ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
5-11 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 51-52
“ਯਹੋਵਾਹ ਦੀ ਕਹੀ ਹਰ ਗੱਲ ਪੂਰੀ ਹੁੰਦੀ ਹੈ”
(ਯਿਰਮਿਯਾਹ 51:11) ਤੀਰਾਂ ਨੂੰ ਤਿੱਖਾ ਕਰੋ, ਢਾਲਾਂ ਨੂੰ ਤਕੜਾਈ ਨਾਲ ਫੜੋ! ਯਹੋਵਾਹ ਨੇ ਮਾਦੀ ਪਾਤਸ਼ਾਹਾਂ ਦੀ ਰੂਹ ਨੂੰ ਪਰੇਰਿਆ ਹੈ, ਕਿਉਂ ਜੋ ਉਸ ਦਾ ਪਰੋਜਨ ਬਾਬਲ ਦੇ ਉਜਾੜ ਦੇਣ ਦਾ ਹੈ, ਏਹ ਯਹੋਵਾਹ ਦਾ ਬਦਲਾ, ਹਾਂ, ਉਹ ਦੀ ਹੈਕਲ ਦਾ ਬਦਲਾ ਹੈ!
(ਯਿਰਮਿਯਾਹ 51:28) ਉਸ ਦੇ ਵਿਰੁੱਧ ਕੌਮਾਂ ਨੂੰ ਤਿਆਰ ਕਰੋ, ਮਾਦੀ ਪਾਤਸ਼ਾਹਾਂ ਨੂੰ, ਉਹ ਦੇ ਸੂਬੇਦਾਰਾਂ ਨੂੰ, ਅਤੇ ਉਹ ਦੇ ਸਾਰੇ ਰਈਸਾਂ ਨੂੰ, ਓਹਨਾਂ ਦੀ ਹਕੂਮਤ ਦੇ ਹਰੇਕ ਦੇਸ ਨੂੰ!
it-2 360 ਪੈਰੇ 2-3
ਮਾਦੀ
ਫ਼ਾਰਸੀਆਂ ਨਾਲ ਮਿਲ ਕੇ ਬਾਬਲ ਨੂੰ ਹਰਾਓ। ਅੱਠਵੀਂ ਸਦੀ ਈ. ਪੂ. ਵਿਚ ਯਸਾਯਾਹ ਨਬੀ ਨੇ ਪਹਿਲਾਂ ਹੀ ਦੱਸਿਆ ਸੀ ਕਿ ਯਹੋਵਾਹ ਬਾਬਲ ਦੇ ਖ਼ਿਲਾਫ਼ ‘ਮਾਦੀਆਂ ਨੂੰ ਪਰੇਰੇਗਾ ਜਿਹੜੇ ਚਾਂਦੀ ਦੀ ਪਰਵਾਹ ਨਹੀਂ ਕਰਦੇ, ਨਾ ਸੋਨੇ ਤੋਂ ਖ਼ੁਸ਼ ਹੁੰਦੇ ਹਨ। ਉਨ੍ਹਾਂ ਦੇ ਧਣੁਖ ਜੁਆਨਾਂ ਦੇ ਕੁਤਰੇ ਕਰਨਗੇ।’ (ਯਸਾ 13:17-19; 21:2) ਸ਼ਬਦ “ਮਾਦੀ” ਵਿਚ ਫ਼ਾਰਸੀ ਵੀ ਸ਼ਾਮਲ ਹਨ, ਪੁਰਾਣੇ ਯੂਨਾਨੀ ਇਤਿਹਾਸਕਾਰ ਮਾਦੀ ਅਤੇ ਫ਼ਾਰਸੀ ਦੋਨਾਂ ਲਈ ਇਹ ਸ਼ਬਦ ਆਮ ਵਰਤਦੇ ਸਨ। ਉਨ੍ਹਾਂ ਦੇ ਚਾਂਦੀ ਅਤੇ ਸੋਨੇ ਨੂੰ ਰੱਦਣ ਤੋਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਬਾਬਲ ਦੇ ਮਾਮਲੇ ਵਿਚ ਜਿੱਤ ਹਾਸਲ ਕਰਨਾ ਉਨ੍ਹਾਂ ਦਾ ਮੁੱਖ ਮਕਸਦ ਸੀ, ਨਾ ਕਿ ਲੁੱਟਣਾ। ਉਨ੍ਹਾਂ ਨੇ ਰਿਸ਼ਵਤ ਜਾਂ ਤੋਹਫ਼ੇ ਦੀ ਪੇਸ਼ਕਸ਼ ਕਬੂਲ ਨਹੀਂ ਕੀਤੀ ਤਾਂਕਿ ਕੋਈ ਉਨ੍ਹਾਂ ਨੂੰ ਖ਼ਰੀਦ ਕੇ ਉਨ੍ਹਾਂ ਦੇ ਮਕਸਦ ਤੋਂ ਹਿਲਾ ਨਾ ਸਕੇ। ਫ਼ਾਰਸੀਆਂ ਦੀ ਤਰ੍ਹਾਂ ਮਾਦੀ ਵੀ ਕਮਾਨ ਨੂੰ ਮੁੱਖ ਔਜ਼ਾਰ ਵਜੋਂ ਵਰਤਦੇ ਸੀ। ਲੱਕੜ ਦੇ ਧਣੁਖਾਂ ਉੱਤੇ ਕਦੇ-ਕਦੇ ਪਿੱਤਲ ਜਾਂ ਤਾਂਬਾ (ਜ਼ਬੂ 18:34 ਵਿਚ ਨੁਕਤਾ ਦੇਖੋ) ਚੜ੍ਹਾਇਆ ਜਾਂਦਾ ਸੀ ਤਾਂਕਿ ਉਹ ਤੀਰਾਂ ਦੀ ਵਾਛੜ ਕਰ ਕੇ ‘ਬਾਬਲ ਦੇ ਜੁਆਨਾਂ ਦੇ ਕੁਤਰੇ ਕਰ’ ਸਕਣ। ਇਨ੍ਹਾਂ ਤੀਰਾਂ ਨੂੰ ਇਸ ਤਰ੍ਹਾਂ ਤਿੱਖਾ ਕੀਤਾ ਜਾਂਦਾ ਸੀ ਤਾਂਕਿ ਇਹ ਧੁਰ ਅੰਦਰ ਤਕ ਖੁੱਭ ਸਕਣ।—ਯਿਰ 51:11.
ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਯਿਰਮਿਯਾਹ (51:11, 28) ਨੇ “ਮਾਦੀ ਪਾਤਸ਼ਾਹਾਂ” ਦਾ ਜ਼ਿਕਰ ਉਨ੍ਹਾਂ ਵਿਚ ਕੀਤਾ ਜੋ ਬਾਬਲ ʼਤੇ ਹਮਲਾ ਕਰਨਗੇ। ਬਹੁ-ਵਚਨ ਇਸਤੇਮਾਲ ਕੀਤੇ ਜਾਣ ਤੋਂ ਪਤਾ ਲੱਗਦਾ ਹੈ ਕਿ ਖੋਰੁਸ ਦੇ ਰਾਜ ਦੌਰਾਨ, ਮਾਦੀ ਰਾਜਾ ਜਾਂ ਰਾਜੇ ਉਸ ਦੇ ਅਧੀਨ ਰਹੇ ਹੋਣਗੇ। ਪੁਰਾਣੇ ਸਮਿਆਂ ਵਿਚ ਇਸ ਤਰ੍ਹਾਂ ਹੋਣਾ ਆਮ ਨਹੀਂ ਸੀ। (ਯਿਰ 25:25 ਵਿਚ ਨੁਕਤਾ ਵੀ ਦੇਖੋ।) ਜਦੋਂ ਮਾਦੀਆਂ, ਫ਼ਾਰਸੀਆਂ, ਏਲਾਮੀ ਅਤੇ ਨਾਲ ਦੀਆਂ ਕੌਮਾਂ ਨੇ ਰਲ਼ ਕੇ ਬਾਬਲ ਉੱਤੇ ਕਬਜ਼ਾ ਕੀਤਾ ਸੀ, ਤਾਂ ਦਾਰਾ ਮਾਦੀ ਨੂੰ “ਕਸਦੀਆਂ ਦੇ ਰਾਜ ਉੱਤੇ ਠਹਿਰਾਇਆ” ਗਿਆ ਸੀ। ਸ਼ਾਇਦ ਉਸ ਨੂੰ ਫ਼ਾਰਸ ਦੇ ਰਾਜਾ ਖੋਰੁਸ ਨੇ ਨਿਯੁਕਤ ਕੀਤਾ ਸੀ।—ਦਾਨੀ 5:31; 9:1; DARIUS ਨੰ. 1 ਦੇਖੋ।
(ਯਿਰਮਿਯਾਹ 51:30) ਬਾਬਲ ਦਿਆਂ ਸੂਰਮਿਆਂ ਨੇ ਲੜਨਾ ਛੱਡ ਦਿੱਤਾ ਹੈ, ਓਹ ਆਪਣੇ ਗੜ੍ਹਾਂ ਵਿੱਚ ਰਹਿੰਦੇ ਹਨ, ਓਹਨਾਂ ਦੀ ਸੂਰਮਤਾਈ ਘਟ ਗਈ ਹੈ, ਓਹ ਤੀਵੀਆਂ ਵਾਂਙੁ ਹੋ ਗਏ, ਉਸ ਦੇ ਵਾਸ ਸੜ ਗਏ, ਉਸ ਦੇ ਅਰਲ ਤੋੜੇ ਗਏ।
it-2 459 ਪੈਰਾ 4
ਨਬੋਨਾਈਡਸ
ਦਿਲਚਸਪੀ ਦੀ ਗੱਲ ਹੈ ਕਿ ਜਿਸ ਰਾਤ ਬਾਬਲ ਦਾ ਨਾਸ਼ ਹੋਇਆ ਉਸ ਬਾਰੇ ਇਤਿਹਾਸ ਦੱਸਦਾ ਹੈ: “ਫ਼ਾਰਸ ਦੀ ਸੈਨਾ ਯੁੱਧ ਕੀਤੇ ਬਿਨਾਂ ਬਾਬਲ ਵਿਚ ਦਾਖ਼ਲ ਹੋ ਗਈ।” ਇਸ ਦਾ ਮਤਲਬ ਹੈ ਲੜਾਈ ਕੀਤੇ ਬਿਨਾਂ ਦਾਖ਼ਲ ਹੋ ਗਈ। ਇਹ ਗੱਲ ਯਿਰਮਿਯਾਹ ਦੀ ਭਵਿੱਖਬਾਣੀ ਨਾਲ ਮੇਲ ਖਾਂਦੀ ਹੈ ਕਿ ‘ਬਾਬਲ ਦੇ ਸੂਰਮੇ ਲੜਨਾ ਛੱਡ ਦੇਣਗੇ।’—ਯਿਰ 51:30.
(ਯਿਰਮਿਯਾਹ 51:37) ਬਾਬਲ ਥੇਹ ਹੋ ਜਾਵੇਗਾ, ਉਹ ਗਿੱਦੜਾਂ ਦੀ ਖੋਹ ਹੋਵੇਗਾ, ਉਹ ਹੈਰਾਨੀ ਅਤੇ ਸੂੰ ਸੂੰ ਦਾ ਕਾਰਨ ਹੋਵੇਗਾ, ਉੱਥੇ ਕੋਈ ਨਾ ਵੱਸੇਗਾ।
(ਯਿਰਮਿਯਾਹ 51:62) ਤਾਂ ਤੂੰ ਆਖੀਂ, ਹੇ ਯਹੋਵਾਹ, ਤੂੰ ਏਸ ਅਸਥਾਨ ਦੀ ਬਰਬਾਦੀ ਲਈ ਗੱਲ ਕੀਤੀ ਸੀ ਭਈ ਏਹ ਦੇ ਵਿੱਚ ਕੋਈ ਨਾ ਵੱਸੇਗਾ ਆਦਮੀ ਤੋਂ ਡੰਗਰ ਤੀਕ, ਕਿਉਂ ਜੋ ਏਹ ਸਦਾ ਲਈ ਵਿਰਾਨ ਹੋਵੇਗਾ।
it-1 237 ਪੈਰਾ 1
ਬਾਬਲ
539 ਈ. ਪੂ. ਤੋਂ ਬਾਬਲ ਦੀ ਤਾਕਤ ਘਟਣ ਦੇ ਨਾਲ-ਨਾਲ ਉਸ ਦੀ ਸ਼ਾਨ ਵੀ ਘਟਣੀ ਸ਼ੁਰੂ ਹੋ ਗਈ। ਇਸ ਸ਼ਹਿਰ ਨੇ ਦੋ ਵਾਰ ਫਾਰਸੀ ਰਾਜੇ ਦਾਰਾ ਪਹਿਲੇ (ਹਿੱਸਟੈਸਪਸ) ਦੇ ਖ਼ਿਲਾਫ਼ ਬਗਾਵਤ ਕੀਤੀ ਅਤੇ ਦੂਜੀ ਵਾਰ ਇਸ ਨੂੰ ਖ਼ਤਮ ਕਰ ਦਿੱਤਾ ਗਿਆ। ਜਦੋਂ ਸ਼ਹਿਰ ਅੱਧਾ ਉਸਾਰਿਆ ਹੋਇਆ ਸੀ, ਤਾਂ ਲੋਕਾਂ ਨੇ ਜ਼ਰਕਸੀਜ਼ ਪਹਿਲੇ ਦੇ ਖ਼ਿਲਾਫ਼ ਬਗਾਵਤ ਕੀਤੀ, ਪਰ ਸ਼ਹਿਰ ਨੂੰ ਲੁੱਟ ਲਿਆ ਗਿਆ। ਸਿਕੰਦਰ ਮਹਾਨ ਬਾਬਲ ਨੂੰ ਆਪਣੀ ਰਾਜਧਾਨੀ ਬਣਾਉਣੀ ਚਾਹੁੰਦਾ ਸੀ, ਪਰ 323 ਈ. ਪੂ. ਵਿਚ ਅਚਾਨਕ ਉਸ ਦੀ ਮੌਤ ਹੋ ਗਈ। ਨਿਕੇਟਰ ਨੇ 312 ਈ. ਪੂ. ਵਿਚ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਅਤੇ ਉਹ ਬਾਬਲ ਦੇ ਜ਼ਿਆਦਾਤਰ ਖ਼ਜ਼ਾਨਿਆਂ ਨੂੰ ਟਾਈਗ੍ਰਿਸ ਦੇ ਕਿਨਾਰਿਆਂ ʼਤੇ ਗਿਆ ਤਾਂਕਿ ਉਹ ਸਿਲੂਕੀਆ ਨੂੰ ਆਪਣੀ ਨਵੀਂ ਰਾਜਧਾਨੀ ਬਣਾ ਸਕੇ। ਪਰ ਪਹਿਲੀ ਸਦੀ ਤਕ ਇਹ ਸ਼ਹਿਰ ਅਤੇ ਇਸ ਵਿਚ ਯਹੂਦੀ ਰਹਿੰਦੇ ਸਨ। ਇਸ ਲਈ ਪਤਰਸ ਰਸੂਲ ਬਾਬਲ ਗਿਆ ਜਿੱਦਾਂ ਅਸੀਂ ਉਸ ਦੀ ਚਿੱਠੀ ਵਿਚ ਪੜ੍ਹਦੇ ਹਾਂ। (1 ਪਤ 5:13) ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਬਾਬਲ ਵਿਚ ਬੇਲ ਦਾ ਮੰਦਰ 75 ਈ. ਤਕ ਰਿਹਾ ਸੀ। ਚੌਥੀ ਸਦੀ ਈ. ਤਕ ਸ਼ਹਿਰ ਖੰਡਰ ਬਣ ਚੁੱਕਾ ਸੀ ਅਤੇ ਆਖ਼ਰ ਇਸ ਦੀ ਹੋਂਦ ਖ਼ਤਮ ਹੋ ਗਈ। ਇਹ “ਥੇਹ” ਹੋ ਚੁੱਕਾ ਸੀ।—ਯਿਰ 51:37.
