ਅਸੀਂ “ਪਰਮੇਸ਼ੁਰ ਦੀ ਉਡੀਕ” ਕਿਵੇਂ ਕਰ ਸਕਦੇ ਹਾਂ?
‘ਮੈਂ ਪਰਮੇਸ਼ੁਰ ਦੀ ਉਡੀਕ ਕਰਾਂਗਾ।’—ਮੀਕਾ. 7:7.
1. ਕਈਆਂ ਨੂੰ ਯਹੋਵਾਹ ਦੇ ਦਿਨ ਦਾ ਇੰਤਜ਼ਾਰ ਕਰਨਾ ਮੁਸ਼ਕਲ ਕਿਉਂ ਲੱਗ ਸਕਦਾ ਹੈ?
1914 ਵਿਚ ਯਿਸੂ ਦੇ ਸਵਰਗ ਵਿਚ ਰਾਜਾ ਬਣਨ ਤੋਂ ਬਾਅਦ ਸ਼ੈਤਾਨ ਦੀ ਇਸ ਦੁਨੀਆਂ ਦੇ ਆਖ਼ਰੀ ਦਿਨ ਸ਼ੁਰੂ ਹੋ ਗਏ। ਉਸ ਸਾਲ ਸਵਰਗ ਵਿਚ ਇਕ ਲੜਾਈ ਹੋਈ ਤੇ ਕੁਝ ਸਮੇਂ ਬਾਅਦ ਯਿਸੂ ਨੇ ਸ਼ੈਤਾਨ ਅਤੇ ਦੁਸ਼ਟ ਦੂਤਾਂ ਨੂੰ ਧਰਤੀ ʼਤੇ ਸੁੱਟ ਦਿੱਤਾ। (ਪ੍ਰਕਾਸ਼ ਦੀ ਕਿਤਾਬ 12:7-9 ਪੜ੍ਹੋ।) ਸ਼ੈਤਾਨ ਜਾਣਦਾ ਹੈ ਕਿ “ਉਸ ਕੋਲ ਥੋੜ੍ਹਾ ਹੀ ਸਮਾਂ ਹੈ।” (ਪ੍ਰਕਾ. 12:12) ਪਰ ਕਈਆਂ ਨੂੰ ਲੱਗ ਸਕਦਾ ਹੈ ਕਿ ਇਹ ‘ਥੋੜ੍ਹਾ ਸਮਾਂ’ ਲੰਬਾ ਹੁੰਦਾ ਜਾ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਯਹੋਵਾਹ ਸ਼ੈਤਾਨ ਦੀ ਦੁਨੀਆਂ ਦਾ ਅੰਤ ਕਰੇਗਾ। ਪਰ ਉਸ ਦਿਨ ਦਾ ਇੰਤਜ਼ਾਰ ਕਰਦੇ ਹੋਏ ਕੀ ਅਸੀਂ ਬੇਸਬਰੇ ਹੋ ਗਏ ਹਾਂ?
2. ਇਸ ਲੇਖ ਵਿਚ ਅਸੀਂ ਕੀ ਸਿੱਖਾਂਗੇ?
2 ਬੇਸਬਰੇ ਹੋਣਾ ਜਾਂ ਕਾਹਲੇ ਪੈਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ ਕਿਉਂਕਿ ਕਾਹਲੇ ਪੈਣ ਨਾਲ ਅਸੀਂ ਕਈ ਗੱਲਾਂ ਸ਼ਾਇਦ ਬਿਨਾਂ ਸੋਚੇ-ਸਮਝੇ ਕਰਨ ਲੱਗ ਪਈਏ। ਪਰਮੇਸ਼ੁਰ ਦੇ ਦਿਨ ਦੀ ਉਡੀਕ ਕਰਦਿਆਂ ਅਸੀਂ ਸਹੀ ਰਵੱਈਆ ਕਿਵੇਂ ਰੱਖ ਸਕਦੇ ਹਾਂ? ਇਸ ਲੇਖ ਵਿਚ ਤਿੰਨ ਸਵਾਲ ਦਿੱਤੇ ਗਏ ਹਨ ਜੋ ਇੱਦਾਂ ਕਰਨ ਵਿਚ ਸਾਡੀ ਮਦਦ ਕਰਨਗੇ। (1) ਧੀਰਜ ਰੱਖਣ ਬਾਰੇ ਅਸੀਂ ਮੀਕਾਹ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ? (2) ਅੰਤ ਆਉਣ ਤੋਂ ਪਹਿਲਾਂ ਕਿਹੜੀਆਂ ਘਟਨਾਵਾਂ ਵਾਪਰਨਗੀਆਂ? (3) ਅਸੀਂ ਯਹੋਵਾਹ ਦੇ ਧੀਰਜ ਲਈ ਕਦਰ ਕਿਵੇਂ ਦਿਖਾ ਸਕਦੇ ਹਾਂ?
ਅਸੀਂ ਮੀਕਾਹ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ?
3. ਮੀਕਾਹ ਦੇ ਦਿਨਾਂ ਵਿਚ ਇਜ਼ਰਾਈਲੀਆਂ ਦੀ ਕੀ ਹਾਲਤ ਸੀ?
