ਕੁਰਿੰਥੀਆਂ ਨੂੰ ਪਹਿਲੀ ਚਿੱਠੀ
7 ਹੁਣ ਮੈਂ ਉਨ੍ਹਾਂ ਸਵਾਲਾਂ ਦੇ ਜਵਾਬ ਦਿੰਦਾ ਹਾਂ ਜਿਹੜੇ ਤੁਸੀਂ ਚਿੱਠੀ ਲਿਖ ਕੇ ਮੈਨੂੰ ਪੁੱਛੇ ਸਨ: ਆਦਮੀ ਲਈ ਚੰਗਾ ਹੈ ਕਿ ਉਹ ਕਿਸੇ ਤੀਵੀਂ ਨੂੰ ਨਾ ਛੋਹੇ।* 2 ਪਰ ਹਰ ਪਾਸੇ ਹਰਾਮਕਾਰੀ* ਫੈਲੀ ਹੋਣ ਕਰਕੇ ਹਰ ਆਦਮੀ ਦੀ ਆਪਣੀ ਪਤਨੀ ਹੋਵੇ+ ਅਤੇ ਹਰ ਤੀਵੀਂ ਦਾ ਆਪਣਾ ਪਤੀ ਹੋਵੇ।+ 3 ਪਤੀ ਆਪਣੀ ਪਤਨੀ ਦਾ ਹੱਕ* ਪੂਰਾ ਕਰੇ। ਇਸੇ ਤਰ੍ਹਾਂ ਪਤਨੀ ਵੀ ਆਪਣੇ ਪਤੀ ਦਾ ਹੱਕ ਪੂਰਾ ਕਰੇ।+ 4 ਪਤਨੀ ਦਾ ਆਪਣੇ ਸਰੀਰ ਉੱਤੇ ਅਧਿਕਾਰ ਨਹੀਂ ਹੁੰਦਾ, ਸਗੋਂ ਉਸ ਦੇ ਪਤੀ ਦਾ ਹੁੰਦਾ ਹੈ; ਇਸੇ ਤਰ੍ਹਾਂ ਪਤੀ ਦਾ ਆਪਣੇ ਸਰੀਰ ਉੱਤੇ ਅਧਿਕਾਰ ਨਹੀਂ ਹੁੰਦਾ, ਸਗੋਂ ਪਤਨੀ ਦਾ ਹੁੰਦਾ ਹੈ। 5 ਦੋਵੇਂ ਇਕ-ਦੂਜੇ ਨੂੰ ਇਸ ਹੱਕ ਤੋਂ ਵਾਂਝਾ ਨਾ ਰੱਖਣ, ਪਰ ਜੇ ਤੁਸੀਂ ਪ੍ਰਾਰਥਨਾ ਕਰਨ ਲਈ ਸਮਾਂ ਕੱਢਣ ਵਾਸਤੇ ਇਸ ਤਰ੍ਹਾਂ ਕਰਦੇ ਵੀ ਹੋ, ਤਾਂ ਇਹ ਤੁਹਾਡੀ ਦੋਵਾਂ ਦੀ ਰਜ਼ਾਮੰਦੀ ਨਾਲ ਥੋੜ੍ਹੇ ਸਮੇਂ ਲਈ ਹੀ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਤੁਸੀਂ ਦੁਬਾਰਾ ਇਕੱਠੇ ਹੋਵੋ। ਕਿਤੇ ਇੱਦਾਂ ਨਾ ਹੋਵੇ ਕਿ ਤੁਹਾਡੇ ਵਿਚ ਸੰਜਮ ਦੀ ਘਾਟ ਆ ਜਾਣ ਕਰਕੇ ਸ਼ੈਤਾਨ ਤੁਹਾਨੂੰ ਲੁਭਾਉਣ ਲੱਗ ਪਵੇ। 6 ਪਰ ਇਹ ਸਿਰਫ਼ ਮੇਰੀ ਸਲਾਹ ਹੈ, ਨਾ ਕਿ ਹੁਕਮ। 7 ਪਰ ਮੈਂ ਚਾਹੁੰਦਾ ਹਾਂ ਕਿ ਸਾਰੇ ਮੇਰੇ ਵਾਂਗ ਕੁਆਰੇ ਰਹਿਣ। ਫਿਰ ਵੀ, ਪਰਮੇਸ਼ੁਰ ਨੇ ਸਾਰਿਆਂ ਨੂੰ ਦਾਤ ਬਖ਼ਸ਼ੀ ਹੈ,+ ਕਈਆਂ ਨੂੰ ਵਿਆਹ ਦੀ ਦਾਤ ਅਤੇ ਕਈਆਂ ਨੂੰ ਕੁਆਰੇ ਰਹਿਣ ਦੀ ਦਾਤ।
