ਅਧਿਐਨ ਲੇਖ 14
ਉੱਤਰ ਤੋਂ ਹਮਲਾ!
“ਮੇਰੇ ਦੇਸ ਉੱਤੇ ਇੱਕ ਕੌਮ ਚੜ੍ਹ ਆਈ ਹੈ।”—ਯੋਏ. 1:6.
ਗੀਤ 43 ਖ਼ਬਰਦਾਰ ਰਹੋ, ਦਲੇਰ ਬਣੋ
ਖ਼ਾਸ ਗੱਲਾਂa
1. ਭਰਾ ਰਸਲ ਅਤੇ ਉਸ ਦੇ ਸਾਥੀਆਂ ਨੇ ਕਿਹੜੇ ਤਰੀਕੇ ਨਾਲ ਬਾਈਬਲ ਦਾ ਅਧਿਐਨ ਕੀਤਾ ਅਤੇ ਇਹ ਅਸਰਕਾਰੀ ਕਿਉਂ ਸੀ?
ਇਕ ਸਦੀ ਤੋਂ ਵੀ ਪਹਿਲਾਂ ਭਰਾ ਸੀ. ਟੀ. ਰਸਲ ਅਤੇ ਉਸ ਦੇ ਸਾਥੀਆਂ ਨੇ ਇਕੱਠੇ ਮਿਲਣਾ ਸ਼ੁਰੂ ਕੀਤਾ। ਉਹ ਜਾਣਨਾ ਚਾਹੁੰਦੇ ਸਨ ਕਿ ਬਾਈਬਲ ਅਸਲ ਵਿਚ ਯਹੋਵਾਹ ਪਰਮੇਸ਼ੁਰ, ਯਿਸੂ ਮਸੀਹ, ਮੁਰਦਿਆਂ ਦੀ ਹਾਲਤ ਅਤੇ ਰਿਹਾਈ ਦੀ ਕੀਮਤ ਬਾਰੇ ਕੀ ਸਿਖਾਉਂਦੀ ਹੈ। ਉਨ੍ਹਾਂ ਦੇ ਅਧਿਐਨ ਕਰਨ ਦਾ ਤਰੀਕਾ ਸੌਖਾ ਸੀ। ਇਕ ਜਣਾ ਸਵਾਲ ਪੁੱਛਦਾ ਸੀ ਅਤੇ ਫਿਰ ਸਾਰੇ ਜਣੇ ਉਸ ਵਿਸ਼ੇ ਨਾਲ ਸੰਬੰਧਿਤ ਹਰ ਆਇਤ ਦੀ ਜਾਂਚ ਕਰਦੇ ਸਨ। ਇਸ ਤੋਂ ਬਾਅਦ ਉਹ ਖੋਜ ਕੀਤੀਆਂ ਗੱਲਾਂ ਨੂੰ ਲਿਖ ਲੈਂਦੇ ਸਨ। ਯਹੋਵਾਹ ਦੀ ਬਰਕਤ ਨਾਲ ਉਨ੍ਹਾਂ ਨੇਕਦਿਲ ਮਸੀਹੀਆਂ ਨੇ ਬਹੁਤ ਸਾਰੀਆਂ ਅਹਿਮ ਬਾਈਬਲ ਸੱਚਾਈਆਂ ਦੀ ਸਮਝ ਹਾਸਲ ਕੀਤੀ ਜਿਨ੍ਹਾਂ ਸੱਚਾਈਆਂ ਨੂੰ ਅਸੀਂ ਅੱਜ ਵੀ ਅਨਮੋਲ ਸਮਝਦੇ ਹਾਂ।
2. ਬਾਈਬਲ ਦੀ ਭਵਿੱਖਬਾਣੀ ਬਾਰੇ ਸਹੀ ਸਮਝ ਲੈਣ ਲਈ ਕਈ ਵਾਰ ਸ਼ਾਇਦ ਅਸੀਂ ਗ਼ਲਤ ਸਿੱਟਾ ਕਿਵੇਂ ਕੱਢ ਲਈਏ?
2 ਪਰ ਉਨ੍ਹਾਂ ਬਾਈਬਲ ਵਿਦਿਆਰਥੀਆਂ ਨੂੰ ਜਲਦੀ ਹੀ ਇਹ ਅਹਿਸਾਸ ਹੋ ਗਿਆ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਨਾਲੋਂ ਸਮਝਣਾ ਕਿਤੇ ਜ਼ਿਆਦਾ ਔਖਾ ਹੈ। ਇੱਦਾਂ ਕਿਉਂ? ਕਿਉਂਕਿ ਬਾਈਬਲ ਦੀਆਂ ਭਵਿੱਖਬਾਣੀਆਂ ਅਕਸਰ ਉਦੋਂ ਜ਼ਿਆਦਾ ਸਮਝ ਆਉਂਦੀਆਂ ਹਨ ਜਦੋਂ ਉਹ ਪੂਰੀਆਂ ਹੋ ਰਹੀਆਂ ਹੋਣ ਜਾਂ ਪੂਰੀਆਂ ਹੋ ਚੁੱਕੀਆਂ ਹੋਣ। ਨਾਲੇ ਇਕ ਭਵਿੱਖਬਾਣੀ ਦੀ ਸਹੀ ਸਮਝ ਲੈਣ ਲਈ ਸਾਨੂੰ ਆਮ ਤੌਰ ਤੇ ਉਸ ਦੀਆਂ ਅਗਲੀਆਂ-ਪਿਛਲੀਆਂ ਆਇਤਾਂ ʼਤੇ ਵੀ ਗੌਰ ਕਰਨ ਦੀ ਲੋੜ ਹੈ। ਜੇ ਅਸੀਂ ਭਵਿੱਖਬਾਣੀ ਦੇ ਸਿਰਫ਼ ਇਕ ਪਹਿਲੂ ʼਤੇ ਗੌਰ ਕਰਦੇ ਹਾਂ ਤੇ ਬਾਕੀ ਪਹਿਲੂਆਂ ਨੂੰ ਨਜ਼ਰਅੰਦਾਜ਼ ਕਰਦੇ ਹਾਂ, ਤਾਂ ਅਸੀਂ ਗ਼ਲਤ ਸਿੱਟੇ ʼਤੇ ਪਹੁੰਚ ਸਕਦੇ ਹਾਂ। ਇਸ ਲਈ ਲੱਗਦਾ ਹੈ ਕਿ ਯੋਏਲ ਦੀ ਭਵਿੱਖਬਾਣੀ ਬਾਰੇ ਇਹ ਗੱਲ ਸੱਚ ਹੈ। ਆਓ ਅਸੀਂ ਇਸ ਭਵਿੱਖਬਾਣੀ ਦੀ ਦੁਬਾਰਾ ਤੋਂ ਜਾਂਚ ਕਰੀਏ ਤੇ ਦੇਖੀਏ ਕਿ ਸਾਨੂੰ ਸਾਡੀ ਸਮਝ ਵਿਚ ਸੁਧਾਰ ਕਰਨ ਦੀ ਕਿਉਂ ਲੋੜ ਹੈ।
3-4. ਹੁਣ ਤਕ ਅਸੀਂ ਯੋਏਲ 2:7-9 ਦੀ ਭਵਿੱਖਬਾਣੀ ਬਾਰੇ ਕੀ ਮੰਨਦੇ ਆਏ ਹਾਂ?
