ਯਹੋਸ਼ੁਆ
1 ਯਹੋਵਾਹ ਦੇ ਸੇਵਕ ਮੂਸਾ ਦੀ ਮੌਤ ਤੋਂ ਬਾਅਦ ਯਹੋਵਾਹ ਨੇ ਨੂਨ ਦੇ ਪੁੱਤਰ ਅਤੇ ਮੂਸਾ ਦੇ ਸੇਵਕ ਯਹੋਸ਼ੁਆ*+ ਨੂੰ ਕਿਹਾ: 2 “ਮੇਰਾ ਸੇਵਕ ਮੂਸਾ ਮਰ ਗਿਆ ਹੈ।+ ਹੁਣ ਉੱਠ ਅਤੇ ਯਰਦਨ ਪਾਰ ਕਰ। ਤੂੰ ਅਤੇ ਇਹ ਸਾਰੇ ਲੋਕ ਉਸ ਦੇਸ਼ ਨੂੰ ਜਾਓ ਜੋ ਮੈਂ ਉਨ੍ਹਾਂ ਨੂੰ, ਹਾਂ, ਇਜ਼ਰਾਈਲੀ ਲੋਕਾਂ ਨੂੰ ਦੇਣ ਜਾ ਰਿਹਾ ਹਾਂ।+ 3 ਜਿੱਥੇ ਵੀ ਤੂੰ ਪੈਰ ਰੱਖੇਂਗਾ, ਮੈਂ ਉਹ ਜਗ੍ਹਾ ਤੈਨੂੰ ਦੇ ਦਿਆਂਗਾ, ਠੀਕ ਜਿਵੇਂ ਮੈਂ ਮੂਸਾ ਨਾਲ ਵਾਅਦਾ ਕੀਤਾ ਸੀ।+ 4 ਤੁਹਾਡਾ ਇਲਾਕਾ ਉਜਾੜ ਤੋਂ ਲੈ ਕੇ ਲਬਾਨੋਨ ਅਤੇ ਵੱਡੇ ਦਰਿਆ ਫ਼ਰਾਤ ਤਕ ਯਾਨੀ ਹਿੱਤੀਆਂ ਦੇ ਸਾਰੇ ਦੇਸ਼ ਤਕ+ ਅਤੇ ਪੱਛਮ ਵੱਲ* ਵੱਡੇ ਸਾਗਰ* ਤਕ ਫੈਲਿਆ ਹੋਵੇਗਾ।+ 5 ਜਦੋਂ ਤਕ ਤੂੰ ਜੀਉਂਦਾ ਹੈਂ, ਤੇਰੇ ਖ਼ਿਲਾਫ਼ ਕੋਈ ਵੀ ਖੜ੍ਹਾ ਨਹੀਂ ਹੋ ਪਾਵੇਗਾ।+ ਜਿਵੇਂ ਮੈਂ ਮੂਸਾ ਨਾਲ ਸੀ, ਉਸੇ ਤਰ੍ਹਾਂ ਮੈਂ ਤੇਰੇ ਨਾਲ ਵੀ ਹੋਵਾਂਗਾ।+ ਮੈਂ ਤੈਨੂੰ ਕਦੇ ਨਹੀਂ ਛੱਡਾਂਗਾ ਅਤੇ ਨਾ ਹੀ ਤੈਨੂੰ ਤਿਆਗਾਂਗਾ।+ 6 ਦਲੇਰ ਬਣ ਅਤੇ ਤਕੜਾ ਹੋ+ ਕਿਉਂਕਿ ਤੂੰ ਹੀ ਇਨ੍ਹਾਂ ਲੋਕਾਂ ਨੂੰ ਉਸ ਦੇਸ਼ ਦਾ ਵਾਰਸ ਬਣਾਏਂਗਾ ਜਿਸ ਨੂੰ ਦੇਣ ਦੀ ਸਹੁੰ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਖਾਧੀ ਸੀ।+
7 “ਤੂੰ ਬੱਸ ਦਲੇਰ ਬਣ ਅਤੇ ਤਕੜਾ ਹੋ ਅਤੇ ਉਸ ਸਾਰੇ ਕਾਨੂੰਨ ਦੀ ਧਿਆਨ ਨਾਲ ਪਾਲਣਾ ਕਰ ਜਿਸ ਦਾ ਹੁਕਮ ਮੇਰੇ ਸੇਵਕ ਮੂਸਾ ਨੇ ਤੈਨੂੰ ਦਿੱਤਾ ਸੀ। ਉਸ ਤੋਂ ਸੱਜੇ ਜਾਂ ਖੱਬੇ ਨਾ ਮੁੜੀਂ+ ਤਾਂਕਿ ਤੂੰ ਜਿੱਥੇ ਵੀ ਜਾਵੇਂ, ਬੁੱਧ ਤੋਂ ਕੰਮ ਲੈ ਸਕੇਂ।