8 ਹੁਣ ਮੈਂ ਅਣਵਿਆਹਿਆਂ* ਅਤੇ ਵਿਧਵਾਵਾਂ ਨੂੰ ਕਹਿੰਦਾ ਹਾਂ ਕਿ ਉਨ੍ਹਾਂ ਲਈ ਮੇਰੇ ਵਾਂਗ ਅਣਵਿਆਹੇ ਰਹਿਣਾ ਚੰਗਾ ਹੈ।+ 9 ਪਰ ਜੇ ਉਹ ਸੰਜਮ ਨਹੀਂ ਰੱਖ ਸਕਦੇ, ਤਾਂ ਉਹ ਵਿਆਹ ਕਰਾ ਲੈਣ ਕਿਉਂਕਿ ਕਾਮ ਦੀ ਅੱਗ ਵਿਚ ਸੜਨ ਨਾਲੋਂ ਵਿਆਹ ਕਰਾਉਣਾ ਚੰਗਾ ਹੈ।+
10 ਵਿਆਹੇ ਲੋਕਾਂ ਨੂੰ ਮੈਂ ਇਹ ਹਿਦਾਇਤਾਂ ਦਿੰਦਾ ਹਾਂ, ਅਸਲ ਵਿਚ ਮੈਂ ਨਹੀਂ, ਸਗੋਂ ਪ੍ਰਭੂ ਦਿੰਦਾ ਹੈ ਕਿ ਪਤਨੀ ਆਪਣੇ ਪਤੀ ਤੋਂ ਅਲੱਗ ਨਾ ਹੋਵੇ।+ 11 ਪਰ ਜੇ ਉਹ ਉਸ ਤੋਂ ਅਲੱਗ ਹੁੰਦੀ ਹੈ, ਤਾਂ ਉਹ ਅਣਵਿਆਹੀ ਰਹੇ ਜਾਂ ਫਿਰ ਆਪਣੇ ਪਤੀ ਨਾਲ ਦੁਬਾਰਾ ਸੁਲ੍ਹਾ ਕਰ ਲਵੇ। ਪਤੀ ਵੀ ਆਪਣੀ ਪਤਨੀ ਨੂੰ ਨਾ ਛੱਡੇ।+
12 ਪਰ ਦੂਸਰਿਆਂ ਨੂੰ ਪ੍ਰਭੂ ਨਹੀਂ, ਸਗੋਂ ਮੈਂ ਕਹਿੰਦਾ ਹਾਂ:+ ਜੇ ਕਿਸੇ ਭਰਾ ਦੀ ਪਤਨੀ ਅਵਿਸ਼ਵਾਸੀ ਹੈ ਅਤੇ ਉਹ ਉਸ ਨਾਲ ਰਹਿਣ ਲਈ ਸਹਿਮਤ ਹੈ, ਤਾਂ ਉਹ ਆਪਣੀ ਪਤਨੀ ਨੂੰ ਨਾ ਛੱਡੇ। 13 ਇਸੇ ਤਰ੍ਹਾਂ ਜੇ ਕਿਸੇ ਪਤਨੀ ਦਾ ਪਤੀ ਅਵਿਸ਼ਵਾਸੀ ਹੈ ਅਤੇ ਉਹ ਉਸ ਨਾਲ ਰਹਿਣ ਲਈ ਸਹਿਮਤ ਹੈ, ਤਾਂ ਉਹ ਆਪਣੇ ਪਤੀ ਨੂੰ ਨਾ ਛੱਡੇ। 