ਹੀਰੇ-ਮੋਤੀਆਂ ਦੀ ਖੋਜ ਕਰੋ
(ਯਿਰਮਿਯਾਹ 51:25) ਵੇਖ, ਹੇ ਨਾਸ ਕਰਨ ਵਾਲੇ ਪਹਾੜ, ਮੈਂ ਤੇਰੇ ਵਿਰੁੱਧ ਹਾਂ, ਯਹੋਵਾਹ ਦਾ ਵਾਕ ਹੈ, ਜਿਸ ਨੇ ਸਾਰੀ ਧਰਤੀ ਨੂੰ ਨਾਸ ਕਰ ਦਿੱਤਾ ਹੈ, ਮੈਂ ਤੇਰੇ ਵਿਰੁੱਧ ਆਪਣੇ ਹੱਥ ਪਸਾਰਾਂਗਾ, ਅਤੇ ਤੈਨੂੰ ਚਟਾਨਾਂ ਵਿੱਚੋਂ ਰੇੜ੍ਹ ਦਿਆਂਗਾ, ਤੈਨੂੰ ਬਲਿਆ ਹੋਇਆ ਪਹਾੜ ਬਣਾ ਦਿਆਂਗਾ।
it-2 444 ਪੈਰਾ 9
ਪਹਾੜ
ਸਰਕਾਰਾਂ ਨੂੰ ਦਰਸਾਉਂਦੇ। ਬਾਈਬਲ ਦੀ ਭਾਸ਼ਾ ਵਿਚ ਪਹਾੜ ਹਕੂਮਤਾਂ ਜਾਂ ਸਰਕਾਰਾਂ ਨੂੰ ਦਰਸਾਉਂਦੇ ਹਨ। (ਦਾਨੀ 2:35, 44, 45; ਯਸਾ 41:15 ਵਿਚ ਨੁਕਤਾ ਦੇਖੋ; ਪ੍ਰਕਾ 17:9-11, 18.) ਬਾਬਲ ਨੇ ਜਿੱਤਾਂ ਹਾਸਲ ਕਰ ਕੇ ਬਾਕੀ ਦੇਸ਼ਾਂ ਨੂੰ ਨਾਸ਼ ਕਰ ਦਿੱਤਾ, ਇਸ ਲਈ ਉਸ ਨੂੰ ‘ਨਾਸ਼ ਕਰਨ ਵਾਲਾ ਪਹਾੜ’ ਕਿਹਾ ਗਿਆ ਹੈ। (ਯਿਰ 51:24, 25) ਜ਼ਬੂਰ ਵਿਚ ਦੁਸ਼ਮਣ ਆਦਮੀਆਂ ਦੇ ਵਿਰੁੱਧ ਯਹੋਵਾਹ ਦੇ ਕੰਮਾਂ ਬਾਰੇ ਦੱਸਿਆ ਗਿਆ ਹੈ ਜਿਸ ਵਿਚ ਯਹੋਵਾਹ ਨੂੰ “ਸ਼ਿਕਾਰ ਦੇ ਪਹਾੜਾਂ ਨਾਲੋਂ ਤੇਜਵਾਨ ਅਤੇ ਉੱਤਮ” ਦੱਸਿਆ ਗਿਆ ਹੈ। (ਜ਼ਬੂ 76:4) “ਸ਼ਿਕਾਰ ਦੇ ਪਹਾੜਾਂ” ਨੂੰ ਹਮਲਾਵਰ ਹਕੂਮਤਾਂ ਵਜੋਂ ਦਰਸਾਇਆ ਗਿਆ ਹੈ। (ਨਹੂ 2:11-13 ਵਿਚ ਨੁਕਤਾ ਦੇਖੋ।) ਯਹੋਵਾਹ ਬਾਰੇ ਦਾਊਦ ਨੇ ਕਿਹਾ: “ਤੈਂ ਆਪਣੀ ਕਿਰਪਾ ਦੇ ਨਾਲ ਮੇਰੇ ਪਹਾੜ ਨੂੰ ਇਸਥਿਰ ਰੱਖਿਆ।” ਸ਼ਾਇਦ ਇਸ ਦਾ ਮਤਲਬ ਇਹ ਸੀ ਕਿ ਯਹੋਵਾਹ ਨੇ ਦਾਊਦ ਦੇ ਰਾਜ ਨੂੰ ਉੱਚਾ ਕੀਤਾ ਅਤੇ ਪੱਕੇ ਤੌਰ ਤੇ ਕਾਇਮ ਕੀਤਾ ਸੀ। (ਜ਼ਬੂ 30:7; 2 ਸਮੂ 5:12 ਵਿਚ ਨੁਕਤਾ ਦੇਖੋ।) ਪਹਾੜਾਂ ਨੂੰ ਹਕੂਮਤਾਂ ਵਜੋਂ ਦਰਸਾਇਆ ਗਿਆ ਹੈ। ਪ੍ਰਕਾਸ਼ ਦੀ ਕਿਤਾਬ 8:8 ਵਿਚ ਦੱਸੀ ਗੱਲ ਇਸ ਦੀ ਅਹਿਮੀਅਤ ਸਮਝਾਉਂਦੀ ਹੈ। ਇਸ ਵਿਚ ਇਨ੍ਹਾਂ ਨੂੰ “ਬਲ਼ਦੇ ਹੋਏ ਵੱਡੇ ਸਾਰੇ ਪਹਾੜ ਵਰਗੀ ਕੋਈ ਚੀਜ਼” ਕਿਹਾ ਗਿਆ ਹੈ। ਇਨ੍ਹਾਂ ਨੂੰ ਬਲ਼ਦੇ ਪਹਾੜ ਵਾਂਗ ਕਹਿਣ ਤੋਂ ਪਤਾ ਲੱਗਦਾ ਹੈ ਕਿ ਇਹ ਅਜਿਹੀ ਹਕੂਮਤ ਹੈ ਜੋ ਅੱਗ ਵਾਂਗ ਨਾਸ਼ਵਾਨ ਹੈ।
(ਯਿਰਮਿਯਾਹ 51:42) ਬਾਬਲ ਉੱਤੇ ਸਮੁੰਦਰ ਚੜ੍ਹ ਗਿਆ, ਉਹ ਉਸ ਦੀਆਂ ਠਾਠਾਂ ਦੀ ਵਾਫ਼ਰੀ ਨਾਲ ਕੱਜਿਆ ਗਿਆ।
it-2 882 ਪੈਰਾ 3
ਸਮੁੰਦਰ
ਵੱਡੀ ਸੈਨਾ। ਯਿਰਮਿਯਾਹ ਨੇ ਬਾਬਲ ʼਤੇ ਹਮਲਾ ਕਰਨ ਵਾਲਿਆਂ ਦੀਆਂ ਆਵਾਜ਼ਾਂ ਨੂੰ “ਸਮੁੰਦਰ ਵਾਂਗ ਗੱਜਦੀ” ਕਿਹਾ। (ਯਿਰ 50:42) ਇਸ ਕਰਕੇ ਜਦੋਂ ਉਸ ਨੇ ਭਵਿੱਖਬਾਣੀ ਕੀਤੀ ਕਿ ਬਾਬਲ ਉੱਤੇ “ਸਮੁੰਦਰ” ਚੜ੍ਹ ਆਵੇਗਾ, ਉਸ ਦਾ ਮਤਲਬ ਮਾਦੀਆਂ ਅਤੇ ਫ਼ਾਰਸੀਆਂ ਅਧੀਨ ਹਮਲਾ ਕਰਨ ਵਾਲੀਆਂ ਫ਼ੌਜਾਂ ਦਾ ਹੜ੍ਹ ਸੀ।—ਯਿਰ 51:42; ਦਾਨੀ 9:26 ਵਿਚ ਨੁਕਤਾ ਦੇਖੋ।
ਬਾਈਬਲ ਪੜ੍ਹਾਈ
(ਯਿਰਮਿਯਾਹ 51:1-11) ਯਹੋਵਾਹ ਐਉਂ ਫ਼ਰਮਾਉਂਦਾ ਹੈ, — ਵੇਖ, ਮੈਂ ਇੱਕ ਨਾਸ ਕਰਨ ਵਾਲੀ ਹਵਾ ਚਲਾਵਾਂਗਾ, ਬਾਬਲ ਦੇ ਵਿਰੁੱਧ, ਲੇਬ-ਕਾਮਾਈ ਦੇ ਵਿਰੁੱਧ। 2 ਮੈਂ ਬਾਬਲ ਲਈ ਉਡਾਵੇ ਘੱਲਾਂਗਾ, ਓਹ ਉਸ ਨੂੰ ਉਡਾਉਣਗੇ, ਓਹ ਦੇਸ ਨੂੰ ਸੱਖਣਾ ਕਰਨਗੇ, ਜਦ ਓਹ ਆਲਿਓਂ ਦੁਆਲਿਓਂ ਉਸ ਦੇ ਵਿਰੁੱਧ, ਉਸ ਦੀ ਬਿਪਤਾ ਦੇ ਦਿਨ ਹੋਣਗੇ। 3 ਤੀਰੰਦਾਜ਼ ਆਪਣਾ ਧਣੁਖ ਤੀਰੰਦਾਜ਼ ਦੇ ਵਿਰੁੱਧ ਚੜ੍ਹਾਵੇ, ਅਤੇ ਉਸ ਦੇ ਵਿਰੁੱਧ ਜੋ ਆਪਣੇ ਆਪ ਨੂੰ ਸੰਜੋ ਵਿੱਚ ਚੁੱਕਦਾ ਹੈ, ਤੁਸੀਂ ਉਸ ਦੇ ਜੁਆਨਾਂ ਦਾ ਸਰਫ਼ਾ ਨਾ ਕਰੋ, ਉਸ ਦੀ ਸਾਰੀ ਸੈਨਾ ਦਾ ਸੱਤਿਆ ਨਾਸ ਕਰ ਦਿਓ! 4 ਓਹ ਮਾਰੇ ਜਾ ਕੇ ਕਸਦੀਆਂ ਦੇ ਦੇਸ ਵਿੱਚ ਡਿੱਗਣਗੇ, ਵਿਨ੍ਹੇ ਹੋਏ ਉਸ ਦੀਆਂ ਗਲੀਆਂ ਵਿੱਚ। 5 ਕਿਉਂ ਜੋ ਇਸਰਾਏਲ ਅਰ ਯਹੂਦਾਹ, ਸੈਨਾਂ ਦੇ ਯਹੋਵਾਹ ਆਪਣੇ ਪਰਮੇਸ਼ੁਰ ਵੱਲੋਂ ਤਿਆਗੇ ਨਾ ਗਏ, ਭਾਵੇਂ ਓਹਨਾਂ ਦਾ ਦੇਸ ਇਸਰਾਏਲ ਦੇ ਪਵਿੱਤਰ ਪੁਰਖ ਦੇ ਅੱਗੇ ਦੋਸ਼ ਨਾਲ ਭਰਿਆ ਹੋਇਆ ਹੈ। 6 ਬਾਬਲ ਦੇ ਵਿਚਕਾਰੋਂ ਨੱਠੋ, ਹਰੇਕ ਮਨੁੱਖ ਆਪਣੀ ਜਾਨ ਬਚਾਵੇ! ਉਸ ਦੀ ਬਦੀ ਵਿੱਚ ਮਾਰੇ ਨਾ ਜਾਓ, ਕਿਉਂ ਜੋ ਏਹ ਯਹੋਵਾਹ ਦੇ ਬਦਲੇ ਦਾ ਵੇਲਾ ਹੈ, ਉਹ ਉਸ ਨੂੰ ਵੱਟਾ ਦੇਵੇਗਾ। 7 ਬਾਬਲ ਯਹੋਵਾਹ ਦੇ ਹੱਥ ਵਿੱਚ ਇੱਕ ਸੋਨੇ ਦਾ ਕਟੋਰਾ ਸੀ, ਜਿਸ ਸਾਰੀ ਧਰਤੀ ਨੂੰ ਨਸ਼ਈ ਕੀਤਾ, ਕੌਮਾਂ ਨੇ ਉਸ ਦੀ ਮਧ ਪੀਤੀ ਏਸ ਲਈ ਕੌਮਾਂ ਖੀਵੀਆਂ ਹੋ ਗਈਆਂ। 8 ਬਾਬਲ ਮਲਕੜੇ ਡਿੱਗ ਪਿਆ ਅਤੇ ਭੰਨਿਆ ਤੋੜਿਆ ਗਿਆ, ਉਸ ਦੇ ਉੱਤੇ ਰੋਵੋ! ਉਸ ਦੇ ਦੁਖ ਲਈ ਬਲਸਾਨ ਲਓ, ਸ਼ਾਇਦ ਉਹ ਚੰਗਾ ਹੋ ਜਾਵੇ। 9 ਅਸੀਂ ਤਾਂ ਬਾਬਲ ਨੂੰ ਚੰਗਾ ਕਰਨਾ ਚਾਹੁੰਦੇ ਸਾਂ, ਪਰ ਉਹ ਚੰਗਾ ਨਾ ਹੋਇਆ। ਤੁਸੀਂ ਉਸ ਨੂੰ ਛੱਡੋ, ਆਓ, ਅਸੀਂ ਹਰੇਕ ਆਪਣੇ ਦੇਸ ਨੂੰ ਤੁਰ ਚੱਲੀਏ, ਕਿਉਂ ਜੋ ਉਸ ਦਾ ਨਿਆਉਂ ਅਕਾਸ਼ ਦੇ ਨੇੜੇ ਅੱਪੜਿਆ, ਅਤੇ ਬੱਦਲਾਂ ਤੀਕ ਉੱਠ ਗਿਆ ਹੈ। 10 ਯਹੋਵਾਹ ਨੇ ਸਾਡੇ ਧਰਮ ਨੂੰ ਪਰਗਟ ਕੀਤਾ ਹੈ, ਆਓ, ਸੀਯੋਨ ਵਿੱਚ ਯਹੋਵਾਹ ਆਪਣੇ ਪਰਮੇਸ਼ੁਰ ਦੇ ਕੰਮ ਦਾ ਵਰਨਣ ਕਰੀਏ। 11 ਤੀਰਾਂ ਨੂੰ ਤਿੱਖਾ ਕਰੋ, ਢਾਲਾਂ ਨੂੰ ਤਕੜਾਈ ਨਾਲ ਫੜੋ! ਯਹੋਵਾਹ ਨੇ ਮਾਦੀ ਪਾਤਸ਼ਾਹਾਂ ਦੀ ਰੂਹ ਨੂੰ ਪਰੇਰਿਆ ਹੈ, ਕਿਉਂ ਜੋ ਉਸ ਦਾ ਪਰੋਜਨ ਬਾਬਲ ਦੇ ਉਜਾੜ ਦੇਣ ਦਾ ਹੈ, ਏਹ ਯਹੋਵਾਹ ਦਾ ਬਦਲਾ, ਹਾਂ, ਉਹ ਦੀ ਹੈਕਲ ਦਾ ਬਦਲਾ ਹੈ!
12-18 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ | ਵਿਰਲਾਪ 1-5
“ਉਡੀਕ ਕਰਨ ਨਾਲ ਸਾਡੀ ਧੀਰਜ ਰੱਖਣ ਵਿਚ ਮਦਦ ਹੁੰਦੀ ਹੈ”
(ਵਿਰਲਾਪ 3:20, 21) ਮੇਰਾ ਮਨ ਏਹ ਚੇਤੇ ਕਰਦਿਆਂ ਕਰਦਿਆਂ, ਮੇਰੇ ਅੰਦਰ ਲਿਫ ਗਿਆ ਹੈ। 21 ਏਹ ਮੈਂ ਆਪਣੇ ਦਿਲ ਨਾਲ ਸਿੰਮਰਦਾ ਹਾਂ, ਏਸ ਲਈ ਮੈਨੂੰ ਆਸਾ ਹੈ।
(ਵਿਰਲਾਪ 3:24) ਯਹੋਵਾਹ ਮੇਰਾ ਹਿੱਸਾ ਹੈ, ਮੇਰੀ ਜਾਨ ਕਹਿੰਦੀ ਹੈ, ਏਸ ਲਈ ਮੈਨੂੰ ਉਸ ਦੇ ਉੱਤੇ ਆਸਾ ਹੈ।
“ਮੇਰਾ ਮਨ . . . ਮੇਰੇ ਅੰਦਰ ਲਿਫ ਗਿਆ ਹੈ”
ਦੁੱਖਾਂ ਦੇ ਬਾਵਜੂਦ ਵੀ ਯਿਰਮਿਯਾਹ ਨੂੰ ਉਮੀਦ ਸੀ। ਉਸ ਨੇ ਯਹੋਵਾਹ ਨੂੰ ਉੱਚੀ ਆਵਾਜ਼ ਵਿਚ ਕਿਹਾ: “ਮੇਰਾ ਮਨ ਏਹ ਚੇਤੇ ਕਰਦਿਆਂ ਕਰਦਿਆਂ ਮੇਰੇ ਅੰਦਰ ਲਿਫ ਗਿਆ ਹੈ।” (ਆਇਤ 20) ਯਿਰਮਿਯਾਹ ਨੂੰ ਕੋਈ ਸ਼ੱਕ ਨਹੀਂ ਸੀ। ਉਸ ਨੂੰ ਪਤਾ ਸੀ ਕਿ ਯਹੋਵਾਹ ਨਾ ਤਾਂ ਉਸ ਨੂੰ ਤੇ ਨਾ ਹੀ ਆਪਣੇ ਉਨ੍ਹਾਂ ਲੋਕਾਂ ਨੂੰ ਭੁੱਲੇਗਾ ਜੋ ਪਛਤਾਵਾ ਕਰਦੇ ਹਨ। ਤਾਂ ਫਿਰ ਸਰਬਸ਼ਕਤੀਮਾਨ ਪਰਮੇਸ਼ੁਰ ਨੇ ਕੀ ਕਰਨਾ ਸੀ?—ਪ੍ਰਕਾਸ਼ ਦੀ ਕਿਤਾਬ 15:3.
