤੋਂ ਕੋਈ ਰਾਹ ਸ਼ਾਇਦ ਠੀਕ ਲੱਗੇ। (ਯਿਰਮਿਯਾਹ 17:9) ਪਰ ਸੱਚੇ ਮਸੀਹੀ ਯਹੋਵਾਹ ਦੀ ਅਗਵਾਈ ਲੈਂਦੇ ਹਨ। (ਜ਼ਬੂਰਾਂ ਦੀ ਪੋਥੀ 48:14) ਕਲੀਸਿਯਾ ਦੇ ਮਾਮਲਿਆਂ ਸੰਬੰਧੀ, ਪੜ੍ਹਾਈ-ਲਿਖਾਈ ਜਾਂ ਨੌਕਰੀ ਬਾਰੇ ਫ਼ੈਸਲਾ ਕਰਦੇ ਹੋਏ, ਮਨੋਰੰਜਨ ਸੰਬੰਧੀ ਜਾਂ ਹੋਰ ਕਿਸੇ ਵੀ ਗੱਲ ਵਿਚ ਉਹ ਨਿਮਰਤਾ ਨਾਲ “ਆਪਣੇ ਸਾਰਿਆਂ ਰਾਹਾਂ ਵਿੱਚ” ਯਹੋਵਾਹ ਦੀ ਸਲਾਹ ਲੈਂਦੇ ਹਨ।—ਜ਼ਬੂਰਾਂ ਦੀ ਪੋਥੀ 73:24.
17 ਯਹੋਵਾਹ ਦੇ ਵਾਅਦਿਆਂ ਉੱਤੇ ਪੱਕਾ ਯਕੀਨ। ਪੌਲੁਸ ਰਸੂਲ ਨੇ ਕਿਹਾ: “ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।” (ਇਬਰਾਨੀਆਂ 11:6) ਜੇ ਸਾਨੂੰ ਪੱਕਾ ਵਿਸ਼ਵਾਸ ਨਹੀਂ ਕਿ ਯਹੋਵਾਹ ਆਪਣੇ ਵਾਅਦੇ ਪੂਰੇ ਕਰੇਗਾ, ਤਾਂ ਅਸੀਂ ਸ਼ਾਇਦ ਇਸ ਦੁਨੀਆਂ ਨੂੰ ‘ਹੱਦੋਂ ਵਧਕੇ ਵਰਤਣ’ ਦੀ ਕੋਸ਼ਿਸ਼ ਕਰੀਏ। (1 ਕੁਰਿੰਥੀਆਂ 7:31) ਦੂਜੇ ਪਾਸੇ, ਜੇ ਸਾਨੂੰ ਯਹੋਵਾਹ ਦੇ ਬਚਨਾਂ ਉੱਤੇ ਪੱਕਾ ਯਕੀਨ ਹੈ, ਤਾਂ ਅਸੀਂ ਉਸ ਦੇ ਰਾਜ ਨੂੰ ਪਹਿਲਾਂ ਭਾਲਾਂਗੇ। ਅਸੀਂ ਆਪਣਾ ਯਕੀਨ ਪੱਕਾ ਕਿਵੇਂ ਕਰ ਸਕਦੇ ਹਾਂ? ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰ ਕੇ ਅਤੇ ਬਾਕਾਇਦਾ ਉਸ ਦਾ ਬਚਨ ਪੜ੍ਹ ਕੇ ਸਾਨੂੰ ਉਸ ਦੇ ਨੇੜੇ ਜਾਣਾ ਚਾਹੀਦਾ ਹੈ। (ਜ਼ਬੂਰਾਂ ਦੀ ਪੋਥੀ 1:1-3; ਫ਼ਿਲਿੱਪੀਆਂ 4:6, 7; ਯਾਕੂਬ 4:8) ਅਸੀਂ ਰਾਜਾ ਦਾਊਦ ਵਾਂਗ ਪ੍ਰਾਰਥਨਾ ਕਰ ਸਕਦੇ ਹਾਂ: “ਹੇ ਯਹੋਵਾਹ, ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ, ਮੈਂ ਆਖਿਆ ਕਿ ਤੂੰ ਹੀ ਮੇਰਾ ਪਰਮੇਸ਼ੁਰ ਹੈਂ। ਕੇਡੀ ਵੱਡੀ ਹੈ ਤੇਰੀ ਭਲਿਆਈ!”—ਜ਼ਬੂਰਾਂ ਦੀ ਪੋਥੀ 31:14, 19.
