ਯੂਹੰਨਾ ਮੁਤਾਬਕ ਖ਼ੁਸ਼ ਖ਼ਬਰੀ
6 ਇਸ ਤੋਂ ਬਾਅਦ, ਯਿਸੂ ਗਲੀਲ ਦੀ ਝੀਲ ਯਾਨੀ ਤਿਬਰਿਆਸ ਦੀ ਝੀਲ ਦੇ ਦੂਜੇ ਪਾਸੇ ਚਲਾ ਗਿਆ।+ 2 ਪਰ ਲੋਕਾਂ ਦੀ ਵੱਡੀ ਭੀੜ ਉਸ ਦੇ ਪਿੱਛੇ-ਪਿੱਛੇ ਆਉਂਦੀ ਰਹੀ+ ਕਿਉਂਕਿ ਲੋਕ ਦੇਖ ਰਹੇ ਸਨ ਕਿ ਉਹ ਚਮਤਕਾਰ ਕਰ ਕੇ ਬੀਮਾਰਾਂ ਨੂੰ ਠੀਕ ਕਰ ਰਿਹਾ ਸੀ।+ 3 ਇਸ ਲਈ ਯਿਸੂ ਆਪਣੇ ਚੇਲਿਆਂ ਨਾਲ ਇਕ ਪਹਾੜ ਉੱਤੇ ਚਲਾ ਗਿਆ ਅਤੇ ਉਹ ਉੱਥੇ ਬੈਠ ਗਏ। 4 ਉਦੋਂ ਯਹੂਦੀਆਂ ਦਾ ਪਸਾਹ ਦਾ ਤਿਉਹਾਰ+ ਲਾਗੇ ਸੀ। 5 ਜਦੋਂ ਯਿਸੂ ਨੇ ਨਜ਼ਰਾਂ ਉਤਾਂਹ ਚੁੱਕ ਕੇ ਵੱਡੀ ਭੀੜ ਨੂੰ ਆਪਣੇ ਵੱਲ ਆਉਂਦਿਆਂ ਦੇਖਿਆ, ਤਾਂ ਉਸ ਨੇ ਫ਼ਿਲਿੱਪੁਸ ਨੂੰ ਪੁੱਛਿਆ: “ਅਸੀਂ ਇਨ੍ਹਾਂ ਲੋਕਾਂ ਲਈ ਰੋਟੀਆਂ ਕਿੱਥੋਂ ਖ਼ਰੀਦੀਏ?”+ 6 ਯਿਸੂ ਜਾਣਦਾ ਸੀ ਕਿ ਉਹ ਕੀ ਕਰਨ ਵਾਲਾ ਸੀ, ਫਿਰ ਵੀ ਉਸ ਨੇ ਫ਼ਿਲਿੱਪੁਸ ਨੂੰ ਪਰਖਣ ਲਈ ਇਹ ਪੁੱਛਿਆ ਸੀ। 7 ਫ਼ਿਲਿੱਪੁਸ ਨੇ ਉਸ ਨੂੰ ਜਵਾਬ ਦਿੱਤਾ: “ਜੇ ਹਰੇਕ ਨੂੰ ਥੋੜ੍ਹੀ-ਥੋੜ੍ਹੀ ਵੀ ਰੋਟੀ ਦਿੱਤੀ ਜਾਵੇ, ਤਾਂ 200 ਦੀਨਾਰ* ਦੀਆਂ ਰੋਟੀਆਂ ਨਾਲ ਵੀ ਨਹੀਂ ਸਰਨਾ।” 8 ਉਸ ਦੇ ਇਕ ਚੇਲੇ ਅੰਦ੍ਰਿਆਸ ਨੇ, ਜਿਹੜਾ ਸ਼ਮਊਨ ਪਤਰਸ ਦਾ ਭਰਾ ਸੀ, ਉਸ ਨੂੰ ਦੱਸਿਆ: 9 “ਇੱਥੇ ਇਕ ਮੁੰਡੇ ਕੋਲ ਜੌਆਂ ਦੀਆਂ ਪੰਜ ਰੋਟੀਆਂ ਤੇ ਦੋ ਛੋਟੀਆਂ-ਛੋਟੀਆਂ ਮੱਛੀਆਂ ਹਨ। ਪਰ ਇਨ੍ਹਾਂ ਨਾਲ ਇੰਨੇ ਸਾਰੇ ਲੋਕਾਂ ਦਾ ਕਿੱਦਾਂ ਸਰੂ?”+
10 ਯਿਸੂ ਨੇ ਕਿਹਾ: “ਲੋਕਾਂ ਨੂੰ ਬਿਠਾਓ।” ਉੱਥੇ ਕਾਫ਼ੀ ਘਾਹ ਹੋਣ ਕਰਕੇ ਲੋਕ ਥੱਲੇ ਬੈਠ ਗਏ। ਭੀੜ ਵਿਚ ਤਕਰੀਬਨ 5,000 ਆਦਮੀ ਸਨ।+ 11 ਯਿਸੂ ਨੇ ਰੋਟੀਆਂ ਲੈ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਲੋਕਾਂ ਵਿਚ ਵੰਡ ਦਿੱਤੀਆਂ; ਨਾਲੇ ਉਸ ਨੇ ਉਨ੍ਹਾਂ ਨੂੰ ਰੱਜ ਕੇ ਖਾਣ ਲਈ ਮੱਛੀਆਂ ਵੀ ਦਿੱਤੀਆਂ। 