ਯਿਰਮਿਯਾਹ ਨੂੰ ਪੱਕਾ ਪਤਾ ਸੀ ਕਿ ਯਹੋਵਾਹ ਉਨ੍ਹਾਂ ਵੱਲ “ਲਿਫ” ਜਾਵੇਗਾ ਜੋ ਸੱਚਾ ਪਛਤਾਵਾ ਦਿਖਾਉਂਦੇ ਹਨ। ਇਕ ਹੋਰ ਤਰਜਮਾ ਕਹਿੰਦਾ ਹੈ: “ਯਾਦ ਕਰ ਅਤੇ ਮੇਰੇ ਵਲ ਝੁਕ।” ਇਨ੍ਹਾਂ ਸ਼ਬਦਾਂ ਨਾਲ ਸਾਡੇ ਮਨ ਵਿਚ ਇਕ ਦਇਆ ਭਰੀ ਤਸਵੀਰ ਬਣਦੀ ਹੈ। “ਸਾਰੀ ਧਰਤੀ ਉੱਤੇ ਅੱਤ ਮਹਾਨ” ਯਹੋਵਾਹ ਗੱਲ ਕਰਨ ਲਈ ਅਤੇ ਆਪਣੇ ਭਗਤਾਂ ਨੂੰ ਉਨ੍ਹਾਂ ਦੀ ਮਾੜੀ ਹਾਲਤ ਵਿੱਚੋਂ ਬਾਹਰ ਕੱਢਣ ਲਈ ਝੁਕਦਾ ਹੈ ਤਾਂਕਿ ਉਹ ਉਸ ਦੀ ਮਿਹਰ ਫਿਰ ਤੋਂ ਪਾ ਸਕਣ। (ਜ਼ਬੂਰ 83:18) ਇਸ ਉਮੀਦ ਕਰਕੇ ਯਿਰਮਿਯਾਹ ਦੇ ਜ਼ਖ਼ਮੀ ਦਿਲ ਨੂੰ ਸੱਚਾ ਦਿਲਾਸਾ ਮਿਲਿਆ। ਵਫ਼ਾਦਾਰ ਨਬੀ ਨੇ ਪੱਕਾ ਇਰਾਦਾ ਕੀਤਾ ਸੀ ਕਿ ਜਦ ਤਕ ਯਹੋਵਾਹ ਦਾ ਆਪਣੇ ਲੋਕਾਂ ਨੂੰ ਛੁਡਾਉਣ ਦਾ ਸਮਾਂ ਨਹੀਂ ਆ ਜਾਂਦਾ, ਉਹ ਧੀਰਜ ਨਾਲ ਇੰਤਜ਼ਾਰ ਕਰੇਗਾ।—ਆਇਤ 21.
ਯਹੋਵਾਹ ਮੇਰਾ ਹਿੱਸਾ ਹੈ
8 ਇਕ ਗੋਤ ਵਜੋਂ ਲੇਵੀਆਂ ਨੇ ਯਹੋਵਾਹ ਨੂੰ ਆਪਣਾ ਹਿੱਸਾ ਬਣਾਉਣਾ ਸੀ। ਧਿਆਨ ਦਿਓ ਕਿ ਹਰ ਲੇਵੀ ਇਹੀ ਗੱਲ ਕਹਿੰਦਾ ਸੀ: “ਯਹੋਵਾਹ ਮੇਰਾ ਹਿੱਸਾ ਹੈ।” ਇਸ ਤੋਂ ਉਨ੍ਹਾਂ ਦੀ ਯਹੋਵਾਹ ਪ੍ਰਤੀ ਸ਼ਰਧਾ ਜ਼ਾਹਰ ਹੁੰਦੀ ਸੀ। (ਵਿਰ. 3:24) ਬਾਈਬਲ ਇਕ ਅਜਿਹੇ ਹੀ ਲੇਵੀ ਬਾਰੇ ਦੱਸਦੀ ਹੈ ਜੋ ਗਾਇਕ ਹੋਣ ਦੇ ਨਾਲ-ਨਾਲ ਇਕ ਗੀਤਕਾਰ ਵੀ ਸੀ। ਅਸੀਂ ਉਸ ਨੂੰ ਆਸਾਫ਼ ਦੇ ਨਾਂ ਨਾਲ ਬੁਲਾਵਾਂਗੇ ਕਿਉਂਕਿ ਸ਼ਾਇਦ ਉਹ ਆਸਾਫ਼ ਦੇ ਘਰਾਣੇ ਦਾ ਹੀ ਇਕ ਮੈਂਬਰ ਸੀ। ਉਸ ਨੇ ਰਾਜਾ ਦਾਊਦ ਦੇ ਜ਼ਮਾਨੇ ਵਿਚ ਗਾਇਕਾਂ ਦੀ ਅਗਵਾਈ ਕੀਤੀ ਸੀ। (1 ਇਤ. 6:31-43) 73ਵੇਂ ਜ਼ਬੂਰ ਵਿਚ ਅਸੀਂ ਪੜ੍ਹਦੇ ਹਾਂ ਕਿ ਆਸਾਫ਼ ਉਦੋਂ ਪਰੇਸ਼ਾਨ ਹੋਇਆ ਜਦੋਂ ਉਸ ਨੇ ਬੁਰੇ ਲੋਕਾਂ ਨੂੰ ਮੌਜ-ਮਸਤੀਆਂ ਕਰਦੇ ਹੋਏ ਦੇਖਿਆ। ਉਸ ਨੇ ਅੱਕ ਕੇ ਆਖਿਆ: “ਸੱਚ ਮੁੱਚ ਮੈਂ ਅਵਿਰਥਾ ਆਪਣੇ ਦਿਲ ਨੂੰ ਸ਼ੁੱਧ ਕੀਤਾ ਹੈ, ਅਤੇ ਨਿਰਮਲਤਾਈ ਵਿੱਚ ਆਪਣੇ ਹੱਥ ਧੋਤੇ ਹਨ।” ਲੱਗਦਾ ਹੈ ਕਿ ਉਹ ਇਹ ਗੱਲ ਭੁੱਲ ਗਿਆ ਕਿ ਯਹੋਵਾਹ ਨੇ ਆਪਣੀ ਸੇਵਾ ਕਰਨ ਦਾ ਉਸ ਨੂੰ ਕਿੰਨਾ ਵੱਡਾ ਸਨਮਾਨ ਬਖ਼ਸ਼ਿਆ ਸੀ। ਨਾਲੇ ਉਸ ਨੇ ਇਸ ਗੱਲ ਦੀ ਵੀ ਕਦਰ ਨਹੀਂ ਕੀਤੀ ਕਿ ਯਹੋਵਾਹ ਉਸ ਦਾ ਹਿੱਸਾ ਸੀ। ਬਾਈਬਲ ਕਹਿੰਦੀ ਹੈ ਕਿ ‘ਜਦ ਤੀਕ ਉਹ ਪਰਮੇਸ਼ੁਰ ਦੇ ਪਵਿੱਤਰ ਅਸਥਾਨ ਵਿੱਚ ਨਾ ਗਿਆ,’ ਤਦ ਤਕ ਉਸ ਦੀ ਨਿਹਚਾ ਡਾਵਾਂ-ਡੋਲ ਰਹੀ।—ਜ਼ਬੂ. 73:2, 3, 12, 13, 17.
(ਵਿਰਲਾਪ 3:26, 27) ਭਲਾ ਹੈ ਕਿ ਮਨੁੱਖ ਚੁੱਪ ਚਾਪ ਯਹੋਵਾਹ ਦੇ ਬਚਾਉ ਲਈ ਆਸਾ ਰੱਖੇ। 27 ਗਭਰੂ ਲਈ ਚੰਗਾ ਹੈ ਕਿ ਆਪਣੀ ਜੁਆਨੀ ਵਿੱਚ ਜੂਲਾ ਚੁੱਕੇ।
ਵਿਰਲਾਪ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
3:21-26, 28-33. ਅਸੀਂ ਡਾਢਾ ਦੁੱਖ ਕਿਵੇਂ ਸਹਿ ਸਕਦੇ ਹਾਂ? ਯਿਰਮਿਯਾਹ ਨੇ ਸਾਨੂੰ ਇਸ ਦਾ ਜਵਾਬ ਦਿੱਤਾ। ਸਾਨੂੰ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਯਹੋਵਾਹ ਦਇਆਵਾਨ ਹੈ। ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਦੀ ਦਇਆ ਬਦੌਲਤ ਹੀ ਅਸੀਂ ਜੀਉਂਦੇ ਹਾਂ। ਇਸ ਲਈ ਸਾਨੂੰ ਆਸ ਨਹੀਂ ਛੱਡਣੀ ਚਾਹੀਦੀ, ਸਗੋਂ ਧੀਰਜ ਨਾਲ ਦੁੱਖਾਂ ਤੋਂ ਛੁਟਕਾਰਾ ਪਾਉਣ ਦੀ ਉਡੀਕ ਕਰਨੀ ਚਾਹੀਦੀ ਹੈ। ਸਾਨੂੰ ਆਪਣੀ ਹਾਲਤ ਬਾਰੇ ਸ਼ਿਕਾਇਤ ਕਰਨ ਦੀ ਬਜਾਇ “ਆਪਣਾ ਮੂੰਹ ਖਾਕ ਉੱਤੇ” ਰੱਖਣਾ ਚਾਹੀਦਾ ਹੈ ਮਤਲਬ ਕਿ ਨਿਮਰ ਹੋ ਕੇ ਦੁੱਖਾਂ ਨੂੰ ਸਹਿਣਾ ਚਾਹੀਦਾ ਹੈ। ਸਾਨੂੰ ਪੱਕੀ ਨਿਹਚਾ ਹੋਣੀ ਚਾਹੀਦਾ ਹੈ ਕਿ ਪਰਮੇਸ਼ੁਰ ਜੋ ਵੀ ਹੋਣ ਦਿੰਦਾ ਹੈ ਉਸ ਦੇ ਪਿੱਛੇ ਚੰਗਾ ਕਾਰਨ ਹੁੰਦਾ ਹੈ।
3:27. ਕਈ ਵਾਰ ਨੌਜਵਾਨਾਂ ਦੀ ਨਿਹਚਾ ਪਰਖੀ ਜਾਂਦੀ ਹੈ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਮੁਸ਼ਕਲਾਂ ਤੇ ਲੋਕਾਂ ਦੀਆਂ ਮਸ਼ਕਰੀਆਂ ਸਹਿਣੀਆਂ ਪੈਣ। ਪਰ “ਗਭਰੂ ਲਈ ਚੰਗਾ ਹੈ ਕਿ ਆਪਣੀ ਜੁਆਨੀ ਵਿੱਚ ਜੂਲਾ ਚੁੱਕੇ।” ਕਿਉਂ? ਕਿਉਂਕਿ ਜਵਾਨੀ ਵਿਚ ਦੁੱਖਾਂ ਦਾ ਜੂਲਾ ਚੁੱਕਣ ਕਰਕੇ ਨੌਜਵਾਨ ਆਪਣੀ ਜ਼ਿੰਦਗੀ ਵਿਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਸਹਿਣ ਲਈ ਤਿਆਰ ਹੋ ਜਾਂਦੇ ਹਨ।
ਹੀਰੇ-ਮੋਤੀਆਂ ਦੀ ਖੋਜ ਕਰੋ
(ਵਿਰਲਾਪ 2:17) ਯਹੋਵਾਹ ਨੇ ਉਹ ਕੀਤਾ ਜਿਹੜਾ ਉਸ ਨੇ ਠਾਣਿਆ ਸੀ, ਉਸ ਨੇ ਆਪਣੇ ਬਚਨ ਨੂੰ ਪੂਰਾ ਕੀਤਾ, ਜਿਹ ਦਾ ਹੁਕਮ ਉਸ ਨੇ ਸਨਾਤਨ ਸਮਿਆਂ ਵਿੱਚ ਦਿੱਤਾ ਸੀ। ਉਸ ਨੇ ਡੇਗ ਦਿੱਤਾ ਅਤੇ ਤਰਸ ਨਾ ਖਾਧਾ, ਉਸ ਨੇ ਤੇਰੇ ਵੈਰੀਆਂ ਨੂੰ ਤੇਰੇ ਉੱਤੇ ਅਨੰਦ ਕਰਾਇਆ, ਉਸ ਨੇ ਤੇਰੇ ਵਿਰੋਧੀਆਂ ਦੇ ਸਿੰਙ ਉੱਚੇ ਕੀਤੇ।
ਵਿਰਲਾਪ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
2:17—ਯਰੂਸ਼ਲਮ ਦੇ ਸੰਬੰਧ ਵਿਚ ਯਹੋਵਾਹ ਨੇ ਆਪਣਾ ਕਿਹੜਾ “ਬਚਨ” ਪੂਰਾ ਕੀਤਾ ਸੀ? ਯਰੂਸ਼ਲਮ ਦੇ ਸੰਬੰਧ ਵਿਚ ਯਹੋਵਾਹ ਨੇ ਆਪਣਾ ਕਿਹੜਾ “ਬਚਨ” ਪੂਰਾ ਕੀਤਾ ਸੀ? ਉਹ ਬਚਨ ਜੋ ਅਸੀਂ ਲੇਵੀਆਂ 26:17 ਵਿਚ ਪੜ੍ਹਦੇ ਹਾਂ: “ਮੈਂ ਆਪਣਾ ਮੂੰਹ ਤੁਹਾਡੇ ਵਿਰੁੱਧ ਰੱਖਾਂਗਾ ਅਤੇ ਤੁਸੀਂ ਆਪਣੇ ਵੈਰੀਆਂ ਦੇ ਅੱਗੇ ਵੱਢੇ ਜਾਓਗੇ ਅਤੇ ਜਿਹੜੇ ਤੁਹਾਡੇ ਨਾਲ ਵੈਰ ਕਰਦੇ ਹਨ ਓਹ ਤੁਹਾਡੇ ਉੱਤੇ ਰਾਜ ਕਰਨਗੇ ਅਤੇ ਭਾਵੇਂ ਕੋਈ ਤੁਹਾਡੇ ਮਗਰ ਨਾ ਲੱਗੇ ਤਾਂ ਭੀ ਤੁਸੀਂ ਭੱਜੋਗੇ।”
(ਵਿਰਲਾਪ 5:7) ਸਾਡੇ ਪੇਵਾਂ ਨੇ ਪਾਪ ਕੀਤਾ ਅਤੇ ਓਹ ਚੱਲ ਵੱਸੇ, ਅਤੇ ਅਸੀਂ ਓਹਨਾਂ ਦੀ ਬਦੀ ਦਾ ਭਾਰ ਚੁੱਕਦੇ ਹਾਂ।
ਵਿਰਲਾਪ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
5:7—ਕੀ ਯਹੋਵਾਹ ਪੜਦਾਦਿਆਂ ਦੇ ਪਾਪ ਦਾ ਲੇਖਾ ਉਨ੍ਹਾਂ ਦੇ ਬੱਚਿਆਂ ਤੋਂ ਲੈਂਦਾ ਹੈ? ਨਹੀਂ, ਯਹੋਵਾਹ ਇਸ ਤਰ੍ਹਾਂ ਨਹੀਂ ਕਰਦਾ। ਬਾਈਬਲ ਵਿਚ ਲਿਖਿਆ ਹੈ: “ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।” (ਰੋਮੀਆਂ 14:12) ਪਰ ਇਹ ਗੱਲ ਸੱਚ ਹੈ ਕਿ ਕਿਸੇ ਦੇ ਪਾਪ ਦਾ ਅਸਰ ਆਉਣ ਵਾਲੀਆਂ ਪੀੜ੍ਹੀਆਂ ਉੱਤੇ ਪੈ ਸਕਦਾ ਹੈ। ਮਿਸਾਲ ਲਈ, ਪ੍ਰਾਚੀਨ ਇਸਰਾਏਲ ਨੇ ਮੂਰਤੀ-ਪੂਜਾ ਕੀਤੀ ਸੀ ਜਿਸ ਕਰਕੇ ਬਾਅਦ ਦੀਆਂ ਪੀੜ੍ਹੀਆਂ ਲਈ ਸਹੀ ਰਾਹ ਤੇ ਚੱਲਣਾ ਮੁਸ਼ਕਲ ਹੋ ਗਿਆ ਸੀ।—ਕੂਚ 20:5.
