ਰਸੂਲਾਂ ਦੇ ਕੰਮ
14 ਇਕੁਨਿਉਮ ਵਿਚ ਆ ਕੇ ਪੌਲੁਸ ਅਤੇ ਬਰਨਾਬਾਸ ਯਹੂਦੀਆਂ ਦੇ ਸਭਾ ਘਰ ਵਿਚ ਗਏ ਅਤੇ ਉਨ੍ਹਾਂ ਨੇ ਇੰਨੇ ਵਧੀਆ ਢੰਗ ਨਾਲ ਗੱਲ ਕੀਤੀ ਕਿ ਬਹੁਤ ਸਾਰੇ ਯਹੂਦੀ ਅਤੇ ਯੂਨਾਨੀ* ਨਿਹਚਾ ਕਰਨ ਲੱਗ ਪਏ। 2 ਪਰ ਜਿਨ੍ਹਾਂ ਯਹੂਦੀਆਂ ਨੇ ਨਿਹਚਾ ਨਹੀਂ ਕੀਤੀ ਸੀ, ਉਨ੍ਹਾਂ ਨੇ ਗ਼ੈਰ-ਯਹੂਦੀ ਲੋਕਾਂ ਨੂੰ ਭੜਕਾਇਆ ਅਤੇ ਉਨ੍ਹਾਂ ਦੇ ਮਨਾਂ ਵਿਚ ਭਰਾਵਾਂ ਦੇ ਖ਼ਿਲਾਫ਼ ਜ਼ਹਿਰ ਭਰ ਦਿੱਤਾ।+ 3 ਇਸ ਲਈ ਪੌਲੁਸ ਅਤੇ ਬਰਨਾਬਾਸ ਕਾਫ਼ੀ ਸਮਾਂ ਇਕੁਨਿਉਮ ਵਿਚ ਰਹੇ ਅਤੇ ਯਹੋਵਾਹ* ਤੋਂ ਮਿਲੇ ਅਧਿਕਾਰ ਨਾਲ ਉਹ ਨਿਡਰ ਹੋ ਕੇ ਗੱਲ ਕਰਦੇ ਰਹੇ। ਪਰਮੇਸ਼ੁਰ ਨੇ ਉਨ੍ਹਾਂ ਦੇ ਹੱਥੀਂ ਨਿਸ਼ਾਨੀਆਂ ਦਿਖਾ ਕੇ ਅਤੇ ਚਮਤਕਾਰ ਕਰ ਕੇ ਇਸ ਗੱਲ ਦਾ ਸਬੂਤ ਦਿੱਤਾ ਕਿ ਉਹ ਉਸ ਦੀ ਅਪਾਰ ਕਿਰਪਾ ਦਾ ਸੰਦੇਸ਼ ਦੇ ਰਹੇ ਸਨ।+ 4 ਪਰ ਸ਼ਹਿਰ ਦੇ ਬਹੁਤ ਸਾਰੇ ਲੋਕਾਂ ਵਿਚ ਫੁੱਟ ਪੈ ਗਈ; ਕੁਝ ਯਹੂਦੀਆਂ ਵੱਲ ਹੋ ਗਏ ਅਤੇ ਬਾਕੀ ਰਸੂਲਾਂ ਵੱਲ। 5 ਫਿਰ ਗ਼ੈਰ-ਯਹੂਦੀ ਲੋਕਾਂ ਅਤੇ ਯਹੂਦੀਆਂ ਤੇ ਉਨ੍ਹਾਂ ਦੇ ਧਾਰਮਿਕ ਆਗੂਆਂ ਨੇ ਮਿਲ ਕੇ ਉਨ੍ਹਾਂ ਦੋਹਾਂ ਨੂੰ ਬੇਇੱਜ਼ਤ ਕਰਨ ਅਤੇ ਪੱਥਰ ਮਾਰ-ਮਾਰ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ।+ 6 ਪਰ ਉਨ੍ਹਾਂ ਨੂੰ ਇਸ ਦੀ ਖ਼ਬਰ ਮਿਲ ਗਈ ਅਤੇ ਉਹ ਭੱਜ ਕੇ ਲੁਕਾਉਨਿਆ ਦੇ ਸ਼ਹਿਰਾਂ ਲੁਸਤ੍ਰਾ ਤੇ ਦਰਬੇ ਅਤੇ ਆਲੇ-ਦੁਆਲੇ ਦੇ ਇਲਾਕੇ ਵਿਚ ਚਲੇ ਗਏ।+ 7 ਉੱਥੇ ਉਹ ਖ਼ੁਸ਼ ਖ਼ਬਰੀ ਸੁਣਾਉਂਦੇ ਰਹੇ।