12 ਫਿਰ ਜਦੋਂ ਲੋਕ ਰੱਜ ਗਏ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਸਾਰੇ ਬਚੇ ਹੋਏ ਟੁਕੜੇ ਇਕੱਠੇ ਕਰ ਲਓ ਤਾਂਕਿ ਇਹ ਬੇਕਾਰ ਨਾ ਜਾਣ।” 13 ਇਸ ਲਈ ਲੋਕਾਂ ਦੇ ਖਾ ਹਟਣ ਤੋਂ ਬਾਅਦ ਉਨ੍ਹਾਂ ਨੇ ਜੌਆਂ ਦੀਆਂ ਪੰਜ ਰੋਟੀਆਂ ਦੇ ਬਚੇ ਹੋਏ ਟੁਕੜੇ ਇਕੱਠੇ ਕਰ ਲਏ ਅਤੇ ਇਨ੍ਹਾਂ ਨਾਲ 12 ਟੋਕਰੀਆਂ ਭਰ ਗਈਆਂ।
14 ਜਦੋਂ ਲੋਕਾਂ ਨੇ ਉਸ ਦੇ ਚਮਤਕਾਰ ਦੇਖੇ, ਤਾਂ ਉਹ ਕਹਿਣ ਲੱਗੇ: “ਇਹ ਸੱਚ-ਮੁੱਚ ਉਹੀ ਨਬੀ ਹੈ ਜਿਸ ਦੇ ਦੁਨੀਆਂ ਵਿਚ ਆਉਣ ਦੀ ਭਵਿੱਖਬਾਣੀ ਕੀਤੀ ਗਈ ਸੀ।”+ 15 ਫਿਰ ਯਿਸੂ ਜਾਣ ਗਿਆ ਕਿ ਉਹ ਉਸ ਨੂੰ ਫੜ ਕੇ ਜ਼ਬਰਦਸਤੀ ਰਾਜਾ ਬਣਾਉਣ ਵਾਲੇ ਸਨ,+ ਇਸ ਲਈ ਉਹ ਇਕੱਲਾ ਹੀ ਦੁਬਾਰਾ ਪਹਾੜ ʼਤੇ ਚਲਾ ਗਿਆ।+
16 ਸ਼ਾਮ ਪੈਣ ਤੇ ਉਸ ਦੇ ਚੇਲੇ ਝੀਲ ʼਤੇ ਗਏ+ 17 ਅਤੇ ਕਿਸ਼ਤੀ ਵਿਚ ਬੈਠ ਕੇ ਝੀਲ ਤੋਂ ਪਾਰ ਕਫ਼ਰਨਾਹੂਮ ਵੱਲ ਨੂੰ ਚੱਲ ਪਏ। ਉਸ ਵੇਲੇ ਤਕ ਹਨੇਰਾ ਹੋ ਚੁੱਕਾ ਸੀ ਅਤੇ ਯਿਸੂ ਅਜੇ ਉਨ੍ਹਾਂ ਕੋਲ ਨਹੀਂ ਆਇਆ ਸੀ।+ 18 ਨਾਲੇ ਤੇਜ਼ ਹਨੇਰੀ ਵਗਦੀ ਹੋਣ ਕਰਕੇ ਝੀਲ ਵਿਚ ਹਲਚਲ ਮਚੀ ਹੋਈ ਸੀ।+ 19 ਜਦੋਂ ਚੇਲੇ ਕਿਸ਼ਤੀ ਵਿਚ ਲਗਭਗ ਪੰਜ ਕਿਲੋਮੀਟਰ* ਜਾ ਚੁੱਕੇ ਸਨ, ਤਾਂ ਉਨ੍ਹਾਂ ਨੇ ਯਿਸੂ ਨੂੰ ਪਾਣੀ ਉੱਪਰ ਤੁਰਦਿਆਂ ਅਤੇ ਕਿਸ਼ਤੀ ਵੱਲ ਆਉਂਦਿਆਂ ਦੇਖਿਆ ਅਤੇ ਉਹ ਬਹੁਤ ਡਰ ਗਏ। 20 ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਹਾਂ, ਡਰੋ ਨਾ!”+ 21 ਇਹ ਸੁਣ ਕੇ ਉਨ੍ਹਾਂ ਨੇ ਉਸ ਨੂੰ ਖ਼ੁਸ਼ੀ-ਖ਼ੁਸ਼ੀ ਕਿਸ਼ਤੀ ਵਿਚ ਚੜ੍ਹਾ ਲਿਆ ਅਤੇ ਉਹ ਛੇਤੀ ਉਸ ਜਗ੍ਹਾ ਪਹੁੰਚ ਗਏ ਜਿੱਥੇ ਉਹ ਜਾ ਰਹੇ ਸਨ।+