18, 19. (ੳ) ਤਨ-ਮਨ ਲਾ ਕੇ ਯਹੋਵਾਹ ਦੀ ਸੇਵਾ ਕਰਨ ਨਾਲ ਉਸ ਉੱਤੇ ਸਾਡਾ ਭਰੋਸਾ ਹੋਰ ਵੀ ਪੱਕਾ ਕਿਵੇਂ ਹੁੰਦਾ ਹੈ? (ਅ) ਮਸੀਹੀਆਂ ਨੂੰ ਕੁਰਬਾਨੀਆਂ ਕਰਨ ਲਈ ਤਿਆਰ ਕਿਉਂ ਰਹਿਣਾ ਚਾਹੀਦਾ ਹੈ?
18 ਤਨ-ਮਨ ਲਾ ਕੇ ਯਹੋਵਾਹ ਦੀ ਸੇਵਾ ਕਰਨੀ। ਜੇ ਅਸੀਂ ਯਹੋਵਾਹ ਦੇ ਵਾਅਦਿਆਂ ਉੱਤੇ ਪੱਕਾ ਯਕੀਨ ਰੱਖਾਂਗੇ, ਤਾਂ ਅਸੀਂ ਉਸ ਦੀ ਸੇਵਾ ਤਨ-ਮਨ ਲਾ ਕੇ ਕਰਾਂਗੇ। ਇਸ ਬਾਰੇ ਪੌਲੁਸ ਨੇ ਲਿਖਿਆ: “ਸਾਡੀ ਇਹ ਦਿਲੀ ਤਮੰਨਾ ਹੈ ਕਿ ਤੁਹਾਡੇ ਵਿੱਚੋਂ ਹਰ ਕੋਈ ਇਸੇ ਤਰ੍ਹਾਂ ਉਤਸਾਹ ਨਾਲ ਕੰਮ ਕਰਦਾ ਰਹੇ, ਜਦੋਂ ਤਕ ਕਿ ਤੁਹਾਡੀ ਉਮੀਦ ਪੂਰਨ ਰੂਪ ਵਿਚ ਆਪਣੀ ਅੰਤਮ ਸੀਮਾ ਤਕ ਨਾ ਪਹੰਚ ਜਾਵੇ।” (ਇਬਰਾਨੀਆਂ 6:11, ਨਵਾਂ ਅਨੁਵਾਦ) ਜੇ ਅਸੀਂ ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹੀਏ, ਤਾਂ ਉਹ ਸਾਡੀ ਮਦਦ ਕਰੇਗਾ। ਜਦ ਅਸੀਂ ਦੇਖਦੇ ਹਾਂ ਕਿ ਯਹੋਵਾਹ ਸਾਡੀ ਮਦਦ ਕਰਦਾ ਹੈ, ਤਾਂ ਉਸ ਉੱਤੇ ਸਾਡਾ ਭਰੋਸਾ ਹੋਰ ਵੀ ਪੱਕਾ ਹੁੰਦਾ ਹੈ ਤੇ ਅਸੀਂ “ਇਸਥਿਰ ਅਤੇ ਅਡੋਲ” ਬਣਦੇ ਹਾਂ। (1 ਕੁਰਿੰਥੀਆਂ 15:58) ਸਾਡੀ ਨਿਹਚਾ ਵਧੇਗੀ ਤੇ ਸਾਡੀ ਉਮੀਦ ਪੱਕੀ ਹੋਵੇਗੀ।—ਅਫ਼ਸੀਆਂ 3:16-19.