ਬਾਈਬਲ ਪੜ੍ਹਾਈ
(ਵਿਰਲਾਪ 2:20–3:12) ਹੇ ਯਹੋਵਾਹ, ਵੇਖ! ਜਿਹ ਨੂੰ ਤੈਂ ਇਉਂ ਕੀਤਾ, ਉਹ ਦੇ ਉੱਤੇ ਧਿਆਨ ਦੇਹ! ਕੀ ਤੀਵੀਆਂ ਆਪਣਾ ਫਲ, ਆਪਣੇ ਲਾਡਲੇ ਨਿਆਣੇ ਖਾਣ? ਕੀ ਜਾਜਕ ਅਤੇ ਨਬੀ ਪ੍ਰਭੁ ਦੇ ਪਵਿੱਤ੍ਰ ਅਸਥਾਨ ਵਿੱਚ ਵੱਢੇ ਜਾਣ? 21 ਜੁਆਨ ਅਤੇ ਬੁੱਢਾ ਭੁਞੇਂ ਗਲੀਆਂ ਵਿੱਚ ਪਏ ਹਨ, ਮੇਰੀਆਂ ਕੁਆਰੀਆਂ ਅਤੇ ਮੇਰੇ ਚੁਗਵੇਂ ਤਲਵਾਰ ਨਾਲ ਡਿੱਗ ਪਏ। ਤੈਂ ਓਹਨਾਂ ਨੂੰ ਆਪਣੇ ਕ੍ਰੋਧ ਦੇ ਦਿਨ ਵਿੱਚ ਵੱਢ ਸੁੱਟਿਆ, ਤੈਂ ਕਤਲ ਕਰ ਦਿੱਤਾ, ਤੈਂ ਤਰਸ ਨਾ ਖਾਧਾ! 22 ਤੈਂ ਆਲੇ ਦੁਆਲਿਓਂ ਮੇਰੇ ਹੌਲਾਂ ਨੂੰ ਪਰਬ ਦੇ ਦਿਨ ਵਾਂਙੁ ਬੁਲਾ ਲਿਆ, ਅਤੇ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ ਨਾ ਕੋਈ ਬਚਿਆ ਨਾ ਕੋਈ ਬਾਕੀ ਰਿਹਾ, ਜਿਨ੍ਹਾਂ ਨੂੰ ਮੈਂ ਪਾਲਿਆ ਪੋਸਿਆ, ਓਹਨਾਂ ਨੂੰ ਮੇਰੇ ਵੈਰੀ ਨੇ ਮਾਰ ਮੁਕਾ ਦਿੱਤਾ।
3 ਮੈਂ ਉਹ ਪੁਰਖ ਹਾਂ ਜਿਹ ਨੇ ਉਸ ਦੇ ਡੰਡੇ ਨਾਲ ਕਸ਼ਟ ਵੇਖਿਆ, 2 ਉਸ ਨੇ ਮੈਨੂੰ ਧੱਕ ਦਿੱਤਾ ਅਤੇ ਮੈਨੂੰ ਅਨ੍ਹੇਰੇ ਵਿੱਚ ਤੋਰਿਆ, ਚਾਨਣ ਵਿੱਚ ਨਹੀਂ। 3 ਸੱਚ ਮੁੱਚ ਉਹ ਆਪਣਾ ਹੱਥ ਮੇਰੇ ਵਿਰੁੱਧ ਸਾਰਾ ਦਿਨ ਚੁੱਕੀ ਰੱਖਦਾ ਹੈ!। 4 ਉਸ ਨੇ ਮੇਰੇ ਮਾਸ ਅਤੇ ਮੇਰੇ ਚਮੜੇ ਨੂੰ ਸੁਕਾ ਦਿੱਤਾ, ਉਸ ਨੇ ਮੇਰੀਆਂ ਹੱਡੀਆਂ ਨੂੰ ਭੰਨਿਆ ਤੋੜਿਆ। 5 ਉਸ ਨੇ ਮੇਰੇ ਵਿਰੁੱਧ ਬਣਾਇਆ, ਅਤੇ ਮੈਨੂੰ ਕੁੜੱਤਣ ਅਤੇ ਕਸ਼ਟ ਨਾਲ ਘੇਰ ਲਿਆ। 6 ਉਸ ਨੇ ਮੈਨੂੰ ਅਨ੍ਹੇਰੇ ਥਾਵਾਂ ਵਿੱਚ, ਉਨ੍ਹਾਂ ਵਾਂਙੁ ਜਿਹੜੇ ਚਿਰੋਕਣੇ ਮਰਦੇ ਹਨ ਵਸਾਇਆ। 7 ਉਸ ਨੇ ਮੇਰੇ ਦੁਆਲੇ ਕੰਧ ਫੇਰ ਦਿੱਤੀ, ਕਿ ਮੈਂ ਬਾਹਰ ਨਹੀਂ ਨਿੱਕਲ ਸੱਕਦਾ, ਉਸ ਨੇ ਮੇਰੀਆਂ ਬੇੜੀਆਂ ਭਾਰੀਆਂ ਕਰ ਦਿੱਤੀਆਂ। 8 ਹਾਂ, ਜਦ ਮੈਂ ਦੁਹਾਈ ਦਿੰਦਾ ਤੇ ਚਿੱਲਾਉਂਦਾ ਹਾਂ, ਉਹ ਮੇਰੀ ਪ੍ਰਾਰਥਨਾ ਰੋਕ ਦਿੰਦਾ ਹੈ। 9 ਉਸ ਨੇ ਮੇਰੇ ਰਾਹ ਨੂੰ ਘੜੇ ਹੋਏ ਪੱਥਰਾਂ ਨਾਲ ਬੰਦ ਕੀਤਾ, ਉਸ ਨੇ ਮੇਰੇ ਰਸਤਿਆਂ ਨੂੰ ਟੇਢਾ ਕਰ ਦਿੱਤਾ। 10 ਉਹ ਮੇਰੇ ਲਈ ਛਹਿ ਵਿੱਚ ਬੈਠਾ ਹੋਇਆ ਰਿੱਛ ਹੈ, ਲੁਕੋਂ ਵਿੱਚ ਬਬਰ ਸ਼ੇਰ। 11 ਉਸ ਨੇ ਮੈਨੂੰ ਕੁਰਾਹੇ ਪਾਇਆ, ਮੇਰੀ ਬੋਟੀ ਬੋਟੀ ਕਰ ਕੇ ਮੈਨੂੰ ਬਰਬਾਦ ਕੀਤਾ। 12 ਉਸ ਨੇ ਧਣੁਖ ਖਿੱਚਿਆ, ਅਤੇ ਬਾਣਾਂ ਲਈ ਮੈਨੂੰ ਨਿਸ਼ਾਨੇ ਵਾਂਙੁ ਖੜਾ ਕੀਤਾ।
19-25 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ | ਹਿਜ਼ਕੀਏਲ 1-5
“ਹਿਜ਼ਕੀਏਲ ਨੂੰ ਪਰਮੇਸ਼ੁਰ ਦਾ ਸੰਦੇਸ਼ ਸੁਣਾ ਕੇ ਖ਼ੁਸ਼ੀ ਹੁੰਦੀ ਸੀ”
(ਹਿਜ਼ਕੀਏਲ 2:9–3:2) ਜਦ ਮੈਂ ਡਿੱਠਾ ਤਾਂ ਵੇਖੋ, ਇੱਕ ਹੱਥ ਮੇਰੇ ਵੱਲ ਵਧਾਇਆ ਹੋਇਆ ਹੈ ਅਤੇ ਵੇਖੋ, ਉਸ ਵਿੱਚ ਇੱਕ ਲਪੇਟਵੀਂ-ਪੱਤ੍ਰੀ ਸੀ। 10 ਅਤੇ ਉਹ ਨੇ ਉਸ ਨੂੰ ਮੇਰੇ ਸਾਹਮਣੇ ਵਿਛਾ ਦਿੱਤਾ ਅਤੇ ਉਸ ਦੇ ਵਿੱਚ ਅੰਦਰ ਬਾਹਰ ਲਿਖਿਆ ਹੋਇਆ ਸੀ ਅਤੇ ਉਸ ਦੇ ਵਿੱਚ ਵੈਣ, ਸੋਗ ਅਤੇ ਸਿਆਪਾ ਲਿਖੋ ਹੋਏ ਸਨ।
3 ਫੇਰ ਉਹ ਨੇ ਮੈਨੂੰ ਆਖਿਆ ਕਿ ਹੇ ਆਦਮੀ ਦੇ ਪੁੱਤ੍ਰ, ਜੋ ਕੁਝ ਤੈਨੂੰ ਮਿਲਿਆ ਹੈ ਸੋ ਖਾ। ਇਸ ਲਪੇਟਵੀਂ-ਪੱਤ੍ਰੀ ਨੂੰ ਖਾ ਲੈ ਅਤੇ ਜਾ ਕੇ ਇਸਰਾਏਲ ਦੇ ਘਰਾਣੇ ਨਾਲ ਬੋਲ! 2 ਤਦ ਮੈਂ ਮੂੰਹ ਅੱਡਿਆ ਅਤੇ ਉਹ ਨੇ ਉਹ ਲਪੇਟਵੀਂ-ਪੱਤ੍ਰੀ ਮੈਨੂੰ ਖੁਆ ਦਿੱਤੀ।
ਘਰ-ਘਰ ਪ੍ਰਚਾਰ ਕਰਨ ਵਿਚ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ
6 ਹਿਜ਼ਕੀਏਲ ਦੀ ਪੋਥੀ ਤੋਂ ਸਾਨੂੰ ਇਕ ਹੋਰ ਗੱਲ ਪਤਾ ਲੱਗਦੀ ਹੈ ਜੋ ਦਲੇਰੀ ਨਾਲ ਪ੍ਰਚਾਰ ਕਰਨ ਵਿਚ ਸਾਡੀ ਮਦਦ ਕਰ ਸਕਦੀ ਹੈ। ਇਕ ਦਰਸ਼ਣ ਵਿਚ ਯਹੋਵਾਹ ਨੇ ਹਿਜ਼ਕੀਏਲ ਨੂੰ ਪੱਤਰੀ ਦਿੱਤੀ ਸੀ ਜਿਸ ਦੇ ਦੋਹੀਂ ਪਾਸੀਂ “ਵੈਣ, ਸੋਗ ਅਤੇ ਸਿਆਪਾ” ਲਿਖੇ ਹੋਏ ਸਨ। ਯਹੋਵਾਹ ਨੇ ਉਸ ਨੂੰ ਇਹ ਪੱਤਰੀ ਦਿੰਦੇ ਹੋਏ ਕਿਹਾ: “ਹੇ ਆਦਮੀ ਦੇ ਪੁੱਤ੍ਰ, ਜੋ ਮੈਂ ਤੈਨੂੰ ਦਿੰਦਾ ਹਾਂ ਤੂੰ ਆਪਣੇ ਢਿੱਡ ਨੂੰ ਇਸ ਦੇ ਨਾਲ ਖਿਲਾ ਅਤੇ ਏਸ ਲਪੇਟਵੀਂ-ਪੱਤ੍ਰੀ ਨਾਲ ਆਪਣੀਆਂ ਆਂਦਰਾਂ ਭਰ ਲੈ।” ਇਹ ਪੱਤਰੀ ਖਾਣ ਦਾ ਕੀ ਮਤਲਬ ਸੀ? ਉਸ ਨੇ ਪੱਤਰੀ ਦੇ ਸੰਦੇਸ਼ ਨੂੰ ਆਪਣੇ ਦਿਲੋ-ਦਿਮਾਗ਼ ਵਿਚ ਸਮਾ ਲੈਣਾ ਸੀ ਤੇ ਇਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਣਾ ਸੀ। ਹਿਜ਼ਕੀਏਲ ਨੇ ਅੱਗੇ ਕਿਹਾ: “ਤਦ ਮੈਂ ਇਹ ਨੂੰ ਖਾਧਾ ਅਤੇ ਇਹ ਮੇਰੇ ਮੂੰਹ ਵਿੱਚ ਸ਼ਹਿਦ ਵਾਂਙੁ ਮਿੱਠੀ ਸੀ।” ਪਰਮੇਸ਼ੁਰ ਦਾ ਸੰਦੇਸ਼ ਸੁਣਾਉਣ ਵਿਚ ਉਸ ਨੂੰ ਮਜ਼ਾ ਆ ਰਿਹਾ ਸੀ ਜਿਵੇਂ ਕਿ ਉਹ ਸ਼ਹਿਦ ਖਾਣ ਦਾ ਮਜ਼ਾ ਲੈ ਰਿਹਾ ਹੋਵੇ। ਭਾਵੇਂ ਕਿ ਹਿਜ਼ਕੀਏਲ ਪੱਥਰ-ਦਿਲ ਲੋਕਾਂ ਨੂੰ ਅਜਿਹਾ ਸੰਦੇਸ਼ ਦੇ ਰਿਹਾ ਸੀ ਜੋ ਉਨ੍ਹਾਂ ਨੂੰ ਪਸੰਦ ਨਹੀਂ ਸੀ, ਪਰ ਉਸ ਨੂੰ ਮਾਣ ਸੀ ਕਿ ਉਹ ਯਹੋਵਾਹ ਦੇ ਨਬੀ ਦੇ ਤੌਰ ਤੇ ਉਸ ਦਾ ਕੰਮ ਕਰ ਰਿਹਾ ਸੀ।—ਹਿਜ਼ਕੀਏਲ 2:8–3:4; 3:7-9 ਪੜ੍ਹੋ।
7 ਇਸ ਦਰਸ਼ਣ ਤੋਂ ਯਹੋਵਾਹ ਦੇ ਸੇਵਕ ਅੱਜ ਚੰਗਾ ਸਬਕ ਸਿੱਖ ਸਕਦੇ ਹਨ। ਅਸੀਂ ਵੀ ਲੋਕਾਂ ਨੂੰ ਯਹੋਵਾਹ ਵੱਲੋਂ ਉਹ ਸੰਦੇਸ਼ ਦਿੰਦੇ ਹਾਂ ਜੋ ਉਨ੍ਹਾਂ ਨੂੰ ਪਸੰਦ ਨਹੀਂ। ਇਸ ਕੰਮ ਨੂੰ ਮਾਣ ਦੀ ਗੱਲ ਸਮਝਦੇ ਰਹਿਣ ਲਈ ਬਾਈਬਲ ਨੂੰ ਚੰਗੀ ਤਰ੍ਹਾਂ ਪੜ੍ਹਨ ਤੇ ਸਟੱਡੀ ਕਰਨ ਦੀ ਸਾਡੀ ਆਦਤ ਹੋਣੀ ਚਾਹੀਦੀ ਹੈ। ਜੇ ਅਸੀਂ ਸਰਸਰੀ ਨਜ਼ਰ ਨਾਲ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਾਂਗੇ, ਤਾਂ ਅਸੀਂ ਇਸ ਦੀਆਂ ਗੱਲਾਂ ਨੂੰ ਪੂਰੀ ਤਰ੍ਹਾਂ ਗ੍ਰਹਿਣ ਨਹੀਂ ਕਰ ਸਕਾਂਗੇ। ਕੀ ਤੁਸੀਂ ਹਰ ਰੋਜ਼ ਬਾਈਬਲ ਪੜ੍ਹਦੇ ਹੋ? ਕੀ ਤੁਸੀਂ ਬਾਈਬਲ ਦਾ ਅਧਿਐਨ ਕਰਨ ਦੇ ਆਪਣੇ ਢੰਗ ਨੂੰ ਸੁਧਾਰ ਸਕਦੇ ਹੋ? ਕੀ ਤੁਸੀਂ ਪੜ੍ਹੀਆਂ ਗੱਲਾਂ ਉੱਤੇ ਮਨਨ ਕਰਨ ਲਈ ਹੋਰ ਸਮਾਂ ਕੱਢ ਸਕਦੇ ਹੋ?—ਜ਼ਬੂ. 1:2, 3.
