ਯੂਹੰਨਾ ਮੁਤਾਬਕ ਖ਼ੁਸ਼ ਖ਼ਬਰੀ
12 ਫਿਰ ਪਸਾਹ ਤੋਂ ਛੇ ਦਿਨ ਪਹਿਲਾਂ ਯਿਸੂ ਬੈਥਨੀਆ ਆ ਗਿਆ ਜਿੱਥੇ ਲਾਜ਼ਰ+ ਰਹਿੰਦਾ ਸੀ ਜਿਸ ਨੂੰ ਯਿਸੂ ਨੇ ਜੀਉਂਦਾ ਕੀਤਾ ਸੀ। 2 ਇਸ ਲਈ ਕੁਝ ਲੋਕਾਂ ਨੇ ਉੱਥੇ ਸ਼ਾਮ ਨੂੰ ਯਿਸੂ ਵਾਸਤੇ ਦਾਅਵਤ ਦਿੱਤੀ। ਮਾਰਥਾ ਸੇਵਾ ਕਰ ਰਹੀ ਸੀ+ ਅਤੇ ਲਾਜ਼ਰ ਉਸ ਨਾਲ ਖਾਣਾ ਖਾਣ ਲਈ ਬੈਠਾ ਹੋਇਆ ਸੀ। 3 ਉਸ ਵੇਲੇ ਮਰੀਅਮ ਨੇ 327 ਗ੍ਰਾਮ* ਖਾਲਸ ਜਟਾਮਾਸੀ ਦਾ ਬਹੁਤ ਹੀ ਮਹਿੰਗਾ ਖ਼ੁਸ਼ਬੂਦਾਰ ਤੇਲ ਲੈ ਕੇ ਯਿਸੂ ਦੇ ਪੈਰਾਂ ʼਤੇ ਮਲ਼ਿਆ ਅਤੇ ਆਪਣੇ ਵਾਲ਼ਾਂ ਨਾਲ ਉਸ ਦੇ ਪੈਰ ਪੂੰਝੇ। ਅਤੇ ਸਾਰਾ ਘਰ ਖ਼ੁਸ਼ਬੂਦਾਰ ਤੇਲ ਦੀ ਮਹਿਕ ਨਾਲ ਭਰ ਗਿਆ।+ 4 ਪਰ ਉਸ ਦੇ ਇਕ ਚੇਲੇ ਯਹੂਦਾ ਇਸਕਰਿਓਤੀ+ ਨੇ, ਜਿਸ ਨੇ ਉਸ ਨੂੰ ਧੋਖੇ ਨਾਲ ਫੜਵਾਉਣਾ ਸੀ, ਕਿਹਾ: 5 “ਚੰਗਾ ਨਾ ਹੁੰਦਾ ਜੇ ਇਹ ਖ਼ੁਸ਼ਬੂਦਾਰ ਤੇਲ 300 ਦੀਨਾਰ* ਦਾ ਵੇਚ ਕੇ ਪੈਸਾ ਗ਼ਰੀਬਾਂ ਵਿਚ ਵੰਡ ਦਿੱਤਾ ਜਾਂਦਾ?” 6 ਅਸਲ ਵਿਚ, ਉਸ ਨੂੰ ਗ਼ਰੀਬਾਂ ਦਾ ਫ਼ਿਕਰ ਨਹੀਂ ਸੀ, ਸਗੋਂ ਉਸ ਨੇ ਇਹ ਗੱਲ ਇਸ ਕਰਕੇ ਕਹੀ ਸੀ ਕਿਉਂਕਿ ਉਹ ਚੋਰ ਸੀ ਅਤੇ ਪੈਸਿਆਂ ਵਾਲਾ ਡੱਬਾ ਉਸ ਕੋਲ ਹੁੰਦਾ ਸੀ ਤੇ ਉਹ ਉਸ ਵਿੱਚੋਂ ਪੈਸੇ ਚੋਰੀ ਕਰ ਲੈਂਦਾ ਸੀ। 7 ਫਿਰ ਯਿਸੂ ਨੇ ਕਿਹਾ: “ਉਸ ਨੂੰ ਕੁਝ ਨਾ ਕਹੋ, ਉਸ ਨੇ ਮੈਨੂੰ ਦਫ਼ਨਾਉਣ ਦੀ ਤਿਆਰੀ ਵਿਚ ਪਹਿਲਾਂ ਹੀ ਮੇਰੇ ʼਤੇ ਖ਼ੁਸ਼ਬੂਦਾਰ ਤੇਲ ਮਲ਼ਿਆ ਹੈ।+ 8 ਗ਼ਰੀਬ ਤਾਂ ਹਮੇਸ਼ਾ ਤੁਹਾਡੇ ਨਾਲ ਰਹਿਣਗੇ,+ ਪਰ ਮੈਂ ਹਮੇਸ਼ਾ ਤੁਹਾਡੇ ਨਾਲ ਨਹੀਂ ਰਹਿਣਾ।”+
