ਰਸੂਲਾਂ ਦੇ ਕੰਮ
2 ਹੁਣ ਪੰਤੇਕੁਸਤ* ਦੇ ਤਿਉਹਾਰ ਦੇ ਦਿਨ ਸਾਰੇ ਚੇਲੇ ਇਕ ਜਗ੍ਹਾ ਇਕੱਠੇ ਹੋਏ ਸਨ। 2 ਅਚਾਨਕ ਉਨ੍ਹਾਂ ਨੂੰ ਆਕਾਸ਼ੋਂ ਇਕ ਆਵਾਜ਼ ਸੁਣਾਈ ਦਿੱਤੀ ਜਿਵੇਂ ਤੇਜ਼ ਹਨੇਰੀ ਦੀ ਹੁੰਦੀ ਹੈ ਅਤੇ ਸਾਰਾ ਘਰ ਜਿੱਥੇ ਉਹ ਬੈਠੇ ਹੋਏ ਸਨ, ਉਸ ਆਵਾਜ਼ ਨਾਲ ਗੂੰਜ ਉੱਠਿਆ। 3 ਨਾਲੇ, ਉਨ੍ਹਾਂ ਨੂੰ ਅੱਗ ਦੀਆਂ ਲਾਟਾਂ ਵਰਗੀਆਂ ਜੀਭਾਂ ਦਿਖਾਈ ਦਿੱਤੀਆਂ ਅਤੇ ਲਾਟਾਂ ਵੱਖੋ-ਵੱਖ ਹੋ ਗਈਆਂ ਅਤੇ ਇਕ-ਇਕ ਲਾਟ ਹਰ ਇਕ ਉੱਤੇ ਠਹਿਰ ਗਈ, 4 ਅਤੇ ਉਹ ਸਾਰੇ ਪਵਿੱਤਰ ਸ਼ਕਤੀ ਨਾਲ ਭਰ ਗਏ ਅਤੇ ਪਵਿੱਤਰ ਸ਼ਕਤੀ ਨੇ ਉਨ੍ਹਾਂ ਨੂੰ ਵੱਖੋ-ਵੱਖਰੀਆਂ ਬੋਲੀਆਂ ਬੋਲਣ ਦੀ ਯੋਗਤਾ ਦਿੱਤੀ ਅਤੇ ਉਹ ਉਨ੍ਹਾਂ ਬੋਲੀਆਂ ਵਿਚ ਬੋਲਣ ਲੱਗ ਪਏ।
5 ਉਸ ਵੇਲੇ ਦੁਨੀਆਂ ਭਰ ਦੇ ਸਾਰੇ ਦੇਸ਼ਾਂ ਤੋਂ ਯਹੂਦੀ ਭਗਤ ਆ ਕੇ ਯਰੂਸ਼ਲਮ ਵਿਚ ਠਹਿਰੇ ਹੋਏ ਸਨ। 6 ਸੋ ਜਦੋਂ ਉਹ ਆਵਾਜ਼ ਸੁਣਾਈ ਦਿੱਤੀ, ਤਾਂ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਹਰ ਜਣਾ ਆਪੋ-ਆਪਣੀ ਭਾਸ਼ਾ ਵਿਚ ਚੇਲਿਆਂ ਨੂੰ ਗੱਲ ਕਰਦਿਆਂ ਸੁਣ ਕੇ ਦੰਗ ਰਹਿ ਗਿਆ। 7 ਉਹ ਹੈਰਾਨ ਹੋ ਕੇ ਕਹਿਣ ਲੱਗੇ: “ਕੀ ਇਹ ਗੱਲਾਂ ਕਰ ਰਹੇ ਸਾਰੇ ਲੋਕ ਗਲੀਲੀ ਨਹੀਂ ਹਨ? 8 ਤਾਂ ਫਿਰ, ਇਹ ਕਿਵੇਂ ਹੋ ਗਿਆ ਕਿ ਅਸੀਂ ਆਪੋ-ਆਪਣੀ ਮਾਂ-ਬੋਲੀ ਵਿਚ ਉਨ੍ਹਾਂ ਨੂੰ ਗੱਲ ਕਰਦਿਆਂ ਸੁਣ ਰਹੇ ਹਾਂ? 