ਅਧਿਐਨ ਲੇਖ 23
“ਯਾਹ ਦੀ ਲਾਟ” ਬੁਝਣ ਨਾ ਦਿਓ
“[ਪਿਆਰ] ਦੀਆਂ ਲਾਟਾਂ ਅੱਗ ਦੀਆਂ ਲਾਟਾਂ ਹਨ, ਹਾਂ, ਯਾਹ ਦੀ ਲਾਟ।”—ਸ੍ਰੇਸ਼. 8:6.
ਗੀਤ 131 ‘ਜੋ ਰੱਬ ਨੇ ਜੋੜਿਆ ਹੈ’
ਖ਼ਾਸ ਗੱਲਾਂa
1. ਬਾਈਬਲ ਸੱਚੇ ਪਿਆਰ ਬਾਰੇ ਕੀ ਦੱਸਦੀ ਹੈ?
ਪਿਆਰ ਦੀਆਂ “ਲਾਟਾਂ ਅੱਗ ਦੀਆਂ ਲਾਟਾਂ ਹਨ, ਹਾਂ, ਯਾਹ ਦੀ ਲਾਟ। ਠਾਠਾਂ ਮਾਰਦੇ ਪਾਣੀ ਪਿਆਰ ਨੂੰ ਬੁਝਾ ਨਹੀਂ ਸਕਦੇ, ਨਾ ਹੀ ਨਦੀਆਂ ਇਸ ਨੂੰ ਵਹਾ ਕੇ ਲਿਜਾ ਸਕਦੀਆਂ ਹਨ।”b (ਸ੍ਰੇਸ਼. 8:6, 7) ਰਾਜਾ ਸੁਲੇਮਾਨ ਨੇ ਕਿੰਨੇ ਵਧੀਆ ਢੰਗ ਨਾਲ ਦੱਸਿਆ ਕਿ ਸੱਚਾ ਪਿਆਰ ਕਿਹੋ ਜਿਹਾ ਹੁੰਦਾ ਹੈ! ਇਸ ਲਈ ਪਤੀ-ਪਤਨੀਓ ਯਾਦ ਰੱਖੋ ਕਿ ਤੁਸੀਂ ਵੀ ਇਕ-ਦੂਜੇ ਨੂੰ ਸੱਚਾ ਪਿਆਰ ਕਰ ਸਕਦੇ ਹੋ, ਅਜਿਹਾ ਪਿਆਰ ਜੋ ਕਦੇ ਖ਼ਤਮ ਨਹੀਂ ਹੁੰਦਾ।
2. ਪਤੀ-ਪਤਨੀ ਕੀ ਕਰ ਸਕਦੇ ਹਨ ਤਾਂਕਿ ਉਨ੍ਹਾਂ ਦਾ ਪਿਆਰ ਹਮੇਸ਼ਾ ਬਣਿਆ ਰਹੇ?
2 ਪਤੀ-ਪਤਨੀ ਦਾ ਆਪਸੀ ਪਿਆਰ ਬਣਿਆ ਰਹੇਗਾ ਜਾਂ ਨਹੀਂ, ਇਹ ਉਨ੍ਹਾਂ ʼਤੇ ਨਿਰਭਰ ਕਰਦਾ ਹੈ। ਇਸ ਗੱਲ ਨੂੰ ਸਮਝਣ ਲਈ ਇਸ ਉਦਾਹਰਣ ʼਤੇ ਗੌਰ ਕਰੋ। ਅੱਗ ਨੂੰ ਬਾਲ਼ੀ ਰੱਖਣ ਲਈ ਤੁਹਾਨੂੰ ਉਸ ਵਿਚ ਲੱਕੜਾਂ ਪਾਉਂਦੇ ਰਹਿਣ ਦੀ ਲੋੜ ਹੈ। ਜੇ ਤੁਸੀਂ ਲੱਕੜਾਂ ਨਹੀਂ ਪਾਉਂਦੇ, ਤਾਂ ਅੱਗ ਬੁੱਝ ਜਾਵੇਗੀ। ਇਸੇ ਤਰ੍ਹਾਂ ਪਤੀ-ਪਤਨੀ ਵਿਚ ਪਿਆਰ ਤਾਂ ਹੀ ਬਰਕਰਾਰ ਰਹੇਗਾ ਜੇ ਉਹ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨਗੇ। ਪਰ ਕਦੇ-ਕਦਾਈਂ ਉਨ੍ਹਾਂ ਦਾ ਪਿਆਰ ਠੰਢਾ ਪੈ ਸਕਦਾ ਹੈ, ਖ਼ਾਸ ਕਰਕੇ ਉਦੋਂ ਜਦੋਂ ਉਹ ਕਿਸੇ ਪਰੇਸ਼ਾਨੀ ਵਿੱਚੋਂ ਦੀ ਲੰਘ ਰਹੇ ਹੁੰਦੇ ਹਨ, ਜਿਵੇਂ ਪੈਸੇ ਦੀ ਤੰਗੀ, ਸਿਹਤ ਸਮੱਸਿਆ ਜਾਂ ਬੱਚਿਆਂ ਦੀ ਪਰਵਰਿਸ਼ ਦੀ ਚਿੰਤਾ। ਜੇ ਤੁਸੀਂ ਵਿਆਹੇ ਹੋਏ ਹੋ, ਤਾਂ ਤੁਸੀਂ ਆਪਣੇ ਵਿਆਹੁਤਾ ਰਿਸ਼ਤੇ ਵਿਚ “ਯਾਹ ਦੀ ਲਾਟ” ਨੂੰ ਕਿਵੇਂ ਬਾਲ਼ੀ ਰੱਖ ਸਕਦੇ ਹੋ? ਇਸ ਲੇਖ ਵਿਚ ਅਸੀਂ ਤਿੰਨ ਤਰੀਕਿਆਂ ʼਤੇ ਗੌਰ ਕਰਾਂਗੇ ਜਿਨ੍ਹਾਂ ਦੀ ਮਦਦ ਨਾਲ ਪਤੀ-ਪਤਨੀ ਆਪਣਾ ਰਿਸ਼ਤਾ ਮਜ਼ਬੂਤ ਬਣਾਈ ਰੱਖ ਸਕਦੇ ਹਨ ਅਤੇ ਖ਼ੁਸ਼ ਰਹਿ ਸਕਦੇ ਹਨ।c
ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਦੇ ਰਹੋ
3. ਯਹੋਵਾਹ ਨਾਲ ਵਧੀਆ ਰਿਸ਼ਤਾ ਹੋਣ ਕਰਕੇ ਪਤੀ-ਪਤਨੀ ਦਾ ਇਕ-ਦੂਜੇ ਨਾਲ ਰਿਸ਼ਤਾ ਕਿਵੇਂ ਮਜ਼ਬੂਤ ਹੁੰਦਾ ਹੈ? (ਉਪਦੇਸ਼ਕ ਦੀ ਕਿਤਾਬ 4:12) (ਤਸਵੀਰ ਵੀ ਦੇਖੋ।)
3 ਪਤੀ-ਪਤਨੀਓ ਜੇ ਤੁਸੀਂ ਚਾਹੁੰਦੇ ਕਿ ਤੁਹਾਡੀ ਵਿਆਹੁਤਾ ਜ਼ਿੰਦਗੀ ਵਿਚ “ਯਾਹ ਦੀ ਲਾਟ” ਨਾ ਬੁੱਝੇ, ਤਾਂ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਦੇ ਰਹੋ। ਇੱਦਾਂ ਕਰਨ ਨਾਲ ਤੁਹਾਡਾ ਇਕ-ਦੂਜੇ ਨਾਲ ਵੀ ਰਿਸ਼ਤਾ ਮਜ਼ਬੂਤ ਹੋਵੇਗਾ। ਕਿਵੇਂ? ਜਦੋਂ ਪਤੀ-ਪਤਨੀ ਆਪਣੇ ਸਵਰਗੀ ਪਿਤਾ ਨਾਲ ਆਪਣੇ ਰਿਸ਼ਤੇ ਨੂੰ ਅਹਿਮੀਅਤ ਦਿੰਦੇ ਹਨ, ਤਾਂ ਉਨ੍ਹਾਂ ਲਈ ਉਸ ਦੀ ਸਲਾਹ ਮੰਨਣੀ ਸੌਖੀ ਹੁੰਦੀ ਹੈ। ਇਸ ਤਰ੍ਹਾਂ ਉਹ ਕਾਫ਼ੀ ਹੱਦ ਤਕ ਉਨ੍ਹਾਂ ਮੁਸ਼ਕਲਾਂ ਤੋਂ ਬਚ ਪਾਉਂਦੇ ਹਨ ਜਿਨ੍ਹਾਂ ਕਰਕੇ ਉਨ੍ਹਾਂ ਦਾ ਪਿਆਰ ਠੰਢਾ ਪੈ ਸਕਦਾ ਹੈ। ਨਾਲੇ ਉਹ ਜ਼ਿੰਦਗੀ ਵਿਚ ਮੁਸ਼ਕਲਾਂ ਆਉਣ ʼਤੇ ਇਨ੍ਹਾਂ ਨੂੰ ਸੁਲਝਾ ਵੀ ਪਾਉਂਦੇ ਹਨ। (ਉਪਦੇਸ਼ਕ ਦੀ ਕਿਤਾਬ 4:12 ਪੜ੍ਹੋ।) ਇਸ ਤੋਂ ਇਲਾਵਾ, ਜਿਨ੍ਹਾਂ ਦਾ ਯਹੋਵਾਹ ਨਾਲ ਵਧੀਆ ਰਿਸ਼ਤਾ ਹੁੰਦਾ ਹੈ, ਉਹ ਉਸ ਵਰਗੇ ਬਣਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਉਹ ਯਹੋਵਾਹ ਵਾਂਗ ਧੀਰਜ ਰੱਖਣ, ਇਕ-ਦੂਜੇ ਨੂੰ ਮਾਫ਼ ਕਰਨ ਅਤੇ ਇਕ-ਦੂਜੇ ਨਾਲ ਪਿਆਰ ਨਾਲ ਪੇਸ਼ ਆਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। (ਅਫ਼. 4:32–5:1) ਜਿਹੜੇ ਜੋੜੇ ਇਹ ਗੁਣ ਦਿਖਾਉਂਦੇ ਹਨ, ਉਨ੍ਹਾਂ ਲਈ ਇਕ-ਦੂਜੇ ਨੂੰ ਪਿਆਰ ਕਰਨਾ ਹੋਰ ਵੀ ਸੌਖਾ ਹੋ ਜਾਂਦਾ ਹੈ। ਭੈਣ ਲੀਨਾ ਦੇ ਵਿਆਹ ਨੂੰ 25 ਤੋਂ ਵੀ ਜ਼ਿਆਦਾ ਸਾਲ ਹੋ ਗਏ ਹਨ। ਉਹ ਦੱਸਦੀ ਹੈ: “ਯਹੋਵਾਹ ਨੂੰ ਪਿਆਰ ਕਰਨ ਵਾਲੇ ਵਿਅਕਤੀ ਨੂੰ ਪਿਆਰ ਕਰਨਾ ਅਤੇ ਉਸ ਦਾ ਆਦਰ ਕਰਨਾ ਜ਼ਿਆਦਾ ਸੌਖਾ ਹੁੰਦਾ ਹੈ।”
4. ਯਹੋਵਾਹ ਨੇ ਯੂਸੁਫ਼ ਅਤੇ ਮਰੀਅਮ ਨੂੰ ਹੀ ਮਸੀਹ ਦੇ ਮਾਪੇ ਬਣਨ ਲਈ ਕਿਉਂ ਚੁਣਿਆ?