22 ਅਗਲੇ ਦਿਨ ਭੀੜ ਨੇ, ਜੋ ਝੀਲ ਦੇ ਦੂਜੇ ਪਾਸੇ ਰਹਿ ਗਈ ਸੀ, ਦੇਖਿਆ ਕਿ ਉੱਥੇ ਕੋਈ ਕਿਸ਼ਤੀ ਨਹੀਂ ਸੀ। ਉਨ੍ਹਾਂ ਨੇ ਦੇਖਿਆ ਸੀ ਕਿ ਉੱਥੇ ਪਹਿਲਾਂ ਜਿਹੜੀ ਛੋਟੀ ਜਿਹੀ ਕਿਸ਼ਤੀ ਸੀ, ਉਸ ਵਿਚ ਯਿਸੂ ਆਪਣੇ ਚੇਲਿਆਂ ਨਾਲ ਨਹੀਂ ਗਿਆ ਸੀ ਕਿਉਂਕਿ ਉਸ ਵਿਚ ਸਿਰਫ਼ ਚੇਲੇ ਹੀ ਗਏ ਸਨ। 23 ਫਿਰ ਤਿਬਰਿਆਸ ਸ਼ਹਿਰ ਤੋਂ ਛੋਟੀਆਂ ਕਿਸ਼ਤੀਆਂ ਉਸ ਜਗ੍ਹਾ ਦੇ ਲਾਗੇ ਆਈਆਂ ਜਿੱਥੇ ਪ੍ਰਭੂ ਦੁਆਰਾ ਧੰਨਵਾਦ ਕਰਨ ਤੋਂ ਬਾਅਦ ਉਨ੍ਹਾਂ ਨੇ ਰੋਟੀਆਂ ਖਾਧੀਆਂ ਸਨ। 24 ਇਸ ਲਈ ਜਦੋਂ ਭੀੜ ਨੇ ਦੇਖਿਆ ਕਿ ਨਾ ਤਾਂ ਯਿਸੂ ਉੱਥੇ ਸੀ ਅਤੇ ਨਾ ਹੀ ਉਸ ਦੇ ਚੇਲੇ, ਤਾਂ ਉਹ ਕਿਸ਼ਤੀਆਂ ਵਿਚ ਬੈਠ ਕੇ ਯਿਸੂ ਨੂੰ ਲੱਭਣ ਕਫ਼ਰਨਾਹੂਮ ਆਏ।
25 ਜਦੋਂ ਉਨ੍ਹਾਂ ਨੇ ਝੀਲ ਦੇ ਦੂਜੇ ਪਾਸੇ ਉਸ ਨੂੰ ਲੱਭ ਲਿਆ, ਤਾਂ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਗੁਰੂ ਜੀ,*+ ਤੂੰ ਇੱਥੇ ਕਦੋਂ ਆਇਆਂ?” 26 ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਤੁਸੀਂ ਮੈਨੂੰ ਇਸ ਕਰਕੇ ਨਹੀਂ ਲੱਭ ਰਹੇ ਕਿਉਂਕਿ ਤੁਸੀਂ ਮੇਰੇ ਚਮਤਕਾਰ ਦੇਖੇ ਸਨ, ਸਗੋਂ ਇਸ ਕਰਕੇ ਲੱਭ ਰਹੇ ਹੋ ਕਿਉਂਕਿ ਤੁਸੀਂ ਰੱਜ ਕੇ ਰੋਟੀਆਂ ਖਾਧੀਆਂ ਸਨ।+ 27 ਉਸ ਭੋਜਨ ਲਈ ਮਿਹਨਤ ਨਾ ਕਰੋ ਜਿਹੜਾ ਖ਼ਰਾਬ ਹੋ ਜਾਂਦਾ ਹੈ, ਸਗੋਂ ਉਸ ਭੋਜਨ ਲਈ ਮਿਹਨਤ ਕਰੋ ਜਿਹੜਾ ਕਦੀ ਖ਼ਰਾਬ ਨਹੀਂ ਹੁੰਦਾ ਤੇ ਹਮੇਸ਼ਾ ਦੀ ਜ਼ਿੰਦਗੀ ਦਿੰਦਾ ਹੈ।+ ਮਨੁੱਖ ਦਾ ਪੁੱਤਰ ਤੁਹਾਨੂੰ ਇਹ ਭੋਜਨ ਦੇਵੇਗਾ; ਕਿਉਂਕਿ ਉਸ ਉੱਤੇ ਪਿਤਾ ਪਰਮੇਸ਼ੁਰ ਨੇ ਆਪਣੀ ਮਨਜ਼ੂਰੀ ਦੀ ਮੁਹਰ ਲਾ ਦਿੱਤੀ ਹੈ।”+