3 ਮੀਕਾਹ 7:2-6 ਪੜ੍ਹੋ। ਯਹੋਵਾਹ ਦੇ ਨਬੀ ਮੀਕਾਹ ਨੇ ਦੇਖਿਆ ਸੀ ਕਿ ਇਜ਼ਰਾਈਲੀਆਂ ਦਾ ਪਰਮੇਸ਼ੁਰ ਨਾਲ ਰਿਸ਼ਤਾ ਟੁੱਟਦਾ ਜਾ ਰਿਹਾ ਸੀ ਅਤੇ ਦੁਸ਼ਟ ਰਾਜਾ ਆਹਾਜ਼ ਦੇ ਰਾਜ ਦੌਰਾਨ ਉਹ ਪਰਮੇਸ਼ੁਰ ਪ੍ਰਤੀ ਜ਼ਰਾ ਵੀ ਵਫ਼ਾਦਾਰ ਨਹੀਂ ਰਹੇ। ਮੀਕਾਹ ਨੇ ਇਨ੍ਹਾਂ ਬੇਵਫ਼ਾ ਇਜ਼ਰਾਈਲੀਆਂ ਦੀ ਤੁਲਨਾ “ਕੰਡੇ” ਅਤੇ “ਬਾੜੇ” ਨਾਲ ਕੀਤੀ। ਜਿੱਦਾਂ ਇਕ ਕੰਡੇ ਵਾਲੇ ਬਾੜੇ ਤੋਂ ਕੋਈ ਲਹੂ-ਲੁਹਾਨ ਹੋ ਸਕਦਾ ਹੈ ਉੱਦਾਂ ਹੀ ਇਹ ਭੈੜੇ ਇਜ਼ਰਾਈਲੀ ਇਕ-ਦੂਜੇ ਦਾ ਨੁਕਸਾਨ ਕਰ ਰਹੇ ਸਨ। ਹਾਲਾਤ ਇੰਨੇ ਬਦਤਰ ਸਨ ਕਿ ਪਰਿਵਾਰ ਦੇ ਮੈਂਬਰਾਂ ਦਾ ਖ਼ੂਨ ਚਿੱਟਾ ਹੋ ਚੁੱਕਾ ਸੀ। ਮੀਕਾਹ ਜਾਣਦਾ ਸੀ ਕਿ ਉਹ ਇਨ੍ਹਾਂ ਹਾਲਾਤਾਂ ਨੂੰ ਬਦਲ ਨਹੀਂ ਸੀ ਸਕਦਾ, ਇਸ ਲਈ ਉਸ ਨੇ ਦਿਲ ਖੋਲ੍ਹ ਕੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਉਸ ਨੂੰ ਪੱਕਾ ਯਕੀਨ ਸੀ ਕਿ ਯਹੋਵਾਹ ਆਪਣੇ ਸਮੇਂ ʼਤੇ ਹਾਲਾਤਾਂ ਨੂੰ ਜ਼ਰੂਰ ਸੁਧਾਰੇਗਾ। ਇਸ ਲਈ ਉਸ ਨੇ ਧੀਰਜ ਨਾਲ ਉਡੀਕ ਕੀਤੀ ਕਿ ਪਰਮੇਸ਼ੁਰ ਕਦਮ ਚੁੱਕੇ।
4. ਅਸੀਂ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਾਂ?
4 ਮੀਕਾਹ ਵਾਂਗ ਸਾਨੂੰ ਵੀ ਅੱਜ ਸੁਆਰਥੀ ਲੋਕਾਂ ਨਾਲ ਰਹਿਣਾ ਪੈਂਦਾ ਹੈ। ਬਹੁਤ ਸਾਰੇ ਲੋਕ ‘ਨਾਸ਼ੁਕਰੇ, ਵਿਸ਼ਵਾਸਘਾਤੀ ਅਤੇ ਨਿਰਮੋਹੀ’ ਹਨ। (2 ਤਿਮੋ. 3:2, 3) ਸਾਨੂੰ ਕੰਮ ਦੀ ਥਾਂ ʼਤੇ, ਸਕੂਲੇ ਅਤੇ ਗੁਆਂਢ ਵਿਚ ਲੋਕਾਂ ਦਾ ਖ਼ੁਦਗਰਜ਼ ਰਵੱਈਆ ਦੇਖ ਕੇ ਦੁੱਖ ਲੱਗਦਾ ਹੈ। ਪਰਮੇਸ਼ੁਰ ਦੇ ਕੁਝ ਸੇਵਕ ਇਸ ਤੋਂ ਵੀ ਕਿਤੇ ਵੱਡੀ ਮੁਸ਼ਕਲ ਦਾ ਸਾਮ੍ਹਣਾ ਕਰ ਰਹੇ ਹਨ। ਯਿਸੂ ਨੇ ਕਿਹਾ ਸੀ ਕਿ ਉਸ ਦੇ ਚੇਲਿਆਂ ਨੂੰ ਪਰਿਵਾਰ ਦੇ ਮੈਂਬਰਾਂ ਦਾ ਵਿਰੋਧ ਸਹਿਣਾ ਪਵੇਗਾ ਅਤੇ ਉਸ ਦੀ ਗੱਲ ਮੀਕਾਹ 7:6 ਨਾਲ ਮਿਲਦੀ-ਜੁਲਦੀ ਹੈ। ਉਸ ਨੇ ਕਿਹਾ: “ਮੈਂ ਪਿਉ-ਪੁੱਤਰ ਵਿਚ, ਮਾਂ-ਧੀ ਵਿਚ ਅਤੇ ਨੂੰਹ-ਸੱਸ ਵਿਚ ਫੁੱਟ ਪਾਉਣ ਆਇਆ ਹਾਂ। ਵਾਕਈ, ਇਨਸਾਨ ਦੇ ਦੁਸ਼ਮਣ ਉਸ ਦੇ ਘਰ ਦੇ ਹੀ ਹੋਣਗੇ।” (ਮੱਤੀ 10:35, 36) ਪਰਿਵਾਰ ਦੇ ਮੈਂਬਰਾਂ ਵੱਲੋਂ ਮਜ਼ਾਕ ਉਡਾਇਆ ਜਾਣਾ ਅਤੇ ਵਿਰੋਧ ਨੂੰ ਸਹਿਣਾ ਇਕ ਜਣੇ ਲਈ ਬਹੁਤ ਔਖਾ ਹੁੰਦਾ ਹੈ। ਪਰ ਆਓ ਆਪਾਂ ਅਜਿਹੀ ਅਜ਼ਮਾਇਸ਼ ਦੇ ਸਾਮ੍ਹਣੇ ਕਦੇ ਗੋਡੇ ਨਾ ਟੇਕੀਏ! ਇਸ ਦੀ ਬਜਾਇ ਆਓ ਅਸੀਂ ਵਫ਼ਾਦਾਰ ਰਹਿੰਦੇ ਹੋਏ ਧੀਰਜ ਨਾਲ ਯਹੋਵਾਹ ਦੀ ਉਡੀਕ ਕਰੀਏ ਜਦ ਉਹ ਆਪਣੇ ਸਮੇਂ ʼਤੇ ਹਾਲਾਤਾਂ ਨੂੰ ਬਦਲੇਗਾ। ਜੇ ਅਸੀਂ ਮਦਦ ਲਈ ਲਗਾਤਾਰ ਉਸ ਨੂੰ ਪ੍ਰਾਰਥਨਾ ਕਰੀਏ, ਤਾਂ ਉਹ ਸਾਨੂੰ ਅਜ਼ਮਾਇਸ਼ਾਂ ਸਹਿਣ ਲਈ ਤਾਕਤ ਤੇ ਬੁੱਧ ਦੇਵੇਗਾ।
5, 6. ਯਹੋਵਾਹ ਨੇ ਮੀਕਾਹ ਨੂੰ ਕਿਹੜੀਆਂ ਬਰਕਤਾਂ ਦਿੱਤੀਆਂ, ਪਰ ਉਹ ਕਿਹੜੀ ਗੱਲ ਪੂਰੀ ਹੁੰਦਿਆਂ ਨਹੀਂ ਦੇਖ ਸਕਿਆ?