4 ਜ਼ਰਾ ਬਾਈਬਲ ਦੀ ਇਕ ਮਿਸਾਲ ʼਤੇ ਗੌਰ ਕਰੋ। ਜਦੋਂ ਯਹੋਵਾਹ ਨੇ ਚੁਣਨਾ ਸੀ ਕਿ ਧਰਤੀ ʼਤੇ ਮਸੀਹ ਦੇ ਮਾਪੇ ਕੌਣ ਹੋਣਗੇ, ਤਾਂ ਉਹ ਦਾਊਦ ਦੇ ਪਰਿਵਾਰ ਵਿੱਚੋਂ ਕਿਸੇ ਨੂੰ ਵੀ ਚੁਣ ਸਕਦਾ ਸੀ। ਫਿਰ ਉਸ ਨੇ ਯੂਸੁਫ਼ ਅਤੇ ਮਰੀਅਮ ਨੂੰ ਹੀ ਕਿਉਂ ਚੁਣਿਆ? ਕਿਉਂਕਿ ਉਨ੍ਹਾਂ ਦੋਹਾਂ ਦਾ ਯਹੋਵਾਹ ਨਾਲ ਚੰਗਾ ਰਿਸ਼ਤਾ ਸੀ ਅਤੇ ਯਹੋਵਾਹ ਜਾਣਦਾ ਸੀ ਕਿ ਪਤੀ-ਪਤਨੀ ਵਜੋਂ ਵੀ ਉਹ ਉਸ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇਣਗੇ। ਪਤੀ-ਪਤਨੀਓ, ਤੁਸੀਂ ਯੂਸੁਫ਼ ਅਤੇ ਮਰੀਅਮ ਤੋਂ ਕੀ ਸਿੱਖ ਸਕਦੇ ਹੋ?
5. ਪਤੀ ਯੂਸੁਫ਼ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਨ?
5 ਜਦੋਂ ਯਹੋਵਾਹ ਨੇ ਯੂਸੁਫ਼ ਨੂੰ ਕੋਈ ਸਲਾਹ ਦਿੱਤੀ, ਤਾਂ ਉਸ ਨੇ ਫ਼ੌਰਨ ਉਸ ਨੂੰ ਮੰਨਿਆ। ਇਸ ਕਰਕੇ ਯੂਸੁਫ਼ ਇਕ ਵਧੀਆ ਪਤੀ ਬਣ ਸਕਿਆ। ਬਾਈਬਲ ਵਿਚ ਅਜਿਹੇ ਤਿੰਨ ਬਿਰਤਾਂਤ ਦਰਜ ਹਨ ਜਦੋਂ ਪਰਮੇਸ਼ੁਰ ਨੇ ਪਰਿਵਾਰ ਦੇ ਮਾਮਲੇ ਬਾਰੇ ਉਸ ਨੂੰ ਹਿਦਾਇਤਾਂ ਦਿੱਤੀਆਂ। ਚਾਹੇ ਕਿ ਉਨ੍ਹਾਂ ਹਿਦਾਇਤਾਂ ਨੂੰ ਮੰਨਣ ਲਈ ਉਸ ਨੂੰ ਆਪਣੇ ਅੰਦਰ ਵੱਡੇ-ਵੱਡੇ ਬਦਲਾਅ ਕਰਨੇ ਪਏ, ਫਿਰ ਵੀ ਉਸ ਨੇ ਉਨ੍ਹਾਂ ਨੂੰ ਮੰਨਿਆ। (ਮੱਤੀ 1:20, 24; 2:13-15, 19-21) ਪਰਮੇਸ਼ੁਰ ਦੀ ਸਲਾਹ ਮੰਨ ਕੇ ਯੂਸੁਫ਼ ਮਰੀਅਮ ਦੀ ਹਿਫਾਜ਼ਤ ਕਰ ਸਕਿਆ, ਉਸ ਦਾ ਸਾਥ ਦੇ ਸਕਿਆ ਅਤੇ ਉਸ ਦੀਆਂ ਲੋੜਾਂ ਪੂਰੀਆਂ ਕਰ ਸਕਿਆ। ਜ਼ਰਾ ਸੋਚੋ ਕਿ ਯੂਸੁਫ਼ ਦੇ ਇਨ੍ਹਾਂ ਕੰਮਾਂ ਨੂੰ ਦੇਖ ਕੇ ਮਰੀਅਮ ਉਸ ਨੂੰ ਹੋਰ ਜ਼ਿਆਦਾ ਪਿਆਰ ਅਤੇ ਉਸ ਦਾ ਹੋਰ ਜ਼ਿਆਦਾ ਆਦਰ ਕਰਨ ਲੱਗ ਪਈ ਹੋਣੀ। ਪਤੀਓ, ਤੁਸੀਂ ਵੀ ਪਰਿਵਾਰ ਦੀ ਦੇਖ-ਭਾਲ ਕਰਨ ਦੇ ਮਾਮਲੇ ਵਿਚ ਬਾਈਬਲ-ਆਧਾਰਿਤ ਸਲਾਹ ਮੰਨ ਕੇ ਯੂਸੁਫ਼ ਵਾਂਗ ਬਣ ਸਕਦੇ ਹੋ।d ਸ਼ਾਇਦ ਇਸ ਤਰ੍ਹਾਂ ਕਰਨ ਲਈ ਤੁਹਾਨੂੰ ਆਪਣੇ ਅੰਦਰ ਬਦਲਾਅ ਕਰਨੇ ਪੈਣੇ, ਪਰ ਇੱਦਾਂ ਕਰ ਕੇ ਤੁਸੀਂ ਦਿਖਾਓਗੇ ਕਿ ਤੁਸੀਂ ਆਪਣੀ ਪਤਨੀ ਨੂੰ ਕਿੰਨਾ ਪਿਆਰ ਕਰਦੇ ਹੋ। ਨਾਲੇ ਇਸ ਤਰ੍ਹਾਂ ਤੁਹਾਡਾ ਦੋਹਾਂ ਦਾ ਰਿਸ਼ਤਾ ਵੀ ਮਜ਼ਬੂਤ ਹੋ ਜਾਵੇਗਾ। ਵਨਾਵਟੂ ਦੇਸ਼ ਵਿਚ ਰਹਿਣ ਵਾਲੀ ਇਕ ਭੈਣ ਦੇ ਵਿਆਹ ਨੂੰ 20 ਤੋਂ ਜ਼ਿਆਦਾ ਸਾਲ ਹੋ ਗਏ ਹਨ। ਉਹ ਦੱਸਦੀ ਹੈ: “ਜਦੋਂ ਮੇਰੇ ਪਤੀ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਨ ਕਿ ਕਿਸੇ ਮਾਮਲੇ ਬਾਰੇ ਯਹੋਵਾਹ ਨੇ ਕੀ ਸਲਾਹ ਦਿੱਤੀ ਹੈ ਅਤੇ ਫਿਰ ਉਸ ਨੂੰ ਲਾਗੂ ਕਰਦੇ ਹਨ, ਤਾਂ ਮੇਰੇ ਦਿਲ ਵਿਚ ਉਨ੍ਹਾਂ ਲਈ ਇੱਜ਼ਤ ਹੋਰ ਜ਼ਿਆਦਾ ਵਧ ਜਾਂਦੀ ਹੈ। ਮੈਨੂੰ ਭਰੋਸਾ ਹੋ ਜਾਂਦਾ ਹੈ ਕਿ ਉਹ ਸਹੀ ਫ਼ੈਸਲੇ ਕਰਨਗੇ ਅਤੇ ਫਿਰ ਮੈਨੂੰ ਕਿਸੇ ਗੱਲ ਦੀ ਕੋਈ ਟੈਂਸ਼ਨ ਨਹੀਂ ਰਹਿੰਦੀ।”
6. ਪਤਨੀਆਂ ਮਰੀਅਮ ਦੀ ਮਿਸਾਲ ਤੋਂ ਕੀ ਸਿੱਖ ਸਕਦੀਆਂ ਹਨ?