9 ਜਿਹੜੇ ਲੋਕ ਪਾਰਥੀ, ਮਾਦੀ ਤੇ ਏਲਾਮੀ ਬੋਲੀ ਬੋਲਦੇ ਹਨ ਅਤੇ ਜਿਹੜੇ ਲੋਕ ਮਸੋਪੋਤਾਮੀਆ, ਯਹੂਦੀਆ, ਕੱਪਦੋਕੀਆ, ਪੁੰਤੁਸ ਅਤੇ ਏਸ਼ੀਆ* ਜ਼ਿਲ੍ਹੇ ਦੇ, 10 ਅਤੇ ਫ਼ਰੂਗੀਆ, ਪਮਫੀਲੀਆ, ਮਿਸਰ, ਕੁਰੇਨੇ ਵੱਲ ਦੇ ਲਿਬੀਆ ਦੇ ਇਲਾਕਿਆਂ ਦੇ ਰਹਿਣ ਵਾਲੇ ਹਨ ਅਤੇ ਰੋਮ ਦੇ ਮੁਸਾਫ਼ਰ, ਯਹੂਦੀ ਅਤੇ ਯਹੂਦੀ ਧਰਮ ਨੂੰ ਅਪਣਾਉਣ ਵਾਲੇ, 11 ਕ੍ਰੀਟ ਅਤੇ ਅਰਬ ਦੇ ਰਹਿਣ ਵਾਲੇ ਯਾਨੀ ਅਸੀਂ ਸਾਰੇ ਲੋਕ ਆਪੋ-ਆਪਣੀ ਬੋਲੀ ਵਿਚ ਪਰਮੇਸ਼ੁਰ ਦੇ ਸ਼ਾਨਦਾਰ ਕੰਮਾਂ ਬਾਰੇ ਸੁਣ ਰਹੇ ਹਾਂ।” 12 ਹਾਂ, ਉਹ ਸਾਰੇ ਹੈਰਾਨ ਤੇ ਦੰਗ ਹੋ ਕੇ ਇਕ-ਦੂਜੇ ਨੂੰ ਪੁੱਛ ਰਹੇ ਸਨ: “ਇਹ ਕੀ ਹੋ ਰਿਹਾ ਹੈ?” 13 ਪਰ ਕਈ ਹੋਰ ਲੋਕ ਚੇਲਿਆਂ ਦਾ ਮਖੌਲ ਉਡਾਉਂਦੇ ਹੋਏ ਕਹਿ ਰਹੇ ਸਨ: “ਇਹ ਸਾਰੇ ਸ਼ਰਾਬ ਦੇ ਨਸ਼ੇ ਵਿਚ ਹਨ।”
14 ਪਰ ਪਤਰਸ ਨੇ ਦੂਸਰੇ ਗਿਆਰਾਂ ਰਸੂਲਾਂ ਨਾਲ ਖੜ੍ਹਾ ਹੋ ਕੇ ਉੱਚੀ ਆਵਾਜ਼ ਵਿਚ ਲੋਕਾਂ ਨੂੰ ਕਿਹਾ: “ਯਹੂਦੀਆ ਦੇ ਲੋਕੋ ਅਤੇ ਯਰੂਸ਼ਲਮ ਦੇ ਰਹਿਣ ਵਾਲਿਓ, ਮੇਰੀਆਂ ਗੱਲਾਂ ਧਿਆਨ ਨਾਲ ਸੁਣੋ। 15 ਇਹ ਲੋਕ ਨਸ਼ੇ ਵਿਚ ਨਹੀਂ ਹਨ ਜਿਵੇਂ ਕਿ ਤੁਸੀਂ ਸੋਚਦੇ ਹੋ, ਕਿਉਂਕਿ ਅਜੇ ਤਾਂ ਸਵੇਰਾ* ਹੀ ਹੈ। 