ਯਹੋਸ਼ੁਆ
24 ਫਿਰ ਯਹੋਸ਼ੁਆ ਨੇ ਇਜ਼ਰਾਈਲ ਦੇ ਸਾਰੇ ਗੋਤਾਂ ਨੂੰ ਸ਼ਕਮ ਵਿਚ ਇਕੱਠਾ ਕੀਤਾ ਅਤੇ ਇਜ਼ਰਾਈਲ ਦੇ ਬਜ਼ੁਰਗਾਂ, ਇਸ ਦੇ ਮੁਖੀਆਂ, ਇਸ ਦੇ ਨਿਆਂਕਾਰਾਂ ਤੇ ਇਸ ਦੇ ਅਧਿਕਾਰੀਆਂ ਨੂੰ ਬੁਲਾਇਆ+ ਅਤੇ ਉਹ ਸੱਚੇ ਪਰਮੇਸ਼ੁਰ ਦੇ ਅੱਗੇ ਖੜ੍ਹੇ ਹੋ ਗਏ। 2 ਯਹੋਸ਼ੁਆ ਨੇ ਸਾਰੇ ਲੋਕਾਂ ਨੂੰ ਕਿਹਾ: “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ, ‘ਕਾਫ਼ੀ ਸਮਾਂ ਪਹਿਲਾਂ ਤੁਹਾਡੇ ਪਿਉ-ਦਾਦੇ+ ਦਰਿਆ* ਦੇ ਦੂਜੇ ਪਾਸੇ ਰਹਿੰਦੇ ਸਨ+—ਅਬਰਾਹਾਮ ਅਤੇ ਨਾਹੋਰ ਦਾ ਪਿਤਾ ਤਾਰਹ—ਅਤੇ ਉਹ ਦੂਜੇ ਦੇਵਤਿਆਂ ਦੀ ਭਗਤੀ ਕਰਦੇ ਹੁੰਦੇ ਸਨ।+
3 “‘ਕੁਝ ਸਮੇਂ ਬਾਅਦ ਮੈਂ ਤੁਹਾਡੇ ਵੱਡ-ਵਡੇਰੇ ਅਬਰਾਹਾਮ+ ਨੂੰ ਦਰਿਆ* ਦੇ ਦੂਜੇ ਪਾਸਿਓਂ ਲਿਆ ਅਤੇ ਉਸ ਨੂੰ ਸਾਰੇ ਕਨਾਨ ਦੇਸ਼ ਵਿਚ ਫਿਰਨ ਲਈ ਕਿਹਾ ਅਤੇ ਉਸ ਦੀ ਸੰਤਾਨ* ਨੂੰ ਬਹੁਤ ਵਧਾਇਆ।+ ਮੈਂ ਉਸ ਨੂੰ ਇਸਹਾਕ ਦਿੱਤਾ;+ 4 ਫਿਰ ਇਸਹਾਕ ਨੂੰ ਮੈਂ ਯਾਕੂਬ ਅਤੇ ਏਸਾਓ ਦਿੱਤੇ।+ ਬਾਅਦ ਵਿਚ ਮੈਂ ਏਸਾਓ ਨੂੰ ਮਲਕੀਅਤ ਵਜੋਂ ਸੇਈਰ ਪਹਾੜ ਦਿੱਤਾ;+ ਅਤੇ ਯਾਕੂਬ ਤੇ ਉਸ ਦੇ ਪੁੱਤਰ ਥੱਲੇ ਮਿਸਰ ਨੂੰ ਚਲੇ ਗਏ।+ 5 ਇਸ ਤੋਂ ਬਾਅਦ ਮੈਂ ਮੂਸਾ ਅਤੇ ਹਾਰੂਨ ਨੂੰ ਭੇਜਿਆ+ ਅਤੇ ਮੈਂ ਆਫ਼ਤਾਂ ਲਿਆ ਕੇ ਮਿਸਰ ਨੂੰ ਮਾਰਿਆ+ ਅਤੇ ਫਿਰ ਮੈਂ ਤੁਹਾਨੂੰ ਕੱਢ ਲਿਆਇਆ। 