ਰੋਮੀਆਂ ਨੂੰ ਚਿੱਠੀ
2 ਇਸ ਲਈ ਭਰਾਵਾ, ਜੇ ਤੂੰ ਦੂਸਰਿਆਂ ਉੱਤੇ ਉਨ੍ਹਾਂ ਦੇ ਕੰਮਾਂ ਕਰਕੇ ਦੋਸ਼ ਲਾਉਂਦਾ ਹੈਂ, ਪਰ ਤੂੰ ਆਪ ਵੀ ਉਹੀ ਕੰਮ ਕਰਦਾ ਹੈਂ, ਤਾਂ ਤੂੰ ਭਾਵੇਂ ਕੋਈ ਵੀ ਹੋਵੇਂ,+ ਤੇਰੇ ਕੋਲ ਆਪਣੀ ਸਫ਼ਾਈ ਪੇਸ਼ ਕਰਨ ਦਾ ਕੋਈ ਆਧਾਰ ਨਹੀਂ ਹੈ। ਤੂੰ ਦੂਜਿਆਂ ਉੱਤੇ ਦੋਸ਼ ਲਾ ਕੇ ਆਪਣੇ ਆਪ ਨੂੰ ਵੀ ਦੋਸ਼ੀ ਠਹਿਰਾਉਂਦਾ ਹੈਂ।+ 2 ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਨਿਆਂ ਸੱਚਾ ਹੈ ਅਤੇ ਉਹ ਅਜਿਹੇ ਕੰਮਾਂ ਵਿਚ ਲੱਗੇ ਲੋਕਾਂ ਦਾ ਨਿਆਂ ਕਰਦਾ ਹੈ।
3 ਭਰਾਵਾ, ਕੀ ਤੂੰ ਇਹ ਸੋਚਦਾ ਹੈਂ ਕਿ ਤੂੰ ਅਜਿਹੇ ਕੰਮਾਂ ਵਿਚ ਲੱਗੇ ਲੋਕਾਂ ਨੂੰ ਤਾਂ ਦੋਸ਼ੀ ਠਹਿਰਾ ਸਕਦਾ ਹੈਂ, ਪਰ ਤੂੰ ਆਪ ਇਹੀ ਕੰਮ ਕਰ ਕੇ ਪਰਮੇਸ਼ੁਰ ਦੇ ਨਿਆਂ ਤੋਂ ਬਚ ਜਾਏਂਗਾ? 4 ਜਾਂ ਕੀ ਤੂੰ ਇਸ ਕਰਕੇ ਪਰਮੇਸ਼ੁਰ ਦੀ ਬੇਅੰਤ ਰਹਿਮਦਿਲੀ,+ ਸਹਿਣਸ਼ੀਲਤਾ+ ਤੇ ਧੀਰਜ+ ਨੂੰ ਤੁੱਛ ਸਮਝਦਾ ਹੈਂ ਕਿਉਂਕਿ ਤੂੰ ਨਹੀਂ ਜਾਣਦਾ ਕਿ ਪਰਮੇਸ਼ੁਰ ਤੇਰੇ ʼਤੇ ਰਹਿਮ ਕਰ ਕੇ ਤੈਨੂੰ ਤੋਬਾ ਦੇ ਰਾਹ ਪਾ ਰਿਹਾ ਹੈ?+ 5 ਪਰ ਤੂੰ ਢੀਠ ਹੈਂ ਅਤੇ ਤੂੰ ਪਛਤਾਵਾ ਨਹੀਂ ਕਰਨਾ ਚਾਹੁੰਦਾ, ਇਸ ਕਰਕੇ ਤੂੰ ਆਪਣੇ ਲਈ ਪਰਮੇਸ਼ੁਰ ਦਾ ਕ੍ਰੋਧ ਜਮ੍ਹਾ ਕਰ ਰਿਹਾ ਹੈਂ ਜੋ ਉਸ ਦੇ ਧਰਮੀ ਨਿਆਂ ਦੇ ਦਿਨ ਤੇਰੇ ਉੱਤੇ ਭੜਕੇਗਾ।+ 6 ਉਹ ਹਰੇਕ ਨੂੰ ਉਸ ਦੇ ਕੰਮਾਂ ਦਾ ਫਲ ਦੇਵੇਗਾ:+ 7 ਉਨ੍ਹਾਂ ਲੋਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਜਿਹੜੇ ਮਹਿਮਾ, ਆਦਰ ਅਤੇ ਅਵਿਨਾਸ਼ੀ ਸਰੀਰ+ ਪਾਉਣ ਲਈ ਚੰਗੇ ਕੰਮਾਂ ਵਿਚ ਲੱਗੇ ਰਹਿੰਦੇ ਹਨ; 8 ਪਰ ਜਿਹੜੇ ਲੋਕ ਲੜਾਕੇ ਹਨ ਅਤੇ ਸੱਚਾਈ ਅਨੁਸਾਰ ਚੱਲਣ ਦੀ ਬਜਾਇ ਬੁਰਾਈ ਦੇ ਰਾਹ ʼਤੇ ਚੱਲਦੇ ਹਨ, ਉਨ੍ਹਾਂ ਉੱਤੇ ਪਰਮੇਸ਼ੁਰ ਦਾ ਕ੍ਰੋਧ ਅਤੇ ਗੁੱਸਾ ਭੜਕੇਗਾ।