ਕੁਰਿੰਥੀਆਂ ਨੂੰ ਪਹਿਲੀ ਚਿੱਠੀ
3 ਇਸ ਲਈ ਭਰਾਵੋ, ਮੈਂ ਤੁਹਾਡੇ ਨਾਲ ਉੱਦਾਂ ਗੱਲ ਨਹੀਂ ਕਰ ਸਕਿਆ ਜਿਵੇਂ ਪਰਮੇਸ਼ੁਰ ਦੀ ਸ਼ਕਤੀ ਦੀ ਅਗਵਾਈ ਵਿਚ ਚੱਲਣ ਵਾਲੇ ਇਨਸਾਨਾਂ ਨਾਲ ਕੀਤੀ ਜਾਂਦੀ ਹੈ,+ ਸਗੋਂ ਮੈਂ ਉੱਦਾਂ ਗੱਲ ਕੀਤੀ ਜਿਵੇਂ ਆਪਣੀਆਂ ਇੱਛਾਵਾਂ ਮੁਤਾਬਕ ਚੱਲਣ ਵਾਲੇ ਇਨਸਾਨਾਂ ਨਾਲ ਕੀਤੀ ਜਾਂਦੀ ਹੈ। ਤੁਸੀਂ ਤਾਂ ਮਸੀਹ ਦੇ ਰਾਹ ਉੱਤੇ ਨਿਆਣਿਆਂ+ ਵਾਂਗ ਚੱਲਦੇ ਹੋ। 2 ਮੈਂ ਤੁਹਾਨੂੰ ਪੀਣ ਲਈ ਦੁੱਧ ਦਿੱਤਾ ਸੀ, ਨਾ ਕਿ ਰੋਟੀ ਕਿਉਂਕਿ ਤੁਸੀਂ ਰੋਟੀ ਨੂੰ ਹਜ਼ਮ ਕਰਨ ਦੇ ਕਾਬਲ ਨਹੀਂ ਸੀ। ਅਸਲ ਵਿਚ, ਤੁਸੀਂ ਅਜੇ ਵੀ ਇਸ ਕਾਬਲ ਨਹੀਂ ਹੋ+ 3 ਕਿਉਂਕਿ ਤੁਸੀਂ ਹਾਲੇ ਵੀ ਆਪਣੀਆਂ ਇੱਛਾਵਾਂ ਮੁਤਾਬਕ ਚੱਲਦੇ ਹੋ।+ ਜਦ ਤੁਸੀਂ ਇਕ-ਦੂਜੇ ਨਾਲ ਈਰਖਾ ਅਤੇ ਝਗੜੇ ਕਰਦੇ ਹੋ, ਤਾਂ ਕੀ ਇਸ ਤੋਂ ਪਤਾ ਨਹੀਂ ਲੱਗਦਾ ਕਿ ਤੁਸੀਂ ਆਪਣੀਆਂ ਇੱਛਾਵਾਂ ਮੁਤਾਬਕ+ ਅਤੇ ਦੁਨੀਆਂ ਦੇ ਲੋਕਾਂ ਵਾਂਗ ਚੱਲਦੇ ਹੋ? 4 ਜਦੋਂ ਕੋਈ ਕਹਿੰਦਾ ਹੈ: “ਮੈਂ ਪੌਲੁਸ ਦਾ ਚੇਲਾ ਹਾਂ,” ਪਰ ਕੋਈ ਹੋਰ ਕਹਿੰਦਾ ਹੈ: “ਮੈਂ ਤਾਂ ਅਪੁੱਲੋਸ+ ਦਾ ਚੇਲਾ ਹਾਂ,” ਤਾਂ ਕੀ ਤੁਸੀਂ ਦੁਨੀਆਂ ਦੇ ਲੋਕਾਂ ਵਾਂਗ ਨਹੀਂ ਚੱਲ ਰਹੇ?