6 ਮਰੀਅਮ ਦਾ ਯਹੋਵਾਹ ਨਾਲ ਵਧੀਆ ਰਿਸ਼ਤਾ ਸੀ। ਉਹ ਆਪਣੀ ਨਿਹਚਾ ਮਜ਼ਬੂਤ ਕਰਨ ਲਈ ਯੂਸੁਫ਼ ʼਤੇ ਨਿਰਭਰ ਨਹੀਂ ਸੀ। ਇਸ ਦੀ ਬਜਾਇ, ਆਪਣੀ ਨਿਹਚਾ ਮਜ਼ਬੂਤ ਕਰਨ ਲਈ ਉਸ ਨੇ ਖ਼ੁਦ ਸਖ਼ਤ ਮਿਹਨਤ ਕੀਤੀ। ਉਸ ਨੂੰ ਪਵਿੱਤਰ ਲਿਖਤਾਂ ਦਾ ਚੰਗਾ ਗਿਆਨ ਸੀ।e (ਲੂਕਾ 1:46) ਉਹ ਸਿੱਖੀਆਂ ਗੱਲਾਂ ʼਤੇ ਸੋਚ-ਵਿਚਾਰ ਕਰਨ ਲਈ ਸਮਾਂ ਵੀ ਕੱਢਦੀ ਸੀ। (ਲੂਕਾ 2:19, 51) ਬਿਨਾਂ ਸ਼ੱਕ, ਯਹੋਵਾਹ ਨਾਲ ਵਧੀਆ ਰਿਸ਼ਤਾ ਹੋਣ ਕਰਕੇ ਮਰੀਅਮ ਇਕ ਚੰਗੀ ਪਤਨੀ ਬਣ ਸਕੀ। ਅੱਜ ਵੀ ਮਸੀਹੀ ਪਤਨੀਆਂ ਮਰੀਅਮ ਵਾਂਗ ਬਣਨ ਦੀ ਕੋਸ਼ਿਸ਼ ਕਰਦੀਆਂ ਹਨ। ਜ਼ਰਾ ਭੈਣ ਐਮੀਕੋ ਦੀ ਮਿਸਾਲ ʼਤੇ ਗੌਰ ਕਰੋ। ਉਹ ਦੱਸਦੀ ਹੈ: “ਵਿਆਹ ਤੋਂ ਪਹਿਲਾਂ ਭਗਤੀ ਨਾਲ ਜੁੜੇ ਕੰਮ ਕਰਨ ਦਾ ਮੇਰਾ ਵਧੀਆ ਸ਼ਡਿਉਲ ਸੀ। ਪਰ ਵਿਆਹ ਤੋਂ ਬਾਅਦ ਮੇਰੇ ਪਤੀ ਹੀ ਸਾਡੇ ਲਈ ਪ੍ਰਾਰਥਨਾ ਕਰਦੇ ਸਨ ਅਤੇ ਭਗਤੀ ਨਾਲ ਜੁੜੇ ਕੰਮਾਂ ਵਿਚ ਅਗਵਾਈ ਕਰਦੇ ਸਨ। ਇਸ ਲਈ ਮੈਨੂੰ ਲੱਗਣ ਲੱਗਾ ਕਿ ਮੈਂ ਇਹ ਸਾਰਾ ਕੁਝ ਕਰਨ ਲਈ ਉਨ੍ਹਾਂ ʼਤੇ ਹੀ ਨਿਰਭਰ ਹੋ ਗਈ ਹਾਂ। ਮੈਨੂੰ ਅਹਿਸਾਸ ਹੋਇਆ ਕਿ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਲਈ ਮੈਨੂੰ ਹੀ ਮਿਹਨਤ ਕਰਨੀ ਪੈਣੀ। ਇਸ ਲਈ ਹੁਣ ਮੈਂ ਇਕੱਲਿਆਂ ਪ੍ਰਾਰਥਨਾ ਕਰਨ, ਬਾਈਬਲ ਪੜ੍ਹਨ ਅਤੇ ਸੋਚ-ਵਿਚਾਰ ਕਰਨ ਲਈ ਸਮਾਂ ਕੱਢਦੀ ਹਾਂ।” (ਗਲਾ. 6:5) ਪਤਨੀਓ, ਜੇ ਤੁਸੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਲਈ ਲਗਾਤਾਰ ਮਿਹਨਤ ਕਰਦੀਆਂ ਹੋ, ਤਾਂ ਤੁਹਾਡੇ ਪਤੀ ਤੁਹਾਨੂੰ ਹੋਰ ਵੀ ਜ਼ਿਆਦਾ ਪਿਆਰ ਕਰਨਗੇ ਅਤੇ ਤੁਹਾਡੀ ਤਾਰੀਫ਼ ਕਰਨਗੇ।—ਕਹਾ. 31:30.
7. ਪਤੀ-ਪਤਨੀ ਇਕੱਠੇ ਮਿਲ ਕੇ ਭਗਤੀ ਕਰਨ ਬਾਰੇ ਯੂਸੁਫ਼ ਅਤੇ ਮਰੀਅਮ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਨ?
7 ਯੂਸੁਫ਼ ਅਤੇ ਮਰੀਅਮ ਨੇ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਦੇ ਰਹਿਣ ਲਈ ਮਿਲ ਕੇ ਬਹੁਤ ਕੁਝ ਕੀਤਾ। ਉਹ ਪਰਿਵਾਰ ਵਜੋਂ ਯਹੋਵਾਹ ਦੀ ਭਗਤੀ ਕਰਨ ਦੀ ਅਹਿਮੀਅਤ ਨੂੰ ਸਮਝਦੇ ਸਨ। (ਲੂਕਾ 2:22-24, 41; 4:16) ਪਰ ਜਦੋਂ ਉਨ੍ਹਾਂ ਦੇ ਬੱਚੇ ਹੋਏ, ਤਾਂ ਸ਼ਾਇਦ ਉਨ੍ਹਾਂ ਲਈ ਇੱਦਾਂ ਕਰਨਾ ਮੁਸ਼ਕਲ ਹੋ ਗਿਆ ਹੋਣਾ। ਫਿਰ ਵੀ ਉਹ ਇਕੱਠੇ ਮਿਲ ਕੇ ਭਗਤੀ ਦੇ ਕੰਮ ਕਰਦੇ ਰਹੇ। ਯੂਸੁਫ਼ ਅਤੇ ਮਰੀਅਮ ਨੇ ਪਤੀ-ਪਤਨੀਆਂ ਲਈ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ! ਜੇ ਤੁਹਾਡੇ ਵੀ ਬੱਚੇ ਹਨ, ਤਾਂ ਤੁਹਾਡੇ ਲਈ ਮੀਟਿੰਗਾਂ ਵਿਚ ਜਾਣਾ ਅਤੇ ਪਰਿਵਾਰਕ ਸਟੱਡੀ ਲਈ ਸਮਾਂ ਕੱਢਣਾ ਔਖਾ ਹੋ ਸਕਦਾ ਹੈ। ਨਾਲੇ ਪਤੀ-ਪਤਨੀ ਵਜੋਂ ਸ਼ਾਇਦ ਇਕੱਠਿਆਂ ਬਾਈਬਲ ਪੜ੍ਹਨੀ ਅਤੇ ਪ੍ਰਾਰਥਨਾ ਕਰਨੀ ਹੋਰ ਵੀ ਔਖੀ ਹੋ ਗਈ ਹੋਣੀ। ਪਰ ਯਾਦ ਰੱਖੋ, ਜਦੋਂ ਤੁਸੀਂ ਮਿਲ ਕੇ ਯਹੋਵਾਹ ਦੀ ਭਗਤੀ ਕਰਦੇ ਹੋ, ਤਾਂ ਤੁਸੀਂ ਉਸ ਦੇ ਅਤੇ ਇਕ-ਦੂਜੇ ਦੇ ਹੋਰ ਵੀ ਨੇੜੇ ਆਉਂਦੇ ਹੋ। ਇਸ ਲਈ ਯਹੋਵਾਹ ਦੀ ਭਗਤੀ ਨੂੰ ਹਮੇਸ਼ਾ ਪਹਿਲ ਦਿਓ।
8. ਜਿਨ੍ਹਾਂ ਪਤੀ-ਪਤਨੀਆਂ ਵਿਚ ਦੂਰੀਆਂ ਆ ਗਈਆਂ ਹਨ, ਉਹ ਪਰਿਵਾਰਕ ਸਟੱਡੀ ਦਾ ਪੂਰਾ ਫ਼ਾਇਦਾ ਪਾਉਣ ਲਈ ਕੀ ਕਰ ਸਕਦੇ ਹਨ?
