20 ਦਾਖਰਸ ਮਖੌਲ ਉਡਾਉਂਦਾ ਹੈ+ ਅਤੇ ਸ਼ਰਾਬ ਬੇਕਾਬੂ ਕਰ ਦਿੰਦੀ ਹੈ;+
ਜਿਹੜਾ ਇਨ੍ਹਾਂ ਕਰਕੇ ਭਟਕ ਜਾਂਦਾ ਹੈ, ਉਹ ਬੁੱਧੀਮਾਨ ਨਹੀਂ।+
2 ਰਾਜੇ ਦੀ ਦਹਿਸ਼ਤ ਸ਼ੇਰ ਦੀ ਗਰਜ ਵਾਂਗ ਹੈ;+
ਉਸ ਦਾ ਗੁੱਸਾ ਭੜਕਾਉਣ ਵਾਲਾ ਆਪਣੀ ਜਾਨ ਖ਼ਤਰੇ ਵਿਚ ਪਾਉਂਦਾ ਹੈ।+
3 ਝਗੜੇ ਤੋਂ ਦੂਰ ਰਹਿਣਾ ਇਨਸਾਨ ਲਈ ਆਦਰ ਦੀ ਗੱਲ ਹੈ,+
ਪਰ ਹਰੇਕ ਮੂਰਖ ਇਸ ਵਿਚ ਪੈ ਜਾਵੇਗਾ।+
4 ਸਿਆਲ਼ ਵਿਚ ਆਲਸੀ ਹਲ਼ ਨਹੀਂ ਵਾਹੁੰਦਾ,
ਇਸ ਲਈ ਵਾਢੀ ਦੌਰਾਨ ਉਸ ਕੋਲ ਕੁਝ ਨਹੀਂ ਹੋਵੇਗਾ ਤੇ ਉਹ ਭੀਖ ਮੰਗੇਗਾ।+
5 ਆਦਮੀ ਦੇ ਮਨ ਦੇ ਵਿਚਾਰ ਡੂੰਘੇ ਪਾਣੀਆਂ ਵਰਗੇ ਹਨ,
ਪਰ ਸੂਝ-ਬੂਝ ਵਾਲਾ ਇਨਸਾਨ ਉਨ੍ਹਾਂ ਨੂੰ ਬਾਹਰ ਕੱਢ ਲਿਆਉਂਦਾ ਹੈ।
6 ਆਪਣੇ ਅਟੱਲ ਪਿਆਰ ਦਾ ਐਲਾਨ ਕਰਨ ਵਾਲੇ ਬਹੁਤ ਸਾਰੇ ਹਨ,
ਪਰ ਵਫ਼ਾਦਾਰ ਇਨਸਾਨ ਨੂੰ ਕੌਣ ਲੱਭ ਸਕਦਾ ਹੈ?
7 ਧਰਮੀ ਖਰੇ ਰਾਹ ʼਤੇ ਚੱਲਦਾ ਹੈ।+
ਮੁਬਾਰਕ ਹੈ ਉਸ ਦੀ ਔਲਾਦ ਜੋ ਉਸ ਤੋਂ ਬਾਅਦ ਆਵੇਗੀ।+
8 ਜਦੋਂ ਰਾਜਾ ਨਿਆਂ ਕਰਨ ਲਈ ਸਿੰਘਾਸਣ ʼਤੇ ਬੈਠਦਾ ਹੈ,+
ਤਾਂ ਉਹ ਆਪਣੀਆਂ ਨਜ਼ਰਾਂ ਨਾਲ ਸਾਰੀ ਬੁਰਾਈ ਨੂੰ ਛਾਂਟਦਾ ਹੈ।+
9 ਕੌਣ ਕਹਿ ਸਕਦਾ ਹੈ: “ਮੈਂ ਆਪਣੇ ਦਿਲ ਨੂੰ ਸਾਫ਼ ਕੀਤਾ ਹੈ;+
ਮੈਂ ਆਪਣੇ ਪਾਪ ਤੋਂ ਸ਼ੁੱਧ ਹਾਂ”?+
10 ਬੇਈਮਾਨੀ ਦੇ ਵੱਟੇ ਅਤੇ ਝੂਠੇ ਮਾਪ
—ਦੋਹਾਂ ਤੋਂ ਯਹੋਵਾਹ ਨੂੰ ਘਿਣ ਹੈ।+
