ਆਪਣੇ ਦੁਸ਼ਮਣ ਬਾਰੇ ਜਾਣੋ
“ਅਸੀਂ [ਸ਼ੈਤਾਨ] ਦੀਆਂ ਚਾਲਾਂ ਤੋਂ ਅਣਜਾਣ ਨਹੀਂ ਹਾਂ।”—2 ਕੁਰਿੰ. 2:11.
1. ਯਹੋਵਾਹ ਨੇ ਆਦਮ ਤੇ ਹੱਵਾਹ ਦੇ ਪਾਪ ਕਰਨ ਤੋਂ ਬਾਅਦ ਸਾਡੇ ਦੁਸ਼ਮਣ ਬਾਰੇ ਕੀ ਦੱਸਿਆ?
ਆਦਮ ਜਾਣਦਾ ਸੀ ਕਿ ਸੱਪ ਗੱਲ ਨਹੀਂ ਕਰ ਸਕਦੇ। ਸੋ ਜਦੋਂ ਉਸ ਨੂੰ ਪਤਾ ਲੱਗਾ ਕਿ ਸੱਪ ਨੇ ਹੱਵਾਹ ਨਾਲ ਗੱਲ ਕੀਤੀ ਸੀ, ਤਾਂ ਸ਼ਾਇਦ ਆਦਮ ਜਾਣ ਗਿਆ ਕਿ ਅਸਲ ਵਿਚ ਇਕ ਆਤਮਿਕ ਪ੍ਰਾਣੀ ਨੇ ਹੱਵਾਹ ਨਾਲ ਗੱਲ ਕੀਤੀ ਸੀ। (ਉਤ. 3:1-6) ਆਦਮ ਤੇ ਹੱਵਾਹ ਨਹੀਂ ਜਾਣਦੇ ਸਨ ਕਿ ਉਹ ਆਤਮਿਕ ਪ੍ਰਾਣੀ ਕੌਣ ਸੀ। ਪਰ ਫਿਰ ਵੀ ਆਦਮ ਨੇ ਆਪਣੇ ਪਿਆਰੇ ਸਵਰਗੀ ਪਿਤਾ ਦੇ ਖ਼ਿਲਾਫ਼ ਬਗਾਵਤ ਕੀਤੀ ਅਤੇ ਉਸ ਅਜਨਬੀ ਆਤਮਿਕ ਪ੍ਰਾਣੀ ਨਾਲ ਰਲ਼ ਗਿਆ। (1 ਤਿਮੋ. 2:14) ਉਸੇ ਸਮੇਂ, ਯਹੋਵਾਹ ਨੇ ਇਸ ਜ਼ਾਲਮ ਦੁਸ਼ਮਣ ਬਾਰੇ ਬਹੁਤ ਸਾਰੀਆਂ ਗੱਲਾਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਵਾਅਦਾ ਕੀਤਾ ਕਿ ਅਖ਼ੀਰ ਉਸ ਦਾ ਨਾਸ਼ ਕੀਤਾ ਜਾਵੇਗਾ। ਪਰ ਯਹੋਵਾਹ ਨੇ ਚੇਤਾਵਨੀ ਦਿੱਤੀ ਕਿ ਜਿਸ ਆਤਮਿਕ ਪ੍ਰਾਣੀ ਨੇ ਸੱਪ ਦੇ ਜ਼ਰੀਏ ਗੱਲ ਕੀਤੀ ਸੀ ਉਹ ਕੁਝ ਸਮੇਂ ਲਈ ਪਰਮੇਸ਼ੁਰ ਨੂੰ ਪਿਆਰ ਕਰਨ ਵਾਲਿਆਂ ਦਾ ਵਿਰੋਧ ਕਰੇਗਾ।—ਉਤ. 3:15.
2, 3. ਮਸੀਹ ਦੇ ਆਉਣ ਤੋਂ ਪਹਿਲਾਂ ਸ਼ੈਤਾਨ ਬਾਰੇ ਬਹੁਤ ਘੱਟ ਜਾਣਕਾਰੀ ਕਿਉਂ ਦਿੱਤੀ ਗਈ?
2 ਯਹੋਵਾਹ ਨੇ ਕਦੇ ਵੀ ਉਸ ਵਿਰੋਧੀ ਸਵਰਗੀ ਦੂਤ ਦਾ ਨਾਂ ਨਹੀਂ ਦੱਸਿਆ।a ਅਦਨ ਦੇ ਬਾਗ਼ ਵਿਚ ਹੋਈ ਬਗਾਵਤ ਤੋਂ 2,500 ਸਾਲ ਬਾਅਦ ਜਾ ਕੇ ਯਹੋਵਾਹ ਨੇ ਇਸ ਵਿਰੋਧੀ ਬਾਰੇ ਦੱਸਿਆ। (ਅੱਯੂ. 1:6) ਉਸ ਨੂੰ “ਸ਼ੈਤਾਨ” ਦਾ ਖ਼ਿਤਾਬ ਦਿੱਤਾ ਗਿਆ ਜਿਸ ਦਾ ਮਤਲਬ ਹੈ “ਵਿਰੋਧੀ।” ਇਬਰਾਨੀ ਲਿਖਤਾਂ ਵਿਚ ਸਿਰਫ਼ ਤਿੰਨ ਹੀ ਕਿਤਾਬਾਂ ਵਿਚ ਸ਼ੈਤਾਨ ਦਾ ਜ਼ਿਕਰ ਆਉਂਦਾ ਹੈ, ਯਾਨੀ ਪਹਿਲਾ ਇਤਿਹਾਸ, ਅੱਯੂਬ ਅਤੇ ਜ਼ਕਰਯਾਹ। ਮਸੀਹ ਦੇ ਆਉਣ ਤੋਂ ਪਹਿਲਾਂ ਇਸ ਦੁਸ਼ਮਣ ਬਾਰੇ ਇੰਨੀ ਘੱਟ ਜਾਣਕਾਰੀ ਕਿਉਂ ਦਿੱਤੀ ਗਈ?