8 ਹੋ ਸਕਦਾ ਹੈ ਕਿ ਤੁਹਾਡੇ ਦੋਹਾਂ ਵਿਚ ਦੂਰੀਆਂ ਆ ਗਈਆਂ ਹੋਣ। ਇਸ ਤਰ੍ਹਾਂ ਹੋਣ ʼਤੇ ਸ਼ਾਇਦ ਮਿਲ ਕੇ ਪਰਿਵਾਰਕ ਸਟੱਡੀ ਕਰਨ ਨੂੰ ਤੁਹਾਡਾ ਜੀਅ ਨਾ ਕਰੇ। ਫਿਰ ਵੀ ਇਕੱਠਿਆਂ ਮਿਲ ਕੇ ਥੋੜ੍ਹਾ-ਬਹੁਤਾ ਕੁਝ ਕਰਨ ਦੀ ਕੋਸ਼ਿਸ਼ ਕਰੋ। ਕਿਉਂ ਨਾ ਕਿਸੇ ਅਜਿਹੀ ਚੀਜ਼ ਨਾਲ ਸ਼ੁਰੂ ਕਰੋ ਜਿਸ ਨੂੰ ਕਰ ਕੇ ਤੁਹਾਨੂੰ ਦੋਹਾਂ ਨੂੰ ਖ਼ੁਸ਼ੀ ਹੋਵੇ? ਇੱਦਾਂ ਕਰਨ ਨਾਲ ਤੁਹਾਡੇ ਵਿਚ ਦੂਰੀਆਂ ਘੱਟਣਗੀਆਂ ਅਤੇ ਤੁਹਾਡਾ ਮਿਲ ਕੇ ਯਹੋਵਾਹ ਦੀ ਭਗਤੀ ਕਰਨ ਦਾ ਜੀਅ ਕਰੇਗਾ।
ਇਕੱਠੇ ਸਮਾਂ ਬਿਤਾਓ
9. ਪਤੀ-ਪਤਨੀ ਨੂੰ ਇਕ-ਦੂਜੇ ਨਾਲ ਸਮਾਂ ਕਿਉਂ ਬਿਤਾਉਣਾ ਚਾਹੀਦਾ ਹੈ?
9 ਪਤੀ-ਪਤਨੀਓ, ਤੁਸੀਂ ਇਕੱਠੇ ਸਮਾਂ ਬਿਤਾ ਕੇ ਵੀ ਆਪਣੇ ਪਿਆਰ ਨੂੰ ਬਰਕਰਾਰ ਰੱਖ ਸਕਦੇ ਹੋ। ਇਸ ਤਰ੍ਹਾਂ ਕਰ ਕੇ ਤੁਸੀਂ ਆਪਣੇ ਸਾਥੀ ਦੀਆਂ ਸੋਚਾਂ ਅਤੇ ਭਾਵਨਾਵਾਂ ਨੂੰ ਜਾਣ ਸਕਦੇ ਹੋ। (ਉਤ. 2:24) ਜ਼ਰਾ ਲੀਲੀਆ ਅਤੇ ਰੁਸਲਾਨ ਦੀ ਮਿਸਾਲ ʼਤੇ ਗੌਰ ਕਰੋ ਜਿਨ੍ਹਾਂ ਦੇ ਵਿਆਹ ਨੂੰ 15 ਤੋਂ ਜ਼ਿਆਦਾ ਸਾਲ ਹੋ ਗਏ ਹਨ। ਧਿਆਨ ਦਿਓ ਕਿ ਉਨ੍ਹਾਂ ਨੂੰ ਆਪਣੇ ਵਿਆਹ ਤੋਂ ਥੋੜ੍ਹੀ ਦੇਰ ਬਾਅਦ ਕੀ ਅਹਿਸਾਸ ਹੋਇਆ। ਭੈਣ ਦੱਸਦੀ ਹੈ: “ਅਸੀਂ ਦੇਖਿਆ ਕਿ ਅਸੀਂ ਇਕ-ਦੂਜੇ ਨਾਲ ਉੱਨਾ ਸਮਾਂ ਨਹੀਂ ਬਿਤਾ ਪਾਉਂਦੇ ਸੀ ਜਿੰਨਾ ਅਸੀਂ ਸੋਚਿਆ ਸੀ। ਸਾਰਾ ਦਿਨ ਨੌਕਰੀ ਅਤੇ ਘਰ ਦੇ ਕੰਮਾਂ ਵਿਚ ਹੀ ਲੰਘ ਜਾਂਦਾ ਸੀ। ਬਾਅਦ ਵਿਚ ਜਦੋਂ ਬੱਚੇ ਪੈਦਾ ਹੋਏ, ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਸੀ ਕਿ ਸਮਾਂ ਕਿੱਥੇ ਚਲਾ ਜਾਂਦਾ ਸੀ। ਅਸੀਂ ਸਮਝ ਗਏ ਕਿ ਜੇ ਅਸੀਂ ਇਕ-ਦੂਜੇ ਨੂੰ ਟਾਈਮ ਨਾ ਦਿੱਤਾ, ਤਾਂ ਸਾਡੇ ਵਿਚ ਦੂਰੀਆਂ ਆ ਸਕਦੀਆਂ ਹਨ।”
10. ਪਤੀ-ਪਤਨੀ ਅਫ਼ਸੀਆਂ 5:15, 16 ਵਿਚ ਦਿੱਤੀ ਸਲਾਹ ਕਿਵੇਂ ਮੰਨ ਸਕਦੇ ਹਨ?
10 ਪਤੀ-ਪਤਨੀ ਇਕ-ਦੂਜੇ ਨਾਲ ਸਮਾਂ ਬਿਤਾਉਣ ਲਈ ਕੀ ਕਰ ਸਕਦੇ ਹਨ? ਪਹਿਲਾਂ ਤੋਂ ਹੀ ਤੈਅ ਕਰੋ ਕਿ ਤੁਸੀਂ ਇਕ-ਦੂਜੇ ਨੂੰ ਕਦੋਂ ਸਮਾਂ ਦਿਓਗੇ। (ਅਫ਼ਸੀਆਂ 5:15, 16 ਪੜ੍ਹੋ।) ਨਾਈਜੀਰੀਆ ਵਿਚ ਰਹਿਣ ਵਾਲਾ ਭਰਾ ਯੂਜ਼ੋਂਦੂ ਦੱਸਦਾ ਹੈ: “ਮੈਂ ਪਹਿਲਾਂ ਤੋਂ ਹੀ ਤੈਅ ਕਰਦਾ ਹਾਂ ਕਿ ਮੈਂ ਕਿਹੜਾ ਕੰਮ ਕਦੋਂ ਕਰਨਾ ਹੈ। ਇਸ ਤਰ੍ਹਾਂ ਕਰਦੇ ਵੇਲੇ ਮੈਂ ਧਿਆਨ ਰੱਖਦਾ ਹਾਂ ਕਿ ਮੈਂ ਆਪਣੀ ਪਤਨੀ ਨਾਲ ਸਮਾਂ ਬਿਤਾ ਸਕਾਂ। ਮੈਂ ਇਸ ਗੱਲ ਨੂੰ ਬਹੁਤ ਅਹਿਮੀਅਤ ਦਿੰਦਾ ਹਾਂ।” (ਫ਼ਿਲਿ. 1:10) ਗੌਰ ਕਰੋ ਕਿ ਮੌਲਡੋਵਾ ਵਿਚ ਰਹਿਣ ਵਾਲੀ ਭੈਣ ਐਨਸਤੇਜ਼ੀਆ ਆਪਣੇ ਸਮੇਂ ਦੀ ਚੰਗੀ ਵਰਤੋਂ ਕਿਵੇਂ ਕਰਦੀ ਹੈ। ਉਸ ਦਾ ਪਤੀ ਸਰਕਟ ਓਵਰਸੀਅਰ ਹੈ। ਭੈਣ ਦੱਸਦੀ ਹੈ: “ਜਦੋਂ ਮੇਰੇ ਪਤੀ ਹੋਰ ਕੰਮ ਕਰਦੇ ਹਨ, ਤਾਂ ਮੈਂ ਉਹ ਕੰਮ ਕਰ ਲੈਂਦੀ ਹਾਂ ਜੋ ਮੈਂ ਇਕੱਲਿਆਂ ਕਰਨੇ ਹੁੰਦੇ ਹਨ। ਇਸ ਤਰ੍ਹਾਂ ਅਸੀਂ ਬਾਅਦ ਵਿਚ ਇਕੱਠੇ ਸਮਾਂ ਬਿਤਾ ਪਾਉਂਦੇ ਹਾਂ।” ਪਰ ਜੇ ਦੂਜੇ ਕੰਮਾਂ ਕਰਕੇ ਤੁਹਾਡੇ ਲਈ ਇਕੱਠੇ ਸਮਾਂ ਬਿਤਾਉਣਾ ਮੁਸ਼ਕਲ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ?