it-1 1214
ਆਂਦਰਾਂ
ਸਰੀਰਕ ਭੋਜਨ ਆਂਦਰਾਂ ਰਾਹੀਂ ਪਚਦਾ ਹੈ। ਜਦੋਂ ਇਕ ਦਰਸ਼ਣ ਵਿਚ ਹਿਜ਼ਕੀਏਲ ਨਬੀ ਨੂੰ ਲਪੇਟਵੀਂ-ਪੱਤ੍ਰੀ ਖਾਣ ਲਈ ਅਤੇ ਇਸ ਨਾਲ ਆਪਣੀਆਂ ਆਂਦਰਾਂ (ਇਬ., me·ʽimʹ) ਭਰਨ ਲਈ ਕਿਹਾ ਗਿਆ ਸੀ, ਤਾਂ ਇਸ ਦਾ ਮਤਲਬ ਸੀ ਕਿ ਉਸ ਨੇ ਪਰਮੇਸ਼ੁਰ ਦੀਆਂ ਗੱਲਾਂ ਨੂੰ ਪਚਾਉਣਾ ਸੀ। ਲਪੇਟਵੀਂ-ਪੱਤ੍ਰੀ ਤੇ ਲਿਖੇ ਸ਼ਬਦਾਂ ਉੱਤੇ ਸੋਚ-ਵਿਚਾਰ ਕਰ ਕੇ ਅਤੇ ਉਨ੍ਹਾਂ ਨੂੰ ਯਾਦ ਰੱਖ ਕੇ ਹਿਜ਼ਕੀਏਲ ਦਾ ਪਰਮੇਸ਼ੁਰ ਨਾਲ ਰਿਸ਼ਤਾ ਮਜ਼ਬੂਤ ਹੋਣਾ ਸੀ। ਇਸ ਤਰ੍ਹਾਂ ਕਰ ਕੇ ਉਸ ਦਾ ਪਰਮੇਸ਼ੁਰ ਨਾਲ ਰਿਸ਼ਤਾ ਮਜ਼ਬੂਤ ਹੋਇਆ ਅਤੇ ਉਸ ਨੂੰ ਇਕ ਸੰਦੇਸ਼ ਮਿਲਿਆ ਜੋ ਉਸ ਨੇ ਦੱਸਣਾ ਸੀ।—ਹਿਜ਼ 3:1-6; ਪ੍ਰਕਾ 10:8-10 ਵਿਚ ਨੁਕਤਾ ਦੇਖੋ।
(ਹਿਜ਼ਕੀਏਲ 3:3) ਤਾਂ ਉਸ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ, ਜੋ ਮੈਂ ਤੈਨੂੰ ਦਿੰਦਾ ਹਾਂ ਤੂੰ ਆਪਣੇ ਢਿੱਡ ਨੂੰ ਇਸ ਦੇ ਨਾਲ ਖਿਲਾ ਅਤੇ ਏਸ ਲਪੇਟਵੀਂ-ਪੱਤ੍ਰੀ ਨਾਲ ਆਪਣੀਆਂ ਆਂਦਰਾਂ ਭਰ ਲੈ। ਤਦ ਮੈਂ ਇਹ ਨੂੰ ਖਾਧਾ ਅਤੇ ਇਹ ਮੇਰੇ ਮੂੰਹ ਵਿੱਚ ਸ਼ਹਿਦ ਵਾਂਙੁ ਮਿੱਠੀ ਸੀ।
ਹਿਜ਼ਕੀਏਲ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ
ਹਿਜ਼ 2:9–3:3—ਵੈਣ ਤੇ ਸੋਗ ਦੀ ਲਪੇਟਵੀਂ-ਪੱਤ੍ਰੀ ਹਿਜ਼ਕੀਏਲ ਨੂੰ ਸ਼ਹਿਦ ਵਾਂਗ ਮਿੱਠੀ ਕਿਉਂ ਲੱਗੀ? ਹਿਜ਼ਕੀਏਲ ਨੂੰ ਲਪੇਟਵੀਂ-ਪੱਤ੍ਰੀ ਸ਼ਹਿਦ ਵਾਂਗ ਮਿੱਠੀ ਲੱਗਣ ਦਾ ਮਤਲਬ ਸੀ ਕਿ ਉਸ ਨੇ ਖਿੜੇ ਮੱਥੇ ਯਹੋਵਾਹ ਵੱਲੋਂ ਮਿਲਿਆ ਕੰਮ ਸਵੀਕਾਰ ਕੀਤਾ ਸੀ। ਉਸ ਨੇ ਖ਼ੁਸ਼ੀ-ਖ਼ੁਸ਼ੀ ਯਹੋਵਾਹ ਵੱਲੋਂ ਨਬੀ ਬਣਨ ਦਾ ਕੰਮ ਕਬੂਲ ਕੀਤਾ।
ਹੀਰੇ-ਮੋਤੀਆਂ ਦੀ ਖੋਜ ਕਰੋ
(ਹਿਜ਼ਕੀਏਲ 1:20, 21) ਜਿੱਥੇ ਕਿਤੇ ਆਤਮਾ ਜਾਣ ਨੂੰ ਚਾਹੁੰਦਾ ਸੀ ਉਹ ਜਾਂਦੇ ਸਨ, ਜਿੱਥੇ ਆਤਮਾ ਜਾਣ ਨੂੰ ਸੀ। ਅਤੇ ਪਹੀਏ ਉਨ੍ਹਾਂ ਦੇ ਨਾਲ ਚੁੱਕੇ ਜਾਂਦੇ ਸਨ ਕਿਉਂ ਜੋ ਜੰਤੂਆਂ ਦਾ ਆਤਮਾ ਪਹੀਆਂ ਵਿੱਚ ਸੀ। 21 ਜਦੋਂ ਓਹ ਤੁਰਦੇ ਸਨ ਤਾਂ ਏਹ ਵੀ ਤੁਰਦੇ ਸਨ ਅਤੇ ਜਦ ਓਹ ਖਲੋਂਦੇ ਸਨ ਤਾਂ ਏਹ ਵੀ ਖਲੋ ਜਾਂਦੇ ਸਨ, ਅਤੇ ਜਦੋਂ ਓਹ ਧਰਤੀ ਤੋਂ ਚੁੱਕੇ ਜਾਂਦੇ ਸਨ ਤਾਂ ਪਹੀਏ ਵੀ ਉਨ੍ਹਾਂ ਦੇ ਨਾਲ ਚੁੱਕੇ ਜਾਂਦੇ ਸਨ ਕਿਉਂ ਜੋ ਪਹੀਆਂ ਦੇ ਵਿੱਚ ਜੰਤੂਆਂ ਦਾ ਆਤਮਾ ਸੀ।
(ਹਿਜ਼ਕੀਏਲ 1:26-28) ਉਸ ਅੰਬਰ ਦੇ ਉੱਤੇ ਜੋ ਉਨ੍ਹਾਂ ਦੇ ਸਿਰ ਉੱਪਰ ਸੀ ਸਿੰਘਾਸਣ ਜਿਹਾ ਸੀ ਅਤੇ ਉਸ ਦਾ ਰੂਪ ਨੀਲਮ ਪੱਥਰ ਵਾਂਗਰ ਸੀ, ਅਤੇ ਉਸ ਸਿੰਘਾਸਣ ਦੇ ਰੂਪ ਉੱਤੇ ਆਦਮੀ ਜਿਹਾ ਰੂਪ ਸੀ। 27 ਅਤੇ ਮੈਂ ਉਸ ਦੇ ਲੱਕ ਤੋਂ ਲੈ ਕੇ ਉੱਤੇ ਤੀਕਰ ਸਿਕਲ ਕੀਤਾ ਹੋਇਆ ਪਿੱਤਲ ਜਿਹਾ ਅੱਗ ਦੀ ਸ਼ਕਲ ਵਰਗਾ ਉਹ ਦੇ ਵਿਚਕਾਰ ਅਤੇ ਦੁਆਲੇ ਵੇਖਿਆ, ਅਤੇ ਉਹ ਦੇ ਲੱਕ ਤੋਂ ਲੈ ਕੇ ਥੱਲੇ ਤੀਕਰ ਮੈਂ ਅੱਗ ਦੀ ਸ਼ਕਲ ਵੇਖੀ, ਅਤੇ ਉਹ ਦੇ ਦੁਆਲੇ ਚਾਰੋਂ ਪਾਸੇ ਚਮਕ ਸੀ। 28 ਜਿਹੀ ਉਸ ਮੇਘ ਧਣੁਖ ਦਾ ਰੂਪ ਹੈ ਜੋ ਵਰਖਾ ਦੇ ਦਿਨ ਬੱਦਲਾਂ ਵਿੱਚ ਦਿਸਦੀ ਹੈ, ਉਹੋ ਜਿਹੀ ਉਸ ਦੇ ਦੁਆਲੇ ਦੀ ਚਮਕ ਦਿੱਸਦੀ ਸੀ। ਏਹ ਯਹੋਵਾਹ ਦੇ ਪਰਤਾਪ ਦਾ ਪਰਕਾਸ਼ ਜਿਹਾ ਸੀ, ਅਤੇ ਵੇਖਦਿਆਂ ਹੀ ਮੈਂ ਮੂੰਹ ਪਰਨੇ ਡਿੱਗ ਪਿਆ ਅਤੇ ਮੈਂ ਇੱਕ ਅਵਾਜ਼ ਸੁਣੀ, ਜਿਵੇਂ ਕੋਈ ਗੱਲਾਂ ਕਰਦਾ ਹੈ।
ਹਿਜ਼ਕੀਏਲ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ
1:4-28—ਸਵਰਗੀ ਰਥ ਕਿਸ ਚੀਜ਼ ਨੂੰ ਦਰਸਾਉਂਦਾ ਹੈ? ਇਹ ਰਥ ਯਹੋਵਾਹ ਦੇ ਸਵਰਗੀ ਸੰਗਠਨ ਨੂੰ ਦਰਸਾਉਂਦਾ ਹੈ ਜੋ ਉਸ ਦੇ ਵਫ਼ਾਦਾਰ ਦੂਤਾਂ ਦਾ ਬਣਿਆ ਹੋਇਆ ਹੈ। ਯਹੋਵਾਹ ਦੀ ਪਵਿੱਤਰ ਆਤਮਾ ਨਾਲ ਇਹ ਰਥ ਚੱਲਦਾ ਹੈ। ਰਥ ਨੂੰ ਚਲਾਉਣ ਵਾਲਾ ਯਹੋਵਾਹ ਨੂੰ ਦਰਸਾਉਂਦਾ ਹੈ ਤੇ ਉਸ ਦੀ ਮਹਿਮਾ ਲਾਜਵਾਬ ਹੈ। ਯਹੋਵਾਹ ਦੀ ਸ਼ਾਂਤੀ ਸਤਰੰਗੀ ਪੀਂਘ ਦੁਆਰਾ ਦਰਸਾਈ ਗਈ ਹੈ।
(ਹਿਜ਼ਕੀਏਲ 4:1-7) ਹੇ ਆਦਮੀ ਦੇ ਪੁੱਤ੍ਰ, ਤੂੰ ਇੱਕ ਖਪਰੈਲ ਲੈ ਅਤੇ ਆਪਣੇ ਅੱਗੇ ਰੱਖ ਕੇ ਉਸ ਉੱਤੇ ਇੱਕ ਸ਼ਹਿਰ, ਹਾਂ ਯਰੂਸ਼ਲਮ ਦੀ ਤਸਵੀਰ ਖਿੱਚ। 2 ਅਤੇ ਉਸ ਦੇ ਦੁਆਲੇ ਘੇਰਾ ਪਾ, ਅਤੇ ਉਹ ਦੇ ਸਾਹਮਣੇ ਗੜ੍ਹ ਬਣਾ ਅਤੇ ਉਹ ਦੇ ਸਾਹਮਣੇ ਦਮਦਮਾ ਬੰਨ੍ਹ, ਅਤੇ ਉਸ ਦੇ ਦੁਆਲੇ ਤੰਬੂ ਖੜੇ ਕਰ, ਅਤੇ ਚਾਰੋਂ ਪਾਸੇ ਕਿਲਾਤੋੜ ਜੰਤ੍ਰੇ ਰੱਖ। 3 ਫੇਰ ਤੂੰ ਲੋਹੇ ਦਾ ਇੱਕ ਤਵਾ ਲੈ, ਅਤੇ ਆਪਣੇ ਅਤੇ ਸ਼ਹਿਰ ਦੇ ਵਿਚਾਲੇ ਉਹ ਨੂੰ ਗੱਡ ਦੇਹ ਕਿ ਉਹ ਲੋਹੇ ਦੀ ਕੰਧ ਬਣ ਜਾਵੇ ਅਤੇ ਆਪਣਾ ਮੂੰਹ ਉਹ ਦੀ ਵੱਲ ਕਰ ਅਤੇ ਉਹ ਘੇਰੇ ਵਿੱਚ ਆਇਆ ਹੋਵੇਗਾ ਅਤੇ ਤੂੰ ਉਸ ਨੂੰ ਘੇਰਨ ਵਾਲਾ ਹੋਵੇਂਗਾ। ਇਹ ਇਸਰਾਏਲ ਦੇ ਘਰਾਣੇ ਲਈ ਨਿਸ਼ਾਨ ਹੈ। 4 ਉਸ ਦੇ ਮਗਰੋਂ ਤੂੰ ਆਪਣੇ ਖੱਬੇ ਪਾਸੇ ਪਰਨੇ ਲੇਟ ਰਹੁ ਅਤੇ ਇਸਰਾਏਲ ਦੇ ਘਰਾਣੇ ਦਾ ਅਪਰਾਧ ਇਸ ਉੱਤੇ ਰੱਖ ਦੇਹ। ਜਿੰਨੇ ਦਿਨ ਤੀਕਰ ਤੂੰ ਲੇਟਿਆ ਰਹੇਂਗਾ ਤੂੰ ਉਨ੍ਹਾਂ ਦੇ ਔਗਣ ਆਪਣੇ ਉੱਤੇ ਝੱਲੇਂਗਾ। 5 ਕਿਉਂ ਜੋ ਮੈਂ ਉਨ੍ਹਾਂ ਦੇ ਔਗਣਾਂ ਦੇ ਵਰ੍ਹਿਆਂ ਨੂੰ ਉਨ੍ਹਾਂ ਦਿਨਾਂ ਦੀ ਗਿਣਤੀ ਦੇ ਅਨੁਸਾਰ ਜੋ ਤਿੰਨ ਸੌ ਨੱਵੇ ਦਿਨ ਹਨ, ਤੇਰੇ ਉੱਤੇ ਰੱਖਿਆ ਹੈ ਸੋ ਤੂੰ ਇਸਰਾਏਲ ਦੇ ਘਰਾਣੇ ਦਾ ਔਗਣ ਝੱਲੇਂਗਾ। 6 ਅਤੇ ਜਦ ਤੂੰ ਉਨ੍ਹਾਂ ਨੂੰ ਪੂਰਾ ਕਰ ਚੁੱਕੇਂ ਤਾਂ ਫੇਰ ਆਪਣੇ ਸੱਜੇ ਪਾਸੇ ਵੱਲ ਲੇਟ ਜਾਵੀਂ ਅਤੇ ਚਾਲੀ ਦਿਨਾਂ ਤੀਕਰ ਯਹੂਦਾਹ ਦੇ ਘਰਾਣੇ ਦੇ ਔਗਣ ਨੂੰ ਝੱਲੀਂ। ਮੈਂ ਤੇਰੇ ਲਈ ਇੱਕ ਇੱਕ ਵਰ੍ਹੇ ਬਦਲੇ ਇੱਕ ਇੱਕ ਦਿਨ ਠਹਿਰਾਇਆ ਹੈ। 7 ਫੇਰ ਤੂੰ ਯਰੂਸ਼ਲਮ ਦੇ ਘੇਰੇ ਵੱਲ ਮੂੰਹ ਕਰ ਅਤੇ ਆਪਣੀ ਬਾਂਹ ਨੰਗੀ ਕਰ ਅਤੇ ਉਹਦੇ ਵਿਰੁੱਧ ਅਗੰਮ ਵਾਚ।
ਹਿਜ਼ਕੀਏਲ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ
4:1-17—ਯਰੂਸ਼ਲਮ ਦੀ ਘੇਰਾਬੰਦੀ ਦੇ ਸੰਬੰਧ ਵਿਚ ਕੀ ਹਿਜ਼ਕੀਏਲ ਨੇ ਸੱਚ-ਮੁੱਚ ਉਹ ਸਭ ਕੁਝ ਕੀਤਾ ਜੋ ਇਨ੍ਹਾਂ ਆਇਤਾਂ ਵਿਚ ਲਿਖਿਆ ਹੈ? ਹਿਜ਼ਕੀਏਲ ਨੇ ਯਹੋਵਾਹ ਤੋਂ ਰੋਟੀ ਪਕਾਉਣ ਲਈ ਹੋਰ ਬਾਲਣ ਦੀ ਮੰਗ ਕੀਤੀ ਸੀ ਅਤੇ ਯਹੋਵਾਹ ਨੇ ਉਸ ਦੀ ਇਹ ਮੰਗ ਪੂਰੀ ਕੀਤੀ। ਇਸ ਤੋਂ ਪਤਾ ਚੱਲਦਾ ਹੈ ਕਿ ਹਿਜ਼ਕੀਏਲ ਨੇ ਸੱਚ-ਮੁੱਚ ਉਹ ਸਭ ਕੁਝ ਕੀਤਾ ਸੀ ਜੋ ਇਨ੍ਹਾਂ ਆਇਤਾਂ ਵਿਚ ਦੱਸਿਆ ਗਿਆ ਹੈ। ਹਿਜ਼ਕੀਏਲ ਦੇ ਖੱਬੇ ਪਾਸੇ ਲੇਟਣਾ ਦਸ-ਗੋਤੀ ਰਾਜ ਦੇ 390 ਸਾਲਾਂ ਦੇ ਅਪਰਾਧ ਨੂੰ ਦਰਸਾਉਂਦਾ ਸੀ। ਇਹ ਰਾਜ 997 ਈ. ਪੂ. ਤੋਂ ਲੈ ਕੇ 607 ਈ. ਪੂ. ਯਰੂਸ਼ਲਮ ਦੀ ਤਬਾਹੀ ਤਕ ਪਾਪ ਕਰਦਾ ਰਿਹਾ। ਹਿਜ਼ਕੀਏਲ ਯਹੂਦਾਹ ਦੇ 40 ਸਾਲਾਂ ਦੇ ਅਪਰਾਧ ਲਈ ਆਪਣੇ ਸੱਜੇ ਪਾਸੇ ਲੇਟਿਆ ਰਿਹਾ। ਇਹ ਸਮਾਂ 647 ਈ.ਪੂ. ਵਿਚ ਯਿਰਮਿਯਾਹ ਦੇ ਨਬੀ ਬਣਨ ਤੋਂ ਲੈ ਕੇ 607 ਈ.ਪੂ. ਤਕ ਸੀ। 430 ਦਿਨਾਂ ਲਈ ਹਿਜ਼ਕੀਏਲ ਥੋੜ੍ਹੇ ਜਿਹੇ ਭੋਜਨ ਤੇ ਪਾਣੀ ਤੇ ਜ਼ਿੰਦਾ ਰਿਹਾ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਘੇਰਾਬੰਦੀ ਦੇ ਸਮੇਂ ਦੌਰਾਨ ਯਰੂਸ਼ਲਮ ਵਿਚ ਕਾਲ ਪੈਣਾ ਸੀ।
