ਚੌਥੀ ਕਿਤਾਬ
(ਜ਼ਬੂਰ 90-106)
ਸੱਚੇ ਪਰਮੇਸ਼ੁਰ ਦੇ ਭਗਤ ਮੂਸਾ+ ਦੀ ਪ੍ਰਾਰਥਨਾ।
90 ਹੇ ਯਹੋਵਾਹ, ਤੂੰ ਪੀੜ੍ਹੀਓ-ਪੀੜ੍ਹੀ ਸਾਡੀ ਪਨਾਹ+ ਰਿਹਾ ਹੈਂ।
2 ਇਸ ਤੋਂ ਪਹਿਲਾਂ ਕਿ ਪਹਾੜ ਪੈਦਾ ਹੋਏ
ਜਾਂ ਤੂੰ ਧਰਤੀ ਅਤੇ ਉਪਜਾਊ ਜ਼ਮੀਨ ਨੂੰ ਜਨਮ ਦਿੱਤਾ,+
ਤੂੰ ਹਮੇਸ਼ਾ ਤੋਂ ਪਰਮੇਸ਼ੁਰ ਹੈਂ ਅਤੇ ਹਮੇਸ਼ਾ ਰਹੇਂਗਾ।+
3 ਤੂੰ ਮਰਨਹਾਰ ਇਨਸਾਨ ਨੂੰ ਮਿੱਟੀ ਵਿਚ ਮੋੜ ਦਿੰਦਾ ਹੈਂ;
ਤੂੰ ਕਹਿੰਦਾ ਹੈਂ: “ਮਨੁੱਖ ਦੇ ਪੁੱਤਰੋ, ਮਿੱਟੀ ਵਿਚ ਮੁੜ ਜਾਓ।”+
4 ਤੇਰੀਆਂ ਨਜ਼ਰਾਂ ਵਿਚ ਇਕ ਹਜ਼ਾਰ ਸਾਲ ਤਾਂ ਬੀਤ ਚੁੱਕੇ ਕੱਲ੍ਹ ਦੇ ਬਰਾਬਰ ਹਨ,+
ਹਾਂ, ਰਾਤ ਦੇ ਇਕ ਪਹਿਰ ਜਿੰਨੇ ਲੰਬੇ।
5 ਤੂੰ ਉਨ੍ਹਾਂ ਨੂੰ ਰੋੜ੍ਹ ਕੇ ਲੈ ਜਾਂਦਾ ਹੈਂ;+ ਉਹ ਇਕ ਸੁਪਨੇ ਵਾਂਗ ਗਾਇਬ ਹੋ ਜਾਂਦੇ ਹਨ;
ਸਵੇਰ ਨੂੰ ਉਹ ਪੁੰਗਰੇ ਹੋਏ ਘਾਹ ਵਾਂਗ ਹੁੰਦੇ ਹਨ।+
6 ਸਵੇਰ ਨੂੰ ਘਾਹ ਵਧਦਾ-ਫੁੱਲਦਾ ਅਤੇ ਲਹਿਲਹਾਉਂਦਾ ਹੈ,
ਪਰ ਸ਼ਾਮ ਹੁੰਦੇ-ਹੁੰਦੇ ਮੁਰਝਾ ਕੇ ਸੁੱਕ ਜਾਂਦਾ ਹੈ।+
7 ਅਸੀਂ ਤੇਰੇ ਗੁੱਸੇ ਦੀ ਅੱਗ ਵਿਚ ਭਸਮ ਹੋ ਜਾਂਦੇ ਹਾਂ+
ਅਤੇ ਤੇਰਾ ਕ੍ਰੋਧ ਦੇਖ ਕੇ ਸਹਿਮ ਜਾਂਦੇ ਹਾਂ।
8 ਤੂੰ ਸਾਡੀਆਂ ਗ਼ਲਤੀਆਂ ਜਾਣਦਾ ਹੈਂ;+
ਤੇਰੇ ਚਿਹਰੇ ਦੇ ਨੂਰ ਵਿਚ ਸਾਡੇ ਭੇਤ ਜ਼ਾਹਰ ਹੋ ਜਾਂਦੇ ਹਨ।+
9 ਤੇਰੇ ਕ੍ਰੋਧ ਦੇ ਕਾਰਨ ਸਾਡੀ ਜ਼ਿੰਦਗੀ ਦੇ ਦਿਨ ਘੱਟ ਜਾਂਦੇ ਹਨ;