16 ਇਸ ਦੇ ਉਲਟ, ਜੋ ਕੁਝ ਵੀ ਹੋ ਰਿਹਾ ਹੈ, ਉਹ ਯੋਏਲ ਨਬੀ ਦੁਆਰਾ ਦੱਸਿਆ ਗਿਆ ਸੀ, 17 ‘“ਆਖ਼ਰੀ ਦਿਨਾਂ ਵਿਚ,” ਪਰਮੇਸ਼ੁਰ ਕਹਿੰਦਾ ਹੈ, “ਮੈਂ ਹਰ ਤਰ੍ਹਾਂ ਦੇ ਲੋਕਾਂ ਉੱਤੇ ਆਪਣੀ ਪਵਿੱਤਰ ਸ਼ਕਤੀ ਪਾਵਾਂਗਾ ਅਤੇ ਤੁਹਾਡੇ ਪੁੱਤਰ ਤੇ ਤੁਹਾਡੀਆਂ ਧੀਆਂ ਭਵਿੱਖਬਾਣੀਆਂ* ਕਰਨਗੀਆਂ ਅਤੇ ਤੁਹਾਡੇ ਜਵਾਨ ਦਰਸ਼ਣ ਦੇਖਣਗੇ ਅਤੇ ਤੁਹਾਡੇ ਬਜ਼ੁਰਗ ਖ਼ਾਸ ਸੁਪਨੇ ਦੇਖਣਗੇ; 18 ਅਤੇ ਉਨ੍ਹਾਂ ਦਿਨਾਂ ਵਿਚ ਮੈਂ ਆਪਣੇ ਦਾਸਾਂ ਅਤੇ ਦਾਸੀਆਂ ਉੱਤੇ ਵੀ ਆਪਣੀ ਪਵਿੱਤਰ ਸ਼ਕਤੀ ਪਾਵਾਂਗਾ ਅਤੇ ਉਹ ਭਵਿੱਖਬਾਣੀਆਂ ਕਰਨਗੇ। 19 ਮੈਂ ਆਕਾਸ਼ ਵਿਚ ਚਮਤਕਾਰ ਅਤੇ ਧਰਤੀ ਉੱਤੇ ਇਹ ਨਿਸ਼ਾਨੀਆਂ ਦਿਖਾਵਾਂਗਾ: ਲਹੂ, ਅੱਗ, ਧੂੰਏਂ ਦੇ ਬੱਦਲ; 20 ਯਹੋਵਾਹ ਦੇ ਮਹਾਨ ਅਤੇ ਸ਼ਾਨਦਾਰ ਦਿਨ ਦੇ ਆਉਣ ਤੋਂ ਪਹਿਲਾਂ ਸੂਰਜ ਹਨੇਰਾ ਹੋ ਜਾਵੇਗਾ ਅਤੇ ਚੰਦ ਦਾ ਰੰਗ ਲਹੂ ਵਾਂਗ ਲਾਲ ਹੋ ਜਾਵੇਗਾ। 21 ਅਤੇ ਹਰ ਕੋਈ ਜਿਹੜਾ ਯਹੋਵਾਹ ਦਾ ਨਾਂ ਲੈਂਦਾ ਹੈ, ਬਚਾਇਆ ਜਾਵੇਗਾ।”’
22 “ਇਜ਼ਰਾਈਲ ਦੇ ਲੋਕੋ, ਇਹ ਗੱਲ ਸੁਣੋ: ਯਿਸੂ ਨਾਸਰੀ ਨੂੰ ਪਰਮੇਸ਼ੁਰ ਨੇ ਘੱਲਿਆ ਸੀ ਅਤੇ ਇਸ ਗੱਲ ਦਾ ਸਬੂਤ ਦੇਣ ਲਈ ਪਰਮੇਸ਼ੁਰ ਨੇ ਉਸ ਰਾਹੀਂ ਤੁਹਾਡੇ ਵਿਚ ਕਰਾਮਾਤਾਂ ਤੇ ਚਮਤਕਾਰ ਕੀਤੇ ਅਤੇ ਨਿਸ਼ਾਨੀਆਂ ਦਿਖਾਈਆਂ, ਜਿਵੇਂ ਕਿ ਤੁਸੀਂ ਆਪ ਜਾਣਦੇ ਹੋ। 