ਹੋਸ਼ੇਆ
10 “ਇਜ਼ਰਾਈਲ ਅੰਗੂਰਾਂ ਦੀ ਇਕ ਨਿਕੰਮੀ* ਵੇਲ ਹੈ ਜੋ ਫਲ ਦਿੰਦੀ ਹੈ।+
ਉਸ ਦਾ ਫਲ ਜਿੰਨਾ ਜ਼ਿਆਦਾ ਵਧਦਾ ਹੈ, ਉਹ ਆਪਣੇ ਲਈ ਵੇਦੀਆਂ ਦੀ ਗਿਣਤੀ ਉੱਨੀ ਹੀ ਵਧਾਉਂਦਾ ਹੈ;+
ਉਸ ਦੇ ਦੇਸ਼ ਵਿਚ ਜਿੰਨੀ ਵਧੀਆ ਫ਼ਸਲ ਹੁੰਦੀ ਹੈ, ਉਸ ਦੇ ਪੂਜਾ-ਥੰਮ੍ਹ ਵੀ ਉੱਨੇ ਹੀ ਸ਼ਾਨਦਾਰ ਹੁੰਦੇ ਹਨ।+
ਇਕ ਹੈ ਜੋ ਉਨ੍ਹਾਂ ਦੀਆਂ ਵੇਦੀਆਂ ਅਤੇ ਥੰਮ੍ਹਾਂ ਨੂੰ ਤੋੜੇਗਾ।
3 ਉਹ ਕਹਿਣਗੇ, ‘ਸਾਡਾ ਕੋਈ ਰਾਜਾ ਨਹੀਂ ਹੈ+ ਕਿਉਂਕਿ ਅਸੀਂ ਯਹੋਵਾਹ ਦਾ ਡਰ ਨਹੀਂ ਰੱਖਿਆ।
ਰਾਜਾ ਸਾਡੇ ਲਈ ਕਰ ਵੀ ਕੀ ਸਕਦਾ ਸੀ?’
4 ਉਹ ਖੋਖਲੀਆਂ ਗੱਲਾਂ ਕਰਦੇ ਹਨ, ਝੂਠੀਆਂ ਸਹੁੰਆਂ ਖਾਂਦੇ ਹਨ+ ਅਤੇ ਇਕਰਾਰ ਕਰਦੇ ਹਨ;
ਇਸ ਲਈ ਜੋ ਵੀ ਨਿਆਂ ਹੁੰਦਾ ਹੈ, ਉਹ ਵਾਹੇ ਹੋਏ ਖੇਤ ਵਿਚ ਉੱਗੀਆਂ ਜ਼ਹਿਰੀਲੀਆਂ ਬੂਟੀਆਂ ਵਰਗਾ ਹੈ।+
5 ਸਾਮਰਿਯਾ ਦੇ ਵਾਸੀਆਂ ਨੂੰ ਬੈਤ-ਆਵਨ ਵਿਚ ਪਈ ਵੱਛੇ ਦੀ ਮੂਰਤੀ ਦਾ ਫ਼ਿਕਰ ਪੈ ਜਾਵੇਗਾ।+
ਇਸ ਦੇ ਲੋਕ ਅਤੇ ਝੂਠੇ ਦੇਵਤਿਆਂ ਦੇ ਪੁਜਾਰੀ,
ਜੋ ਪਹਿਲਾਂ ਮੂਰਤੀ ਅਤੇ ਇਸ ਦੀ ਸ਼ਾਨ ਕਰਕੇ ਖ਼ੁਸ਼ੀਆਂ ਮਨਾਉਂਦੇ ਸਨ,
ਹੁਣ ਇਸ ਲਈ ਸੋਗ ਮਨਾਉਣਗੇ ਕਿਉਂਕਿ ਇਸ ਨੂੰ ਬੰਦੀ ਬਣਾ ਕੇ ਉਨ੍ਹਾਂ ਤੋਂ ਦੂਰ ਲਿਜਾਇਆ ਜਾਵੇਗਾ।
6 ਇਸ ਨੂੰ ਅੱਸ਼ੂਰ ਲਿਆਇਆ ਜਾਵੇਗਾ ਅਤੇ ਮਹਾਨ ਰਾਜੇ ਨੂੰ ਤੋਹਫ਼ੇ ਵਜੋਂ ਦਿੱਤਾ ਜਾਵੇਗਾ।+
