ਰੂਥ
1 ਇਹ ਉਸ ਸਮੇਂ ਦੀ ਗੱਲ ਹੈ ਜਦੋਂ ਇਜ਼ਰਾਈਲ ਵਿਚ ਨਿਆਂਕਾਰ+ ਨਿਆਂ ਕਰਦੇ ਸਨ।* ਉਦੋਂ ਦੇਸ਼ ਵਿਚ ਕਾਲ਼ ਪੈ ਗਿਆ। ਉਸ ਸਮੇਂ ਇਕ ਆਦਮੀ ਯਹੂਦਾਹ ਦੇ ਬੈਤਲਹਮ+ ਤੋਂ ਮੋਆਬ ਦੇਸ਼*+ ਵਿਚ ਪਰਦੇਸੀ ਵਜੋਂ ਰਹਿਣ ਚਲਾ ਗਿਆ। ਉਹ ਆਪਣੀ ਪਤਨੀ ਅਤੇ ਆਪਣੇ ਦੋਹਾਂ ਪੁੱਤਰਾਂ ਨੂੰ ਆਪਣੇ ਨਾਲ ਲੈ ਗਿਆ। 2 ਉਸ ਦਾ ਨਾਂ ਅਲੀਮਲਕ* ਸੀ, ਉਸ ਦੀ ਪਤਨੀ ਦਾ ਨਾਂ ਨਾਓਮੀ* ਅਤੇ ਉਸ ਦੇ ਪੁੱਤਰਾਂ ਦੇ ਨਾਂ ਮਹਿਲੋਨ* ਅਤੇ ਕਿਲਓਨ* ਸਨ। ਉਹ ਯਹੂਦਾਹ ਦੇ ਅਫਰਾਥਾਹ ਯਾਨੀ ਬੈਤਲਹਮ ਸ਼ਹਿਰ ਦੇ ਰਹਿਣ ਵਾਲੇ ਸਨ। ਉਹ ਮੋਆਬ ਦੇਸ਼ ਵਿਚ ਜਾ ਕੇ ਰਹਿਣ ਲੱਗ ਪਏ।
3 ਕੁਝ ਸਮੇਂ ਬਾਅਦ ਨਾਓਮੀ ਦੇ ਪਤੀ ਦੀ ਮੌਤ ਹੋ ਗਈ ਅਤੇ ਹੁਣ ਪਰਿਵਾਰ ਵਿਚ ਨਾਓਮੀ ਤੇ ਉਸ ਦੇ ਦੋ ਪੁੱਤਰ ਰਹਿ ਗਏ। 4 ਬਾਅਦ ਵਿਚ ਉਸ ਦੇ ਪੁੱਤਰਾਂ ਨੇ ਮੋਆਬੀ ਕੁੜੀਆਂ ਨਾਲ ਵਿਆਹ ਕਰਾ ਲਏ; ਇਕ ਦਾ ਨਾਂ ਆਰਪਾਹ ਤੇ ਦੂਜੀ ਦਾ ਨਾਂ ਰੂਥ+ ਸੀ। ਉਹ ਮੋਆਬ ਵਿਚ ਲਗਭਗ ਦਸ ਸਾਲ ਰਹੇ। 5 ਫਿਰ ਉਸ ਦੇ ਦੋਵੇਂ ਪੁੱਤਰਾਂ ਮਹਿਲੋਨ ਅਤੇ ਕਿਲਓਨ ਦੀ ਵੀ ਮੌਤ ਹੋ ਗਈ। ਇਸ ਤਰ੍ਹਾਂ ਨਾਓਮੀ ਦਾ ਨਾ ਪਤੀ ਰਿਹਾ ਅਤੇ ਨਾ ਪੁੱਤਰ। 6 ਫਿਰ ਉਸ ਨੇ ਮੋਆਬ ਵਿਚ ਸੁਣਿਆ ਕਿ ਯਹੋਵਾਹ ਨੇ ਆਪਣੇ ਲੋਕਾਂ ਵੱਲ ਧਿਆਨ ਦਿੱਤਾ ਸੀ ਅਤੇ ਉਨ੍ਹਾਂ ਨੂੰ ਰੋਟੀ ਦਿੱਤੀ ਸੀ, ਇਸ ਲਈ ਉਹ ਆਪਣੀਆਂ ਨੂੰਹਾਂ ਨਾਲ ਮੋਆਬ ਦੇਸ਼ ਤੋਂ ਤੁਰ ਪਈ।
