ਰੋਮੀਆਂ ਨੂੰ ਚਿੱਠੀ
7 ਭਰਾਵੋ, ਕੀ ਇਸ ਤਰ੍ਹਾਂ ਤਾਂ ਨਹੀਂ ਕਿ ਤੁਸੀਂ ਇਸ ਗੱਲ ਤੋਂ ਅਣਜਾਣ ਹੋ (ਮੈਂ ਉਨ੍ਹਾਂ ਨਾਲ ਗੱਲ ਕਰ ਰਿਹਾ ਹਾਂ ਜਿਹੜੇ ਕਾਨੂੰਨ ਨੂੰ ਜਾਣਦੇ ਹਨ) ਕਿ ਇਨਸਾਨ ਉੱਤੇ ਉੱਨਾ ਚਿਰ ਕਾਨੂੰਨ ਦਾ ਅਧਿਕਾਰ ਰਹਿੰਦਾ ਹੈ ਜਿੰਨਾ ਚਿਰ ਉਹ ਜੀਉਂਦਾ ਹੈ? 2 ਮਿਸਾਲ ਲਈ, ਇਕ ਵਿਆਹੁਤਾ ਤੀਵੀਂ ਆਪਣੇ ਪਤੀ ਨਾਲ ਉਦੋਂ ਤਕ ਕਾਨੂੰਨੀ ਤੌਰ ਤੇ ਬੰਧਨ ਵਿਚ ਬੱਝੀ ਹੁੰਦੀ ਹੈ ਜਦ ਤਕ ਉਸ ਦਾ ਪਤੀ ਜੀਉਂਦਾ ਹੈ; ਪਰ ਜੇ ਉਸ ਦਾ ਪਤੀ ਮਰ ਜਾਂਦਾ ਹੈ, ਤਾਂ ਉਹ ਆਪਣੇ ਪਤੀ ਦੇ ਕਾਨੂੰਨ ਤੋਂ ਛੁੱਟ ਜਾਂਦੀ ਹੈ।+ 3 ਇਸ ਲਈ ਜੇ ਉਹ ਆਪਣੇ ਪਤੀ ਦੇ ਜੀਉਂਦੇ-ਜੀ ਕਿਸੇ ਹੋਰ ਆਦਮੀ ਨਾਲ ਵਿਆਹ ਕਰਾਉਂਦੀ ਹੈ, ਤਾਂ ਉਹ ਬਦਚਲਣ ਕਹਾਉਂਦੀ ਹੈ।+ ਪਰ ਜੇ ਉਸ ਦਾ ਪਤੀ ਮਰ ਜਾਂਦਾ ਹੈ, ਤਾਂ ਉਹ ਉਸ ਦੇ ਕਾਨੂੰਨ ਤੋਂ ਛੁੱਟ ਜਾਂਦੀ ਹੈ। ਇਸ ਲਈ ਜੇ ਉਹ ਕਿਸੇ ਹੋਰ ਆਦਮੀ ਨਾਲ ਵਿਆਹ ਕਰਾਉਂਦੀ ਹੈ, ਤਾਂ ਉਹ ਬਦਚਲਣ ਨਹੀਂ ਹੁੰਦੀ।+
4 ਇਸ ਲਈ ਮੇਰੇ ਭਰਾਵੋ, ਤੁਸੀਂ ਵੀ ਮਸੀਹ ਦੀ ਕੁਰਬਾਨੀ ਦੇ ਰਾਹੀਂ ਕਾਨੂੰਨ ਦੇ ਸੰਬੰਧ ਵਿਚ ਮਰ ਗਏ ਤਾਂਕਿ ਤੁਸੀਂ ਕਿਸੇ ਹੋਰ ਦੇ ਹੋ ਜਾਓ, ਹਾਂ, ਮਸੀਹ ਦੇ ਹੋ ਜਾਓ+ ਜਿਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਗਿਆ ਸੀ।+ ਇਸ ਤਰ੍ਹਾਂ ਅਸੀਂ ਪਰਮੇਸ਼ੁਰ ਦੀ ਮਹਿਮਾ ਲਈ ਫਲ ਪੈਦਾ ਕਰ ਸਕਦੇ ਹਾਂ।