3 ਯਹੋਵਾਹ ਨੇ ਇਬਰਾਨੀ ਲਿਖਤਾਂ ਵਿਚ ਸ਼ੈਤਾਨ ਅਤੇ ਉਸ ਦੇ ਕੰਮਾਂ ਬਾਰੇ ਬਹੁਤ ਘੱਟ ਜਾਣਕਾਰੀ ਦਿੱਤੀ ਹੈ। ਆਖ਼ਰ, ਇਬਰਾਨੀ ਲਿਖਤਾਂ ਦਾ ਮਕਸਦ ਮਸੀਹ ਦੀ ਪਛਾਣ ਕਰਾਉਣੀ ਅਤੇ ਪਰਮੇਸ਼ੁਰ ਦੇ ਲੋਕਾਂ ਨੂੰ ਮਸੀਹ ਕੋਲ ਲੈ ਜਾਣਾ ਸੀ। (ਲੂਕਾ 24:44; ਗਲਾ. 3:24) ਮਸੀਹ ਦੇ ਆਉਣ ʼਤੇ ਯਹੋਵਾਹ ਨੇ ਮਸੀਹ ਅਤੇ ਉਸ ਦੇ ਚੇਲਿਆਂ ਰਾਹੀਂ ਸ਼ੈਤਾਨ ਅਤੇ ਉਸ ਦੇ ਮਗਰ ਲੱਗਣ ਵਾਲੇ ਦੂਤਾਂ ਬਾਰੇ ਬਹੁਤ ਸਾਰੀ ਜਾਣਕਾਰੀ ਦਿੱਤੀ।b ਇਸ ਤਰ੍ਹਾਂ ਕਰਨਾ ਸਹੀ ਸੀ ਕਿਉਂਕਿ ਯਹੋਵਾਹ ਯਿਸੂ ਅਤੇ ਉਸ ਨਾਲ ਰਾਜ ਕਰਨ ਵਾਲੇ ਰਾਜਿਆਂ ਦੁਆਰਾ ਸ਼ੈਤਾਨ ਤੇ ਉਸ ਦੇ ਮਗਰ ਲੱਗਣ ਵਾਲਿਆਂ ਦਾ ਨਾਸ਼ ਕਰੇਗਾ।—ਰੋਮੀ. 16:20; ਪ੍ਰਕਾ. 17:14; 20:10.
4. ਸਾਨੂੰ ਸ਼ੈਤਾਨ ਤੋਂ ਕਿਉਂ ਨਹੀਂ ਡਰਨਾ ਚਾਹੀਦਾ?
4 ਪਤਰਸ ਰਸੂਲ ਨੇ ਸ਼ੈਤਾਨ ਨੂੰ ‘ਗਰਜਦਾ ਸ਼ੇਰ’ ਅਤੇ ਯੂਹੰਨਾ ਨੇ “ਸੱਪ” ਤੇ “ਅਜਗਰ” ਕਿਹਾ। (1 ਪਤ. 5:8; ਪ੍ਰਕਾ. 12:9) ਪਰ ਸਾਨੂੰ ਸ਼ੈਤਾਨ ਕੋਲੋਂ ਡਰਨ ਦੀ ਲੋੜ ਨਹੀਂ। ਉਸ ਦੀ ਤਾਕਤ ਦੀ ਇਕ ਹੱਦ ਹੈ। (ਯਾਕੂਬ 4:7 ਪੜ੍ਹੋ।) ਸਾਡੀ ਰਾਖੀ ਕਰਨ ਲਈ ਯਹੋਵਾਹ, ਯਿਸੂ ਅਤੇ ਵਫ਼ਾਦਾਰ ਦੂਤ ਸਾਡੇ ਨਾਲ ਹਨ। ਉਨ੍ਹਾਂ ਦੀ ਮਦਦ ਨਾਲ ਅਸੀਂ ਆਪਣੇ ਇਸ ਦੁਸ਼ਮਣ ਦਾ ਮੁਕਾਬਲਾ ਕਰ ਸਕਦੇ ਹਾਂ। ਫਿਰ ਵੀ, ਸਾਨੂੰ ਇਨ੍ਹਾਂ ਤਿੰਨ ਜ਼ਰੂਰੀ ਸਵਾਲਾਂ ਦੇ ਜਵਾਬ ਜਾਣਨ ਦੀ ਲੋੜ ਹੈ: ਸ਼ੈਤਾਨ ਦਾ ਪ੍ਰਭਾਵ ਕਿਸ ਹੱਦ ਤਕ ਹੈ? ਸ਼ੈਤਾਨ ਦੂਜਿਆਂ ʼਤੇ ਕਿਵੇਂ ਪ੍ਰਭਾਵ ਪਾਉਂਦਾ ਹੈ? ਸ਼ੈਤਾਨ ਕੋਲ ਕਿੰਨੀ ਕੁ ਤਾਕਤ ਹੈ? ਆਓ ਆਪਾਂ ਇਨ੍ਹਾਂ ਤਿੰਨ ਸਵਾਲਾਂ ਦੇ ਜਵਾਬ ਲਈਏ ਅਤੇ ਦੇਖੀਏ ਕਿ ਅਸੀਂ ਇਨ੍ਹਾਂ ਤੋਂ ਕਿਹੜੇ ਸਬਕ ਸਿੱਖ ਸਕਦੇ ਹਾਂ।
ਸ਼ੈਤਾਨ ਦਾ ਪ੍ਰਭਾਵ ਕਿਸ ਹੱਦ ਤਕ ਹੈ?
5, 6. ਇਨਸਾਨੀ ਸਰਕਾਰਾਂ ਉਹ ਤਬਦੀਲੀਆਂ ਕਿਉਂ ਨਹੀਂ ਕਰ ਸਕਦੀਆਂ ਜਿਨ੍ਹਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ?
5 ਬਹੁਤ ਸਾਰੇ ਦੂਤਾਂ ਨੇ ਸ਼ੈਤਾਨ ਨਾਲ ਮਿਲ ਕੇ ਬਗਾਵਤ ਕੀਤੀ। ਜਲ-ਪਰਲੋ ਤੋਂ ਪਹਿਲਾਂ ਸ਼ੈਤਾਨ ਨੇ ਇਨ੍ਹਾਂ ਵਿੱਚੋਂ ਕੁਝ ਦੂਤਾਂ ਨੂੰ “ਆਦਮੀ ਦੀਆਂ ਧੀਆਂ” ਨਾਲ ਸਰੀਰਕ ਸੰਬੰਧ ਬਣਾਉਣ ਲਈ ਲੁਭਾਇਆ। ਇਸ ਘਟਨਾ ਨੂੰ ਬਾਈਬਲ ਵਿਚ ਤਸਵੀਰੀ ਰੂਪ ਨਾਲ ਸਮਝਾਇਆ ਗਿਆ ਹੈ ਕਿ ਅਜਗਰ ਨੇ ਆਪਣੀ ਪੂਛ ਨਾਲ ਆਕਾਸ਼ ਦੇ ਇਕ ਤਿਹਾਈ ਤਾਰੇ ਖਿੱਚ ਕੇ ਧਰਤੀ ਉੱਤੇ ਸੁੱਟ ਦਿੱਤੇ। (ਉਤ. 6:1-4; ਯਹੂ. 6; ਪ੍ਰਕਾ. 12:3, 4) ਇਨ੍ਹਾਂ ਦੂਤਾਂ ਨੇ ਪਰਮੇਸ਼ੁਰ ਦੇ ਪਰਿਵਾਰ ਨੂੰ ਛੱਡ ਦਿੱਤਾ। ਪਰਮੇਸ਼ੁਰ ਨੂੰ ਠੁਕਰਾ ਕੇ ਉਹ ਸ਼ੈਤਾਨ ਦੀ ਮੁੱਠੀ ਵਿਚ ਆ ਗਏ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਬਾਗ਼ੀ ਦੂਤਾਂ ਦਾ ਕੰਮ ਕਰਨ ਦਾ ਕੋਈ ਢੰਗ-ਤਰੀਕਾ ਨਹੀਂ। ਪਰਮੇਸ਼ੁਰ ਦੇ ਰਾਜ ਦੀ ਨਕਲ ਕਰਦੇ ਹੋਏ ਸ਼ੈਤਾਨ ਨੇ ਆਪਣੀ ਸਰਕਾਰ ਬਣਾਈ ਹੈ। ਉਸ ਨੇ ਆਪਣੇ ਆਪ ਨੂੰ ਇਸ ਸਰਕਾਰ ਦਾ ਰਾਜਾ ਬਣਾਇਆ ਹੈ। ਅਦਿੱਖ ਦੁਨੀਆਂ ਵਿਚ ਉਸ ਨੇ ਦੁਸ਼ਟ ਦੂਤਾਂ ਨੂੰ ਰਾਜਿਆਂ ਵਜੋਂ ਅਧਿਕਾਰ ਅਤੇ ਤਾਕਤ ਦਿੱਤੀ ਹੈ। ਉਸ ਨੇ ਇਨ੍ਹਾਂ ਨੂੰ ਦੁਨੀਆਂ ਦੇ ਹਾਕਮ ਬਣਾਇਆ ਹੈ।—ਅਫ਼. 6:12.