7 ਉਹ ਆਪਣੀਆਂ ਨੂੰਹਾਂ ਨਾਲ ਆਪਣੀ ਰਹਿਣ ਦੀ ਜਗ੍ਹਾ ਤੋਂ ਤੁਰ ਪਈ। ਯਹੂਦਾਹ ਦੇਸ਼ ਨੂੰ ਵਾਪਸ ਜਾਂਦਿਆਂ ਰਾਹ ਵਿਚ 8 ਨਾਓਮੀ ਨੇ ਆਪਣੀਆਂ ਨੂੰਹਾਂ ਨੂੰ ਕਿਹਾ: “ਤੁਸੀਂ ਦੋਵੇਂ ਆਪੋ-ਆਪਣੀਆਂ ਮਾਵਾਂ ਦੇ ਘਰ ਮੁੜ ਜਾਓ। ਜਿਵੇਂ ਤੁਸੀਂ ਆਪਣੇ ਮਰ ਚੁੱਕੇ ਪਤੀਆਂ ਨਾਲ ਅਤੇ ਮੇਰੇ ਨਾਲ ਅਟੱਲ ਪਿਆਰ ਕੀਤਾ, ਉਸੇ ਤਰ੍ਹਾਂ ਯਹੋਵਾਹ ਤੁਹਾਡੇ ਨਾਲ ਅਟੱਲ ਪਿਆਰ ਕਰੇ।+ 9 ਯਹੋਵਾਹ ਤੁਹਾਡੇ ਦੋਹਾਂ ਦੇ ਘਰ ਦੁਬਾਰਾ ਵਸਾਏ ਤੇ ਤੁਹਾਨੂੰ ਆਪਣੇ ਪਤੀਆਂ ਦੇ ਘਰ ਸੁੱਖ ਬਖ਼ਸ਼ੇ।”+ ਫਿਰ ਉਸ ਨੇ ਉਨ੍ਹਾਂ ਨੂੰ ਚੁੰਮਿਆ ਅਤੇ ਉਹ ਉੱਚੀ-ਉੱਚੀ ਰੋਈਆਂ। 10 ਉਹ ਨਾਓਮੀ ਨੂੰ ਵਾਰ-ਵਾਰ ਕਹਿੰਦੀਆਂ ਰਹੀਆਂ: “ਅਸੀਂ ਵਾਪਸ ਨਹੀਂ ਜਾਣਾ, ਸਗੋਂ ਤੇਰੇ ਨਾਲ ਤੇਰੇ ਲੋਕਾਂ ਕੋਲ ਜਾਣਾ।” 11 ਪਰ ਨਾਓਮੀ ਨੇ ਕਿਹਾ: “ਧੀਓ, ਵਾਪਸ ਮੁੜ ਜਾਓ। ਤੁਸੀਂ ਮੇਰੇ ਨਾਲ ਕਿਉਂ ਜਾਣਾ ਚਾਹੁੰਦੀਆਂ ਹੋ? ਤੁਹਾਨੂੰ ਕੀ ਲੱਗਦਾ ਕਿ ਮੈਂ ਅਜੇ ਵੀ ਮੁੰਡੇ ਪੈਦਾ ਕਰ ਸਕਦੀ ਹਾਂ ਜੋ ਤੁਹਾਡੇ ਪਤੀ ਬਣਨ?