ਰਸੂਲਾਂ ਦੇ ਕੰਮ
5 ਦੂਜੇ ਪਾਸੇ, ਹਨਾਨਿਆ ਨਾਂ ਦੇ ਇਕ ਆਦਮੀ ਨੇ ਆਪਣੀ ਪਤਨੀ ਸਫ਼ੀਰਾ ਨਾਲ ਮਿਲ ਕੇ ਆਪਣੀ ਕੁਝ ਜ਼ਮੀਨ ਵੇਚੀ। 2 ਪਰ ਉਸ ਨੇ ਚੁੱਪ-ਚੁਪੀਤੇ ਕੁਝ ਪੈਸਾ ਆਪਣੇ ਕੋਲ ਰੱਖ ਲਿਆ ਜਿਸ ਬਾਰੇ ਉਸ ਦੀ ਪਤਨੀ ਨੂੰ ਪਤਾ ਸੀ ਅਤੇ ਉਸ ਨੇ ਬਾਕੀ ਪੈਸਾ ਜਾ ਕੇ ਰਸੂਲਾਂ ਦੇ ਚਰਨਾਂ ਵਿਚ ਰੱਖ ਦਿੱਤਾ।+ 3 ਪਤਰਸ ਨੇ ਉਸ ਨੂੰ ਪੁੱਛਿਆ: “ਹਨਾਨਿਆ, ਕੀ ਸ਼ੈਤਾਨ ਨੇ ਤੈਨੂੰ ਇੰਨੀ ਹਿੰਮਤ ਦੇ ਦਿੱਤੀ ਹੈ ਕਿ ਤੂੰ ਪਵਿੱਤਰ ਸ਼ਕਤੀ+ ਨਾਲ ਝੂਠ ਬੋਲੇਂ+ ਅਤੇ ਆਪਣੀ ਜ਼ਮੀਨ ਦਾ ਕੁਝ ਪੈਸਾ ਚੁੱਪ-ਚਪੀਤੇ ਆਪਣੇ ਕੋਲ ਰੱਖ ਲਵੇਂ? 4 ਕੀ ਵੇਚੇ ਜਾਣ ਤੋਂ ਪਹਿਲਾਂ ਜ਼ਮੀਨ ਤੇਰੀ ਨਹੀਂ ਸੀ? ਨਾਲੇ ਜ਼ਮੀਨ ਵੇਚ ਕੇ ਮਿਲੇ ਪੈਸੇ ਵੀ ਤੇਰੇ ਹੀ ਨਹੀਂ ਸਨ? ਤਾਂ ਫਿਰ, ਤੂੰ ਇੰਨਾ ਘਟੀਆ ਕੰਮ ਕਰਨ ਬਾਰੇ ਸੋਚਿਆ ਹੀ ਕਿਉਂ? ਤੂੰ ਇਨਸਾਨਾਂ ਨਾਲ ਨਹੀਂ, ਸਗੋਂ ਪਰਮੇਸ਼ੁਰ ਨਾਲ ਝੂਠ ਬੋਲਿਆ ਹੈ।” 5 ਇਹ ਸੁਣਦਿਆਂ ਸਾਰ ਹਨਾਨਿਆ ਡਿਗ ਕੇ ਮਰ ਗਿਆ। ਜਿੰਨਿਆਂ ਨੇ ਵੀ ਇਸ ਬਾਰੇ ਸੁਣਿਆ, ਉਨ੍ਹਾਂ ਸਾਰਿਆਂ ਦੇ ਦਿਲਾਂ ਵਿਚ ਪਰਮੇਸ਼ੁਰ ਦਾ ਡਰ ਬੈਠ ਗਿਆ। 6 ਫਿਰ ਨੌਜਵਾਨਾਂ ਨੇ ਉੱਠ ਕੇ ਉਸ ਦੀ ਲਾਸ਼ ਨੂੰ ਕਫ਼ਨ ਵਿਚ ਲਪੇਟਿਆ ਅਤੇ ਬਾਹਰ ਲਿਜਾ ਕੇ ਦਫ਼ਨਾ ਦਿੱਤਾ।