3 ਯੋਏਲ 2:7-9 ਪੜ੍ਹੋ। ਯੋਏਲ ਨੇ ਭਵਿੱਖਬਾਣੀ ਕੀਤੀ ਸੀ ਕਿ ਟਿੱਡੀਆਂ ਦਾ ਦਲ ਇਜ਼ਰਾਈਲ ਦੇਸ਼ ਨੂੰ ਤਬਾਹ ਕਰ ਦੇਵੇਗਾ। ਸ਼ੇਰਾਂ ਦੇ ਦੰਦਾਂ ਅਤੇ ਜਬਾੜ੍ਹਿਆਂ ਨਾਲ ਇਹ ਭੁੱਖੜ ਟਿੱਡੀਆਂ ਸਾਰਾ ਕੁਝ ਬਰਬਾਦ ਕਰ ਦੇਣਗੀਆਂ! (ਯੋਏ. 1:4, 6) ਬਹੁਤ ਸਾਲਾਂ ਤੋਂ ਅਸੀਂ ਮੰਨਦੇ ਆਏ ਹਾਂ ਕਿ ਟਿੱਡੀਆਂ ਦਾ ਦਲ ਯਹੋਵਾਹ ਦੇ ਲੋਕ ਹਨ ਜਿਨ੍ਹਾਂ ਦੇ ਪ੍ਰਚਾਰ ਕੰਮ ਨੂੰ ਕੋਈ ਰੋਕ ਨਹੀਂ ਸਕਦਾ। ਅਸੀਂ ਮੰਨਦੇ ਸੀ ਕਿ ਇਸ ਕੰਮ ਦਾ ਉਸ “ਦੇਸ” ਜਾਂ ਲੋਕਾਂ ʼਤੇ ਬਹੁਤ ਮਾੜਾ ਅਸਰ ਪੈਂਦਾ ਹੈ ਜੋ ਧਾਰਮਿਕ ਆਗੂਆਂ ਦੇ ਪ੍ਰਭਾਵ ਹੇਠ ਹਨ।b
4 ਜੇ ਅਸੀਂ ਸਿਰਫ਼ ਯੋਏਲ 2:7-9 ਪੜ੍ਹਦੇ ਹਾਂ, ਤਾਂ ਲੱਗਦਾ ਹੈ ਕਿ ਇਹ ਭਵਿੱਖਬਾਣੀ ਸਾਡੇ ਪ੍ਰਚਾਰ ਕੰਮ ਬਾਰੇ ਹੈ। ਪਰ ਜਦੋਂ ਅਸੀਂ ਇਸ ਭਵਿੱਖਬਾਣੀ ਦੀਆਂ ਅਗਲੀਆਂ-ਪਿਛਲੀਆਂ ਆਇਤਾਂ ਪੜ੍ਹਦੇ ਹਾਂ, ਤਾਂ ਅਸੀਂ ਦੇਖਦੇ ਹਾਂ ਕਿ ਸਾਨੂੰ ਆਪਣੀ ਸਮਝ ਵਿਚ ਸੁਧਾਰ ਕਰਨ ਦੀ ਲੋੜ ਹੈ। ਆਓ ਆਪਾਂ ਸੁਧਾਰ ਕਰਨ ਦੇ ਚਾਰ ਕਾਰਨਾਂ ʼਤੇ ਗੌਰ ਕਰੀਏ।
ਸੁਧਾਰ ਕਰਨ ਦੇ ਚਾਰ ਕਾਰਨ
5-6. ਇਨ੍ਹਾਂ ਆਇਤਾਂ ਨੂੰ ਪੜ੍ਹਦਿਆਂ ਸਾਡੇ ਮਨ ਵਿਚ ਕਿਹੜਾ ਸਵਾਲ ਆ ਸਕਦਾ ਹੈ: (ੳ) ਯੋਏਲ 2:20? (ਅ) ਯੋਏਲ 2:25?
5 ਪਹਿਲਾ ਕਾਰਨ, ਗੌਰ ਕਰੋ ਯਹੋਵਾਹ ਨੇ ਟਿੱਡੀਆਂ ਦੀ ਬਵਾ ਬਾਰੇ ਵਾਅਦਾ ਕੀਤਾ ਸੀ: “ਮੈਂ ਉੱਤਰ ਵਾਲੇ [ਟਿੱਡੀਆਂ] ਨੂੰ ਤੁਹਾਥੋਂ ਦੂਰ ਧੱਕ ਦਿਆਂਗਾ।” (ਯੋਏ. 2:20) ਜੇ ਟਿੱਡੀਆਂ ਯਹੋਵਾਹ ਦੇ ਗਵਾਹਾਂ ਨੂੰ ਦਰਸਾਉਂਦੀਆਂ ਹਨ ਜੋ ਯਿਸੂ ਦੇ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਹੁਕਮ ਨੂੰ ਮੰਨਦੇ ਹਨ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਦੂਰ ਧੱਕਣ ਦਾ ਵਾਅਦਾ ਕਿਉਂ ਕਰਨਾ ਸੀ? (ਹਿਜ਼. 33:7-9; ਮੱਤੀ 28:19, 20) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਆਪਣੇ ਵਫ਼ਾਦਾਰ ਸੇਵਕਾਂ ਨੂੰ ਨਹੀਂ, ਸਗੋਂ ਉਸ ਦੇ ਲੋਕਾਂ ਦਾ ਵਿਰੋਧ ਕਰਨ ਵਾਲੀ ਕਿਸੇ ਚੀਜ਼ ਜਾਂ ਵਿਅਕਤੀ ਨੂੰ ਦੂਰ ਧੱਕਣਾ ਸੀ।
6 ਦੂਜਾ ਕਾਰਨ ਜਾਣਨ ਲਈ ਗੌਰ ਕਰੋ ਕਿ ਯੋਏਲ 2:25 ਵਿਚ ਕੀ ਲਿਖਿਆ। ਉੱਥੇ ਯਹੋਵਾਹ ਕਹਿੰਦਾ ਹੈ: ‘ਜਿੰਨਿਆਂ ਵਰਿਹਾਂ ਦਾ ਸਲਾ ਨੇ ਖਾਧਾ, ਇੰਨਿਆਂ ਨੂੰ ਮੈਂ ਤੁਹਾਨੂੰ ਮੋੜ ਦਿਆਂਗਾ, ਟਿੱਡੀ, ਹੂੰਝਾ ਫੇਰ ਅਤੇ ਟੋਕਾ, ਮੇਰੀ ਵੱਡੀ ਫੌਜ ਜਿਹੜੀ ਮੈਂ ਤੁਹਾਡੇ ਉੱਤੇ ਘੱਲੀ।’ ਧਿਆਨ ਦਿਓ ਕਿ ਯਹੋਵਾਹ ਨੇ ਕਿਹਾ ਕਿ ਉਹ ਟਿੱਡੀਆਂ ਦੁਆਰਾ ਕੀਤੇ ਨੁਕਸਾਨ ਨੂੰ “ਮੋੜ” ਦੇਵੇਗਾ ਯਾਨੀ ਉਸ ਦੀ ਭਰਪਾਈ ਕਰੇਗਾ। ਜੇ ਟਿੱਡੀਆਂ ਰਾਜ ਦੇ ਪ੍ਰਚਾਰਕਾਂ ਨੂੰ ਦਰਸਾਉਂਦੀਆਂ ਹਨ, ਤਾਂ ਇਹ ਕਿਉਂ ਕਿਹਾ ਗਿਆ ਸੀ ਕਿ ਉਨ੍ਹਾਂ ਦੁਆਰਾ ਸੁਣਾਏ ਸੰਦੇਸ਼ ਨਾਲ ਨੁਕਸਾਨ ਹੋਣਾ ਸੀ? ਪਰ ਸਾਡੇ ਸੰਦੇਸ਼ ਨਾਲ ਤਾਂ ਲੋਕਾਂ ਨੂੰ ਫ਼ਾਇਦਾ ਹੁੰਦਾ ਹੈ। ਇੱਥੋਂ ਤਕ ਕਿ ਜੇ ਦੁਸ਼ਟ ਲੋਕ ਵੀ ਇਸ ਸੰਦੇਸ਼ ਨੂੰ ਸਵੀਕਾਰ ਕਰ ਕੇ ਤੋਬਾ ਕਰਨਗੇ, ਤਾਂ ਉਨ੍ਹਾਂ ਦੀ ਵੀ ਜਾਨ ਬਚ ਸਕਦੀ ਹੈ।—ਹਿਜ਼. 33:8, 19.