6 ਜਦੋਂ ਮੈਂ ਤੁਹਾਡੇ ਪੂਰਵਜਾਂ ਨੂੰ ਮਿਸਰ ਤੋਂ ਬਾਹਰ ਲਿਆ ਰਿਹਾ ਸੀ+ ਅਤੇ ਤੁਸੀਂ ਸਮੁੰਦਰ ਕੋਲ ਪਹੁੰਚੇ, ਤਾਂ ਮਿਸਰੀ ਯੁੱਧ ਦੇ ਰਥਾਂ ਅਤੇ ਘੋੜਸਵਾਰਾਂ ਨਾਲ ਤੁਹਾਡੇ ਪੂਰਵਜਾਂ ਦਾ ਪਿੱਛਾ ਕਰਦੇ ਹੋਏ ਲਾਲ ਸਮੁੰਦਰ ਤਕ ਆ ਗਏ।+ 7 ਫਿਰ ਉਹ ਯਹੋਵਾਹ ਅੱਗੇ ਦੁਹਾਈ ਦੇਣ ਲੱਗੇ,+ ਇਸ ਕਰਕੇ ਉਸ ਨੇ ਤੁਹਾਡੇ ਅਤੇ ਮਿਸਰੀਆਂ ਵਿਚਕਾਰ ਘੁੱਪ ਹਨੇਰਾ ਕਰ ਦਿੱਤਾ ਅਤੇ ਉਹ ਉਨ੍ਹਾਂ ਉੱਤੇ ਸਮੁੰਦਰ ਦਾ ਪਾਣੀ ਲੈ ਆਇਆ ਅਤੇ ਉਨ੍ਹਾਂ ਨੂੰ ਢਕ ਦਿੱਤਾ+ ਅਤੇ ਤੁਸੀਂ ਆਪਣੀ ਅੱਖੀਂ ਦੇਖਿਆ ਸੀ ਕਿ ਮੈਂ ਮਿਸਰ ਵਿਚ ਕੀ ਕੁਝ ਕੀਤਾ।+ ਫਿਰ ਤੁਸੀਂ ਕਈ ਸਾਲ* ਉਜਾੜ ਵਿਚ ਰਹੇ।+
8 “‘ਮੈਂ ਤੁਹਾਨੂੰ ਅਮੋਰੀਆਂ ਦੇ ਦੇਸ਼ ਲੈ ਆਇਆ ਜੋ ਯਰਦਨ ਦੇ ਦੂਜੇ ਪਾਸੇ* ਵੱਸਦੇ ਸਨ ਅਤੇ ਉਹ ਤੁਹਾਡੇ ਨਾਲ ਲੜੇ।+ ਪਰ ਮੈਂ ਉਨ੍ਹਾਂ ਨੂੰ ਤੁਹਾਡੇ ਹੱਥ ਵਿਚ ਦੇ ਦਿੱਤਾ ਤਾਂਕਿ ਤੁਸੀਂ ਉਨ੍ਹਾਂ ਦੇ ਦੇਸ਼ ʼਤੇ ਕਬਜ਼ਾ ਕਰ ਸਕੋ ਅਤੇ ਮੈਂ ਤੁਹਾਡੇ ਅੱਗੋਂ ਉਨ੍ਹਾਂ ਨੂੰ ਮਿਟਾ ਦਿੱਤਾ।+ 9 ਫਿਰ ਮੋਆਬ ਦੇ ਰਾਜੇ ਸਿੱਪੋਰ ਦਾ ਪੁੱਤਰ ਬਾਲਾਕ ਉੱਠਿਆ ਅਤੇ ਇਜ਼ਰਾਈਲ ਨਾਲ ਲੜਿਆ। ਉਸ ਨੇ ਤੁਹਾਨੂੰ ਸਰਾਪ ਦੇਣ ਲਈ ਬਿਓਰ ਦੇ ਪੁੱਤਰ ਬਿਲਾਮ ਨੂੰ ਬੁਲਾਇਆ।+ 10 ਪਰ ਮੈਂ ਬਿਲਾਮ ਦੀ ਨਹੀਂ ਸੁਣੀ।+ ਇਸ ਲਈ ਉਹ ਤੁਹਾਨੂੰ ਵਾਰ-ਵਾਰ ਅਸੀਸ ਦਿੰਦਾ ਰਿਹਾ।+ ਇਸ ਤਰ੍ਹਾਂ ਮੈਂ ਤੁਹਾਨੂੰ ਉਸ ਦੇ ਹੱਥੋਂ ਬਚਾਇਆ।+