19 ਕੁਰਬਾਨੀਆਂ ਕਰਨ ਲਈ ਤਿਆਰ। ਪੌਲੁਸ ਨੇ ਯਿਸੂ ਦਾ ਚੇਲਾ ਬਣਨ ਲਈ ਸ਼ਾਨੋ-ਸ਼ੌਕਤ ਵਾਲੀ ਜ਼ਿੰਦਗੀ ਤਿਆਗ ਦਿੱਤੀ ਸੀ। ਉਸ ਦਾ ਇਹ ਫ਼ੈਸਲਾ ਸਹੀ ਸੀ ਭਾਵੇਂ ਉਸ ਨੂੰ ਕਦੀ-ਕਦੀ ਤੰਗੀਆਂ ਕੱਟਣੀਆਂ ਪਈਆਂ। (1 ਕੁਰਿੰਥੀਆਂ 4:11-13) ਯਹੋਵਾਹ ਸਾਨੂੰ ਐਸ਼ੋ-ਆਰਾਮ ਦੀ ਜ਼ਿੰਦਗੀ ਦੇਣ ਦਾ ਵਾਅਦਾ ਨਹੀਂ ਕਰਦਾ ਅਤੇ ਕਦੀ-ਕਦਾਈਂ ਉਸ ਦੇ ਸੇਵਕਾਂ ਨੂੰ ਮੁਸ਼ਕਲਾਂ ਸਹਿਣੀਆਂ ਪੈਂਦੀਆਂ ਹਨ। ਜਦ ਅਸੀਂ ਸਾਦੀ ਜ਼ਿੰਦਗੀ ਜੀਉਂਦੇ ਹਾਂ ਅਤੇ ਕੁਰਬਾਨੀਆਂ ਕਰਨ ਲਈ ਤਿਆਰ ਰਹਿੰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਯਹੋਵਾਹ ਦੀ ਸੇਵਾ ਕਰਨ ਦਾ ਸਾਡਾ ਇਰਾਦਾ ਪੱਕਾ ਹੈ।—1 ਤਿਮੋਥਿਉਸ 6:6-8.
20. ਪਰਮੇਸ਼ੁਰ ਦੇ ਰਾਜ ਨੂੰ ਪਹਿਲਾਂ ਭਾਲਣ ਵਾਲਿਆਂ ਲਈ ਧੀਰਜ ਰੱਖਣਾ ਕਿਉਂ ਜ਼ਰੂਰੀ ਹੈ?
20 ਧੀਰਜ। ਯਾਕੂਬ ਨੇ ਮਸੀਹੀਆਂ ਨੂੰ ਤਾਕੀਦ ਕੀਤੀ: “ਹੇ ਭਰਾਵੋ, ਪ੍ਰਭੁ ਦੇ ਆਉਣ ਤੀਕ ਧੀਰਜ ਕਰੋ।” (ਯਾਕੂਬ 5:7) ਇਸ ਤੇਜ਼ ਰਫ਼ਤਾਰ ਨਾਲ ਦੌੜ ਰਹੀ ਦੁਨੀਆਂ ਵਿਚ ਰਹਿੰਦਿਆਂ ਧੀਰਜ ਰੱਖਣਾ ਬਹੁਤ ਹੀ ਔਖਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਆਸਾਂ-ਉਮੀਦਾਂ ਅੱਜ ਹੀ ਪੂਰੀਆਂ ਹੋ ਜਾਣ। ਪਰ ਪੌਲੁਸ ਨੇ ਸਾਨੂੰ ਉਨ੍ਹਾਂ ਦੀ ਰੀਸ ਕਰਨ ਲਈ ਕਿਹਾ ਜਿਹੜੇ ‘ਨਿਹਚਾ ਅਤੇ ਧੀਰਜ ਦੇ ਰਾਹੀਂ ਵਾਇਦਿਆਂ ਦੇ ਅਧਕਾਰੀ’ ਹੋਏ। (ਇਬਰਾਨੀਆਂ 6:12) ਯਹੋਵਾਹ ਦੀ ਉਡੀਕ ਕਰਨੀ ਸਿੱਖੋ। ਉਹ ਸਾਨੂੰ ਸੁੰਦਰ ਧਰਤੀ ਉੱਤੇ ਹਮੇਸ਼ਾ ਲਈ ਜੀਉਣ ਦੀ ਉਮੀਦ ਦਿੰਦਾ ਹੈ। ਇਹ ਧੀਰਜ ਕਰਨ ਦਾ ਕਿੰਨਾ ਵਧੀਆ ਇਨਾਮ ਹੈ!