7. ਯੋਏਲ 2:28, 29 ਵਿਚ ਦਰਜ “ਏਹ ਦੇ ਮਗਰੋਂ” ਸ਼ਬਦ ਸਾਡੀ ਕੀ ਸਮਝਣ ਵਿਚ ਮਦਦ ਕਰਦੇ ਹਨ?
7 ਯੋਏਲ 2:28, 29 ਪੜ੍ਹੋ। ਤੀਜਾ ਕਾਰਨ, ਗੌਰ ਕਰੋ ਕਿ ਭਵਿੱਖਬਾਣੀ ਵਿਚ ਦਿੱਤੀਆਂ ਘਟਨਾਵਾਂ ਕਿਸ ਤਰਤੀਬ ਵਿਚ ਹੋਣੀਆਂ ਸਨ। ਕੀ ਤੁਸੀਂ ਧਿਆਨ ਦਿੱਤਾ ਕਿ ਯਹੋਵਾਹ ਕਹਿੰਦਾ ਹੈ: ‘ਏਹ ਦੇ ਮਗਰੋਂ ਐਉਂ ਹੋਵੇਗਾ, ਕਿ ਮੈਂ ਆਪਣਾ ਆਤਮਾ ਯਾਨੀ ਪਵਿੱਤਰ ਸ਼ਕਤੀ ਵਹਾਵਾਂਗਾ’ ਮਤਲਬ ਟਿੱਡੀਆਂ ਵੱਲੋਂ ਕੰਮ ਕਰਨ ਤੋਂ ਬਾਅਦ? ਜੇ ਟਿੱਡੀਆਂ ਪਰਮੇਸ਼ੁਰ ਦੇ ਰਾਜ ਦੇ ਪ੍ਰਚਾਰਕਾਂ ਨੂੰ ਕਿਹਾ ਗਿਆ ਹੈ, ਤਾਂ ਯਹੋਵਾਹ ਉਨ੍ਹਾਂ ਵੱਲੋਂ ਗਵਾਹੀ ਦੇਣ ਦੇ ਮਗਰੋਂ ਉਨ੍ਹਾਂ ਨੂੰ ਪਵਿੱਤਰ ਸ਼ਕਤੀ ਕਿਉਂ ਦੇਵੇਗਾ? ਸੱਚਾਈ ਤਾਂ ਇਹ ਹੈ ਕਿ ਪਰਮੇਸ਼ੁਰ ਦੀ ਜ਼ਬਰਦਸਤ ਪਵਿੱਤਰ ਸ਼ਕਤੀ ਦੀ ਮਦਦ ਤੋਂ ਬਗੈਰ ਉਸ ਦੇ ਲੋਕ ਦਹਾਕਿਆਂ ਤਕ ਵਿਰੋਧ ਅਤੇ ਪਾਬੰਦੀ ਦੇ ਬਾਵਜੂਦ ਕਦੇ ਪ੍ਰਚਾਰ ਨਹੀਂ ਕਰ ਸਕਦੇ ਸਨ।
8. ਪ੍ਰਕਾਸ਼ ਦੀ ਕਿਤਾਬ 9:1-11 ਵਿਚ ਜ਼ਿਕਰ ਕੀਤੀਆਂ ਟਿੱਡੀਆਂ ਕਿਨ੍ਹਾਂ ਨੂੰ ਦਰਸਾਉਂਦੀਆਂ ਹਨ? (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।)
8 ਪ੍ਰਕਾਸ਼ ਦੀ ਕਿਤਾਬ 9:1-11 ਪੜ੍ਹੋ। ਆਓ ਅਸੀਂ ਹੁਣ ਚੌਥੇ ਕਾਰਨ ʼਤੇ ਗੌਰ ਕਰੀਏ। ਪਹਿਲਾਂ ਅਸੀਂ ਸੋਚਦੇ ਸੀ ਕਿ ਯੋਏਲ ਵੱਲੋਂ ਜ਼ਿਕਰ ਕੀਤੀ ਗਈ ਟਿੱਡੀਆਂ ਦੀ ਬਵਾ ਸਾਡੇ ਪ੍ਰਚਾਰ ਕੰਮ ਨੂੰ ਦਰਸਾਉਂਦੀ ਸੀ ਕਿਉਂਕਿ ਇਸੇ ਤਰ੍ਹਾਂ ਦੀ ਭਵਿੱਖਬਾਣੀ ਪ੍ਰਕਾਸ਼ ਦੀ ਕਿਤਾਬ ਵਿਚ ਵੀ ਕੀਤੀ ਗਈ ਹੈ। ਇਸ ਭਵਿੱਖਬਾਣੀ ਵਿਚ ਟਿੱਡੀਆਂ ਦੇ ਦਲ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਦੇ ਚਿਹਰੇ ਇਨਸਾਨਾਂ ਜਿਹੇ ਅਤੇ “ਸਿਰਾਂ ʼਤੇ ਸੋਨੇ ਦੇ ਮੁਕਟ ਜਿਹੇ” ਹਨ। (ਪ੍ਰਕਾ. 9:7) ਉਹ “ਉਨ੍ਹਾਂ ਇਨਸਾਨਾਂ [ਯਾਨੀ ਪਰਮੇਸ਼ੁਰ ਦੇ ਦੁਸ਼ਮਣਾਂ]” ਨੂੰ ਨੁਕਸਾਨ ਪਹੁੰਚਾਉਂਦੇ ਹਨ “ਜਿਨ੍ਹਾਂ ਦੇ ਮੱਥੇ ਉੱਤੇ ਪਰਮੇਸ਼ੁਰ ਦੀ ਮੁਹਰ ਨਹੀਂ ਲੱਗੀ।” ਇਨ੍ਹਾਂ ਨੂੰ ਪੰਜ ਮਹੀਨਿਆਂ ਤਕ ਨੁਕਸਾਨ ਪਹੁੰਚਾਇਆ ਗਿਆ ਜੋ ਕਿ ਟਿੱਡੀਆਂ ਦੀ ਕੁੱਲ ਉਮਰ ਦੇ ਬਰਾਬਰ ਹੈ। (ਪ੍ਰਕਾ. 9:4, 5) ਲੱਗਦਾ ਹੈ ਕਿ ਪ੍ਰਕਾਸ਼ ਦੀ ਕਿਤਾਬ ਵਿਚ ਯਹੋਵਾਹ ਦੇ ਚੁਣੇ ਹੋਏ ਸੇਵਕਾਂ ਦੀ ਗੱਲ ਕੀਤੀ ਗਈ ਹੈ। ਉਹ ਇਸ ਦੁਸ਼ਟ ਦੁਨੀਆਂ ਦੇ ਖ਼ਿਲਾਫ਼ ਦਲੇਰੀ ਨਾਲ ਪਰਮੇਸ਼ੁਰ ਦੇ ਨਿਆਂ ਦਾ ਸੰਦੇਸ਼ ਸੁਣਾਉਂਦੇ ਹਨ ਜਿਸ ਕਰਕੇ ਇਸ ਦੁਨੀਆਂ ਦਾ ਪੱਖ ਲੈਣ ਵਾਲੇ ਲੋਕ ਘਬਰਾ ਜਾਂਦੇ ਹਨ।