11 “‘ਫਿਰ ਤੁਸੀਂ ਯਰਦਨ ਪਾਰ ਕਰ ਕੇ+ ਯਰੀਹੋ ਨੂੰ ਆਏ।+ ਯਰੀਹੋ ਦੇ ਆਗੂ,* ਅਮੋਰੀ, ਪਰਿੱਜੀ, ਕਨਾਨੀ, ਹਿੱਤੀ, ਗਿਰਗਾਸ਼ੀ, ਹਿੱਵੀ ਅਤੇ ਯਬੂਸੀ ਤੁਹਾਡੇ ਨਾਲ ਲੜੇ, ਪਰ ਮੈਂ ਉਨ੍ਹਾਂ ਨੂੰ ਤੁਹਾਡੇ ਹੱਥ ਵਿਚ ਦੇ ਦਿੱਤਾ।+ 12 ਤੁਹਾਡੇ ਉੱਥੇ ਜਾਣ ਤੋਂ ਪਹਿਲਾਂ ਮੈਂ ਉਨ੍ਹਾਂ ਦਾ ਹੌਸਲਾ ਢਾਹ ਦਿੱਤਾ* ਜਿਸ ਕਰਕੇ ਉਹ ਯਾਨੀ ਅਮੋਰੀਆਂ ਦੇ ਦੋ ਰਾਜੇ ਤੁਹਾਡੇ ਅੱਗੋਂ ਭੱਜ ਗਏ।+ ਇਹ ਤੁਹਾਡੀ ਤਲਵਾਰ ਜਾਂ ਤੁਹਾਡੀ ਕਮਾਨ ਨਾਲ ਨਹੀਂ ਹੋਇਆ।+ 13 ਇਸ ਤਰ੍ਹਾਂ ਮੈਂ ਤੁਹਾਨੂੰ ਉਹ ਦੇਸ਼ ਦਿੱਤਾ ਜਿਸ ਲਈ ਤੁਸੀਂ ਕੋਈ ਮਿਹਨਤ ਨਹੀਂ ਕੀਤੀ ਅਤੇ ਉਹ ਸ਼ਹਿਰ ਦਿੱਤੇ ਜਿਨ੍ਹਾਂ ਨੂੰ ਤੁਸੀਂ ਨਹੀਂ ਉਸਾਰਿਆ+ ਅਤੇ ਤੁਸੀਂ ਉਨ੍ਹਾਂ ਵਿਚ ਵੱਸ ਗਏ। ਤੁਸੀਂ ਉਨ੍ਹਾਂ ਅੰਗੂਰਾਂ ਦੇ ਬਾਗ਼ਾਂ ਅਤੇ ਜ਼ੈਤੂਨ ਦੇ ਬਾਗ਼ਾਂ ਤੋਂ ਖਾ ਰਹੇ ਹੋ ਜੋ ਤੁਸੀਂ ਨਹੀਂ ਲਾਏ।’+
14 “ਇਸ ਲਈ ਯਹੋਵਾਹ ਤੋਂ ਡਰੋ ਅਤੇ ਖਰੇ ਮਨ* ਅਤੇ ਵਫ਼ਾਦਾਰੀ ਨਾਲ* ਉਸ ਦੀ ਭਗਤੀ ਕਰੋ+ ਅਤੇ ਉਨ੍ਹਾਂ ਦੇਵਤਿਆਂ ਨੂੰ ਕੱਢ ਸੁੱਟੋ ਜਿਨ੍ਹਾਂ ਦੀ ਭਗਤੀ ਤੁਹਾਡੇ ਪਿਉ-ਦਾਦੇ ਦਰਿਆ* ਦੇ ਦੂਜੇ ਪਾਸੇ ਅਤੇ ਮਿਸਰ ਵਿਚ ਕਰਦੇ ਸਨ+ ਅਤੇ ਯਹੋਵਾਹ ਦੀ ਭਗਤੀ ਕਰੋ। 