+ 9 ਬੁਰੇ ਕੰਮ ਕਰਨ ਵਾਲੇ ਹਰ ਇਨਸਾਨ ਉੱਤੇ ਕਸ਼ਟ ਤੇ ਮੁਸੀਬਤਾਂ ਆਉਣਗੀਆਂ, ਪਹਿਲਾਂ ਯਹੂਦੀਆਂ ਉੱਤੇ, ਫਿਰ ਯੂਨਾਨੀਆਂ* ਉੱਤੇ; 10 ਪਰ ਚੰਗੇ ਕੰਮ ਕਰਨ ਵਾਲੇ ਹਰ ਇਨਸਾਨ ਨੂੰ ਮਹਿਮਾ, ਆਦਰ ਤੇ ਸ਼ਾਂਤੀ ਮਿਲੇਗੀ, ਪਹਿਲਾਂ ਯਹੂਦੀਆਂ ਨੂੰ+ ਤੇ ਫਿਰ ਯੂਨਾਨੀਆਂ ਨੂੰ।+ 11 ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ।+
12 ਜਿਨ੍ਹਾਂ ਲੋਕਾਂ ਕੋਲ ਪਰਮੇਸ਼ੁਰ ਦਾ ਕਾਨੂੰਨ ਨਹੀਂ, ਉਹ ਵੀ ਸਾਰੇ ਆਪਣੇ ਪਾਪਾਂ ਕਰਕੇ ਮਰ ਜਾਣਗੇ ਭਾਵੇਂ ਉਨ੍ਹਾਂ ਕੋਲ ਕਾਨੂੰਨ ਨਹੀਂ ਹੈ;+ ਪਰ ਜਿਨ੍ਹਾਂ ਕੋਲ ਪਰਮੇਸ਼ੁਰ ਦਾ ਕਾਨੂੰਨ ਹੈ ਅਤੇ ਉਹ ਪਾਪ ਕਰਦੇ ਹਨ, ਤਾਂ ਉਨ੍ਹਾਂ ਸਾਰਿਆਂ ਦਾ ਨਿਆਂ ਕਾਨੂੰਨ ਮੁਤਾਬਕ ਕੀਤਾ ਜਾਵੇਗਾ।+ 13 ਉਹ ਲੋਕ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਨਹੀਂ ਹਨ ਜਿਹੜੇ ਇਸ ਕਾਨੂੰਨ ਨੂੰ ਸਿਰਫ਼ ਸੁਣਦੇ ਹੀ ਹਨ, ਸਗੋਂ ਇਸ ਕਾਨੂੰਨ ਮੁਤਾਬਕ ਚੱਲਣ ਵਾਲਿਆਂ ਨੂੰ ਧਰਮੀ ਠਹਿਰਾਇਆ ਜਾਵੇਗਾ।+ 14 ਦੁਨੀਆਂ ਦੇ ਲੋਕਾਂ ਕੋਲ ਪਰਮੇਸ਼ੁਰ ਦਾ ਕਾਨੂੰਨ ਨਹੀਂ ਹੈ।+ ਪਰ ਇਹ ਕਾਨੂੰਨ ਨਾ ਹੁੰਦੇ ਹੋਏ ਵੀ ਜਦੋਂ ਉਹ ਆਪਣੇ ਆਪ ਇਸ ਕਾਨੂੰਨ ਅਨੁਸਾਰ ਚੱਲਦੇ ਹਨ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਅੰਦਰ ਇਕ ਕਾਨੂੰਨ ਹੈ। 