5 ਯਹੋਵਾਹ ਨੇ ਮੀਕਾਹ ਨੂੰ ਉਸ ਦੇ ਸਬਰ ਲਈ ਬਰਕਤਾਂ ਦਿੱਤੀਆਂ। ਮੀਕਾਹ ਨੇ ਰਾਜਾ ਆਹਾਜ਼ ਤੇ ਉਸ ਦੇ ਭੈੜੇ ਰਾਜ ਦਾ ਖ਼ਾਤਮਾ ਆਪਣੀਆਂ ਅੱਖਾਂ ਨਾਲ ਦੇਖਿਆ। ਉਸ ਨੇ ਆਹਾਜ਼ ਦੇ ਬੇਟੇ ਹਿਜ਼ਕੀਯਾਹ ਨੂੰ ਸਿੰਘਾਸਣ ʼਤੇ ਬੈਠਦਿਆਂ ਅਤੇ ਸੱਚੀ ਭਗਤੀ ਦੁਬਾਰਾ ਸ਼ੁਰੂ ਕਰਦਿਆਂ ਦੇਖਿਆ। ਨਾਲੇ ਉਸ ਨੇ ਸਾਮਰੀਆ ਬਾਰੇ ਲਿਖੀ ਆਪਣੀ ਭਵਿੱਖਬਾਣੀ ਪੂਰੀ ਹੁੰਦੀ ਦੇਖੀ ਜਦ ਅੱਸ਼ੂਰੀਆਂ ਨੇ ਇਜ਼ਰਾਈਲ ਦੇ ਉੱਤਰੀ ਰਾਜ ʼਤੇ ਕਬਜ਼ਾ ਕੀਤਾ।—ਮੀਕਾ. 1:6.
6 ਪਰ ਮੀਕਾਹ ਨੇ ਆਪਣੀ ਜ਼ਿੰਦਗੀ ਦੌਰਾਨ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਹੁੰਦੀਆਂ ਨਹੀਂ ਦੇਖੀਆਂ ਜੋ ਯਹੋਵਾਹ ਨੇ ਉਸ ਤੋਂ ਲਿਖਵਾਈਆਂ ਸਨ। ਮਿਸਾਲ ਲਈ, ਉਸ ਨੇ ਲਿਖਿਆ: “ਆਖਰੀ ਦਿਨਾਂ ਵਿੱਚ ਇਉਂ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰ ਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਉੱਮਤਾਂ ਉਸ ਦੀ ਵੱਲ ਵਗਣਗੀਆਂ। ਬਹੁਤੀਆਂ ਕੌਮਾਂ ਆਉਣਗੀਆਂ ਅਤੇ ਆਖਣਗੀਆਂ, ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ . . . ਚੜ੍ਹੀਏ।” (ਮੀਕਾ. 4:1, 2) ਮੀਕਾਹ ਮਰਦੇ ਦਮ ਤਕ ਯਹੋਵਾਹ ਦਾ ਵਫ਼ਾਦਾਰ ਰਿਹਾ ਭਾਵੇਂ ਕਿ ਉਸ ਦੇ ਆਲੇ-ਦੁਆਲੇ ਦੇ ਲੋਕ ਬੁਰੇ ਸਨ। ਉਸ ਨੇ ਲਿਖਿਆ: “ਸਾਰੀਆਂ ਉੱਮਤਾਂ ਆਪੋ ਆਪਣੇ ਦਿਓਤਿਆਂ ਦੇ ਨਾਉਂ ਲੈ ਕੇ ਚੱਲਦੀਆਂ ਹਨ, ਪਰ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪ ਕਾਲ ਤੀਕੁਰ ਚੱਲਾਂਗੇ।” (ਮੀਕਾ. 4:5) ਮੀਕਾਹ ਮੁਸ਼ਕਲ ਸਮਿਆਂ ਵਿਚ ਵੀ ਧੀਰਜ ਨਾਲ ਇੰਤਜ਼ਾਰ ਕਰਦਾ ਰਿਹਾ ਕਿਉਂਕਿ ਉਸ ਨੂੰ ਪੱਕਾ ਯਕੀਨ ਸੀ ਕਿ ਯਹੋਵਾਹ ਆਪਣੇ ਸਾਰੇ ਵਾਅਦੇ ਪੂਰੇ ਕਰੇਗਾ। ਇਸ ਲਈ ਉਸ ਨੇ ਯਹੋਵਾਹ ʼਤੇ ਭਰੋਸਾ ਕੀਤਾ।
7, 8. (ੳ) ਸਾਨੂੰ ਯਹੋਵਾਹ ʼਤੇ ਭਰੋਸਾ ਕਿਉਂ ਕਰਨਾ ਚਾਹੀਦਾ ਹੈ? (ਅ) ਕਿਹੜੇ ਕੰਮ ਵਿਚ ਲੱਗੇ ਰਹਿਣ ਨਾਲ ਸਮਾਂ ਛੇਤੀ ਬੀਤ ਜਾਵੇਗਾ?
7 ਕੀ ਸਾਨੂੰ ਵੀ ਮੀਕਾਹ ਵਾਂਗ ਯਹੋਵਾਹ ʼਤੇ ਪੂਰਾ ਭਰੋਸਾ ਹੈ? ਸਾਨੂੰ ਪੂਰਾ ਯਕੀਨ ਕਰਨਾ ਚਾਹੀਦਾ ਹੈ ਕਿਉਂਕਿ ਅਸੀਂ ਮੀਕਾਹ ਦੀ ਭਵਿੱਖਬਾਣੀ ਆਪਣੀਆਂ ਅੱਖਾਂ ਨਾਲ ਪੂਰੀ ਹੁੰਦੀ ਦੇਖੀ ਹੈ। ਇਨ੍ਹਾਂ “ਆਖਰੀ ਦਿਨਾਂ ਵਿੱਚ” ਸਾਰੀਆਂ ਕੌਮਾਂ, ਕਬੀਲਿਆਂ ਅਤੇ ਬੋਲੀਆਂ ਦੇ ਲੱਖਾਂ ਹੀ ਲੋਕ ‘ਯਹੋਵਾਹ ਦੇ ਭਵਨ ਦੇ ਪਰਬਤ’ ਵੱਲ ਆਏ ਹਨ। ਭਾਵੇਂ ਕਿ ਉਨ੍ਹਾਂ ਦੇ ਦੇਸ਼ ਆਪਸ ਵਿਚ ਲੜਦੇ ਹਨ, ਪਰ ਪਰਮੇਸ਼ੁਰ ਦੇ ਸੇਵਕਾਂ ਨੇ “ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ” ਬਣਾਇਆ ਹੈ ਅਤੇ ‘ਲੜਾਈ ਸਿੱਖਣ’ ਤੋਂ ਇਨਕਾਰ ਕੀਤਾ ਹੈ। (ਮੀਕਾ. 4:3) ਯਹੋਵਾਹ ਦੇ ਸ਼ਾਂਤੀ-ਪਸੰਦ ਲੋਕਾਂ ਨਾਲ ਮਿਲ ਕੇ ਉਸ ਦੀ ਭਗਤੀ ਕਰਨੀ ਕਿੰਨੇ ਮਾਣ ਦੀ ਗੱਲ ਹੈ!