28 ਇਸ ਲਈ ਉਨ੍ਹਾਂ ਨੇ ਉਸ ਨੂੰ ਕਿਹਾ: “ਅਸੀਂ ਪਰਮੇਸ਼ੁਰ ਦੀ ਮਨਜ਼ੂਰੀ ਪਾਉਣ ਲਈ ਕੀ ਕਰੀਏ?” 29 ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਪਰਮੇਸ਼ੁਰ ਦੀ ਮਨਜ਼ੂਰੀ ਪਾਉਣ ਲਈ ਜ਼ਰੂਰੀ ਹੈ ਕਿ ਤੁਸੀਂ ਉਸ ਦੇ ਘੱਲੇ ਹੋਏ ਸੇਵਕ ਉੱਤੇ ਆਪਣੀ ਨਿਹਚਾ ਦਾ ਸਬੂਤ ਦਿਓ।”+ 30 ਤਦ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਤਾਂ ਫਿਰ, ਤੂੰ ਕਿਹੜਾ ਚਮਤਕਾਰ ਕਰੇਂਗਾ+ ਜਿਸ ਨੂੰ ਦੇਖ ਕੇ ਅਸੀਂ ਤੇਰੇ ਉੱਤੇ ਵਿਸ਼ਵਾਸ ਕਰੀਏ? ਦੱਸ ਤੂੰ ਕਿਹੜਾ ਕੰਮ ਕਰੇਂਗਾ? 31 ਸਾਡੇ ਪਿਉ-ਦਾਦਿਆਂ ਨੇ ਉਜਾੜ ਵਿਚ ਮੰਨ ਖਾਧਾ ਸੀ,+ ਠੀਕ ਜਿਵੇਂ ਲਿਖਿਆ ਹੈ, ‘ਉਸ ਨੇ ਸਵਰਗੋਂ ਉਨ੍ਹਾਂ ਨੂੰ ਖਾਣ ਲਈ ਰੋਟੀ ਦਿੱਤੀ।’”+ 32 ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਤੁਹਾਨੂੰ ਸਵਰਗੋਂ ਰੋਟੀ ਮੂਸਾ ਨੇ ਨਹੀਂ ਦਿੱਤੀ ਸੀ, ਪਰ ਮੇਰਾ ਪਿਤਾ ਤੁਹਾਨੂੰ ਸਵਰਗੋਂ ਅਸਲੀ ਰੋਟੀ ਦਿੰਦਾ ਹੈ। 33 ਜਿਹੜੀ ਰੋਟੀ ਪਰਮੇਸ਼ੁਰ ਦਿੰਦਾ ਹੈ, ਉਹ ਸਵਰਗੋਂ ਆਉਂਦੀ ਹੈ ਅਤੇ ਦੁਨੀਆਂ ਨੂੰ ਜ਼ਿੰਦਗੀ ਬਖ਼ਸ਼ਦੀ ਹੈ।” 34 ਇਸ ਲਈ ਉਨ੍ਹਾਂ ਨੇ ਉਸ ਨੂੰ ਕਿਹਾ: “ਪ੍ਰਭੂ, ਸਾਨੂੰ ਹਮੇਸ਼ਾ ਇਹ ਰੋਟੀ ਦਿੰਦਾ ਰਹੀਂ।”
35 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਜ਼ਿੰਦਗੀ ਦੇਣ ਵਾਲੀ ਰੋਟੀ ਮੈਂ ਹਾਂ। ਜਿਹੜਾ ਮੇਰੇ ਕੋਲ ਆਉਂਦਾ ਹੈ, ਉਸ ਨੂੰ ਕਦੇ ਵੀ ਭੁੱਖ ਨਹੀਂ ਲੱਗੇਗੀ ਅਤੇ ਜਿਹੜਾ ਮੇਰੇ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਸ ਨੂੰ ਕਦੇ ਵੀ ਪਿਆਸ ਨਹੀਂ ਲੱਗੇਗੀ।+ 36 ਪਰ ਜਿਵੇਂ ਮੈਂ ਤੁਹਾਨੂੰ ਕਿਹਾ ਸੀ, ਤੁਸੀਂ ਮੈਨੂੰ ਦੇਖ ਕੇ ਵੀ ਮੇਰੇ ਉੱਤੇ ਵਿਸ਼ਵਾਸ ਨਹੀਂ ਕਰਦੇ।+ 37 ਹਰ ਕੋਈ ਜਿਸ ਨੂੰ ਪਿਤਾ ਮੇਰੇ ਹੱਥ ਸੌਂਪਦਾ ਹੈ, ਉਹ ਮੇਰੇ ਕੋਲ ਆਵੇਗਾ ਅਤੇ ਜਿਹੜਾ ਮੇਰੇ ਕੋਲ ਆਵੇਗਾ, ਉਸ ਨੂੰ ਮੈਂ ਕਦੀ ਨਹੀਂ ਭਜਾਵਾਂਗਾ;+ 38 ਕਿਉਂਕਿ ਮੈਂ ਸਵਰਗੋਂ ਆਪਣੀ ਨਹੀਂ,+ ਸਗੋਂ ਆਪਣੇ ਘੱਲਣ ਵਾਲੇ ਦੀ ਇੱਛਾ ਪੂਰੀ ਕਰਨ ਆਇਆ ਹਾਂ।+ 39 ਮੇਰੇ ਘੱਲਣ ਵਾਲੇ ਦੀ ਇੱਛਾ ਹੈ ਕਿ ਮੈਂ ਉਨ੍ਹਾਂ ਸਾਰਿਆਂ ਵਿੱਚੋਂ ਕਿਸੇ ਨੂੰ ਵੀ ਨਾ ਗੁਆਵਾਂ ਜੋ ਉਸ ਨੇ ਮੇਰੇ ਹੱਥ ਸੌਂਪੇ ਹਨ, ਸਗੋਂ ਮੈਂ ਆਖ਼ਰੀ ਦਿਨ ʼਤੇ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕਰਾਂ।+ 40 ਮੇਰੇ ਪਿਤਾ ਦੀ ਇੱਛਾ ਹੈ ਕਿ ਹਰ ਕੋਈ ਜਿਹੜਾ ਪੁੱਤਰ ਨੂੰ ਜਾਣਦਾ ਹੈ ਅਤੇ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਹਮੇਸ਼ਾ ਦੀ ਜ਼ਿੰਦਗੀ ਪਾਵੇ+ ਅਤੇ ਮੈਂ ਉਸ ਨੂੰ ਆਖ਼ਰੀ ਦਿਨ ʼਤੇ ਦੁਬਾਰਾ ਜੀਉਂਦਾ ਕਰਾਂਗਾ।”+
41 ਤਦ ਯਹੂਦੀ ਯਿਸੂ ਬਾਰੇ ਬੁੜਬੁੜਾਉਣ ਲੱਗ ਪਏ ਕਿਉਂਕਿ ਉਸ ਨੇ ਕਿਹਾ ਸੀ: “ਸਵਰਗੋਂ ਆਈ ਰੋਟੀ ਮੈਂ ਹਾਂ।”+ 42 ਉਹ ਕਹਿਣ ਲੱਗੇ: “ਭਲਾ ਇਹ ਯੂਸੁਫ਼ ਦਾ ਪੁੱਤਰ ਯਿਸੂ ਨਹੀਂ ਜਿਸ ਦੇ ਮਾਂ-ਪਿਉ ਨੂੰ ਅਸੀਂ ਜਾਣਦੇ ਹਾਂ?+ ਤਾਂ ਫਿਰ ਇਹ ਕਿੱਦਾਂ ਕਹਿ ਸਕਦਾ, ‘ਮੈਂ ਸਵਰਗੋਂ ਆਇਆ ਹਾਂ’?” 43 ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਆਪਸ ਵਿਚ ਬੁੜਬੁੜਾਉਣਾ ਬੰਦ ਕਰੋ। 44 ਕੋਈ ਵੀ ਇਨਸਾਨ ਮੇਰੇ ਕੋਲ ਨਹੀਂ ਆ ਸਕਦਾ, ਜਦੋਂ ਤਕ ਪਿਤਾ ਜਿਸ ਨੇ ਮੈਨੂੰ ਘੱਲਿਆ ਹੈ, ਉਸ ਨੂੰ ਮੇਰੇ ਵੱਲ ਨਹੀਂ ਖਿੱਚਦਾ+ ਅਤੇ ਮੈਂ ਉਸ ਨੂੰ ਆਖ਼ਰੀ ਦਿਨ ʼਤੇ ਦੁਬਾਰਾ ਜੀਉਂਦਾ ਕਰਾਂਗਾ।