9. ਯੋਏਲ ਅਤੇ ਯੂਹੰਨਾ ਵੱਲੋਂ ਜ਼ਿਕਰ ਕੀਤੀਆਂ ਟਿੱਡੀਆਂ ਵਿਚ ਕਿਹੜੇ ਅਹਿਮ ਫ਼ਰਕ ਹਨ?
9 ਇਹ ਸੱਚ ਹੈ ਕਿ ਪ੍ਰਕਾਸ਼ ਦੀ ਕਿਤਾਬ ਅਤੇ ਯੋਏਲ ਦੀ ਭਵਿੱਖਬਾਣੀ ਵਿਚ ਕਾਫ਼ੀ ਗੱਲਾਂ ਮਿਲਦੀਆਂ-ਜੁਲਦੀਆਂ ਹਨ। ਪਰ ਇਨ੍ਹਾਂ ਵਿਚ ਅਹਿਮ ਫ਼ਰਕ ਵੀ ਹਨ। ਧਿਆਨ ਦਿਓ ਯੋਏਲ ਦੀ ਭਵਿੱਖਬਾਣੀ ਵਿਚ ਟਿੱਡੀਆਂ ਪੇੜ-ਪੌਦਿਆਂ ਨੂੰ ਚੱਟ ਕਰ ਦਿੰਦੀਆਂ ਹਨ। (ਯੋਏ. 1:4, 6, 7) ਪਰ ਯੂਹੰਨਾ ਦੇ ਦਰਸ਼ਣ ਵਿਚ ਟਿੱਡੀਆਂ ਨੂੰ ਕਿਹਾ ਗਿਆ ਕਿ ਉਹ ‘ਪੇੜ-ਪੌਦਿਆਂ ਨੂੰ ਨੁਕਸਾਨ ਨਾ ਪਹੁੰਚਾਉਣ।’ (ਪ੍ਰਕਾ. 9:4) ਯੋਏਲ ਨੇ ਟਿੱਡੀਆਂ ਨੂੰ ਉੱਤਰ ਵੱਲੋਂ ਆਉਂਦੇ ਦੇਖਿਆ। (ਯੋਏ. 2:20) ਪਰ ਯੂਹੰਨਾ ਵੱਲੋਂ ਦੇਖੀਆਂ ਟਿੱਡੀਆਂ ਅਥਾਹ ਕੁੰਡ ਵਿੱਚੋਂ ਆਈਆਂ ਸਨ। (ਪ੍ਰਕਾ. 9:2, 3) ਯੋਏਲ ਨੇ ਜਿਨ੍ਹਾਂ ਟਿੱਡੀਆਂ ਦਾ ਜ਼ਿਕਰ ਕੀਤਾ ਉਨ੍ਹਾਂ ਨੂੰ ਦੂਰ ਧੱਕਿਆ ਗਿਆ ਸੀ। ਪਰ ਪ੍ਰਕਾਸ਼ ਦੀ ਕਿਤਾਬ ਵਿਚ ਜ਼ਿਕਰ ਕੀਤੀਆਂ ਟਿੱਡੀਆਂ ਨੂੰ ਦੂਰ ਨਹੀਂ ਧੱਕਿਆ ਗਿਆ, ਸਗੋਂ ਉਨ੍ਹਾਂ ਨੂੰ ਆਪਣਾ ਕੰਮ ਖ਼ਤਮ ਕਰਨ ਦਿੱਤਾ ਗਿਆ। ਬਾਈਬਲ ਤੋਂ ਇਸ ਗੱਲ ਦਾ ਕੋਈ ਸੰਕੇਤ ਨਹੀਂ ਮਿਲਦਾ ਕਿ ਯਹੋਵਾਹ ਉਨ੍ਹਾਂ ਤੋਂ ਖ਼ੁਸ਼ ਨਹੀਂ ਹੈ।—“ਟਿੱਡੀਆਂ ਬਾਰੇ ਭਵਿੱਖਬਾਣੀਆਂ ਵਿਚ ਅਹਿਮ ਫ਼ਰਕ” ਨਾਂ ਦੀ ਡੱਬੀ ਦੇਖੋ।
10. ਬਾਈਬਲ ਤੋਂ ਇਕ ਮਿਸਾਲ ਦਿਓ ਜਿਸ ਤੋਂ ਪਤਾ ਲੱਗਦਾ ਹੈ ਕਿ ਯੋਏਲ ਅਤੇ ਯੂਹੰਨਾ ਦੁਆਰਾ ਦੱਸੀਆਂ ਟਿੱਡੀਆਂ ਵੱਖੋ-ਵੱਖਰੀਆਂ ਚੀਜ਼ਾਂ ਨੂੰ ਦਰਸਾ ਸਕਦੀਆਂ ਹਨ।
10 ਜਿੱਦਾਂ ਅਸੀਂ ਦੇਖਿਆ ਹੈ ਕਿ ਇਨ੍ਹਾਂ ਦੋਵਾਂ ਭਵਿੱਖਬਾਣੀਆਂ ਵਿਚ ਅਹਿਮ ਫ਼ਰਕ ਹਨ। ਇਸ ਕਰਕੇ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਇਨ੍ਹਾਂ ਦਾ ਆਪਸ ਵਿਚ ਕੋਈ ਸੰਬੰਧ ਨਹੀਂ ਹੈ। ਯੋਏਲ ਦੀ ਕਿਤਾਬ ਵਿਚ ਦੱਸੀਆਂ ਟਿੱਡੀਆਂ ਤੇ ਪ੍ਰਕਾਸ਼ ਦੀ ਕਿਤਾਬ ਵਿਚ ਦੱਸੀਆਂ ਟਿੱਡੀਆਂ ਇੱਕੋ ਚੀਜ਼ ਨੂੰ ਨਹੀਂ ਦਰਸਾਉਂਦੀਆਂ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਬਾਈਬਲ ਵਿਚ ਇਕ ਚੀਜ਼ ਕਈ ਚੀਜ਼ਾਂ ਨੂੰ ਦਰਸਾ ਸਕਦੀ ਹੈ। ਮਿਸਾਲ ਲਈ, ਪ੍ਰਕਾਸ਼ ਦੀ ਕਿਤਾਬ 5:5 ਵਿਚ ਯਿਸੂ ਨੂੰ “ਸ਼ੇਰ” ਕਿਹਾ ਗਿਆ ਹੈ “ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ” ਜਦ ਕਿ 1 ਪਤਰਸ 5:8 ਵਿਚ ਸ਼ੈਤਾਨ ਨੂੰ ‘ਗਰਜਦਾ ਸ਼ੇਰ’ ਕਿਹਾ ਗਿਆ ਹੈ। ਅਸੀਂ ਚਾਰ ਕਾਰਨ ਦੇਖੇ ਹਨ ਕਿ ਯੋਏਲ ਦੀ ਭਵਿੱਖਬਾਣੀ ਬਾਰੇ ਅਸੀਂ ਜੋ ਮੰਨਦੇ ਸੀ, ਉਹ ਸਹੀ ਨਹੀਂ ਹੈ। ਫਿਰ ਸਵਾਲ ਖੜ੍ਹਾ ਹੁੰਦਾ ਹੈ ਕਿ ਯੋਏਲ ਦੀ ਭਵਿੱਖਬਾਣੀ ਦੀ ਸਹੀ ਸਮਝ ਕੀ ਹੈ?
ਯੋਏਲ ਦੀ ਭਵਿੱਖਬਾਣੀ ਦਾ ਕੀ ਮਤਲਬ ਹੈ?
11. ਯੋਏਲ 1:6 ਅਤੇ 2:1, 8, 11 ਤੋਂ ਸਾਡੀ ਇਹ ਸਮਝਣ ਵਿਚ ਕਿਵੇਂ ਮਦਦ ਹੁੰਦੀ ਹੈ ਕਿ ਟਿੱਡੀਆਂ ਕੌਣ ਹਨ?
11 ਯੋਏਲ ਦੀ ਭਵਿੱਖਬਾਣੀ ਦੀਆਂ ਅਗਲੀਆਂ-ਪਿਛਲੀਆਂ ਆਇਤਾਂ ਦੀ ਜਾਂਚ ਕਰ ਕੇ ਸਾਨੂੰ ਪਤਾ ਲੱਗਦਾ ਹੈ ਕਿ ਨਬੀ ਇਕ ਫ਼ੌਜੀ ਹਮਲੇ ਬਾਰੇ ਭਵਿੱਖਬਾਣੀ ਕਰ ਰਿਹਾ ਸੀ। ਯੋਏਲ 1:6; 2:1, 8, 11 ਤੋਂ ਪਤਾ ਲੱਗਦਾ ਹੈ ਕਿ ਟਿੱਡੀਆਂ ਬਾਬਲੀਆਂ ਦੀ “ਵੱਡੀ ਫੌਜ” ਨੂੰ ਦਰਸਾਉਂਦੀਆਂ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਅਣਆਗਿਆਕਾਰ ਇਜ਼ਰਾਈਲੀਆਂ ਨੂੰ ਸਜ਼ਾ ਦੇਣ ਲਈ ਵਰਤਣਾ ਸੀ। (ਯੋਏ. 2:25) ਹਮਲਾ ਕਰਨ ਵਾਲੀ ਫ਼ੌਜ ਨੂੰ “ਉੱਤਰ ਵਾਲੇ” ਕਹਿਣਾ ਸਹੀ ਹੈ ਕਿਉਂਕਿ ਬਾਬਲੀਆਂ ਨੇ ਇਜ਼ਰਾਈਲ ʼਤੇ ਉੱਤਰ ਵੱਲੋਂ ਹਮਲਾ ਕਰਨਾ ਸੀ। (ਯੋਏ. 2:20) ਇਹ ਫ਼ੌਜ ਟਿੱਡੀਆਂ ਦੇ ਦਲ ਵਾਂਗ ਸੰਗਠਿਤ ਸੀ। ਉਨ੍ਹਾਂ ਬਾਰੇ ਯੋਏਲ ਨੇ ਕਿਹਾ: “ਹਰੇਕ [ਫ਼ੌਜੀ] ਆਪਣੇ ਰਾਹ ਉੱਤੇ ਤੁਰਦਾ ਹੈ . . . ਉਹ ਸ਼ਹਿਰ ਉੱਤੇ ਕੁੱਦ ਪੈਂਦੇ ਹਨ, ਓਹ ਕੰਧ ਉੱਤੇ ਦੌੜਦੇ ਹਨ, ਓਹ ਘਰਾਂ ਵਿੱਚ ਚੜ੍ਹ ਜਾਂਦੇ ਹਨ, ਓਹ ਖਿੜਕੀਆਂ ਥਾਣੀ ਚੋਰ ਵਾਂਙੁ ਜਾ ਵੜਦੇ ਹਨ!” (ਯੋਏ. 2:8, 9) ਕਲਪਨਾ ਕਰੋ: ਹਰ ਪਾਸੇ ਫ਼ੌਜੀ ਹੀ ਫ਼ੌਜੀ ਹਨ। ਲੁਕਣ ਦੀ ਕੋਈ ਥਾਂ ਨਹੀਂ। ਕੋਈ ਵੀ ਬਾਬਲੀਆਂ ਦੀ ਤਲਵਾਰ ਤੋਂ ਨਹੀਂ ਬਚ ਸਕਦਾ!
12. ਟਿੱਡੀਆਂ ਬਾਰੇ ਕੀਤੀ ਯੋਏਲ ਦੀ ਭਵਿੱਖਬਾਣੀ ਕਿਵੇਂ ਪੂਰੀ ਹੋਈ?