9 ਉਸ ਵੇਲੇ ਯਹੂਦੀਆਂ ਦੀ ਵੱਡੀ ਭੀੜ ਨੇ ਸੁਣਿਆ ਕਿ ਯਿਸੂ ਬੈਥਨੀਆ ਆਇਆ ਹੋਇਆ ਸੀ, ਇਸ ਲਈ ਉਹ ਸਿਰਫ਼ ਯਿਸੂ ਨੂੰ ਹੀ ਨਹੀਂ ਸਗੋਂ ਲਾਜ਼ਰ ਨੂੰ ਵੀ ਦੇਖਣ ਆਏ ਜਿਸ ਨੂੰ ਯਿਸੂ ਨੇ ਮਰਿਆਂ ਵਿੱਚੋਂ ਜੀਉਂਦਾ ਕੀਤਾ ਸੀ।+ 10 ਪਰ ਮੁੱਖ ਪੁਜਾਰੀਆਂ ਨੇ ਲਾਜ਼ਰ ਨੂੰ ਵੀ ਮਾਰਨ ਦੀ ਸਾਜ਼ਸ਼ ਘੜੀ 11 ਕਿਉਂਕਿ ਉਸੇ ਕਰਕੇ ਬਹੁਤ ਸਾਰੇ ਯਹੂਦੀ ਬੈਥਨੀਆ ਜਾ ਰਹੇ ਸਨ ਅਤੇ ਯਿਸੂ ਉੱਤੇ ਨਿਹਚਾ ਕਰਨ ਲੱਗ ਪਏ ਸਨ।+
12 ਅਗਲੇ ਦਿਨ ਤਿਉਹਾਰ ਮਨਾਉਣ ਆਈ ਲੋਕਾਂ ਦੀ ਵੱਡੀ ਭੀੜ ਨੇ ਸੁਣਿਆ ਕਿ ਯਿਸੂ ਯਰੂਸ਼ਲਮ ਨੂੰ ਆ ਰਿਹਾ ਸੀ। 13 ਇਸ ਲਈ ਉਹ ਖਜੂਰ ਦੀਆਂ ਟਾਹਣੀਆਂ ਲੈ ਕੇ ਉਸ ਨੂੰ ਮਿਲਣ ਚਲੇ ਗਏ ਅਤੇ ਉੱਚੀ-ਉੱਚੀ ਕਹਿਣ ਲੱਗੇ: “ਤੇਰੇ ਅੱਗੇ ਸਾਡੀ ਦੁਆ ਹੈ, ਮੁਕਤੀ ਬਖ਼ਸ਼! ਧੰਨ ਹੈ ਉਹ ਜੋ ਯਹੋਵਾਹ* ਦੇ ਨਾਂ ʼਤੇ ਆਉਂਦਾ ਹੈ+ ਅਤੇ ਇਜ਼ਰਾਈਲ ਦਾ ਰਾਜਾ ਹੈ!”+ 14 ਫਿਰ ਯਿਸੂ ਨੂੰ ਇਕ ਗਧਾ ਮਿਲਿਆ ਅਤੇ ਉਹ ਉਸ ਉੱਤੇ ਬੈਠ ਗਿਆ,+ ਠੀਕ ਜਿਵੇਂ ਲਿਖਿਆ ਹੈ: 15 “ਹੇ ਸੀਓਨ ਦੀਏ ਧੀਏ, ਨਾ ਡਰ। ਦੇਖ! ਤੇਰਾ ਰਾਜਾ ਗਧੀ ਦੇ ਬੱਚੇ ਉੱਤੇ ਸਵਾਰ ਹੋ ਕੇ ਆ ਰਿਹਾ ਹੈ।”+ 16 ਉਸ ਦੇ ਚੇਲਿਆਂ ਨੂੰ ਪਹਿਲਾਂ ਤਾਂ ਇਹ ਗੱਲਾਂ ਸਮਝ ਨਾ ਆਈਆਂ, ਪਰ ਫਿਰ ਜਦੋਂ ਯਿਸੂ ਨੂੰ ਮਹਿਮਾ ਮਿਲੀ,+ ਉਦੋਂ ਉਨ੍ਹਾਂ ਨੂੰ ਯਾਦ ਆਇਆ ਕਿ ਇਹ ਗੱਲਾਂ ਉਸੇ ਬਾਰੇ ਲਿਖੀਆਂ ਗਈਆਂ ਸਨ ਅਤੇ ਭੀੜ ਨੇ ਇਸੇ ਤਰ੍ਹਾਂ ਉਸ ਦਾ ਸੁਆਗਤ ਕੀਤਾ ਸੀ।+