+ 45 ਨਬੀਆਂ ਦੀਆਂ ਲਿਖਤਾਂ ਵਿਚ ਇਹ ਦੱਸਿਆ ਗਿਆ ਹੈ: ‘ਉਹ ਸਾਰੇ ਯਹੋਵਾਹ* ਦੁਆਰਾ ਸਿਖਾਏ ਹੋਏ ਹੋਣਗੇ।’+ ਜਿਸ ਨੇ ਵੀ ਪਿਤਾ ਦੀ ਗੱਲ ਸੁਣੀ ਹੈ ਅਤੇ ਉਸ ਤੋਂ ਸਿੱਖਿਆ ਹੈ ਉਹ ਮੇਰੇ ਕੋਲ ਆਉਂਦਾ ਹੈ। 46 ਕਿਸੇ ਨੇ ਵੀ ਪਿਤਾ ਨੂੰ ਨਹੀਂ ਦੇਖਿਆ,+ ਸਿਰਫ਼ ਉਸ ਨੇ ਹੀ ਪਿਤਾ ਨੂੰ ਦੇਖਿਆ ਹੈ ਜਿਹੜਾ ਪਰਮੇਸ਼ੁਰ ਕੋਲੋਂ ਆਇਆ ਹੈ।+ 47 ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਜਿਹੜਾ ਵੀ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ, ਉਹ ਹਮੇਸ਼ਾ ਦੀ ਜ਼ਿੰਦਗੀ ਪਾਵੇਗਾ।+
48 “ਜ਼ਿੰਦਗੀ ਦੇਣ ਵਾਲੀ ਰੋਟੀ ਮੈਂ ਹਾਂ।+ 49 ਤੁਹਾਡੇ ਪਿਉ-ਦਾਦਿਆਂ ਨੇ ਉਜਾੜ ਵਿਚ ਮੰਨ ਖਾਧਾ, ਤਾਂ ਵੀ ਉਹ ਮਰ ਗਏ।+ 50 ਪਰ ਜੋ ਕੋਈ ਵੀ ਸਵਰਗੋਂ ਆਈ ਇਹ ਰੋਟੀ ਖਾਂਦਾ ਹੈ, ਉਹ ਕਦੀ ਨਹੀਂ ਮਰੇਗਾ। 51 ਜ਼ਿੰਦਗੀ ਦੇਣ ਵਾਲੀ ਰੋਟੀ ਮੈਂ ਹੀ ਹਾਂ ਜੋ ਸਵਰਗੋਂ ਆਈ ਹੈ। ਜੇ ਕੋਈ ਇਹ ਰੋਟੀ ਖਾਂਦਾ ਹੈ, ਉਹ ਹਮੇਸ਼ਾ ਜੀਉਂਦਾ ਰਹੇਗਾ; ਅਸਲ ਵਿਚ, ਇਹ ਰੋਟੀ ਮੇਰਾ ਸਰੀਰ ਹੈ ਜੋ ਮੈਂ ਦੁਨੀਆਂ ਦੀ ਖ਼ਾਤਰ ਵਾਰਾਂਗਾ ਤਾਂਕਿ ਲੋਕਾਂ ਨੂੰ ਜ਼ਿੰਦਗੀ ਮਿਲੇ।”+
52 ਤਦ ਯਹੂਦੀ ਆਪਸ ਵਿਚ ਬਹਿਸਣ ਲੱਗ ਪਏ: “ਇਹ ਆਦਮੀ ਕਿੱਦਾਂ ਸਾਨੂੰ ਆਪਣਾ ਮਾਸ ਖਾਣ ਲਈ ਦੇ ਸਕਦਾ ਹੈ?” 53 ਇਸ ਲਈ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਹੀਂ ਖਾਓਗੇ ਅਤੇ ਉਸ ਦਾ ਲਹੂ ਨਹੀਂ ਪੀਓਗੇ, ਤਾਂ ਤੁਹਾਨੂੰ ਜ਼ਿੰਦਗੀ ਨਹੀਂ ਮਿਲੇਗੀ।