+ 5 ਜਦੋਂ ਅਸੀਂ ਆਪਣੀਆਂ ਸਰੀਰਕ ਇੱਛਾਵਾਂ ਅਨੁਸਾਰ ਜੀਉਂਦੇ ਸੀ, ਤਾਂ ਉਦੋਂ ਕਾਨੂੰਨ ਨੇ ਜ਼ਾਹਰ ਕੀਤਾ ਕਿ ਸਾਡੀਆਂ ਪਾਪੀ ਲਾਲਸਾਵਾਂ ਸਾਡੇ ਸਰੀਰ* ਤੋਂ ਪਾਪ ਕਰਾਉਂਦੀਆਂ ਸਨ ਜਿਨ੍ਹਾਂ ਕਰਕੇ ਅਸੀਂ ਉਹ ਫਲ ਪੈਦਾ ਕਰਦੇ ਸੀ ਜਿਸ ਦਾ ਅੰਜਾਮ ਮੌਤ ਹੁੰਦਾ ਹੈ।+ 6 ਪਰ ਹੁਣ ਸਾਨੂੰ ਕਾਨੂੰਨ ਤੋਂ ਛੁਡਾ ਲਿਆ ਗਿਆ ਹੈ+ ਕਿਉਂਕਿ ਅਸੀਂ ਕਾਨੂੰਨ ਲਈ ਮਰ ਗਏ ਹਾਂ ਜਿਸ ਨੇ ਸਾਨੂੰ ਬੰਨ੍ਹੀ ਰੱਖਿਆ ਸੀ ਤਾਂਕਿ ਅਸੀਂ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਨਵੇਂ ਤਰੀਕੇ ਨਾਲ ਪਰਮੇਸ਼ੁਰ ਦੇ ਗ਼ੁਲਾਮ ਬਣੀਏ,+ ਨਾ ਕਿ ਲਿਖਤੀ ਕਾਨੂੰਨ ਅਨੁਸਾਰ ਪੁਰਾਣੇ ਤਰੀਕੇ ਨਾਲ।+
7 ਤਾਂ ਫਿਰ, ਅਸੀਂ ਕੀ ਕਹੀਏ? ਕੀ ਕਾਨੂੰਨ ਵਿਚ ਕੋਈ ਕਮੀ ਹੈ?* ਬਿਲਕੁਲ ਨਹੀਂ। ਜੇ ਕਾਨੂੰਨ ਨਾ ਦੱਸਦਾ, ਤਾਂ ਮੈਨੂੰ ਪਤਾ ਨਾ ਲੱਗਦਾ ਕਿ ਪਾਪ ਕੀ ਹੁੰਦਾ ਹੈ।+ ਮਿਸਾਲ ਲਈ, ਮੈਨੂੰ ਲਾਲਚ ਬਾਰੇ ਪਤਾ ਨਾ ਹੁੰਦਾ ਜੇ ਕਾਨੂੰਨ ਵਿਚ ਇਹ ਹੁਕਮ ਨਾ ਦਿੱਤਾ ਗਿਆ ਹੁੰਦਾ: “ਤੂੰ ਲਾਲਚ ਨਾ ਕਰ।”+ 8 ਪਰ ਇਸ ਹੁਕਮ ਨੇ ਮੈਨੂੰ ਅਹਿਸਾਸ ਕਰਾਇਆ ਕਿ ਪਾਪ ਅਸਲ ਵਿਚ ਕੀ ਹੁੰਦਾ ਹੈ। ਨਾਲੇ ਇਸ ਹੁਕਮ ਦੇ ਜ਼ਰੀਏ ਪਾਪ ਨੇ ਮੇਰੇ ਅੰਦਰ ਹਰ ਤਰ੍ਹਾਂ ਦਾ ਲਾਲਚ ਪੈਦਾ ਕੀਤਾ ਕਿਉਂਕਿ ਕਾਨੂੰਨ ਤੋਂ ਬਿਨਾਂ ਪਾਪ ਮਰਿਆ ਹੋਇਆ ਸੀ।+ 9 ਅਸਲ ਵਿਚ ਕਾਨੂੰਨ ਤੋਂ ਬਿਨਾਂ ਮੈਂ ਜੀਉਂਦਾ ਸੀ। ਪਰ ਜਦੋਂ ਇਹ ਹੁਕਮ ਦਿੱਤਾ ਗਿਆ, ਤਾਂ ਪਾਪ ਦੁਬਾਰਾ ਜੀਉਂਦਾ ਹੋ ਗਿਆ, ਪਰ ਮੈਂ ਮਰ ਗਿਆ।