6 ਸ਼ੈਤਾਨ ਆਪਣੇ ਸੰਗਠਨ ਰਾਹੀਂ ਦੁਨੀਆਂ ਦੀਆਂ ਸਾਰੀਆਂ ਸਰਕਾਰਾਂ ਨੂੰ ਆਪਣੇ ਵੱਸ ਵਿਚ ਰੱਖਦਾ ਹੈ। ਅਸੀਂ ਇਹ ਗੱਲ ਪੂਰੇ ਭਰੋਸੇ ਨਾਲ ਕਹਿ ਸਕਦੇ ਹਾਂ ਕਿਉਂਕਿ ਉਸ ਨੇ ਯਿਸੂ ਨੂੰ “ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹੀਆਂ ਦਿਖਾਈਆਂ” ਅਤੇ ਕਿਹਾ: “ਮੈਂ ਤੈਨੂੰ ਇਨ੍ਹਾਂ ਸਾਰੀਆਂ ਬਾਦਸ਼ਾਹੀਆਂ ਉੱਤੇ ਅਧਿਕਾਰ ਅਤੇ ਇਨ੍ਹਾਂ ਦੀ ਸ਼ਾਨੋ-ਸ਼ੌਕਤ ਦੇ ਦਿਆਂਗਾ, ਕਿਉਂਕਿ ਮੈਨੂੰ ਇਨ੍ਹਾਂ ਉੱਤੇ ਅਧਿਕਾਰ ਦਿੱਤਾ ਗਿਆ ਹੈ ਅਤੇ ਮੈਂ ਜਿਸ ਨੂੰ ਚਾਹਾਂ ਦੇ ਸਕਦਾ ਹਾਂ।” (ਲੂਕਾ 4:5, 6) ਫਿਰ ਵੀ, ਬਹੁਤ ਸਾਰੀਆਂ ਸਰਕਾਰਾਂ ਆਪਣੇ ਲੋਕਾਂ ਲਈ ਚੰਗੇ ਕੰਮ ਕਰਦੀਆਂ ਹਨ ਅਤੇ ਕੁਝ ਅਧਿਕਾਰੀ ਸੱਚ-ਮੁੱਚ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਹਨ। ਪਰ ਕੋਈ ਵੀ ਇਨਸਾਨੀ ਹਾਕਮ ਉਹ ਤਬਦੀਲੀਆਂ ਨਹੀਂ ਕਰ ਸਕਦਾ ਜਿਨ੍ਹਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ।—ਜ਼ਬੂ. 146:3, 4; ਪ੍ਰਕਾ. 12:12.
7. ਸ਼ੈਤਾਨ ਸਿਰਫ਼ ਸਰਕਾਰਾਂ ਨੂੰ ਹੀ ਨਹੀਂ, ਸਗੋਂ ਝੂਠੇ ਧਰਮ ਅਤੇ ਵਪਾਰ ਜਗਤ ਨੂੰ ਵੀ ਕਿਵੇਂ ਵਰਤਦਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
7 ਸ਼ੈਤਾਨ ਅਤੇ ਦੁਸ਼ਟ ਦੂਤ ਝੂਠੇ ਧਰਮਾਂ ਅਤੇ ਵਪਾਰ ਜਗਤ ਨੂੰ ਵਰਤ ਕੇ “ਸਾਰੀ ਦੁਨੀਆਂ ਨੂੰ ਗੁਮਰਾਹ” ਕਰਦੇ ਹਨ। (ਪ੍ਰਕਾ. 12:9) ਸ਼ੈਤਾਨ ਝੂਠੇ ਧਰਮਾਂ ਰਾਹੀਂ ਯਹੋਵਾਹ ਬਾਰੇ ਝੂਠੀਆਂ ਗੱਲਾਂ ਫੈਲਾਉਂਦਾ ਹੈ ਅਤੇ ਲੋਕਾਂ ਤੋਂ ਪਰਮੇਸ਼ੁਰ ਦਾ ਨਾਂ ਲੁਕਾਉਣ ਦੀ ਵੀ ਕੋਸ਼ਿਸ਼ ਕਰਦਾ ਹੈ। (ਯਿਰ. 23:26, 27) ਨਤੀਜੇ ਵਜੋਂ, ਲੋਕ ਸੋਚਦੇ ਹਨ ਕਿ ਉਹ ਰੱਬ ਦੀ ਭਗਤੀ ਕਰ ਰਹੇ ਹਨ, ਪਰ ਅਸਲ ਵਿਚ ਉਹ ਦੁਸ਼ਟ ਦੂਤਾਂ ਦੀ ਭਗਤੀ ਕਰਦੇ ਹਨ। (1 ਕੁਰਿੰ. 10:20; 2 ਕੁਰਿੰ. 11:13-15) ਸ਼ੈਤਾਨ ਵਪਾਰ ਜਗਤ ਨੂੰ ਵੀ ਵਰਤ ਕੇ ਝੂਠ ਫੈਲਾਉਂਦਾ ਹੈ, ਜਿਵੇਂ ਕਿ ਪੈਸੇ ਅਤੇ ਚੀਜ਼ਾਂ ਨਾਲ ਖ਼ੁਸ਼ੀ ਹਾਸਲ ਕਰਨ ਦਾ ਝੂਠ। (ਕਹਾ. 18:11) ਇਸ ਝੂਠ ʼਤੇ ਵਿਸ਼ਵਾਸ ਕਰਨ ਵਾਲੇ ਲੋਕ ਆਪਣੀ ਸਾਰੀ ਜ਼ਿੰਦਗੀ ਰੱਬ ਦੀ ਭਗਤੀ ਕਰਨ ਦੀ ਬਜਾਇ “ਪੈਸੇ” ਕਮਾਉਣ ʼਤੇ ਲਾ ਦਿੰਦੇ ਹਨ। (ਮੱਤੀ 6:24) ਆਖ਼ਰਕਾਰ, ਪੈਸੇ ਅਤੇ ਚੀਜ਼ਾਂ ਲਈ ਉਨ੍ਹਾਂ ਦਾ ਪਿਆਰ ਇੰਨਾ ਵਧ ਜਾਂਦਾ ਹੈ ਕਿ ਪਰਮੇਸ਼ੁਰ ਲਈ ਉਨ੍ਹਾਂ ਦਾ ਪਿਆਰ ਨਾ ਦੇ ਬਰਾਬਰ ਰਹਿ ਜਾਂਦਾ ਹੈ।—ਮੱਤੀ 13:22; 1 ਯੂਹੰ. 2:15, 16.