7 ਤਕਰੀਬਨ ਤਿੰਨ ਘੰਟਿਆਂ ਬਾਅਦ ਉਸ ਦੀ ਪਤਨੀ ਸਫ਼ੀਰਾ ਅੰਦਰ ਆਈ ਤੇ ਉਸ ਨੂੰ ਪਤਾ ਨਹੀਂ ਸੀ ਕਿ ਕੀ ਹੋਇਆ ਸੀ। 8 ਪਤਰਸ ਨੇ ਉਸ ਨੂੰ ਪੁੱਛਿਆ: “ਮੈਨੂੰ ਦੱਸ, ਕੀ ਤੁਸੀਂ ਦੋਹਾਂ ਨੇ ਜ਼ਮੀਨ ਐਨੇ ਦੀ ਵੇਚੀ ਹੈ?” ਉਸ ਨੇ ਕਿਹਾ: “ਹਾਂ, ਐਨੇ ਦੀ ਹੀ ਵੇਚੀ ਹੈ।” 9 ਇਸ ਲਈ ਪਤਰਸ ਨੇ ਉਸ ਨੂੰ ਕਿਹਾ: “ਤੁਸੀਂ ਦੋਹਾਂ ਨੇ ਯਹੋਵਾਹ* ਦੀ ਸ਼ਕਤੀ ਦੀ ਪਰੀਖਿਆ ਲੈਣ ਦੀ ਆਪਸ ਵਿਚ ਸਲਾਹ ਕਿਉਂ ਕੀਤੀ? ਦੇਖ! ਤੇਰੇ ਪਤੀ ਨੂੰ ਦਫ਼ਨਾਉਣ ਵਾਲੇ ਬੂਹੇ ʼਤੇ ਹਨ ਅਤੇ ਉਹ ਤੈਨੂੰ ਵੀ ਚੁੱਕ ਕੇ ਲੈ ਜਾਣਗੇ।” 10 ਉਹ ਉਸੇ ਵੇਲੇ ਪਤਰਸ ਦੇ ਪੈਰਾਂ ਵਿਚ ਡਿਗ ਕੇ ਮਰ ਗਈ। ਨੌਜਵਾਨਾਂ ਨੇ ਅੰਦਰ ਆ ਕੇ ਦੇਖਿਆ ਕਿ ਉਹ ਮਰੀ ਪਈ ਸੀ ਅਤੇ ਉਨ੍ਹਾਂ ਨੇ ਉਸ ਨੂੰ ਲਿਜਾ ਕੇ ਉਸ ਦੇ ਪਤੀ ਕੋਲ ਦਫ਼ਨਾ ਦਿੱਤਾ। 11 ਇਸ ਕਰਕੇ ਯਰੂਸ਼ਲਮ ਦੇ ਸਾਰੇ ਚੇਲਿਆਂ ਦੇ ਦਿਲਾਂ ਵਿਚ ਅਤੇ ਜਿੰਨਿਆਂ ਨੇ ਵੀ ਇਸ ਬਾਰੇ ਸੁਣਿਆ, ਉਨ੍ਹਾਂ ਸਾਰਿਆਂ ਦੇ ਦਿਲਾਂ ਵਿਚ ਪਰਮੇਸ਼ੁਰ ਦਾ ਡਰ ਬੈਠ ਗਿਆ।
12 ਇਸ ਤੋਂ ਇਲਾਵਾ, ਰਸੂਲ ਲੋਕਾਂ ਸਾਮ੍ਹਣੇ ਬਹੁਤ ਸਾਰੀਆਂ ਨਿਸ਼ਾਨੀਆਂ ਦਿਖਾਉਂਦੇ ਰਹੇ ਅਤੇ ਚਮਤਕਾਰ ਕਰਦੇ ਰਹੇ;+ ਉਹ ਸਾਰੇ ਸੁਲੇਮਾਨ ਦੇ ਬਰਾਂਡੇ ਵਿਚ ਇਕੱਠੇ ਹੁੰਦੇ ਸਨ।+ 13 ਇਹ ਸੱਚ ਹੈ ਕਿ ਦੂਸਰੇ* ਉਨ੍ਹਾਂ ਨਾਲ ਰਲ਼ਣ ਤੋਂ ਡਰਦੇ ਸਨ; ਪਰ ਲੋਕ ਉਨ੍ਹਾਂ ਦੀ ਸ਼ਲਾਘਾ ਕਰਦੇ ਸਨ। 