15 ਉਹ ਲੋਕ ਦਿਖਾਉਂਦੇ ਹਨ ਕਿ ਇਸ ਕਾਨੂੰਨ ਦੀਆਂ ਗੱਲਾਂ ਉਨ੍ਹਾਂ ਦੇ ਦਿਲਾਂ ਉੱਤੇ ਲਿਖੀਆਂ ਹੋਈਆਂ ਹਨ ਅਤੇ ਉਨ੍ਹਾਂ ਦੀ ਜ਼ਮੀਰ ਉਨ੍ਹਾਂ ਨਾਲ ਗਵਾਹੀ ਦਿੰਦੀ ਹੈ। ਜਦੋਂ ਉਹ ਆਪਣੇ ਕੰਮਾਂ ਉੱਤੇ ਸੋਚ-ਵਿਚਾਰ ਕਰਦੇ ਹਨ, ਤਾਂ ਉਹ ਆਪਣੇ ਆਪ ਨੂੰ ਦੋਸ਼ੀ ਜਾਂ ਨਿਰਦੋਸ਼ ਠਹਿਰਾਉਂਦੇ ਹਨ। 16 ਇਹ ਸਭ ਕੁਝ ਉਸ ਦਿਨ ਹੋਵੇਗਾ ਜਦੋਂ ਯਿਸੂ ਮਸੀਹ ਰਾਹੀਂ ਪਰਮੇਸ਼ੁਰ ਇਨਸਾਨਾਂ ਦੀਆਂ ਗੁਪਤ ਗੱਲਾਂ ਦਾ ਨਿਆਂ ਕਰੇਗਾ।+ ਮੈਂ ਜੋ ਖ਼ੁਸ਼ ਖ਼ਬਰੀ ਸੁਣਾਈ ਹੈ, ਉਸ ਦੇ ਮੁਤਾਬਕ ਹੀ ਇਹ ਸਭ ਕੁਝ ਹੋਵੇਗਾ।
17 ਤੂੰ ਆਪਣੇ ਆਪ ਨੂੰ ਯਹੂਦੀ ਕਹਿੰਦਾ ਹੈਂ,+ ਕਾਨੂੰਨ ਉੱਤੇ ਭਰੋਸਾ ਰੱਖਦਾ ਹੈਂ, ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਉੱਤੇ ਮਾਣ ਕਰਦਾ ਹੈਂ, 18 ਤੂੰ ਉਸ ਦੀ ਇੱਛਾ ਨੂੰ ਜਾਣਦਾ ਹੈਂ, ਤੂੰ ਉੱਤਮ ਗੱਲਾਂ ਦੀ ਸਮਝ ਰੱਖਦਾ ਹੈਂ ਕਿਉਂਕਿ ਤੈਨੂੰ ਮੂਸਾ ਦਾ ਕਾਨੂੰਨ ਸਿਖਾਇਆ* ਗਿਆ ਹੈ;+ 19 ਤੈਨੂੰ ਇਸ ਗੱਲ ਦਾ ਯਕੀਨ ਹੈ ਕਿ ਤੂੰ ਅੰਨ੍ਹਿਆਂ ਨੂੰ ਰਾਹ ਦਿਖਾਉਣ ਵਾਲਾ ਅਤੇ ਹਨੇਰੇ ਵਿਚ ਚੱਲਣ ਵਾਲੇ ਲੋਕਾਂ ਲਈ ਚਾਨਣ ਹੈਂ, 20 ਤੂੰ ਨਾਸਮਝ ਲੋਕਾਂ ਨੂੰ ਸੁਧਾਰਨ ਵਾਲਾ ਤੇ ਬੱਚਿਆਂ ਦਾ ਸਿੱਖਿਅਕ ਹੈਂ ਅਤੇ ਤੂੰ ਮੂਸਾ ਦੇ ਕਾਨੂੰਨ ਵਿਚ ਪਾਏ ਜਾਂਦੇ ਗਿਆਨ ਅਤੇ ਸੱਚਾਈ ਦੀਆਂ ਬੁਨਿਆਦੀ ਗੱਲਾਂ ਜਾਣਦਾ ਹੈਂ। 21 ਤੂੰ ਇਹ ਸਭ ਕੁਝ ਹੋਰਾਂ ਨੂੰ ਤਾਂ ਸਿਖਾਉਂਦਾ ਹੈਂ, ਪਰ ਕੀ ਤੂੰ ਆਪਣੇ ਆਪ ਨੂੰ ਸਿਖਾਉਂਦਾ ਹੈਂ?+ ਤੂੰ ਦੂਜਿਆਂ ਨੂੰ ਸਿੱਖਿਆ ਦਿੰਦਾ ਹੈਂ, “ਚੋਰੀ ਨਾ ਕਰ,”+ ਪਰ ਕੀ ਤੂੰ ਆਪ ਚੋਰੀ ਕਰਦਾ ਹੈਂ? 