+ 8 ਕਾਨੂੰਨ ਦੀ ਇਹ ਕਿਤਾਬ ਤੇਰੇ ਮੂੰਹ ਤੋਂ ਕਦੇ ਵੱਖ ਨਾ ਹੋਵੇ+ ਅਤੇ ਤੂੰ ਇਸ ਨੂੰ ਦਿਨ-ਰਾਤ ਧੀਮੀ ਆਵਾਜ਼ ਵਿਚ ਪੜ੍ਹੀਂ* ਤਾਂਕਿ ਤੂੰ ਇਸ ਵਿਚ ਲਿਖੀਆਂ ਸਾਰੀਆਂ ਗੱਲਾਂ ਦੀ ਧਿਆਨ ਨਾਲ ਪਾਲਣਾ ਕਰ ਸਕੇਂ;+ ਫਿਰ ਤੂੰ ਆਪਣੇ ਹਰ ਕੰਮ ਵਿਚ ਸਫ਼ਲ ਹੋਵੇਂਗਾ ਅਤੇ ਬੁੱਧ ਤੋਂ ਕੰਮ ਲਵੇਂਗਾ।+ 9 ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ? ਦਲੇਰ ਬਣ ਅਤੇ ਤਕੜਾ ਹੋ। ਨਾ ਡਰ ਤੇ ਨਾ ਖ਼ੌਫ਼ ਖਾਹ ਕਿਉਂਕਿ ਜਿੱਥੇ ਵੀ ਤੂੰ ਜਾਵੇਂ ਤੇਰਾ ਪਰਮੇਸ਼ੁਰ ਯਹੋਵਾਹ ਤੇਰੇ ਨਾਲ ਹੈ।”+
10 ਫਿਰ ਯਹੋਸ਼ੁਆ ਨੇ ਲੋਕਾਂ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ: 11 “ਪੂਰੀ ਛਾਉਣੀ ਵਿੱਚੋਂ ਦੀ ਲੰਘੋ ਅਤੇ ਲੋਕਾਂ ਨੂੰ ਇਹ ਹੁਕਮ ਦਿਓ, ‘ਖਾਣ-ਪੀਣ ਦੀਆਂ ਚੀਜ਼ਾਂ ਤਿਆਰ ਕਰੋ ਕਿਉਂਕਿ ਤਿੰਨਾਂ ਦਿਨਾਂ ਵਿਚ ਤੁਸੀਂ ਯਰਦਨ ਪਾਰ ਕਰੋਗੇ ਅਤੇ ਜਾ ਕੇ ਉਸ ਦੇਸ਼ ʼਤੇ ਕਬਜ਼ਾ ਕਰੋਗੇ ਜਿਸ ਨੂੰ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਅਧੀਨ ਕਰਨ ਜਾ ਰਿਹਾ ਹੈ।’”+
12 ਫਿਰ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਯਹੋਸ਼ੁਆ ਨੇ ਕਿਹਾ: 13 “ਯਹੋਵਾਹ ਦੇ ਸੇਵਕ ਮੂਸਾ ਦੇ ਉਸ ਹੁਕਮ ਨੂੰ ਯਾਦ ਰੱਖੋ ਜੋ ਉਸ ਨੇ ਤੁਹਾਨੂੰ ਦਿੱਤਾ ਸੀ:+ ‘ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਆਰਾਮ ਦਿੱਤਾ ਹੈ ਅਤੇ ਉਸ ਨੇ ਤੁਹਾਨੂੰ ਇਹ ਦੇਸ਼ ਦਿੱਤਾ ਹੈ। 