8 ਅਸੀਂ ਸਾਰੇ ਚਾਹੁੰਦੇ ਹਾਂ ਕਿ ਯਹੋਵਾਹ ਜਲਦੀ ਇਸ ਬੁਰੀ ਦੁਨੀਆਂ ਦਾ ਨਾਸ਼ ਕਰੇ। ਪਰ ਧੀਰਜ ਨਾਲ ਉਡੀਕ ਕਰਨ ਲਈ ਸਾਨੂੰ ਯਹੋਵਾਹ ਵਰਗਾ ਨਜ਼ਰੀਆ ਅਪਣਾਉਣ ਦੀ ਲੋੜ ਹੈ। ਹਾਂ, ਉਸ ਨੇ ਇਕ ਦਿਨ ਠਹਿਰਾਇਆ ਹੈ ਜਦ ਉਹ ਆਪਣੇ ਚੁਣੇ ਹੋਏ ਬੇਟੇ ਯਿਸੂ ਮਸੀਹ ਰਾਹੀਂ ਲੋਕਾਂ ਦਾ ਨਿਆਂ ਕਰੇਗਾ। (ਰਸੂ. 17:31) ਪਰ ਉਸ ਤੋਂ ਪਹਿਲਾਂ ਪਰਮੇਸ਼ੁਰ ਹਰ ਤਰ੍ਹਾਂ ਦੇ ਲੋਕਾਂ ਨੂੰ “ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ” ਦਾ ਮੌਕਾ ਦੇ ਰਿਹਾ ਹੈ ਤਾਂਕਿ ਉਹ ਇਸ ਗਿਆਨ ਮੁਤਾਬਕ ਚੱਲ ਕੇ ਬਚਾਏ ਜਾ ਸਕਣ। ਯਾਦ ਰੱਖੋ ਕਿ ਲੋਕਾਂ ਦੀਆਂ ਜਾਨਾਂ ਦਾ ਸਵਾਲ ਹੈ। (1 ਤਿਮੋਥਿਉਸ 2:3, 4 ਪੜ੍ਹੋ।) ਜੇ ਅਸੀਂ ਦੂਜਿਆਂ ਨੂੰ ਪਰਮੇਸ਼ੁਰ ਬਾਰੇ ਸਹੀ ਗਿਆਨ ਦੇਣ ਵਿਚ ਲੱਗੇ ਰਹਾਂਗੇ, ਤਾਂ ਸਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਸਮਾਂ ਕਿੰਨੀ ਛੇਤੀ ਬੀਤ ਗਿਆ। ਜਦ ਅੰਤ ਆਵੇਗਾ, ਤਾਂ ਸਾਨੂੰ ਇਹ ਜਾਣ ਕੇ ਕਿੰਨੀ ਖ਼ੁਸ਼ੀ ਹੋਵੇਗੀ ਕਿ ਅਸੀਂ ਪ੍ਰਚਾਰ ਕਰਨ ਵਿਚ ਰੁੱਝੇ ਰਹੇ।
ਅੰਤ ਆਉਣ ਤੋਂ ਪਹਿਲਾਂ ਕਿਹੜੀਆਂ ਘਟਨਾਵਾਂ ਵਾਪਰਨਗੀਆਂ?
9-11. ਕੀ 1 ਥੱਸਲੁਨੀਕੀਆਂ 5:3 ਦੀ ਭਵਿੱਖਬਾਣੀ ਪੂਰੀ ਹੋਈ ਹੈ? ਸਮਝਾਓ।
9 1 ਥੱਸਲੁਨੀਕੀਆਂ 5:1-3 ਪੜ੍ਹੋ। ਆਉਣ ਵਾਲੇ ਸਮੇਂ ਵਿਚ ਕੌਮਾਂ ਕਹਿਣਗੀਆਂ ਕਿ “ਸ਼ਾਂਤੀ ਅਤੇ ਸੁਰੱਖਿਆ ਕਾਇਮ ਹੋ ਗਈ ਹੈ!” ਜੇ ਅਸੀਂ ਉਨ੍ਹਾਂ ਦੇ ਬਹਿਕਾਵੇ ਵਿਚ ਨਹੀਂ ਆਉਣਾ ਚਾਹੁੰਦੇ, ਤਾਂ ਜ਼ਰੂਰੀ ਹੈ ਕਿ ਅਸੀਂ “ਜਾਗਦੇ ਰਹੀਏ ਅਤੇ ਹੋਸ਼ ਵਿਚ ਰਹੀਏ।” (1 ਥੱਸ. 5:6) ਸੋ ਹੁਣ ਅਸੀਂ ਕੁਝ ਘਟਨਾਵਾਂ ʼਤੇ ਗੌਰ ਕਰਾਂਗੇ ਜੋ ਇਸ ਖ਼ਾਸ ਐਲਾਨ ਤੋਂ ਪਹਿਲਾਂ ਵਾਪਰ ਚੁੱਕੀਆਂ ਹਨ।