8 ਲੁਸਤ੍ਰਾ ਵਿਚ ਇਕ ਆਦਮੀ ਬੈਠਾ ਹੋਇਆ ਸੀ ਜੋ ਪੈਰਾਂ ਤੋਂ ਅਪਾਹਜ ਸੀ। ਉਹ ਜਨਮ ਤੋਂ ਲੰਗੜਾ ਸੀ ਅਤੇ ਕਦੀ ਵੀ ਤੁਰਿਆ ਨਹੀਂ ਸੀ। 9 ਉਹ ਆਦਮੀ ਪੌਲੁਸ ਦੀਆਂ ਗੱਲਾਂ ਸੁਣ ਰਿਹਾ ਸੀ। ਉਸ ਨੂੰ ਧਿਆਨ ਨਾਲ ਦੇਖ ਕੇ ਪੌਲੁਸ ਜਾਣ ਗਿਆ ਕਿ ਉਸ ਆਦਮੀ ਵਿਚ ਨਿਹਚਾ ਹੈ ਅਤੇ ਉਸ ਨੂੰ ਯਕੀਨ ਹੈ ਕਿ ਉਹ ਠੀਕ ਹੋ ਸਕਦਾ ਹੈ।+ 10 ਇਸ ਲਈ ਪੌਲੁਸ ਨੇ ਉੱਚੀ ਆਵਾਜ਼ ਵਿਚ ਕਿਹਾ: “ਆਪਣੇ ਪੈਰਾਂ ʼਤੇ ਖੜ੍ਹਾ ਹੋ ਜਾ।” ਉਹ ਆਦਮੀ ਉਸੇ ਵੇਲੇ ਉੱਠ ਖੜ੍ਹਾ ਹੋਇਆ ਅਤੇ ਤੁਰਨ ਲੱਗ ਪਿਆ।+ 11 ਲੋਕਾਂ ਨੇ ਜਦੋਂ ਪੌਲੁਸ ਦੀ ਕਰਾਮਾਤ ਦੇਖੀ, ਤਾਂ ਉਹ ਲੁਕਾਉਨੀ ਭਾਸ਼ਾ ਵਿਚ ਉੱਚੀ-ਉੱਚੀ ਕਹਿਣ ਲੱਗ ਪਏ: “ਦੇਵਤੇ ਇਨਸਾਨਾਂ ਦਾ ਰੂਪ ਧਾਰ ਕੇ ਸਾਡੇ ਕੋਲ ਉੱਤਰ ਆਏ ਹਨ!”+ 12 ਉਨ੍ਹਾਂ ਨੇ ਬਰਨਾਬਾਸ ਨੂੰ ਜ਼ੂਸ ਦੇਵਤਾ, ਪਰ ਪੌਲੁਸ ਨੂੰ ਹਰਮੇਸ ਦੇਵਤਾ ਕਹਿਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹੀ ਜ਼ਿਆਦਾ ਗੱਲ ਕਰਦਾ ਸੀ। 13 ਜ਼ੂਸ ਦੇਵਤੇ ਦਾ ਮੰਦਰ ਸ਼ਹਿਰ ਦੇ ਲਾਂਘੇ ਕੋਲ ਸੀ ਅਤੇ ਮੰਦਰ ਦਾ ਪੁਜਾਰੀ ਬਲਦ ਅਤੇ ਫੁੱਲਾਂ ਦੇ ਹਾਰ* ਲੈ ਕੇ ਦਰਵਾਜ਼ੇ ਕੋਲ ਆਇਆ ਅਤੇ ਉਹ ਲੋਕਾਂ ਨਾਲ ਮਿਲ ਕੇ ਪੌਲੁਸ ਅਤੇ ਬਰਨਾਬਾਸ ਅੱਗੇ ਬਲ਼ੀਆਂ ਚੜ੍ਹਾਉਣੀਆਂ ਚਾਹੁੰਦਾ ਸੀ।
14 ਪਰ ਜਦੋਂ ਰਸੂਲਾਂ ਯਾਨੀ ਬਰਨਾਬਾਸ ਅਤੇ ਪੌਲੁਸ ਨੇ ਇਸ ਬਾਰੇ ਸੁਣਿਆ, ਤਾਂ ਉਨ੍ਹਾਂ ਨੇ ਆਪਣੇ ਕੱਪੜੇ ਪਾੜੇ ਅਤੇ ਭੱਜ ਕੇ ਭੀੜ ਵਿਚ ਜਾ ਖੜ੍ਹੇ ਹੋਏ ਅਤੇ ਉੱਚੀ ਆਵਾਜ਼ ਵਿਚ ਕਿਹਾ: 15 “ਭਰਾਵੋ, ਤੁਸੀਂ ਇਹ ਸਭ ਕੁਝ ਕਿਉਂ ਕਰ ਰਹੇ ਹੋ? ਅਸੀਂ ਵੀ ਤੁਹਾਡੇ ਵਾਂਗ ਦੁੱਖ-ਸੁੱਖ ਭੋਗਣ ਵਾਲੇ ਆਮ ਇਨਸਾਨ ਹਾਂ।