15 ਹੁਣ ਜੇ ਤੁਹਾਨੂੰ ਯਹੋਵਾਹ ਦੀ ਭਗਤੀ ਕਰਨੀ ਚੰਗੀ ਨਹੀਂ ਲੱਗਦੀ, ਤਾਂ ਆਪਣੇ ਲਈ ਚੁਣ ਲਓ ਕਿ ਤੁਸੀਂ ਕਿਸ ਦੀ ਭਗਤੀ ਕਰੋਗੇ,+ ਉਨ੍ਹਾਂ ਦੇਵਤਿਆਂ ਦੀ ਜਿਨ੍ਹਾਂ ਦੀ ਭਗਤੀ ਤੁਹਾਡੇ ਪਿਉ-ਦਾਦੇ ਦਰਿਆ* ਦੇ ਦੂਜੇ ਪਾਸੇ ਕਰਦੇ ਸਨ+ ਜਾਂ ਅਮੋਰੀਆਂ ਦੇ ਦੇਵਤਿਆਂ ਦੀ ਜਿਨ੍ਹਾਂ ਦੇ ਦੇਸ਼ ਵਿਚ ਤੁਸੀਂ ਰਹਿੰਦੇ ਹੋ।+ ਪਰ ਮੈਂ ਤੇ ਮੇਰਾ ਘਰਾਣਾ ਤਾਂ ਯਹੋਵਾਹ ਦੀ ਹੀ ਭਗਤੀ ਕਰਾਂਗੇ।”
16 ਇਹ ਸੁਣ ਕੇ ਲੋਕਾਂ ਨੇ ਕਿਹਾ: “ਅਸੀਂ ਇਹ ਸੋਚ ਵੀ ਨਹੀਂ ਸਕਦੇ ਕਿ ਅਸੀਂ ਯਹੋਵਾਹ ਨੂੰ ਛੱਡ ਕੇ ਦੂਜੇ ਦੇਵਤਿਆਂ ਦੀ ਭਗਤੀ ਕਰੀਏ। 17 ਯਹੋਵਾਹ ਸਾਡਾ ਪਰਮੇਸ਼ੁਰ ਹੀ ਸਾਨੂੰ ਅਤੇ ਸਾਡੇ ਪੂਰਵਜਾਂ ਨੂੰ ਮਿਸਰ ਦੇਸ਼ ਵਿੱਚੋਂ, ਹਾਂ, ਗ਼ੁਲਾਮੀ ਦੇ ਘਰੋਂ ਕੱਢ ਲਿਆਇਆ ਸੀ+ ਅਤੇ ਉਸੇ ਨੇ ਸਾਡੀਆਂ ਅੱਖਾਂ ਸਾਮ੍ਹਣੇ ਇਹ ਵੱਡੇ-ਵੱਡੇ ਚਮਤਕਾਰ ਕੀਤੇ।+ ਉਹ ਉਸ ਸਾਰੇ ਰਾਹ ਵਿਚ ਸਾਡੀ ਰਾਖੀ ਕਰਦਾ ਰਿਹਾ ਜਿਸ ਰਾਹ ʼਤੇ ਅਸੀਂ ਚੱਲ ਰਹੇ ਸੀ ਅਤੇ ਉਨ੍ਹਾਂ ਸਾਰੇ ਲੋਕਾਂ ਤੋਂ ਵੀ ਰਾਖੀ ਕਰਦਾ ਰਿਹਾ ਜਿਨ੍ਹਾਂ ਵਿੱਚੋਂ ਅਸੀਂ ਲੰਘ ਕੇ ਆਏ।+ 18 ਯਹੋਵਾਹ ਨੇ ਸਾਰੇ ਲੋਕਾਂ ਨੂੰ ਭਜਾ ਦਿੱਤਾ ਜਿਨ੍ਹਾਂ ਵਿਚ ਅਮੋਰੀ ਵੀ ਸ਼ਾਮਲ ਸਨ ਜੋ ਸਾਡੇ ਤੋਂ ਪਹਿਲਾਂ ਇਸ ਦੇਸ਼ ਵਿਚ ਰਹਿੰਦੇ ਸਨ। ਇਸ ਲਈ ਅਸੀਂ ਵੀ ਯਹੋਵਾਹ ਦੀ ਭਗਤੀ ਕਰਾਂਗੇ ਕਿਉਂਕਿ ਉਹੀ ਸਾਡਾ ਪਰਮੇਸ਼ੁਰ ਹੈ।”
