ਗਲਾਤੀਆਂ ਨੂੰ ਚਿੱਠੀ
2 ਫਿਰ 14 ਸਾਲ ਬਾਅਦ ਮੈਂ ਬਰਨਾਬਾਸ+ ਨਾਲ ਦੁਬਾਰਾ ਯਰੂਸ਼ਲਮ ਗਿਆ ਅਤੇ ਮੈਂ ਤੀਤੁਸ ਨੂੰ ਵੀ ਆਪਣੇ ਨਾਲ ਲੈ ਗਿਆ।+ 2 ਮੈਂ ਪ੍ਰਭੂ ਦੇ ਕਹਿਣ ʼਤੇ ਉੱਥੇ ਗਿਆ ਸੀ। ਉੱਥੇ ਮੈਂ ਸਿਰਫ਼ ਜ਼ਿੰਮੇਵਾਰ ਭਰਾਵਾਂ ਨੂੰ ਹੀ ਉਸ ਖ਼ੁਸ਼ ਖ਼ਬਰੀ ਬਾਰੇ ਦੱਸਿਆ ਜੋ ਮੈਂ ਗ਼ੈਰ-ਯਹੂਦੀ ਕੌਮਾਂ ਨੂੰ ਸੁਣਾ ਰਿਹਾ ਸੀ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਮੈਂ ਜੋ ਪ੍ਰਚਾਰ ਕਰ ਰਿਹਾ ਸੀ ਅਤੇ ਕਰ ਚੁੱਕਾ ਸੀ, ਉਹ ਵਿਅਰਥ ਸਾਬਤ ਹੋਵੇ। 3 ਉਸ ਵੇਲੇ ਤੀਤੁਸ+ ਵੀ ਮੇਰੇ ਨਾਲ ਸੀ। ਭਾਵੇਂ ਉਹ ਯੂਨਾਨੀ ਸੀ, ਫਿਰ ਵੀ ਉੱਥੇ ਉਸ ਨੂੰ ਸੁੰਨਤ ਕਰਾਉਣ ਲਈ ਮਜਬੂਰ ਨਹੀਂ ਕੀਤਾ ਗਿਆ।+ 4 ਸੁੰਨਤ ਦਾ ਮਸਲਾ ਉਨ੍ਹਾਂ ਝੂਠੇ ਭਰਾਵਾਂ ਨੇ ਖੜ੍ਹਾ ਕੀਤਾ ਸੀ ਜੋ ਦੱਬੇ ਪੈਰੀਂ ਮੰਡਲੀ ਵਿਚ ਆ ਵੜੇ ਸਨ।+ ਉਹ ਚੁੱਪ-ਚੁਪੀਤੇ ਸਾਡੀ ਜਾਸੂਸੀ ਕਰਨ ਆਏ ਸਨ ਤਾਂਕਿ ਮਸੀਹ ਯਿਸੂ ਦੇ ਚੇਲੇ ਹੋਣ ਕਰਕੇ ਮਿਲੀ ਆਜ਼ਾਦੀ ਸਾਡੇ ਤੋਂ ਖੋਹ ਲੈਣ+ ਅਤੇ ਸਾਨੂੰ ਪੂਰੀ ਤਰ੍ਹਾਂ ਮੂਸਾ ਦੇ ਕਾਨੂੰਨ ਦੇ ਗ਼ੁਲਾਮ ਬਣਾ ਲੈਣ,+ 5 ਪਰ ਅਸੀਂ ਇਕ ਪਲ* ਲਈ ਵੀ ਉਨ੍ਹਾਂ ਅੱਗੇ ਨਹੀਂ ਝੁਕੇ+ ਤਾਂਕਿ ਖ਼ੁਸ਼ ਖ਼ਬਰੀ ਦੀ ਸੱਚਾਈ ਤੁਹਾਡੇ ਕੋਲ ਹੀ ਰਹੇ।
6 ਪਰ ਜਿਨ੍ਹਾਂ ਭਰਾਵਾਂ ਨੂੰ ਖ਼ਾਸ ਸਮਝਿਆ ਜਾਂਦਾ ਸੀ,+ ਉਨ੍ਹਾਂ ਨੇ ਅਸਲ ਵਿਚ ਮੈਨੂੰ ਕੋਈ ਨਵੀਂ ਗੱਲ ਨਹੀਂ ਦੱਸੀ। (ਉਹ ਪਹਿਲਾਂ ਜੋ ਵੀ ਸਨ, ਇਸ ਨਾਲ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਪਰਮੇਸ਼ੁਰ ਕਿਸੇ ਇਨਸਾਨ ਦਾ ਬਾਹਰੀ ਰੂਪ ਜਾਂ ਰੁਤਬਾ ਨਹੀਂ ਦੇਖਦਾ) 7 ਇਸ ਦੀ ਬਜਾਇ, ਜਦੋਂ ਉਨ੍ਹਾਂ ਨੇ ਦੇਖਿਆ ਕਿ ਮੈਨੂੰ ਗ਼ੈਰ-ਯਹੂਦੀ* ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ,+ ਠੀਕ ਜਿਵੇਂ ਪਤਰਸ ਨੂੰ ਯਹੂਦੀ ਲੋਕਾਂ* ਕੋਲ ਜਾਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ 8 (ਕਿਉਂਕਿ ਜਿਸ ਨੇ ਪਤਰਸ ਨੂੰ ਯਹੂਦੀ ਲੋਕਾਂ ਲਈ ਰਸੂਲ ਹੋਣ ਦਾ ਅਧਿਕਾਰ ਦਿੱਤਾ ਸੀ, ਉਸ ਨੇ ਹੀ ਮੈਨੂੰ ਗ਼ੈਰ-ਯਹੂਦੀ ਲੋਕਾਂ ਲਈ ਰਸੂਲ ਹੋਣ ਦਾ ਅਧਿਕਾਰ ਦਿੱਤਾ ਸੀ)+ 9 ਅਤੇ ਜਦੋਂ ਉਨ੍ਹਾਂ ਨੇ ਦੇਖਿਆ ਕਿ ਪਰਮੇਸ਼ੁਰ ਨੇ ਮੇਰੇ ʼਤੇ ਅਪਾਰ ਕਿਰਪਾ ਕੀਤੀ ਸੀ,+ ਤਾਂ ਯਾਕੂਬ,+ ਕੇਫ਼ਾਸ* ਅਤੇ ਯੂਹੰਨਾ ਨੇ, ਜਿਨ੍ਹਾਂ ਨੂੰ ਮੰਡਲੀ ਦੇ ਥੰਮ੍ਹ ਸਮਝਿਆ ਜਾਂਦਾ ਸੀ, ਮੇਰੇ ਅਤੇ ਬਰਨਾਬਾਸ ਨਾਲ+ ਸੱਜਾ ਹੱਥ ਮਿਲਾ ਕੇ ਦਿਖਾਇਆ ਕਿ ਅਸੀਂ ਸਾਰੇ ਭਾਈਵਾਲ ਹਾਂ ਅਤੇ ਅਸੀਂ ਗ਼ੈਰ-ਯਹੂਦੀਆਂ ਕੋਲ ਜਾਈਏ ਅਤੇ ਉਹ ਯਹੂਦੀਆਂ ਕੋਲ ਜਾਣ। 10 ਉਨ੍ਹਾਂ ਨੇ ਸਿਰਫ਼ ਇਕ ਗੱਲ ਕਹੀ ਸੀ ਕਿ ਅਸੀਂ ਗ਼ਰੀਬ ਭਰਾਵਾਂ ਦਾ ਧਿਆਨ ਰੱਖੀਏ। ਮੈਂ ਜੀ-ਜਾਨ ਨਾਲ ਇਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਹੈ।+