14 ਨਾਲੇ, ਪ੍ਰਭੂ ਉੱਤੇ ਨਿਹਚਾ ਕਰਨ ਵਾਲੇ ਆਦਮੀਆਂ ਤੇ ਤੀਵੀਆਂ ਦੀ ਗਿਣਤੀ ਵਧਦੀ ਜਾ ਰਹੀ ਸੀ।+ 15 ਉਹ ਬੀਮਾਰਾਂ ਨੂੰ ਵੀ ਚੌਂਕਾਂ ਵਿਚ ਲਿਆਉਂਦੇ ਸਨ ਅਤੇ ਉਨ੍ਹਾਂ ਨੂੰ ਛੋਟੇ ਪਲੰਘਾਂ ਅਤੇ ਚਟਾਈਆਂ ਉੱਤੇ ਪਾ ਦਿੰਦੇ ਸਨ ਤਾਂਕਿ ਜਦੋਂ ਪਤਰਸ ਉੱਧਰੋਂ ਦੀ ਲੰਘੇ, ਤਾਂ ਉਸ ਦਾ ਪਰਛਾਵਾਂ ਹੀ ਉਨ੍ਹਾਂ ਉੱਤੇ ਪੈ ਜਾਵੇ।+ 16 ਨਾਲੇ ਯਰੂਸ਼ਲਮ ਦੇ ਆਲੇ-ਦੁਆਲੇ ਦੇ ਸ਼ਹਿਰਾਂ ਤੋਂ ਵੀ ਭੀੜਾਂ ਦੀਆਂ ਭੀੜਾਂ ਬੀਮਾਰਾਂ ਨੂੰ ਅਤੇ ਉਨ੍ਹਾਂ ਨੂੰ ਲੈ ਕੇ ਆਉਂਦੀਆਂ ਸਨ ਜਿਨ੍ਹਾਂ ਨੂੰ ਦੁਸ਼ਟ ਦੂਤ ਚਿੰਬੜੇ ਹੋਏ ਸਨ ਅਤੇ ਉਨ੍ਹਾਂ ਸਾਰਿਆਂ ਨੂੰ ਚੰਗਾ ਕੀਤਾ ਜਾਂਦਾ ਸੀ।
17 ਪਰ ਮਹਾਂ ਪੁਜਾਰੀ ਅਤੇ ਉਸ ਦੇ ਨਾਲ ਸਦੂਕੀਆਂ ਦੇ ਪੰਥ ਦੇ ਲੋਕ ਈਰਖਾ ਨਾਲ ਭਰੇ ਹੋਏ ਉੱਠੇ। 18 ਉਨ੍ਹਾਂ ਨੇ ਰਸੂਲਾਂ ਨੂੰ ਫੜ ਕੇ* ਜੇਲ੍ਹ ਵਿਚ ਸੁੱਟ ਦਿੱਤਾ।+ 19 ਪਰ ਉਸੇ ਰਾਤ ਯਹੋਵਾਹ* ਦੇ ਦੂਤ ਨੇ ਆ ਕੇ ਜੇਲ੍ਹ ਦੇ ਦਰਵਾਜ਼ੇ ਖੋਲ੍ਹ ਦਿੱਤੇ+ ਅਤੇ ਉਨ੍ਹਾਂ ਨੂੰ ਬਾਹਰ ਕੱਢ ਕੇ ਕਿਹਾ: 20 “ਤੁਸੀਂ ਮੰਦਰ ਨੂੰ ਚਲੇ ਜਾਓ ਅਤੇ ਲੋਕਾਂ ਨੂੰ ਇਸ ਜ਼ਿੰਦਗੀ ਬਾਰੇ ਸਭ ਕੁਝ ਦੱਸਦੇ ਰਹੋ।” 21 ਇਹ ਸੁਣ ਕੇ ਉਹ ਤੜਕੇ ਮੰਦਰ ਵਿਚ ਚਲੇ ਗਏ ਅਤੇ ਲੋਕਾਂ ਨੂੰ ਸਿਖਾਉਣ ਲੱਗੇ।