19 ਫਿਰ ਯਹੋਸ਼ੁਆ ਨੇ ਲੋਕਾਂ ਨੂੰ ਕਿਹਾ: “ਤੁਸੀਂ ਯਹੋਵਾਹ ਦੀ ਭਗਤੀ ਨਹੀਂ ਕਰ ਪਾਓਗੇ ਕਿਉਂਕਿ ਉਹ ਪਵਿੱਤਰ ਪਰਮੇਸ਼ੁਰ ਹੈ;+ ਉਹ ਅਜਿਹਾ ਪਰਮੇਸ਼ੁਰ ਹੈ ਜੋ ਮੰਗ ਕਰਦਾ ਹੈ ਕਿ ਸਿਰਫ਼ ਉਸੇ ਦੀ ਭਗਤੀ ਕੀਤੀ ਜਾਵੇ।+ ਉਹ ਤੁਹਾਡੇ ਅਪਰਾਧ* ਅਤੇ ਤੁਹਾਡੇ ਪਾਪ ਮਾਫ਼ ਨਹੀਂ ਕਰੇਗਾ।+ 20 ਜੇ ਤੁਸੀਂ ਯਹੋਵਾਹ ਨੂੰ ਛੱਡ ਕੇ ਓਪਰੇ ਦੇਵਤਿਆਂ ਦੀ ਭਗਤੀ ਕੀਤੀ, ਤਾਂ ਉਹ ਵੀ ਤੁਹਾਡੇ ਖ਼ਿਲਾਫ਼ ਹੋ ਜਾਵੇਗਾ ਅਤੇ ਤੁਹਾਨੂੰ ਪੂਰੀ ਤਰ੍ਹਾਂ ਮਿਟਾ ਦੇਵੇਗਾ, ਭਾਵੇਂ ਪਹਿਲਾਂ ਉਸ ਨੇ ਤੁਹਾਡੇ ਨਾਲ ਭਲਾਈ ਕੀਤੀ ਹੈ।”+
21 ਪਰ ਲੋਕਾਂ ਨੇ ਯਹੋਸ਼ੁਆ ਨੂੰ ਕਿਹਾ: “ਨਹੀਂ, ਅਸੀਂ ਯਹੋਵਾਹ ਦੀ ਹੀ ਭਗਤੀ ਕਰਾਂਗੇ!”+ 22 ਇਸ ਲਈ ਯਹੋਸ਼ੁਆ ਨੇ ਲੋਕਾਂ ਨੂੰ ਕਿਹਾ: “ਤੁਸੀਂ ਆਪਣੇ ਗਵਾਹ ਆਪ ਹੋ ਕਿ ਤੁਸੀਂ ਆਪਣੀ ਮਰਜ਼ੀ ਨਾਲ ਯਹੋਵਾਹ ਦੀ ਭਗਤੀ ਕਰਨ ਦੀ ਚੋਣ ਕੀਤੀ ਹੈ।”+ ਇਹ ਸੁਣ ਕੇ ਉਨ੍ਹਾਂ ਨੇ ਕਿਹਾ: “ਅਸੀਂ ਗਵਾਹ ਹਾਂ।”
23 “ਇਸ ਲਈ ਆਪਣੇ ਵਿੱਚੋਂ ਪਰਾਏ ਦੇਵਤਿਆਂ ਨੂੰ ਕੱਢ ਸੁੱਟੋ ਅਤੇ ਆਪਣੇ ਮਨਾਂ ਨੂੰ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਵੱਲ ਲਾਓ।” 24 ਲੋਕਾਂ ਨੇ ਯਹੋਸ਼ੁਆ ਨੂੰ ਕਿਹਾ: “ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਾਂਗੇ ਅਤੇ ਅਸੀਂ ਉਸ ਦਾ ਕਹਿਣਾ ਮੰਨਾਂਗੇ!”