12 ਟਿੱਡੀਆਂ ਵਾਂਗ ਬਾਬਲੀਆਂ (ਜਾਂ ਕਸਦੀਆਂ) ਨੇ 607 ਈਸਵੀ ਪੂਰਵ ਵਿਚ ਯਰੂਸ਼ਲਮ ʼਤੇ ਹਮਲਾ ਕੀਤਾ। ਬਾਈਬਲ ਕਹਿੰਦੀ ਹੈ: ‘ਕਸਦੀਆਂ ਦੇ ਪਾਤਸ਼ਾਹ ਨੇ ਉਨ੍ਹਾਂ ਦੇ ਜੁਆਨਾਂ ਨੂੰ ਤਲਵਾਰ ਨਾਲ ਵੱਢ ਸੁੱਟਿਆ, ਅਤੇ ਉਹ ਨੇ ਨਾ ਜੁਆਨ ਨਾ ਕੁਆਰੀ, ਨਾ ਬੁਢਾ ਨਾ ਵੱਡੀ ਉਮਰ ਵਾਲੇ ਉੱਤੇ ਤਰਸ ਖਾਧਾ, ਉਹ ਨੇ ਸਾਰਿਆਂ ਨੂੰ ਉਸ ਦੇ ਹੱਥ ਵਿੱਚ ਦੇ ਦਿੱਤਾ। ਅਤੇ ਉਹ ਨੇ ਪਰਮੇਸ਼ੁਰ ਦੇ ਭਵਨ ਨੂੰ ਸਾੜ ਦਿੱਤਾ ਅਤੇ ਯਰੂਸ਼ਲਮ ਦੀ ਕੰਧ ਨੂੰ ਢਾਹ ਸੁੱਟਿਆ ਅਤੇ ਉਹ ਦੇ ਸਾਰੇ ਮਹਿਲ ਅੱਗ ਨਾਲ ਸਾੜ ਦਿੱਤੇ, ਅਤੇ ਉਹ ਦੇ ਸਾਰੇ ਬਹੁ ਮੁੱਲੇ ਭਾਂਡਿਆਂ ਨੂੰ ਬਰਬਾਦ ਕੀਤਾ।’ (2 ਇਤਿ. 36:17, 19) ਜਦੋਂ ਬਾਬਲੀਆਂ ਨੇ ਯਰੂਸ਼ਲਮ ਨੂੰ ਤਬਾਹ ਕਰ ਦਿੱਤਾ, ਤਾਂ ਦੇਖਣ ਵਾਲਿਆਂ ਨੇ ਸਿਰਫ਼ ਇਹੀ ਕਿਹਾ: “ਏਹ ਵਿਰਾਨ ਹੈ, ਇਹ ਦੇ ਵਿੱਚ ਆਦਮ ਅਤੇ ਡੰਗਰ ਨਹੀਂ। ਏਹ ਕਸਦੀਆਂ ਦੇ ਹੱਥ ਵਿੱਚ ਦਿੱਤਾ ਗਿਆ ਹੈ।”—ਯਿਰ. 32:43.
13. ਯਿਰਮਿਯਾਹ 16:16, 18 ਦਾ ਮਤਲਬ ਸਮਝਾਓ।
13 ਯੋਏਲ ਦੀ ਭਵਿੱਖਬਾਣੀ ਤੋਂ ਲਗਭਗ 200 ਸਾਲ ਬਾਅਦ ਯਹੋਵਾਹ ਨੇ ਯਿਰਮਿਯਾਹ ਦੇ ਜ਼ਰੀਏ ਇਸ ਹਮਲੇ ਬਾਰੇ ਹੋਰ ਕੁਝ ਦੱਸਿਆ। ਯਹੋਵਾਹ ਨੇ ਕਿਹਾ ਕਿ ਹਮਲਾਵਰ ਦੁਸ਼ਟ ਕੰਮ ਕਰਨ ਵਾਲੇ ਇਜ਼ਰਾਈਲੀਆਂ ਨੂੰ ਲੱਭਣਗੇ ਅਤੇ ਉਨ੍ਹਾਂ ਨੂੰ ਫੜ ਲੈਣਗੇ। “ਵੇਖ ਮੈਂ ਬਹੁਤ ਸਾਰੇ ਮਾਛੀਆਂ ਨੂੰ ਘੱਲਾਂਗਾ, ਯਹੋਵਾਹ ਦਾ ਵਾਕ ਹੈ। ਓਹ ਓਹਨਾਂ ਨੂੰ ਫੜਨਗੇ ਅਤੇ ਏਸ ਦੇ ਪਿੱਛੋਂ ਮੈਂ ਬਹੁਤ ਸਾਰੇ ਸ਼ਿਕਾਰੀਆਂ ਨੂੰ ਘੱਲਾਂਗਾ, ਓਹ ਓਹਨਾਂ ਨੂੰ ਹਰ ਪਹਾੜ ਤੋਂ, ਹਰ ਟਿੱਲੇ ਤੋਂ ਅਤੇ ਚਟਾਨਾਂ ਦੀਆਂ ਤੇੜਾਂ ਵਿੱਚੋਂ ਸ਼ਿਕਾਰ ਕਰਨਗੇ। ਮੈਂ . . . ਓਹਨਾਂ ਦੀ ਬਦੀ ਅਤੇ ਓਹਨਾਂ ਦੇ ਪਾਪ ਦਾ ਦੂਣਾ ਵੱਟਾ ਦਿਆਂਗਾ।” ਤੋਬਾ ਨਾ ਕਰਨ ਵਾਲੇ ਇਜ਼ਰਾਈਲੀਆਂ ਨੂੰ ਨਾ ਤਾਂ ਸਮੁੰਦਰ ਤੇ ਨਾ ਹੀ ਜੰਗਲ, ਬਾਬਲੀਆਂ ਦੇ ਹੱਥੋਂ ਬਚਾ ਸਕਦੇ ਸਨ।—ਯਿਰ. 16:16, 18.
ਖ਼ੁਸ਼ ਖ਼ਬਰੀ
14. ਯੋਏਲ 2:28, 29 ਦੀ ਭਵਿੱਖਬਾਣੀ ਕਦੋਂ ਪੂਰੀ ਹੋਈ?