14 ਕਿਉਂਕਿ ਮਸੀਹੀ ਪਤਨੀ ਨਾਲ ਰਿਸ਼ਤਾ ਹੋਣ ਕਰਕੇ ਅਵਿਸ਼ਵਾਸੀ ਪਤੀ ਪਵਿੱਤਰ ਹੁੰਦਾ ਹੈ ਅਤੇ ਮਸੀਹੀ ਪਤੀ ਨਾਲ ਰਿਸ਼ਤਾ ਹੋਣ ਕਰਕੇ ਅਵਿਸ਼ਵਾਸੀ ਪਤਨੀ ਪਵਿੱਤਰ ਹੁੰਦੀ ਹੈ; ਨਹੀਂ ਤਾਂ ਉਨ੍ਹਾਂ ਦੇ ਬੱਚੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਸ਼ੁੱਧ ਹੁੰਦੇ, ਪਰ ਹੁਣ ਉਹ ਪਵਿੱਤਰ ਹਨ। 15 ਪਰ ਜੇ ਅਵਿਸ਼ਵਾਸੀ ਪਤੀ ਜਾਂ ਪਤਨੀ ਆਪਣੇ ਜੀਵਨ ਸਾਥੀ ਨੂੰ ਛੱਡਣ* ਦਾ ਫ਼ੈਸਲਾ ਕਰਦਾ ਹੈ, ਤਾਂ ਉਹ ਉਸ ਨੂੰ ਜਾਣ ਦੇਵੇ; ਅਜਿਹੀ ਹਾਲਤ ਵਿਚ ਕਿਸੇ ਵੀ ਭਰਾ ਜਾਂ ਭੈਣ ਦਾ ਆਪਣੇ ਜੀਵਨ ਸਾਥੀ ਪ੍ਰਤੀ ਕੋਈ ਫ਼ਰਜ਼ ਨਹੀਂ ਰਹਿ ਜਾਂਦਾ। ਪਰਮੇਸ਼ੁਰ ਨੇ ਤੁਹਾਨੂੰ ਸ਼ਾਂਤੀ ਲਈ ਸੱਦਿਆ ਹੈ।+ 16 ਪਤਨੀਓ, ਜੇ ਤੁਸੀਂ ਆਪਣੇ ਪਤੀਆਂ ਦੀ ਮਸੀਹੀ ਬਣਨ ਵਿਚ ਮਦਦ ਕਰੋ, ਤਾਂ ਕੀ ਪਤਾ ਉਹ ਬਚ ਜਾਣ?+ ਜਾਂ ਪਤੀਓ, ਜੇ ਤੁਸੀਂ ਆਪਣੀਆਂ ਪਤਨੀਆਂ ਦੀ ਮਸੀਹੀ ਬਣਨ ਵਿਚ ਮਦਦ ਕਰੋ, ਤਾਂ ਕੀ ਪਤਾ ਉਹ ਬਚ ਜਾਣ?
17 ਯਹੋਵਾਹ* ਨੇ ਹਰੇਕ ਨੂੰ ਜੋ ਹਿੱਸਾ ਦਿੱਤਾ ਹੈ ਅਤੇ ਜਿਸ ਹਾਲਤ ਵਿਚ ਸੱਦਿਆ ਹੈ, ਉਹ ਉਸੇ ਹਾਲਤ ਵਿਚ ਰਹੇ।+ ਮੈਂ ਸਾਰੀਆਂ ਮੰਡਲੀਆਂ ਨੂੰ ਇਹੀ ਹਿਦਾਇਤ ਦਿੰਦਾ ਹਾਂ। 18 ਕੀ ਕਿਸੇ ਸੁੰਨਤ ਕੀਤੇ ਇਨਸਾਨ ਨੂੰ ਸੱਦਿਆ ਗਿਆ ਸੀ?+ ਉਹ ਉਸੇ ਹਾਲਤ ਵਿਚ ਰਹੇ। ਕੀ ਕਿਸੇ ਬੇਸੁੰਨਤੇ ਇਨਸਾਨ ਨੂੰ ਸੱਦਿਆ ਗਿਆ ਸੀ? ਉਹ ਸੁੰਨਤ ਨਾ ਕਰਾਵੇ।