11 ਪਰ ਜਦੋਂ ਕੇਫ਼ਾਸ*+ ਅੰਤਾਕੀਆ+ ਆਇਆ ਸੀ, ਤਾਂ ਮੈਂ ਉਸ ਦੇ ਮੂੰਹ ʼਤੇ ਕਿਹਾ ਕਿ ਉਹ ਬਿਲਕੁਲ ਗ਼ਲਤ ਕਰ ਰਿਹਾ ਸੀ।* 12 ਪਹਿਲਾਂ ਉਹ ਗ਼ੈਰ-ਯਹੂਦੀਆਂ ਨਾਲ ਬੈਠ ਕੇ ਖਾਂਦਾ-ਪੀਂਦਾ ਹੁੰਦਾ ਸੀ,+ ਪਰ ਫਿਰ ਜਦੋਂ ਯਾਕੂਬ ਕੋਲੋਂ ਕੁਝ ਭਰਾ ਆਏ,+ ਤਾਂ ਜਿਨ੍ਹਾਂ ਨੇ ਸੁੰਨਤ ਕਰਵਾਈ ਹੋਈ ਸੀ, ਉਨ੍ਹਾਂ ਤੋਂ ਡਰ ਕੇ ਉਸ ਨੇ ਗ਼ੈਰ-ਯਹੂਦੀਆਂ ਨਾਲ ਖਾਣਾ-ਪੀਣਾ ਛੱਡ ਦਿੱਤਾ ਤੇ ਉਨ੍ਹਾਂ ਤੋਂ ਦੂਰ-ਦੂਰ ਰਹਿਣ ਲੱਗਾ।+ 13 ਉਸ ਨੂੰ ਦੇਖ ਕੇ ਬਾਕੀ ਦੇ ਯਹੂਦੀ ਵੀ ਇਹੀ ਪਖੰਡ ਕਰਨ ਲੱਗ ਪਏ, ਇੱਥੋਂ ਤਕ ਕਿ ਬਰਨਾਬਾਸ ਵੀ ਉਨ੍ਹਾਂ ਦੇ ਪਿੱਛੇ ਲੱਗ ਕੇ ਇਹੋ ਪਖੰਡ ਕਰਨ ਲੱਗ ਪਿਆ। 14 ਪਰ ਜਦੋਂ ਮੈਂ ਦੇਖਿਆ ਕਿ ਉਹ ਖ਼ੁਸ਼ ਖ਼ਬਰੀ ਦੀ ਸੱਚਾਈ ਮੁਤਾਬਕ ਨਹੀਂ ਚੱਲ ਰਹੇ ਸਨ,+ ਤਾਂ ਮੈਂ ਕੇਫ਼ਾਸ* ਨੂੰ ਉਨ੍ਹਾਂ ਸਾਰਿਆਂ ਦੇ ਸਾਮ੍ਹਣੇ ਕਿਹਾ: “ਜੇ ਤੂੰ ਯਹੂਦੀ ਹੁੰਦੇ ਹੋਏ ਯਹੂਦੀਆਂ ਵਾਂਗ ਨਹੀਂ, ਸਗੋਂ ਗ਼ੈਰ-ਯਹੂਦੀਆਂ ਵਾਂਗ ਜੀ ਰਿਹਾ ਹੈਂ, ਤਾਂ ਫਿਰ ਤੂੰ ਗ਼ੈਰ-ਯਹੂਦੀਆਂ ਨੂੰ ਯਹੂਦੀਆਂ ਦੇ ਰੀਤਾਂ-ਰਿਵਾਜਾਂ ਉੱਤੇ ਚੱਲਣ ਲਈ ਕਿਉਂ ਮਜਬੂਰ ਕਰ ਰਿਹਾ ਹੈਂ?”+
15 ਅਸੀਂ ਜੋ ਜਨਮ ਤੋਂ ਯਹੂਦੀ ਹਾਂ ਅਤੇ ਹੋਰ ਪਾਪੀ ਕੌਮਾਂ ਵਰਗੇ ਨਹੀਂ ਹਾਂ, 16 ਇਹ ਗੱਲ ਜਾਣਦੇ ਹਾਂ ਕਿ ਕਿਸੇ ਇਨਸਾਨ ਨੂੰ ਮੂਸਾ ਦੇ ਕਾਨੂੰਨ ਅਨੁਸਾਰ ਕੰਮ ਕਰਨ ਕਰਕੇ ਨਹੀਂ, ਸਗੋਂ ਯਿਸੂ ਮਸੀਹ ʼਤੇ ਨਿਹਚਾ ਕਰਨ ਕਰਕੇ ਹੀ ਧਰਮੀ ਠਹਿਰਾਇਆ ਜਾਂਦਾ ਹੈ।+ ਇਸੇ ਲਈ ਅਸੀਂ ਮਸੀਹ ਯਿਸੂ+ ʼਤੇ ਨਿਹਚਾ ਕਰਦੇ ਹਾਂ ਤਾਂਕਿ ਅਸੀਂ ਮਸੀਹ ʼਤੇ ਨਿਹਚਾ ਕਰਨ ਕਰਕੇ ਧਰਮੀ ਠਹਿਰਾਏ ਜਾ ਸਕੀਏ, ਨਾ ਕਿ ਮੂਸਾ ਦੇ ਕਾਨੂੰਨ ʼਤੇ ਚੱਲਣ ਕਰਕੇ ਕਿਉਂਕਿ ਕਿਸੇ ਵੀ ਇਨਸਾਨ ਨੂੰ ਇਸ ਕਾਨੂੰਨ ਅਨੁਸਾਰ ਕੰਮ ਕਰਨ ਕਰਕੇ ਧਰਮੀ ਨਹੀਂ ਠਹਿਰਾਇਆ ਜਾਵੇਗਾ।