5 ਤਾਂ ਫਿਰ, ਅਪੁੱਲੋਸ ਕੌਣ ਹੈ? ਨਾਲੇ ਪੌਲੁਸ ਕੌਣ ਹੈ? ਇਹ ਸਿਰਫ਼ ਸੇਵਕ ਹਨ+ ਜਿਹੜੇ ਪ੍ਰਭੂ ਦੁਆਰਾ ਦਿੱਤਾ ਹੋਇਆ ਕੰਮ ਕਰਦੇ ਹਨ ਅਤੇ ਜਿਨ੍ਹਾਂ ਦੇ ਰਾਹੀਂ ਤੁਸੀਂ ਨਿਹਚਾ ਕਰਨੀ ਸ਼ੁਰੂ ਕੀਤੀ ਸੀ। 6 ਮੈਂ ਬੀ ਬੀਜਿਆ,+ ਅਪੁੱਲੋਸ ਨੇ ਪਾਣੀ ਦਿੱਤਾ,+ ਪਰ ਪਰਮੇਸ਼ੁਰ ਉਸ ਨੂੰ ਵਧਾਉਂਦਾ ਰਿਹਾ, 7 ਇਸ ਲਈ ਨਾ ਤਾਂ ਬੀ ਬੀਜਣ ਵਾਲਾ ਕੁਝ ਹੈ ਅਤੇ ਨਾ ਹੀ ਪਾਣੀ ਦੇਣ ਵਾਲਾ, ਸਗੋਂ ਪਰਮੇਸ਼ੁਰ ਦੀ ਹੀ ਵਡਿਆਈ ਕੀਤੀ ਜਾਣੀ ਚਾਹੀਦੀ ਹੈ ਜਿਹੜਾ ਬੀ ਨੂੰ ਵਧਾਉਂਦਾ ਹੈ।+ 8 ਬੀ ਬੀਜਣ ਵਾਲਾ ਅਤੇ ਇਸ ਨੂੰ ਪਾਣੀ ਦੇਣ ਵਾਲਾ ਮਿਲ ਕੇ* ਕੰਮ ਕਰਦੇ ਹਨ, ਪਰ ਹਰੇਕ ਨੂੰ ਆਪੋ-ਆਪਣੀ ਮਿਹਨਤ ਦਾ ਫਲ ਮਿਲੇਗਾ+ 9 ਕਿਉਂਕਿ ਅਸੀਂ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਦੇ ਹਾਂ। ਤੁਸੀਂ ਹੀ ਪਰਮੇਸ਼ੁਰ ਦਾ ਖੇਤ ਹੋ ਜਿਸ ਵਿਚ ਉਹ ਖੇਤੀ ਕਰ ਰਿਹਾ ਹੈ ਅਤੇ ਤੁਸੀਂ ਪਰਮੇਸ਼ੁਰ ਦੀ ਇਮਾਰਤ ਹੋ।+
10 ਪਰਮੇਸ਼ੁਰ ਨੇ ਮੇਰੇ ਉੱਤੇ ਜੋ ਅਪਾਰ ਕਿਰਪਾ ਕੀਤੀ ਹੈ, ਉਸ ਕਰਕੇ ਮੈਂ ਇਕ ਮਾਹਰ ਰਾਜ ਮਿਸਤਰੀ ਵਾਂਗ ਨੀਂਹ ਰੱਖੀ ਸੀ,+ ਪਰ ਕੋਈ ਹੋਰ ਉਸ ਨੀਂਹ ਉੱਤੇ ਉਸਾਰੀ ਕਰ ਰਿਹਾ ਹੈ। ਹਰੇਕ ਜਣਾ ਧਿਆਨ ਰੱਖੇ ਕਿ ਉਹ ਇਸ ਉੱਤੇ ਕਿਵੇਂ ਉਸਾਰੀ ਕਰਦਾ ਹੈ। 11 ਜਿਹੜੀ ਨੀਂਹ ਰੱਖੀ ਜਾ ਚੁੱਕੀ ਹੈ, ਉਸ ਦੀ ਜਗ੍ਹਾ ਕੋਈ ਹੋਰ ਨੀਂਹ ਨਹੀਂ ਰੱਖੀ ਜਾ ਸਕਦੀ। ਇਹ ਨੀਂਹ ਯਿਸੂ ਮਸੀਹ ਹੈ।+ 12 ਕੋਈ ਇਸ ਨੀਂਹ ਉੱਤੇ ਸੋਨੇ, ਚਾਂਦੀ ਅਤੇ ਕੀਮਤੀ ਪੱਥਰਾਂ ਨਾਲ ਉਸਾਰੀ ਕਰਦਾ ਹੈ ਅਤੇ ਕੋਈ ਲੱਕੜ, ਘਾਹ ਅਤੇ ਪਰਾਲੀ ਨਾਲ ਉਸਾਰੀ ਕਰਦਾ ਹੈ। 13 ਪਰ ਪਰੀਖਿਆ ਦੇ ਸਮੇਂ ਹਰੇਕ ਦਾ ਕੰਮ ਸਾਮ੍ਹਣੇ ਆ ਜਾਵੇਗਾ ਕਿਉਂਕਿ ਅੱਗ ਸਭ ਕੁਝ ਜ਼ਾਹਰ ਕਰ ਦੇਵੇਗੀ+ ਅਤੇ ਸਾਬਤ ਕਰ ਦੇਵੇਗੀ ਕਿ ਹਰੇਕ ਦਾ ਕੰਮ ਕਿਹੋ ਜਿਹਾ ਹੈ। 