+ 19 ਇਹ ਗੱਲ ਕੋਈ ਮਾਅਨੇ ਨਹੀਂ ਰੱਖਦੀ ਕਿ ਕਿਸੇ ਨੇ ਸੁੰਨਤ ਕਰਾਈ ਹੋਈ ਹੈ ਜਾਂ ਨਹੀਂ,+ ਸਗੋਂ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣਾ ਜ਼ਰੂਰੀ ਹੈ।+ 20 ਹਰ ਕਿਸੇ ਨੂੰ ਜਿਸ ਹਾਲਤ ਵਿਚ ਸੱਦਿਆ ਗਿਆ ਸੀ, ਉਹ ਉਸੇ ਹਾਲਤ ਵਿਚ ਰਹੇ।+ 21 ਕੀ ਤੁਹਾਨੂੰ ਗ਼ੁਲਾਮੀ ਦੀ ਹਾਲਤ ਵਿਚ ਸੱਦਿਆ ਗਿਆ ਸੀ? ਤੁਸੀਂ ਇਸ ਬਾਰੇ ਚਿੰਤਾ ਨਾ ਕਰੋ।+ ਪਰ ਜੇ ਤੁਸੀਂ ਆਜ਼ਾਦ ਹੋ ਸਕਦੇ ਹੋ, ਤਾਂ ਮੌਕਾ ਹੱਥੋਂ ਨਾ ਜਾਣ ਦਿਓ 22 ਕਿਉਂਕਿ ਜਿਸ ਨੂੰ ਗ਼ੁਲਾਮੀ ਦੀ ਹਾਲਤ ਵਿਚ ਪ੍ਰਭੂ ਦਾ ਚੇਲਾ ਬਣਨ ਲਈ ਸੱਦਿਆ ਗਿਆ ਸੀ, ਉਸ ਨੂੰ ਆਜ਼ਾਦ ਕੀਤਾ ਗਿਆ ਹੈ+ ਅਤੇ ਪ੍ਰਭੂ ਉਸ ਦਾ ਮਾਲਕ ਹੈ। ਇਸੇ ਤਰ੍ਹਾਂ ਜਿਸ ਨੂੰ ਆਜ਼ਾਦ ਹਾਲਤ ਵਿਚ ਸੱਦਿਆ ਗਿਆ ਸੀ, ਉਹ ਮਸੀਹ ਦਾ ਗ਼ੁਲਾਮ ਹੈ। 23 ਤੁਹਾਨੂੰ ਵੱਡੀ ਕੀਮਤ ਚੁਕਾ ਕੇ ਖ਼ਰੀਦਿਆ ਗਿਆ ਸੀ,+ ਇਸ ਲਈ ਇਨਸਾਨਾਂ ਦੀ ਗ਼ੁਲਾਮੀ ਕਰਨੀ ਛੱਡ ਦਿਓ। 24 ਭਰਾਵੋ, ਹਰ ਕਿਸੇ ਨੂੰ ਜਿਸ ਹਾਲਤ ਵਿਚ ਸੱਦਿਆ ਗਿਆ ਸੀ, ਉਹ ਪਰਮੇਸ਼ੁਰ ਦੇ ਸਾਮ੍ਹਣੇ ਉਸੇ ਹਾਲਤ ਵਿਚ ਰਹੇ।
25 ਹੁਣ ਮੈਂ ਕੁਆਰੇ ਲੋਕਾਂ ਬਾਰੇ ਗੱਲ ਕਰਦਾ ਹਾਂ।* ਉਨ੍ਹਾਂ ਲਈ ਮੈਨੂੰ ਪ੍ਰਭੂ ਤੋਂ ਕੋਈ ਹੁਕਮ ਨਹੀਂ ਮਿਲਿਆ ਹੈ, ਸਗੋਂ ਪ੍ਰਭੂ ਦੀ ਦਇਆ ਸਦਕਾ ਭਰੋਸੇਯੋਗ ਸੇਵਕ ਹੋਣ ਦੇ ਨਾਤੇ ਮੈਂ ਆਪਣੇ ਵੱਲੋਂ ਸਲਾਹ ਦਿੰਦਾ ਹਾਂ।