ਫਿਰ ਮਹਾਂ ਪੁਜਾਰੀ ਅਤੇ ਉਸ ਦੇ ਨਾਲ ਜੋ ਵੀ ਸਨ ਆਏ ਅਤੇ ਉਨ੍ਹਾਂ ਨੇ ਮਹਾਸਭਾ ਨੂੰ ਤੇ ਇਜ਼ਰਾਈਲ ਕੌਮ ਦੇ ਬਜ਼ੁਰਗਾਂ ਦੀ ਸਾਰੀ ਸਭਾ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੇ ਰਸੂਲਾਂ ਨੂੰ ਜੇਲ੍ਹ ਵਿੱਚੋਂ ਲਿਆਉਣ ਲਈ ਪਹਿਰੇਦਾਰਾਂ ਨੂੰ ਘੱਲਿਆ। 22 ਪਰ ਜਦੋਂ ਪਹਿਰੇਦਾਰ ਉੱਥੇ ਪਹੁੰਚੇ, ਤਾਂ ਉਨ੍ਹਾਂ ਨੇ ਦੇਖਿਆ ਕਿ ਰਸੂਲ ਜੇਲ੍ਹ ਵਿਚ ਨਹੀਂ ਸਨ। ਇਸ ਲਈ ਉਨ੍ਹਾਂ ਨੇ ਵਾਪਸ ਆ ਕੇ ਦੱਸਿਆ: 23 “ਅਸੀਂ ਜਾ ਕੇ ਦੇਖਿਆ ਕਿ ਜੇਲ੍ਹ ਨੂੰ ਜਿੰਦਾ ਲੱਗਾ ਹੋਇਆ ਸੀ ਅਤੇ ਦਰਵਾਜ਼ਿਆਂ ʼਤੇ ਪਹਿਰੇਦਾਰ ਖੜ੍ਹੇ ਸਨ, ਪਰ ਜਦ ਅਸੀਂ ਦਰਵਾਜ਼ੇ ਖੋਲ੍ਹ ਕੇ ਦੇਖਿਆ, ਤਾਂ ਅੰਦਰ ਕੋਈ ਵੀ ਨਹੀਂ ਸੀ।” 24 ਜਦੋਂ ਮੰਦਰ ਦੇ ਪਹਿਰੇਦਾਰਾਂ ਦੇ ਮੁਖੀ ਅਤੇ ਮੁੱਖ ਪੁਜਾਰੀਆਂ ਨੇ ਇਹ ਸੁਣਿਆ, ਤਾਂ ਉਹ ਉਲਝਣ ਵਿਚ ਪੈ ਗਏ ਕਿ ਹੁਣ ਕੀ ਹੋਊ? 25 ਪਰ ਕਿਸੇ ਨੇ ਆ ਕੇ ਉਨ੍ਹਾਂ ਨੂੰ ਦੱਸਿਆ: “ਜਿਨ੍ਹਾਂ ਆਦਮੀਆਂ ਨੂੰ ਤੁਸੀਂ ਜੇਲ੍ਹ ਵਿਚ ਬੰਦ ਕੀਤਾ ਸੀ, ਉਹ ਮੰਦਰ ਵਿਚ ਖੜ੍ਹੇ ਹਨ ਅਤੇ ਲੋਕਾਂ ਨੂੰ ਸਿੱਖਿਆ ਦੇ ਰਹੇ ਹਨ।” 26 ਫਿਰ ਪਹਿਰੇਦਾਰਾਂ ਦੇ ਮੁਖੀ ਨੇ ਆਪਣੇ ਪਹਿਰੇਦਾਰਾਂ ਨਾਲ ਜਾ ਕੇ ਰਸੂਲਾਂ ਨੂੰ ਫੜ ਲਿਆਂਦਾ, ਪਰ ਉਨ੍ਹਾਂ ਨੇ ਰਸੂਲਾਂ ਨਾਲ ਕੋਈ ਜ਼ੋਰ-ਜ਼ਬਰਦਸਤੀ ਨਹੀਂ ਕੀਤੀ ਕਿਉਂਕਿ ਉਹ ਡਰਦੇ ਸਨ ਕਿ ਕਿਤੇ ਲੋਕ ਉਨ੍ਹਾਂ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਨਾ ਮਾਰ ਦੇਣ।+