+ 12 ਧੀਓ, ਵਾਪਸ ਮੁੜ ਜਾਓ। ਹੁਣ ਇਸ ਉਮਰੇ ਕਿੱਥੇ ਮੇਰਾ ਵਿਆਹ ਹੋਣਾ! ਭਲਾ ਜੇ ਅੱਜ ਰਾਤ ਮੇਰਾ ਵਿਆਹ ਹੋ ਵੀ ਜਾਵੇ ਤੇ ਮੈਂ ਮੁੰਡੇ ਜੰਮਾਂ, 13 ਤਾਂ ਵੀ ਕੀ ਤੁਸੀਂ ਉਨ੍ਹਾਂ ਦੇ ਵੱਡੇ ਹੋਣ ਦੀ ਉਡੀਕ ਕਰੋਗੀਆਂ? ਕੀ ਤੁਸੀਂ ਉਨ੍ਹਾਂ ਦੀ ਖ਼ਾਤਰ ਇੱਦਾਂ ਹੀ ਬੈਠੀਆਂ ਰਹੋਗੀਆਂ? ਨਹੀਂ, ਮੇਰੀਓ ਧੀਓ, ਯਹੋਵਾਹ ਦਾ ਹੱਥ ਮੇਰੇ ਵਿਰੁੱਧ ਉੱਠਿਆ ਹੈ+ ਅਤੇ ਤੁਹਾਡੀ ਹਾਲਤ ਦੇਖ ਕੇ ਮੇਰਾ ਮਨ ਬਹੁਤ ਦੁਖੀ ਹੈ।”
14 ਉਹ ਤਿੰਨੇ ਫਿਰ ਉੱਚੀ-ਉੱਚੀ ਰੋਈਆਂ, ਇਸ ਤੋਂ ਬਾਅਦ ਆਰਪਾਹ ਨੇ ਆਪਣੀ ਸੱਸ ਨੂੰ ਚੁੰਮਿਆ ਅਤੇ ਚਲੀ ਗਈ। ਪਰ ਰੂਥ ਆਪਣੀ ਸੱਸ ਦੇ ਨਾਲ ਹੀ ਰਹੀ। 15 ਇਸ ਲਈ ਨਾਓਮੀ ਨੇ ਕਿਹਾ: “ਦੇਖ! ਤੇਰੀ ਵਿਧਵਾ ਦਰਾਣੀ ਆਪਣੇ ਲੋਕਾਂ ਅਤੇ ਆਪਣੇ ਦੇਵਤਿਆਂ ਕੋਲ ਮੁੜ ਗਈ ਹੈ। ਤੂੰ ਵੀ ਆਪਣੀ ਦਰਾਣੀ ਨਾਲ ਮੁੜ ਜਾਹ।”
16 ਪਰ ਰੂਥ ਨੇ ਕਿਹਾ: “ਮੇਰੇ ਅੱਗੇ ਤਰਲੇ ਨਾ ਪਾ ਕਿ ਮੈਂ ਤੇਰੇ ਨਾਲ ਨਾ ਆਵਾਂ ਅਤੇ ਤੈਨੂੰ ਛੱਡ ਕੇ ਵਾਪਸ ਚਲੀ ਜਾਵਾਂ; ਜਿੱਥੇ ਤੂੰ ਜਾਵੇਂਗੀ, ਉੱਥੇ ਮੈਂ ਵੀ ਜਾਵਾਂਗੀ, ਜਿੱਥੇ ਤੂੰ ਰਾਤ ਕੱਟੇਂਗੀ, ਉੱਥੇ ਮੈਂ ਵੀ ਰਾਤ ਕੱਟਾਂਗੀ। ਤੇਰੇ ਲੋਕ ਮੇਰੇ ਲੋਕ ਹੋਣਗੇ ਅਤੇ ਤੇਰਾ ਪਰਮੇਸ਼ੁਰ ਮੇਰਾ ਪਰਮੇਸ਼ੁਰ ਹੋਵੇਗਾ।+ 17 ਜਿੱਥੇ ਤੂੰ ਮਰੇਂਗੀ, ਉੱਥੇ ਮੈਂ ਮਰਾਂਗੀ ਅਤੇ ਉੱਥੇ ਹੀ ਮੈਨੂੰ ਦਫ਼ਨਾਇਆ ਜਾਵੇਗਾ। ਸਿਰਫ਼ ਮੌਤ ਹੀ ਮੈਨੂੰ ਤੇਰੇ ਤੋਂ ਜੁਦਾ ਕਰ ਸਕਦੀ ਹੈ। ਜੇ ਕੋਈ ਹੋਰ ਚੀਜ਼ ਮੈਨੂੰ ਤੇਰੇ ਤੋਂ ਜੁਦਾ ਕਰੇ, ਤਾਂ ਯਹੋਵਾਹ ਮੇਰੇ ਨਾਲ ਬੁਰੇ ਤੋਂ ਬੁਰਾ ਕਰੇ।”