+ 26 ਇਸ ਲਈ ਮੈਂ ਸੋਚਦਾ ਹਾਂ ਕਿ ਮੌਜੂਦਾ ਮੁਸ਼ਕਲ ਹਾਲਾਤਾਂ ਨੂੰ ਦੇਖਦੇ ਹੋਏ ਆਦਮੀ ਜਿਸ ਹਾਲਤ ਵਿਚ ਹੈ, ਉਸੇ ਹਾਲਤ ਵਿਚ ਰਹੇ। 27 ਕੀ ਤੂੰ ਪਤਨੀ ਨਾਲ ਬੰਧਨ ਵਿਚ ਬੱਝਾ ਹੋਇਆ ਹੈਂ? ਤੂੰ ਆਜ਼ਾਦ ਹੋਣ ਬਾਰੇ ਨਾ ਸੋਚ।+ ਕੀ ਤੇਰੀ ਪਤਨੀ ਨਹੀਂ ਹੈ? ਆਪਣੇ ਲਈ ਪਤਨੀ ਦੀ ਭਾਲ ਕਰਨੀ ਛੱਡ ਦੇ। 28 ਪਰ ਜੇ ਤੂੰ ਵਿਆਹ ਕਰਾਉਂਦਾ ਵੀ ਹੈਂ, ਤਾਂ ਤੂੰ ਕੋਈ ਗੁਨਾਹ ਨਹੀਂ ਕਰਦਾ। ਜੇ ਕੋਈ ਕੁਆਰਾ ਵਿਆਹ ਕਰਾਉਂਦਾ ਹੈ, ਤਾਂ ਉਹ ਵੀ ਕੋਈ ਗੁਨਾਹ ਨਹੀਂ ਕਰਦਾ। ਪਰ ਜਿਹੜੇ ਲੋਕ ਵਿਆਹ ਕਰਾਉਂਦੇ ਹਨ, ਉਨ੍ਹਾਂ ਨੂੰ ਜ਼ਿੰਦਗੀ ਵਿਚ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਵੇਗਾ।* ਪਰ ਮੈਂ ਤੁਹਾਨੂੰ ਇਨ੍ਹਾਂ ਤੋਂ ਬਚਾਉਣਾ ਚਾਹੁੰਦਾ ਹਾਂ।
29 ਇਸ ਤੋਂ ਇਲਾਵਾ ਭਰਾਵੋ, ਇਸ ਗੱਲ ʼਤੇ ਵੀ ਗੌਰ ਕਰੋ ਕਿ ਸਮਾਂ ਥੋੜ੍ਹਾ ਰਹਿ ਗਿਆ ਹੈ।+ ਇਸ ਲਈ ਹੁਣ ਤੋਂ ਜਿਨ੍ਹਾਂ ਦੀਆਂ ਪਤਨੀਆਂ ਹਨ, ਉਹ ਇਸ ਤਰ੍ਹਾਂ ਹੋਣ ਜਿਵੇਂ ਉਨ੍ਹਾਂ ਦੀਆਂ ਪਤਨੀਆਂ ਨਹੀਂ ਹਨ। 30 ਜਿਹੜੇ ਰੋਂਦੇ ਹਨ, ਉਹ ਉਨ੍ਹਾਂ ਵਰਗੇ ਹੋਣ ਜਿਹੜੇ ਨਹੀਂ ਰੋਂਦੇ ਅਤੇ ਜਿਹੜੇ ਖ਼ੁਸ਼ੀਆਂ ਮਨਾਉਂਦੇ ਹਨ, ਉਹ ਉਨ੍ਹਾਂ ਵਰਗੇ ਹੋਣ ਜਿਹੜੇ ਖ਼ੁਸ਼ੀਆਂ ਨਹੀਂ ਮਨਾਉਂਦੇ ਅਤੇ ਜਿਹੜੇ ਚੀਜ਼ਾਂ ਖ਼ਰੀਦਦੇ ਹਨ, ਉਹ ਉਨ੍ਹਾਂ ਵਰਗੇ ਹੋਣ ਜਿਨ੍ਹਾਂ ਕੋਲ ਕੁਝ ਨਹੀਂ ਹੈ 31 ਅਤੇ ਜਿਹੜੇ ਦੁਨੀਆਂ ਨੂੰ ਵਰਤਦੇ ਹਨ, ਉਹ ਉਨ੍ਹਾਂ ਵਰਗੇ ਹੋਣ ਜਿਹੜੇ ਦੁਨੀਆਂ ਨੂੰ ਪੂਰੀ ਤਰ੍ਹਾਂ ਨਹੀਂ ਵਰਤਦੇ ਕਿਉਂਕਿ ਇਹ ਦੁਨੀਆਂ ਬਦਲਦੀ ਜਾ ਰਹੀ ਹੈ। 