25 ਇਸ ਲਈ ਯਹੋਸ਼ੁਆ ਨੇ ਉਸ ਦਿਨ ਉਨ੍ਹਾਂ ਨਾਲ ਇਕ ਇਕਰਾਰ ਕੀਤਾ ਅਤੇ ਸ਼ਕਮ ਵਿਚ ਉਨ੍ਹਾਂ ਲਈ ਇਕ ਨਿਯਮ ਅਤੇ ਕਾਨੂੰਨ ਠਹਿਰਾਇਆ। 26 ਫਿਰ ਯਹੋਸ਼ੁਆ ਨੇ ਇਨ੍ਹਾਂ ਗੱਲਾਂ ਨੂੰ ਪਰਮੇਸ਼ੁਰ ਦੇ ਕਾਨੂੰਨ ਦੀ ਕਿਤਾਬ ਵਿਚ ਲਿਖ ਦਿੱਤਾ+ ਅਤੇ ਇਕ ਵੱਡਾ ਸਾਰਾ ਪੱਥਰ ਲੈ ਕੇ+ ਉਸ ਵੱਡੇ ਦਰਖ਼ਤ ਹੇਠ ਰੱਖ ਦਿੱਤਾ ਜੋ ਯਹੋਵਾਹ ਦੇ ਪਵਿੱਤਰ ਸਥਾਨ ਦੇ ਲਾਗੇ ਹੈ।
27 ਯਹੋਸ਼ੁਆ ਨੇ ਸਾਰੇ ਲੋਕਾਂ ਨੂੰ ਕਿਹਾ: “ਦੇਖੋ, ਇਹ ਪੱਥਰ ਸਾਡੇ ਲਈ ਇਕ ਗਵਾਹ ਹੋਵੇਗਾ+ ਕਿਉਂਕਿ ਇਸ ਨੇ ਉਹ ਸਾਰਾ ਕੁਝ ਸੁਣਿਆ ਹੈ ਜੋ ਕੁਝ ਯਹੋਵਾਹ ਨੇ ਸਾਨੂੰ ਕਿਹਾ ਹੈ ਅਤੇ ਇਹ ਤੁਹਾਡੇ ਖ਼ਿਲਾਫ਼ ਇਕ ਗਵਾਹ ਹੋਵੇਗਾ ਤਾਂਕਿ ਤੁਸੀਂ ਆਪਣੇ ਪਰਮੇਸ਼ੁਰ ਦਾ ਇਨਕਾਰ ਨਾ ਕਰੋ।” 28 ਇਹ ਕਹਿ ਕੇ ਯਹੋਸ਼ੁਆ ਨੇ ਲੋਕਾਂ ਨੂੰ ਭੇਜ ਦਿੱਤਾ, ਹਾਂ, ਹਰੇਕ ਨੂੰ ਆਪੋ-ਆਪਣੀ ਵਿਰਾਸਤ ਵਿਚ।+
29 ਇਨ੍ਹਾਂ ਗੱਲਾਂ ਤੋਂ ਬਾਅਦ ਯਹੋਵਾਹ ਦਾ ਸੇਵਕ, ਨੂਨ ਦਾ ਪੁੱਤਰ ਯਹੋਸ਼ੁਆ 110 ਸਾਲਾਂ ਦੀ ਉਮਰ ਵਿਚ ਮਰ ਗਿਆ।