17 ਜਦੋਂ ਯਿਸੂ ਨੇ ਲਾਜ਼ਰ ਨੂੰ ਕਬਰ ਤੋਂ ਬਾਹਰ ਆਉਣ ਲਈ ਕਿਹਾ ਸੀ+ ਅਤੇ ਉਸ ਨੂੰ ਮਰਿਆਂ ਵਿੱਚੋਂ ਜੀਉਂਦਾ ਕੀਤਾ ਸੀ, ਉਸ ਵੇਲੇ ਯਿਸੂ ਨਾਲ ਬਹੁਤ ਸਾਰੇ ਲੋਕ ਸਨ। ਉਨ੍ਹਾਂ ਨੇ ਉੱਥੇ ਜੋ ਦੇਖਿਆ ਸੀ, ਉਸ ਬਾਰੇ ਉਹ ਗਵਾਹੀ ਦਿੰਦੇ ਰਹੇ।+ 18 ਯਿਸੂ ਦੇ ਇਸ ਚਮਤਕਾਰ ਬਾਰੇ ਉਨ੍ਹਾਂ ਦੀ ਗਵਾਹੀ ਸੁਣ ਕੇ ਤਿਉਹਾਰ ਦੌਰਾਨ ਬਹੁਤ ਸਾਰੇ ਲੋਕ ਉਸ ਨੂੰ ਮਿਲਣ ਆਏ। 19 ਇਸ ਲਈ ਫ਼ਰੀਸੀਆਂ ਨੇ ਇਕ-ਦੂਜੇ ਨੂੰ ਕਿਹਾ: “ਤੁਸੀਂ ਦੇਖ ਰਹੇ ਹੋ ਕਿ ਸਾਡੇ ਤੋਂ ਕੁਝ ਨਹੀਂ ਹੋ ਰਿਹਾ। ਦੇਖੋ! ਸਾਰੀ ਦੁਨੀਆਂ ਉਸ ਦੇ ਪਿੱਛੇ ਜਾ ਰਹੀ ਹੈ।”+
20 ਤਿਉਹਾਰ ਦੌਰਾਨ ਭਗਤੀ ਕਰਨ ਆਏ ਲੋਕਾਂ ਵਿਚ ਕੁਝ ਯੂਨਾਨੀ ਲੋਕ ਵੀ ਸਨ। 21 ਇਸ ਲਈ ਉਹ ਫ਼ਿਲਿੱਪੁਸ+ ਕੋਲ ਆਏ ਜਿਹੜਾ ਗਲੀਲ ਦੇ ਬੈਤਸੈਦਾ ਦਾ ਰਹਿਣ ਵਾਲਾ ਸੀ ਅਤੇ ਉਸ ਨੂੰ ਕਿਹਾ: “ਭਰਾ ਜੀ, ਅਸੀਂ ਯਿਸੂ ਨੂੰ ਮਿਲਣਾ ਚਾਹੁੰਦੇ ਹਾਂ।” 22 ਫ਼ਿਲਿੱਪੁਸ ਨੇ ਇਸ ਬਾਰੇ ਅੰਦ੍ਰਿਆਸ ਨੂੰ ਦੱਸਿਆ। ਅੰਦ੍ਰਿਆਸ ਤੇ ਫ਼ਿਲਿੱਪੁਸ ਨੇ ਆ ਕੇ ਯਿਸੂ ਨੂੰ ਦੱਸਿਆ।