8, 9. (ੳ) ਅਸੀਂ ਆਦਮ, ਹੱਵਾਹ ਅਤੇ ਬਾਗ਼ੀ ਦੂਤਾਂ ਤੋਂ ਕਿਹੜੇ ਦੋ ਸਬਕ ਸਿੱਖਦੇ ਹਾਂ? (ਅ) ਸਾਨੂੰ ਇਹ ਗੱਲ ਜਾਣ ਕੇ ਕੀ ਫ਼ਾਇਦੇ ਹੁੰਦੇ ਹਨ ਕਿ ਪੂਰੀ ਦੁਨੀਆਂ ਸ਼ੈਤਾਨ ਦੀ ਮੁੱਠੀ ਵਿਚ ਹੈ?
8 ਆਦਮ, ਹੱਵਾਹ ਅਤੇ ਬਾਗ਼ੀ ਦੂਤਾਂ ਤੋਂ ਅਸੀਂ ਦੋ ਸਬਕ ਸਿੱਖਦੇ ਹਾਂ। ਪਹਿਲਾ, ਸਾਨੂੰ ਪਤਾ ਲੱਗਦਾ ਹੈ ਕਿ ਸਿਰਫ਼ ਦੋ ਹੀ ਰਾਹ ਹਨ ਅਤੇ ਅਸੀਂ ਇਨ੍ਹਾਂ ਵਿੱਚੋਂ ਇਕ ਚੁਣਨਾ ਹੈ। ਅਸੀਂ ਜਾਂ ਤਾਂ ਯਹੋਵਾਹ ਵੱਲ ਹੋ ਸਕਦੇ ਹਾਂ ਜਾਂ ਸ਼ੈਤਾਨ ਵੱਲ। (ਮੱਤੀ 7:13) ਦੂਜਾ, ਸ਼ੈਤਾਨ ਦਾ ਸਾਥ ਦੇਣ ਵਾਲਿਆਂ ਨੂੰ ਸਿਰਫ਼ ਕੁਝ ਹੱਦ ਤਕ ਹੀ ਫ਼ਾਇਦਾ ਹੁੰਦਾ ਹੈ। ਮਿਸਾਲ ਲਈ, ਆਦਮ ਤੇ ਹੱਵਾਹ ਨੂੰ ਸਹੀ-ਗ਼ਲਤ ਤੈਅ ਕਰਨ ਦਾ ਮੌਕਾ ਮਿਲ ਗਿਆ। ਨਾਲੇ ਦੁਸ਼ਟ ਦੂਤਾਂ ਨੂੰ ਵੀ ਇਨਸਾਨੀ ਸਰਕਾਰਾਂ ʼਤੇ ਕੁਝ ਹੱਦ ਤਕ ਅਧਿਕਾਰ ਮਿਲ ਗਿਆ। (ਉਤ. 3:22) ਪਰ ਸ਼ੈਤਾਨ ਦਾ ਪੱਖ ਲੈਣ ਦੇ ਹਮੇਸ਼ਾ ਬੁਰੇ ਨਤੀਜੇ ਨਿਕਲਦੇ ਹਨ। ਇਸ ਤਰ੍ਹਾਂ ਕਰਨ ਦਾ ਕੋਈ ਫ਼ਾਇਦਾ ਨਹੀਂ ਹੁੰਦਾ!—ਅੱਯੂ. 21:7-17; ਗਲਾ. 6:7, 8.
9 ਸਾਨੂੰ ਇਹ ਗੱਲ ਜਾਣ ਕੇ ਫ਼ਾਇਦਾ ਹੁੰਦਾ ਹੈ ਕਿ ਪੂਰੀ ਦੁਨੀਆਂ ਸ਼ੈਤਾਨ ਦੀ ਮੁੱਠੀ ਵਿਚ ਹੈ। ਇਹ ਜਾਣ ਕੇ ਅਸੀਂ ਸਰਕਾਰਾਂ ਪ੍ਰਤੀ ਸਹੀ ਨਜ਼ਰੀਆ ਰੱਖ ਪਾਉਂਦੇ ਹਾਂ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਵੀ ਪ੍ਰੇਰਿਤ ਹੁੰਦੇ ਹਾਂ। ਅਸੀਂ ਜਾਣਦੇ ਹਾਂ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸਰਕਾਰਾਂ ਦਾ ਆਦਰ ਕਰੀਏ। (1 ਪਤ. 2:17) ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਸਰਕਾਰ ਦੇ ਉਨ੍ਹਾਂ ਸਾਰੇ ਕਾਨੂੰਨਾਂ ਦੀ ਪਾਲਣਾ ਕਰੀਏ ਜੋ ਉਸ ਦੇ ਮਿਆਰਾਂ ਦੇ ਖ਼ਿਲਾਫ਼ ਨਹੀਂ ਹਨ। (ਰੋਮੀ. 13:1-4) ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਅਸੀਂ ਨਿਰਪੱਖ ਰਹਿਣਾ ਹੈ ਅਤੇ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਲੀਡਰ ਦਾ ਸਮਰਥਨ ਨਹੀਂ ਕਰਨਾ। (ਯੂਹੰ. 17:15, 16; 18:36) ਅਸੀਂ ਜਾਣਦੇ ਹਾਂ ਕਿ ਸ਼ੈਤਾਨ ਨਹੀਂ ਚਾਹੁੰਦਾ ਕਿ ਲੋਕਾਂ ਨੂੰ ਯਹੋਵਾਹ ਦਾ ਨਾਂ ਪਤਾ ਲੱਗੇ ਅਤੇ ਉਹ ਪਰਮੇਸ਼ੁਰ ਦੇ ਨਾਂ ਨੂੰ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਅਸੀਂ ਸਾਰਿਆਂ ਨੂੰ ਪਰਮੇਸ਼ੁਰ ਬਾਰੇ ਸੱਚਾਈ ਸਿਖਾਉਣ ਦੀ ਹਰ ਕੋਸ਼ਿਸ਼ ਕਰਦੇ ਹਾਂ। ਪਰਮੇਸ਼ੁਰ ਦੇ ਨਾਂ ਤੋਂ ਜਾਣੇ ਜਾਣਾ ਅਤੇ ਉਸ ਦਾ ਨਾਂ ਲੈਣਾ ਸਾਡੇ ਲਈ ਮਾਣ ਦੀ ਗੱਲ ਹੈ। ਪਰਮੇਸ਼ੁਰ ਲਈ ਸਾਡਾ ਪਿਆਰ ਪੈਸੇ ਤੇ ਚੀਜ਼ਾਂ ਨਾਲੋ ਕਿਤੇ ਵੱਧ ਕੇ ਹੈ।—ਯਸਾ. 43:10; 1 ਤਿਮੋ. 6:6-10.