ਬਾਈਬਲ ਪੜ੍ਹਾਈ
(ਹਿਜ਼ਕੀਏਲ 1:1-14) ਤੀਹਵੇਂ ਵਰ੍ਹੇ ਦੇ ਚੌਥੇ ਮਹੀਨੇ ਦੀ ਪੰਜਵੀਂ ਤਰੀਕ ਨੂੰ ਐਉਂ ਹੋਇਆ ਕਿ ਜਦ ਮੈਂ ਕਬਾਰ ਨਹਿਰ ਉੱਤੇ ਅਸੀਰਾਂ ਦੇ ਵਿਚਕਾਰ ਸਾਂ ਤਾਂ ਅਕਾਸ਼ ਖੁਲ੍ਹ ਗਏ ਅਤੇ ਮੈਂ ਪਰਮੇਸ਼ੁਰ ਦੇ ਦਰਸ਼ਣ ਪਾਏ। 2 ਉਸ ਮਹੀਨੇ ਦੀ ਪੰਜਵੀ ਤਰੀਕ ਨੂੰ ਯਹੋਯਾਕੀਨ ਪਾਤਸ਼ਾਹ ਦੀ ਅਸੀਰੀ ਦੇ ਪੰਜਵੇਂ ਵਰ੍ਹੇ ਵਿੱਚ। 3 ਯਹੋਵਾਹ ਦਾ ਬਚਨ, ਬੂਜ਼ੀ ਦੇ ਪੁੱਤ੍ਰ ਹਿਜ਼ਕੀਏਲ ਜਾਜਕ ਉੱਤੇ ਜੋ ਕਸਦੀਆਂ ਦੇ ਦੇਸ ਵਿੱਚ ਕਬਾਰ ਨਹਿਰ ਉੱਤੇ ਸੀ ਉਤਰਿਆ ਅਤੇ ਉੱਥੇ ਯਹੋਵਾਹ ਦਾ ਹੱਥ ਉਸ ਦੇ ਉੱਤੇ ਸੀ। 4 ਅਤੇ ਜਦੋਂ ਮੈਂ ਡਿੱਠਾ ਤਾਂ ਵੇਖੋ, ਉੱਤਰ ਵੱਲੋਂ ਵੱਡੀ ਅਨ੍ਹੇਰੀ ਆਈ, ਇੱਕ ਵੱਡਾ ਬੱਦਲ ਅੱਗ ਨਾਲ ਵਲਿਆ ਹੋਇਆ ਸੀ ਅਤੇ ਉਹ ਦੇ ਦੁਆਲੇ ਚਮਕ ਸੀ, ਅਤੇ ਉਸ ਦੇ ਵਿਚਾਲਿਓਂ ਅਥਵਾ ਅੱਗ ਦੇ ਵਿੱਚੋਂ ਸਿਕਲ ਕੀਤੇ ਹੋਏ ਪਿੱਤਲ ਵਰਗੀ ਸ਼ਕਲ ਨੇ ਵਿਖਾਲੀ ਦਿੱਤੀ। 5 ਅਤੇ ਉਸ ਵਿੱਚ ਚਾਰ ਜੰਤੂ ਸਨ ਅਤੇ ਉਨ੍ਹਾਂ ਦਾ ਰੂਪ ਇਹ ਸੀ ਕਿ ਓਹ ਆਦਮੀ ਵਰਗੇ ਸਨ। 6 ਅਤੇ ਹਰੇਕ ਦੇ ਚਾਰ ਮੂੰਹ ਅਤੇ ਉਨ੍ਹਾਂ ਵਿੱਚੋਂ ਹਰ ਇੱਕ ਦੇ ਚਾਰ ਖੰਭ ਸਨ। 7 ਅਤੇ ਉਨ੍ਹਾਂ ਦੇ ਪੈਰ ਸਿੱਧੇ ਪੈਰ ਸਨ ਅਤੇ ਉਨ੍ਹਾਂ ਦੇ ਪੈਰਾਂ ਦੀਆਂ ਤਲੀਆਂ ਵੱਛੇ ਦੇ ਪੈਰਾਂ ਦੀਆਂ ਤਲੀਆਂ ਵਾਂਗਰ ਸਨ ਅਤੇ ਓਹ ਮਾਂਜੇ ਹੋਏ ਪਿਤੱਲ ਵਾਂਗਰ ਚਮਕਦੇ ਸਨ। 8 ਅਤੇ ਉਨ੍ਹਾਂ ਦੇ ਚੌਹੁੰ ਪਾਸੀਂ ਉਨ੍ਹਾਂ ਦੇ ਖੰਭਾਂ ਦੇ ਹੇਠਾਂ ਆਦਮੀ ਦੇ ਹੱਥ ਸਨ ਅਤੇ ਚਾਰਾਂ ਦੇ ਚਿਹਰੇ ਅਤੇ ਖੰਭ ਐਉਂ ਸਨ। 9 ਕਿ ਉਨ੍ਹਾਂ ਦੇ ਖੰਭ ਇੱਕ ਦੂਜੇ ਨਾਲ ਜੁੜੇ ਹੋਏ ਸਨ ਅਤੇ ਓਹ ਤੁਰਦੇ ਹੋਏ ਮੁੜਦੇ ਨਹੀਂ ਸਨ ਅਤੇ ਓਹ ਸਾਰੇ ਸਿੱਧੇ ਆਪਣੇ ਮੂੰਹਾਂ ਦੀ ਸੇਧ ਵਿੱਚ ਚੱਲਦੇ ਸਨ। 10 ਉਨ੍ਹਾਂ ਦੇ ਚਿਹਰੇ ਆਦਮੀ ਦੇ ਚਿਹਰੇ ਵਰਗੇ ਸਨ, ਉਨ੍ਹਾਂ ਚੌਹਾਂ ਦੇ ਸੱਜੇ ਪਾਸੇ ਸ਼ੇਰ ਬਬਰ ਦੇ ਚਿਹਰੇ ਸਨ ਅਤੇ ਉਨ੍ਹਾਂ ਚੌਹਾਂ ਦੇ ਖੱਬੇ ਪਾਸੇ ਵੱਲ ਬਲਦ ਦੇ ਚਿਹਰੇ ਸਨ ਅਤੇ ਉਨ੍ਹਾਂ ਚੌਹਾਂ ਦੇ ਉਕਾਬ ਦੇ ਚਿਹਰੇ ਵੀ ਸਨ। 11 ਉਨ੍ਹਾਂ ਦੇ ਚਿਹਰੇ ਅਤੇ ਉਨ੍ਹਾਂ ਦੇ ਖੰਭ ਉੱਪਰੋਂ ਅੱਡ ਅੱਡ ਸਨ, ਹਰੇਕ ਦੇ ਦੋ ਖੰਭ ਦੂਜੇ ਦੇ ਦੋ ਖੰਭਾਂ ਨਾਲ ਜੁੜੇ ਹੋਏ ਸਨ ਅਤੇ ਦੋ ਦੋ ਦੇ ਨਾਲ ਉਨ੍ਹਾਂ ਦਾ ਸਰੀਰ ਢਕਿਆ ਹੋਇਆ ਸੀ। 12 ਉਨ੍ਹਾਂ ਵਿੱਚੋਂ ਹਰੇਕ ਆਪਣੇ ਚਿਹਰੇ ਦੀ ਸੇਧ ਵਿੱਚ ਤੁਰਦਾ ਸੀ। ਜਿੱਧਰ ਨੂੰ ਆਤਮਾ ਜਾਣ ਨੂੰ ਕਰਦਾ ਸੀ ਓਹ ਜਾਂਦੇ ਸਨ ਅਤੇ ਓਹ ਤੁਰਦਿਆਂ ਹੋਇਆਂ ਮੁੜਦੇ ਨਹੀਂ ਸਨ। 13 ਅਤੇ ਉਨ੍ਹਾਂ ਜੰਤੂਆਂ ਦਾ ਰੂਪ ਅੱਗ ਦੇ ਭੱਖਦੇ ਹੋਏ ਕੋਲਿਆਂ ਅਤੇ ਮਸਾਲਾਂ ਵਰਗਾ ਸੀ ਅਤੇ ਉਹ ਜੰਤੂਆਂ ਦੇ ਵਿਚਾਲੇ ਏਧਰ ਉੱਧਰ ਆਉਂਦੀ ਜਾਂਦੀ ਸੀ ਅਤੇ ਉਹ ਅੱਗ ਚਮਕ ਵਾਲੀ ਸੀ, ਅਤੇ ਉਸ ਅੱਗ ਵਿੱਚੋਂ ਬਿਜਲੀ ਨਿੱਕਲਦੀ ਸੀ। 14 ਅਤੇ ਜੰਤੂਆਂ ਦਾ ਦੌੜਨਾ ਤੇ ਮੁੜਨਾ ਬਿਜਲੀ ਵਾਂਙੁ ਦਿੱਸਦਾ ਸੀ।
26 ਜੂਨ–2 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਹਿਜ਼ਕੀਏਲ 6-10
“ਕੀ ਤੁਹਾਡੇ ʼਤੇ ਬਚਾਅ ਦਾ ਨਿਸ਼ਾਨ ਲੱਗੇਗਾ?”
(ਹਿਜ਼ਕੀਏਲ 9:1, 2) ਫੇਰ ਉਸ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਮੇਰੇ ਕੰਨਾਂ ਵਿੱਚ ਆਖਿਆ ਕਿ ਉਨ੍ਹਾਂ ਨੂੰ ਜਿਹੜੇ ਸ਼ਹਿਰ ਦੇ ਪ੍ਰਬੰਧਕ ਹਨ ਨੇੜੇ ਬੁਲਾ। ਹਰੇਕ ਮਨੁੱਖ ਨੇ ਆਪਣੇ ਹੱਥ ਵਿੱਚ ਆਪਣਾ ਨਾਸ ਕਰਨ ਵਾਲਾ ਸ਼ਸਤ੍ਰ ਫੜਿਆ ਹੋਵੇ। 2 ਅਤੇ ਵੇਖੋ, ਛੇ ਮਨੁੱਖ ਉੱਪਰ ਦੇ ਦਰਵੱਜ਼ੇ ਦੀ ਰਾਹ ਥਾਣੀਂ ਜੋ ਉੱਤਰ ਵੱਲ ਹੈ ਲੰਘ ਆਏ ਅਤੇ ਹਰੇਕ ਮਨੁੱਖ ਦੇ ਹੱਥ ਵਿੱਚ ਉਸ ਦਾ ਵੱਢਣ ਵਾਲਾ ਸ਼ਸਤ੍ਰ ਸੀ ਅਤੇ ਉਨ੍ਹਾਂ ਦੇ ਵਿੱਚੋਂ ਇੱਕ ਆਦਮੀ ਨੇ ਕਤਾਨੀ ਕੱਪੜੇ ਪਹਿਨੇ ਹੋਏ ਸਨ ਅਤੇ ਉਹ ਦੇ ਇੱਕ ਪਾਸੇ ਤੇ ਲਿਖਣ ਵਾਲੀ ਦਵਾਤ ਲਮਕਦੀ ਸੀ, ਸੋ ਓਹ ਅੰਦਰ ਗਏ ਅਤੇ ਪਿੱਤਲ ਦੀ ਜਗਵੇਦੀ ਦੇ ਕੋਲ ਖਲੋਤੇ।
ਪਾਠਕਾਂ ਵੱਲੋਂ ਸਵਾਲ
ਹਿਜ਼ਕੀਏਲ ਦੇ ਦਰਸ਼ਣ ਵਿਚ ਉਹ ਆਦਮੀ ਜਿਸ ਕੋਲ ਲਿਖਣ ਵਾਲੀ ਦਵਾਤ ਸੀ ਅਤੇ ਛੇ ਆਦਮੀ ਜਿਨ੍ਹਾਂ ਕੋਲ ਵੱਢਣ ਵਾਲੇ ਸ਼ਸਤ੍ਰ ਸਨ, ਕਿਨ੍ਹਾਂ ਨੂੰ ਦਰਸਾਉਂਦੇ ਹਨ?
▪ ਇਹ ਸਵਰਗੀ ਫ਼ੌਜਾਂ ਨੂੰ ਦਰਸਾਉਂਦੇ ਹਨ ਜਿਨ੍ਹਾਂ ਨੇ ਯਰੂਸ਼ਲਮ ਦਾ ਨਾਸ਼ ਕਰਨ ਵਿਚ ਹਿੱਸਾ ਲਿਆ ਅਤੇ ਇਹ ਆਰਮਾਗੇਡਨ ਵਿਚ ਸ਼ੈਤਾਨ ਦੀ ਦੁਸ਼ਟ ਦੁਨੀਆਂ ਦਾ ਨਾਸ਼ ਕਰਨ ਵਿਚ ਵੀ ਹਿੱਸਾ ਲੈਣਗੇ। ਇਹ ਨਵੀਂ ਸਮਝ ਹੈ। ਪੁਰਾਣੀ ਸਮਝ ਵਿਚ ਸੁਧਾਰ ਕਰਨ ਦੀ ਲੋੜ ਕਿਉਂ ਪਈ?
607 ਈਸਵੀ ਪੂਰਵ ਤੋਂ ਪਹਿਲਾਂ ਯਹੋਵਾਹ ਨੇ ਹਿਜ਼ਕੀਏਲ ਨੂੰ ਦਰਸ਼ਣ ਦਿੱਤਾ ਕਿ ਯਰੂਸ਼ਲਮ ਦੀ ਤਬਾਹੀ ਹੋਣ ਤੋਂ ਪਹਿਲਾਂ ਕੀ-ਕੀ ਹੋਵੇਗਾ। ਦਰਸ਼ਣ ਵਿਚ ਹਿਜ਼ਕੀਏਲ ਨੇ ਦੇਖਿਆ ਕਿ ਉੱਥੇ ਬਹੁਤ ਜ਼ਿਆਦਾ ਘਿਣਾਉਣੇ ਕੰਮ ਹੋ ਰਹੇ ਸਨ। ਫਿਰ ਉਸ ਨੇ ਛੇ ਮਨੁੱਖ ਦੇਖੇ ਜਿਨ੍ਹਾਂ ਕੋਲ ਵੱਢਣ ਵਾਲੇ ਸ਼ਸਤ੍ਰ ਸਨ। ਉਸ ਨੇ ਉਨ੍ਹਾਂ ਨਾਲ ਇਕ ਹੋਰ ਆਦਮੀ ਵੀ ਦੇਖਿਆ ਜਿਸ ਨੇ “ਕਤਾਨੀ ਕੱਪੜੇ ਪਹਿਨੇ ਹੋਏ ਸਨ” ਅਤੇ ਉਸ ਕੋਲ “ਲਿਖਣ ਵਾਲੀ ਦਵਾਤ” ਸੀ। (ਹਿਜ਼. 8:6-12; 9:2, 3) ਇਸ ਆਦਮੀ ਨੂੰ ਕਿਹਾ ਗਿਆ ਕਿ ‘ਸ਼ਹਿਰ ਦੇ ਵਿਚਾਲਿਓਂ ਲੰਘ ਅਤੇ ਉਨ੍ਹਾਂ ਲੋਕਾਂ ਦੇ ਮੱਥੇ ਉੱਤੇ ਜੋ ਓਹਨਾਂ ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਜੋ ਉਸ ਵਿਚ ਕੀਤੇ ਜਾਂਦੇ ਹਨ ਆਹਾਂ ਭਰਦੇ, ਅਤੇ ਰੋਂਦੇ ਹਨ, ਨਿਸ਼ਾਨ ਲਗਾ ਦੇਹ।’ ਫਿਰ ਜਿਨ੍ਹਾਂ ਆਦਮੀਆਂ ਕੋਲ ਵੱਢਣ ਵਾਲੇ ਸ਼ਸਤ੍ਰ ਸਨ, ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਉਨ੍ਹਾਂ ਲੋਕਾਂ ਨੂੰ ਮਾਰ ਦੇਣ ਜਿਨ੍ਹਾਂ ʼਤੇ ਨਿਸ਼ਾਨ ਨਹੀਂ ਲੱਗਾ ਹੋਇਆ। (ਹਿਜ਼. 9:4-7) ਅਸੀਂ ਇਸ ਦਰਸ਼ਣ ਤੋਂ ਕੀ ਸਿੱਖਦੇ ਹਾਂ ਅਤੇ ਉਹ ਆਦਮੀ ਕੌਣ ਹੈ ਜਿਸ ਕੋਲ ਲਿਖਣ ਵਾਲੀ ਦਵਾਤ ਹੈ?