14 ਯਰੂਸ਼ਲਮ ਦੇ ਨਾਸ਼ ਬਾਰੇ ਦੱਸਣ ਤੋਂ ਪਹਿਲਾਂ ਯੋਏਲ ਇਕ ਖ਼ੁਸ਼ ਖ਼ਬਰੀ ਸੁਣਾਉਂਦਾ ਹੈ। ਦੇਸ਼ ਫਿਰ ਤੋਂ ਹਰਿਆ-ਭਰਿਆ ਹੋ ਜਾਵੇਗਾ। (ਯੋਏ. 2:23-26) ਫਿਰ ਭਵਿੱਖ ਵਿਚ ਇਕ ਸਮੇਂ ʼਤੇ ਭਰਪੂਰ ਮਾਤਰਾ ਵਿਚ ਸੱਚਾਈ ਦਾ ਗਿਆਨ ਮਿਲਣਾ ਸੀ। ਯਹੋਵਾਹ ਕਹਿੰਦਾ ਹੈ: “ਮੈਂ ਆਪਣਾ ਆਤਮਾ [“ਪਵਿੱਤਰ ਸ਼ਕਤੀ,” NW] ਸਾਰੇ ਸਰੀਰਾਂ ਉੱਤੇ ਵਹਾਵਾਂਗਾ, ਅਤੇ ਤੁਹਾਡੇ ਪੁੱਤ੍ਰ ਅਰ ਤੁਹਾਡੀਆਂ ਧੀਆਂ ਅਗੰਮ ਵਾਕ ਕਰਨਗੇ, . . . ਨਾਲੇ ਮੈਂ ਦਾਸਾਂ ਅਰ ਦਾਸੀਆਂ ਉੱਤੇ, ਉਨ੍ਹੀਂ ਦਿਨੀਂ ਆਪਣਾ ਆਤਮਾ [“ਪਵਿੱਤਰ ਸ਼ਕਤੀ,” NW] ਵਹਾਵਾਂਗਾ।” (ਯੋਏ. 2:28, 29) ਇਹ ਭਵਿੱਖਬਾਣੀ ਇਜ਼ਰਾਈਲੀਆਂ ਦੇ ਵਾਪਸ ਆਉਣ ਤੋਂ ਇਕਦਮ ਬਾਅਦ ਨਹੀਂ, ਸਗੋਂ ਸਦੀਆਂ ਬਾਅਦ ਪੂਰੀ ਹੋਈ। ਯਹੋਵਾਹ ਨੇ ਪੰਤੇਕੁਸਤ 33 ਈਸਵੀ ਵਿਚ ਆਪਣੇ ਲੋਕਾਂ ʼਤੇ ਪਵਿੱਤਰ ਸ਼ਕਤੀ ਪਾਈ ਸੀ। ਅਸੀਂ ਇਹ ਗੱਲ ਕਿਵੇਂ ਜਾਣਦੇ ਹਾਂ?
15. ਪਤਰਸ ਨੇ ਯੋਏਲ 2:28 ਦਾ ਹਵਾਲਾ ਦਿੰਦਿਆਂ ਰਸੂਲਾਂ ਦੇ ਕੰਮ 2:16, 17 ਵਿਚ ਕੀ ਤਬਦੀਲੀ ਕੀਤੀ ਅਤੇ ਇਸ ਤੋਂ ਕੀ ਪਤਾ ਲੱਗਦਾ ਹੈ?
15 ਪੰਤੇਕੁਸਤ 33 ਈਸਵੀ ਵਾਲੇ ਦਿਨ ਸਵੇਰੇ ਲਗਭਗ 9 ਵਜੇ ਇਕ ਅਨੋਖੀ ਘਟਨਾ ਵਾਪਰੀ। ਪਰਮੇਸ਼ੁਰ ਨੇ ਆਪਣੇ ਕੁਝ ਲੋਕਾਂ ʼਤੇ ਪਵਿੱਤਰ ਸ਼ਕਤੀ ਪਾਈ ਤੇ ਉਨ੍ਹਾਂ ਨੇ “ਪਰਮੇਸ਼ੁਰ ਦੇ ਸ਼ਾਨਦਾਰ ਕੰਮਾਂ ਬਾਰੇ” ਬੋਲਣਾ ਸ਼ੁਰੂ ਕੀਤਾ। (ਰਸੂ. 2:11) ਉਸ ਸਮੇਂ ਪਤਰਸ ਨੇ ਪਵਿੱਤਰ ਸ਼ਕਤੀ ਅਧੀਨ ਕਿਹਾ ਕਿ ਇਸ ਘਟਨਾ ਨਾਲ ਯੋਏਲ 2:28, 29 ਦੀ ਭਵਿੱਖਬਾਣੀ ਪੂਰੀ ਹੋਈ ਹੈ। ਪਰ ਪਤਰਸ ਨੇ ਯੋਏਲ ਦੀ ਭਵਿੱਖਬਾਣੀ ਦਾ ਹਵਾਲਾ ਦਿੰਦੇ ਸਮੇਂ ਰਸੂਲਾਂ ਦੇ ਕੰਮ 2:16, 17 (ਪੜ੍ਹੋ।) ਵਿਚ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਅਧੀਨ ਕੁਝ ਅਲੱਗ ਸ਼ਬਦ ਵਰਤੇ। ਕੀ ਤੁਸੀਂ ਗੌਰ ਕੀਤਾ? ਪਤਰਸ ਨੇ ਆਪਣੀ ਗੱਲ “ਏਹ ਦੇ ਮਗਰੋਂ” ਸ਼ਬਦਾਂ ਨਾਲ ਸ਼ੁਰੂ ਕਰਨ ਦੀ ਬਜਾਇ “ਆਖ਼ਰੀ ਦਿਨਾਂ ਵਿਚ” ਸ਼ਬਦਾਂ ਨਾਲ ਸ਼ੁਰੂ ਕੀਤੀ। ਇਨ੍ਹਾਂ ਆਇਤਾਂ ਵਿਚ ‘ਆਖ਼ਰੀ ਦਿਨ’ ਯਰੂਸ਼ਲਮ ਅਤੇ ਉਸ ਦੇ ਮੰਦਰ ਨੂੰ ਤਬਾਹ ਹੋਣ ਤੋਂ ਪਹਿਲਾਂ ਦੇ ਦਿਨਾਂ ਨੂੰ ਦਰਸਾਉਂਦੇ ਸਨ। ਉਸ ਸਮੇਂ ਪਰਮੇਸ਼ੁਰ ਨੇ “ਹਰ ਤਰ੍ਹਾਂ ਦੇ ਲੋਕਾਂ ਉੱਤੇ” ਪਵਿੱਤਰ ਸ਼ਕਤੀ ਪਾਈ। ਇਸ ਤੋਂ ਪਤਾ ਲੱਗਦਾ ਹੈ ਕਿ ਯੋਏਲ ਦੀ ਭਵਿੱਖਬਾਣੀ ਪੂਰੀ ਹੋਣ ਤੋਂ ਪਹਿਲਾਂ ਕਾਫ਼ੀ ਸਮਾਂ ਬੀਤ ਗਿਆ ਸੀ।
16. (ੳ) ਪਹਿਲੀ ਸਦੀ ਵਿਚ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦਾ ਪ੍ਰਚਾਰ ਦੇ ਕੰਮ ʼਤੇ ਕੀ ਅਸਰ ਪਿਆ? (ਅ) ਅੱਜ ਇਸ ਦਾ ਕੀ ਅਸਰ ਪੈ ਰਿਹਾ ਹੈ?