18 ਜਦੋਂ ਨਾਓਮੀ ਨੇ ਦੇਖਿਆ ਕਿ ਰੂਥ ਉਸ ਦੇ ਨਾਲ ਜਾਣ ਦੀ ਜ਼ਿੱਦ ਕਰ ਰਹੀ ਸੀ, ਤਾਂ ਉਸ ਨੇ ਰੂਥ ਨੂੰ ਕਹਿਣਾ ਛੱਡ ਦਿੱਤਾ। 19 ਅਤੇ ਉਹ ਦੋਵੇਂ ਤੁਰਦੀਆਂ-ਤੁਰਦੀਆਂ ਬੈਤਲਹਮ ਆ ਗਈਆਂ।+ ਜਦੋਂ ਉਹ ਬੈਤਲਹਮ ਪਹੁੰਚੀਆਂ, ਤਾਂ ਪੂਰੇ ਸ਼ਹਿਰ ਵਿਚ ਉਨ੍ਹਾਂ ਬਾਰੇ ਗੱਲਾਂ ਹੋਣ ਲੱਗ ਪਈਆਂ ਅਤੇ ਤੀਵੀਆਂ ਇਕ-ਦੂਜੀ ਨੂੰ ਪੁੱਛਣ ਲੱਗ ਪਈਆਂ: “ਕੀ ਇਹ ਨਾਓਮੀ ਹੈ?” 20 ਉਹ ਤੀਵੀਆਂ ਨੂੰ ਕਹਿੰਦੀ ਸੀ: “ਮੈਨੂੰ ਨਾਓਮੀ* ਨਾ ਕਹੋ। ਮੈਨੂੰ ਮਾਰਾ* ਕਹੋ ਕਿਉਂਕਿ ਸਰਬਸ਼ਕਤੀਮਾਨ ਪਰਮੇਸ਼ੁਰ ਨੇ ਮੇਰੇ ਉੱਤੇ ਇੰਨੇ ਦੁੱਖ ਆਉਣ ਦਿੱਤੇ ਹਨ।*+ 21 ਜਦੋਂ ਮੈਂ ਇੱਥੋਂ ਗਈ ਸੀ, ਤਾਂ ਮੇਰੀ ਝੋਲ਼ੀ ਭਰੀ ਹੋਈ ਸੀ, ਪਰ ਹੁਣ ਯਹੋਵਾਹ ਮੈਨੂੰ ਖਾਲੀ ਹੱਥ ਮੋੜ ਲਿਆਇਆ ਹੈ। ਤੁਸੀਂ ਮੈਨੂੰ ਨਾਓਮੀ ਕਿਉਂ ਬੁਲਾਉਂਦੀਆਂ ਹੋ, ਜਦ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਮੇਰੇ ਖ਼ਿਲਾਫ਼ ਹੋ ਗਿਆ ਹੈ ਅਤੇ ਉਸ ਨੇ ਮੈਨੂੰ ਇੰਨਾ ਕਸ਼ਟ ਦਿੱਤਾ ਹੈ?”+
22 ਇਹ ਨਾਓਮੀ ਅਤੇ ਉਸ ਦੀ ਮੋਆਬਣ ਨੂੰਹ ਰੂਥ ਦੇ ਮੋਆਬ+ ਤੋਂ ਵਾਪਸ ਆਉਣ ਦੀ ਕਹਾਣੀ ਹੈ। ਉਹ ਜੌਆਂ ਦੀ ਵਾਢੀ ਸ਼ੁਰੂ ਹੋਣ ਵੇਲੇ+ ਬੈਤਲਹਮ ਆਈਆਂ ਸਨ।