23 ਪਰ ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਮਨੁੱਖ ਦੇ ਪੁੱਤਰ ਲਈ ਮਹਿਮਾ ਪਾਉਣ ਦਾ ਸਮਾਂ ਆ ਗਿਆ ਹੈ।+ 24 ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਜਦ ਤਕ ਕਣਕ ਦਾ ਦਾਣਾ ਜ਼ਮੀਨ ਵਿਚ ਜਾ ਕੇ ਨਾ ਮਰੇ, ਤਦ ਤਕ ਇਹ ਇੱਕੋ ਦਾਣਾ ਰਹਿੰਦਾ ਹੈ, ਪਰ ਜਦੋਂ ਇਹ ਮਰ ਜਾਂਦਾ ਹੈ,+ ਤਾਂ ਇਸ ਨੂੰ ਹੋਰ ਬਹੁਤ ਸਾਰੇ ਦਾਣੇ ਲੱਗਦੇ ਹਨ। 25 ਜਿਹੜਾ ਆਪਣੀ ਜਾਨ ਨਾਲ ਪਿਆਰ ਕਰਦਾ ਹੈ, ਉਹ ਇਸ ਨੂੰ ਗੁਆ ਬੈਠੇਗਾ, ਪਰ ਜਿਹੜਾ ਇਸ ਦੁਨੀਆਂ ਵਿਚ ਆਪਣੀ ਜਾਨ ਨਾਲ ਨਫ਼ਰਤ ਕਰਦਾ ਹੈ,+ ਉਹ ਇਸ ਨੂੰ ਬਚਾਵੇਗਾ ਅਤੇ ਹਮੇਸ਼ਾ ਦੀ ਜ਼ਿੰਦਗੀ ਪਾਵੇਗਾ।+ 26 ਜੇ ਕੋਈ ਮੇਰੀ ਸੇਵਾ ਕਰਨੀ ਚਾਹੁੰਦਾ ਹੈ, ਤਾਂ ਉਹ ਮੇਰੇ ਪਿੱਛੇ-ਪਿੱਛੇ ਆਵੇ ਅਤੇ ਜਿੱਥੇ ਮੈਂ ਹੋਵਾਂਗਾ ਉੱਥੇ ਮੇਰਾ ਸੇਵਕ ਵੀ ਹੋਵੇਗਾ।+ ਪਿਤਾ ਮੇਰੀ ਸੇਵਾ ਕਰਨ ਵਾਲੇ ਨੂੰ ਬਰਕਤਾਂ ਦੇਵੇਗਾ। 27 ਹੁਣ ਮੈਂ* ਬੜਾ ਪਰੇਸ਼ਾਨ ਹਾਂ+ ਅਤੇ ਮੈਂ ਕੀ ਕਹਾਂ? ਹੇ ਪਿਤਾ, ਮੈਨੂੰ ਇਸ ਮੁਸ਼ਕਲ ਘੜੀ ਤੋਂ ਬਚਾ।+ ਪਰ ਮੇਰੇ ʼਤੇ ਇਹ ਮੁਸ਼ਕਲ ਘੜੀ ਆਉਣੀ ਹੀ ਹੈ ਕਿਉਂਕਿ ਮੈਂ ਇਸੇ ਕਰਕੇ ਆਇਆ ਹਾਂ। 28 ਹੇ ਪਿਤਾ, ਆਪਣੇ ਨਾਂ ਦੀ ਮਹਿਮਾ ਕਰ।” ਤਦ ਸਵਰਗੋਂ ਆਵਾਜ਼+ ਆਈ: “ਮੈਂ ਇਸ ਦੀ ਮਹਿਮਾ ਕੀਤੀ ਹੈ ਅਤੇ ਦੁਬਾਰਾ ਕਰਾਂਗਾ।”+
29 ਇਹ ਆਵਾਜ਼ ਸੁਣ ਕੇ ਉੱਥੇ ਖੜ੍ਹੀ ਭੀੜ ਵਿੱਚੋਂ ਕੁਝ ਲੋਕ ਕਹਿਣ ਲੱਗੇ ਕਿ ਬੱਦਲ ਗਰਜੇ ਸਨ। ਹੋਰ ਕਈ ਕਹਿਣ ਲੱਗੇ: “ਕਿਸੇ ਦੂਤ ਨੇ ਉਸ ਨਾਲ ਗੱਲ ਕੀਤੀ ਹੈ।” 30 ਯਿਸੂ ਨੇ ਕਿਹਾ: “ਇਹ ਆਵਾਜ਼ ਮੇਰੇ ਲਈ ਨਹੀਂ, ਸਗੋਂ ਤੁਹਾਡੇ ਲਈ ਆਈ ਹੈ। 