16 ਪਹਿਲੀ ਸਦੀ ਵਿਚ ਪਰਮੇਸ਼ੁਰ ਤੋਂ ਪਵਿੱਤਰ ਸ਼ਕਤੀ ਮਿਲਣ ਤੋਂ ਬਾਅਦ ਮਸੀਹੀਆਂ ਨੇ ਵੱਡੇ ਪੱਧਰ ʼਤੇ ਪ੍ਰਚਾਰ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਪੌਲੁਸ ਰਸੂਲ ਨੇ ਲਗਭਗ 61 ਈਸਵੀ ਵਿਚ ਕੁਲੁੱਸੀਆਂ ਨੂੰ ਚਿੱਠੀ ਲਿਖੀ, ਤਾਂ ਉਸ ਨੇ ਕਿਹਾ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ “ਆਕਾਸ਼ ਹੇਠ ਪੂਰੀ ਦੁਨੀਆਂ ਵਿਚ ਕੀਤਾ ਗਿਆ ਸੀ।” (ਕੁਲੁ. 1:23) ਪੌਲੁਸ ਨੇ ਜਦੋਂ “ਪੂਰੀ ਦੁਨੀਆਂ” ਕਿਹਾ, ਤਾਂ ਉਸ ਦਾ ਮਤਲਬ ਸੀ ਜਿੱਥੋਂ ਤਕ ਉਹ ਅਤੇ ਦੂਸਰੇ ਮਸੀਹੀ ਜਾ ਸਕਦੇ ਸਨ। ਯਹੋਵਾਹ ਦੀ ਜ਼ਬਰਦਸਤ ਪਵਿੱਤਰ ਸ਼ਕਤੀ ਦੀ ਮਦਦ ਨਾਲ ਸਾਡੇ ਦਿਨਾਂ ਵਿਚ “ਧਰਤੀ ਦੇ ਕੋਨੇ-ਕੋਨੇ” ਤਕ ਪ੍ਰਚਾਰ ਦਾ ਕੰਮ ਕੀਤਾ ਜਾ ਰਿਹਾ ਹੈ।—ਰਸੂ. 13:47; ‘ਮੈਂ ਆਪਣੀ ਪਵਿੱਤਰ ਸ਼ਕਤੀ ਪਾਵਾਂਗਾ’ ਨਾਂ ਦੀ ਡੱਬੀ ਦੇਖੋ।
ਕਿਹੜਾ ਬਦਲਾਅ ਆਇਆ ਹੈ?
17. ਯੋਏਲ ਦੀ ਭਵਿੱਖਬਾਣੀ ਬਾਰੇ ਸਾਡੀ ਸਮਝ ਵਿਚ ਕਿਹੜਾ ਬਦਲਾਅ ਆਇਆ ਹੈ?
17 ਹੁਣ ਸਾਡੇ ਕੋਲ ਯੋਏਲ 2:7-9 ਦੀ ਭਵਿੱਖਬਾਣੀ ਬਾਰੇ ਸਹੀ ਸਮਝ ਹੈ। ਇਹ ਆਇਤਾਂ ਪ੍ਰਚਾਰ ਕੰਮ ਨੂੰ ਨਹੀਂ, ਸਗੋਂ 607 ਈਸਵੀ ਪੂਰਵ ਵਿਚ ਯਰੂਸ਼ਲਮ ਉੱਤੇ ਹਮਲਾ ਕਰਨ ਵਾਲੀ ਬਾਬਲੀ ਫ਼ੌਜ ਨੂੰ ਦਰਸਾਉਂਦੀਆਂ ਹਨ।
18. ਯਹੋਵਾਹ ਦੇ ਲੋਕਾਂ ਬਾਰੇ ਕਿਹੜੀ ਗੱਲ ਨਹੀਂ ਬਦਲੀ?
18 ਕੀ ਨਹੀਂ ਬਦਲਿਆ? ਸਾਡਾ ਪ੍ਰਚਾਰ ਦਾ ਕੰਮ। ਯਹੋਵਾਹ ਦੇ ਲੋਕ ਹਰ ਜਗ੍ਹਾ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਹਰ ਤਰੀਕਾ ਅਪਣਾ ਰਹੇ ਹਨ। (ਮੱਤੀ 24:14) ਸਰਕਾਰ ਵੱਲੋਂ ਲਗਾਈ ਕੋਈ ਵੀ ਪਾਬੰਦੀ ਸਾਨੂੰ ਪ੍ਰਚਾਰ ਕਰਨ ਤੋਂ ਨਹੀਂ ਰੋਕ ਸਕਦੀ। ਨਾਲੇ ਯਹੋਵਾਹ ਦੀ ਮਿਹਰ ਨਾਲ ਹੁਣ ਅਸੀਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜੋਸ਼ ਤੇ ਦਲੇਰੀ ਨਾਲ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਾਂ! ਬਾਈਬਲ ਦੀਆਂ ਭਵਿੱਖਬਾਣੀਆਂ ਬਾਰੇ ਸਹੀ ਸਮਝ ਲੈਣ ਲਈ ਅਸੀਂ ਲਗਾਤਾਰ ਨਿਮਰਤਾ ਨਾਲ ਯਹੋਵਾਹ ਦੀ ਸੇਧ ਭਾਲਦੇ ਰਹਾਂਗੇ ਕਿਉਂਕਿ ਸਾਨੂੰ ਭਰੋਸਾ ਹੈ ਕਿ ਉਹ ਸਹੀ ਸਮੇਂ ʼਤੇ “ਸੱਚਾਈ ਨੂੰ ਚੰਗੀ ਤਰ੍ਹਾਂ ਸਮਝਣ ਵਿਚ” ਸਾਡੀ ਮਦਦ ਕਰੇਗਾ।—ਯੂਹੰ. 16:13.
ਗੀਤ 48 ਰੋਜ਼ ਯਹੋਵਾਹ ਦੇ ਅੰਗ-ਸੰਗ ਚੱਲੋ
a ਬਹੁਤ ਸਾਲਾਂ ਤੋਂ ਅਸੀਂ ਇਹ ਮੰਨਦੇ ਆਏ ਹਾਂ ਕਿ ਯੋਏਲ ਅਧਿਆਇ 1 ਅਤੇ 2 ਵਿਚ ਦਰਜ ਭਵਿੱਖਬਾਣੀ ਸਾਡੇ ਪ੍ਰਚਾਰ ਕੰਮ ਬਾਰੇ ਹੈ ਜੋ ਅੱਜ ਪੂਰੀ ਹੋ ਰਹੀ ਹੈ। ਪਰ ਲੱਗਦਾ ਹੈ ਕਿ ਇਸ ਭਵਿੱਖਬਾਣੀ ਬਾਰੇ ਸਾਡੀ ਸਮਝ ਵਿਚ ਤਬਦੀਲੀ ਕਰਨ ਦੀ ਲੋੜ ਹੈ। ਇਸ ਤਰ੍ਹਾਂ ਕਰਨ ਦੇ ਚਾਰ ਕਾਰਨ ਹਨ। ਇਹ ਕਾਰਨ ਕੀ ਹਨ?
b ਮਿਸਾਲ ਲਈ, 15 ਅਪ੍ਰੈਲ 2009 ਦੇ ਪਹਿਰਾਬੁਰਜ ਵਿਚ “ਸ੍ਰਿਸ਼ਟੀ ਵਿਚ ਯਹੋਵਾਹ ਦੀ ਬੁੱਧ ਝਲਕਦੀ ਹੈ” ਨਾਂ ਦੇ ਲੇਖ ਦੇ ਪੈਰੇ 14-16 ਦੇਖੋ।