+ 30 ਇਸ ਲਈ ਉਨ੍ਹਾਂ ਨੇ ਉਸ ਨੂੰ ਉਸ ਦੀ ਵਿਰਾਸਤ ਦੇ ਇਲਾਕੇ ਵਿਚ ਤਿਮਨਥ-ਸਰਹ ਵਿਚ ਦਫ਼ਨਾ ਦਿੱਤਾ+ ਜੋ ਗਾਸ਼ ਪਹਾੜ ਦੇ ਉੱਤਰ ਵਿਚ ਪੈਂਦੇ ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਹੈ। 31 ਇਜ਼ਰਾਈਲੀ ਯਹੋਸ਼ੁਆ ਦੇ ਸਾਰੇ ਦਿਨਾਂ ਦੌਰਾਨ ਅਤੇ ਉਨ੍ਹਾਂ ਬਜ਼ੁਰਗਾਂ ਦੇ ਸਾਰੇ ਦਿਨਾਂ ਦੌਰਾਨ ਯਹੋਵਾਹ ਦੀ ਭਗਤੀ ਕਰਦੇ ਰਹੇ ਜੋ ਯਹੋਸ਼ੁਆ ਤੋਂ ਬਾਅਦ ਜੀਉਂਦੇ ਰਹੇ ਅਤੇ ਜੋ ਉਨ੍ਹਾਂ ਸਾਰੇ ਕੰਮਾਂ ਬਾਰੇ ਜਾਣਦੇ ਸਨ ਜੋ ਯਹੋਵਾਹ ਨੇ ਇਜ਼ਰਾਈਲ ਦੀ ਖ਼ਾਤਰ ਕੀਤੇ ਸਨ।+
32 ਯੂਸੁਫ਼ ਦੀਆਂ ਹੱਡੀਆਂ ਨੂੰ,+ ਜਿਨ੍ਹਾਂ ਨੂੰ ਇਜ਼ਰਾਈਲੀ ਮਿਸਰ ਤੋਂ ਲਿਆਏ ਸਨ, ਸ਼ਕਮ ਵਿਚ ਉਸ ਜ਼ਮੀਨ ਵਿਚ ਦੱਬਿਆ ਗਿਆ ਜੋ ਯਾਕੂਬ ਨੇ ਸ਼ਕਮ ਦੇ ਪਿਤਾ ਹਮੋਰ ਦੇ ਪੁੱਤਰਾਂ ਕੋਲੋਂ 100 ਟੁਕੜੇ ਦੇ ਕੇ ਖ਼ਰੀਦੀ ਸੀ;+ ਇਹ ਯੂਸੁਫ਼ ਦੇ ਪੁੱਤਰਾਂ ਦੀ ਵਿਰਾਸਤ ਬਣ ਗਈ।+
33 ਨਾਲੇ ਹਾਰੂਨ ਦਾ ਪੁੱਤਰ ਅਲਆਜ਼ਾਰ ਵੀ ਮਰ ਗਿਆ।+ ਇਸ ਲਈ ਉਨ੍ਹਾਂ ਨੇ ਉਸ ਨੂੰ ਉਸ ਦੇ ਪੁੱਤਰ ਫ਼ੀਨਹਾਸ+ ਦੀ ਪਹਾੜੀ ʼਤੇ ਦਫ਼ਨਾ ਦਿੱਤਾ ਜੋ ਉਸ ਨੂੰ ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਦਿੱਤੀ ਗਈ ਸੀ।