32 ਅਸਲ ਵਿਚ ਮੇਰੀ ਇਹੀ ਇੱਛਾ ਹੈ ਕਿ ਤੁਸੀਂ ਚਿੰਤਾ ਤੋਂ ਮੁਕਤ ਹੋ ਜਾਵੋ। ਕੁਆਰੇ ਆਦਮੀ ਨੂੰ ਸਿਰਫ਼ ਪ੍ਰਭੂ ਦੇ ਕੰਮ ਦੀ ਚਿੰਤਾ ਹੁੰਦੀ ਹੈ ਕਿਉਂਕਿ ਉਹ ਪ੍ਰਭੂ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ। 33 ਪਰ ਵਿਆਹੇ ਆਦਮੀ ਨੂੰ ਇਸ ਦੁਨੀਆਂ ਵਿਚ ਜ਼ਿੰਦਗੀ ਦੇ ਕੰਮ-ਧੰਦਿਆਂ ਦੀ ਚਿੰਤਾ ਹੁੰਦੀ ਹੈ+ ਕਿਉਂਕਿ ਉਹ ਆਪਣੀ ਪਤਨੀ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ 34 ਅਤੇ ਉਸ ਦਾ ਧਿਆਨ ਦੋ ਪਾਸੇ ਹੁੰਦਾ ਹੈ। ਇਸ ਤੋਂ ਇਲਾਵਾ, ਅਣਵਿਆਹੀ ਤੀਵੀਂ ਜਾਂ ਕੁਆਰੀ ਕੁੜੀ ਨੂੰ ਪ੍ਰਭੂ ਦੇ ਕੰਮ ਦੀ ਚਿੰਤਾ ਹੁੰਦੀ ਹੈ+ ਤਾਂਕਿ ਉਸ ਦਾ ਤਨ ਅਤੇ ਮਨ* ਪਵਿੱਤਰ ਰਹੇ। ਪਰ ਵਿਆਹੀ ਤੀਵੀਂ ਨੂੰ ਦੁਨੀਆਂ ਵਿਚ ਜ਼ਿੰਦਗੀ ਦੇ ਕੰਮ-ਧੰਦਿਆਂ ਦੀ ਚਿੰਤਾ ਹੁੰਦੀ ਹੈ ਕਿਉਂਕਿ ਉਹ ਆਪਣੇ ਪਤੀ ਨੂੰ ਖ਼ੁਸ਼ ਕਰਨਾ ਚਾਹੁੰਦੀ ਹੈ। 35 ਪਰ ਮੈਂ ਇਹ ਗੱਲਾਂ ਤੁਹਾਡੇ ਉੱਤੇ ਕੋਈ ਬੰਦਸ਼ ਲਾਉਣ ਲਈ ਨਹੀਂ, ਸਗੋਂ ਤੁਹਾਡੇ ਫ਼ਾਇਦੇ ਲਈ ਹੀ ਕਹਿ ਰਿਹਾ ਹਾਂ। ਮੈਂ ਤੁਹਾਨੂੰ ਸਹੀ ਕੰਮ ਕਰਨ ਦੀ ਪ੍ਰੇਰਣਾ ਦੇ ਰਿਹਾ ਹਾਂ ਤਾਂਕਿ ਤੁਸੀਂ ਬਿਨਾਂ ਧਿਆਨ ਭਟਕਾਏ ਲਗਨ ਨਾਲ ਪ੍ਰਭੂ ਦੀ ਸੇਵਾ ਕਰ ਸਕੋ।