14 ਜੇ ਕਿਸੇ ਦੀ ਇਸ ਨੀਂਹ ਉੱਤੇ ਉਸਾਰੀ ਇਮਾਰਤ ਅੱਗ ਵਿਚ ਨਹੀਂ ਸੜਦੀ, ਤਾਂ ਉਸ ਨੂੰ ਇਨਾਮ ਮਿਲੇਗਾ। 15 ਜੇ ਕਿਸੇ ਦੀ ਇਮਾਰਤ ਸੜ ਜਾਂਦੀ ਹੈ, ਤਾਂ ਉਸ ਨੂੰ ਨੁਕਸਾਨ ਸਹਿਣਾ ਪਵੇਗਾ, ਪਰ ਉਹ ਆਪ ਬਚ ਜਾਵੇਗਾ। ਉਸ ਦੀ ਹਾਲਤ ਉਸ ਇਨਸਾਨ ਵਰਗੀ ਹੋਵੇਗੀ ਜਿਹੜਾ ਅੱਗ ਵਿਚ ਸੜਨ ਤੋਂ ਬਚ ਗਿਆ ਹੋਵੇ।
16 ਕੀ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ੁਰ ਦਾ ਮੰਦਰ ਹੋ+ ਅਤੇ ਤੁਹਾਡੇ ਵਿਚ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਵੱਸਦੀ ਹੈ?+ 17 ਜੇ ਕੋਈ ਪਰਮੇਸ਼ੁਰ ਦੇ ਮੰਦਰ ਨੂੰ ਤਬਾਹ ਕਰਦਾ ਹੈ, ਤਾਂ ਪਰਮੇਸ਼ੁਰ ਉਸ ਨੂੰ ਖ਼ਤਮ ਕਰ ਦੇਵੇਗਾ ਕਿਉਂਕਿ ਪਰਮੇਸ਼ੁਰ ਦਾ ਮੰਦਰ ਪਵਿੱਤਰ ਹੈ ਅਤੇ ਇਹ ਮੰਦਰ ਤੁਸੀਂ ਹੋ।+
18 ਕੋਈ ਵੀ ਆਪਣੇ ਆਪ ਨੂੰ ਧੋਖਾ ਨਾ ਦੇਵੇ: ਜੇ ਤੁਹਾਡੇ ਵਿੱਚੋਂ ਕੋਈ ਇਹ ਸੋਚਦਾ ਹੈ ਕਿ ਉਹ ਦੁਨੀਆਂ* ਦੀਆਂ ਨਜ਼ਰਾਂ ਵਿਚ ਬੁੱਧੀਮਾਨ ਹੈ, ਤਾਂ ਉਹ ਮੂਰਖ ਬਣੇ ਤਾਂਕਿ ਉਹ ਸੱਚ-ਮੁੱਚ ਬੁੱਧੀਮਾਨ ਬਣ ਜਾਵੇ। 19 ਇਸ ਦੁਨੀਆਂ ਦੀ ਬੁੱਧ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਮੂਰਖਤਾ ਹੈ ਕਿਉਂਕਿ ਧਰਮ-ਗ੍ਰੰਥ ਵਿਚ ਲਿਖਿਆ ਹੈ: “ਉਹ ਬੁੱਧੀਮਾਨਾਂ ਨੂੰ ਉਨ੍ਹਾਂ ਦੀ ਆਪਣੀ ਹੀ ਚਤਰਾਈ ਵਿਚ ਫਸਾਉਂਦਾ ਹੈ।”+ 20 ਇਹ ਵੀ ਲਿਖਿਆ ਹੈ: “ਯਹੋਵਾਹ* ਜਾਣਦਾ ਹੈ ਕਿ ਬੁੱਧੀਮਾਨਾਂ ਦੀਆਂ ਦਲੀਲਾਂ ਵਿਅਰਥ ਹਨ।”+ 21 ਇਸ ਲਈ ਕੋਈ ਵੀ ਇਨਸਾਨਾਂ ਬਾਰੇ ਸ਼ੇਖ਼ੀ ਨਾ ਮਾਰੇ ਕਿਉਂਕਿ ਸਭ ਕੁਝ ਤੁਹਾਡਾ ਹੀ ਹੈ, 22 ਚਾਹੇ ਉਹ ਪੌਲੁਸ ਹੋਵੇ ਜਾਂ ਅਪੁੱਲੋਸ ਜਾਂ ਕੇਫ਼ਾਸ*+ ਜਾਂ ਦੁਨੀਆਂ ਜਾਂ ਜ਼ਿੰਦਗੀ ਜਾਂ ਮੌਤ ਜਾਂ ਮੌਜੂਦਾ ਸਮੇਂ ਦੀਆਂ ਚੀਜ਼ਾਂ ਜਾਂ ਆਉਣ ਵਾਲੇ ਸਮੇਂ ਦੀਆਂ ਚੀਜ਼ਾਂ। ਸਭ ਕੁਝ ਤੁਹਾਡਾ ਹੀ ਹੈ 23 ਅਤੇ ਤੁਸੀਂ ਮਸੀਹ ਦੇ ਹੋ+ ਅਤੇ ਮਸੀਹ ਪਰਮੇਸ਼ੁਰ ਦਾ ਹੈ।