11. ਪ੍ਰਿਸਕਿੱਲਾ ਤੇ ਅਕੂਲਾ ਨੇ ਇਕੱਠਿਆਂ ਮਿਲ ਕੇ ਕੀ-ਕੀ ਕੀਤਾ?
11 ਪਤੀ-ਪਤਨੀ ਪ੍ਰਿਸਕਿੱਲਾ ਤੇ ਅਕੂਲਾ ਤੋਂ ਵੀ ਬਹੁਤ ਕੁਝ ਸਿੱਖ ਸਕਦੇ ਹਨ। ਪਹਿਲੀ ਸਦੀ ਦੇ ਮਸੀਹੀ ਉਨ੍ਹਾਂ ਦੀ ਬਹੁਤ ਇੱਜ਼ਤ ਕਰਦੇ ਸਨ। (ਰੋਮੀ. 16:3, 4) ਚਾਹੇ ਕਿ ਬਾਈਬਲ ਵਿਚ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਬਾਰੇ ਜ਼ਿਆਦਾ ਕੁਝ ਨਹੀਂ ਦੱਸਿਆ ਗਿਆ, ਪਰ ਇੰਨਾ ਜ਼ਰੂਰ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਮਿਲ ਕੇ ਕੰਮ ਕੀਤਾ, ਪ੍ਰਚਾਰ ਕੀਤਾ ਅਤੇ ਦੂਜਿਆਂ ਦੀ ਮਦਦ ਕੀਤੀ। (ਰਸੂ. 18:2, 3, 24-26) ਦਰਅਸਲ, ਬਾਈਬਲ ਵਿਚ ਜਦੋਂ ਵੀ ਪ੍ਰਿਸਕਿੱਲਾ ਅਤੇ ਅਕੂਲਾ ਦੇ ਨਾਂ ਆਏ ਹਨ, ਤਾਂ ਉਨ੍ਹਾਂ ਦਾ ਜ਼ਿਕਰ ਹਮੇਸ਼ਾ ਇਕੱਠਿਆਂ ਹੀ ਕੀਤਾ ਗਿਆ ਹੈ।
12. ਪਤੀ-ਪਤਨੀ ਇਕ-ਦੂਜੇ ਨਾਲ ਹੋਰ ਜ਼ਿਆਦਾ ਸਮਾਂ ਬਿਤਾਉਣ ਲਈ ਕੀ ਕਰ ਸਕਦੇ ਹਨ? (ਤਸਵੀਰ ਵੀ ਦੇਖੋ।)
12 ਪਤੀ-ਪਤਨੀਓ, ਤੁਸੀਂ ਪ੍ਰਿਸਕਿੱਲਾ ਤੇ ਅਕੂਲਾ ਤੋਂ ਕੀ ਸਿੱਖ ਸਕਦੇ ਹੋ? ਤੁਸੀਂ ਦੋਵੇਂ ਪੂਰਾ ਦਿਨ ਬਹੁਤ ਸਾਰੇ ਕੰਮ ਕਰਦੇ ਹੋਣੇ। ਕੀ ਇਨ੍ਹਾਂ ਵਿੱਚੋਂ ਕੁਝ ਕੰਮ ਤੁਸੀਂ ਮਿਲ ਕੇ ਕਰ ਸਕਦੇ ਹੋ? ਉਦਾਹਰਣ ਲਈ, ਪ੍ਰਿਸਕਿੱਲਾ ਤੇ ਅਕੂਲਾ ਇਕੱਠੇ ਮਿਲ ਕੇ ਪ੍ਰਚਾਰ ਕਰਦੇ ਸਨ। ਕੀ ਤੁਸੀਂ ਵੀ ਅਕਸਰ ਇਕੱਠੇ ਮਿਲ ਕੇ ਪ੍ਰਚਾਰ ਕਰਦੇ ਹੋ? ਪ੍ਰਿਸਕਿੱਲਾ ਤੇ ਅਕੂਲਾ ਇਕੱਠੇ ਮਿਲ ਕੇ ਕੰਮ ਕਰਦੇ ਸਨ। ਸ਼ਾਇਦ ਤੁਸੀਂ ਅਤੇ ਤੁਹਾਡਾ ਸਾਥੀ ਇੱਕੋ ਜਗ੍ਹਾ ʼਤੇ ਨੌਕਰੀ ਜਾਂ ਕੰਮ ਨਹੀਂ ਕਰਦੇ ਹੋਣੇ। ਪਰ ਕੀ ਤੁਸੀਂ ਘਰ ਦੇ ਕੰਮ ਇਕੱਠੇ ਮਿਲ ਕੇ ਕਰ ਸਕਦੇ ਹੋ? (ਉਪ. 4:9) ਜਦੋਂ ਤੁਸੀਂ ਕਿਸੇ ਕੰਮ ਵਿਚ ਇਕ-ਦੂਜੇ ਦਾ ਹੱਥ ਵਟਾਉਂਦੇ ਹੋ, ਤਾਂ ਤੁਸੀਂ ਇਕ ਟੀਮ ਵਾਂਗ ਮਹਿਸੂਸ ਕਰਦੇ ਹੋ ਅਤੇ ਤੁਹਾਡੇ ਕੋਲ ਗੱਲ ਕਰਨ ਦਾ ਮੌਕਾ ਹੁੰਦਾ ਹੈ। ਭਰਾ ਰੌਬਰਟ ਅਤੇ ਭੈਣ ਲੀਨਾf ਦੀ ਮਿਸਾਲ ʼਤੇ ਗੌਰ ਕਰੋ ਜਿਨ੍ਹਾਂ ਦੇ ਵਿਆਹ ਨੂੰ 50 ਤੋਂ ਜ਼ਿਆਦਾ ਸਾਲ ਹੋ ਗਏ ਹਨ। ਭਰਾ ਰੌਬਰਟ ਕਹਿੰਦਾ ਹੈ: “ਸੱਚ ਦੱਸਾਂ, ਤਾਂ ਸਾਡੇ ਕੋਲ ਮਨੋਰੰਜਨ ਕਰਨ ਲਈ ਜ਼ਿਆਦਾ ਸਮਾਂ ਨਹੀਂ ਹੁੰਦਾ। ਪਰ ਜਦੋਂ ਮੈਂ ਭਾਂਡੇ ਧੋਂਦਾ ਹਾਂ ਅਤੇ ਮੇਰੀ ਪਤਨੀ ਕੋਲ ਖੜ੍ਹ ਕੇ ਕੱਪੜੇ ਨਾਲ ਉਨ੍ਹਾਂ ਨੂੰ ਸੁਕਾ ਦਿੰਦੀ ਹੈ ਜਾਂ ਜਦੋਂ ਮੈਂ ਬਾਗ਼ ਵਿਚ ਕੰਮ ਕਰਦਾ ਹਾਂ ਅਤੇ ਉਹ ਆ ਕੇ ਮੇਰੀ ਮਦਦ ਕਰਦੀ ਹੈ, ਤਾਂ ਮੈਨੂੰ ਬਹੁਤ ਚੰਗਾ ਲੱਗਦਾ ਹੈ। ਇਕੱਠੇ ਮਿਲ ਕੇ ਕੰਮ ਕਰਨ ਨਾਲ ਅਸੀਂ ਇਕ-ਦੂਜੇ ਦੇ ਨੇੜੇ ਆਉਂਦੇ ਹਾਂ ਅਤੇ ਸਾਡਾ ਪਿਆਰ ਵਧਦਾ ਹੈ।”
13. ਇਕ-ਦੂਜੇ ਦੇ ਨੇੜੇ ਆਉਣ ਲਈ ਪਤੀ-ਪਤਨੀ ਨੂੰ ਕੀ ਕਰਨਾ ਚਾਹੀਦਾ ਹੈ?