ਇਹ ਭਵਿੱਖਬਾਣੀ 612 ਈ. ਪੂ. ਵਿਚ ਕੀਤੀ ਗਈ ਸੀ। ਇਸ ਦੀ ਪਹਿਲੀ ਪੂਰਤੀ ਸਿਰਫ਼ ਪੰਜ ਸਾਲਾਂ ਬਾਅਦ ਹੋਈ ਜਦੋਂ ਬਾਬਲੀ ਫ਼ੌਜਾਂ ਨੇ ਯਰੂਸ਼ਲਮ ਨੂੰ ਨਾਸ਼ ਕੀਤਾ। ਭਾਵੇਂ ਕਿ ਝੂਠੀ ਭਗਤੀ ਕਰਨ ਵਾਲੇ ਬਾਬਲੀ ਲੋਕਾਂ ਨੇ ਯਰੂਸ਼ਲਮ ਦਾ ਨਾਸ਼ ਕੀਤਾ, ਪਰ ਉਨ੍ਹਾਂ ਨੇ ਇਹ ਸਭ ਕੁਝ ਯਹੋਵਾਹ ਦੀ ਮਰਜ਼ੀ ਮੁਤਾਬਕ ਕੀਤਾ ਸੀ। (ਯਿਰ. 25:9, 15-18) ਕਿਉਂਕਿ ਯਹੋਵਾਹ ਬੇਵਫ਼ਾ ਇਜ਼ਰਾਈਲੀਆਂ ਨੂੰ ਸਜ਼ਾ ਦੇਣੀ ਚਾਹੁੰਦਾ ਸੀ। ਪਰ ਪਰਮੇਸ਼ੁਰ ਨੇ ਇਜ਼ਰਾਈਲੀਆਂ ਦਾ ਅੰਨ੍ਹੇਵਾਹ ਨਾਸ਼ ਨਹੀਂ ਹੋਣ ਦਿੱਤਾ। ਯਹੋਵਾਹ ਨੇ ਉਨ੍ਹਾਂ ਇਜ਼ਰਾਈਲੀਆਂ ਨੂੰ ਬਚਾਉਣ ਦਾ ਪ੍ਰਬੰਧ ਕੀਤਾ ਜੋ ਸ਼ਹਿਰ ਵਿਚ ਹੁੰਦੇ ਘਿਣਾਉਣੇ ਕੰਮਾਂ ਕਰਕੇ ਆਹਾਂ ਭਰ ਰਹੇ ਸਨ।
ਹਿਜ਼ਕੀਏਲ ਨੇ ਨਾ ਤਾਂ ਕਿਸੇ ਦੇ ਮੱਥੇ ʼਤੇ ਨਿਸ਼ਾਨ ਲਾਇਆ ਤੇ ਨਾ ਹੀ ਨਾਸ਼ ਕਰਨ ਵਿਚ ਹਿੱਸਾ ਲਿਆ। ਇਸ ਦੀ ਬਜਾਇ, ਯਰੂਸ਼ਲਮ ਦਾ ਨਾਸ਼ ਦੂਤਾਂ ਦੀ ਅਗਵਾਈ ਅਧੀਨ ਕੀਤਾ ਗਿਆ। ਸੋ ਇਸ ਭਵਿੱਖਬਾਣੀ ਤੋਂ ਮਾਨੋ ਅਸੀਂ ਦੇਖ ਸਕਦੇ ਹਾਂ ਕਿ ਸਵਰਗ ਵਿਚ ਕੀ ਹੋਇਆ ਸੀ। ਯਹੋਵਾਹ ਨੇ ਦੂਤਾਂ ਨੂੰ ਨਾ ਸਿਰਫ਼ ਦੁਸ਼ਟ ਲੋਕਾਂ ਨੂੰ ਖ਼ਤਮ ਕਰਨ, ਸਗੋਂ ਧਰਮੀਆਂ ਨੂੰ ਬਚਾਉਣ ਦਾ ਵੀ ਕੰਮ ਦਿੱਤਾ।
ਇਹ ਭਵਿੱਖਬਾਣੀ ਆਉਣ ਵਾਲੇ ਸਮੇਂ ਵਿਚ ਵੀ ਪੂਰੀ ਹੋਵੇਗੀ। ਸਾਡੇ ਪ੍ਰਕਾਸ਼ਨਾਂ ਵਿਚ ਪਹਿਲਾਂ ਸਮਝਾਇਆ ਗਿਆ ਸੀ ਕਿ ਜਿਸ ਆਦਮੀ ਕੋਲ ਲਿਖਣ ਵਾਲੀ ਦਵਾਤ ਸੀ, ਉਹ ਆਦਮੀ ਧਰਤੀ ʼਤੇ ਰਹਿੰਦੇ ਚੁਣੇ ਹੋਏ ਮਸੀਹੀਆਂ ਨੂੰ ਦਰਸਾਉਂਦਾ ਸੀ। ਪਹਿਲਾਂ ਸਮਝਿਆ ਜਾਂਦਾ ਸੀ ਕਿ ਪ੍ਰਚਾਰ ਕਰਨ ਵੇਲੇ ਜਿਹੜੇ ਲੋਕ ਸੰਦੇਸ਼ ਕਬੂਲ ਕਰਦੇ ਸਨ, ਉਨ੍ਹਾਂ ਲੋਕਾਂ ʼਤੇ ਬਚਾਅ ਦਾ ਨਿਸ਼ਾਨ ਲਾਇਆ ਜਾਂਦਾ ਸੀ। ਪਰ ਹਾਲ ਹੀ ਵਿਚ ਸਾਨੂੰ ਪਤਾ ਲੱਗਾ ਹੈ ਕਿ ਸਾਨੂੰ ਆਪਣੀ ਇਸ ਸਮਝ ਵਿਚ ਸੁਧਾਰ ਕਰਨ ਦੀ ਲੋੜ ਹੈ। ਮੱਤੀ 25:31-33 ਮੁਤਾਬਕ ਯਿਸੂ ਹੀ ਲੋਕਾਂ ਦਾ ਨਿਆਂ ਕਰੇਗਾ। ਉਹ ਮਹਾਂਕਸ਼ਟ ਦੌਰਾਨ ਬੱਕਰੀਆਂ ਅਤੇ ਭੇਡਾਂ ਵਰਗੇ ਲੋਕਾਂ ਨੂੰ ਵੱਖ ਕਰੇਗਾ। ਉਹ ਭੇਡਾਂ ਵਰਗੇ ਲੋਕਾਂ ਨੂੰ ਬਚਾਵੇਗਾ, ਪਰ ਬੱਕਰੀਆਂ ਵਰਗੇ ਲੋਕਾਂ ਦਾ ਨਾਸ਼ ਕਰੇਗਾ।
ਇਸ ਸਮਝ ਵਿਚ ਸੁਧਾਰ ਹੋਣ ਕਰਕੇ ਅਸੀਂ ਹਿਜ਼ਕੀਏਲ ਦੇ ਦਰਸ਼ਣ ਤੋਂ ਕੀ ਸਬਕ ਸਿੱਖਦੇ ਹਾਂ? ਇਸ ਵਿਚ ਘੱਟੋ-ਘੱਟ ਪੰਜ ਸਬਕ ਹਨ:
(1) ਯਰੂਸ਼ਲਮ ਦੇ ਨਾਸ਼ ਹੋਣ ਤੋਂ ਪਹਿਲਾਂ ਹਿਜ਼ਕੀਏਲ ਦੇ ਨਾਲ-ਨਾਲ ਯਿਰਮਿਯਾਹ ਅਤੇ ਯਸਾਯਾਹ ਨੇ ਪਹਿਰੇਦਾਰਾਂ ਵਜੋਂ ਸੇਵਾ ਕੀਤੀ ਯਾਨੀ ਲੋਕਾਂ ਨੂੰ ਸ਼ਹਿਰ ਦੇ ਨਾਸ਼ ਬਾਰੇ ਚੇਤਾਵਨੀ ਦਿੱਤੀ। ਅੱਜ ਯਹੋਵਾਹ ਚੁਣੇ ਹੋਏ ਮਸੀਹੀਆਂ ਵਿੱਚੋਂ ਛੋਟੇ ਜਿਹੇ ਸਮੂਹ ਰਾਹੀਂ ਆਪਣੇ ਲੋਕਾਂ ਨੂੰ ਗਿਆਨ ਦੇ ਰਿਹਾ ਹੈ ਅਤੇ ਮਹਾਂਕਸ਼ਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਲੋਕਾਂ ਨੂੰ ਚੇਤਾਵਨੀ ਦੇ ਰਿਹਾ ਹੈ। ਦਰਅਸਲ ਪਰਮੇਸ਼ੁਰ ਦੇ ਸਾਰੇ ਲੋਕ ਯਾਨੀ ਮਸੀਹ ਦੇ ਨੌਕਰ-ਚਾਕਰ ਇਸ ਕੰਮ ਵਿਚ ਹਿੱਸਾ ਲੈ ਰਹੇ ਹਨ।—ਮੱਤੀ 24:45-47.
(2) ਹਿਜ਼ਕੀਏਲ ਨੇ ਬਚਾਅ ਲਈ ਲੋਕਾਂ ਦੇ ਮੱਥੇ ʼਤੇ ਨਿਸ਼ਾਨ ਨਹੀਂ ਲਾਇਆ ਅਤੇ ਨਾ ਹੀ ਅੱਜ ਯਹੋਵਾਹ ਦੇ ਲੋਕ ਇੱਦਾਂ ਕਰਦੇ ਹਨ। ਬਚਣ ਵਾਲੇ ਲੋਕਾਂ ਦੇ ਮੱਥੇ ʼਤੇ ਨਿਸ਼ਾਨ ਨਹੀਂ ਲਾਉਂਦੇ। ਉਹ ਸਿਰਫ਼ ਪਰਮੇਸ਼ੁਰ ਦਾ ਸੰਦੇਸ਼ ਸੁਣਾਉਂਦੇ ਹਨ ਅਤੇ ਲੋਕਾਂ ਨੂੰ ਆਉਣ ਵਾਲੇ ਸਮੇਂ ਬਾਰੇ ਚੇਤਾਵਨੀ ਦਿੰਦੇ ਹਨ। ਉਹ ਇਹ ਕੰਮ ਦੂਤਾਂ ਦੀ ਅਗਵਾਈ ਅਧੀਨ ਕਰ ਰਹੇ ਹਨ।—ਪ੍ਰਕਾ. 14:6.
(3) ਹਿਜ਼ਕੀਏਲ ਦੇ ਦਿਨਾਂ ਵਿਚ ਲੋਕਾਂ ਦੇ ਮੱਥੇ ʼਤੇ ਸੱਚੀਂ-ਮੁੱਚੀ ਨਿਸ਼ਾਨ ਨਹੀਂ ਲਾਇਆ ਗਿਆ ਅਤੇ ਅੱਜ ਵੀ ਇੱਦਾਂ ਨਹੀਂ ਕੀਤਾ ਜਾਂਦਾ। ਮਹਾਂਕਸ਼ਟ ਤੋਂ ਬਚਣ ਲਈ ਲੋਕਾਂ ਨੂੰ ਕੀ ਕਰਨ ਦੀ ਲੋੜ ਹੈ? ਉਨ੍ਹਾਂ ਨੂੰ ਸੰਦੇਸ਼ ਸੁਣਨ, ਮਸੀਹ ਵਰਗਾ ਸੁਭਾਅ ਅਪਣਾਉਣ, ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਅਤੇ ਮਸੀਹ ਦੇ ਭਰਾਵਾਂ ਦਾ ਵਫ਼ਾਦਾਰੀ ਨਾਲ ਸਮਰਥਨ ਕਰਨ ਦੀ ਲੋੜ ਹੈ। (ਮੱਤੀ 25:35-40) ਜਿਹੜੇ ਲੋਕ ਇਹ ਕੰਮ ਕਰਦੇ ਹਨ, ਉਨ੍ਹਾਂ ʼਤੇ ਮਹਾਂਕਸ਼ਟ ਦੌਰਾਨ ਨਿਸ਼ਾਨ ਲਾਇਆ ਜਾਵੇਗਾ ਯਾਨੀ ਉਨ੍ਹਾਂ ਨੂੰ ਬਚਾਇਆ ਜਾਵੇਗਾ।
(4) ਇਸ ਭਵਿੱਖਬਾਣੀ ਦੀ ਸਾਡੇ ਸਮੇਂ ਦੀ ਪੂਰਤੀ ਵਿਚ ਲਿਖਣ ਵਾਲੀ ਦਵਾਤ ਵਾਲਾ ਆਦਮੀ ਯਿਸੂ ਨੂੰ ਦਰਸਾਉਂਦਾ ਹੈ। ਮਹਾਂਕਸ਼ਟ ਦੌਰਾਨ ਯਿਸੂ ਵੱਡੀ ਭੀੜ ʼਤੇ ਨਿਸ਼ਾਨ ਲਾਵੇਗਾ ਜਦੋਂ ਉਹ ਉਨ੍ਹਾਂ ਦਾ ਭੇਡਾਂ ਵਜੋਂ ਨਿਆਂ ਕਰੇਗਾ। ਫਿਰ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਮਿਲੇਗਾ।—ਮੱਤੀ 25:34, 46.
(5) ਇਸ ਭਵਿੱਖਬਾਣੀ ਦੀ ਸਾਡੇ ਸਮੇਂ ਦੀ ਪੂਰਤੀ ਵਿਚ ਸ਼ਸਤ੍ਰ ਨਾਲ ਵੱਢਣ ਵਾਲੇ ਛੇ ਆਦਮੀ ਯਿਸੂ ਦੀਆਂ ਸਵਰਗੀ ਫ਼ੌਜਾਂ ਨੂੰ ਦਰਸਾਉਂਦੇ ਹਨ ਜਿਨ੍ਹਾਂ ਦੀ ਅਗਵਾਈ ਯਿਸੂ ਕਰਦਾ ਹੈ। ਉਹ ਕੌਮਾਂ ਅਤੇ ਸਾਰੀ ਦੁਸ਼ਟਤਾ ਨੂੰ ਖ਼ਤਮ ਕਰ ਦੇਣਗੇ।—ਹਿਜ਼. 9:2, 6, 7; ਪ੍ਰਕਾ. 19:11-21.
ਇਹ ਵਧੀਆ ਸਬਕ ਸਿੱਖ ਕੇ ਯਹੋਵਾਹ ʼਤੇ ਸਾਡਾ ਭਰੋਸਾ ਮਜ਼ਬੂਤ ਹੁੰਦਾ ਹੈ ਕਿ ਉਹ ਦੁਸ਼ਟਾਂ ਨਾਲ ਧਰਮੀਆਂ ਦਾ ਨਾਸ਼ ਨਹੀਂ ਕਰਦਾ। (2 ਪਤ. 2:9; 3:9) ਨਾਲੇ ਸਾਨੂੰ ਯਾਦ ਕਰਾਇਆ ਗਿਆ ਹੈ ਕਿ ਅੱਜ ਪ੍ਰਚਾਰ ਕਰਨਾ ਕਿੰਨਾ ਜ਼ਰੂਰੀ ਹੈ! ਅੰਤ ਆਉਣ ਤੋਂ ਪਹਿਲਾਂ ਸਾਰਿਆਂ ਨੂੰ ਚੇਤਾਵਨੀ ਦਿੱਤੀ ਜਾਣੀ ਚਾਹੀਦੀ ਹੈ।—ਮੱਤੀ 24:14.
(ਹਿਜ਼ਕੀਏਲ 9:3, 4) ਇਸਰਾਏਲ ਦੇ ਪਰਮੇਸ਼ੁਰ ਦਾ ਤੇਜ ਕਰੂਬੀ ਦੇ ਉੱਤੋਂ ਜਿਸ ਉੱਪਰ ਉਹ ਸੀ, ਉੱਠ ਕੇ ਘਰ ਦੀ ਸਰਦਲ ਤੇ ਗਿਆ, ਅਤੇ ਉਹ ਨੇ ਉਸ ਮਰਦ ਨੂੰ ਜਿਹ ਨੇ ਕਤਾਨੀ ਕੱਪੜੇ ਪਾਏ ਹੋਏ ਸਨ, ਅਤੇ ਜਿਸ ਦੇ ਕੋਲ ਲਿਖਣ ਵਾਲੀ ਦਵਾਤ ਸੀ ਪੁਕਾਰਿਆ। 4 ਅਤੇ ਯਹੋਵਾਹ ਨੇ ਉਹ ਨੂੰ ਕਿਹਾ, ਸ਼ਹਿਰ ਦੇ ਵਿਚਾਲਿਓਂ, ਹਾਂ, ਯਰੂਸ਼ਲਮ ਦੇ ਵਿਚਾਲਿਓਂ ਲੰਘ, ਅਤੇ ਉਨ੍ਹਾਂ ਲੋਕਾਂ ਦੇ ਮੱਥੇ ਉੱਤੇ ਜੋ ਓਹਨਾਂ ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਜੋ ਉਸ ਵਿੱਚ ਕੀਤੇ ਜਾਂਦੇ ਹਨ ਆਹਾਂ ਭਰਦੇ, ਅਤੇ ਰੋਂਦੇ ਹਨ, ਨਿਸ਼ਾਨ ਲਗਾ ਦੇਹ।
(ਹਿਜ਼ਕੀਏਲ 9:5-7) ਉਹ ਨੇ ਮੇਰੇ ਸੁਣਦਿਆਂ ਦੂਜਿਆਂ ਨੂੰ ਆਖਿਆ, ਉਹ ਦੇ ਪਿੱਛੇ ਪਿੱਛੇ ਸ਼ਹਿਰ ਵਿੱਚੋਂ ਲੰਘੋ ਅਤੇ ਮਾਰਦੇ ਜਾਓ, ਤੁਹਾਡੀਆਂ ਅੱਖਾਂ ਲਿਹਾਜ਼ ਨਾ ਕਰਨ, ਨਾ ਤੁਸੀਂ ਤਰਸ ਕਰੋ। 6 ਤੁਸੀਂ ਬੁੱਢਿਆਂ, ਗੱਭਰੂਆਂ, ਕੁਆਰੀਆਂ, ਨਿੱਕੇ ਬੱਚਿਆਂ ਤੇ ਤੀਵੀਆਂ ਨੂੰ ਉੱਕਾ ਮਾਰ ਸੁੱਟੋ ਪਰ ਜਿਨ੍ਹਾਂ ਉੱਤੇ ਨਿਸ਼ਾਨ ਹੈ ਉਨ੍ਹਾਂ ਵਿੱਚੋਂ ਕਿਸੇ ਦੇ ਨੇੜੇ ਨਾ ਜਾਓ, ਅਤੇ ਮੇਰੇ ਪਵਿੱਤ੍ਰ ਅਸਥਾਨ ਤੋਂ ਅਰੰਭ ਕਰੋ! ਤਦ ਓਹਨਾਂ ਨੇ ਉਨ੍ਹਾਂ ਬਜ਼ੁਰਗਾਂ ਤੋਂ ਜਿਹੜੇ ਭਵਨ ਦੇ ਸਾਹਮਣੇ ਸਨ ਸ਼ੁਰੂ ਕੀਤਾ। 7 ਅਤੇ ਉਸ ਨੇ ਉਨ੍ਹਾਂ ਨੂੰ ਫ਼ਰਮਾਇਆ ਕਿ ਭਵਨ ਨੂੰ ਭਰਿਸ਼ਟ ਕਰੋ ਅਤੇ ਵੇਹੜਿਆਂ ਨੂੰ ਵੱਢਿਆਂ ਹੋਇਆਂ ਨਾਲ ਭਰ ਦਿਓ! ਚੱਲੋ, ਬਾਹਰ ਤੁਰੋ! ਸੋ ਓਹ ਤੁਰ ਪਏ ਅਤੇ ਸ਼ਹਿਰ ਵਿੱਚ ਵੱਢਣ ਲਗ ਪਏ।
ਹੀਰੇ-ਮੋਤੀਆਂ ਦੀ ਖੋਜ ਕਰੋ
(ਹਿਜ਼ਕੀਏਲ 7:19) ਓਹ ਆਪਣੀ ਚਾਂਦੀ ਗਲੀਆਂ ਵਿੱਚ ਸੁੱਟ ਦੇਣਗੇ ਅਤੇ ਉਨ੍ਹਾਂ ਦਾ ਸੋਨਾ ਅਸ਼ੁੱਧ ਵਸਤੂਆਂ ਵਾਂਗਰ ਹੋਵੇਗਾ, ਯਹੋਵਾਹ ਦੇ ਕਹਿਰ ਵਾਲੇ ਦਿਨ ਉਨ੍ਹਾਂ ਦੀ ਚਾਂਦੀ ਅਤੇ ਉਨ੍ਹਾਂ ਦਾ ਸੋਨਾ ਉਨ੍ਹਾਂ ਨੂੰ ਨਹੀਂ ਛੁਡਾ ਸੱਕੇਗਾ। ਉਸ ਨਾਲ ਉਨ੍ਹਾਂ ਦੀਆਂ ਜਾਨਾਂ ਸੁਖੀ ਨਹੀਂ ਹੋਣਗੀਆਂ ਨਾ ਉਨ੍ਹਾਂ ਦੇ ਢਿਡ ਭਰਣਗੇ ਕਿਉਂ ਜੋ ਉਹ ਉਨ੍ਹਾਂ ਦਾ ਠੋਕਰ ਖਾਣ ਅਤੇ ਔਗਣ ਦਾ ਕਾਰਨ ਸੀ।
ਪਰਮੇਸ਼ੁਰ ਦੀ ਉੱਤਮ ਸਿੱਖਿਆ
10 ਯਹੋਵਾਹ ਭਵਿੱਖ ਲਈ ਤਿਆਰੀ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਅੱਗੇ ਕੀ ਹੋਣ ਵਾਲਾ ਹੈ। ਉਸ ਨੇ ਤੈਅ ਕੀਤਾ ਹੈ ਕਿ ਇਨਸਾਨਾਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ। (ਯਸਾ. 46:9, 10) ਬਾਈਬਲ ਵਿਚ ਭਵਿੱਖਬਾਣੀ ਕੀਤੀ ਹੈ ਕਿ “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ।” (ਸਫ਼. 1:14) ਉਸ ਦਿਨ ਕਹਾਉਤਾਂ 11:4 ਦੇ ਇਹ ਸ਼ਬਦ ਸੱਚ ਸਾਬਤ ਹੋਣਗੇ: “ਕ੍ਰੋਧ ਦੇ ਦਿਨ ਧਨ ਤੋਂ ਕੁਝ ਲਾਭ ਨਹੀਂ ਹੁੰਦਾ, ਪਰ ਧਰਮ ਮੌਤ ਤੋਂ ਛੁਡਾ ਲੈਂਦਾ ਹੈ।” ਜਦੋਂ ਸ਼ਤਾਨ ਦੀ ਦੁਨੀਆਂ ਨੂੰ ਸਜ਼ਾ ਦੇਣ ਦਾ ਯਹੋਵਾਹ ਦਾ ਸਮਾਂ ਆਵੇਗਾ, ਤਾਂ ਉਦੋਂ ਜ਼ਿਆਦਾ ਜ਼ਰੂਰੀ ਗੱਲ ਇਹ ਹੋਵੇਗੀ ਕਿ ਯਹੋਵਾਹ ਨਾਲ ਸਾਡਾ ਰਿਸ਼ਤਾ ਕਿਹੋ ਜਿਹਾ ਹੈ। ਉਸ ਵੇਲੇ ਧਨ-ਦੌਲਤ ਕਿਸੇ ਕੰਮ ਦੀ ਨਹੀਂ ਹੋਵੇਗੀ। ਦਰਅਸਲ ਹਿਜ਼ਕੀਏਲ 7:19 ਕਹਿੰਦਾ ਹੈ: “ਓਹ ਆਪਣੀ ਚਾਂਦੀ ਗਲੀਆਂ ਵਿੱਚ ਸੁੱਟ ਦੇਣਗੇ ਅਤੇ ਉਨ੍ਹਾਂ ਦਾ ਸੋਨਾ ਅਸ਼ੁੱਧ ਵਸਤੂਆਂ ਵਾਂਗਰ ਹੋਵੇਗਾ।” ਇਹ ਜਾਣ ਕੇ ਅਸੀਂ ਹੁਣੇ ਅਕਲ ਤੋਂ ਕੰਮ ਲੈ ਸਕਦੇ ਹਾਂ।
(ਹਿਜ਼ਕੀਏਲ 8:12) ਤਦ ਉਸ ਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ! ਕੀ ਤੂੰ ਵੇਖਿਆ ਕਿ ਇਸਰਾਏਲ ਦੇ ਘਰਾਣੇ ਦੇ ਬਜ਼ੁਰਗ ਅਨ੍ਹੇਰੇ ਵਿੱਚ ਅਰਥਾਤ ਆਪਣੀ ਚਿਤ੍ਰਕਾਰੀ ਵਾਲੀ ਕੋਠੜੀ ਵਿੱਚ ਕੀ ਕਰਦੇ ਹਨ? ਕਿਉਂ ਜੋ ਉਹ ਆਖਦੇ ਹਨ ਕਿ ਯਹੋਵਾਹ ਸਾਨੂੰ ਨਹੀਂ ਵੇਖਦਾ, ਯਹੋਵਾਹ ਨੇ ਦੇਸ ਨੂੰ ਛੱਡ ਦਿੱਤਾ ਹੈ।
ਕੀ ਤੁਸੀਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੂੰ ਆਪਣੀ ਅਗਵਾਈ ਕਰਨ ਦਿੰਦੇ ਹੋ?