31 ਇਸ ਦੁਨੀਆਂ ਦਾ ਨਿਆਂ ਹੁਣ ਕੀਤਾ ਜਾ ਰਿਹਾ ਹੈ; ਹੁਣ ਦੁਨੀਆਂ ਦੇ ਹਾਕਮ+ ਨੂੰ ਬਾਹਰ ਕੱਢਿਆ ਜਾਵੇਗਾ।+ 32 ਪਰ ਜਦੋਂ ਮੈਨੂੰ ਉੱਚੀ ਥਾਂ ʼਤੇ ਟੰਗਿਆ ਜਾਵੇਗਾ,+ ਤਾਂ ਮੈਂ ਹਰ ਤਰ੍ਹਾਂ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਾਂਗਾ।” 33 ਅਸਲ ਵਿਚ ਉਹ ਦੱਸ ਰਿਹਾ ਸੀ ਕਿ ਉਹ ਕਿਹੋ ਜਿਹੀ ਮੌਤ ਮਰੇਗਾ।+ 34 ਤਦ ਭੀੜ ਨੇ ਉਸ ਨੂੰ ਜਵਾਬ ਦਿੱਤਾ: “ਅਸੀਂ ਮੂਸਾ ਦੇ ਕਾਨੂੰਨ ਵਿਚ ਸੁਣਿਆ ਹੈ ਕਿ ਮਸੀਹ ਹਮੇਸ਼ਾ ਜੀਉਂਦਾ ਰਹੇਗਾ।+ ਫਿਰ ਤੂੰ ਕਿੱਦਾਂ ਕਹਿੰਦਾ ਹੈਂ ਕਿ ਮਨੁੱਖ ਦੇ ਪੁੱਤਰ ਨੂੰ ਟੰਗਿਆ ਜਾਵੇਗਾ?+ ਕੌਣ ਹੈ ਇਹ ਮਨੁੱਖ ਦਾ ਪੁੱਤਰ?” 35 ਇਸ ਲਈ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਚਾਨਣ ਹੋਰ ਥੋੜ੍ਹਾ ਚਿਰ ਤੁਹਾਡੇ ਵਿਚਕਾਰ ਰਹੇਗਾ। ਜਦੋਂ ਤਕ ਤੁਹਾਡੇ ਕੋਲ ਚਾਨਣ ਹੈ, ਇਸ ਵਿਚ ਚੱਲੋ ਤਾਂਕਿ ਹਨੇਰਾ ਤੁਹਾਨੂੰ ਨਾ ਘੇਰੇ; ਹਨੇਰੇ ਵਿਚ ਚੱਲਣ ਵਾਲਾ ਇਨਸਾਨ ਨਹੀਂ ਜਾਣਦਾ ਕਿ ਉਹ ਕਿੱਧਰ ਜਾ ਰਿਹਾ ਹੈ।+ 36 ਜਿੰਨਾ ਚਿਰ ਤੁਹਾਡੇ ਕੋਲ ਚਾਨਣ ਹੈ, ਚਾਨਣ ਉੱਤੇ ਵਿਸ਼ਵਾਸ ਕਰੋ ਤਾਂਕਿ ਤੁਸੀਂ ਚਾਨਣ ਦੇ ਪੁੱਤਰ ਬਣੋ।”+