23 ਪਰਮੇਸ਼ੁਰ ਨੂੰ ਪਹਿਲਾਂ ਹੀ ਪਤਾ ਸੀ ਕਿ ਯਿਸੂ ਨੂੰ ਫੜਵਾਇਆ ਜਾਵੇਗਾ ਅਤੇ ਉਸ ਦੀ ਇਸ ਇੱਛਾ ਅਨੁਸਾਰ ਇਸੇ ਤਰ੍ਹਾਂ ਹੋਇਆ। ਤੁਸੀਂ ਦੁਸ਼ਟ ਲੋਕਾਂ ਦੇ ਹੱਥੀਂ ਉਸ ਨੂੰ ਸੂਲ਼ੀ ਉੱਤੇ ਟੰਗ ਕੇ ਜਾਨੋਂ ਮਾਰ ਦਿੱਤਾ। 24 ਪਰ ਪਰਮੇਸ਼ੁਰ ਨੇ ਉਸ ਨੂੰ ਮੌਤ ਦੇ ਪੰਜੇ ਤੋਂ ਛੁਡਾ ਕੇ ਜੀਉਂਦਾ ਕੀਤਾ ਕਿਉਂਕਿ ਮੌਤ ਲਈ ਉਸ ਨੂੰ ਆਪਣੇ ਪੰਜੇ ਵਿਚ ਜਕੜੀ ਰੱਖਣਾ ਨਾਮੁਮਕਿਨ ਸੀ। 25 ਕਿਉਂਕਿ ਦਾਊਦ ਨੇ ਉਸ ਬਾਰੇ ਕਿਹਾ ਸੀ: ‘ਮੈਂ ਯਹੋਵਾਹ ਨੂੰ ਹਮੇਸ਼ਾ ਆਪਣੀਆਂ ਨਜ਼ਰਾਂ ਸਾਮ੍ਹਣੇ ਰੱਖਿਆ; ਉਹ ਮੇਰੇ ਸੱਜੇ ਹੱਥ ਹੈ, ਇਸ ਲਈ ਮੈਂ ਕਦੇ ਵੀ ਨਹੀਂ ਡੋਲਾਂਗਾ। 26 ਇਸ ਕਰਕੇ ਮੇਰਾ ਦਿਲ ਬਾਗ਼-ਬਾਗ਼ ਹੋ ਰਿਹਾ ਹੈ ਅਤੇ ਮੇਰੇ ਬੋਲਾਂ ਵਿਚ ਖ਼ੁਸ਼ੀ ਹੈ। ਇਸ ਤੋਂ ਇਲਾਵਾ, ਮੈਂ ਉਮੀਦ ਨਾਲ ਜ਼ਿੰਦਗੀ ਜੀਵਾਂਗਾ; 27 ਕਿਉਂਕਿ ਤੂੰ ਨਾ ਮੈਨੂੰ ਕਬਰ* ਵਿਚ ਛੱਡੇਂਗਾ ਅਤੇ ਨਾ ਹੀ ਆਪਣੇ ਵਫ਼ਾਦਾਰ ਸੇਵਕ ਦਾ ਸਰੀਰ ਗਲ਼ਣ ਦੇਵੇਂਗਾ। 28 ਤੂੰ ਮੈਨੂੰ ਜ਼ਿੰਦਗੀ ਦਾ ਰਾਹ ਦਿਖਾਇਆ ਹੈ ਅਤੇ ਮੇਰੇ ਉੱਤੇ ਮਿਹਰ ਕਰ ਕੇ ਤੂੰ ਮੇਰੇ ਦਿਲ ਨੂੰ ਖ਼ੁਸ਼ੀ ਨਾਲ ਭਰ ਦੇਵੇਂਗਾ।’