ਸ਼ੈਤਾਨ ਦੂਜਿਆਂ ʼਤੇ ਕਿਵੇਂ ਪ੍ਰਭਾਵ ਪਾਉਂਦਾ ਹੈ?
10-12. (ੳ) ਸ਼ੈਤਾਨ ਨੇ ਕੁਝ ਦੂਤਾਂ ਨੂੰ ਕਿਵੇਂ ਭਰਮਾਇਆ? (ਅ) ਅਸੀਂ ਬਾਗ਼ੀ ਦੂਤਾਂ ਤੋਂ ਕਿਹੜਾ ਸਬਕ ਸਿੱਖਦੇ ਹਾਂ?
10 ਸ਼ੈਤਾਨ ਦੂਜਿਆਂ ਨੂੰ ਗੁਮਰਾਹ ਕਰਨ ਲਈ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਵਰਤਦਾ ਹੈ। ਮਿਸਾਲ ਲਈ, ਉਹ ਦੂਜਿਆਂ ਨੂੰ ਆਪਣੇ ਚੁੰਗਲ਼ ਵਿਚ ਫਸਾਉਣ ਲਈ ਕਈ ਵਾਰ ਚਾਰੇ ਦਾ ਇਸਤੇਮਾਲ ਕਰਦਾ ਹੈ। ਕਈ ਵਾਰ ਉਹ ਉਨ੍ਹਾਂ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਵੀ ਕਰਦਾ ਹੈ।
11 ਸ਼ੈਤਾਨ ਨੇ ਚਾਰਾ ਵਰਤ ਕੇ ਬਹੁਤ ਸਾਰੇ ਦੂਤਾਂ ਨੂੰ ਭਰਮਾਇਆ। ਇਹ ਪਤਾ ਕਰਨ ਲਈ ਕਿ ਦੂਤਾਂ ਨੂੰ ਕਿਹੜੀ ਗੱਲ ਭਰਮਾ ਸਕਦੀ ਸੀ ਸ਼ੈਤਾਨ ਨੇ ਸ਼ਾਇਦ ਕਾਫ਼ੀ ਲੰਬੇ ਸਮੇਂ ਤਕ ਉਨ੍ਹਾਂ ਨੂੰ ਧਿਆਨ ਨਾਲ ਦੇਖਿਆ ਹੋਣਾ। ਕੁਝ ਦੂਤ ਉਸ ਦੇ ਝਾਂਸੇ ਵਿਚ ਆ ਗਏ ਅਤੇ ਉਨ੍ਹਾਂ ਨੇ ਔਰਤਾਂ ਨਾਲ ਸਰੀਰਕ ਸੰਬੰਧ ਬਣਾਏ। ਉਨ੍ਹਾਂ ਦੇ ਬੱਚੇ ਵੱਡੇ ਹੋ ਕੇ ਦੈਂਤ ਬਣੇ ਜੋ ਲੋਕਾਂ ʼਤੇ ਬਹੁਤ ਹੀ ਜ਼ੁਲਮ ਕਰਦੇ ਸਨ। (ਉਤ. 6:1-4) ਅਨੈਤਿਕਤਾ ਦਾ ਫੰਦਾ ਵਰਤਣ ਦੇ ਨਾਲ-ਨਾਲ ਸ਼ੈਤਾਨ ਨੇ ਸ਼ਾਇਦ ਬਾਗ਼ੀ ਦੂਤਾਂ ਨਾਲ ਇਹ ਵਾਅਦਾ ਕੀਤਾ ਕਿ ਉਹ ਉਨ੍ਹਾਂ ਨੂੰ ਇਨਸਾਨਾਂ ʼਤੇ ਰਾਜ ਕਰਨ ਦੀ ਤਾਕਤ ਦੇਵੇਗਾ। ਸ਼ਾਇਦ ਸ਼ੈਤਾਨ ਦਾ ਇਹ ਮਕਸਦ ਸੀ ਕਿ “ਤੀਵੀਂ ਦੀ ਸੰਤਾਨ” ਪੈਦਾ ਨਾ ਹੋਵੇ। (ਉਤ. 3:15) ਪਰ ਯਹੋਵਾਹ ਨੇ ਉਸ ਦੀ ਚਾਲ ਸਫ਼ਲ ਨਹੀਂ ਹੋਣ ਦਿੱਤੀ। ਪਰਮੇਸ਼ੁਰ ਨੇ ਜਲ-ਪਰਲੋ ਲਿਆ ਕੇ ਸ਼ੈਤਾਨ ਅਤੇ ਦੁਸ਼ਟ ਦੂਤਾਂ ਦੀਆਂ ਸਕੀਮਾਂ ʼਤੇ ਪਾਣੀ ਫੇਰ ਦਿੱਤਾ।
12 ਅਸੀਂ ਇਸ ਘਟਨਾ ਤੋਂ ਕਿਹੜੇ ਸਬਕ ਸਿੱਖਦੇ ਹਾਂ? ਸ਼ੈਤਾਨ ਅਨੈਤਿਕਤਾ ਅਤੇ ਘਮੰਡ ਨੂੰ ਚਾਰੇ ਵਾਂਗ ਵਰਤਦਾ ਹੈ ਜੋ ਬਹੁਤ ਹੀ ਖ਼ਤਰਨਾਕ ਹੈ। ਸੋਚੋ, ਕਿ ਬਾਗ਼ੀ ਹੋਣ ਤੋਂ ਪਹਿਲਾਂ ਉਨ੍ਹਾਂ ਦੂਤਾਂ ਨੇ ਕਿੰਨੇ ਜ਼ਿਆਦਾ ਸਾਲਾਂ ਤਕ ਯਹੋਵਾਹ ਦੇ ਹਜ਼ੂਰ ਰਹਿ ਕੇ ਸੇਵਾ ਕੀਤੀ? ਪਰ ਫਿਰ ਵੀ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਆਪਣੇ ਦਿਲ ਵਿਚ ਗ਼ਲਤ ਇੱਛਾਵਾਂ ਪੈਦਾ ਹੋਣ ਦਿੱਤੀਆਂ ਅਤੇ ਇਨ੍ਹਾਂ ਨੂੰ ਵਧਣ ਦਿੱਤਾ। ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਚਾਹੇ ਅਸੀਂ ਲੰਬੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰਦੇ ਆ ਰਹੇ ਹਾਂ, ਤਾਂ ਵੀ ਗ਼ਲਤ ਇੱਛਾਵਾਂ ਸਾਡੇ ਦਿਲ ਵਿਚ ਜੜ੍ਹ ਫੜ੍ਹ ਸਕਦੀਆਂ ਹਨ। (1 ਕੁਰਿੰ. 10:12) ਇਸ ਕਰਕੇ ਸਾਨੂੰ ਹਮੇਸ਼ਾ ਆਪਣੇ ਦਿਲ ਦੀ ਜਾਂਚ ਕਰਨੀ ਚਾਹੀਦੀ ਹੈ। ਨਾਲੇ ਆਪਣੇ ਦਿਲ ਵਿੱਚੋਂ ਅਨੈਤਿਕਤਾ ਅਤੇ ਘਮੰਡ ਨੂੰ ਜੜ੍ਹੋਂ ਪੁੱਟਣਾ ਚਾਹੀਦਾ ਹੈ।—ਗਲਾ. 5:26; ਕੁਲੁੱਸੀਆਂ 3:5 ਪੜ੍ਹੋ।
13. ਸ਼ੈਤਾਨ ਹੋਰ ਕਿਹੜਾ ਚਾਰਾ ਵਰਤਦਾ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ?