27 ਉਨ੍ਹਾਂ ਨੇ ਰਸੂਲਾਂ ਨੂੰ ਲਿਆ ਕੇ ਮਹਾਸਭਾ ਸਾਮ੍ਹਣੇ ਖੜ੍ਹਾ ਕਰ ਦਿੱਤਾ। ਫਿਰ ਮਹਾਂ ਪੁਜਾਰੀ ਨੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ 28 ਅਤੇ ਕਿਹਾ: “ਅਸੀਂ ਤੁਹਾਨੂੰ ਸਖ਼ਤੀ ਨਾਲ ਹੁਕਮ ਦਿੱਤਾ ਸੀ ਕਿ ਇਸ ਨਾਂ ʼਤੇ ਸਿੱਖਿਆ ਦੇਣੀ ਬੰਦ ਕਰੋ,+ ਪਰ ਤੁਸੀਂ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ ਹੈ ਅਤੇ ਤੁਸੀਂ ਪੱਕਾ ਧਾਰ ਲਿਆ ਹੈ ਕਿ ਤੁਸੀਂ ਇਸ ਆਦਮੀ ਦਾ ਖ਼ੂਨ ਸਾਡੇ ਸਿਰ ਪਾਓਗੇ।”+ 29 ਪਤਰਸ ਤੇ ਦੂਸਰੇ ਰਸੂਲਾਂ ਨੇ ਜਵਾਬ ਦਿੱਤਾ: “ਪਰਮੇਸ਼ੁਰ ਹੀ ਸਾਡਾ ਰਾਜਾ ਹੈ, ਇਸ ਕਰਕੇ ਅਸੀਂ ਇਨਸਾਨਾਂ ਦੀ ਬਜਾਇ ਉਸ ਦਾ ਹੀ ਹੁਕਮ ਮੰਨਾਂਗੇ।+ 30 ਸਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੇ ਯਿਸੂ ਨੂੰ ਜੀਉਂਦਾ ਕੀਤਾ ਜਿਸ ਨੂੰ ਤੁਸੀਂ ਸੂਲ਼ੀ* ਉੱਤੇ ਟੰਗ ਕੇ ਮਾਰ ਦਿੱਤਾ ਸੀ।+ 31 ਪਰਮੇਸ਼ੁਰ ਨੇ ਉਸ ਨੂੰ ਮੁੱਖ ਆਗੂ+ ਅਤੇ ਮੁਕਤੀਦਾਤੇ+ ਵਜੋਂ ਆਪਣੇ ਸੱਜੇ ਹੱਥ ਬੈਠਣ ਦਾ ਮਾਣ ਬਖ਼ਸ਼ਿਆ ਹੈ+ ਤਾਂਕਿ ਇਜ਼ਰਾਈਲ ਦੇ ਲੋਕਾਂ ਨੂੰ ਤੋਬਾ ਕਰਨ ਅਤੇ ਆਪਣੇ ਪਾਪਾਂ ਦੀ ਮਾਫ਼ੀ ਪਾਉਣ ਦਾ ਮੌਕਾ ਮਿਲੇ।