29 “ਭਰਾਵੋ, ਮੈਂ ਆਪਣੇ ਪੂਰਵਜ ਦਾਊਦ ਬਾਰੇ ਬਿਨਾਂ ਝਿਜਕੇ ਕਹਿ ਸਕਦਾ ਹਾਂ ਕਿ ਉਹ ਮਰਿਆ ਅਤੇ ਉਸ ਨੂੰ ਦਫ਼ਨਾਇਆ ਗਿਆ ਅਤੇ ਉਸ ਦੀ ਕਬਰ ਅੱਜ ਤਕ ਇਸ ਸ਼ਹਿਰ ਵਿਚ ਹੈ। 30 ਦਾਊਦ ਇਕ ਨਬੀ ਸੀ ਅਤੇ ਉਹ ਜਾਣਦਾ ਸੀ ਕਿ ਪਰਮੇਸ਼ੁਰ ਨੇ ਉਸ ਨਾਲ ਸਹੁੰ ਖਾਧੀ ਸੀ ਕਿ ਉਸ ਦੀ ਸੰਤਾਨ ਵਿੱਚੋਂ ਇਕ ਜਣਾ ਉਸ ਦੇ ਸਿੰਘਾਸਣ ਉੱਤੇ ਬੈਠੇਗਾ। 31 ਨਾਲੇ, ਦਾਊਦ ਪਹਿਲਾਂ ਤੋਂ ਜਾਣਦਾ ਸੀ ਕਿ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਜਾਵੇਗਾ ਅਤੇ ਉਸ ਨੇ ਦੱਸਿਆ ਸੀ ਕਿ ਪਰਮੇਸ਼ੁਰ ਮਸੀਹ ਨੂੰ ਕਬਰ ਵਿਚ ਨਹੀਂ ਛੱਡੇਗਾ ਅਤੇ ਉਸ ਦਾ ਸਰੀਰ ਗਲ਼ਣ ਨਹੀਂ ਦੇਵੇਗਾ। 32 ਇਸੇ ਯਿਸੂ ਨੂੰ ਪਰਮੇਸ਼ੁਰ ਨੇ ਜੀਉਂਦਾ ਕੀਤਾ ਅਤੇ ਅਸੀਂ ਸਾਰੇ ਇਸ ਗੱਲ ਦੇ ਗਵਾਹ ਹਾਂ। 33 ਇਸ ਲਈ, ਉਸ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਬੈਠਣ ਦਾ ਮਾਣ ਬਖ਼ਸ਼ਿਆ ਗਿਆ ਅਤੇ ਉਸ ਨੂੰ ਪਵਿੱਤਰ ਸ਼ਕਤੀ* ਦਿੱਤੀ ਗਈ ਜਿਸ ਦਾ ਵਾਅਦਾ ਪਿਤਾ ਨੇ ਕੀਤਾ ਸੀ। ਉਸ ਨੇ ਇਹ ਪਵਿੱਤਰ ਸ਼ਕਤੀ ਸਾਨੂੰ ਦਿੱਤੀ ਹੈ ਜਿਸ ਨੂੰ ਤੁਸੀਂ ਦੇਖਦੇ ਅਤੇ ਸੁਣਦੇ ਹੋ। 34 ਅਸਲ ਵਿਚ, ਦਾਊਦ ਸਵਰਗ ਨੂੰ ਨਹੀਂ ਗਿਆ ਸੀ, ਪਰ ਉਸ ਨੇ ਆਪ ਕਿਹਾ ਸੀ, ‘ਯਹੋਵਾਹ ਨੇ ਮੇਰੇ ਪ੍ਰਭੂ ਨੂੰ ਕਿਹਾ: “ਤੂੰ ਉਦੋਂ ਤਕ ਮੇਰੇ ਸੱਜੇ ਪਾਸੇ ਬੈਠ 35 ਜਦ ਤਕ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਪੈਰਾਂ ਦੀ ਚੌਂਕੀ ਨਹੀਂ ਬਣਾ ਦਿੰਦਾ।”’ 