13 ਅੱਜ ਬਹੁਤ ਸਾਰੇ ਲੋਕ ਅਲੌਕਿਕ ਸ਼ਕਤੀਆਂ ਬਾਰੇ ਜਾਣਨ ਲਈ ਉਤਸੁਕ ਹਨ। ਸ਼ੈਤਾਨ ਇਸ ਉਤਸੁਕਤਾ ਨੂੰ ਚਾਰੇ ਵਾਂਗ ਇਸਤੇਮਾਲ ਕਰਦਾ ਹੈ। ਅੱਜ ਉਹ ਝੂਠੇ ਧਰਮਾਂ ਅਤੇ ਮਨੋਰੰਜਨ ਰਾਹੀਂ ਲੋਕਾਂ ਦੇ ਦਿਲਾਂ ਵਿਚ ਦੁਸ਼ਟ ਦੂਤਾਂ ਪ੍ਰਤੀ ਦਿਲਚਸਪੀ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਫ਼ਿਲਮਾਂ, ਵੀਡੀਓ ਗੇਮਾਂ ਅਤੇ ਹੋਰ ਤਰ੍ਹਾਂ ਦੇ ਮਨੋਰੰਜਨ ਵਿਚ ਅਲੌਕਿਕ ਸ਼ਕਤੀਆਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਦਿਖਾਇਆ ਜਾਂਦਾ ਹੈ। ਅਸੀਂ ਇਸ ਚਾਰੇ ਤੋਂ ਕਿਵੇਂ ਬਚ ਸਕਦੇ ਹਾਂ? ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਦਾ ਸੰਗਠਨ ਸਾਨੂੰ ਚੰਗੇ ਅਤੇ ਬੁਰੇ ਮਨੋਰੰਜਨ ਦੀ ਸੂਚੀ ਦੇਵੇ। ਸਾਨੂੰ ਆਪਣੀ ਜ਼ਮੀਰ ਨੂੰ ਸਿਖਾਉਣਾ ਚਾਹੀਦਾ ਹੈ ਤਾਂਕਿ ਅਸੀਂ ਯਹੋਵਾਹ ਦੇ ਅਸੂਲਾਂ ਦੇ ਆਧਾਰ ʼਤੇ ਸਹੀ ਫ਼ੈਸਲੇ ਕਰੀਏ। (ਇਬ. 5:14) ਜੇ ਪਰਮੇਸ਼ੁਰ ਲਈ ਸਾਡੇ ਪਿਆਰ ਵਿਚ ਕੋਈ “ਛਲ-ਕਪਟ” ਨਹੀਂ ਹੈ, ਤਾਂ ਅਸੀਂ ਸਮਝਦਾਰੀ ਨਾਲ ਫ਼ੈਸਲੇ ਕਰ ਸਕਾਂਗੇ। (ਰੋਮੀ. 12:9) ਛਲ-ਕਪਟ ਕਰਨ ਵਾਲਾ ਕਹਿੰਦਾ ਕੁਝ ਹੋਰ ਹੈ ਤੇ ਕਰਦਾ ਕੁਝ ਹੋਰ। ਸੋ ਮਨੋਰੰਜਨ ਦੀ ਚੋਣ ਕਰਦਿਆਂ ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਖ਼ੁਦ ਵੀ ਉਹੀ ਅਸੂਲ ਲਾਗੂ ਕਰਦਾ ਹਾਂ ਜੋ ਮੈਂ ਦੂਸਰਿਆਂ ਨੂੰ ਸਿਖਾਉਂਦਾ ਹਾਂ? ਬਾਈਬਲ ਵਿਦਿਆਰਥੀ ਜਾਂ ਜਿਨ੍ਹਾਂ ਨੂੰ ਮੈਂ ਲਗਾਤਾਰ ਪ੍ਰਚਾਰ ਕਰਦਾ ਹਾਂ ਜੇ ਉਹ ਮੇਰੇ ਮਨੋਰੰਜਨ ਨੂੰ ਦੇਖਣਗੇ, ਤਾਂ ਉਹ ਮੇਰੇ ਬਾਰੇ ਕੀ ਸੋਚਣਗੇ?’ ਜੇ ਅਸੀਂ ਖ਼ੁਦ ਉਨ੍ਹਾਂ ਅਸੂਲਾਂ ʼਤੇ ਚੱਲਦੇ ਹਾਂ ਜੋ ਅਸੀਂ ਦੂਜਿਆਂ ਨੂੰ ਸਿਖਾਉਂਦੇ ਹਾਂ, ਤਾਂ ਸਾਡੇ ਲਈ ਸ਼ੈਤਾਨ ਦੇ ਚਾਰੇ ਤੋਂ ਬਚਣਾ ਥੋੜ੍ਹਾ ਸੌਖਾ ਹੋਵੇਗਾ।—1 ਯੂਹੰ. 3:18.
14. ਸ਼ੈਤਾਨ ਸ਼ਾਇਦ ਸਾਨੂੰ ਕਿਵੇਂ ਡਰਾਵੇ-ਧਮਕਾਵੇ? ਅਸੀਂ ਉਸ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ?