*+ 54 ਜਿਹੜਾ ਮੇਰਾ ਮਾਸ ਖਾਂਦਾ ਹੈ ਅਤੇ ਮੇਰਾ ਲਹੂ ਪੀਂਦਾ ਹੈ, ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ ਅਤੇ ਮੈਂ ਉਸ ਨੂੰ ਆਖ਼ਰੀ ਦਿਨ ʼਤੇ ਦੁਬਾਰਾ ਜੀਉਂਦਾ ਕਰਾਂਗਾ;+ 55 ਕਿਉਂਕਿ ਮੇਰਾ ਮਾਸ ਅਸਲੀ ਭੋਜਨ ਹੈ ਅਤੇ ਮੇਰਾ ਲਹੂ ਅਸਲੀ ਪੀਣ ਵਾਲੀ ਚੀਜ਼ ਹੈ। 56 ਜਿਹੜਾ ਮੇਰਾ ਮਾਸ ਖਾਂਦਾ ਹੈ ਅਤੇ ਮੇਰਾ ਲਹੂ ਪੀਂਦਾ ਹੈ, ਉਹ ਮੇਰੇ ਨਾਲ ਅਤੇ ਮੈਂ ਉਸ ਨਾਲ ਏਕਤਾ ਵਿਚ ਬੱਝਾ ਰਹਿੰਦਾ ਹਾਂ।+ 57 ਠੀਕ ਜਿਵੇਂ ਜੀਉਂਦੇ ਪਿਤਾ ਨੇ ਮੈਨੂੰ ਘੱਲਿਆ ਅਤੇ ਮੈਂ ਪਿਤਾ ਕਰਕੇ ਜੀਉਂਦਾ ਹਾਂ, ਉਸੇ ਤਰ੍ਹਾਂ ਮੇਰਾ ਮਾਸ ਖਾਣ ਵਾਲਾ ਇਨਸਾਨ ਵੀ ਮੇਰੇ ਕਰਕੇ ਜੀਉਂਦਾ ਰਹੇਗਾ।+ 58 ਸਵਰਗੋਂ ਆਈ ਰੋਟੀ ਇਹੀ ਹੈ। ਇਹ ਉਸ ਤਰ੍ਹਾਂ ਦੀ ਨਹੀਂ ਜੋ ਤੁਹਾਡੇ ਪਿਉ-ਦਾਦਿਆਂ ਨੇ ਖਾਧੀ ਸੀ ਅਤੇ ਫਿਰ ਵੀ ਮਰ ਗਏ। ਹੁਣ ਜਿਹੜਾ ਵੀ ਸਵਰਗੋਂ ਆਈ ਇਹ ਰੋਟੀ ਖਾਂਦਾ ਹੈ, ਉਹ ਹਮੇਸ਼ਾ ਜੀਉਂਦਾ ਰਹੇਗਾ।”+ 59 ਉਸ ਨੇ ਇਹ ਗੱਲਾਂ ਕਫ਼ਰਨਾਹੂਮ ਦੇ ਸਭਾ ਘਰ* ਵਿਚ ਸਿੱਖਿਆ ਦਿੰਦੇ ਵੇਲੇ ਕਹੀਆਂ ਸਨ।
60 ਉਸ ਦੇ ਬਹੁਤ ਸਾਰੇ ਚੇਲਿਆਂ ਨੇ ਇਹ ਗੱਲ ਸੁਣ ਕੇ ਕਿਹਾ: “ਇਹ ਤਾਂ ਬੜੀ ਘਿਣਾਉਣੀ ਗੱਲ ਹੈ; ਕੌਣ ਇਸ ਤਰ੍ਹਾਂ ਦੀ ਗੱਲ ਸੁਣ ਸਕਦਾ ਹੈ?” 61 ਪਰ ਯਿਸੂ ਆਪਣੇ ਮਨ ਵਿਚ ਜਾਣ ਗਿਆ ਕਿ ਉਸ ਦੇ ਚੇਲੇ ਇਸ ਬਾਰੇ ਬੁੜ-ਬੁੜ ਕਰ ਰਹੇ ਸਨ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਹਾਨੂੰ ਇਹ ਗੱਲ ਘਿਣਾਉਣੀ ਲੱਗਦੀ ਹੈ?* 62 ਤਾਂ ਫਿਰ ਉਦੋਂ ਕੀ ਹੋਵੇਗਾ ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਥੇ ਜਾਂਦਾ ਦੇਖੋਗੇ ਜਿੱਥੋਂ ਉਹ ਆਇਆ ਹੈ?