21. (ੳ) ਜਦ ਅਸੀਂ ਪਰਮੇਸ਼ੁਰ ਦੇ ਰਾਜ ਨੂੰ ਪਹਿਲਾਂ ਭਾਲਦੇ ਹਾਂ, ਤਾਂ ਅਸੀਂ ਕੀ ਦਿਖਾਉਂਦੇ ਹਾਂ? (ਅ) ਅਗਲੇ ਲੇਖ ਵਿਚ ਕਿਸ ਗੱਲ ਉੱਤੇ ਚਰਚਾ ਕੀਤੀ ਜਾਵੇਗੀ?
21 ਜੀ ਹਾਂ, ਯਿਸੂ ਦੀ ਪਰਮੇਸ਼ੁਰ ਦੇ ਰਾਜ ਨੂੰ ਪਹਿਲਾਂ ਭਾਲਣ ਦੀ ਸਲਾਹ ਅੱਜ ਵੀ ਫ਼ਾਇਦੇਮੰਦ ਹੈ। ਜਦ ਅਸੀਂ ਇਸ ਸਲਾਹ ਉੱਤੇ ਚੱਲਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਯਹੋਵਾਹ ਉੱਤੇ ਸਾਡਾ ਭਰੋਸਾ ਪੱਕਾ ਹੈ ਅਤੇ ਅਸੀਂ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਚੁਣਿਆ ਹੈ। ਪਰ ਯਿਸੂ ਨੇ ਇਹ ਵੀ ਕਿਹਾ ਸੀ ਕਿ ‘ਪਹਿਲਾਂ ਪਰਮੇਸ਼ੁਰ ਦੇ ਧਰਮ ਨੂੰ ਭਾਲੋ।’ ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਇਸ ਤਰ੍ਹਾਂ ਕਰਨਾ ਅੱਜ ਸਾਡੇ ਲਈ ਜ਼ਰੂਰੀ ਕਿਉਂ ਹੈ।
ਕੀ ਤੁਸੀਂ ਸਮਝਾ ਸਕਦੇ ਹੋ?
• ਧਨ-ਦੌਲਤ ਦੇ ਸੰਬੰਧ ਵਿਚ ਯਿਸੂ ਨੇ ਸਾਨੂੰ ਕਿਹੜਾ ਸਹੀ ਨਜ਼ਰੀਆ ਰੱਖਣ ਦੀ ਸਲਾਹ ਦਿੱਤੀ?
• ਊਠ ਅਤੇ ਸੂਈ ਦੇ ਨੱਕੇ ਬਾਰੇ ਦ੍ਰਿਸ਼ਟਾਂਤ ਤੋਂ ਅਸੀਂ ਕੀ ਸਿੱਖਦੇ ਹਾਂ?
• ਪਰਮੇਸ਼ੁਰ ਦਾ ਰਾਜ ਪਹਿਲਾਂ ਭਾਲਣ ਵਿਚ ਕਿਹੜੇ ਗੁਣ ਸਾਡੀ ਮਦਦ ਕਰਦੇ ਹਨ?
[ਸਫ਼ਾ 21 ਉੱਤੇ ਤਸਵੀਰ]
ਯਿਸੂ ਦੀ ਗੱਲ ਸੁਣਨ ਵਾਲੇ ਜ਼ਿਆਦਾਤਰ ਲੋਕ ਗ਼ਰੀਬ ਸਨ
[ਸਫ਼ਾ 23 ਉੱਤੇ ਤਸਵੀਰ]
ਧਨੀ ਨੌਜਵਾਨ ਯਹੋਵਾਹ ਨਾਲੋਂ ਜ਼ਿਆਦਾ ਆਪਣੀ ਦੌਲਤ ਨੂੰ ਪਿਆਰ ਕਰਦਾ ਸੀ
[ਸਫ਼ਾ 23 ਉੱਤੇ ਤਸਵੀਰ]
ਯਿਸੂ ਦੀ ਕਹਾਣੀ ਦੇ ਵਪਾਰੀ ਨੇ ਇਕ ਅਨਮੋਲ ਮੋਤੀ ਖ਼ਾਤਰ ਆਪਣਾ ਸਭ ਕੁਝ ਵੇਚ ਦਿੱਤਾ
[ਸਫ਼ਾ 24 ਉੱਤੇ ਤਸਵੀਰ]
ਜੇ ਅਸੀਂ ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹੀਏ, ਤਾਂ ਉਹ ਸਾਡੀ ਮਦਦ ਕਰੇਗਾ