36 ਜੇ ਕਿਸੇ ਇਨਸਾਨ ਨੂੰ ਲੱਗਦਾ ਹੈ ਕਿ ਕੁਆਰਾ ਰਹਿ ਕੇ ਉਹ ਆਪਣੀ ਕਾਮ ਇੱਛਾ ʼਤੇ ਕਾਬੂ ਨਹੀਂ ਰੱਖ ਪਾ ਰਿਹਾ* ਅਤੇ ਜੇ ਉਹ ਜਵਾਨੀ ਦੀ ਕੱਚੀ ਉਮਰ ਲੰਘ ਚੁੱਕਾ ਹੈ, ਤਾਂ ਉਸ ਲਈ ਇਹੀ ਚੰਗਾ ਹੈ ਕਿ ਉਹ ਵਿਆਹ ਕਰਾ ਲਵੇ। ਇੱਦਾਂ ਕਰ ਕੇ ਉਹ ਕੋਈ ਗੁਨਾਹ ਨਹੀਂ ਕਰੇਗਾ।+ 37 ਪਰ ਜੇ ਕਿਸੇ ਨੇ ਵਿਆਹ ਨਾ ਕਰਾਉਣ ਦਾ ਮਨ ਬਣਾ ਲਿਆ ਹੈ ਅਤੇ ਉਹ ਇਸ ਦੀ ਲੋੜ ਮਹਿਸੂਸ ਨਹੀਂ ਕਰਦਾ, ਸਗੋਂ ਉਸ ਨੇ ਆਪਣੀ ਇੱਛਾ ʼਤੇ ਕਾਬੂ ਰੱਖਿਆ ਹੋਇਆ ਹੈ ਅਤੇ ਵਿਆਹ ਨਾ ਕਰਾਉਣ ਦਾ ਆਪਣੇ ਮਨ ਵਿਚ ਪੱਕਾ ਫ਼ੈਸਲਾ ਕੀਤਾ ਹੋਇਆ ਹੈ, ਤਾਂ ਇਹ ਉਸ ਲਈ ਚੰਗੀ ਗੱਲ ਹੈ।+ 38 ਇਸੇ ਤਰ੍ਹਾਂ ਜਿਹੜਾ ਵਿਆਹ ਕਰਾਉਂਦਾ ਹੈ, ਇਹ ਉਸ ਲਈ ਵੀ ਚੰਗੀ ਗੱਲ ਹੈ, ਪਰ ਜਿਹੜਾ ਵਿਆਹ ਨਹੀਂ ਕਰਾਉਂਦਾ, ਤਾਂ ਇਹ ਉਸ ਲਈ ਹੋਰ ਵੀ ਚੰਗੀ ਗੱਲ ਹੈ।+
39 ਇਕ ਪਤਨੀ ਆਪਣੇ ਪਤੀ ਦੇ ਜੀਉਂਦੇ-ਜੀ ਉਸ ਨਾਲ ਬੰਧਨ ਵਿਚ ਬੱਝੀ ਹੁੰਦੀ ਹੈ।+ ਪਰ ਜੇ ਉਸ ਦਾ ਪਤੀ ਮੌਤ ਦੀ ਨੀਂਦ ਸੌਂ ਜਾਵੇ, ਤਾਂ ਉਹ ਜਿਸ ਨਾਲ ਚਾਹੇ ਵਿਆਹ ਕਰਾ ਸਕਦੀ ਹੈ, ਪਰ ਸਿਰਫ਼ ਪ੍ਰਭੂ ਦੇ ਕਿਸੇ ਚੇਲੇ ਨਾਲ।+ 40 ਪਰ ਮੇਰੀ ਸਲਾਹ ਹੈ ਕਿ ਜੇ ਉਹ ਦੁਬਾਰਾ ਵਿਆਹ ਨਹੀਂ ਕਰਾਉਂਦੀ, ਤਾਂ ਉਹ ਹੋਰ ਵੀ ਖ਼ੁਸ਼ ਰਹੇਗੀ। ਮੈਨੂੰ ਭਰੋਸਾ ਹੈ ਕਿ ਮੈਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਇਹ ਗੱਲ ਕਹੀ ਹੈ।