+ 63 ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਹੀ ਜ਼ਿੰਦਗੀ ਦਿੰਦੀ ਹੈ;+ ਇਨਸਾਨ ਆਪਣੇ ਆਪ ਕੁਝ ਨਹੀਂ ਕਰ ਸਕਦਾ। ਮੈਂ ਜਿਹੜੀਆਂ ਗੱਲਾਂ ਕਹੀਆਂ ਹਨ, ਉਹ ਪਵਿੱਤਰ ਸ਼ਕਤੀ ਤੋਂ ਹਨ ਅਤੇ ਜ਼ਿੰਦਗੀ ਦਿੰਦੀਆਂ ਹਨ।+ 64 ਪਰ ਤੁਹਾਡੇ ਵਿੱਚੋਂ ਕੁਝ ਲੋਕ ਵਿਸ਼ਵਾਸ ਨਹੀਂ ਕਰਦੇ।” ਯਿਸੂ ਸ਼ੁਰੂ ਤੋਂ ਹੀ ਜਾਣਦਾ ਸੀ ਕਿ ਕਿਨ੍ਹਾਂ ਨੂੰ ਵਿਸ਼ਵਾਸ ਨਹੀਂ ਸੀ, ਨਾਲੇ ਕੌਣ ਉਸ ਨੂੰ ਧੋਖੇ ਨਾਲ ਫੜਵਾਏਗਾ।+ 65 ਉਸ ਨੇ ਅੱਗੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਇਹ ਗੱਲ ਇਸੇ ਕਰਕੇ ਕਹੀ ਸੀ ਕਿ ਹਰ ਕੋਈ ਮੇਰੇ ਕੋਲ ਨਹੀਂ ਆ ਸਕਦਾ, ਸਿਰਫ਼ ਉਹੀ ਜਿਸ ਨੂੰ ਪਿਤਾ ਮਨਜ਼ੂਰੀ ਦਿੰਦਾ ਹੈ।”+
66 ਇਸ ਕਰਕੇ ਉਸ ਦੇ ਬਹੁਤ ਸਾਰੇ ਚੇਲੇ ਉਸ ਦਾ ਸਾਥ ਛੱਡ ਕੇ ਵਾਪਸ ਆਪਣੇ ਕੰਮ-ਧੰਦਿਆਂ ਵਿਚ ਲੱਗ ਗਏ ਜਿਨ੍ਹਾਂ ਨੂੰ ਉਹ ਛੱਡ ਕੇ ਆਏ ਸਨ।+ 67 ਇਸ ਲਈ ਯਿਸੂ ਨੇ 12 ਰਸੂਲਾਂ ਨੂੰ ਪੁੱਛਿਆ: “ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ?” 68 ਸ਼ਮਊਨ ਪਤਰਸ ਨੇ ਜਵਾਬ ਦਿੱਤਾ: “ਪ੍ਰਭੂ, ਅਸੀਂ ਹੋਰ ਕਿਹਦੇ ਕੋਲ ਜਾਈਏ?+ ਹਮੇਸ਼ਾ ਦੀ ਜ਼ਿੰਦਗੀ ਦੇਣ ਵਾਲੀਆਂ ਗੱਲਾਂ ਤਾਂ ਤੇਰੇ ਕੋਲ ਹਨ।+ 69 ਸਾਨੂੰ ਵਿਸ਼ਵਾਸ ਹੈ ਅਤੇ ਅਸੀਂ ਜਾਣ ਗਏ ਹਾਂ ਕਿ ਤੂੰ ਪਰਮੇਸ਼ੁਰ ਦਾ ਪਵਿੱਤਰ ਸੇਵਕ ਹੈਂ।”+ 70 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਕੀ ਮੈਂ ਤੁਹਾਨੂੰ 12 ਨੂੰ ਨਹੀਂ ਚੁਣਿਆ?+ ਪਰ ਤੁਹਾਡੇ ਵਿੱਚੋਂ ਇਕ ਸ਼ੈਤਾਨ* ਵਰਗਾ ਹੈ।”+ 71 ਅਸਲ ਵਿਚ ਉਹ ਸ਼ਮਊਨ ਇਸਕਰਿਓਤੀ ਦੇ ਪੁੱਤਰ ਯਹੂਦਾ ਦੀ ਗੱਲ ਕਰ ਰਿਹਾ ਸੀ ਜਿਸ ਨੇ ਉਸ ਨੂੰ ਧੋਖੇ ਨਾਲ ਫੜਵਾਉਣਾ ਸੀ, ਭਾਵੇਂ ਕਿ ਉਹ 12 ਰਸੂਲਾਂ ਵਿੱਚੋਂ ਸੀ।+