14 ਸ਼ੈਤਾਨ ਸਾਨੂੰ ਡਰਾਉਣ-ਧਮਕਾਉਣ ਦੀ ਵੀ ਕੋਸ਼ਿਸ਼ ਕਰਦਾ ਹੈ ਤਾਂਕਿ ਅਸੀਂ ਯਹੋਵਾਹ ਪ੍ਰਤੀ ਬੇਵਫ਼ਾ ਹੋ ਜਾਈਏ। ਮਿਸਾਲ ਲਈ, ਸਾਡੇ ਪ੍ਰਚਾਰ ਦੇ ਕੰਮ ʼਤੇ ਪਾਬੰਦੀ ਲਾਉਣ ਲਈ ਉਹ ਸ਼ਾਇਦ ਸਰਕਾਰਾਂ ʼਤੇ ਪ੍ਰਭਾਵ ਪਾਵੇ। ਨਾਲੇ ਉਹ ਸਾਡੇ ਨਾਲ ਕੰਮ ਕਰਨ ਵਾਲਿਆਂ ਜਾਂ ਸਕੂਲ ਵਿਚ ਸਾਡੇ ਨਾਲ ਪੜ੍ਹਨ ਵਾਲਿਆਂ ਨੂੰ ਸਾਡਾ ਮਜ਼ਾਕ ਉਡਾਉਣ ਲਈ ਉਕਸਾ ਸਕਦਾ ਹੈ ਕਿਉਂਕਿ ਅਸੀਂ ਬਾਈਬਲ ਦੇ ਅਸੂਲਾਂ ʼਤੇ ਚੱਲਦੇ ਹਾਂ। (1 ਪਤ. 4:4) ਸ਼ੈਤਾਨ ਸਾਡੇ ਅਵਿਸ਼ਵਾਸੀ ਰਿਸ਼ਤੇਦਾਰਾਂ ʼਤੇ ਵੀ ਪ੍ਰਭਾਵ ਪਾ ਸਕਦਾ ਹੈ। ਸ਼ਾਇਦ ਉਨ੍ਹਾਂ ਦੇ ਇਰਾਦੇ ਚੰਗੇ ਹੋਣ, ਪਰ ਫਿਰ ਵੀ ਸ਼ਾਇਦ ਉਹ ਸਾਨੂੰ ਸਭਾਵਾਂ ਵਿਚ ਜਾਣ ਤੋਂ ਰੋਕਣ। (ਮੱਤੀ 10:36) ਅਸੀਂ ਸ਼ੈਤਾਨ ਦੀਆਂ ਧਮਕੀਆਂ ਦਾ ਡਟ ਕੇ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ? ਇਸ ਤਰ੍ਹਾਂ ਦੇ ਹਮਲੇ ਹੋਣ ʼਤੇ ਅਸੀਂ ਹੈਰਾਨ ਨਹੀਂ ਹੁੰਦੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਸ਼ੈਤਾਨ ਸਾਡੇ ਨਾਲ ਲੜ ਰਿਹਾ ਹੈ। (ਪ੍ਰਕਾ. 2:10; 12:17) ਅਸੀਂ ਇਹ ਵੀ ਯਾਦ ਰੱਖਦੇ ਹਾਂ ਕਿ ਸ਼ੈਤਾਨ ਨੇ ਸਾਡੇ ਉੱਤੇ ਇਹ ਦੋਸ਼ ਲਾਇਆ ਹੈ ਕਿ ਅਸੀਂ ਸਿਰਫ਼ ਚੰਗੇ ਹਾਲਾਤਾਂ ਵਿਚ ਹੀ ਯਹੋਵਾਹ ਦੀ ਭਗਤੀ ਕਰਾਂਗੇ, ਪਰ ਮੁਸ਼ਕਲਾਂ ਆਉਣ ʼਤੇ ਅਸੀਂ ਮੂੰਹ ਫੇਰ ਲਵਾਂਗੇ। (ਅੱਯੂ. 1:9-11; 2:4, 5) ਨਾਲੇ ਸਾਨੂੰ ਹਮੇਸ਼ਾ ਯਹੋਵਾਹ ਤੋਂ ਤਾਕਤ ਮੰਗਣੀ ਚਾਹੀਦੀ ਹੈ। ਯਾਦ ਰੱਖੋਂ ਕਿ ਯਹੋਵਾਹ ਸਾਨੂੰ ਕਦੇ ਨਹੀਂ ਛੱਡੇਗਾ!—ਇਬ. 13:5.
ਸ਼ੈਤਾਨ ਕੀ ਨਹੀਂ ਕਰ ਸਕਦਾ?
15. ਕੀ ਸ਼ੈਤਾਨ ਸਾਡੇ ਤੋਂ ਧੱਕੇ ਨਾਲ ਕੰਮ ਕਰਾਂ ਸਕਦਾ ਹੈ? ਸਮਝਾਓ।
15 ਸ਼ੈਤਾਨ ਲੋਕਾਂ ਕੋਲੋਂ ਧੱਕੇ ਨਾਲ ਉਹ ਕੰਮ ਨਹੀਂ ਕਰਾ ਸਕਦਾ ਜੋ ਉਹ ਨਹੀਂ ਕਰਨਾ ਚਾਹੁੰਦੇ। (ਯਾਕੂ. 1:14) ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਕਿ ਉਹ ਸ਼ੈਤਾਨ ਵੱਲ ਹਨ। ਪਰ ਜਦੋਂ ਇਕ ਵਿਅਕਤੀ ਨੂੰ ਸੱਚਾਈ ਪਤਾ ਲੱਗਦੀ ਹੈ, ਤਾਂ ਉਸ ਨੂੰ ਫ਼ੈਸਲਾ ਕਰਨਾ ਪੈਂਦਾ ਹੈ ਕਿ ਉਹ ਯਹੋਵਾਹ ਵੱਲ ਹੈ ਜਾਂ ਸ਼ੈਤਾਨ ਵੱਲ। (ਰਸੂ. 3:17; 17:30) ਜੇ ਅਸੀਂ ਪਰਮੇਸ਼ੁਰ ਦਾ ਕਹਿਣਾ ਮੰਨਣ ਦਾ ਪੱਕਾ ਇਰਾਦਾ ਕੀਤਾ ਹੈ, ਤਾਂ ਸ਼ੈਤਾਨ ਸਾਡੀ ਵਫ਼ਾਦਾਰੀ ਨਹੀਂ ਤੋੜ ਸਕਦਾ।—ਅੱਯੂ. 2:3; 27:5.
16, 17. (ੳ) ਸ਼ੈਤਾਨ ਅਤੇ ਦੁਸ਼ਟ ਦੂਤ ਹੋਰ ਕੀ ਨਹੀਂ ਕਰ ਸਕਦੇ? (ਅ) ਸਾਨੂੰ ਉੱਚੀ ਆਵਾਜ਼ ਵਿਚ ਯਹੋਵਾਹ ਨੂੰ ਪ੍ਰਾਰਥਨਾ ਕਰਨ ਤੋਂ ਕਿਉਂ ਨਹੀਂ ਡਰਨਾ ਚਾਹੀਦਾ?