+ 32 ਅਤੇ ਅਸੀਂ ਇਨ੍ਹਾਂ ਗੱਲਾਂ ਦੇ ਗਵਾਹ ਹਾਂ+ ਅਤੇ ਪਵਿੱਤਰ ਸ਼ਕਤੀ+ ਵੀ ਗਵਾਹੀ ਦਿੰਦੀ ਹੈ ਜੋ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਦਿੱਤੀ ਹੈ ਜਿਹੜੇ ਉਸ ਨੂੰ ਆਪਣਾ ਰਾਜਾ ਮੰਨ ਕੇ ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ।”
33 ਜਦੋਂ ਉਨ੍ਹਾਂ ਨੇ ਇਹ ਸੁਣਿਆ, ਤਾਂ ਉਹ ਗੁੱਸੇ ਨਾਲ ਲਾਲ-ਪੀਲ਼ੇ ਹੋ ਗਏ ਅਤੇ ਉਹ ਰਸੂਲਾਂ ਨੂੰ ਜਾਨੋਂ ਮਾਰ ਦੇਣਾ ਚਾਹੁੰਦੇ ਸਨ। 34 ਪਰ ਗਮਲੀਏਲ+ ਨਾਂ ਦਾ ਇਕ ਫ਼ਰੀਸੀ ਮਹਾਸਭਾ ਵਿਚ ਖੜ੍ਹਾ ਹੋਇਆ। ਉਹ ਕਾਨੂੰਨ ਦਾ ਸਿੱਖਿਅਕ ਸੀ ਅਤੇ ਲੋਕ ਉਸ ਦਾ ਬਹੁਤ ਆਦਰ-ਮਾਣ ਕਰਦੇ ਸਨ। ਉਸ ਨੇ ਰਸੂਲਾਂ ਨੂੰ ਥੋੜ੍ਹੇ ਸਮੇਂ ਲਈ ਬਾਹਰ ਲੈ ਜਾਣ ਦਾ ਹੁਕਮ ਦਿੱਤਾ। 35 ਫਿਰ ਉਸ ਨੇ ਮਹਾਸਭਾ ਨੂੰ ਕਿਹਾ: “ਇਜ਼ਰਾਈਲ ਦੇ ਲੋਕੋ, ਇਸ ਗੱਲ ਵਿਚ ਖ਼ਬਰਦਾਰ ਰਹੋ ਕਿ ਤੁਸੀਂ ਇਨ੍ਹਾਂ ਆਦਮੀਆਂ ਨਾਲ ਕੀ ਕਰਨਾ ਚਾਹੁੰਦੇ ਹੋ। 36 ਮਿਸਾਲ ਲਈ, ਕੁਝ ਸਮਾਂ ਪਹਿਲਾਂ ਥਿਉਦਾਸ ਨਾਂ ਦਾ ਇਕ ਬੰਦਾ ਹੁੰਦਾ ਸੀ ਜੋ ਕਹਿੰਦਾ ਸੀ ਕਿ ਉਹ ਵੀ ਕੁਝ ਹੈ ਅਤੇ ਲਗਭਗ 400 ਲੋਕ ਉਸ ਨਾਲ ਰਲ਼ ਗਏ। ਪਰ ਉਸ ਦੇ ਮਾਰੇ ਜਾਣ ਤੋਂ ਬਾਅਦ ਉਸ ਮਗਰ ਲੱਗੇ ਸਾਰੇ ਲੋਕ ਖਿੰਡ-ਪੁੰਡ ਗਏ ਤੇ ਉਸ ਦੀ ਟੋਲੀ ਖ਼ਤਮ ਹੋ ਗਈ। 37 ਉਸ ਤੋਂ ਬਾਅਦ ਮਰਦਮਸ਼ੁਮਾਰੀ ਦੇ ਦਿਨਾਂ ਵਿਚ ਯਹੂਦਾ ਗਲੀਲੀ ਖੜ੍ਹਾ ਹੋਇਆ ਅਤੇ ਉਸ ਨੇ ਲੋਕਾਂ ਨੂੰ ਆਪਣੇ ਪਿੱਛੇ ਲਾ ਲਿਆ। ਪਰ ਉਹ ਆਦਮੀ ਵੀ ਮਰ ਗਿਆ ਤੇ ਉਸ ਦੇ ਪਿੱਛੇ ਚੱਲਣ ਵਾਲੇ ਸਾਰੇ ਲੋਕ ਖਿੰਡ-ਪੁੰਡ ਗਏ। 