10 ਦੋਵੇਂ ਵਿਸ਼ਵ-ਯੁੱਧਾਂ ਤੋਂ ਬਾਅਦ ਪੂਰੀ ਦੁਨੀਆਂ ਦੀਆਂ ਕੌਮਾਂ ਸ਼ਾਂਤੀ ਬਹਾਲ ਕਰਨੀਆਂ ਚਾਹੁੰਦੀਆਂ ਸਨ। ਪਹਿਲੇ ਵਿਸ਼ਵ-ਯੁੱਧ ਤੋਂ ਬਾਅਦ ਰਾਸ਼ਟਰ-ਸੰਘ ਬਣਾਇਆ ਗਿਆ ਤਾਂਕਿ ਸ਼ਾਂਤੀ ਕਾਇਮ ਹੋ ਸਕੇ। ਫਿਰ ਦੂਜੇ ਵਿਸ਼ਵ-ਯੁੱਧ ਤੋਂ ਬਾਅਦ ਇਹ ਆਸ ਲਾਈ ਗਈ ਕਿ ਸੰਯੁਕਤ ਰਾਸ਼ਟਰ-ਸੰਘ ਧਰਤੀ ʼਤੇ ਅਮਨ-ਚੈਨ ਕਾਇਮ ਕਰੇਗਾ। ਸਿਆਸੀ ਤੇ ਧਾਰਮਿਕ ਲੀਡਰਾਂ ਨੇ ਮੰਨਿਆ ਕਿ ਇਹ ਸੰਸਥਾਵਾਂ ਸ਼ਾਂਤੀ ਕਾਇਮ ਕਰਨਗੀਆਂ। ਮਿਸਾਲ ਲਈ, ਸੰਯੁਕਤ ਰਾਸ਼ਟਰ-ਸੰਘ ਨੇ ਬੜੇ ਜ਼ੋਰਾਂ-ਸ਼ੋਰਾਂ ਨਾਲ 1986 ਨੂੰ ਅੰਤਰਰਾਸ਼ਟਰੀ ਸ਼ਾਂਤੀ ਦਾ ਸਾਲ ਐਲਾਨਿਆ ਸੀ। ਉਸ ਸਾਲ ਬਹੁਤ ਸਾਰੀਆਂ ਕੌਮਾਂ ਅਤੇ ਧਰਮਾਂ ਦੇ ਆਗੂਆਂ ਨੇ ਕੈਥੋਲਿਕ ਚਰਚ ਦੇ ਮੁਖੀ ਨਾਲ ਮਿਲ ਕੇ ਇਟਲੀ ਦੇ ਅਸੀਜ਼ੀ ਸ਼ਹਿਰ ਵਿਚ ਸ਼ਾਂਤੀ ਲਈ ਪ੍ਰਾਰਥਨਾਵਾਂ ਕੀਤੀਆਂ।
11 ਪਰ ਸ਼ਾਂਤੀ ਅਤੇ ਸੁਰੱਖਿਆ ਬਾਰੇ ਇਹ ਐਲਾਨ ਜਾਂ ਹੋਰ ਦਾਅਵੇ 1 ਥੱਸਲੁਨੀਕੀਆਂ 5:3 ਵਿਚ ਲਿਖੀ ਭਵਿੱਖਬਾਣੀ ਨੂੰ ਪੂਰਾ ਨਹੀਂ ਕਰਦੇ। ਕਿਉਂ? ਕਿਉਂਕਿ ‘ਅਚਾਨਕ ਵਿਨਾਸ਼’ ਅਜੇ ਨਹੀਂ ਆਇਆ ਹੈ।
12. “ਸ਼ਾਂਤੀ ਅਤੇ ਸੁਰੱਖਿਆ” ਦੇ ਐਲਾਨ ਬਾਰੇ ਅਸੀਂ ਕੀ ਜਾਣਦੇ ਹਾਂ?
12 ਇਹ ਅਹਿਮ ਐਲਾਨ ਕੌਣ ਕਰੇਗਾ ਕਿ “ਸ਼ਾਂਤੀ ਅਤੇ ਸੁਰੱਖਿਆ ਕਾਇਮ ਹੋ ਗਈ ਹੈ”? ਚਰਚਾਂ ਅਤੇ ਹੋਰ ਧਰਮਾਂ ਦੇ ਲੀਡਰ ਕਿਹੜਾ ਰੋਲ ਅਦਾ ਕਰਨਗੇ? ਇਸ ਐਲਾਨ ਵਿਚ ਸਰਕਾਰਾਂ ਕਿਵੇਂ ਸ਼ਾਮਲ ਹੋਣਗੀਆਂ? ਬਾਈਬਲ ਇਸ ਬਾਰੇ ਨਹੀਂ ਦੱਸਦੀ। ਪਰ ਇਕ ਗੱਲ ਪੱਕੀ ਹੈ ਕਿ ਭਾਵੇਂ ਇਹ ਐਲਾਨ ਜਿੱਦਾਂ ਮਰਜ਼ੀ ਕੀਤਾ ਜਾਵੇ ਜਾਂ ਉਨ੍ਹਾਂ ਦੇ ਦਾਅਵੇ ਕਿੰਨੇ ਹੀ ਸੱਚੇ ਕਿਉਂ ਨਾ ਲੱਗਣ, ਇਹ ਸਭ ਗੱਲਾਂ ਖੋਖਲੀਆਂ ਹੋਣਗੀਆਂ। ਉਸ ਐਲਾਨ ਵੇਲੇ ਵੀ ਇਹ ਦੁਨੀਆਂ ਸ਼ੈਤਾਨ ਦੇ ਕੰਟ੍ਰੋਲ ਵਿਚ ਹੋਵੇਗੀ। ਇਸ ਵਿਗੜੀ ਹੋਈ ਦੁਨੀਆਂ ਨੂੰ ਕੋਈ ਸੰਸਥਾ ਜਾਂ ਸਰਕਾਰ ਸੁਧਾਰ ਨਹੀਂ ਸਕਦੀ। ਇਹ ਕਿੰਨੇ ਦੁੱਖ ਦੀ ਗੱਲ ਹੋਵੇਗੀ ਜੇ ਅਸੀਂ ਸ਼ੈਤਾਨ ਦੀਆਂ ਝੂਠੀਆਂ ਗੱਲਾਂ ਵਿਚ ਆ ਕੇ ਇਸ ਦੁਨੀਆਂ ਦੇ ਲੋਕਾਂ ਨਾਲ ਰਲ਼ ਜਾਈਏ!
13. ਸ਼ਕਤੀਸ਼ਾਲੀ ਦੂਤਾਂ ਨੇ ਵਿਨਾਸ਼ ਦੀਆਂ ਹਵਾਵਾਂ ਨੂੰ ਫੜ ਕੇ ਕਿਉਂ ਰੋਕ ਰੱਖਿਆ ਹੈ?