ਇਫ਼ਰਾਈਮ ਨੂੰ ਬੇਇੱਜ਼ਤ ਕੀਤਾ ਜਾਵੇਗਾ,
ਇਜ਼ਰਾਈਲ ਨੇ ਜੋ ਸਲਾਹ ਮੰਨੀ ਹੈ, ਉਸ ਕਰਕੇ ਉਹ ਸ਼ਰਮਿੰਦਾ ਹੋਵੇਗਾ।+
7 ਸਾਮਰਿਯਾ ਅਤੇ ਉਸ ਦੇ ਰਾਜੇ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇਗਾ,*+
ਉਹ ਇਕ ਟਾਹਣੀ ਵਰਗਾ ਹੋਵੇਗਾ ਜਿਸ ਨੂੰ ਤੋੜ ਕੇ ਪਾਣੀ ਵਿਚ ਸੁੱਟਿਆ ਗਿਆ ਹੈ।
8 ਬੈਤ-ਆਵਨ ਦੀਆਂ ਉੱਚੀਆਂ ਥਾਵਾਂ+ ਇਜ਼ਰਾਈਲ ਦੇ ਪਾਪ ਹਨ;+ ਉਨ੍ਹਾਂ ਨੂੰ ਢਹਿ-ਢੇਰੀ ਕਰ ਦਿੱਤਾ ਜਾਵੇਗਾ।+
ਉਨ੍ਹਾਂ ਦੀਆਂ ਵੇਦੀਆਂ ʼਤੇ ਕੰਡੇ ਅਤੇ ਕੰਡਿਆਲ਼ੀਆਂ ਝਾੜੀਆਂ ਉੱਗਣਗੀਆਂ।+
ਲੋਕ ਪਹਾੜਾਂ ਨੂੰ ਕਹਿਣਗੇ, ‘ਸਾਨੂੰ ਢਕ ਲਓ!’
ਅਤੇ ਪਹਾੜੀਆਂ ਨੂੰ ਕਹਿਣਗੇ, ‘ਸਾਡੇ ਉੱਤੇ ਡਿਗ ਕੇ ਸਾਨੂੰ ਲੁਕਾ ਲਓ!’+
9 ਹੇ ਇਜ਼ਰਾਈਲ, ਤੂੰ ਗਿਬਆਹ ਦੇ ਦਿਨਾਂ ਤੋਂ ਪਾਪ ਕਰਨ ਵਿਚ ਲੱਗਾ ਹੋਇਆ ਹੈਂ।+
ਉੱਥੇ ਉਹ ਪਾਪ ਕਰਨ ਵਿਚ ਲੱਗੇ ਰਹੇ।
ਗਿਬਆਹ ਵਿਚ ਹੋਈ ਲੜਾਈ ਵਿਚ ਦੁਸ਼ਟ ਲੋਕਾਂ ਦਾ ਸਫ਼ਾਇਆ ਨਹੀਂ ਹੋਇਆ।
10 ਮੈਂ ਜਦ ਚਾਹਾਂ, ਉਨ੍ਹਾਂ ਨੂੰ ਸਜ਼ਾ ਦਿਆਂਗਾ।
ਜਦੋਂ ਉਨ੍ਹਾਂ ਦੀਆਂ ਦੋ ਗ਼ਲਤੀਆਂ ਦਾ ਜੂਲਾ ਉਨ੍ਹਾਂ ਦੀਆਂ ਧੌਣਾਂ ʼਤੇ ਰੱਖਿਆ ਜਾਵੇਗਾ,
ਤਾਂ ਕੌਮਾਂ ਉਨ੍ਹਾਂ ਦੇ ਖ਼ਿਲਾਫ਼ ਇਕੱਠੀਆਂ ਹੋਣਗੀਆਂ।
11 ਇਫ਼ਰਾਈਮ ਇਕ ਸਿਖਾਈ ਹੋਈ ਗਾਂ ਸੀ ਜਿਸ ਨੂੰ ਗਹਾਈ ਕਰਨੀ ਬਹੁਤ ਪਸੰਦ ਸੀ,