ਸਾਡੀ ਜ਼ਿੰਦਗੀ ਦੇ ਸਾਲ ਇਕ ਹਉਕੇ ਵਾਂਗ ਖ਼ਤਮ ਹੋ ਜਾਂਦੇ ਹਨ।
10 ਸਾਡੀ ਉਮਰ 70 ਸਾਲ ਹੁੰਦੀ ਹੈ,
ਜੇ ਅਸੀਂ ਬਹੁਤ ਤਕੜੇ ਹਾਂ, ਤਾਂ 80 ਸਾਲ।+
ਪਰ ਜ਼ਿੰਦਗੀ ਦੁੱਖ ਅਤੇ ਮੁਸੀਬਤਾਂ ਨਾਲ ਭਰੀ ਹੁੰਦੀ ਹੈ;
ਸਾਡੀ ਉਮਰ ਝੱਟ ਲੰਘ ਜਾਂਦੀ ਹੈ ਅਤੇ ਅਸੀਂ ਉਡਾਰੀ ਮਾਰ ਜਾਂਦੇ ਹਾਂ।+
11 ਕੌਣ ਤੇਰੇ ਕ੍ਰੋਧ ਦੀ ਹੱਦ ਨੂੰ ਜਾਣ ਸਕਦਾ ਹੈ?
ਜਿੰਨਾ ਤੇਰਾ ਕ੍ਰੋਧ ਹੈ, ਉੱਨਾ ਹੀ ਸਾਨੂੰ ਤੇਰੇ ਤੋਂ ਡਰਨਾ ਚਾਹੀਦਾ ਹੈ।+
12 ਸਾਨੂੰ ਆਪਣੀ ਜ਼ਿੰਦਗੀ ਦੇ ਦਿਨ ਗਿਣਨੇ ਸਿਖਾ+
ਤਾਂਕਿ ਸਾਡਾ ਦਿਲ ਬੁੱਧੀਮਾਨ ਬਣ ਸਕੇ।
13 ਹੇ ਯਹੋਵਾਹ, ਮੁੜ ਆ!+
ਇਹ ਸਭ ਕੁਝ ਹੋਰ ਕਿੰਨਾ ਚਿਰ ਚੱਲਦਾ ਰਹੇਗਾ?+
ਆਪਣੇ ਸੇਵਕਾਂ ʼਤੇ ਤਰਸ ਖਾਹ।+
14 ਸਵੇਰ ਨੂੰ ਆਪਣੇ ਅਟੱਲ ਪਿਆਰ ਨਾਲ ਸਾਨੂੰ ਸੰਤੁਸ਼ਟ ਕਰ+
ਤਾਂਕਿ ਅਸੀਂ ਜ਼ਿੰਦਗੀ ਭਰ ਖ਼ੁਸ਼ ਰਹੀਏ ਅਤੇ ਜੈ-ਜੈ ਕਾਰ ਕਰੀਏ।+
15 ਸਾਨੂੰ ਉੱਨੀ ਖ਼ੁਸ਼ੀ ਵੀ ਦੇ ਜਿੰਨਾ ਤੂੰ ਸਾਨੂੰ ਦੁੱਖ ਦਿੱਤਾ ਹੈ,+
ਹਾਂ, ਜਿੰਨੇ ਸਾਲ ਅਸੀਂ ਬਿਪਤਾ ਵਿਚ ਕੱਟੇ ਹਨ।+
16 ਤੇਰੇ ਸੇਵਕ ਤੇਰੇ ਕੰਮ ਦੇਖਣ
ਅਤੇ ਉਨ੍ਹਾਂ ਦੇ ਪੁੱਤਰ ਤੇਰੀ ਸ਼ਾਨੋ-ਸ਼ੌਕਤ।+
17 ਸਾਡੇ ਪਰਮੇਸ਼ੁਰ ਯਹੋਵਾਹ ਦੀ ਮਿਹਰ ਸਾਡੇ ʼਤੇ ਰਹੇ;
ਤੂੰ ਸਾਡੇ ਹੱਥਾਂ ਦੇ ਕੰਮਾਂ ʼਤੇ ਬਰਕਤ ਪਾ।
ਹਾਂ, ਸਾਡੇ ਹੱਥਾਂ ਦੇ ਕੰਮਾਂ ʼਤੇ ਬਰਕਤ ਪਾ।+