13 ਪ੍ਰਕਾਸ਼ ਦੀ ਕਿਤਾਬ 7:1-4 ਪੜ੍ਹੋ। ਭਾਵੇਂ ਕਿ ਅਸੀਂ 1 ਥੱਸਲੁਨੀਕੀਆਂ 5:3 ਦੀ ਭਵਿੱਖਬਾਣੀ ਦੇ ਪੂਰਾ ਹੋਣ ਦਾ ਇੰਤਜ਼ਾਰ ਕਰ ਰਹੇ ਹਾਂ, ਪਰ ਸ਼ਕਤੀਸ਼ਾਲੀ ਦੂਤਾਂ ਨੇ ਮਹਾਂ ਕਸ਼ਟ ਦੀਆਂ ਤਬਾਹ ਕਰਨ ਵਾਲੀਆਂ ਹਵਾਵਾਂ ਨੂੰ ਫੜ ਕੇ ਰੋਕ ਰੱਖਿਆ ਹੈ। ਉਹ ਕਿਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ? ਯੂਹੰਨਾ ਰਸੂਲ ਨੇ ਇਕ ਅਹਿਮ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ “ਪਰਮੇਸ਼ੁਰ ਦੇ ਦਾਸਾਂ” ਯਾਨੀ ਚੁਣੇ ਹੋਇਆਂ ʼਤੇ ਆਖ਼ਰੀ ਮੁਹਰ ਲੱਗਣੀ ਬਾਕੀ ਹੈ।a ਆਖ਼ਰੀ ਮੁਹਰ ਲੱਗਣ ਤੋਂ ਬਾਅਦ ਦੂਤ ਵਿਨਾਸ਼ ਦੀਆਂ ਹਵਾਵਾਂ ਨੂੰ ਛੱਡ ਦੇਣਗੇ। ਫਿਰ ਕੀ ਹੋਵੇਗਾ?
14. ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਮਹਾਂ ਬਾਬਲ ਦਾ ਅੰਤ ਨੇੜੇ ਹੈ?
14 ਪੂਰੀ ਦੁਨੀਆਂ ਵਿਚ ਫੈਲੇ ਝੂਠੇ ਧਰਮ ਯਾਨੀ ਮਹਾਂ ਬਾਬਲ ਨਾਸ਼ ਹੋਣ ਦੇ ਲਾਇਕ ਹੈ ਅਤੇ ਉਸ ਨੂੰ ਸਜ਼ਾ ਜ਼ਰੂਰ ਮਿਲੇਗੀ। ਨਾਸ਼ ਦੌਰਾਨ “ਨਸਲਾਂ, ਭੀੜਾਂ, ਕੌਮਾਂ ਅਤੇ ਬੋਲੀਆਂ ਦੇ ਲੋਕ” ਇਸ ਦੀ ਕੋਈ ਮਦਦ ਨਹੀਂ ਕਰ ਸਕਣਗੇ। (ਪ੍ਰਕਾ. 16:12; 17:15-18; 18:7, 8, 21) ਅਕਸਰ ਖ਼ਬਰਾਂ ਵਿਚ ਧਰਮਾਂ ਅਤੇ ਧਰਮ-ਗੁਰੂਆਂ ਦੇ ਬੁਰੇ ਕੰਮਾਂ ਦਾ ਪਰਦਾਫ਼ਾਸ਼ ਕੀਤਾ ਜਾਂਦਾ ਹੈ। ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਮਹਾਂ ਬਾਬਲ ਦਾ ਅੰਤ ਬਹੁਤ ਨੇੜੇ ਹੈ। ਇਸ ਦੇ ਬਾਵਜੂਦ ਧਰਮ ਗੁਰੂਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਜਾਨ ਖ਼ਤਰੇ ਵਿਚ ਨਹੀਂ ਹੈ। ਉਹ ਕਿੰਨੇ ਵੱਡੇ ਭੁਲੇਖੇ ਵਿਚ ਹਨ! “ਸ਼ਾਂਤੀ ਅਤੇ ਸੁਰੱਖਿਆ” ਦੇ ਐਲਾਨ ਤੋਂ ਬਾਅਦ ਸਰਕਾਰਾਂ ਅਚਾਨਕ ਝੂਠੇ ਧਰਮਾਂ ʼਤੇ ਹਮਲਾ ਕਰਨਗੀਆਂ ਅਤੇ ਇਸ ਦਾ ਨਾਮੋ-ਨਿਸ਼ਾਨ ਮਿਟਾ ਦੇਣਗੀਆਂ। ਹਾਂ, ਮਹਾਂ ਬਾਬਲ ਖ਼ਾਕ ਵਿਚ ਮਿਲਾ ਦਿੱਤਾ ਜਾਵੇਗਾ! ਵਾਕਈ, ਦੁਨੀਆਂ ਨੂੰ ਹਿਲਾ ਦੇਣ ਵਾਲੀਆਂ ਅਜਿਹੀਆਂ ਘਟਨਾਵਾਂ ਨੂੰ ਦੇਖਣ ਲਈ ਇੰਤਜ਼ਾਰ ਕਰਨਾ ਅਕਲਮੰਦੀ ਦੀ ਗੱਲ ਹੈ।—ਪ੍ਰਕਾ. 18:8, 10.
ਅਸੀਂ ਯਹੋਵਾਹ ਦੇ ਧੀਰਜ ਲਈ ਕਦਰ ਕਿਵੇਂ ਦਿਖਾ ਸਕਦੇ ਹਾਂ?
15. ਯਹੋਵਾਹ ਕਾਹਲੀ ਨਾਲ ਕਦਮ ਕਿਉਂ ਨਹੀਂ ਚੁੱਕਦਾ?
15 ਹਾਲਾਂਕਿ ਲੋਕ ਯਹੋਵਾਹ ਦਾ ਨਾਂ ਬਦਨਾਮ ਕਰਦੇ ਹਨ, ਪਰ ਫਿਰ ਵੀ ਉਹ ਸਹੀ ਸਮੇਂ ʼਤੇ ਕਦਮ ਚੁੱਕਣ ਦੀ ਧੀਰਜ ਨਾਲ ਉਡੀਕ ਕਰ ਰਿਹਾ ਹੈ। ਯਹੋਵਾਹ ਨਹੀਂ ਚਾਹੁੰਦਾ ਕਿ ਕੋਈ ਨੇਕਦਿਲ ਇਨਸਾਨ ਨਾਸ਼ ਹੋਵੇ। (2 ਪਤ. 3:9, 10) ਕੀ ਤੁਸੀਂ ਵੀ ਇੱਦਾਂ ਹੀ ਮਹਿਸੂਸ ਕਰਦੇ ਹੋ? ਅੰਤ ਦੇ ਆਉਣ ਤੋਂ ਪਹਿਲਾਂ ਅਸੀਂ ਯਹੋਵਾਹ ਦੇ ਧੀਰਜ ਲਈ ਕਦਰ ਦਿਖਾ ਸਕਦੇ ਹਾਂ। ਆਓ ਦੇਖੀਏ ਕਿਵੇਂ।
16, 17. (ੳ) ਸਾਨੂੰ ਉਨ੍ਹਾਂ ਦੀ ਮਦਦ ਕਿਉਂ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਸੱਚਾਈ ਛੱਡ ਦਿੱਤੀ ਹੈ? (ਅ) ਸੱਚਾਈ ਛੱਡ ਚੁੱਕੇ ਲੋਕਾਂ ਨੂੰ ਯਹੋਵਾਹ ਵੱਲ ਕਿਉਂ ਮੁੜਨਾ ਚਾਹੀਦਾ ਹੈ?