ਇਸ ਲਈ ਮੈਂ ਉਸ ਦੀ ਸੋਹਣੀ ਧੌਣ ਨੂੰ ਬਖ਼ਸ਼ ਦਿੱਤਾ।
ਪਰ ਹੁਣ ਮੈਂ ਇਫ਼ਰਾਈਮ ਦੀ ਪਿੱਠ ਉੱਤੇ ਕਿਸੇ ਨੂੰ ਬਿਠਾਵਾਂਗਾ।*+
ਯਹੂਦਾਹ ਹਲ਼ ਵਾਹੇਗਾ; ਯਾਕੂਬ ਉਸ ਲਈ ਸੁਹਾਗਾ ਫੇਰੇਗਾ।
12 ਜਦ ਤਕ ਯਹੋਵਾਹ ਦੀ ਭਾਲ ਕਰਨ ਦਾ ਸਮਾਂ ਹੈ+
ਅਤੇ ਉਹ ਆ ਕੇ ਤੈਨੂੰ ਧਰਮੀ ਅਸੂਲਾਂ ਦੀ ਸਿੱਖਿਆ ਨਹੀਂ ਦੇ ਦਿੰਦਾ,+
ਤਦ ਤਕ ਵਾਹੀਯੋਗ ਜ਼ਮੀਨ ਉੱਤੇ ਹਲ਼ ਚਲਾ।+
ਆਪਣੇ ਲਈ ਧਾਰਮਿਕਤਾ* ਦੇ ਬੀ ਬੀਜ ਅਤੇ ਅਟੱਲ ਪਿਆਰ ਦੀ ਫ਼ਸਲ ਵੱਢ।
13 ਪਰ ਤੂੰ ਦੁਸ਼ਟਤਾ ਦੀ ਖੇਤੀ ਕੀਤੀ ਹੈ,
ਤੂੰ ਬੁਰਾਈ ਦੀ ਫ਼ਸਲ ਵੱਢੀ ਹੈ+
ਅਤੇ ਤੂੰ ਧੋਖੇਬਾਜ਼ੀ ਦਾ ਫਲ ਖਾਧਾ ਹੈ
ਕਿਉਂਕਿ ਤੈਨੂੰ ਆਪਣੇ ਰਾਹ ਉੱਤੇ,
ਆਪਣੇ ਬਹੁਤ ਸਾਰੇ ਯੋਧਿਆਂ ਉੱਤੇ ਭਰੋਸਾ ਹੈ।
14 ਤੇਰੇ ਲੋਕਾਂ ਦੇ ਖ਼ਿਲਾਫ਼ ਰੌਲ਼ੇ ਦੀ ਆਵਾਜ਼ ਸੁਣਾਈ ਦੇਵੇਗੀ
ਅਤੇ ਤੇਰੇ ਸਾਰੇ ਕਿਲੇਬੰਦ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ,+
ਜਿਵੇਂ ਸ਼ਲਮਨ ਨੇ ਅਰਬੇਲ ਦੇ ਘਰ ਨੂੰ ਤਬਾਹ ਕੀਤਾ ਸੀ,
ਜਦੋਂ ਯੁੱਧ ਦੇ ਦਿਨ ਮਾਵਾਂ ਨੂੰ ਬੱਚਿਆਂ ਸਣੇ ਪਟਕਾ-ਪਟਕਾ ਕੇ ਮਾਰਿਆ ਗਿਆ ਸੀ।
15 ਹੇ ਬੈਤੇਲ, ਡਾਢੀ ਬੁਰਾਈ ਕਰਨ ਕਰਕੇ ਤੇਰੇ ਨਾਲ ਇਸੇ ਤਰ੍ਹਾਂ ਕੀਤਾ ਜਾਵੇਗਾ।+
ਸਵੇਰਾ ਹੋਣ ਤੇ ਇਜ਼ਰਾਈਲ ਦੇ ਰਾਜੇ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇਗਾ।”*+