14 ਤੁਹਾਡੀਆਂ ਪਤਨੀਆਂ, ਤੁਹਾਡੇ ਬੱਚੇ ਅਤੇ ਤੁਹਾਡੇ ਪਸ਼ੂ ਉਸ ਦੇਸ਼ ਵਿਚ ਵੱਸਣਗੇ ਜੋ ਮੂਸਾ ਨੇ ਤੁਹਾਨੂੰ ਯਰਦਨ ਦੇ ਇਸ ਪਾਸੇ* ਦਿੱਤਾ ਹੈ,+ ਪਰ ਤੁਸੀਂ ਸਾਰੇ ਤਾਕਤਵਰ ਯੋਧੇ+ ਆਪਣੇ ਭਰਾਵਾਂ ਦੇ ਅੱਗੇ-ਅੱਗੇ ਮੋਰਚਾ ਬੰਨ੍ਹ ਕੇ ਦਰਿਆ ਪਾਰ ਜਾਓ।+ ਤੁਸੀਂ ਉਦੋਂ ਤਕ ਉਨ੍ਹਾਂ ਦੀ ਮਦਦ ਕਰੋ 15 ਜਦ ਤਕ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਭਰਾਵਾਂ ਨੂੰ ਆਰਾਮ ਨਹੀਂ ਦੇ ਦਿੰਦਾ, ਠੀਕ ਜਿਵੇਂ ਉਸ ਨੇ ਤੁਹਾਨੂੰ ਦਿੱਤਾ ਹੈ ਅਤੇ ਜਦ ਤਕ ਉਹ ਉਸ ਦੇਸ਼ ʼਤੇ ਕਬਜ਼ਾ ਨਹੀਂ ਕਰ ਲੈਂਦੇ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਨੂੰ ਦੇਣ ਜਾ ਰਿਹਾ ਹੈ। ਫਿਰ ਉਸ ਦੇਸ਼ ਵਿਚ ਮੁੜ ਆਇਓ ਜੋ ਤੁਹਾਨੂੰ ਵੱਸਣ ਲਈ ਦਿੱਤਾ ਹੈ ਅਤੇ ਉਸ ʼਤੇ ਕਬਜ਼ਾ ਕਰਿਓ, ਹਾਂ, ਉਹ ਦੇਸ਼ ਜੋ ਯਹੋਵਾਹ ਦੇ ਸੇਵਕ ਮੂਸਾ ਨੇ ਤੁਹਾਨੂੰ ਯਰਦਨ ਦੇ ਪੂਰਬ ਵੱਲ ਦਿੱਤਾ ਹੈ।’”+
16 ਉਨ੍ਹਾਂ ਨੇ ਯਹੋਸ਼ੁਆ ਨੂੰ ਜਵਾਬ ਦਿੱਤਾ: “ਅਸੀਂ ਉਹ ਸਭ ਕਰਾਂਗੇ ਜੋ ਕੁਝ ਕਰਨ ਦਾ ਤੂੰ ਹੁਕਮ ਦਿੱਤਾ ਹੈ ਅਤੇ ਜਿੱਥੇ ਤੂੰ ਸਾਨੂੰ ਭੇਜੇਂ, ਅਸੀਂ ਜਾਵਾਂਗੇ।+ 17 ਜਿਵੇਂ ਅਸੀਂ ਮੂਸਾ ਦੀ ਹਰ ਗੱਲ ਸੁਣੀ, ਅਸੀਂ ਤੇਰੀ ਵੀ ਸੁਣਾਂਗੇ। ਸਾਡੀ ਇਹੀ ਦੁਆ ਹੈ ਕਿ ਤੇਰਾ ਪਰਮੇਸ਼ੁਰ ਯਹੋਵਾਹ ਤੇਰੇ ਨਾਲ ਹੋਵੇ ਜਿਵੇਂ ਉਹ ਮੂਸਾ ਨਾਲ ਸੀ।+ 18 ਹਰ ਉਸ ਆਦਮੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਜੋ ਤੇਰੇ ਹੁਕਮ ਦੇ ਖ਼ਿਲਾਫ਼ ਜਾਵੇ ਅਤੇ ਤੇਰੀ ਹਰ ਆਗਿਆ ਨੂੰ ਨਾ ਮੰਨੇ ਜੋ ਤੂੰ ਉਸ ਨੂੰ ਦੇਵੇਂ।+ ਬੱਸ ਤੂੰ ਦਲੇਰ ਬਣ ਅਤੇ ਤਕੜਾ ਹੋ।”+