+ 10 ਮੈਂ ਦੇਖਿਆ ਕਿ ਜੋ ਹੁਕਮ ਜ਼ਿੰਦਗੀ ਲਈ ਸੀ,+ ਉਹ ਮੌਤ ਦਾ ਕਾਰਨ ਬਣਿਆ 11 ਕਿਉਂਕਿ ਕਾਨੂੰਨ ਨੇ ਮੈਨੂੰ ਦੱਸਿਆ ਕਿ ਪਾਪ ਕੀ ਹੁੰਦਾ ਹੈ ਅਤੇ ਇਸ ਹੁਕਮ ਦੇ ਜ਼ਰੀਏ ਪਾਪ ਨੇ ਮੈਨੂੰ ਬਹਿਕਾਇਆ ਅਤੇ ਜਾਨੋਂ ਮਾਰ ਦਿੱਤਾ। 12 ਇਸ ਲਈ ਮੂਸਾ ਦਾ ਕਾਨੂੰਨ ਆਪਣੇ ਆਪ ਵਿਚ ਪਵਿੱਤਰ ਹੈ ਅਤੇ ਇਸ ਦੇ ਹੁਕਮ ਪਵਿੱਤਰ, ਸਹੀ ਤੇ ਚੰਗੇ ਹਨ।+
13 ਤਾਂ ਫਿਰ, ਜੋ ਚੰਗਾ ਹੈ, ਕੀ ਉਸ ਨੇ ਮੈਨੂੰ ਜਾਨੋਂ ਮਾਰਿਆ ਸੀ? ਬਿਲਕੁਲ ਨਹੀਂ! ਪਰ ਪਾਪ ਨੇ ਮੈਨੂੰ ਜਾਨੋਂ ਮਾਰਿਆ ਸੀ। ਜੋ ਚੰਗਾ ਹੈ,+ ਉਸ ਰਾਹੀਂ ਪਾਪ ਨੇ ਮੈਨੂੰ ਮਾਰ ਦਿੱਤਾ ਤਾਂਕਿ ਇਹ ਜ਼ਾਹਰ ਹੋ ਜਾਵੇ ਕਿ ਪਾਪ ਕੀ ਹੈ। ਕਾਨੂੰਨ ਜ਼ਾਹਰ ਕਰਦਾ ਹੈ ਕਿ ਪਾਪ ਬਹੁਤ ਹੀ ਬੁਰਾ ਹੁੰਦਾ ਹੈ।+ 14 ਅਸੀਂ ਜਾਣਦੇ ਹਾਂ ਕਿ ਕਾਨੂੰਨ ਪਰਮੇਸ਼ੁਰ ਤੋਂ ਹੈ, ਪਰ ਮੈਂ ਹੱਡ-ਮਾਸ ਦਾ ਇਨਸਾਨ ਹਾਂ ਅਤੇ ਪਾਪ ਦੇ ਹੱਥ ਵਿਕਿਆ ਹੋਇਆ ਹਾਂ।+ 15 ਮੈਨੂੰ ਪਤਾ ਨਹੀਂ ਲੱਗਦਾ ਕਿ ਮੈਂ ਕੀ ਕਰਦਾ ਹਾਂ। ਜੋ ਕੰਮ ਮੈਂ ਕਰਨੇ ਚਾਹੁੰਦਾ ਹਾਂ, ਉਹ ਕੰਮ ਮੈਂ ਨਹੀਂ ਕਰਦਾ; ਪਰ ਜਿਨ੍ਹਾਂ ਕੰਮਾਂ ਨਾਲ ਮੈਂ ਨਫ਼ਰਤ ਕਰਦਾ ਹਾਂ, ਉਹੀ ਕੰਮ ਮੈਂ ਕਰਦਾ ਹਾਂ। 16 ਭਾਵੇਂ ਮੈਂ ਉਹੀ ਕੰਮ ਕਰਦਾ ਹਾਂ ਜੋ ਮੈਂ ਨਹੀਂ ਕਰਨੇ ਚਾਹੁੰਦਾ, ਫਿਰ ਵੀ ਮੈਂ ਮੰਨਦਾ ਹਾਂ ਕਿ ਕਾਨੂੰਨ ਉੱਤਮ ਹੈ। 17 ਪਰ ਇਹ ਕੰਮ ਮੈਂ ਆਪ ਨਹੀਂ ਕਰਦਾ, ਸਗੋਂ ਪਾਪ ਜੋ ਮੇਰੇ ਅੰਦਰ ਰਹਿੰਦਾ ਹੈ, ਮੇਰੇ ਤੋਂ ਕਰਾਉਂਦਾ ਹੈ।