ਲੂਕਾ
15 ਹੁਣ ਯਿਸੂ ਦੀਆਂ ਗੱਲਾਂ ਸੁਣਨ ਲਈ ਸਾਰੇ ਟੈਕਸ ਵਸੂਲ ਕਰਨ ਵਾਲੇ ਅਤੇ ਪਾਪੀ ਆ ਰਹੇ ਸਨ। 2 ਇਹ ਦੇਖ ਕੇ ਫ਼ਰੀਸੀ ਅਤੇ ਗ੍ਰੰਥੀ ਬੁੜਬੁੜਾਉਂਦੇ ਰਹੇ: “ਇਹ ਬੰਦਾ ਪਾਪੀਆਂ ਨਾਲ ਮਿਲਦਾ-ਗਿਲ਼ਦਾ ਤੇ ਖਾਂਦਾ-ਪੀਂਦਾ ਹੈ।” 3 ਇਸ ਕਰਕੇ, ਉਸ ਨੇ ਉਨ੍ਹਾਂ ਨੂੰ ਇਕ ਮਿਸਾਲ ਦਿੰਦੇ ਹੋਏ ਕਿਹਾ: 4 “ਜੇ ਤੁਹਾਡੇ ਵਿੱਚੋਂ ਕਿਸੇ ਕੋਲ ਸੌ ਭੇਡਾਂ ਹੋਣ ਅਤੇ ਉਨ੍ਹਾਂ ਵਿੱਚੋਂ ਇਕ ਗੁਆਚ ਜਾਵੇ, ਤਾਂ ਕੀ ਉਹ ਨੜ੍ਹਿੰਨਵੇਂ ਭੇਡਾਂ ਨੂੰ ਉਜਾੜ ਵਿਚ ਛੱਡ ਕੇ ਉਸ ਗੁਆਚੀ ਭੇਡ ਨੂੰ ਉਦੋਂ ਤਕ ਨਹੀਂ ਲੱਭਦਾ ਰਹੇਗਾ ਜਦੋਂ ਤਕ ਉਹ ਲੱਭ ਨਹੀਂ ਜਾਂਦੀ? 5 ਜਦੋਂ ਭੇਡ ਲੱਭ ਜਾਂਦੀ ਹੈ, ਤਾਂ ਉਹ ਉਸ ਨੂੰ ਖ਼ੁਸ਼ੀ-ਖ਼ੁਸ਼ੀ ਆਪਣੇ ਮੋਢਿਆਂ ʼਤੇ ਰੱਖ ਲੈਂਦਾ ਹੈ। 6 ਫਿਰ ਘਰ ਪਹੁੰਚ ਕੇ ਉਹ ਆਪਣੇ ਦੋਸਤਾਂ ਤੇ ਗੁਆਂਢੀਆਂ ਨੂੰ ਬੁਲਾ ਕੇ ਕਹਿੰਦਾ ਹੈ, ‘ਮੇਰੇ ਨਾਲ ਖ਼ੁਸ਼ੀਆਂ ਮਨਾਓ ਕਿਉਂਕਿ ਮੇਰੀ ਗੁਆਚੀ ਹੋਈ ਭੇਡ ਲੱਭ ਗਈ ਹੈ।’ 7 ਮੈਂ ਤੁਹਾਨੂੰ ਕਹਿੰਦਾ ਹਾਂ, ਸਵਰਗ ਵਿਚ ਜਿੰਨੀ ਖ਼ੁਸ਼ੀ ਇਕ ਪਾਪੀ ਦੇ ਤੋਬਾ ਕਰਨ ʼਤੇ ਮਨਾਈ ਜਾਂਦੀ ਹੈ, ਉੱਨੀ ਖ਼ੁਸ਼ੀ ਨੜ੍ਹਿੰਨਵੇਂ ਧਰਮੀਆਂ ਕਾਰਨ ਨਹੀਂ ਮਨਾਈ ਜਾਂਦੀ ਜਿਨ੍ਹਾਂ ਨੂੰ ਤੋਬਾ ਕਰਨ ਦੀ ਲੋੜ ਹੀ ਨਹੀਂ।
8 “ਜਾਂ ਜੇ ਕਿਸੇ ਤੀਵੀਂ ਕੋਲ ਚਾਂਦੀ ਦੇ ਦਸ ਸਿੱਕੇ* ਹੋਣ ਅਤੇ ਉਨ੍ਹਾਂ ਵਿੱਚੋਂ ਇਕ ਸਿੱਕਾ ਗੁਆਚ ਜਾਵੇ, ਤਾਂ ਕੀ ਉਹ ਦੀਵਾ ਬਾਲ਼ ਕੇ ਉਦੋਂ ਤਕ ਆਪਣੇ ਘਰ ਦਾ ਖੂੰਜਾ-ਖੂੰਜਾ ਨਹੀਂ ਹੂੰਝਦੀ ਰਹੇਗੀ ਜਦੋਂ ਤਕ ਸਿੱਕਾ ਲੱਭ ਨਹੀਂ ਜਾਂਦਾ? 