16 ਸੱਚਾਈ ਛੱਡ ਚੁੱਕੇ ਲੋਕਾਂ ਦੀ ਮਦਦ ਕਰੋ। ਯਿਸੂ ਨੇ ਕਿਹਾ ਕਿ ਜੇ ਇਕ ਗੁਆਚੀ ਹੋਈ ਭੇਡ ਲੱਭ ਜਾਂਦੀ ਹੈ, ਤਾਂ ਸਵਰਗ ਵਿਚ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ। (ਮੱਤੀ 18:14; ਲੂਕਾ 15:3-7) ਯਹੋਵਾਹ ਨੂੰ ਉਨ੍ਹਾਂ ਦਾ ਬਹੁਤ ਫ਼ਿਕਰ ਹੈ ਜਿਨ੍ਹਾਂ ਨੇ ਇਕ ਸਮੇਂ ʼਤੇ ਉਸ ਦੀ ਸੇਵਾ ਕੀਤੀ ਸੀ, ਪਰ ਅੱਜ ਨਹੀਂ ਕਰ ਰਹੇ। ਜਦ ਅਸੀਂ ਅਜਿਹੇ ਲੋਕਾਂ ਦੀ ਮੰਡਲੀ ਵਿਚ ਵਾਪਸ ਆਉਣ ਲਈ ਮਦਦ ਕਰਦੇ ਹਾਂ, ਤਾਂ ਯਹੋਵਾਹ ਤੇ ਦੂਤਾਂ ਦਾ ਦਿਲ ਬਹੁਤ ਖ਼ੁਸ਼ ਹੁੰਦਾ ਹੈ।
17 ਕੀ ਤੁਸੀਂ ਪਰਮੇਸ਼ੁਰ ਦੀ ਸੇਵਾ ਕਰਨੀ ਛੱਡ ਦਿੱਤੀ ਹੈ? ਸ਼ਾਇਦ ਮੰਡਲੀ ਵਿਚ ਕਿਸੇ ਨੇ ਤੁਹਾਨੂੰ ਠੇਸ ਪਹੁੰਚਾਈ ਹੈ ਜਿਸ ਕਾਰਨ ਤੁਸੀਂ ਮੀਟਿੰਗਾਂ ਵਿਚ ਜਾਣਾ ਛੱਡ ਦਿੱਤਾ ਹੈ। ਪਰ ਸ਼ਾਇਦ ਹੁਣ ਕੁਝ ਸਮਾਂ ਬੀਤ ਚੁੱਕਾ ਹੈ ਅਤੇ ਤੁਸੀਂ ਖ਼ੁਦ ਨੂੰ ਪੁੱਛ ਸਕਦੇ ਹੋ: ‘ਕੀ ਸੱਚਾਈ ਛੱਡ ਕੇ ਮੇਰੀ ਜ਼ਿੰਦਗੀ ਬਿਹਤਰ ਬਣੀ ਹੈ ਜਾਂ ਕੀ ਮੈਂ ਅੱਗੇ ਨਾਲੋਂ ਜ਼ਿਆਦਾ ਖ਼ੁਸ਼ ਹਾਂ? ਕੀ ਯਹੋਵਾਹ ਨੇ ਮੈਨੂੰ ਨਾਰਾਜ਼ ਕੀਤਾ ਹੈ ਜਾਂ ਕਿਸੇ ਇਨਸਾਨ ਨੇ? ਕੀ ਯਹੋਵਾਹ ਨੇ ਕਦੇ ਮੈਨੂੰ ਨੁਕਸਾਨ ਪਹੁੰਚਾਇਆ ਹੈ?’ ਕੀ ਇਹ ਸੱਚ ਨਹੀਂ ਕਿ ਯਹੋਵਾਹ ਨੇ ਹਮੇਸ਼ਾ ਸਾਡਾ ਭਲਾ ਕੀਤਾ ਹੈ? ਜੇ ਅਸੀਂ ਉਸ ਨੂੰ ਕੀਤੇ ਆਪਣੇ ਵਾਅਦੇ ਮੁਤਾਬਕ ਨਹੀਂ ਵੀ ਚੱਲਦੇ, ਤਾਂ ਵੀ ਉਹ ਸਾਨੂੰ ਚੰਗੀਆਂ ਚੀਜ਼ਾਂ ਦਾ ਮਜ਼ਾ ਲੈਣ ਦਿੰਦਾ ਹੈ। (ਯਾਕੂ. 1:16, 17) ਛੇਤੀ ਯਹੋਵਾਹ ਦਾ ਦਿਨ ਆਉਣ ਵਾਲਾ ਹੈ। ਹੁਣ ਹੀ ਸਮਾਂ ਹੈ ਕਿ ਅਸੀਂ ਆਪਣੇ ਪਿਆਰੇ ਪਿਤਾ ਯਹੋਵਾਹ ਤੇ ਮੰਡਲੀ ਵੱਲ ਮੁੜੀਏ ਜੋ ਇਨ੍ਹਾਂ ਆਖ਼ਰੀ ਦਿਨਾਂ ਵਿਚ ਸਾਡੀ ਇੱਕੋ-ਇਕ ਪਨਾਹ ਹੈ।—ਬਿਵ. 33:27; ਇਬ. 10:24, 25.
18. ਸਾਨੂੰ ਅਗਵਾਈ ਕਰਨ ਵਾਲਿਆਂ ਦਾ ਸਾਥ ਕਿਉਂ ਦੇਣਾ ਚਾਹੀਦਾ ਹੈ?