+ 18 ਮੈਂ ਜਾਣਦਾ ਹਾਂ ਕਿ ਮੇਰੇ ਸਰੀਰ ਵਿਚ ਯਾਨੀ ਮੇਰੇ ਅੰਦਰ ਕੁਝ ਵੀ ਚੰਗਾ ਨਹੀਂ ਹੈ; ਮੇਰੇ ਅੰਦਰ ਚੰਗੇ ਕੰਮ ਕਰਨ ਦੀ ਇੱਛਾ ਤਾਂ ਹੈ, ਪਰ ਯੋਗਤਾ ਨਹੀਂ ਹੈ।+ 19 ਮੈਂ ਚੰਗੇ ਕੰਮ ਕਰਨੇ ਚਾਹੁੰਦਾ ਹਾਂ, ਪਰ ਕਰਦਾ ਨਹੀਂ ਅਤੇ ਮੈਂ ਬੁਰੇ ਕੰਮ ਨਹੀਂ ਕਰਨੇ ਚਾਹੁੰਦਾ, ਪਰ ਬੁਰੇ ਕੰਮ ਕਰਨ ਵਿਚ ਲੱਗਾ ਰਹਿੰਦਾ ਹਾਂ। 20 ਹੁਣ ਜੇ ਮੈਂ ਉਹ ਕੰਮ ਕਰਦਾ ਹਾਂ ਜੋ ਮੈਂ ਨਹੀਂ ਕਰਨੇ ਚਾਹੁੰਦਾ, ਤਾਂ ਉਹ ਕੰਮ ਮੈਂ ਆਪ ਨਹੀਂ ਕਰਦਾ, ਸਗੋਂ ਪਾਪ ਜੋ ਮੇਰੇ ਅੰਦਰ ਰਹਿੰਦਾ ਹੈ, ਮੇਰੇ ਤੋਂ ਕਰਾਉਂਦਾ ਹੈ।
21 ਮੈਂ ਆਪਣੇ ਸੰਬੰਧ ਵਿਚ ਇਹ ਕਾਨੂੰਨ ਦੇਖਿਆ ਹੈ: ਜਦੋਂ ਮੈਂ ਸਹੀ ਕੰਮ ਕਰਨਾ ਚਾਹੁੰਦਾ ਹਾਂ, ਤਾਂ ਮੇਰਾ ਝੁਕਾਅ ਬੁਰੇ ਕੰਮ ਕਰਨ ਵੱਲ ਹੁੰਦਾ ਹੈ।+ 22 ਮੈਨੂੰ ਪਰਮੇਸ਼ੁਰ ਦੇ ਕਾਨੂੰਨ ਤੋਂ ਦਿਲੋਂ ਖ਼ੁਸ਼ੀ ਹੁੰਦੀ ਹੈ।+ 23 ਪਰ ਮੈਂ ਆਪਣੇ ਸਰੀਰ* ਵਿਚ ਇਕ ਹੋਰ ਕਾਨੂੰਨ ਦੇਖਦਾ ਹਾਂ ਜੋ ਮੇਰੇ ਮਨ ਦੇ ਕਾਨੂੰਨ ਨਾਲ ਲੜਦਾ ਹੈ।+ ਇਹ ਮੈਨੂੰ ਪਾਪ ਦੇ ਕਾਨੂੰਨ ਦਾ ਗ਼ੁਲਾਮ ਬਣਾ ਕੇ ਰੱਖਦਾ ਹੈ+ ਜੋ ਮੇਰੇ ਸਰੀਰ* ਵਿਚ ਹੈ। 24 ਮੈਂ ਕਿੰਨਾ ਬੇਬੱਸ ਇਨਸਾਨ ਹਾਂ! ਕੌਣ ਮੈਨੂੰ ਇਸ ਸਰੀਰ ਤੋਂ ਬਚਾਏਗਾ ਜੋ ਮਰਨ ਵਾਲਾ ਹੈ? 25 ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿ ਉਹ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਮੈਨੂੰ ਬਚਾਏਗਾ। ਇਸ ਲਈ ਮੇਰਾ ਮਨ ਤਾਂ ਪਰਮੇਸ਼ੁਰ ਦੇ ਕਾਨੂੰਨ ਦਾ ਗ਼ੁਲਾਮ ਹੈ, ਪਰ ਮੇਰਾ ਸਰੀਰ ਪਾਪ ਦੇ ਕਾਨੂੰਨ ਦਾ ਗ਼ੁਲਾਮ ਹੈ।+