9 ਅਤੇ ਸਿੱਕਾ ਲੱਭ ਜਾਣ ਤੇ ਉਹ ਆਪਣੀਆਂ ਸਹੇਲੀਆਂ ਅਤੇ ਗੁਆਂਢਣਾਂ ਨੂੰ ਇਕੱਠੀਆਂ ਕਰ ਕੇ ਕਹੇਗੀ, ‘ਮੇਰੇ ਨਾਲ ਖ਼ੁਸ਼ੀਆਂ ਮਨਾਓ ਕਿਉਂਕਿ ਮੇਰਾ ਚਾਂਦੀ ਦਾ ਗੁਆਚਿਆ ਸਿੱਕਾ ਲੱਭ ਗਿਆ ਹੈ।’ 10 ਮੈਂ ਤੁਹਾਨੂੰ ਕਹਿੰਦਾ ਹਾਂ, ਇਸੇ ਤਰ੍ਹਾਂ ਜਦੋਂ ਇਕ ਵੀ ਪਾਪੀ ਤੋਬਾ ਕਰਦਾ ਹੈ, ਤਾਂ ਪਰਮੇਸ਼ੁਰ ਦੇ ਦੂਤ ਖ਼ੁਸ਼ੀਆਂ ਮਨਾਉਂਦੇ ਹਨ।”
11 ਫਿਰ ਉਸ ਨੇ ਕਿਹਾ: “ਇਕ ਆਦਮੀ ਦੇ ਦੋ ਪੁੱਤਰ ਸਨ। 12 ਛੋਟੇ ਨੇ ਆ ਕੇ ਆਪਣੇ ਪਿਤਾ ਨੂੰ ਕਿਹਾ, ‘ਪਿਤਾ ਜੀ, ਜਾਇਦਾਦ ਵਿੱਚੋਂ ਮੈਨੂੰ ਮੇਰਾ ਹਿੱਸਾ ਦੇ ਦੇ।’ ਅਤੇ ਪਿਤਾ ਨੇ ਦੋਵਾਂ ਮੁੰਡਿਆਂ ਵਿਚ ਆਪਣੀ ਜਾਇਦਾਦ ਵੰਡ ਦਿੱਤੀ। 13 ਫਿਰ ਕੁਝ ਦਿਨਾਂ ਬਾਅਦ ਛੋਟਾ ਪੁੱਤਰ ਆਪਣਾ ਸਾਰਾ ਕੁਝ ਸਮੇਟ ਕੇ ਕਿਸੇ ਦੂਰ ਦੇਸ਼ ਰਹਿਣ ਚਲਾ ਗਿਆ ਅਤੇ ਉੱਥੇ ਉਸ ਨੇ ਅਯਾਸ਼ੀ ਵਿਚ ਆਪਣਾ ਸਾਰਾ ਪੈਸਾ ਉਡਾ ਦਿੱਤਾ। 14 ਜਦੋਂ ਉਹ ਕੰਗਾਲ ਹੋ ਗਿਆ, ਤਾਂ ਉਸ ਦੇਸ਼ ਵਿਚ ਡਾਢਾ ਕਾਲ਼ ਪੈ ਗਿਆ ਅਤੇ ਉਹ ਲੋਕਾਂ ਦਾ ਮੁਥਾਜ ਹੋ ਗਿਆ। 15 ਉਹ ਉਸ ਦੇਸ਼ ਵਿਚ ਕਿਸੇ ਬੰਦੇ ਦੇ ਘਰ ਮੱਲੋ-ਮੱਲੀ ਮਜ਼ਦੂਰੀ ਕਰਨ ਲੱਗ ਪਿਆ ਅਤੇ ਉਸ ਬੰਦੇ ਨੇ ਉਸ ਨੂੰ ਆਪਣੇ ਖੇਤਾਂ ਵਿਚ ਸੂਰ ਚਾਰਨ ਲਈ ਭੇਜਿਆ। 16 ਜੋ ਫਲੀਆਂ ਸੂਰ ਖਾ ਰਹੇ ਸਨ, ਉਹ ਵੀ ਖਾਣ ਲਈ ਤਰਸਦਾ ਸੀ।* ਪਰ ਕਿਸੇ ਨੇ ਉਸ ਨੂੰ ਖਾਣ ਲਈ ਕੁਝ ਨਹੀਂ ਦਿੱਤਾ।