+ ਅਸੀਂ ਤੁਹਾਨੂੰ ਖ਼ੁਸ਼ ਖ਼ਬਰੀ ਸੁਣਾ ਰਹੇ ਹਾਂ ਤਾਂਕਿ ਤੁਸੀਂ ਇਨ੍ਹਾਂ ਵਿਅਰਥ ਚੀਜ਼ਾਂ ਨੂੰ ਛੱਡ ਕੇ ਜੀਉਂਦੇ ਪਰਮੇਸ਼ੁਰ ਵੱਲ ਮੁੜੋ ਜਿਸ ਨੇ ਆਕਾਸ਼, ਧਰਤੀ, ਸਮੁੰਦਰ ਅਤੇ ਉਨ੍ਹਾਂ ਵਿਚਲੀਆਂ ਸਾਰੀਆਂ ਚੀਜ਼ਾਂ ਬਣਾਈਆਂ ਹਨ।+ 16 ਬੀਤੇ ਸਮੇਂ ਵਿਚ ਉਸ ਨੇ ਸਾਰੀਆਂ ਕੌਮਾਂ ਨੂੰ ਆਪੋ-ਆਪਣੇ ਰਾਹ ਚੱਲਣ ਦਿੱਤਾ,+ 17 ਫਿਰ ਵੀ ਉਹ ਭਲਾਈ ਕਰਦਾ ਰਿਹਾ ਅਤੇ ਇਸ ਤਰ੍ਹਾਂ ਆਪਣੇ ਬਾਰੇ ਗਵਾਹੀ ਦਿੰਦਾ ਰਿਹਾ।+ ਉਹ ਤੁਹਾਡੇ ਲਈ ਆਕਾਸ਼ੋਂ ਮੀਂਹ ਵਰ੍ਹਾ ਕੇ ਤੇ ਚੰਗੀ ਪੈਦਾਵਾਰ ਵਾਲੀਆਂ ਰੁੱਤਾਂ ਦੇ ਕੇ+ ਤੁਹਾਨੂੰ ਖਾਣ-ਪੀਣ ਵਾਲੀਆਂ ਚੀਜ਼ਾਂ ਨਾਲ ਰਜਾਉਂਦਾ ਰਿਹਾ ਅਤੇ ਤੁਹਾਡੇ ਦਿਲਾਂ ਨੂੰ ਖ਼ੁਸ਼ੀਆਂ ਨਾਲ ਭਰਦਾ ਰਿਹਾ।”+ 18 ਇਹ ਸਭ ਕਹਿਣ ਦੇ ਬਾਵਜੂਦ ਉਹ ਭੀੜ ਨੂੰ ਬਲ਼ੀਆਂ ਚੜ੍ਹਾਉਣ ਤੋਂ ਮਸਾਂ ਰੋਕ ਪਾਏ।
19 ਪਰ ਅੰਤਾਕੀਆ ਅਤੇ ਇਕੁਨਿਉਮ ਤੋਂ ਯਹੂਦੀ ਆਏ ਅਤੇ ਉਨ੍ਹਾਂ ਨੇ ਭੀੜ ਨੂੰ ਭੜਕਾ ਕੇ ਆਪਣੇ ਮਗਰ ਲਾ ਲਿਆ+ ਅਤੇ ਉਨ੍ਹਾਂ ਨੇ ਪੌਲੁਸ ਨੂੰ ਪੱਥਰ ਮਾਰੇ ਅਤੇ ਮਰਿਆ ਸਮਝ ਕੇ ਉਸ ਨੂੰ ਘਸੀਟ ਕੇ ਸ਼ਹਿਰੋਂ ਬਾਹਰ ਲੈ ਗਏ।+ 20 ਪਰ ਜਦੋਂ ਚੇਲੇ ਆ ਕੇ ਉਸ ਦੇ ਆਲੇ-ਦੁਆਲੇ ਖੜ੍ਹੇ ਹੋਏ, ਤਾਂ ਉਹ ਉੱਠਿਆ ਅਤੇ ਸ਼ਹਿਰ ਨੂੰ ਚਲਾ ਗਿਆ। ਅਗਲੇ ਦਿਨ ਉਹ ਬਰਨਾਬਾਸ ਨਾਲ ਦਰਬੇ ਨੂੰ ਚਲਾ ਗਿਆ।