13 ਪਤੀ-ਪਤਨੀਓ, ਯਾਦ ਰੱਖੋ ਕਿ ਸਿਰਫ਼ ਇਕੱਠੇ ਰਹਿਣ ਨਾਲ ਹੀ ਤੁਸੀਂ ਇਕ-ਦੂਜੇ ਦੇ ਨੇੜੇ ਨਹੀਂ ਆ ਜਾਓਗੇ। ਬ੍ਰਾਜ਼ੀਲ ਦੀ ਇਕ ਵਿਆਹੀ ਭੈਣ ਦੱਸਦੀ ਹੈ: “ਕਦੇ-ਕਦੇ ਸਾਨੂੰ ਲੱਗ ਸਕਦਾ ਹੈ ਕਿ ਜੇ ਅਸੀਂ ਇੱਕੋ ਛੱਤ ਹੇਠਾਂ ਰਹਿ ਰਹੇ ਹਾਂ, ਤਾਂ ਅਸੀਂ ਇਕ-ਦੂਜੇ ਨਾਲ ਸਮਾਂ ਬਿਤਾ ਰਹੇ ਹਾਂ। ਪਰ ਅਸਲ ਵਿਚ ਇੱਦਾਂ ਸੋਚ ਕੇ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੋਵਾਂਗੇ। ਕਿਉਂ? ਕਿਉਂਕਿ ਅੱਜ ਬਹੁਤ ਸਾਰੀਆਂ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਹਨ ਜਿਨ੍ਹਾਂ ਕਰਕੇ ਅਸੀਂ ਇਕੱਠੇ ਹੁੰਦੇ ਹੋਏ ਵੀ ਇਕੱਠੇ ਨਹੀਂ ਹੁੰਦੇ। ਮੈਨੂੰ ਅਹਿਸਾਸ ਹੋਇਆ ਕਿ ਸਿਰਫ਼ ਇਕ-ਦੂਜੇ ਨਾਲ ਹੋਣਾ ਹੀ ਕਾਫ਼ੀ ਨਹੀਂ ਹੈ। ਮੈਨੂੰ ਆਪਣੇ ਪਤੀ ਵੱਲ ਵੀ ਪੂਰਾ ਧਿਆਨ ਦੇਣਾ ਚਾਹੀਦਾ ਹੈ।” ਜ਼ਰਾ ਧਿਆਨ ਦਿਓ ਕਿ ਭਰਾ ਬਰੂਨੋ ਅਤੇ ਉਸ ਦੀ ਪਤਨੀ ਟੇਜ਼ ਇਸ ਗੱਲ ਦਾ ਕਿਵੇਂ ਖ਼ਿਆਲ ਰੱਖਦੇ ਹਨ। ਭਰਾ ਦੱਸਦਾ ਹੈ: “ਜਦੋਂ ਅਸੀਂ ਇਕੱਠੇ ਹੁੰਦੇ ਹਾਂ, ਤਾਂ ਅਸੀਂ ਆਪਣੇ ਫ਼ੋਨ ਇਕ ਪਾਸੇ ਰੱਖ ਦਿੰਦੇ ਹਾਂ ਤਾਂਕਿ ਅਸੀਂ ਇਕ-ਦੂਜੇ ਨਾਲ ਚੰਗੀ ਤਰ੍ਹਾਂ ਸਮਾਂ ਬਿਤਾ ਸਕੀਏ।”
14. ਜੇ ਪਤੀ-ਪਤਨੀ ਨੂੰ ਇਕ-ਦੂਜੇ ਨਾਲ ਸਮਾਂ ਬਿਤਾਉਣਾ ਵਧੀਆ ਨਾ ਲੱਗਦਾ ਹੋਵੇ, ਤਾਂ ਉਹ ਕੀ ਕਰ ਸਕਦੇ ਹਨ?
14 ਹੋ ਸਕਦਾ ਹੈ ਕਿ ਤੁਹਾਨੂੰ ਇਕ-ਦੂਜੇ ਨਾਲ ਸਮਾਂ ਬਿਤਾਉਣਾ ਵਧੀਆ ਹੀ ਨਾ ਲੱਗਦਾ ਹੋਵੇ। ਸ਼ਾਇਦ ਤੁਹਾਡੀ ਪਸੰਦ-ਨਾਪਸੰਦ ਵੱਖੋ-ਵੱਖਰੀ ਹੋਵੇ ਜਾਂ ਤੁਸੀਂ ਇਕ-ਦੂਜੇ ਦੀਆਂ ਗੱਲਾਂ ਤੋਂ ਖਿੱਝ ਜਾਂਦੇ ਹੋਵੋ। ਫਿਰ ਤੁਸੀਂ ਕੀ ਕਰ ਸਕਦੇ ਹੋ? ਜ਼ਰਾ ਇਕ ਵਾਰ ਫਿਰ ਅੱਗ ਦੀ ਉਦਾਹਰਣ ʼਤੇ ਗੌਰ ਕਰੋ। ਅੱਗ ਬਾਲ਼ਣ ਤੋਂ ਤੁਰੰਤ ਬਾਅਦ ਹੀ ਉਸ ਵਿੱਚੋਂ ਲਾਟਾਂ ਨਹੀਂ ਨਿਕਲਣ ਲੱਗ ਪੈਂਦੀਆਂ, ਸਗੋਂ ਸਾਨੂੰ ਹੌਲੀ-ਹੌਲੀ ਇਸ ਵਿਚ ਲੱਕੜਾਂ ਪਾਉਣੀਆਂ ਪੈਂਦੀਆਂ ਹਨ, ਪਹਿਲਾਂ ਛੋਟੀਆਂ ਲੱਕੜਾਂ ਅਤੇ ਫਿਰ ਵੱਡੀਆਂ। ਇਸੇ ਤਰ੍ਹਾਂ ਕਿਉਂ ਨਾ ਹਰ ਰੋਜ਼ ਕੁਝ ਸਮਾਂ ਇਕੱਠਿਆਂ ਬਿਤਾਓ? ਧਿਆਨ ਰੱਖੋ ਕਿ ਤੁਸੀਂ ਅਜਿਹਾ ਕੁਝ ਨਾ ਕਰੋ ਜਿਸ ਨਾਲ ਤੁਹਾਡੇ ਸਾਥੀ ਨੂੰ ਗੁੱਸਾ ਆਵੇ, ਸਗੋਂ ਕੁਝ ਅਜਿਹਾ ਕਰਨ ਦੀ ਕੋਸ਼ਿਸ਼ ਕਰੋ ਜਿਸ ਨਾਲ ਤੁਹਾਨੂੰ ਦੋਹਾਂ ਨੂੰ ਮਜ਼ਾ ਆਵੇ। (ਯਾਕੂ. 3:18) ਇਸ ਤਰ੍ਹਾਂ ਜਦੋਂ ਤੁਸੀਂ ਇਕ-ਦੂਜੇ ਨਾਲ ਥੋੜ੍ਹਾ-ਥੋੜ੍ਹਾ ਸਮਾਂ ਬਿਤਾਓਗੇ, ਤਾਂ ਤੁਹਾਡਾ ਇਕ-ਦੂਜੇ ਲਈ ਪਿਆਰ ਫਿਰ ਤੋਂ ਜਾਗ ਜਾਵੇਗਾ।
ਇਕ-ਦੂਜੇ ਦਾ ਆਦਰ ਕਰੋ
15. ਇਹ ਕਿਉਂ ਜ਼ਰੂਰੀ ਹੈ ਕਿ ਪਤੀ-ਪਤਨੀ ਇਕ-ਦੂਜੇ ਦਾ ਆਦਰ ਕਰਨ?
15 ਪਤੀ-ਪਤਨੀ ਨੂੰ ਇਕ-ਦੂਜੇ ਦਾ ਆਦਰ ਵੀ ਕਰਨਾ ਚਾਹੀਦਾ ਹੈ। ਇਹ ਆਕਸੀਜਨ ਦੀ ਤਰ੍ਹਾਂ ਹੈ ਜੋ ਅੱਗ ਨੂੰ ਬਾਲ਼ੀ ਰੱਖਦੀ ਹੈ। ਪਰ ਆਕਸੀਜਨ ਤੋਂ ਬਿਨਾਂ ਅੱਗ ਛੇਤੀ ਹੀ ਬੁੱਝ ਜਾਵੇਗੀ। ਇਸੇ ਤਰ੍ਹਾਂ ਜੇ ਪਤੀ-ਪਤਨੀ ਇਕ-ਦੂਜੇ ਦੀ ਇੱਜ਼ਤ ਨਾ ਕਰਨ, ਤਾਂ ਉਨ੍ਹਾਂ ਦਾ ਪਿਆਰ ਛੇਤੀ ਹੀ ਠੰਢਾ ਪੈ ਜਾਵੇਗਾ। ਦੂਜੇ ਪਾਸੇ, ਜੇ ਪਤੀ-ਪਤਨੀ ਇਕ-ਦੂਜੇ ਦਾ ਆਦਰ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ, ਤਾਂ ਉਨ੍ਹਾਂ ਦਾ ਪਿਆਰ ਬਣਿਆ ਰਹੇਗਾ। ਪਰ ਇਹ ਗੱਲ ਧਿਆਨ ਵਿਚ ਰੱਖੋ: ਸ਼ਾਇਦ ਤੁਹਾਨੂੰ ਲੱਗੇ ਕਿ ਤੁਸੀਂ ਆਪਣੇ ਸਾਥੀ ਦਾ ਆਦਰ ਕਰਦੇ ਹੋ, ਪਰ ਜ਼ਰੂਰੀ ਗੱਲ ਇਹ ਹੈ ਕਿ ਤੁਹਾਡੇ ਸਾਥੀ ਨੂੰ ਵੀ ਮਹਿਸੂਸ ਹੋਵੇ ਕਿ ਤੁਸੀਂ ਉਸ ਦਾ ਆਦਰ ਕਰਦੇ ਹੋ। ਪੈਨੀ ਅਤੇ ਐਰਟ ਦੇ ਵਿਆਹ ਨੂੰ 25 ਤੋਂ ਜ਼ਿਆਦਾ ਸਾਲ ਹੋ ਗਏ ਹਨ। ਪੈਨੀ ਦੱਸਦੀ ਹੈ: “ਇਕ-ਦੂਜੇ ਦੀ ਇੱਜ਼ਤ ਕਰਨ ਕਰ ਕੇ ਘਰ ਦਾ ਮਾਹੌਲ ਵਧੀਆ ਰਹਿੰਦਾ ਹੈ। ਅਸੀਂ ਇਕ-ਦੂਜੇ ਸਾਮ੍ਹਣੇ ਖੁੱਲ੍ਹ ਕੇ ਆਪਣੀਆਂ ਭਾਵਨਾਵਾਂ ਜ਼ਾਹਰ ਕਰ ਸਕਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਅਸੀਂ ਇਕ-ਦੂਜੇ ਦੀ ਰਾਇ ਦੀ ਕਦਰ ਕਰਦੇ ਹਾਂ।” ਤਾਂ ਫਿਰ ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੁਹਾਡੇ ਸਾਥੀ ਨੂੰ ਲੱਗੇ ਕਿ ਤੁਸੀਂ ਉਸ ਦਾ ਆਦਰ ਕਰਦੇ ਹੋ? ਆਓ ਆਪਾਂ ਅਬਰਾਹਾਮ ਤੇ ਸਾਰਾਹ ਦੀ ਮਿਸਾਲ ʼਤੇ ਗੌਰ ਕਰੀਏ।