22 ਤੂੰ ਕਹਿੰਦਾ ਹੈਂ, “ਹਰਾਮਕਾਰੀ ਨਾ ਕਰ,”+ ਪਰ ਕੀ ਤੂੰ ਆਪ ਹਰਾਮਕਾਰੀ ਕਰਦਾ ਹੈਂ? ਤੂੰ ਮੂਰਤੀਆਂ ਨਾਲ ਘਿਰਣਾ ਕਰਦਾ ਹੈਂ, ਪਰ ਕੀ ਤੂੰ ਮੰਦਰਾਂ ਨੂੰ ਲੁੱਟਦਾ ਹੈਂ? 23 ਤੂੰ ਕਾਨੂੰਨ ਉੱਤੇ ਮਾਣ ਕਰਦਾ ਹੈਂ, ਪਰ ਕੀ ਤੂੰ ਆਪ ਕਾਨੂੰਨ ਦੀ ਉਲੰਘਣਾ ਕਰ ਕੇ ਪਰਮੇਸ਼ੁਰ ਦਾ ਨਿਰਾਦਰ ਕਰਦਾ ਹੈਂ? 24 ਜਿਵੇਂ ਲਿਖਿਆ ਹੈ, “ਤੁਹਾਡੇ ਕਰਕੇ ਦੁਨੀਆਂ ਵਿਚ ਪਰਮੇਸ਼ੁਰ ਦੇ ਨਾਂ ਦੀ ਬਦਨਾਮੀ ਹੋ ਰਹੀ ਹੈ।”+
25 ਤੇਰੀ ਸੁੰਨਤ+ ਦਾ ਫ਼ਾਇਦਾ ਤਾਂ ਹੀ ਹੈ ਜੇ ਤੂੰ ਕਾਨੂੰਨ ਉੱਤੇ ਚੱਲੇਂ;+ ਪਰ ਜੇ ਤੂੰ ਕਾਨੂੰਨ ਦੀ ਉਲੰਘਣਾ ਕਰਦਾ ਹੈਂ, ਤਾਂ ਤੇਰੀ ਸੁੰਨਤ ਨਾ ਹੋਣ ਦੇ ਬਰਾਬਰ ਹੈ। 26 ਇਸ ਲਈ ਜੇ ਕੋਈ ਬੇਸੁੰਨਤਾ ਇਨਸਾਨ+ ਕਾਨੂੰਨ ਵਿਚ ਦੱਸੀਆਂ ਮੰਗਾਂ ਅਨੁਸਾਰ ਸਹੀ ਕੰਮ ਕਰਦਾ ਹੈ, ਤਾਂ ਕੀ ਉਸ ਨੂੰ ਸੁੰਨਤ ਵਾਲਾ ਨਹੀਂ ਮੰਨਿਆ ਜਾਏਗਾ?+ 27 ਬੇਸੁੰਨਤਾ ਇਨਸਾਨ ਕਾਨੂੰਨ ਮੁਤਾਬਕ ਚੱਲ ਕੇ ਤੇਰੇ ਉੱਤੇ ਦੋਸ਼ ਲਾਵੇਗਾ ਕਿਉਂਕਿ ਤੂੰ ਕਾਨੂੰਨ ਦੀ ਉਲੰਘਣਾ ਕਰਦਾ ਹੈਂ, ਭਾਵੇਂ ਤੇਰੇ ਕੋਲ ਕਾਨੂੰਨ ਹੈ ਅਤੇ ਤੂੰ ਸੁੰਨਤ ਕਰਾਈ ਹੈ। 28 ਅਸਲੀ ਯਹੂਦੀ ਉਹ ਨਹੀਂ ਹੈ ਜੋ ਬਾਹਰੋਂ ਦੇਖਣ ਨੂੰ ਯਹੂਦੀ ਲੱਗਦਾ ਹੈ+ ਅਤੇ ਸਰੀਰ ਦੀ ਸੁੰਨਤ ਅਸਲੀ ਸੁੰਨਤ ਨਹੀਂ ਹੈ।+ 29 ਪਰ ਅਸਲੀ ਯਹੂਦੀ ਉਹ ਹੈ ਜਿਹੜਾ ਅੰਦਰੋਂ ਯਹੂਦੀ ਹੈ+ ਅਤੇ ਅਸਲੀ ਸੁੰਨਤ ਦਿਲ ਦੀ ਸੁੰਨਤ ਹੈ+ ਜਿਹੜੀ ਪਵਿੱਤਰ ਸ਼ਕਤੀ ਅਨੁਸਾਰ ਹੈ, ਨਾ ਕਿ ਲਿਖਤੀ ਕਾਨੂੰਨ ਅਨੁਸਾਰ।+ ਇਹੋ ਜਿਹੇ ਇਨਸਾਨ ਦੀ ਵਡਿਆਈ ਲੋਕ ਨਹੀਂ, ਸਗੋਂ ਪਰਮੇਸ਼ੁਰ ਕਰਦਾ ਹੈ।+