11 ਬੱਚਾ ਵੀ ਆਪਣੇ ਕੰਮਾਂ ਤੋਂ ਪਛਾਣਿਆ ਜਾਂਦਾ ਹੈ ਕਿ
ਉਸ ਦਾ ਤੌਰ-ਤਰੀਕਾ ਪਵਿੱਤਰ ਅਤੇ ਸਹੀ ਹੈ ਜਾਂ ਨਹੀਂ।+
12 ਸੁਣਨ ਵਾਲਾ ਕੰਨ ਤੇ ਦੇਖਣ ਵਾਲੀ ਅੱਖ
—ਦੋਵੇਂ ਯਹੋਵਾਹ ਨੇ ਬਣਾਏ ਹਨ।+
13 ਨੀਂਦ ਨੂੰ ਪਿਆਰ ਨਾ ਕਰ, ਨਹੀਂ ਤਾਂ ਤੂੰ ਗ਼ਰੀਬ ਹੋ ਜਾਵੇਂਗਾ।+
ਆਪਣੀਆਂ ਅੱਖਾਂ ਖੋਲ੍ਹ ਤੇ ਤੂੰ ਰੱਜ ਕੇ ਰੋਟੀ ਖਾਵੇਂਗਾ।+
14 ਗਾਹਕ ਕਹਿੰਦਾ ਹੈ, “ਇਹ ਤਾਂ ਰੱਦੀ ਹੈ, ਰੱਦੀ!”
ਫਿਰ ਉਹ ਉੱਥੋਂ ਚਲਾ ਜਾਂਦਾ ਹੈ ਅਤੇ ਆਪਣੇ ਬਾਰੇ ਸ਼ੇਖ਼ੀਆਂ ਮਾਰਦਾ ਹੈ।+
15 ਸੋਨਾ ਵੀ ਹੈ ਤੇ ਬਹੁਤ ਸਾਰੇ ਮੂੰਗੇ ਵੀ,
ਪਰ ਗਿਆਨ ਵਾਲੇ ਬੁੱਲ੍ਹ ਜ਼ਿਆਦਾ ਅਨਮੋਲ ਹਨ।+
16 ਉਸ ਆਦਮੀ ਦਾ ਕੱਪੜਾ ਲੈ ਲਾ ਜਿਸ ਨੇ ਕਿਸੇ ਅਜਨਬੀ ਦਾ ਜ਼ਿੰਮਾ ਆਪਣੇ ਸਿਰ ਲਿਆ ਹੈ;+
ਜੇ ਉਸ ਨੇ ਕਿਸੇ ਪਰਦੇਸੀ ਔਰਤ ਕਰਕੇ ਕੁਝ ਗਹਿਣੇ ਰੱਖਿਆ ਹੈ, ਤਾਂ ਉਹ ਮੋੜੀਂ ਨਾ।+
17 ਧੋਖੇ ਦੀ ਰੋਟੀ ਆਦਮੀ ਨੂੰ ਸੁਆਦ ਲੱਗਦੀ ਹੈ,
ਪਰ ਬਾਅਦ ਵਿਚ ਉਸ ਦਾ ਮੂੰਹ ਕੰਕਰਾਂ ਨਾਲ ਭਰ ਜਾਵੇਗਾ।+
18 ਸਲਾਹ ਲੈਣ ਨਾਲ ਯੋਜਨਾਵਾਂ ਸਫ਼ਲ ਹੋਣਗੀਆਂ,+
ਸਹੀ ਸੇਧ ਲੈ ਕੇ ਆਪਣਾ ਯੁੱਧ ਲੜ।+
19 ਬਦਨਾਮ ਕਰਨ ਵਾਲਾ ਭੇਤ ਜ਼ਾਹਰ ਕਰਦਾ ਫਿਰਦਾ ਹੈ;+
ਜਿਸ ਨੂੰ ਚੁਗ਼ਲੀਆਂ ਕਰਨੀਆਂ ਪਸੰਦ ਹਨ, ਉਸ ਨਾਲ ਮੇਲ-ਜੋਲ ਨਾ ਰੱਖ।
20 ਜਿਹੜਾ ਆਪਣੇ ਮਾਤਾ-ਪਿਤਾ ਨੂੰ ਕੋਸਦਾ ਹੈ,
ਹਨੇਰਾ ਹੋਣ ਤੇ ਉਸ ਦਾ ਦੀਵਾ ਬੁਝਾ ਦਿੱਤਾ ਜਾਵੇਗਾ।+