17 “ਜਦੋਂ ਉਸ ਦੀ ਅਕਲ ਟਿਕਾਣੇ ਆਈ, ਤਾਂ ਉਸ ਨੇ ਆਪਣੇ ਆਪ ਨੂੰ ਕਿਹਾ, ‘ਮੇਰੇ ਪਿਤਾ ਦੇ ਇੰਨੇ ਸਾਰੇ ਮਜ਼ਦੂਰ ਰੱਜ ਕੇ ਰੋਟੀ ਖਾਂਦੇ ਹਨ, ਮੈਂ ਇੱਥੇ ਕਾਲ਼ ਕਰਕੇ ਭੁੱਖਾ ਮਰ ਰਿਹਾ ਹਾਂ! 18 ਮੈਂ ਆਪਣੇ ਪਿਤਾ ਕੋਲ ਜਾਵਾਂਗਾ ਅਤੇ ਉਸ ਨੂੰ ਕਹਾਂਗਾ: “ਪਿਤਾ ਜੀ, ਮੈਂ ਪਰਮੇਸ਼ੁਰ ਦੇ ਖ਼ਿਲਾਫ਼ ਅਤੇ ਤੇਰੇ ਖ਼ਿਲਾਫ਼ ਪਾਪ ਕੀਤਾ ਹੈ। 19 ਇਸ ਲਈ ਮੈਂ ਹੁਣ ਤੇਰਾ ਪੁੱਤਰ ਕਹਾਉਣ ਦੇ ਲਾਇਕ ਨਹੀਂ ਹਾਂ। ਇਸ ਲਈ, ਮੈਨੂੰ ਆਪਣੇ ਕੋਲ ਮਜ਼ਦੂਰੀ ʼਤੇ ਰੱਖ ਲੈ।”’ 20 ਇਸ ਲਈ, ਉਹ ਆਪਣੇ ਪਿਤਾ ਕੋਲ ਚਲਾ ਗਿਆ। ਜਦੋਂ ਅਜੇ ਉਹ ਦੂਰ ਹੀ ਸੀ, ਤਾਂ ਉਸ ਦੇ ਪਿਤਾ ਨੇ ਉਸ ਨੂੰ ਦੇਖ ਲਿਆ। ਪਿਤਾ ਨੂੰ ਉਸ ਦੀ ਹਾਲਤ ʼਤੇ ਬੜਾ ਤਰਸ ਆਇਆ ਅਤੇ ਭੱਜ ਕੇ ਉਸ ਨੂੰ ਗਲ਼ੇ ਲਾ ਲਿਆ ਅਤੇ ਉਸ ਦਾ ਮੂੰਹ-ਮੱਥਾ ਚੁੰਮਿਆ। 21 ਫਿਰ ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ, ‘ਪਿਤਾ ਜੀ, ਮੈਂ ਪਰਮੇਸ਼ੁਰ ਦੇ ਖ਼ਿਲਾਫ਼ ਅਤੇ ਤੇਰੇ ਖ਼ਿਲਾਫ਼ ਪਾਪ ਕੀਤਾ ਹੈ। ਇਸ ਲਈ ਮੈਂ ਹੁਣ ਤੇਰਾ ਪੁੱਤਰ ਕਹਾਉਣ ਦੇ ਲਾਇਕ ਨਹੀਂ ਹਾਂ। ਇਸ ਲਈ, ਮੈਨੂੰ ਵੀ ਆਪਣੇ ਕੋਲ ਮਜ਼ਦੂਰੀ ʼਤੇ ਰੱਖ ਲੈ।’ 22 ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ: ‘ਜਾਓ, ਫਟਾਫਟ ਸਭ ਤੋਂ ਵਧੀਆ ਚੋਗਾ ਲਿਆ ਕੇ ਇਸ ਦੇ ਪਾਓ ਅਤੇ ਇਸ ਦੇ ਅੰਗੂਠੀ ਪਾਓ ਅਤੇ ਪੈਰੀਂ ਜੁੱਤੀ ਪਾਓ। 23 ਤੇ ਇਕ ਪਲ਼ਿਆ ਹੋਇਆ ਵੱਛਾ ਵੱਢੋ ਅਤੇ ਆਓ ਆਪਾਂ ਸਾਰੇ ਖਾਈਏ-ਪੀਏ ਤੇ ਖ਼ੁਸ਼ੀਆਂ ਮਨਾਈਏ 24 ਕਿਉਂਕਿ ਮੇਰਾ ਇਹ ਪੁੱਤਰ ਮਰ ਗਿਆ ਸੀ, ਪਰ ਹੁਣ ਦੁਬਾਰਾ ਜੀਉਂਦਾ ਹੋ ਗਿਆ ਹੈ ਅਤੇ ਗੁਆਚ ਗਿਆ ਸੀ, ਪਰ ਹੁਣ ਲੱਭ ਗਿਆ ਹੈ।’ ਅਤੇ ਉਹ ਸਾਰੇ ਖ਼ੁਸ਼ੀਆਂ ਮਨਾਉਣ ਲੱਗ ਪਏ।