ਯਿਸੂ ਇਹ ਗੱਲਾਂ ਕਹਿਣ ਤੋਂ ਬਾਅਦ ਉੱਥੋਂ ਚਲਾ ਗਿਆ ਅਤੇ ਉਨ੍ਹਾਂ ਤੋਂ ਲੁਕ ਗਿਆ। 37 ਭਾਵੇਂ ਉਸ ਨੇ ਉਨ੍ਹਾਂ ਸਾਮ੍ਹਣੇ ਕਈ ਚਮਤਕਾਰ ਕੀਤੇ ਸਨ, ਫਿਰ ਵੀ ਉਨ੍ਹਾਂ ਨੇ ਉਸ ਉੱਤੇ ਨਿਹਚਾ ਨਾ ਕੀਤੀ। 38 ਇਸ ਕਰਕੇ ਯਸਾਯਾਹ ਨਬੀ ਦੀ ਇਹ ਗੱਲ ਪੂਰੀ ਹੋਈ: “ਯਹੋਵਾਹ,* ਸਾਡੇ ਤੋਂ ਸੁਣੀ ਗੱਲ* ਉੱਤੇ ਕਿਸ ਨੇ ਨਿਹਚਾ ਕੀਤੀ ਹੈ?+ ਯਹੋਵਾਹ* ਦੀ ਤਾਕਤ* ਕਿਨ੍ਹਾਂ ਨੂੰ ਦਿਖਾਈ ਗਈ ਹੈ?”+ 39 ਉਨ੍ਹਾਂ ਨੇ ਇਸ ਕਰਕੇ ਵਿਸ਼ਵਾਸ ਨਹੀਂ ਕੀਤਾ ਕਿਉਂਕਿ ਯਸਾਯਾਹ ਨਬੀ ਨੇ ਹੀ ਲਿਖਿਆ ਸੀ: 40 “ਉਸ ਨੇ ਉਨ੍ਹਾਂ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ ਹਨ ਅਤੇ ਉਸ ਨੇ ਉਨ੍ਹਾਂ ਦੇ ਮਨ ਕਠੋਰ ਕਰ ਦਿੱਤੇ ਹਨ ਤਾਂਕਿ ਉਹ ਆਪਣੀਆਂ ਅੱਖਾਂ ਨਾਲ ਦੇਖ ਨਾ ਸਕਣ, ਆਪਣੇ ਦਿਲਾਂ ਨਾਲ ਸਮਝ ਨਾ ਸਕਣ ਅਤੇ ਆਪਣੇ ਰਾਹਾਂ ਨੂੰ ਬਦਲ ਨਾ ਲੈਣ ਤੇ ਉਹ ਉਨ੍ਹਾਂ ਨੂੰ ਚੰਗਾ ਨਾ ਕਰ ਦੇਵੇ।”+ 41 ਯਸਾਯਾਹ ਨੇ ਇਹ ਗੱਲਾਂ ਇਸ ਕਰਕੇ ਕਹੀਆਂ ਸਨ ਕਿਉਂਕਿ ਉਸ ਨੇ ਮਸੀਹ ਦੀ ਮਹਿਮਾ ਦੇਖੀ ਸੀ ਅਤੇ ਉਸ ਬਾਰੇ ਦੱਸਿਆ ਸੀ।+ 42 ਪਰ ਫਿਰ ਵੀ ਯਹੂਦੀਆਂ ਦੇ ਬਹੁਤ ਸਾਰੇ ਆਗੂ ਉਸ ਉੱਤੇ ਨਿਹਚਾ ਕਰਨ ਲੱਗ ਪਏ ਸਨ,+ ਪਰ ਫ਼ਰੀਸੀਆਂ ਦੇ ਡਰ ਕਰਕੇ ਆਪਣੀ ਨਿਹਚਾ ਦਾ ਇਜ਼ਹਾਰ ਨਹੀਂ ਕਰਦੇ ਸਨ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਸਭਾ ਘਰ ਵਿੱਚੋਂ ਉਨ੍ਹਾਂ ਨੂੰ ਛੇਕਿਆ ਜਾਵੇ;+ 43 ਉਹ ਪਰਮੇਸ਼ੁਰ ਤੋਂ ਮਹਿਮਾ ਪਾਉਣ ਦੀ ਬਜਾਇ ਇਨਸਾਨਾਂ ਤੋਂ ਮਹਿਮਾ ਕਰਾਉਣੀ ਜ਼ਿਆਦਾ ਪਸੰਦ ਕਰਦੇ ਸਨ।+