21 ਪਹਿਲਾਂ ਲਾਲਚ ਨਾਲ ਹਾਸਲ ਕੀਤੀ ਵਿਰਾਸਤ,
ਅਖ਼ੀਰ ਵਿਚ ਬਰਕਤ ਸਾਬਤ ਨਹੀਂ ਹੋਵੇਗੀ।+
22 ਇਹ ਨਾ ਕਹਿ: “ਮੈਂ ਬੁਰਾਈ ਦਾ ਬਦਲਾ ਲਵਾਂਗਾ!”+
ਯਹੋਵਾਹ ʼਤੇ ਆਸ ਲਾਈ ਰੱਖ+ ਤੇ ਉਹ ਤੈਨੂੰ ਬਚਾਵੇਗਾ।+
23 ਬੇਈਮਾਨੀ ਦੇ ਵੱਟਿਆਂ ਤੋਂ ਯਹੋਵਾਹ ਨੂੰ ਘਿਣ ਹੈ
ਅਤੇ ਧੋਖਾ ਦੇਣ ਵਾਲੀ ਤੱਕੜੀ ਚੰਗੀ ਨਹੀਂ।
24 ਯਹੋਵਾਹ ਹੀ ਆਦਮੀ ਦੇ ਕਦਮਾਂ ਨੂੰ ਸੇਧ ਦਿੰਦਾ ਹੈ;+
ਇਨਸਾਨ ਕਿਵੇਂ ਆਪਣੇ ਰਾਹ ਨੂੰ ਸਮਝ ਸਕਦਾ ਹੈ?
25 ਜੇ ਕੋਈ ਆਦਮੀ ਬਿਨਾਂ ਸੋਚੇ-ਸਮਝੇ ਕਹਿੰਦਾ ਹੈ, “ਇਹ ਪਵਿੱਤਰ ਹੈ!”+
ਅਤੇ ਬਾਅਦ ਵਿਚ ਆਪਣੀ ਸੁੱਖਣਾ ਉੱਤੇ ਵਿਚਾਰ ਕਰਦਾ ਹੈ,
ਤਾਂ ਇਹ ਉਸ ਲਈ ਫੰਦਾ ਹੈ।+
26 ਬੁੱਧੀਮਾਨ ਰਾਜਾ ਦੁਸ਼ਟਾਂ ਨੂੰ ਛਾਂਟਦਾ ਹੈ+
ਅਤੇ ਉਨ੍ਹਾਂ ਉੱਤੇ ਗਾਹੁਣ ਵਾਲਾ ਪਹੀਆ ਚਲਾਉਂਦਾ ਹੈ।+
27 ਆਦਮੀ ਦਾ ਸਾਹ ਯਹੋਵਾਹ ਦਾ ਦੀਵਾ ਹੈ
ਜੋ ਉਸ ਨੂੰ ਧੁਰ ਅੰਦਰੋਂ ਜਾਂਚਦਾ ਹੈ।
28 ਅਟੱਲ ਪਿਆਰ ਅਤੇ ਵਫ਼ਾਦਾਰੀ ਨਾਲ ਰਾਜੇ ਦੀ ਹਿਫਾਜ਼ਤ ਹੁੰਦੀ ਹੈ;+
ਅਟੱਲ ਪਿਆਰ ਨਾਲ ਉਹ ਆਪਣਾ ਸਿੰਘਾਸਣ ਕਾਇਮ ਰੱਖਦਾ ਹੈ।+
29 ਨੌਜਵਾਨਾਂ ਦੀ ਤਾਕਤ ਉਨ੍ਹਾਂ ਦੀ ਸ਼ਾਨ ਹੈ+
ਅਤੇ ਬੁੱਢਿਆਂ ਦੀ ਸ਼ਾਨ ਉਨ੍ਹਾਂ ਦਾ ਧੌਲ਼ਾ ਸਿਰ।+
30 ਸੱਟਾਂ ਤੇ ਜ਼ਖ਼ਮ ਬੁਰਾਈ ਨੂੰ ਧੋ ਦਿੰਦੇ ਹਨ+
ਅਤੇ ਕੁੱਟ ਖਾ ਕੇ ਇਨਸਾਨ ਅੰਦਰੋਂ ਸ਼ੁੱਧ ਹੋ ਜਾਂਦਾ ਹੈ।