16 ਹੋਰ ਵੀ ਕੰਮ ਹਨ ਜੋ ਸ਼ੈਤਾਨ ਅਤੇ ਦੁਸ਼ਟ ਦੂਤ ਨਹੀਂ ਕਰ ਸਕਦੇ। ਮਿਸਾਲ ਲਈ, ਬਾਈਬਲ ਦੱਸਦੀ ਹੈ ਕਿ ਉਹ ਨਹੀਂ ਜਾਣ ਸਕਦੇ ਕਿ ਸਾਡੇ ਦਿਲ-ਦਿਮਾਗ਼ ਵਿਚ ਕੀ ਚੱਲ ਰਿਹਾ ਹੈ। ਸਿਰਫ਼ ਯਹੋਵਾਹ ਅਤੇ ਯਿਸੂ ਜਾਣਦੇ ਹਨ। (1 ਸਮੂ. 16:7; ਮਰ. 2:8) ਪਰ ਕੀ ਸਾਨੂੰ ਉੱਚੀ ਬੋਲਣ ਜਾਂ ਉੱਚੀ ਪ੍ਰਾਰਥਨਾ ਕਰਨ ਤੋਂ ਡਰਨਾ ਚਾਹੀਦਾ ਹੈ? ਕੀ ਸਾਨੂੰ ਇਸ ਗੱਲ ਤੋਂ ਡਰਨਾ ਚਾਹੀਦਾ ਕਿ ਸ਼ੈਤਾਨ ਅਤੇ ਦੁਸ਼ਟ ਦੂਤ ਸ਼ਾਇਦ ਸਾਡੀਆਂ ਗੱਲਾਂ ਸੁਣ ਕੇ ਸਾਡੇ ਹੀ ਖ਼ਿਲਾਫ਼ ਵਰਤਣ? ਨਹੀਂ! ਕਿਉਂ ਨਹੀਂ? ਇਸ ਗੱਲ ʼਤੇ ਗੌਰ ਕਰੋ: ਅਸੀਂ ਸਿਰਫ਼ ਇਸ ਕਰਕੇ ਯਹੋਵਾਹ ਦੀ ਸੇਵਾ ਵਿਚ ਚੰਗੇ ਕੰਮ ਕਰਨ ਤੋਂ ਪਿੱਛੇ ਨਹੀਂ ਹਟ ਜਾਂਦੇ ਕਿਉਂਕਿ ਸ਼ੈਤਾਨ ਸਾਨੂੰ ਦੇਖਦਾ ਪਿਆ। ਬਿਲਕੁਲ ਇਸੇ ਤਰ੍ਹਾਂ ਸਾਨੂੰ ਉੱਚੀ ਪ੍ਰਾਰਥਨਾ ਕਰਨ ਤੋਂ ਸਿਰਫ਼ ਇਸ ਲਈ ਨਹੀਂ ਡਰਨਾ ਚਾਹੀਦਾ ਕਿਉਂਕਿ ਸ਼ੈਤਾਨ ਸਾਡੀਆਂ ਗੱਲਾਂ ਸੁਣਦਾ ਪਿਆ। ਨਾਲੇ ਬਾਈਬਲ ਵਿਚ ਕਈ ਵਾਰ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਦੇ ਸੇਵਕਾਂ ਨੇ ਉੱਚੀ ਆਵਾਜ਼ ਵਿਚ ਪ੍ਰਾਰਥਨਾ ਕੀਤੀ। ਨਾਲੇ ਅਸੀਂ ਕਿਤੇ ਵੀ ਨਹੀਂ ਪੜ੍ਹਦੇ ਕਿ ਉਨ੍ਹਾਂ ਨੂੰ ਇਸ ਗੱਲ ਦਾ ਡਰ ਸੀ ਕਿ ਸ਼ੈਤਾਨ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਸੀ। (1 ਰਾਜ. 8:22, 23; ਯੂਹੰ. 11:41, 42; ਰਸੂ. 4:23, 24) ਜੇ ਸਾਡੀ ਬੋਲ-ਚਾਲ ਅਤੇ ਸਾਡੇ ਕੰਮ ਪਰਮੇਸ਼ੁਰ ਦੀ ਇੱਛਾ ਮੁਤਾਬਕ ਹੋਣਗੇ, ਤਾਂ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਕਦੇ ਵੀ ਸ਼ੈਤਾਨ ਨੂੰ ਸਾਡਾ ਇਸ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕਰਨ ਦੇਵੇਗਾ ਜਿਸ ਦੀ ਭਰਪਾਈ ਨਾ ਕੀਤੀ ਜਾ ਸਕੇ।—ਜ਼ਬੂਰਾਂ ਦੀ ਪੋਥੀ 34:7 ਪੜ੍ਹੋ।
17 ਸਾਨੂੰ ਆਪਣੇ ਦੁਸ਼ਮਣ ਤੋਂ ਡਰਨ ਦੀ ਨਹੀਂ, ਸਗੋਂ ਉਸ ਨੂੰ ਜਾਣਨ ਦੀ ਲੋੜ ਹੈ। ਚਾਹੇ ਅਸੀਂ ਪਾਪੀ ਹਾਂ, ਪਰ ਫਿਰ ਵੀ ਯਹੋਵਾਹ ਦੀ ਮਦਦ ਨਾਲ ਅਸੀਂ ਸ਼ੈਤਾਨ ʼਤੇ ਜਿੱਤ ਪਾ ਸਕਦੇ ਹਾਂ। (1 ਯੂਹੰ. 2:14) ਉਸ ਦਾ ਵਿਰੋਧ ਕਰਨ ʼਤੇ ਉਹ ਸਾਡੇ ਤੋਂ ਭੱਜ ਜਾਵੇਗਾ। (ਯਾਕੂ. 4:7; 1 ਪਤ. 5:9) ਅੱਜ ਲੱਗਦਾ ਹੈ ਕਿ ਸ਼ੈਤਾਨ ਖ਼ਾਸ ਕਰਕੇ ਨੌਜਵਾਨਾਂ ʼਤੇ ਹਮਲਾ ਕਰ ਰਿਹਾ ਹੈ। ਨੌਜਵਾਨ ਸ਼ੈਤਾਨ ਦੇ ਹਮਲਿਆਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਨ? ਇਸ ਬਾਰੇ ਅਸੀਂ ਅਗਲੇ ਲੇਖ ਵਿਚ ਦੇਖਾਂਗੇ।
a ਬਾਈਬਲ ਵਿਚ ਕੁਝ ਦੂਤਾਂ ਦੇ ਨਾਂ ਦੱਸੇ ਗਏ ਹਨ। (ਨਿਆ. 13:18; ਦਾਨੀ. 8:16; ਲੂਕਾ 1:19; ਪ੍ਰਕਾ. 12:7) ਜੇ ਯਹੋਵਾਹ ਨੇ ਇਕ-ਇਕ ਤਾਰੇ ਨੂੰ ਨਾਂ ਦਿੱਤਾ ਹੈ (ਜ਼ਬੂ. 147:4), ਤਾਂ ਇਹ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਨੇ ਆਪਣੇ ਸਾਰੇ ਸਵਰਗੀ ਪੁੱਤਰਾਂ ਨੂੰ ਵੀ ਨਾਂ ਦਿੱਤੇ ਹੋਣੇ, ਉਸ ਨੂੰ ਵੀ ਜੋ ਬਾਅਦ ਵਿਚ ਸ਼ੈਤਾਨ ਵਜੋਂ ਜਾਣਿਆ ਗਿਆ।
b ਇਬਰਾਨੀ ਲਿਖਤਾਂ ਵਿਚ “ਸ਼ੈਤਾਨ” ਦਾ ਜ਼ਿਕਰ 18 ਵਾਰ ਤੇ ਯੂਨਾਨੀ ਲਿਖਤਾਂ ਵਿਚ 70 ਤੋਂ ਜ਼ਿਆਦਾ ਵਾਰ ਆਉਂਦਾ ਹੈ।