36 ਇਸ ਲਈ, ਇਜ਼ਰਾਈਲ ਦਾ ਪੂਰਾ ਘਰਾਣਾ ਪੱਕੇ ਤੌਰ ਤੇ ਇਹ ਜਾਣ ਲਵੇ ਕਿ ਜਿਸ ਯਿਸੂ ਨੂੰ ਤੁਸੀਂ ਸੂਲ਼ੀ ʼਤੇ ਟੰਗਿਆ ਸੀ, ਉਸੇ ਯਿਸੂ ਨੂੰ ਪਰਮੇਸ਼ੁਰ ਨੇ ਪ੍ਰਭੂ ਅਤੇ ਮਸੀਹ ਬਣਾਇਆ ਹੈ।”
37 ਜਦੋਂ ਉਨ੍ਹਾਂ ਨੇ ਇਹ ਸਾਰੀਆਂ ਗੱਲਾਂ ਸੁਣੀਆਂ, ਤਾਂ ਉਨ੍ਹਾਂ ਦੇ ਦਿਲ ਵਿੰਨ੍ਹੇ ਗਏ ਅਤੇ ਉਨ੍ਹਾਂ ਨੇ ਪਤਰਸ ਤੇ ਬਾਕੀ ਰਸੂਲਾਂ ਨੂੰ ਪੁੱਛਿਆ: “ਭਰਾਵੋ, ਸਾਨੂੰ ਦੱਸੋ, ਅਸੀਂ ਕੀ ਕਰੀਏ?” 38 ਪਤਰਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਸਾਰੇ ਤੋਬਾ ਕਰੋ ਅਤੇ ਆਪਣੇ ਪਾਪਾਂ ਦੀ ਮਾਫ਼ੀ ਲਈ ਯਿਸੂ ਮਸੀਹ ਦੇ ਨਾਂ ʼਤੇ ਬਪਤਿਸਮਾ ਲਓ ਅਤੇ ਤੁਹਾਨੂੰ ਪਵਿੱਤਰ ਸ਼ਕਤੀ ਦੀ ਦਾਤ ਮਿਲੇਗੀ। 39 ਪਵਿੱਤਰ ਸ਼ਕਤੀ ਦੇਣ ਦਾ ਵਾਅਦਾ ਤੁਹਾਡੇ ਨਾਲ, ਤੁਹਾਡੇ ਬੱਚਿਆਂ ਨਾਲ ਅਤੇ ਉਨ੍ਹਾਂ ਸਾਰਿਆਂ ਨਾਲ ਕੀਤਾ ਗਿਆ ਹੈ ਜਿਹੜੇ ਦੂਰ ਹਨ, ਹਾਂ ਸਾਰਿਆਂ ਨਾਲ ਜਿਨ੍ਹਾਂ ਨੂੰ ਸਾਡਾ ਪਰਮੇਸ਼ੁਰ ਯਹੋਵਾਹ ਆਪਣੇ ਕੋਲ ਸੱਦੇਗਾ।” 40 ਅਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰ ਕੇ ਉਸ ਨੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਾਇਆ ਅਤੇ ਉਨ੍ਹਾਂ ਨੂੰ ਇਹ ਹੱਲਾਸ਼ੇਰੀ ਦਿੱਤੀ: “ਇਸ ਵਿਗੜੀ ਹੋਈ ਪੀੜ੍ਹੀ ਤੋਂ ਵੱਖ ਹੋ ਕੇ ਆਪਣੇ ਆਪ ਨੂੰ ਬਚਾਓ।” 