+ 21 ਉਸ ਸ਼ਹਿਰ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਅਤੇ ਬਹੁਤ ਸਾਰੇ ਚੇਲੇ ਬਣਾ ਕੇ ਉਹ ਲੁਸਤ੍ਰਾ, ਇਕੁਨਿਉਮ ਤੇ ਅੰਤਾਕੀਆ ਨੂੰ ਮੁੜ ਆਏ। 22 ਉੱਥੇ ਉਨ੍ਹਾਂ ਨੇ ਚੇਲਿਆਂ ਨੂੰ ਹੌਸਲਾ ਦਿੱਤਾ+ ਅਤੇ ਉਨ੍ਹਾਂ ਨੂੰ ਆਪਣੀ ਨਿਹਚਾ ਮਜ਼ਬੂਤ ਰੱਖਣ ਦੀ ਹੱਲਾਸ਼ੇਰੀ ਦਿੰਦਿਆਂ ਕਿਹਾ: “ਪਰਮੇਸ਼ੁਰ ਦੇ ਰਾਜ ਵਿਚ ਜਾਣ ਲਈ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈਣਗੀਆਂ।”+ 23 ਇਸ ਤੋਂ ਇਲਾਵਾ, ਉਨ੍ਹਾਂ ਨੇ ਹਰ ਮੰਡਲੀ ਵਿਚ ਉਨ੍ਹਾਂ ਲਈ ਬਜ਼ੁਰਗ ਨਿਯੁਕਤ ਕੀਤੇ,+ ਪ੍ਰਾਰਥਨਾ ਕੀਤੀ, ਵਰਤ ਰੱਖਿਆ+ ਅਤੇ ਉਨ੍ਹਾਂ ਨੂੰ ਯਹੋਵਾਹ* ਦੇ ਹੱਥ ਸੌਂਪ ਦਿੱਤਾ ਜਿਸ ਉੱਤੇ ਉਨ੍ਹਾਂ ਨੇ ਨਿਹਚਾ ਕੀਤੀ ਸੀ।
24 ਫਿਰ ਉਹ ਪਸੀਦੀਆ ਵਿੱਚੋਂ ਦੀ ਹੁੰਦੇ ਹੋਏ ਪਮਫੀਲੀਆ ਆਏ+ 25 ਅਤੇ ਪਰਗਾ ਵਿਚ ਬਚਨ ਦਾ ਪ੍ਰਚਾਰ ਕਰਨ ਤੋਂ ਬਾਅਦ ਉਹ ਅੱਤਲੀਆ ਨੂੰ ਚਲੇ ਗਏ। 26 ਉੱਥੋਂ ਉਹ ਸਮੁੰਦਰੀ ਜਹਾਜ਼ ਵਿਚ ਬੈਠ ਕੇ ਅੰਤਾਕੀਆ ਨੂੰ ਤੁਰ ਪਏ। ਅੰਤਾਕੀਆ ਵਿਚ ਹੀ ਪਰਮੇਸ਼ੁਰ ਨੇ ਅਪਾਰ ਕਿਰਪਾ ਕਰ ਕੇ ਉਨ੍ਹਾਂ ਨੂੰ ਕੰਮ ਸੌਂਪਿਆ ਸੀ ਜੋ ਹੁਣ ਉਨ੍ਹਾਂ ਨੇ ਪੂਰਾ ਕਰ ਲਿਆ ਸੀ।+
27 ਜਦੋਂ ਉਹ ਅੰਤਾਕੀਆ ਵਿਚ ਪਹੁੰਚੇ, ਤਾਂ ਉਨ੍ਹਾਂ ਨੇ ਪੂਰੀ ਮੰਡਲੀ ਨੂੰ ਇਕੱਠਾ ਕਰ ਕੇ ਦੱਸਿਆ ਕਿ ਪਰਮੇਸ਼ੁਰ ਨੇ ਉਨ੍ਹਾਂ ਦੇ ਰਾਹੀਂ ਕੀ-ਕੀ ਕੀਤਾ ਸੀ ਅਤੇ ਉਸ ਨੇ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਲਈ ਵੀ ਨਿਹਚਾ ਕਰਨ ਦਾ ਰਾਹ ਖੋਲ੍ਹ ਦਿੱਤਾ ਸੀ।+ 28 ਅਤੇ ਉਨ੍ਹਾਂ ਨੇ ਚੇਲਿਆਂ ਨਾਲ ਕਾਫ਼ੀ ਸਮਾਂ ਬਿਤਾਇਆ।