38 ਇਸ ਮਾਮਲੇ ਵਿਚ ਵੀ, ਮੈਂ ਤੁਹਾਨੂੰ ਇਹੀ ਕਹਿੰਦਾ ਹਾਂ ਕਿ ਇਨ੍ਹਾਂ ਆਦਮੀਆਂ ਦੇ ਕੰਮ ਵਿਚ ਦਖ਼ਲ ਨਾ ਦਿਓ, ਸਗੋਂ ਇਨ੍ਹਾਂ ਨੂੰ ਜਾਣ ਦਿਓ। ਕਿਉਂਕਿ ਜੇ ਇਹ ਯੋਜਨਾ ਜਾਂ ਕੰਮ ਇਨਸਾਨਾਂ ਦਾ ਹੈ, ਤਾਂ ਇਹ ਖ਼ਤਮ ਹੋ ਜਾਵੇਗਾ; 39 ਪਰ ਜੇ ਇਹ ਪਰਮੇਸ਼ੁਰ ਵੱਲੋਂ ਹੈ, ਤਾਂ ਤੁਸੀਂ ਇਸ ਨੂੰ ਖ਼ਤਮ ਨਹੀਂ ਕਰ ਸਕੋਗੇ।+ ਕਿਤੇ ਇੱਦਾਂ ਨਾ ਹੋਵੇ ਕਿ ਤੁਸੀਂ ਪਰਮੇਸ਼ੁਰ ਨਾਲ ਲੜਾਈ ਮੁੱਲ ਲੈ ਲਓ।”+ 40 ਉਨ੍ਹਾਂ ਨੇ ਉਸ ਦੀ ਸਲਾਹ ਮੰਨ ਲਈ ਅਤੇ ਉਨ੍ਹਾਂ ਨੇ ਰਸੂਲਾਂ ਨੂੰ ਬੁਲਾ ਕੇ ਉਨ੍ਹਾਂ ਦੇ ਕੋਰੜੇ ਮਰਵਾਏ+ ਅਤੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਯਿਸੂ ਦੇ ਨਾਂ ʼਤੇ ਸਿੱਖਿਆ ਨਾ ਦੇਣ ਅਤੇ ਫਿਰ ਉਨ੍ਹਾਂ ਨੂੰ ਛੱਡ ਦਿੱਤਾ।
41 ਇਸ ਲਈ ਰਸੂਲ ਮਹਾਸਭਾ ਸਾਮ੍ਹਣਿਓਂ ਚਲੇ ਗਏ ਅਤੇ ਇਸ ਗੱਲੋਂ ਖ਼ੁਸ਼ ਸਨ+ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਯਿਸੂ ਦੇ ਨਾਂ ਦੀ ਖ਼ਾਤਰ ਬੇਇੱਜ਼ਤ ਕੀਤੇ ਜਾਣ ਦਾ ਸਨਮਾਨ ਬਖ਼ਸ਼ਿਆ। 42 ਉਹ ਹਰ ਰੋਜ਼ ਬਿਨਾਂ ਰੁਕੇ ਮੰਦਰ ਵਿਚ ਤੇ ਘਰ-ਘਰ ਜਾ ਕੇ ਸਿੱਖਿਆ ਦਿੰਦੇ ਰਹੇ+ ਅਤੇ ਯਿਸੂ ਮਸੀਹ ਬਾਰੇ ਖ਼ੁਸ਼ ਖ਼ਬਰੀ ਦਾ ਐਲਾਨ ਕਰਦੇ ਰਹੇ।+