41 ਇਸ ਲਈ ਜਿਨ੍ਹਾਂ ਨੇ ਉਸ ਦੇ ਬਚਨ ਨੂੰ ਦਿਲੋਂ ਮੰਨਿਆ, ਉਨ੍ਹਾਂ ਨੇ ਬਪਤਿਸਮਾ ਲਿਆ ਅਤੇ ਉਸ ਦਿਨ ਲਗਭਗ 3,000 ਲੋਕ ਚੇਲਿਆਂ ਨਾਲ ਰਲ਼ ਗਏ। 42 ਅਤੇ ਉਹ ਰਸੂਲਾਂ ਤੋਂ ਸਿੱਖਿਆ ਲੈਣ ਵਿਚ, ਆਪਣਾ ਸਭ ਕੁਝ ਦੂਸਰਿਆਂ ਨਾਲ ਸਾਂਝਾ ਕਰਨ ਵਿਚ, ਰਲ਼ ਕੇ ਭੋਜਨ ਕਰਨ ਅਤੇ ਪ੍ਰਾਰਥਨਾ ਕਰਨ ਵਿਚ ਲੱਗੇ ਰਹੇ।
43 ਰਸੂਲਾਂ ਨੇ ਬਹੁਤ ਸਾਰੇ ਚਮਤਕਾਰ ਕੀਤੇ ਅਤੇ ਨਿਸ਼ਾਨੀਆਂ ਦਿਖਾਈਆਂ ਅਤੇ ਜਿਨ੍ਹਾਂ ਨੇ ਵੀ ਇਹ ਸਭ ਕੁਝ ਦੇਖਿਆ, ਉਨ੍ਹਾਂ ਦੇ ਦਿਲਾਂ ਵਿਚ ਪਰਮੇਸ਼ੁਰ ਦਾ ਡਰ ਬੈਠ ਗਿਆ। 44 ਸਾਰੇ ਨਵੇਂ ਚੇਲੇ ਇਕੱਠੇ ਸਨ ਅਤੇ ਆਪਣਾ ਸਭ ਕੁਝ ਦੂਸਰਿਆਂ ਨਾਲ ਸਾਂਝਾ ਕਰਦੇ ਸਨ। 45 ਅਤੇ ਉਹ ਆਪਣੀ ਜ਼ਮੀਨ-ਜਾਇਦਾਦ ਤੇ ਚੀਜ਼ਾਂ ਵੇਚ ਕੇ ਪੈਸਾ ਸਾਰਿਆਂ ਵਿਚ ਲੋੜ ਅਨੁਸਾਰ ਵੰਡ ਦਿੰਦੇ ਸਨ। 46 ਉਹ ਰੋਜ਼ ਮੰਦਰ ਵਿਚ ਇਕੱਠੇ ਹੁੰਦੇ ਸਨ, ਇਕ-ਦੂਸਰੇ ਦੇ ਘਰ ਖ਼ੁਸ਼ੀ-ਖ਼ੁਸ਼ੀ ਭੋਜਨ ਖਾਂਦੇ ਸਨ ਅਤੇ ਸਾਰੇ ਕੰਮ ਸਾਫ਼ਦਿਲੀ ਨਾਲ ਕਰਦੇ ਸਨ 47 ਅਤੇ ਪਰਮੇਸ਼ੁਰ ਦਾ ਗੁਣਗਾਨ ਕਰਦੇ ਸਨ। ਨਾਲੇ ਸਾਰੇ ਲੋਕ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਸਨ। ਇਸ ਦੌਰਾਨ ਯਹੋਵਾਹ ਰੋਜ਼ ਹੋਰ ਲੋਕਾਂ ਨੂੰ ਬਚਾ ਕੇ ਚੇਲਿਆਂ ਨਾਲ ਰਲ਼ਾਉਂਦਾ ਰਿਹਾ।