25 “ਉਸ ਵੇਲੇ ਉਸ ਦਾ ਵੱਡਾ ਪੁੱਤਰ ਖੇਤਾਂ ਵਿਚ ਸੀ। ਜਦੋਂ ਉਹ ਵਾਪਸ ਆਇਆ, ਤਾਂ ਘਰ ਦੇ ਨੇੜੇ ਪਹੁੰਚ ਕੇ ਉਸ ਨੇ ਗਾਉਣ-ਵਜਾਉਣ ਅਤੇ ਨੱਚਣ ਦੀ ਆਵਾਜ਼ ਸੁਣੀ। 26 ਉਸ ਨੇ ਇਕ ਨੌਕਰ ਨੂੰ ਆਪਣੇ ਕੋਲ ਬੁਲਾ ਕੇ ਪੁੱਛਿਆ ਕਿ ਇਹ ਸਭ ਕੀ ਹੋ ਰਿਹਾ ਸੀ। 27 ਨੌਕਰ ਨੇ ਉਸ ਨੂੰ ਦੱਸਿਆ, ‘ਤੇਰਾ ਭਰਾ ਤੇਰੇ ਪਿਤਾ ਕੋਲ ਸਹੀ-ਸਲਾਮਤ ਮੁੜ ਆਇਆ ਹੈ ਅਤੇ ਤੇਰੇ ਪਿਤਾ ਨੇ ਪਲ਼ਿਆ ਹੋਇਆ ਵੱਛਾ ਵੱਢਿਆ ਹੈ।’ 28 ਪਰ ਵੱਡੇ ਮੁੰਡੇ ਨੂੰ ਗੁੱਸਾ ਚੜ੍ਹ ਗਿਆ ਅਤੇ ਉਹ ਅੰਦਰ ਨਹੀਂ ਜਾਣਾ ਚਾਹੁੰਦਾ ਸੀ। ਫਿਰ ਉਸ ਦਾ ਪਿਤਾ ਬਾਹਰ ਆ ਕੇ ਉਸ ਦੀਆਂ ਮਿੰਨਤਾਂ ਕਰਨ ਲੱਗਾ। 29 ਉਸ ਨੇ ਆਪਣੇ ਪਿਤਾ ਨੂੰ ਕਿਹਾ, ‘ਮੈਂ ਇੰਨੇ ਸਾਲ ਤੇਰੀ ਗ਼ੁਲਾਮੀ ਕੀਤੀ ਅਤੇ ਤੇਰਾ ਕਿਹਾ ਕਦੀ ਨਹੀਂ ਮੋੜਿਆ, ਪਰ ਤੂੰ ਮੈਨੂੰ ਕਦੇ ਇਕ ਮੇਮਣਾ ਤਕ ਨਹੀਂ ਦਿੱਤਾ ਤਾਂਕਿ ਮੈਂ ਵੀ ਆਪਣੇ ਦੋਸਤਾਂ ਨਾਲ ਬੈਠ ਕੇ ਖ਼ੁਸ਼ੀਆਂ ਮਨਾਵਾਂ। 30 ਪਰ ਤੇਰੇ ਇਸ ਪੁੱਤ ਨੇ ਤੇਰਾ ਸਾਰਾ ਪੈਸਾ ਕੰਜਰੀਆਂ ʼਤੇ ਉਡਾ ਦਿੱਤਾ ਤੇ ਤੂੰ ਇਹ ਦੇ ਆਉਂਦਿਆਂ ਹੀ ਪਲ਼ਿਆ ਹੋਇਆ ਵੱਛਾ ਵੱਢਿਆ।’ 31 ਪਿਤਾ ਨੇ ਉਸ ਨੂੰ ਕਿਹਾ, ‘ਬੇਟਾ, ਤੂੰ ਹਮੇਸ਼ਾ ਮੇਰੇ ਨਾਲ ਰਿਹਾ ਅਤੇ ਮੇਰਾ ਸਾਰਾ ਕੁਝ ਤੇਰਾ ਹੀ ਤਾਂ ਹੈ, 32 ਪਰ ਹੁਣ ਸਾਨੂੰ ਖ਼ੁਸ਼ੀ ਮਨਾਉਣੀ ਚਾਹੀਦੀ ਹੈ ਕਿਉਂਕਿ ਤੇਰਾ ਭਰਾ ਮਰ ਗਿਆ ਸੀ, ਪਰ ਦੁਬਾਰਾ ਜੀਉਂਦਾ ਹੋ ਗਿਆ ਹੈ ਅਤੇ ਗੁਆਚ ਗਿਆ ਸੀ, ਪਰ ਹੁਣ ਲੱਭ ਗਿਆ ਹੈ।’”