14 ਨਿਹਚਾ ਕਰਨ ਦਾ ਮਤਲਬ ਹੈ ਕਿ ਯਹੋਵਾਹ ਪਰਮੇਸ਼ੁਰ ਸਾਡੇ ਲਈ ਅਸਲੀ ਹੈ। ਜੇ ਪਰਮੇਸ਼ੁਰ ਸਾਡੇ ਲਈ ਅਸਲੀ ਨਹੀਂ ਹੈ, ਤਾਂ ਅਸੀਂ ਆਸਾਨੀ ਨਾਲ ਗ਼ਲਤ ਕੰਮਾਂ ਵਿਚ ਪੈ ਸਕਦੇ ਹਾਂ। ਧਿਆਨ ਦਿਓ ਕਿ ਪੁਰਾਣੇ ਸਮਿਆਂ ਵਿਚ ਪਰਮੇਸ਼ੁਰ ਦੇ ਲੋਕਾਂ ਨੇ ਕੀ ਕੀਤਾ ਸੀ। ਲੋਕਾਂ ਦੇ ਘਰਾਂ ਵਿਚ ਹੋ ਰਹੇ ਘਿਣਾਉਣੇ ਕੰਮਾਂ ਬਾਰੇ ਹਿਜ਼ਕੀਏਲ ਨਬੀ ਨੂੰ ਦੱਸਦੇ ਹੋਏ ਯਹੋਵਾਹ ਨੇ ਕਿਹਾ: “ਹੇ ਆਦਮੀ ਦੇ ਪੁੱਤ੍ਰ! ਕੀ ਤੂੰ ਵੇਖਿਆ ਕਿ ਇਸਰਾਏਲ ਦੇ ਘਰਾਣੇ ਦੇ ਬਜ਼ੁਰਗ ਅਨ੍ਹੇਰੇ ਵਿੱਚ ਅਰਥਾਤ ਆਪਣੀ ਆਪਣੀ ਚਿਤ੍ਰਕਾਰੀ ਵਾਲੀ ਕੋਠੜੀ ਵਿੱਚ ਕੀ ਕਰਦੇ ਹਨ? ਕਿਉਂ ਜੋ ਉਹ ਆਖਦੇ ਹਨ ਕਿ ਯਹੋਵਾਹ ਸਾਨੂੰ ਨਹੀਂ ਵੇਖਦਾ, ਯਹੋਵਾਹ ਨੇ ਦੇਸ ਨੂੰ ਛੱਡ ਦਿੱਤਾ ਹੈ।” (ਹਿਜ਼. 8:12) ਕੀ ਤੁਸੀਂ ਧਿਆਨ ਦਿੱਤਾ ਕਿ ਉਨ੍ਹਾਂ ਦੀ ਸਮੱਸਿਆ ਨੂੰ ਕਿਹੜੀ ਗੱਲ ਨੇ ਵਧਾਇਆ? ਉਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ ਕਿ ਉਹ ਜੋ ਕੁਝ ਕਰ ਰਹੇ ਸਨ, ਉਸ ਨੂੰ ਯਹੋਵਾਹ ਦੇਖ ਰਿਹਾ ਸੀ। ਯਹੋਵਾਹ ਉਨ੍ਹਾਂ ਵਾਸਤੇ ਅਸਲੀ ਨਹੀਂ ਸੀ।
ਬਾਈਬਲ ਪੜ੍ਹਾਈ
(ਹਿਜ਼ਕੀਏਲ 8:1-12) ਛੇਵੇਂ ਵਰ੍ਹੇ ਦੇ ਛੇਵੇਂ ਮਹੀਨੇ ਦੀ ਪੰਜਵੀਂ ਤਰੀਕ ਨੂੰ ਐਉਂ ਹੋਇਆ ਕਿ ਮੈਂ ਆਪਣੇ ਘਰ ਵਿੱਚ ਬੈਠਾ ਸਾਂ ਅਤੇ ਯਹੂਦਾਹ ਦੇ ਬਜ਼ੁਰਗ ਮੇਰੇ ਮੂਹਰੇ ਬੈਠੇ ਸਨ ਕਿ ਉੱਥੇ ਪ੍ਰਭੁ ਯਹੋਵਾਹ ਦਾ ਹੱਥ ਮੇਰੇ ਉੱਤੇ ਪਿਆ। 2 ਮੈਂ ਡਿੱਠਾ ਤਾਂ ਵੇਖੋ, ਇੱਕ ਰੂਪ ਅੱਗ ਵਰਗਾ ਦਿੱਸਦਾ ਹੈ, ਉਸ ਦੇ ਲੱਕ ਤੋਂ ਹੇਠਾਂ ਤੀਕ ਅੱਗ ਅਤੇ ਉਸ ਦੇ ਲੱਕ ਤੋਂ ਉੱਪਰ ਤੀਕ ਚਾਨਣ ਦੀ ਚਮਕ ਦਿੱਸੀ ਜਿਹਦਾ ਰੰਗ ਸਿਕਲ ਕੀਤੇ ਹੋਏ ਪਿੱਤਲ ਵਰਗਾ ਸੀ। 3 ਅਤੇ ਉਸ ਨੇ ਇੱਕ ਹੱਥ ਜਿਹਾ ਵਧਾ ਕੇ ਮੇਰੇ ਸਿਰ ਦੇ ਵਾਲਾਂ ਤੋਂ ਮੈਨੂੰ ਫੜਿਆ, ਅਤੇ ਆਤਮਾ ਨੇ ਮੈਨੂੰ ਅਕਾਸ਼ ਅਤੇ ਧਰਤੀ ਦੇ ਵਿਚਾਲੇ ਉੱਚਾ ਕੀਤਾ, ਅਤੇ ਮੈਨੂੰ ਪਰਮੇਸ਼ੁਰ ਦੇ ਦਰਸ਼ਣਾਂ ਵਿੱਚ ਯਰੂਸ਼ਲਮ ਵਿੱਚ ਉੱਤਰ ਵੱਲ ਅੰਦਰਲੇ ਵੇਹੜੇ ਦੇ ਫਾਟਕ ਤੇ ਜਿੱਥੇ ਅਣਖ ਦੇਵੀ ਦੀ ਮੂਰਤੀ ਦਾ ਟਿਕਾਣਾ ਸੀ ਜਿਹੜੀ ਅਣਖ ਭੜਕਾਉਂਦੀ ਸੀ ਲੈ ਆਇਆ। 4 ਅਤੇ ਵੇਖੋ, ਉੱਥੇ ਇਸਰਾਏਲ ਦੇ ਪਰਮੇਸ਼ੁਰ ਦਾ ਤੇਜ ਸੀ ਉਸ ਦਰਸ਼ਣ ਅਨੁਸਾਰ ਜੋ ਮੈਂ ਉਸ ਮਦਾਨ ਵਿੱਚ ਵੇਖਿਆ ਸੀ। 5 ਤਦ ਉਹ ਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ! ਆਪਣੀਆਂ ਅੱਖਾਂ ਉੱਤਰ ਵੱਲ ਚੁੱਕ। ਸੋ ਮੈਂ ਉੱਤਰ ਵੱਲ ਆਪਣੀਆਂ ਅੱਖੀਆਂ ਚੁੱਕੀਆਂ, ਤਾਂ ਵੇਖੋ, ਉੱਤਰ ਵੱਲ ਜਗਵੇਦੀ ਦੇ ਦਰਵੱਜੇ ਉੱਪਰ ਅਣਖ ਦੀ ਉਹੀ ਮੂਰਤੀ ਰਸਤੇ ਵਿੱਚ ਸੀ। 6 ਅਤੇ ਉਸ ਨੇ ਮੈਨੂੰ ਕਿਹਾ, ਹੇ ਆਦਮੀ ਦੇ ਪੁੱਤ੍ਰ! ਤੂੰ ਉਨ੍ਹਾਂ ਦੇ ਕੰਮ ਵੇਖਦਾ ਹੈਂ ਅਰਥਾਤ ਵੱਡੇ ਵੱਡੇ ਘਿਣਾਉਣੇ ਕੰਮ ਜਿਹੜੇ ਇਸਰਾਏਲ ਦਾ ਘਰਾਣਾ ਇੱਥੇ ਕਰਦਾ ਹੈ ਤਾਂ ਜੋ ਮੈਂ ਆਪਣੇ ਪਵਿੱਤ੍ਰ ਅਸਥਾਨ ਤੋਂ ਦੂਰ ਚੱਲਾ ਜਾਵਾਂ, ਪਰ ਤੂੰ ਹਾਲਾਂ ਇਨ੍ਹਾਂ ਤੋਂ ਵੀ ਵੱਡੇ ਘਿਣਾਉਣੇ ਕੰਮ ਵੇਖੇਂਗਾ। 7 ਤਦ ਉਹ ਮੈਨੂੰ ਵੇਹੜੇ ਦੇ ਦਰਵੱਜੇ ਤੇ ਲਿਆਇਆ, ਤਾਂ ਮੈਂ ਡਿੱਠਾ, ਅਤੇ ਵੇਖੋ ਕਿ ਕੰਧ ਦੇ ਵਿੱਚ ਇੱਕ ਛੇਕ ਹੈ। 8 ਤਦ ਉਹ ਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ! ਕੰਧ ਨੂੰ ਪੁੱਟ, ਅਤੇ ਜਦੋਂ ਮੈਂ ਕੰਧ ਨੂੰ ਪੁੱਟਿਆ ਤਾਂ ਵੇਖੋ ਇੱਕ ਦਰਵੱਜਾ ਸੀ। 9 ਫੇਰ ਉਸ ਨੇ ਮੈਨੂੰ ਆਖਿਆ, ਅੰਦਰ ਜਾ, ਅਤੇ ਜਿਹੜੇ ਕਮੀਣੇ ਘਿਣਾਉਣੇ ਕੰਮ ਓਹ ਇੱਥੇ ਕਰਦੇ ਹਨ ਵੇਖ! 10 ਤਦੋਂ ਮੈਂ ਅੰਦਰ ਜਾਕੇ ਤੱਕਿਆ ਤਾਂ ਵੇਖੋ, ਹਰ ਕਿਸਮ ਦੇ ਸਾਰੇ ਘਿੱਸਰਨ ਵਾਲੇ ਅਤੇ ਪਲੀਤ ਪਸੂਆਂ ਦੀਆਂ ਸਾਰੀਆਂ ਮੂਰਤਾਂ ਅਤੇ ਇਸਰਾਏਲ ਦੇ ਘਰਾਣੇ ਦੇ ਬੁੱਤ ਆਲੇ ਦੁਆਲੇ ਕੰਧ ਉੱਤੇ ਬਣੇ ਹੋਏ ਹਨ। 11 ਅਤੇ ਇਸਰਾਏਲ ਦੇ ਘਰਾਣੇ ਦੇ ਸੱਤਰ ਬਜ਼ੁਰਗ ਉਨ੍ਹਾਂ ਅੱਗੇ ਖਲੋਤੇ ਹਨ ਅਤੇ ਸ਼ਾਫ਼ਨ ਦਾ ਪੁੱਤ੍ਰ ਯਅਜ਼ਨਯਾਹ ਉਨ੍ਹਾਂ ਦੇ ਵਿਚਕਾਰ ਖਲੋਤਾ ਹੈ ਅਤੇ ਹਰੇਕ ਦੇ ਹੱਥ ਵਿੱਚ ਇੱਕ ਧੂਪਦਾਨ ਹੈ ਅਤੇ ਬਖ਼ੂਰ ਦੀ ਸੁਗੰਧੀ ਦਾ ਬੱਦਲ ਉੱਠ ਰਿਹਾ ਹੈ 12 ਤਦ ਉਸ ਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ! ਕੀ ਤੂੰ ਵੇਖਿਆ ਕਿ ਇਸਰਾਏਲ ਦੇ ਘਰਾਣੇ ਦੇ ਬਜ਼ੁਰਗ ਅਨ੍ਹੇਰੇ ਵਿੱਚ ਅਰਥਾਤ ਆਪਣੀ ਚਿਤ੍ਰਕਾਰੀ ਵਾਲੀ ਕੋਠੜੀ ਵਿੱਚ ਕੀ ਕਰਦੇ ਹਨ? ਕਿਉਂ ਜੋ ਉਹ ਆਖਦੇ ਹਨ ਕਿ ਯਹੋਵਾਹ ਸਾਨੂੰ ਨਹੀਂ ਵੇਖਦਾ, ਯਹੋਵਾਹ ਨੇ ਦੇਸ ਨੂੰ ਛੱਡ ਦਿੱਤਾ ਹੈ।