16. ਪਤੀ ਅਬਰਾਹਾਮ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਨ? (1 ਪਤਰਸ 3:7) (ਤਸਵੀਰ ਵੀ ਦੇਖੋ।)
16 ਅਬਰਾਹਾਮ ਸਾਰਾਹ ਦਾ ਬਹੁਤ ਆਦਰ ਕਰਦਾ ਸੀ। ਉਹ ਹਮੇਸ਼ਾ ਉਸ ਦੀ ਰਾਇ ਜਾਣਨ ਦੀ ਕੋਸ਼ਿਸ਼ ਕਰਦਾ ਸੀ ਅਤੇ ਉਸ ਦੀਆਂ ਭਾਵਨਾਵਾਂ ਦਾ ਖ਼ਿਆਲ ਰੱਖਦਾ ਸੀ। ਇਕ ਵਾਰ ਸਾਰਾਹ ਬਹੁਤ ਪਰੇਸ਼ਾਨ ਸੀ ਅਤੇ ਉਸ ਨੇ ਆਪਣਾ ਸਾਰਾ ਗੁੱਸਾ ਅਬਰਾਹਾਮ ʼਤੇ ਕੱਢ ਦਿੱਤਾ, ਇੱਥੋਂ ਤਕ ਕਿ ਸਾਰਾਹ ਨੇ ਉਸ ʼਤੇ ਦੋਸ਼ ਵੀ ਲਾਏ। ਕੀ ਅਬਰਾਹਾਮ ਵੀ ਉਸ ʼਤੇ ਭੜਕ ਉੱਠਿਆ ਸੀ? ਬਿਲਕੁਲ ਨਹੀਂ। ਅਬਰਾਹਾਮ ਜਾਣਦਾ ਸੀ ਕਿ ਸਾਰਾਹ ਹਮੇਸ਼ਾ ਉਸ ਦੇ ਅਧੀਨ ਰਹਿੰਦੀ ਸੀ ਅਤੇ ਉਸ ਦਾ ਸਾਥ ਦਿੰਦੀ ਸੀ। ਇਸ ਲਈ ਉਸ ਨੇ ਧਿਆਨ ਨਾਲ ਉਸ ਦੀ ਗੱਲ ਸੁਣੀ ਅਤੇ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ। (ਉਤ. 16:5, 6) ਅਸੀਂ ਅਬਰਾਹਾਮ ਤੋਂ ਕੀ ਸਿੱਖ ਸਕਦੇ ਹਾਂ? ਪਤੀਓ, ਯਹੋਵਾਹ ਨੇ ਤੁਹਾਨੂੰ ਆਪਣੇ ਪਰਿਵਾਰ ਲਈ ਫ਼ੈਸਲੇ ਲੈਣ ਦਾ ਅਧਿਕਾਰ ਦਿੱਤਾ ਹੈ। (1 ਕੁਰਿੰ. 11:3) ਪਰ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਵਧੀਆ ਹੋਵੇਗਾ ਕਿ ਤੁਸੀਂ ਆਪਣੀ ਪਤਨੀ ਦੀ ਰਾਇ ਲਓ, ਖ਼ਾਸ ਕਰਕੇ ਉਦੋਂ ਜਦੋਂ ਫ਼ੈਸਲੇ ਦਾ ਅਸਰ ਉਸ ʼਤੇ ਵੀ ਪਵੇਗਾ। (1 ਕੁਰਿੰ. 13:4, 5) ਨਾਲੇ ਜਦੋਂ ਤੁਹਾਡੀ ਪਤਨੀ ਬਹੁਤ ਪਰੇਸ਼ਾਨ ਹੁੰਦੀ ਹੈ ਅਤੇ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸਦੀ ਹੈ, ਤਾਂ ਧਿਆਨ ਨਾਲ ਉਸ ਦੀ ਗੱਲ ਸੁਣੋ। ਇੱਦਾਂ ਤੁਸੀਂ ਦਿਖਾਓਗੇ ਕਿ ਤੁਸੀਂ ਉਸ ਦਾ ਆਦਰ ਕਰਦੇ ਹੋ। (1 ਪਤਰਸ 3:7 ਪੜ੍ਹੋ।) ਜ਼ਰਾ ਭਰਾ ਡਮਿਟਰੀ ਅਤੇ ਭੈਣ ਐਂਜਲਾ ਦੀ ਮਿਸਾਲ ʼਤੇ ਧਿਆਨ ਦਿਓ। ਉਨ੍ਹਾਂ ਦੇ ਵਿਆਹ ਨੂੰ ਲਗਭਗ 30 ਸਾਲ ਹੋ ਗਏ ਹਨ। ਭੈਣ ਦੱਸਦੀ ਹੈ ਕਿ ਉਸ ਦਾ ਪਤੀ ਕਿਵੇਂ ਦਿਖਾਉਂਦਾ ਹੈ ਕਿ ਉਹ ਉਸ ਦਾ ਆਦਰ ਕਰਦਾ ਹੈ। ਉਹ ਕਹਿੰਦੀ ਹੈ: “ਜਦੋਂ ਮੈਂ ਪਰੇਸ਼ਾਨ ਹੁੰਦੀ ਹਾਂ ਜਾਂ ਸਿਰਫ਼ ਗੱਲ ਕਰਨਾ ਚਾਹੁੰਦੀ ਹਾਂ, ਤਾਂ ਡਮਿਟਰੀ ਹਮੇਸ਼ਾ ਮੇਰੀ ਗੱਲ ਧਿਆਨ ਨਾਲ ਸੁਣਦੇ ਹਨ। ਕਈ ਵਾਰ ਜਦੋਂ ਮੈਂ ਭਾਵੁਕ ਹੋ ਜਾਂਦੀ ਹਾਂ, ਤਾਂ ਉਹ ਉਦੋਂ ਵੀ ਮੇਰੇ ਨਾਲ ਧੀਰਜ ਨਾਲ ਪੇਸ਼ ਆਉਂਦੇ ਹਨ।”
17. ਪਤਨੀਆਂ ਸਾਰਾਹ ਦੀ ਮਿਸਾਲ ਤੋਂ ਕੀ ਸਿੱਖ ਸਕਦੀਆਂ ਹਨ? (1 ਪਤਰਸ 3:5, 6)
17 ਸਾਰਾਹ ਨੇ ਅਬਰਾਹਾਮ ਦੇ ਫ਼ੈਸਲਿਆਂ ਦਾ ਸਾਥ ਦੇ ਕੇ ਉਸ ਲਈ ਆਦਰ ਦਿਖਾਇਆ। (ਉਤ. 12:5) ਇਕ ਵਾਰ ਜਦੋਂ ਅਚਾਨਕ ਕੁਝ ਮਹਿਮਾਨ ਆਏ, ਤਾਂ ਅਬਰਾਹਾਮ ਉਨ੍ਹਾਂ ਦੀ ਪਰਾਹੁਣਚਾਰੀ ਕਰਨੀ ਚਾਹੁੰਦਾ ਸੀ। ਇਸ ਲਈ ਉਸ ਨੇ ਸਾਰਾਹ ਨੂੰ ਕਿਹਾ ਕਿ ਉਹ ਜੋ ਕਰ ਰਹੀ ਹੈ, ਉਹ ਛੱਡ ਕੇ ਛੇਤੀ-ਛੇਤੀ ਖਾਣਾ ਤਿਆਰ ਕਰੇ। (ਉਤ. 18:6) ਸਾਰਾਹ ਨੇ ਝੱਟ ਉਸ ਦਾ ਕਹਿਣਾ ਮੰਨਿਆ ਅਤੇ ਉਸ ਦੇ ਫ਼ੈਸਲੇ ਵਿਚ ਉਸ ਦਾ ਸਾਥ ਦਿੱਤਾ। ਪਤਨੀਓ, ਤੁਸੀਂ ਵੀ ਆਪਣੇ ਪਤੀਆਂ ਦੇ ਫ਼ੈਸਲਿਆਂ ਦਾ ਸਾਥ ਦੇ ਕੇ ਸਾਰਾਹ ਦੀ ਰੀਸ ਕਰ ਸਕਦੀਆਂ ਹੋ। ਇੱਦਾਂ ਕਰ ਕੇ ਤੁਸੀਂ ਆਪਣੇ ਵਿਆਹੁਤਾ ਰਿਸ਼ਤੇ ਨੂੰ ਮਜ਼ਬੂਤ ਕਰਦੀਆਂ ਹੋ। (1 ਪਤਰਸ 3:5, 6 ਪੜ੍ਹੋ।) ਭਰਾ ਡਮਿਟਰੀ, ਜਿਸ ਦਾ ਜ਼ਿਕਰ ਪਿਛਲੇ ਪੈਰੇ ਵਿਚ ਕੀਤਾ ਗਿਆ ਸੀ, ਦੱਸਦਾ ਹੈ ਕਿ ਕਿਹੜੀ ਗੱਲੋਂ ਉਸ ਨੂੰ ਲੱਗਦਾ ਹੈ ਕਿ ਉਸ ਦੀ ਪਤਨੀ ਉਸ ਦਾ ਆਦਰ ਕਰਦੀ ਹੈ। ਉਹ ਕਹਿੰਦਾ ਹੈ: “ਮੈਨੂੰ ਐਂਜਲਾ ਦੀ ਇਹ ਗੱਲ ਬਹੁਤ ਵਧੀਆ ਲੱਗਦੀ ਹੈ ਕਿ ਉਹ ਹਮੇਸ਼ਾ ਮੇਰੇ ਫ਼ੈਸਲਿਆਂ ਵਿਚ ਮੇਰਾ ਸਾਥ ਦਿੰਦੀ ਹੈ, ਉਦੋਂ ਵੀ ਜਦੋਂ ਸਾਡੀ ਰਾਇ ਇਕ ਨਹੀਂ ਹੁੰਦੀ। ਨਾਲੇ ਜੇ ਮੇਰੇ ਕਿਸੇ ਫ਼ੈਸਲੇ ਦਾ ਨਤੀਜਾ ਵਧੀਆ ਨਹੀਂ ਨਿਕਲਦਾ, ਤਾਂ ਉਹ ਮੇਰੀ ਨੁਕਤਾਚੀਨੀ ਨਹੀਂ ਕਰਦੀ।” ਜਿਹੜਾ ਵਿਅਕਤੀ ਤੁਹਾਡਾ ਆਦਰ ਕਰਦਾ ਹੈ, ਉਸ ਨੂੰ ਪਿਆਰ ਕਰਨਾ ਕਿੰਨਾ ਸੌਖਾ ਹੁੰਦਾ ਹੈ!