+ 17 ਹੁਣ ਅਸੀਂ ਤਾਂ ਮਸੀਹ ਰਾਹੀਂ ਧਰਮੀ ਠਹਿਰਾਏ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਜੇ ਫਿਰ ਵੀ ਸਾਨੂੰ ਪਾਪੀ ਸਮਝਿਆ ਜਾਂਦਾ ਹੈ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਮਸੀਹ ਸਾਨੂੰ ਪਾਪ ਕਰਨ ਲਈ ਉਕਸਾਉਂਦਾ ਹੈ? ਬਿਲਕੁਲ ਨਹੀਂ! 18 ਜੇ ਮੈਂ ਉਨ੍ਹਾਂ ਚੀਜ਼ਾਂ ਨੂੰ ਦੁਬਾਰਾ ਉਸਾਰਾਂ ਜਿਨ੍ਹਾਂ ਨੂੰ ਮੈਂ ਢਾਹ ਚੁੱਕਾ ਹਾਂ, ਤਾਂ ਮੈਂ ਦਿਖਾਉਂਦਾ ਹਾਂ ਕਿ ਮੈਂ ਇਸ ਕਾਨੂੰਨ ਮੁਤਾਬਕ ਗੁਨਾਹਗਾਰ ਹਾਂ। 19 ਇਸ ਕਾਨੂੰਨ ʼਤੇ ਚੱਲ ਕੇ ਮੈਂ ਕਾਨੂੰਨ ਦੀਆਂ ਨਜ਼ਰਾਂ ਵਿਚ ਮਰ ਚੁੱਕਾ ਹਾਂ+ ਤਾਂਕਿ ਮੈਂ ਪਰਮੇਸ਼ੁਰ ਲਈ ਜੀ ਸਕਾਂ। 20 ਮੈਨੂੰ ਹੁਣ ਮਸੀਹ ਨਾਲ ਸੂਲ਼ੀ ʼਤੇ ਟੰਗਿਆ ਗਿਆ ਹੈ।+ ਇਸ ਲਈ ਹੁਣ ਮੈਂ ਆਪਣੇ ਲਈ ਨਹੀਂ ਜੀਉਂਦਾ,+ ਸਗੋਂ ਮੈਂ ਮਸੀਹ ਨਾਲ ਏਕਤਾ ਵਿਚ ਰਹਿ ਕੇ ਜੀਉਂਦਾ ਹਾਂ।* ਵਾਕਈ ਜੋ ਜ਼ਿੰਦਗੀ ਮੈਂ ਹੁਣ ਜੀ ਰਿਹਾ ਹਾਂ, ਉਹ ਮੈਂ ਪਰਮੇਸ਼ੁਰ ਦੇ ਪੁੱਤਰ ਉੱਤੇ ਨਿਹਚਾ ਕਰ ਕੇ ਜੀ ਰਿਹਾ ਹਾਂ+ ਜਿਸ ਨੇ ਮੇਰੇ ਨਾਲ ਪਿਆਰ ਕੀਤਾ ਅਤੇ ਮੇਰੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ ਸੀ।+ 21 ਮੈਂ ਪਰਮੇਸ਼ੁਰ ਦੀ ਅਪਾਰ ਕਿਰਪਾ ਨੂੰ ਨਹੀਂ ਠੁਕਰਾਉਂਦਾ+ ਕਿਉਂਕਿ ਜੇ ਇਨਸਾਨਾਂ ਨੂੰ ਮੂਸਾ ਦੇ ਕਾਨੂੰਨ ਦੇ ਜ਼ਰੀਏ ਧਰਮੀ ਠਹਿਰਾਇਆ ਜਾਂਦਾ ਹੈ, ਤਾਂ ਫਿਰ ਮਸੀਹ ਦੇ ਮਰਨ ਦਾ ਕੋਈ ਫ਼ਾਇਦਾ ਨਹੀਂ ਹੋਇਆ।+