44 ਪਰ ਯਿਸੂ ਨੇ ਉੱਚੀ ਆਵਾਜ਼ ਵਿਚ ਕਿਹਾ: “ਜਿਹੜਾ ਮੇਰੇ ਉੱਤੇ ਨਿਹਚਾ ਕਰਦਾ ਹੈ, ਉਹ ਸਿਰਫ਼ ਮੇਰੇ ਉੱਤੇ ਹੀ ਨਹੀਂ, ਸਗੋਂ ਮੇਰੇ ਘੱਲਣ ਵਾਲੇ ʼਤੇ ਵੀ ਨਿਹਚਾ ਕਰਦਾ ਹੈ;+ 45 ਅਤੇ ਜਿਹੜਾ ਮੈਨੂੰ ਦੇਖਦਾ ਹੈ ਉਹ ਮੇਰੇ ਘੱਲਣ ਵਾਲੇ ਨੂੰ ਵੀ ਦੇਖਦਾ ਹੈ।+ 46 ਮੈਂ ਦੁਨੀਆਂ ਵਿਚ ਚਾਨਣ ਵਜੋਂ ਆਇਆ ਹਾਂ+ ਤਾਂਕਿ ਜਿਹੜਾ ਵੀ ਮੇਰੇ ਉੱਤੇ ਨਿਹਚਾ ਕਰਦਾ ਹੈ, ਉਹ ਹਨੇਰੇ ਵਿਚ ਨਾ ਰਹੇ।+ 47 ਪਰ ਜੇ ਕੋਈ ਮੇਰੀਆਂ ਗੱਲਾਂ ਸੁਣ ਕੇ ਉਨ੍ਹਾਂ ਉੱਤੇ ਨਹੀਂ ਚੱਲਦਾ, ਮੈਂ ਉਸ ਨੂੰ ਦੋਸ਼ੀ ਨਹੀਂ ਠਹਿਰਾਉਂਦਾ; ਕਿਉਂਕਿ ਮੈਂ ਦੁਨੀਆਂ ਨੂੰ ਦੋਸ਼ੀ ਠਹਿਰਾਉਣ ਲਈ ਨਹੀਂ, ਸਗੋਂ ਬਚਾਉਣ ਆਇਆ ਹਾਂ।+ 48 ਜਿਹੜਾ ਮੈਨੂੰ ਠੁਕਰਾਉਂਦਾ ਹੈ ਅਤੇ ਮੇਰੀਆਂ ਗੱਲਾਂ ਨੂੰ ਨਹੀਂ ਮੰਨਦਾ, ਉਸ ਨੂੰ ਦੋਸ਼ੀ ਠਹਿਰਾਇਆ ਜਾਵੇਗਾ। ਜਿਹੜੀਆਂ ਗੱਲਾਂ ਮੈਂ ਕਹੀਆਂ ਹਨ, ਉਹੀ ਗੱਲਾਂ ਆਖ਼ਰੀ ਦਿਨ ʼਤੇ ਉਸ ਨੂੰ ਦੋਸ਼ੀ ਠਹਿਰਾਉਣਗੀਆਂ। 49 ਕਿਉਂਕਿ ਮੈਂ ਆਪਣੇ ਵੱਲੋਂ ਕੁਝ ਨਹੀਂ ਕਹਿੰਦਾ, ਪਰ ਪਿਤਾ ਨੇ, ਜਿਸ ਨੇ ਮੈਨੂੰ ਘੱਲਿਆ ਹੈ, ਆਪ ਮੈਨੂੰ ਹੁਕਮ ਦਿੱਤਾ ਹੈ ਕਿ ਮੈਂ ਕੀ-ਕੀ ਦੱਸਣਾ ਹੈ ਤੇ ਕੀ-ਕੀ ਸਿਖਾਉਣਾ ਹੈ।+ 50 ਨਾਲੇ ਮੈਂ ਜਾਣਦਾ ਹਾਂ ਕਿ ਉਸ ਦਾ ਹੁਕਮ ਹਮੇਸ਼ਾ ਦੀ ਜ਼ਿੰਦਗੀ ਦਿੰਦਾ ਹੈ।+ ਇਸ ਲਈ ਜਿਹੜੀਆਂ ਗੱਲਾਂ ਮੈਂ ਕਹਿੰਦਾ ਹਾਂ ਜਿਵੇਂ ਪਿਤਾ ਨੇ ਮੈਨੂੰ ਦੱਸੀਆਂ ਹਨ, ਮੈਂ ਉਸੇ ਤਰ੍ਹਾਂ ਦੱਸਦਾ ਹਾਂ।”+