18. ਆਪਣੇ ਪਿਆਰ ਨੂੰ ਬਰਕਰਾਰ ਰੱਖਣ ਕਰਕੇ ਵਿਆਹੇ ਜੋੜਿਆਂ ਨੂੰ ਕੀ ਫ਼ਾਇਦੇ ਹੋਣਗੇ?
18 ਸ਼ੈਤਾਨ ਮਸੀਹੀ ਜੋੜਿਆਂ ਵਿਚ ਪਿਆਰ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਚਾਹੁੰਦਾ ਹੈ। ਉਹ ਜਾਣਦਾ ਹੈ ਕਿ ਜੇ ਪਤੀ-ਪਤਨੀ ਦਾ ਇਕ-ਦੂਜੇ ਲਈ ਪਿਆਰ ਖ਼ਤਮ ਹੋ ਜਾਵੇ, ਤਾਂ ਉਹ ਯਹੋਵਾਹ ਤੋਂ ਵੀ ਦੂਰ ਹੋ ਸਕਦੇ ਹਨ। ਪਰ ਸੱਚਾ ਪਿਆਰ ਕਦੇ ਖ਼ਤਮ ਨਹੀਂ ਕੀਤਾ ਜਾ ਸਕਦਾ! ਇਸ ਲਈ ਸਾਡੀ ਦੁਆ ਹੈ ਕਿ ਤੁਹਾਡੇ ਵਿਚ ਅਜਿਹਾ ਪਿਆਰ ਬਰਕਰਾਰ ਰਹੇ ਜਿਸ ਬਾਰੇ ਸਰੇਸ਼ਟ ਗੀਤ ਵਿਚ ਦੱਸਿਆ ਹੈ। ਪੱਕਾ ਇਰਾਦਾ ਕਰੋ ਕਿ ਤੁਸੀਂ ਆਪਣੇ ਵਿਆਹੁਤਾ ਰਿਸ਼ਤੇ ਵਿਚ ਯਹੋਵਾਹ ਨੂੰ ਪਹਿਲੀ ਥਾਂ ਦਿਓਗੇ, ਇਕ-ਦੂਜੇ ਲਈ ਸਮਾਂ ਕੱਢੋਗੇ, ਇਕ-ਦੂਜੇ ਦੀਆਂ ਭਾਵਨਾਵਾਂ ਦਾ ਆਦਰ ਕਰੋਗੇ ਅਤੇ ਇਕ-ਦੂਜੇ ਦੀਆਂ ਲੋੜਾਂ ਦਾ ਖ਼ਿਆਲ ਰੱਖੋਗੇ। ਇੱਦਾਂ ਕਰ ਕੇ ਤੁਸੀਂ ਯਹੋਵਾਹ ਦੀ ਮਹਿਮਾ ਕਰੋਗੇ ਜੋ ਸੱਚੇ ਪਿਆਰ ਦਾ ਸੋਮਾ ਹੈ। ਨਾਲੇ ਤੁਹਾਡਾ ਪਿਆਰ ਹਮੇਸ਼ਾ-ਹਮੇਸ਼ਾ ਲਈ ਬਣਿਆ ਰਹੇਗਾ।
ਗੀਤ 132 ਹੁਣ ਅਸੀਂ ਇਕ ਹੋ ਗਏ
a ਵਿਆਹ ਦਾ ਬੰਧਨ ਯਹੋਵਾਹ ਵੱਲੋਂ ਇਨਸਾਨਾਂ ਨੂੰ ਮਿਲਿਆ ਇਕ ਬਹੁਤ ਵਧੀਆ ਤੋਹਫ਼ਾ ਹੈ। ਇਸ ਬੰਧਨ ਕਰਕੇ ਪਤੀ-ਪਤਨੀ ਇਕ ਦੂਜੇ ਲਈ ਸੱਚਾ ਪਿਆਰ ਜ਼ਾਹਰ ਕਰ ਪਾਉਂਦੇ ਹਨ। ਪਰ ਸਮੇਂ ਦੇ ਬੀਤਣ ਨਾਲ ਇਹ ਪਿਆਰ ਠੰਢਾ ਪੈ ਸਕਦਾ ਹੈ। ਜੇ ਤੁਸੀਂ ਵਿਆਹੇ ਹੋ, ਤਾਂ ਇਹ ਲੇਖ ਤੁਹਾਡੇ ਰਿਸ਼ਤੇ ਵਿਚ ਪਿਆਰ ਨੂੰ ਬਰਕਰਾਰ ਰੱਖਣ ਅਤੇ ਖ਼ੁਸ਼ ਰਹਿਣ ਵਿਚ ਤੁਹਾਡੀ ਮਦਦ ਕਰੇਗਾ।
b ਸੱਚਾ ਪਿਆਰ ਕਦੇ ਖ਼ਤਮ ਨਹੀਂ ਹੁੰਦਾ, ਸਗੋਂ ਹਮੇਸ਼ਾ ਰਹਿੰਦਾ ਹੈ। ਬਾਈਬਲ ਵਿਚ ਇਸ ਪਿਆਰ ਨੂੰ “ਯਾਹ ਦੀ ਲਾਟ” ਕਿਹਾ ਗਿਆ ਹੈ ਕਿਉਂਕਿ ਇਸ ਪਿਆਰ ਦੀ ਸ਼ੁਰੂਆਤ ਯਹੋਵਾਹ ਤੋਂ ਹੀ ਹੋਈ ਹੈ।
c ਜੇ ਤੁਹਾਡਾ ਸਾਥੀ ਯਹੋਵਾਹ ਦਾ ਗਵਾਹ ਨਹੀਂ ਹੈ, ਤਾਂ ਵੀ ਇਸ ਲੇਖ ਵਿਚ ਦਿੱਤੇ ਸੁਝਾਅ ਤੁਹਾਡੇ ਰਿਸ਼ਤੇ ਨੂੰ ਮਜ਼ਬੂਤ ਕਰਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ।—1 ਕੁਰਿੰ. 7:12-14; 1 ਪਤ. 3:1, 2.
d jw.org/pa ਅਤੇ JW ਲਾਇਬ੍ਰੇਰੀ ʼਤੇ “ਪਰਿਵਾਰ ਦੀ ਮਦਦ ਲਈ” ਲੜੀਵਾਰ ਲੇਖ ਦੇਖੋ। ਇਨ੍ਹਾਂ ਵਿਚ ਬਹੁਤ ਸਾਰੀਆਂ ਵਧੀਆ ਸਲਾਹਾਂ ਦਿੱਤੀਆਂ ਗਈਆਂ ਹਨ।
f ਕੁਝ ਨਾਂ ਬਦਲੇ ਗਏ ਹਨ।