18 ਅਗਵਾਈ ਕਰਨ ਵਾਲਿਆਂ ਦਾ ਪੂਰਾ-ਪੂਰਾ ਸਾਥ ਦਿਓ। ਯਹੋਵਾਹ ਇਕ ਚਰਵਾਹੇ ਵਾਂਗ ਬੜੇ ਪਿਆਰ ਨਾਲ ਸਾਡੀ ਅਗਵਾਈ ਤੇ ਹਿਫਾਜ਼ਤ ਕਰਦਾ ਹੈ। ਉਸ ਨੇ ਆਪਣੇ ਬੇਟੇ ਯਿਸੂ ਮਸੀਹ ਨੂੰ ਆਪਣੀਆਂ ਭੇਡਾਂ ਦਾ ਮੁੱਖ ਚਰਵਾਹਾ ਬਣਾਇਆ ਹੈ। (1 ਪਤ. 5:4) ਇਕ ਲੱਖ ਤੋਂ ਜ਼ਿਆਦਾ ਮੰਡਲੀਆਂ ਵਿਚ ਬਜ਼ੁਰਗ ਚਰਵਾਹਿਆਂ ਵਾਂਗ ਹਰੇਕ ਭੇਡ ਦੀ ਦੇਖ-ਭਾਲ ਕਰਦੇ ਹਨ। (ਰਸੂ. 20:28) ਯਹੋਵਾਹ ਤੇ ਯਿਸੂ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ। ਇਸ ਲਈ ਜਦ ਅਸੀਂ ਅਗਵਾਈ ਕਰਨ ਵਾਲਿਆਂ ਦਾ ਵਫ਼ਾਦਾਰੀ ਨਾਲ ਸਾਥ ਨਿਭਾਉਂਦੇ ਹਾਂ, ਤਾਂ ਅਸੀਂ ਯਹੋਵਾਹ ਤੇ ਯਿਸੂ ਲਈ ਆਪਣੀ ਕਦਰ ਦਿਖਾਉਂਦੇ ਹਾਂ।
19. ਅਸੀਂ ਇਕ-ਮੁੱਠ ਕਿਵੇਂ ਹੋ ਸਕਦੇ ਹਾਂ?
19 ਇਕ-ਦੂਜੇ ਦੇ ਨੇੜੇ ਆਓ। ਇਸ ਦਾ ਕੀ ਮਤਲਬ ਹੈ? ਜਦ ਕੋਈ ਦੁਸ਼ਮਣ ਇਕ ਫ਼ੌਜ ʼਤੇ ਹਮਲਾ ਕਰਦਾ ਹੈ, ਤਾਂ ਸਾਰੇ ਫ਼ੌਜੀ ਇਕ-ਮੁੱਠ ਹੋ ਕੇ ਲੜਦੇ ਹਨ। ਫਿਰ ਉਨ੍ਹਾਂ ʼਤੇ ਹਮਲਾ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਸ਼ੈਤਾਨ ਪਰਮੇਸ਼ੁਰ ਦੇ ਲੋਕਾਂ ʼਤੇ ਇਕ ਤੋਂ ਬਾਅਦ ਇਕ ਹਮਲੇ ਕਰ ਰਿਹਾ ਹੈ। ਹੁਣ ਸਮਾਂ ਆਪਸ ਵਿਚ ਲੜਨ ਦਾ ਨਹੀਂ, ਸਗੋਂ ਇਕ-ਦੂਜੇ ਦੇ ਨੇੜੇ ਆਉਣ, ਇਕ-ਦੂਜੇ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਨਜ਼ਰ-ਅੰਦਾਜ਼ ਕਰਨ ਅਤੇ ਯਹੋਵਾਹ ਦੀ ਅਗਵਾਈ ਵਿਚ ਭਰੋਸਾ ਰੱਖਣ ਦਾ ਹੈ।
20. ਹੁਣ ਸਾਨੂੰ ਕੀ ਕਰਨ ਦੀ ਲੋੜ ਹੈ?
20 ਆਓ ਅਸੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰੀਏ ਤੇ ਉਸ ਦਿਨ ਦਾ ਇੰਤਜ਼ਾਰ ਕਰਦੇ ਰਹੀਏ। ਨਾਲੇ ਅਸੀਂ “ਸ਼ਾਂਤੀ ਅਤੇ ਸੁਰੱਖਿਆ” ਦੇ ਐਲਾਨ ਦੀ ਅਤੇ ਚੁਣੇ ਹੋਇਆਂ ʼਤੇ ਆਖ਼ਰੀ ਮੁਹਰ ਲੱਗਣ ਦੀ ਧੀਰਜ ਨਾਲ ਉਡੀਕ ਕਰਦੇ ਰਹੀਏ। ਇਸ ਤੋਂ ਬਾਅਦ ਚਾਰੇ ਦੂਤ ਵਿਨਾਸ਼ ਦੀਆਂ ਹਵਾਵਾਂ ਨੂੰ ਛੱਡ ਦੇਣਗੇ ਅਤੇ ਮਹਾਂ ਬਾਬਲ ਤਬਾਹ ਕਰ ਦਿੱਤਾ ਜਾਵੇਗਾ। ਇਨ੍ਹਾਂ ਵੱਡੀਆਂ ਘਟਨਾਵਾਂ ਦੇ ਵਾਪਰਨ ਦੀ ਉਡੀਕ ਕਰਦਿਆਂ ਆਓ ਆਪਾਂ ਯਹੋਵਾਹ ਦੇ ਸੰਗਠਨ ਵਿਚ ਅਗਵਾਈ ਕਰਨ ਵਾਲਿਆਂ ਦਾ ਕਹਿਣਾ ਮੰਨੀਏ। ਆਓ ਆਪਾਂ ਸਾਰੇ ਇਕ-ਮੁੱਠ ਹੋ ਕੇ ਸ਼ੈਤਾਨ ਅਤੇ ਦੁਸ਼ਟ ਦੂਤਾਂ ਦਾ ਮੁਕਾਬਲਾ ਕਰੀਏ! ਹੁਣ ਹੀ ਸਮਾਂ ਹੈ ਕਿ ਅਸੀਂ ਜ਼ਬੂਰਾਂ ਦੇ ਲੇਖਕ ਦੀ ਇਸ ਸਲਾਹ ਮੁਤਾਬਕ ਚੱਲੀਏ: “ਹੇ ਸਾਰੇ ਯਹੋਵਾਹ ਦੀ ਆਸ ਰੱਖਣ ਵਾਲਿਓ, ਤਕੜੇ ਹੋਵੋ ਅਤੇ ਤੁਹਾਡਾ ਮਨ ਦਿਲੇਰ ਹੋਵੇ!”—ਜ਼ਬੂ. 31:24.
a ਚੁਣੇ ਹੋਇਆਂ ʼਤੇ ਲੱਗੀ ਪਹਿਲੀ ਮੁਹਰ ਤੇ ਆਖ਼ਰੀ ਮੁਹਰ ਵਿਚ ਫ਼ਰਕ ਜਾਣਨ ਲਈ 1 ਜਨਵਰੀ 2007 ਦੇ ਪਹਿਰਾਬੁਰਜ ਦੇ ਸਫ਼ੇ 30-31 ਦੇਖੋ।